ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 26 June, 2008

-ਲੇਖ/ਆਲੋਚਨਾ/ਪਠਨ/ਰੀਵੀਊ/ਵਿਚਾਰ


ਨਿਸ਼ਾਨ ਸਿੰਘ

ਫ਼ਰੀਦ ਬਾਣੀ ਵਿਚ ਬਿਰਹਾ ਸੰਵੇਦਨਾ

-ਨਿਸ਼ਾਨ ਸਿੰਘ-
ਗੁਰਦੁਆਰਾ ਸੱਤਵੀਂ ਪਾਤਸ਼ਾਹੀ
, ਥਾਨੇਸਰ ਜ਼ਿਲ੍ਹਾ ਕੁਰੂਕਸ਼ੇਤਰ (ਹਰਿਆਣਾ)

 


ਪੰਜਾਬੀ ਸਾਹਿਤ ਦੀਆਂ ਕਲਾਸਕੀ ਰਚਨਾਵਾਂ ਵਿਚ ਬਿਰਹਾ ਜਾਂ ਵਿਛੋੜੇ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਇਸ ਦੀ ਉਦਾਹਰਣ ਸਾਨੂੰ ਪੰਜਾਬੀ ਸਾਹਿਤ ਦੀ ਪ੍ਰਥਮ ਪ੍ਰਮਾਣਿਕ ਕਿਰਤ ਫ਼ਰੀਦ ਬਾਣੀ ਵਿਚ ਵੀ ਵੇਖਣ ਨੂੰ ਮਿਲ ਜਾਂਦੀ ਹੈ:-

“ਬਿਰਹਾ-ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ॥
ਫ਼ਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ॥”1

ਬਿਰਹਾ ਨੂੰ ਸੰਸਕ੍ਰਿਤ ਪ੍ਰਭਾਵ ਅਧੀਨ ਕਿਤੇ-ਕਿਤੇ ਵਿਰਹ ਜਾਂ ਬਿਰਹੋ ਵੀ ਕਿਹਾ ਗਿਆ ਹੈ ਜਿਸਦਾ ਅਰਥ ਹੈ ਵਿਛੋੜੇ ਦਾ ਦੁੱਖ:-

“ਵਿਰਹ ਸ਼ਬਦ ਜਿਹੜਾ ਕਿ ਪੰਜਾਬੀ ਦੇ ਬ੍ਰਿਹਾ ਸ਼ਬਦ ਦਾ ਹਿੰਦੀ ਵਿਚ ਅਨੁਵਾਦ ਹੈ, ਸੰਸਕ੍ਰਿਤ ਦੇ ‘ਰਹ’ ਸ਼ਬਦ ਨਾਲ ‘ਵਿ’ ਉਪਸਗਰ ਜੋੜਨ ਤੋਂ ਬਣਿਆ ਹੈ। ‘ਰਹ’ ਦਾ ਅਰਥ ਹੈ ਵੰਡਣਾ, ਤਿਆਗ ਕਰਨਾ, ਜ਼ੁਦਾ ਹੋਣਾ ਆਦਿ। ‘ਵਿ’ ਦਾ ਅਰਥ ਹੈ ਵਿਸ਼ੇਸ਼ ਭਾਵ, ਖ਼ਾਸ ਤਿਆਗ ਜਾਂ ਜੁਦਾਈ।”2

ਬਿਰਹੋ ਦਾ ਸੰਕੇਤ ਆਮ ਕਰਕੇ ਸੰਸਾਰਕ ਪ੍ਰੇਮੀ-ਪ੍ਰੇਮਿਕਾ ਦੇ ਵਿਛੋੜੇ ਦੇ ਦੁੱਖ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ। ਪ੍ਰੇਮੀ-ਪ੍ਰੇਮਿਕਾ ਇਕ ਦੂਜੇ ਤੋਂ ਵਿਛੜ ਜਾਣ ਤੋਂ ਬਾਅਦ ਇਕ ਦੂਜੇ ਨੂੰ ਵਧੇਰੇ ਯਾਦ ਆਉਂਦੇ ਹਨ। ਉਹ ਆਪਸ ਵਿਚ ਮੁੜ ਮਿਲਣ ਦੀ ਇੱਛਾ ਰੱਖਦੇ ਹਨ। ਉਹ ਬਹੁਤ ਬਿਲਬਲ ਰਹਿੰਦੇ ਹਨ ਤਾਂ ਇਸ ਭਾਵਨਾ ਨੂੰ ਬਿਰਹਾ ਦੀ ਭਾਵਨਾ ਕਿਹਾ ਜਾਂਦਾ ਹੈ:-

“ਬਿਰਹਾ ਅਨੁਭਵ ਤੋਂ ਸ਼ੁਰੂ ਹੋ ਕੇ ਮਨੁੱਖ ਨੂੰ ਰੱਬ ਦੇ ਵਸਲ ਤੱਕ ਪਹੁੰਚਾਉਂਦਾ ਹੈ, ਨਿਰਾਸ਼ਤਾ ਅਤੇ ਵਿਸ਼ਾਦ ਦੇ ਬਾਹਰਲੇ ਦਰਵਾਜ਼ੇ ਵਿਚੋਂ ਲੰਘ ਕੇ ਜਿਸ ਸ਼ਾਨਦਾਰ ਬਾਗ ਦੇ ਮਹੱਲ ਦੀ ਫ਼ਰੀਦ ਜੀ ਨੇ ਸੈਰ ਕਰਾਉਣੀ ਹੈ ਉਹ ਇਸ਼ਕ ਦੀ ਅਗੰਮੀ ਚੇਟਕ ਨਾਲ ਚਿਤਵਿਆ ਹੋਇਆ, ਦ੍ਰਿੜ੍ਹ ਸਦਾਚਾਰ ਦੀਆਂ ਨੀਹਾਂ ਉਂਤੇ ਉਸਰਿਆ ਹੋਇਆ, ਵਿਸ਼ਵਾਸ ਅਤੇ ਪ੍ਰਤੀਤ ਦੇ ਪਾਰਸਮਈ ਹੀਰੇ ਨਾਲ ਜੜਿਆ ਇਕ ਰਹੱਸਵਾਦੀ ਬਹਿਸ਼ਤ ਹੈ।”3

ਭਾਰਤੀ ਸੂਫ਼ੀ ਪਰੰਪਰਾ ਵਿਚ ਜੀਵਾਤਮਾ ਅਤੇ ਪਰਮਾਤਮਾ ਨੂੰ ਪ੍ਰੇਮੀ-ਪ੍ਰੇਮਿਕਾ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਸੂਫ਼ੀ ਵਿਚਾਰਧਾਰਾ ਅਨੁਸਾਰ ਜੀਵਾਤਮਾ ਅਰਥਾਤ ਮਨੁੱਖ ਨੂੰ ਕਿਸੇ ਪੂਰਬਲੇ ਕਰਮਾਂ ਦੀ ਸਜ਼ਾ ਭੁਗਤਨ ਲਈ ਇਸ ਸੰਸਾਰ ਵਿਚ ਭੇਜਿਆ ਗਿਆ ਹੈ। ਇਸ ਗੱਲ ਦਾ ਪ੍ਰਮਾਣ ਸਾਨੂੰ ਫ਼ਰੀਦ ਬਾਣੀ ਵਿਚ ਇਸ ਪ੍ਰਕਾਰ ਮਿਲਦਾ ਹੈ:-

“ਫ਼ਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੁ ਕਪਹਿ ਚੁਖ॥
ਪਵਨਿ ਨ ਇਤੀ ਮਾਮਲੇ ਸਹਾਂ ਨ ਇਤੀ ਦੁਖ॥”4

ਫ਼ਰੀਦ ਬਾਣੀ ਦੇ ਰਹੱਸਵਾਦ ਦਾ ਮੁੱਖ ਆਧਾਰ ਬਿਰਹੋਂ ਜਾਂ ਵਿਛੋੜਾ ਹੈ। ਇਹ ਮਨੁੱਖ ਨੂੰ ਰੱਬ ਨਾਲੋਂ ਵਿਛੜੇ ਹੋਣ ਦਾ ਅਹਿਸਾਸ ਕਰਵਾ ਕੇ ਉਸ ਨਾਲ ਅਭੇਦ ਹੋਣ ਦੀ ਤਾਂਘ ਜਗਾਉਂਦਾ ਹੈ। ਫ਼ਰੀਦ ਬਾਣੀ ਵਿਚ ਬਿਰਹੋਂ ਜਾਂ ਵਿਛੋੜੇ ਨੂੰ ਨਿਰਾ ਅਧਿਆਤਮਕ ਦੁੱਖ ਨਹੀਂ ਮੰਨਿਆਂ ਗਿਆ ਸਗੋਂ ਇਸਨੂੰ ਆਪਣੀ ਹੋਂਦ ਬਾਰੇ ਜਾਗ੍ਰਿਤ ਹੋਣ ਦੀ ਅਵਸਥਾ ਵੀ ਮੰਨਿਆਂ ਗਿਆ ਹੈ।

ਜਦੋਂ ਗੁਰਮਤਿ ਵਿਚਾਰਧਾਰਾ ਵੀ ਸੂਫ਼ੀਆਂ ਵਾਂਗ ਮਨੁੱਖ ਨੂੰ ਇਹ ਪ੍ਰੇਰਣਾ ਦਿੰਦੀ ਹੈ ਕਿ ਮਨੁੱਖ ਨੇ ਆਪਣੇ ਮੂਲ ਨਾਲ ਅਭੇਦ ਹੋਣਾ ਹੈ ਅਥਵਾ ਮੂਲ ਨੂੰ ਪਛਾਨਣਾ ਹੈ:-

“ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥
ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ”5

ਤਾਂ ਟੇਡੇ ਢੰਗ ਨਾਲ ਉਹ ਵੀ ਸੂਫ਼ੀਆਂ ਵਾਲੇ ਦਵੈਤਵਾਦੀ ਸੰਕਲਪ ਨੂੰ ਪ੍ਰਗਟ ਕਰ ਰਹੀ ਹੈ। ਪਰਤੂੰ ਗੁਰਮਤਿ ਅਤੇ ਸੂਫ਼ੀ ਵਿਚਾਰਧਾਰਾ ਵਿਚ ਇਹ ਗੱਲ ਬੜੀ ਸਪਸ਼ਟ ਹੈ ਕਿ ਗੁਰਮਤਿ ਵਿਚਾਰਧਾਰਾ ਸੂਫ਼ੀ ਵਿਚਾਰਧਾਰਾ ਵਾਂਗ ਮਾਨਵੀ ਹੋਂਦ ਦੇ ਸ਼ੁਧ ਦਵੈਤਵਾਦੀ ਸੰਕਲਪ ਦੀ ਧਾਰਨੀ ਨਹੀਂ, ਕਿਉਂਕਿ ਬਾਣੀ ਦੇ ਰਚਣਹਾਰਿਆਂ ਨੇ ਇਸ ਸੰਸਾਰ ਰਚਨਾ ਨੂੰ ਪ੍ਰਭੂ ਦੀ ਹੋਂਦ ਦਾ ਵਿਸਥਾਰ ਮੰਨਿਆਂ ਹੈ ਪਰਤੂੰ ਸੂਫ਼ੀ ਵਿਚਾਰਧਾਰਾ ਜਾਂ ਫ਼ਰੀਦ ਬਾਣੀ ਮਾਨਵੀ ਹੋਂਦ ਦੇ ਦਵੈਤਵਾਦੀ ਸੰਕਲਪ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਦੀ ਹੈ। ਇਸ ਦ੍ਰਿਸ਼ਟੀ ਤੋਂ ਜਦੋਂ ਅਸੀਂ ਫ਼ਰੀਦ ਬਾਣੀ ਦਾ ਅਧਿਐਨ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਫ਼ਰੀਦ ਬਾਣੀ ਵਿਚ ਮਾਨਵੀ ਹੋਂਦ ਦੇ ਵਿਛੋੜੇ ਦੀ ਸਥਿਤੀ ਨੂੰ ਬੜ੍ਹੀ ਤੀਬਰ ਵੇਦਨਾ ਦੇ ਰੂਪ ਵਿਚ ਪ੍ਰਗਟਾਇਆ ਗਿਆ ਹੈ। ਫ਼ਰੀਦ ਬਾਣੀ ਵਿਚ ਇਹ ਵਿਛੋੜਾ ਅਸਹਿ ਦੁੱਖ ਅਤੇ ਬਿਰਹਾ ਦੇ ਰੂਪ ਵਿਚ ਪ੍ਰਗਟ ਹੋਇਆ ਹੈ।

ਫ਼ਰੀਦ ਬਾਣੀ ਵਿਚ ਬਿਰਹਾ ਦੀ ਨੁਹਾਰ ਵੇਖਣਯੋਗ ਹੈ। ਕੁਦਰਤੀ ਨੇਮ ਅਨੁਸਾਰ ਕਾਲੇ ਰੰਗ ਦੀ ਕੋਇਲ ਵੀ ਬਿਰਹਾ ਦੀ ਅੱਗ ਵਿਚ ਸੜ ਕੇ ਕਾਲੀ ਹੋ ਗਈ ਹੈ। ਉਹ ਆਪਣੇ ਪ੍ਰੀਤਮ ਦੇ ਵਿਛੋੜੇ ਦੇ ਕਾਰਨ ਕਾਲੇ ਰੰਗ ਦੀ ਹੋਈ ਨਜ਼ਰ ਆਉਂਦੀ ਹੈ:-

“ਕਾਲੀ ਕੋਇਲ ਤੂ ਕਿਤੁ ਗੁਨ ਕਾਲੀ॥
ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ॥”6

ਜੀਵਾਤਮਾ ਇਸ ਸੰਸਾਰ ਵਿਚ ਆ ਕੇ ਬਿਰਹੋਂ ਦਾ ਦੁੱਖ ਹੰਢਾ ਰਹੀ ਹੈ। ਸਥਿਤੀ ਦੀ ਤ੍ਰਾਸਦੀ ਇਹ ਹੈ ਕਿ ਉਸ ਉਂਤੇ ਕੋਈ ਤਰਸ ਵੀ ਨਹੀਂ ਕਰਦਾ। ਐਸੀ ਸਥਿਤੀ ਵਿਚ ਉਸ ਬਿਰਹਨ ਜੀਵਾਤਮਾ ਨੂੰ ਆਪਣਾ ਪ੍ਰੀਤਮ ਪਿਆਰਾ ਹੀ ਇਕ ਸਹਾਰਾ ਨਜ਼ਰ ਆਉਂਦਾ ਹੈ।

ਬਿਰਹਨ ਜੀਵਾਤਮਾ ਲਈ ਵਿਛੋੜੇ ਦਾ ਅਹਿਸਾਸ ਇਤਨਾ ਤੀਬਰ ਹੈ ਕਿ ਉਹ ਪਦਾਰਥ ਜੋ ਵੇਖਣ ਨੂੰ ਮਨੁੱਖ ਲਈ ਸੁਖਦਾਈ ਪ੍ਰਤੀਤ ਹੁੰਦੇ ਹਨ ਪਰ ਬਾਵਜੂਦ ਇਸ ਦੇ ਉਹ ਪਰਮਾਤਮਾ ਦੇ ਨਾਮ ਦੇ ਅੱਗੇ ਫਿੱਕੇ ਹਨ। ਇਹ ਬਿਰਹਾ ਦੀ ਪੀੜਾ ਨੂੰ ਹੋਰ ਵਧਾ ਰਹੇ ਹਨ।

ਡਾ. ਤਾਰਨ ਸਿੰਘ ਬਾਬਾ ਫ਼ਰੀਦ ਦੇ ਬਿਰਹਾ ਬਾਰੇ ਆਖਦੇ ਹਨ ਕਿ, “ਬਿਰਹਾ ਸੁਲਤਾਨ ਹੈ, ਬਿਰਹਾ ਜੀਵਨ ਦਾ ਚਿੰਨ੍ਹ ਹੈ। ਬਿਰਹਾ ਮਿਲਾਪ ਵੱਲ ਪੁਲਾਂਘ ਹੈ। ਬਿਰਹਾ ਬੰਦੇ ਦਾ ਰੱਬ ਤੋਂ ਵਿਛੜੇ ਹੋਣ ਦਾ ਅਹਿਸਾਸ ਹੈ। ਬਿਰਹਾ ਜਾਗ੍ਰਤੀ ਵੱਲ ਜ਼ਰੂਰੀ ਸ਼ਰਤ ਹੈ। ਇਹੀ ਪਹਿਲੀ ਪੁਲਾਂਘ ਹੈ, ਜਦੋਂ ਬੰਦਾ ਸਾਹਸ ਧਾਰਨ ਕਰਦਾ ਹੈ। ਪੈਂਡੇ ਤੇ ਤੁਰਨ ਦੀ ਦ੍ਰਿੜ੍ਹਤਾ ਕਰਦਾ ਹੈ, ਆਪਣੀ ਸਮਰੱਥਾ ਦਾ ਅਨੁਭਵ ਕਰਦਾ ਹੈ। ਆਪਣੀ ਅਧੋਗਤੀ ਤੋਂ ਗਿਲਾਨੀ ਕਰਦਾ ਹੈ ਅਤੇ ਆਪਣੀ ਹੋਣੀ ਨੂੰ ਸਵਾਰਨ ਲਈ ਤਤਪਰ ਹੋ ਜਾਂਦਾ ਹੈ। ਬਿਰਹਾ ਇਹ ਅਹਿਸਾਸ ਹੈ ਕਿ ਮੈਂ ਲਤਾੜਿਆ ਪਿਆ ਹਾਂ। ਬਿਰਹਾ ਉਂਚੇ ਜਾਣ ਦੀ ਲੋਚਾ ਹੈ। ਬਿਰਹਾ ਰੱਬ ਨੂੰ ਮਿਲਣ ਲਈ ਚੜ੍ਹਾਈ ਹੈ।”7

ਫ਼ਰੀਦ ਬਾਣੀ ਵਿਚ ਇਹ ਤੱਥ ਬੜਾ ਧਿਆਨਯੋਗ ਹੈ ਕਿ ਇਸ ਵਿਚ ਜਿੱਥੇ ਇਕ ਪਾਸੇ ਵਿਛੋੜਾ ਦੁੱਖ ਦਾ ਕਾਰਣ ਹੈ ਉਂਥੇ ਦੂਜੇ ਪਾਸੇ ਪ੍ਰਭੂ ਮਿਲਾਪ ਦਾ ਆਧਾਰ ਵੀ ਹੈ। ਫ਼ਰੀਦ ਬਾਣੀ ਦੇ ਅਨੁਸਾਰ ਜਿੰਨੀ ਦੇਰ ਤੱਕ ਬਿਰਹਾ ਦਾ ਅਨੁਭਵ ਨਹੀਂ ਹੋਵੇਗਾ ਉਤਨੀ ਦੇਰ ਤੱਕ ਮਿਲਾਪ ਦੀ ਤਾਂਘ ਵੀ ਪੈਦਾ ਨਹੀਂ ਹੋ ਸਕਦੀ। ਇਸ ਲਈ ਫ਼ਰੀਦ ਬਾਣੀ ਵਿਚ ਬਿਰਹਾ ਨੂੰ ਬੜਾ ਉਂਚਾ ਦਰਜ਼ਾ ਦਿੱਤਾ ਗਿਆ ਹੈ।

ਟਿੱਪਣੀਆਂ ਅਤੇ ਹਵਾਲੇ

1. ਸ਼੍ਰੀ ਗੁਰੂ ਗ੍ਰੰਥ ਸਾਹਿਬ, ਰਾਗ ਸੂਹੀ, ਪੰਨਾ 1379
2. ਭਾਈ ਕਾਨ੍ਹ ਸਿੰਘ ਨਾਭਾ, ਗੁਰ ਸ਼ਬਦ ਰਤਨਾਕਰ ਮਹਾਨ ਕੋਸ਼, ਪੰਨਾ 59
3. ਸੁਰਿੰਦਰ ਕੋਹਲੀ, ਫ਼ਰੀਦ ਦਰਪਣ, ਪੰਨਾ 14
4. ਤੇਜਾ ਸਿੰਘ ਸੋਢੀ (ਟੀਕਾਕਾਰ), ਸਲੋਕ ਫ਼ਰੀਦ ਜੀ ਸਟੀਕ, ਪੰਨਾ 43-44
5. ਸ਼੍ਰੀ ਗੁਰੂ ਗ੍ਰੰਥ ਸਾਹਿਬ, ਰਾਗ ਆਸਾ, ਪੰਨਾ 441
6. ਸ਼ਬਦ ਭਗਤ ਫ਼ਰੀਦ ਜੀ (ਸਟੀਕ), ਪੰਨਾ 38
7. ਪੰਛੀ, ਹਰਚੇਤ ਸਿੰਘ, ਪੰਜਾਬੀ ਕਾਵਿ ਵਿਚ ਬਿਰਹਾ ਭਾਵਨਾ, ਪੰਨਾ 11
 

****

ਨਿਸ਼ਾਨ ਸਿੰਘ
ਸਿੱਖ ਮਿਸ਼ਨ ਹਰਿਆਣਾ (ਨੇੜੇ ਮੀਰੀ-ਪੀਰੀ ਚੌਂਕ) ਕੁਰੂਕਸ਼ੇਤਰ (ਹਰਿਆਣਾ)
ਮੋਬਾਈਲ ਨੰ.
094660-66683

***** 

11 ਜੂਨ 2008--ਸੂਰਜ ਯੂਨੀਕੋਡ

*******

 ਨਿਸ਼ਾਨ ਸਿੰਘ ਦੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

 

ਲਿਖਾਰੀ
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.