ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 26 June, 2008

ਵਿਚਲੀ ਗੱਲ/ਚੇਤੇ ਦੀ ਚੰਗੇਰ/ਲੇਖ

ਵਿਚਲੀ ਗੱਲ:
ਖੜ੍ਹ ਕੇ ਵੇਖ ਜਵਾਨਾਂ ਬਾਬੇ ਮੇਮਾਂ ਵੇਖਦੇ ਨੇ!
(42)
ਐਡਵੋਕੇਟ ਬੀ.ਐਸ. ਢਿੱਲੋਂ ਚੰਡੀਗੜ੍ਹ


ਸਰਦਾਰ ਬਰਿੰਦਰ ਸਿੰਘ ਢਿੱਲੋਂ, ਹਾਈਕੋਰਟ ਦੇ ਐਡਵੋਕੇਟ ਹੋਣ ਦੇ ਨਾਲ ਨਾਲ, ਕੌਮਾਂਤਰੀ ਪੱਧਰ ਦੇ ਸਥਾਪਤ ਪੰਜਾਬੀ ਲੇਖਕ ਵੀ ਹਨ। ਬਹੁਤ ਸਮੇਂ ਤੋਂ ਉਹ ਦਰਜਨਾਂ ਅਖ਼ਬਾਰਾਂ ਵਿੱਚ ਲਗਾਤਾਰ ਛੱਪ ਰਹੇ ਹਨ ਅਤੇ ਦੇਸ਼ ਵਿਦੇਸ਼ਾਂ ਵਿੱਚ ਉਹਨਾਂ ਦੀਆਂ ਰਚਨਾਵਾਂ ਨੂੰ ਪਾਠਕਾਂ ਵਲੋਂ ਬੜੇ ਸ਼ੌਕ ਨਾਲ ਪੜ੍ਹਿਆ ਅਤੇ ਸਲਾਹਿਆ ਜਾਂਦਾ ਹੈ। ਉਹਨਾਂ ਦੇ ਦੋ ਨਾਵਲ: (1) ਵਾਵਰੋਲੇ, ਅਤੇ (2) ਬਾਜ਼ ਛੱਪਣ ਉਪਰੰਤ ਬਹੁਤ ਸਲਾਹੇ ਗਏ। ਉਹ ਅਨੇਕਾਂ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਨਾਲ ਜੁੜੇ ਆ ਰਹੇ ਹਨ।
'ਲਿਖਾਰੀ' ਨੂੰ ਮਾਣ ਹੈ ਕਿ ਹੁਣ ਤੱਕ ਉਹਨਾਂ ਦੀਆਂ ਉੱਚ-ਪਾਏ ਦੀਆਂ 41 ਰਚਨਾਵਾਂ 'ਲਿਖਾਰੀ' ਦੇ ਪੰਨਿਆਂ ਤੇ ਸੁਸ਼ੌਭਿਤ ਹਨ। 'ਲਿਖਾਰੀ' ਦੇ ਪਾਠਕਾਂ ਲਈ ਉਹਨਾਂ ਦੀ ਇੱਕ ਹੋਰ ਰਚਨਾ
'ਖੜ੍ਹ ਕੇ ਵੇਖ ਜਵਾਨਾਂ ਬਾਬੇ ਮੇਮਾਂ ਵੇਖਦੇ ਨੇ!' ਹਾਜ਼ਰ ਕਰਦਿਆਂ ਅਸੀਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।-----'ਲਿਖਾਰੀ'


ਜੁਲਾਈ ਦੇ ਆਖਰੀ ਐਂਤਵਾਰ ਮੈਂ ਡੈਲਟਾ ‘ਚ ਆਪਣੇ ਰਿਸ਼ਤੇਦਾਰਾਂ ਦੇ ਘਰ ਦੁਪਹਿਰ ਦੀ ਰੋਟੀ ਖਾ ਕੇ ਹਟਿਆ ਸੀ ਕਿ ‘ਸਰੀ’ ਤੋਂ ਭਾਈ ਬਖਤੌਰ ਵਾਲੇ ਹਰਨੇਕ ਵੜੈਚ ਦਾ ਹੁਕਮੀਆਂ ਫੋਂਨ ਆਇਆ, “ਤਿਆਰ ਹੋ ਕੇ ਘਰ ਦੇ ਬਾਹਰ ਖੜ੍ਹ ਜਾਵੋ ਮੈਂ ਪੰਜਾਂ ਮਿਨਟਾਂ ‘ਚ ਲੈਣ ਆਇਆਂ।” ਮੈਂ ਘਰ ਤੋਂ ਬਾਹਰ ਉਸਦੀ ਉਡੀਕ ਕਰਨ ਲੱਗਾ। ਸਾਰੀ ਉਮਰ ਟੁੱਟੇ ਜਿਹੇ ਜਾਵਾ ਮੋਟਰ ਸਾਇਕਲ ਤੇ ਬੈਂਕ ਮੈਨੇਜਰੀ ਕਰਦਾ ਕਰਦਾ , ਕਨੇਡਾ ਪਹੁੰਚਿਆ ਹਰਨੇਕ ਹੁਣ ਨਵੀਂ ‘ਮਰਡਸੀ’ ਲੈ ਕੇ ਸਰੀ ‘ਚ ਘੁੰਮਦਾ ਹੈ। ਉਹ ਸਾਡੇ ਕੋਟਫੱਤੇ ਦੇ ਸਕੂਲ ‘ਚ ਪੜ੍ਹਿਆ ਸੀ। ਓਦੋਂ ਮੇਰੇ ਪਿੰਡ ਦਵਾਲੇ ਦੇ ਦਸ ਪਿੰਡਾਂ ਵਿੱਚ ਦਸਵੀਂ ਦੇ ਸਕੂਲ ਨਹੀਂ ਸਨ। ਥੋੜ੍ਹੀ ਦੇਰ ਵਿੱਚ ਹੀ ਉਹ ਮੇਰੇ ਬੂਹੇ ਅੱਗੇ ਪਹੁੰਚ ਗਿਆ। ਹਵਾ ਨੂੰ ਗੰਢਾਂ ਦਿੰਦੀ ਕਾਰ ਪਹਿਲਾਂ ਮਿਥੇ ਪ੍ਰੋਗਰਾਮ ਅਨੁਸਾਰ, ਵ੍ਹਾਈਟ ਰੌਕ ਬੀਚ ਤੇ ਪਹੁੰਚ ਗਈ। ਖਾਲੀ ਥਾਂ ਲੱਭਕੇ ਅਸੀਂ ਕਾਰ ਪਾਰਕ ਕੀਤੀ ਤੇ ਸਮੁੰਦਰ ਕੰਢੇ ਬਣੀ ਢਾਈ ਕਿਲੋਮੀਟਰ ਲੰਮੀ ਪੱਕੀ ਪੱਟੜੀ ਤੇ ਟਹਿਲਦੇ ਲੱਕੜੀ ਦੇ ਬਣੇ ਪੁਲ ਵੱਲ ਚੱਲ ਪਏ।

ਤਿੰਨ ਦਿਨ ਦੀ ਬੱਦਲਵਾਈ ਪਿੱਛੋਂ ਤਿੱਖੀ ਧੁੱਪ ਨਿੱਕਲੀ ਸੀ। ਉੱਤੋਂ ਵੀਕ ਐਂਡ ਦਾ ਦਿਨ। ਇਹੋ ਜਿਹਾ ਮੌਕਾ ਮੇਲ ਤਾਂ ਗੋਰਿਆਂ ਨੂੰ ਰੱਬ ਦੇਵੇ। ਦੂਰ ਦੁਰ ਤੱਕ ਹਰੇ ਕਚੂਰ ਘਾਹ ਤੇ ਨੱਬੇ ਫੀ ਸਦੀ ਸਰੀਰੋਂ ਨੰਗੀਆਂ ਮੇਮਾਂ ਮਗਰਮੱਛ ਦੀ ਤਰ੍ਹਾਂ ਲੇਟੀਆਂ ਪਈਆਂ ਸਨ। ਉਨ੍ਹਾਂ ਵੱਲੋਂ ਨੰਗੇਜ ਢਕਣ ਲਈ ਵਰਤਿਆ ਕੱਪੜਾ, ਮੇਰੇ ਰੁਮਾਲ ਤੋਂ ਵੱਧ ਨਹੀਂ ਸੀ। ਗੋਰੇ ਧੁੱਪ ਸੇਕਣ ਲਈ ਸਰੀਰ ਤੇ ਕਰੀਮ ਮਲ ਲੈਂਦੇ ਹਨ। ਇੰਜ ਗੁਲਾਨਾਰੀ ਭਾਅ ਮਾਰਦੇ ਥੰਦੇ ਸਰੀਰਾਂ ਵੱਲ ਵੇਖਣ ਤੇ ਅੱਖਾਂ ‘ਚ ਚਲਕੋਰ ਵੱਜਦੀ ਸੀ। ਸੀਟੀਆਂ ਮਾਰਦੇ ਮਨ ਨੂੰ ਕਾਬੂ ‘ਚ ਰੱਖਦਿਆਂ, ਇੱਕ ਥਾਂ ਲੱਕੜ ਦੇ ਬੁੱਤ ਕੋਲ ਖਲੋ ਕੇ ਮੈਂ ਤੋਗੇ ਨੂੰ ਫੋਟੋ ਖਿੱਚਣ ਲਈ ਕਿਹਾ। ਸੱਠਾਂ ਨੂੰ ਢੁੱਕੇ ਸਾਬਕਾ ਮੈਨੇਜਰ ਨੇ ਜਦੋਂ ਇੱਕ ਅੱਖ ਮੀਚ ਕਿ ਕੈਮਰੇ ਵਿੱਚੋਂ ਵੇਖਿਆ ਤਾਂ ਉਹਦੇ ਹੱਥ ਕੰਬ ਗਏ। ਕੈਮਰਾ ਪਾਸੇ ਕਰਦਿਆਂ ਉਸ ਮੈਨੂੰ ਇੱਕ ਪਾਸੇ ਹੋਕੇ ਖੜਣ ਨੂੰ ਕਿਹਾ। ਮੈਂ ਪਛਾਂਹ ਵੇਖਿਆ ਤਾਂ ਔਸਰ ਝੋਟੀਆਂ ਵਰਗੀਆਂ, ਹੱਟੀਆਂ ਕੱਟੀਆਂ ਦੋ ਮੇਮਾਂ ਮੂਧੀਆਂ ਲੇਟੀਆਂ ਪਈਆਂ ਸਨ। “ਜੇ ਕੋਈ ਵੇਖਦਾ ਓਸਦੇ ਹੁਸਨ ਤਾਈਂ ਜਖ਼ਮ ਲੱਗਦਾ ਓਸ ਤਲਵਾਰ ਵਿੱਚੋਂ”। ਮੈਂ ਹਰਨੇਕ (ਤੋਗੇ ) ਦੀ ਦੋ ਚਿੱਤੀ ਸਮਝਦਿਆਂ ਇਸ਼ਾਰੇ ਨਾਲ ਪੁੱਛਿਆ ਕਿ ਉਹ ਰੁਕ ਕਿਉਂ ਗਿਆ। ਹਰਨੇਕ ਮੈਨੂੰ ਦੱਸਣ ਲੱਗਾ ਕਿ ਮੇਮਾਂ ਲੁੱਚੀ ਫੋਟੋ ਖਿਚ੍ਹਣ ਤੋਂ ਕਿਤੇ ਗੁੱਸਾ ਨਾ ਕਰ ਜਾਣ। ਰਸਤੇ ‘ਚ ਗੋਰਿਆਂ ਦੀ ਖੁੱਲ੍ਹਦਿਲੀ ਦੀਆਂ ਸਿਫਤਾਂ ਕਰਨ ਵਾਲਾ ਹਰਨੇਕ, ਅੱਖ ਪਲਕਾਰੇ ਵਿੱਚ ਆਪਣੇ ਨਿੱਕੇ ਜਿਹੇ ਪਿੰਡ ਪਹੁੰਚ ਗਿਆ ਸੀ। ਮੈਂ ਉਸਨੂੰ ਯਾਦ ਕਰਾਇਆ ਕੇ ਇਹ ਕਨੇਡਾ ਹੈ ਮਾਇਸਰਖਾਂਨੇ ਦਾ ਮੇਲਾ ਨਹੀ, ਜਿੱਥੇ ਨਿੱਕੇ ਹੁੰਦੇ ਜਿੰਦਾ ਡਾਂਸ ਦੇਖਦੇ ਹੁੰਦੇ ਸੀ। ੳਹਨੁੰ ਮੌਜੂਦਾ ਸਥਿੱਤੀ ਯਾਦ ਆ ਗਈ ਤੇ ਸਿੱਧਾ ਬਠਿੰਡੇ ਤੋਂ ਕਨੇਡਾ ਪਹੁੰਚਦਿਆਂ, ਕਲਿੱਕ ਕਰਕੇ ਮੇਰੀ ਸਮੇਤ ਮੇਮਾਂ ਦੇ ਫੋਟੋ ਖਿੱਚ ਲਈ।

ਲੱਕੜ ਦੇ ਲੰਮੇਂ ਪੁਲ ਤੇ ਚੱਲਕੇ ਅਸੀਂ ਸਮੁੰਦਰ ਵਿੱਚ ਪਹੁੰਚ ਗਏ। ਅੱਧਾ ਕਿਲੋਮੀਟਰ ਲੰਮਾਂ ਇਹ ਪੁਲ ਸੈਲਾਨੀਆਂ ਨੂੰ ਸਮੁੰਦਰ ਵਿੱਚ ਅਗਾਂਹ ਤੱਕ ਲਿਜਾਣ ਲਈ ਬਣਿਆ ਸੀ। ਦੂਰ ਦੂਰ ਤੱਕ ਗੰਧਲਾ ਪਾਣੀ ਨਜ਼ਰ ਆ ਰਿਹਾ ਸੀ। ਦੋ ਤਿੰਨ ਨਿੱਜੀ ਕਿਸ਼ਤੀਆਂ ਤੇ ਗੋਰੇ ਜੋੜੇ ਸਮੁੰਦਰ ਵਿੱਚ ਘੁੰਮ ਰਹੇ ਸਨ। ਸਾਹਮਣੇ ਪਹਾੜ ਨਜ਼ਰ ਆ ਰਹੇ ਸਨ। ਖੱਬੇ ਹੱਥ ਦੋ ਕੁ ਮੀਲ ਦੂਰ ਅਮਰੀਕਨ ਪਹਾੜ ਦਿੱਸ ਰਹੇ ਸਨ। ਇਸ ਥਾਂ ਹੇਠਾਂ ਵੱਲ ਲੱਕੜ ਦੀਆਂ ਪੌੜੀਆਂ ਬਣੀਆਂ ਹੋਈਆਂ ਸਨ। ਪੰਦਰਾਂ ਵੀਹ ਸਕੂਲੀ ਕੁੜੀਆਂ ਸਮੁੰਦਰ ਵਿੱਚ ਨਹਾ ਰਹੀਆਂ ਸਨ। ਉਹ ਪੁਲ ਉੱਪਰਲੇ ਤਿੰਨ ਫੁੱਟ ਉੱਚੇ ਜੰਗਲੇ ਤੇ ਚੜ੍ਹਕੇ ਸਮੁੰਦਰ ਵਿੱਚ ਛਾਲ ਮਾਰਦੀਆਂ ਤੇ ਪਾਣੀ ਤੇ ਬੱਤਖਾਂ ਵਾਂਗੂੰ ਤੈਰਣ ਲੱਗਦੀਆਂ। ਆਲੇ ਦਵਾਲੇ ਤੋਂ ਬੇਖਬਰ, ਇੱਕ ਦੂਜੀ ਨਾਲ ਪਾਣੀ ਨਾਲ ਖੇਡਦੀਆਂ ਉਹ ਫਿਰ ਪੌੜੀਆਂ ਚੜ੍ਹਕੇ ਉੱਪਰ ਆ ਜਾਂਦੀਆਂ ਤੇ ਮੁੜ ਛਲਾਂਗ ਲਗਾਉਦੀਆਂ।

ਚਿੱਟੀਆਂ ਪੱਗਾਂ, ਦਾਹੜੀਆਂ ਤੇ ਗਾਤਰੇ ਵਾਲੇ ਦੋ ਦਰਜਨ ਪੰਜਾਬੀ ਬੁੱਢੇ, ਖੂੰਡੀਆਂ ਫੜੀ ਜੰਗਲੇ ਤੇ ਝੁਕਕੇ, ਹੇਠਾਂ ਸਮੁੰਦਰ ਵਿੱਚ ਤੈਰਦੀਆਂ ਕੁੜੀਆਂ ਨੂੰ ਅੱਖਾਂ ਟੱਡੀ ਵੇਖ ਰਹੇ ਸਨ। ਮੈਂ ਹਰਨੇਕ ਨੂੰ ਕਿਹਾ ਕਿ ਇਨ੍ਹਾਂ ਬੁੱਢਿਆਂ ਦੀ ਇੱਕ ਫੋਟੋ ਖਿੱਚਣੀ ਹੈ। ਅਪਣੀਆਂ ਪੋਤੀਆਂ ਦੋਹਤੀਆਂ ਵਰਗੀਆਂ ਬੱਚੀਆਂ ਵੱਲ ਇੰਜ ਭੁੱਖੀਆਂ ਅੱਖਾਂ ਨਾਲ ਵੇਖਦੇ ਇਹ ਅਣਪੜ੍ਹ ਬੁੱਢੇ, ਗੋਰਿਆਂ ਦੀ ਨਜਰ ਵਿੱਚ ਪੰਜਾਬੀਆਂ ਦਾ ਅਕਸ ਖਰਾਬ ਕਰ ਰਹੇ ਹਨ। ਨਾਲ ਹੀ ਮੈਂ ਤੋਗੇ ਨੂੰ ਕੰਨ ‘ਚ ਕਿਹਾ ਕਿ ਫੋਟੋ ਓਦੋਂ ਖਿੱਚੀਂ ਜਦੋਂ ਕੋਈ ਕੁੜੀ ਛਲਾਂਗ ਲਾਉਣ ਲੱਗੇ। ਹਰਨੇਕ ਕੈਮਰਾ ਲੈ ਕੇ ਸਾਵਧਾਨ ਹੋ ਗਿਆ। ਮੈਂ ਬਾਬਿਆਂ ਨੂੰ ਕਿਹਾ ਕਿ ਤੁਹਾਡੇ ਨਾਲ ਇੱਕ ਫੋਟੋ ਖਿੱਚਣੀ ਹੈ, ਮੈਂ ਅਖਬਾਰਾਂ ਵਿੱਚ ਛਪਵਾਵਾਂਗਾ । ਉਹ ਸਾਰੇ ਜੰਗਲੇ ਨਾਲ ਢੂਹੀ ਲਾਕੇ ਮੁੱਛਾਂ ਤੇ ਹੱਥ ਫੇਰ ਸਾਵਧਾਨ ਹੋ ਗਏ। ਮੈਂ ਉਨ੍ਹਾਂ ਵਿਚਕਾਰ ਖੜ੍ਹ ਗਿਆ। ਜਿਉਂ ਹੀ ਪਛਾਂਹ ਜੰਗਲੇ ਤੇ ਖੜ੍ਹੀਆਂ ਦੋ ਨੰਗੀਆਂ ਕੁੜੀਆਂ ਨੇ ਛਾਲ ਮਾਰਨ ਲਈ ਹਵਾ ਵਿੱਚ ਬਾਹਾਂ ਉਲਾਰੀਆਂ, ਸਿਸ਼ਤ ਬੰਨ੍ਹੀ ਖੜ੍ਹੇ ਹਰਨੇਕ ਨੇ ਕਲਿੱਕ ਕਰ ਦਿੱਤਾ। ਇਕ ਦੋ ਬਾਬਿਆਂ ਨੇ ਬੈਕ ਗਰਾਊਂਡ ਵਿੱਚ ਖੜ੍ਹੀਆਂ ਕੁੜੀਆਂ ਵੇਖ ਲਈਆਂ ਸਨ, ਉਹ ਫੋਟੋ ਦੀ ਇੱਕ ਕਾਪੀ ਘਰੇ ਭੇਜਣ ਦੀ ਤਾਕੀਦ ਕਰਦੇ ਮੈਨੂੰ ਆਪਣਾ ਘਰ ਦਾ ਪਤਾ ਲਿਖਾਉਣ ਲੱਗੇ। ਮੈਂ ਉਨ੍ਹਾਂ ਨੂੰ ਦੱਸਿਆ ਕਿ ਇਹ ਡਿਜਿ਼ਟਲ ਕੈਮਰਾ ਹੈ। ਇਸ ਵਿੱਚੋਂ ਸਿੱਧੀ ਹੀ ਕੰਪਿਊਟਰ ਰਾਹੀਂ ਫੋਟੋ ਭੇਜੀ ਜਾਂਦੀ ਹੈ। ਜੇ ਕਿਸੇ ਕੋਲ ਆਪਣਾ ਈ ਮੇਲ ਐਡਰੈੱਸ ਹੈ ਤਾਂ ਦੇ ਦਿਉ ਮੈਂ ਫੋਟੋ ਈ ਮੇਲ ਕਰ ਦਿਆਂਗਾ। ਇੱਕ ਬਾਬਾ ਆਪਣੇ ਪੋਤੇ ਦਾ ਈ ਮੇਲ ਪਤਾ ਲਿਖਾਉਂਦਾ ਮੈਨੂ ਦੱਸਣ ਲੱਗਾ ਕਿ ਉਹ ਕੁੱਸੇ ਪਿੰਡ ਤੋਂ ਹੈ। ਮੈਂ ਉਸ ਨੂੰ ਕਿਹਾ ਕਿ ਤੁਹਾਡੇ ਪਿੰਡ ਦਾ ਇੰਗਲੈਂਡ ਰਹਿੰਦਾ ਲੇਖਕ ਜੱਗੀ ਕੁੱਸਾ, ਮੇਰਾ ਬੇਲੀ ਹੈ। ਤਾਂ ਉਹ ਮੈਨੂੰ ਕਹਿਣ ਲੱਗਾ ਕਿ “ਜਦੋਂ ਕਦੀ ਕਿਤੇ ਜੱਗੀ ਮਿਲਿਆ ਤਾਂ ਉਹਨੂੰ ਕਹੀਂ ਕਿ ਮੁਖਤਿਆਰ ਬੰਸਰੀ ਵਾਲਾ ਕਨੇਡਾ ਮਿਲਿਆ ਸੀ।” ਮੈਂ ਬਾਬਿਆਂ ਨੂੰ ਪੁੱਛਿਆ, “ਤੁਹਾਡਾ ਜੀਅ ਲੱਗ ਗਿਆ?” ਤਾਂ ਇੱਕ ਬਾਬਾ ਦੱਸਣ ਲੱਗਾ, “ਜੀਅ ਬਾਹਲਾ ਨੀ ਲੱਗਾ। ਘਰ ‘ਚ ਬੰਦ ਰਹਿੰਦੇ ਹਾਂ। ਟੀਵੀ ਦੇਖ ਲਈਦਾ। ਗੱਲਾਂ ਦੀ ਤਾਂ ਕੋਈ ਸਮਝ ਨੀ ਆਉਂਦੀ। ਊਂ ਗੋਰੇ ਚੁੰਮਾਂ ਚੱਟੀ ਕਰਦੇ ਦਿਸੀ ਜਾਂਦੇ ਆ ਤੇ ਚਿੱਤ ਲੱਗਿਆ ਰਹਿੰਦਾ। ਬੱਸ ਬਾਹਰ ਗੇੜੀ ਮਾਰਕੇ ਇਹ ਨਿੱਕਰਾਂ ਜੀਆਂ ਪਾਈ, ਭੱਜੀਆਂ ਫਿਰਦੀਆਂ ਮੇਮਾਂ ਨੂੰ ਦੇਖ ਦੂਖ ਕੇ ਦਿਹਾੜੀ ਪੂਰੀ ਕਰ ਲਈਦੀ ਹੈ। ਸੱਥਾਂ ਵਾਲੀ ਗੱਲ ਤਾਂ ਨੀ ਬਣਦੀ।” ਮੈਨੂੰ ਪਿੱਛੋਂ ਵਿੰਨੀਪੈੱਗ ‘ਚ ਮੇਰੇ ਬੇਲੀ ਰਾਜ ਮਾਨ ਦੇ ਘਰੇ ਨੀਂਮ ਗੁਲਾਬੀ ਹੋਈ ਰਾਤ ਦੀ ਮਹਿਫਿਲ ‘ਚ ਗਾ ਰਹੇ ਗੁਰਦਾਸ ਮਾਨ ਦੀ ਅਵਾਜ਼ ਸੁਣ ਰਹੀ ਸੀ, “ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ।” ਤੇ ਬਲਦਾਂ ਦਾ ਹਲ ਛੱਡਕੇ ਪ੍ਰਾਪਰਟੀ ਡੀਲਰ ਬਣਿਆ, ਰਾਜ ਮਾਨ ਮੈਨੂੰ ਦੱਸ ਰਿਹਾ ਸੀ ਕਿ ਇਨ੍ਹਾਂ ਯਾਦਾਂ ਦੇ ਮਾਰੇ ਸਿਆਲਾਂ ‘ਚ ਪਿੰਡਾਂ ਨੂੰ ਚਲੇ ਜਾਈਦਾ।

ਅਸੀਂ ਦੇਰ ਤੱਕ ਪੁਲ ਦੇ ਅਖੀਰ ਤੇ ਬਣੇ ਗੋਲ ਚਬੂਤਰੇ ਤੇ ਖੜ੍ਹੇ ਵਿਸ਼ਾਲ ਸਮੁੰਦਰ ਨੂੰ ਵੇਖਦੇ ਰਹੇ। ਬਾਬੇ ਜਾ ਚੁੱਕੇ ਸਨ। ਕੁੜੀਆ ਅਜੇ ਵੀ ਨਹਾ ਰਹੀਆ ਸਨ। ਇਸ ਵੇਲੇ ਸਮੁੰਦਰ ਪਿਛਾਂਹ ਹਟ ਚੁੱਕਾ ਸੀ ਤੇ ਮੁੜ ਤੋਂ ਉੱਛਾਲਾ ਖਾਣ ਲਈ ਚੰਨ ਦਾ ਇਸ਼ਾਰਾ ਉਡੀਕ ਰਿਹਾ ਸੀ। ਰੇਤਲੇ ਕੰਢੇ ਤੇ ਗੋਰੇ ਰੇਤ ਤੇ ਕਦੀ ਲਿਟਦੇ ਤੇ ਕਦੀ ਨੰਗੇ ਪੇਰੀਂ ਚੱਲਦੇ ਸੈਰ ਕਰ ਰਹੇ ਸਨ। ਲੂਣੀਂ ਹਵਾ ਨਾਲ ਸਾਡੀਆਂ ਦਾੜ੍ਹੀਆਂ ਤੇ ਮੁੱਛਾਂ ਤੇ ਲੂਣ ਚਮਕਣ ਲੱਗਾ। ਸਮੁੰਦਰ ਕੰਢੇ ਪਈ ਵ੍ਹਾਈਟ ਰੌਕ ਤੇ ਦੋ ਬੱਚੇ ਚੜ੍ਹੇ ਖੜ੍ਹੇ ਸਨ।ਵਾਪਸੀ ਤੇ ਮੈਂ ਗਹੁ ਨਾਲ ਵੇਖਿਆ ਕਿ 486 ਟਨ ਭਾਰੀ ਰੌਕ ਤੇ ਚੜ੍ਹਣ ਲਈ ਪੈਰ ਅੜਕਾਉਣ ਲਈ ਵੀ ਕੋਈ ਥਾਂ ਨਹੀਂ ਸੀ।

ਇਹ ਗੋਰੇ ਤਾਂ ਸਾਡੇ ਹਿਮਾਲਿਆ ਪਹਾੜ ਤੇ ਚੜ੍ਹ ਜਾਂਦੇ ਹਨ ਇੰਨੀ ਕੁ ਪਹਾੜੀ ਇਨ੍ਹਾਂ ਲਈ ਕੁੱਝ ਵੀ ਨਹੀਂ ਸੀ। ਸਾਡੇ ਬੱਚਿਆਂ ਨੂੰ ਮਾਵਾਂ ਕੋਠੇ ਤੇ ਪੌੜੀਆਂ ਚੜ੍ਹਦਿਆਂ ਨੂੰ ਡਰਾ ਦਿੰਦੀਆਂ ਨੇ ਕਿ ਡਿੱਗ ਪਵੇਂਗਾ ਤੇ ਉਹ ਸਾਰੀ ਉਮਰ ਚੰਡੋਲ ਤੇ ਚੜ੍ਹਣ ਤੋਂ ਡਰਦੇ ਰਹਿੰਦੇ ਹਨ। ਹਮੇਸ਼ਾ ਬੱਚੇ ਦਾ ਹੌਸਲਾ ਵਧਾਉ, ਫਿਰ ਉਹ ਜਿੰਦਗੀ ਵਿੱਚ ਹਾਰ ਖਾਣੀ ਭੁੱਲ ਜਾਵੇਗਾ। ਪਰ ਜਿੰਨ੍ਹਾਂ ਨੂੰ ਬਚਪਣ ‘ਚ ਛੱਪੜ ‘ਚ ਵੜਣ ਤੋਂ ਡਰਾਇਆ ਗਿਆ ਹੋਵੇ ਉਹ ਸਮੁੰਦਰਾਂ ਦੇ ਤੈਰਾਕ ਨਹੀਂ ਬਣ ਸਕਦੇ। ਇਹ ਇਤਿਹਾਸਕ ਦੁਖਾਂਤ ਹੈ ਕਿ ਜਦੋਂ ਅਸੀਂ ਰੱਬ ਨੂੰ ਲੱਭਣ ਲਈ ਧੜਾ ਧੜ ਮੰਦਰ ਬਣਾ ਰਹੇ ਸੀ ਓਦੋਂ ਗੋਰਿਆਂ ਨੇਂ ਸਮੁੰਦਰ ਗਾਹ ਕੇ ਸਾਨੂੰ ਲੱਭ ਲਿਆ ਤੇ ਮੁੜ ਕਈ ਸਦੀਆਂ ਸਿਰ ਨਹੀਂ ਚੁੱਕਣ ਦਿੱਤਾ। ਤੇ ਸਾਨੂੰ ਅੱਜ ਤੱਕ ਰੱਬ ਨਹੀਂ ਲੱਭਾ।

ਸੂਰਜ ਸਮੁੰਦਰ ਵਿੱਚ ਡੁੱਬਣ ਹੀ ਲੱਗਾ ਸੀ ਜਦੋਂ ਅਸੀਂ ਵਾਪਸ ਮੁੜ ਪਏ। ਸਾਡੇ ਅੱਗੋਂ ਦੀ ਲੱਕੜੀ ਦੀ ਭਰੀ ਕਨੇਡਾ ਤੋਂ ਅਮਰੀਕਾ ਜਾ ਰਹੀ ਮਾਲ ਗੱਡੀ ਲੰਘ ਗਈ। ਅਸੀਂ ਲਾਇਨ ਲੰਘ ਕੇ ਕਾਰ ‘ਚ ਜਾ ਬੈਠੇ।
 

(5 ਜੂਨ 2008) ਸੂਰਜ ਯੂਨੀਕੋਡ 'ਚ

ਬੀ.ਐਸ. ਢਿੱਲੋਂ, ਐਡਵੋਕੇਟ ਹਾਈਕੋਰਟ
#146, ਸੈਕਟਰ 49-ਏ, ਚੰਡੀਗੜ੍ਹ-160047
ਮੋਬਾਈਲ: 9988091463

e-mail : dhillonak@yahoo.com

website---http://www.geocities.com/dhillonak/mypage.html

ilKfrI
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.