ਠੰਡੀਆਂ ਹਵਾਵਾਂ ਤੇ ਸਰਦੀ ਦੇ ਮੌਸਮ ਨੇ ਆਪਣਾ ਅਹਿਸਾਸ ਕਰਵਾਉਣ ਦੇ ਯਤਨ ਆਰੰਭ
ਕੀਤੇ। ਸਰਦੀਆਂ ਦੇ ਪਹਿਲੇ ਮੀਂਹ ਵਿੱਚ ਯੂਨੀਵਰਸਿਟੀ ਦੇ ਸਟੂਡੈਂਟ-ਸੈਂਟਰ ਤੇ ਪਹਿਲੀ
ਮੁਲਾਕਾਤ ਸੀ। ਅੱਜ ਉਪਰ ਵਾਲੇ ਨੇ ਕਿਸੇ ਦੇ ਦਿਲ ਦੀਆਂ ਗੱਲਾਂ ਨੇੜੇ ਹੋ ਕੇ ਸੁਣ
ਲਈਆਂ ਸਨ। ਜਿੰਦਗੀ ਦੀ ਨਵੀਂ ਸੁਰੂਆਤ ਦਾ ਵਕਤ ਸੀ। ਬਹੁਤ ਜਿਆਦਾ ਭੀੜ ਵਿੱਚ ਵੀ ਸਭ
ਕੁਝ ਉਸ ਬਿਨਾਂ ਖਾਲੀ-ਖਾਲੀ ਸੀ । ਉਹ ਕਿੱਥੇ ਸੀ ਕਦੋਂ ਆਵੇਗੀ...? ਮੀਂਹ ਨੇ ਆਪਣੀ
ਹੋਂਦ ਦਿਖਾਉਣੀ ਸੁਰੂ ਕਰ ਦਿੱਤੀ। ਦਿਲ ਡਰ ਨਾਲ ਬੈਠ ਰਿਹਾ ਸੀ। ਉਹ ਆਵੇ ਕੇ ਨਾ,
ਠੰਡੀ ਹਵਾ ਸਰੀਰ ਦੇ ਵਿੱਚੋਂ ਦੀ ਨਿਕਲਦੀ ਜਾਂਦੀ, ਪਰ ਇਸ ਪਾਸੇ ਧਿਆਨ ਕਿਸਦਾ ਸੀ?
ਨਜ਼ਰਾਂ ਸੜਕ ਵੱਲ, ਜਿਸ ਪਾਸਿਓਂ ਉਸ ਆਉਣਾ ਸੀ। ਮੀਂਹ ਕਦੀ ਰੁੱਕਦਾ ਤੇ ਕਦੀ ਫਿਰ
ਆਪਣਾ ਜਲਵਾ ਦਿਖਾਉਣ ਲੱਗਦਾ।
ਅੱਜ ਜ਼ਿੰਦਗੀ ਦਾ ਉਹ ਇਮਤਿਹਾਨ ਸੀ, ਜਿਸ
ਵਿੱਚ ਫੇਲ੍ਹ ਤੇ ਪਾਸ ਦੋਹਵੇਂ ਸੰਕਲਪ ਮਹੱਤਵਹੀਨ ਹੋ ਜਾਂਦੇ ਹਨ। ਕਦੀ ਮੀਂਹ ਵੱਲ
ਦੇਖਦਾ ਤਾਂ ਕਦੀ ਰੱਬ ਨਾਲ ਗੁੱਸਾ ਗਿਲ਼ਾ ਸਾਂਝਾ ਕਰਨ ਦੀ ਕੋਸ਼ਿਸ਼ ਕਰਦਾ, ਪਰ ਮੀਂਹ
ਆਪਣੀ ਅੜੀ ਬਰਕਰਾਰ ਰੱਖਦਾ, ਸਭ ਪਾਸੇ ਰੌਣਕਾਂ ਵਿੱਚ ਵੀ ਖਾਲੀਪਨ ਦੀ ਭਰਮਾਰ ਸੀ। ਮਨ
ਪਤਾ ਨਹੀਂ ਕੀ-ਕੀ ਸੋਚ ਰਿਹਾ ਸੀ। ਦਿਲ ਦੀ ਧੜਕਣ ਨੂੰ ਕਿਸੇ ਦੇ ਇੰਤਜਾਰ ਵਿੱਚ ਅਜੀਬ
ਜਿਹੇ ਡਰ ਨੇ ਘੇਰ ਰੱਖਿਆ ਸੀ। ਇੰਤਜਾਰ ਵਿੱਚ ਕਦੀ ਕਾਹਲਾਪਨ ਸੀ ਤੇ ਕਦੀ ਅਜੀਬ
ਤਰ੍ਹਾਂ ਦੀ ਛਾਂ ਬਿਲਕੁਲ ਮੀਂਹ ਦੀ ਤਰ੍ਹਾਂ ਜੋ ਕਦੀ ਜੋਰ ਫੜਦਾ ਤੇ ਕਦੀ ਹੱਟ
ਜਾਂਦਾ। ਆਸ ਹੁਣ ਨਿਰਾਸ਼ਾ ਵਿੱਚ ਬਦਲਣ ਲੱਗ ਪਈ, ਮੀਂਹ ਨੇ ਵੀ ਅੱਜ ਹੀ ਆਉਣਾ ਸੀ,
ਹੁਣ ਕੱਲ੍ਹ ਪਤਾ ਨਹੀਂ ਕੀ ਹੋਵੇ। ਕੱਲ੍ਹ ਦਾ ਕੀ ਪਤਾ, ਕੱਲ੍ਹ ਤਾਂ ਕੱਲ੍ਹ ਹੀ ਹੈ,
ਬਹੁਤ ਦੂਰ, ਹੁਣ ਤੋਂ ਸਦੀਆਂ ਪਰੇ । ਅੱਜ ਇਹ ਮੀਂਹ ਨਾ ਆਉਂਦਾ ਤਾਂ.........?
ਮੀਂਹ ਦੀ ਫੁਹਾਰ ਮੂੰਹ ਤੇ ਪੈਂਦੀ ਤਾਂ ਇੰਉ ਮਹਿਸੂਸ ਹੁੰਦਾ ਜਿਵੇਂ...........?
ਨਜ਼ਰਾਂ ਸੜਕ ਵੱਲ ਹੀ ਸਨ। ਇਹ ਪਹਿਲੀ
ਮੁਲਾਕਾਤ, ਯਾਦਗਰ ਬਣ ਜਾਂਦੀ ਤਾਂ ਤੇਰਾ ਕੀ ਘਟ ਜਾਂਦਾ, ਓ ਰੱਬਾ, ''ਅੱਜ ਤਾਂ
ਗੁੱਸਾ ਜਾਣਦੇ‘‘ ਮੀਂਹ ਕਾਰਨ ਵਿਦਿਆਰਥੀ ਆਪਣੇ-ਆਪਣੇ ਸਥਾਨਾਂ ਤੇ ਮੀਂਹ ਤੋਂ ਬਚਣ ਦੀ
ਕੋਸ਼ਿਸ਼ ਵਿੱਚ ਰੁੱਝੇ ਹੋਏ ਸਨ। ਅਚਾਨਕ ਕਿਸੇ ਨੇ ਪਿਛੋਂ ਮੋਢੇ ਤੇ ਹੱਥ ਰੱਖਦਿਆਂ
ਅਵਾਜ ਦਿੱਤੀ। ਮੈਂ ਇੱਥੇ ਹਾਂ। ਉਹ ਆ ਗਈ । ਇਹ ਕਿਸ ਤਰ੍ਹਾਂ ਦੀ ਮੁਲਾਕਾਤ ਸੀ, ਜਿਸ
ਨੇ ਇਕ ਵਾਰੀ ਸਾਰੀ ਕਾਇਨਾਤ ਨੂੰ ਆਪਣੇ ਸਾਹਮਣੇ ਛੋਟਿਆਂ ਕਰ ਦਿੱਤਾ। ਉਹ ਆ ਗਈ,
ਮੀਂਹ ਵੀ ਹੱਟ ਗਿਆ, ਉਸ ਨੂੰ ਵੀ ਬਸ ਸਾਡੇ ਮਿਲਣ ਦਾ ਇੰਤਜਾਰ ਸੀ। ਕਿਉਂ ਪਸੰਦ ਕੀਤਾ
ਮੈਨੂੰ, ਤੂੰ ਬਹੁਤ ਸੋਹਣੀ ਏ....! ਸਿਰਫ ਸੋਹਣੀ..., ਅਕਲਮੰਦ ਵੀ....,
''ਬੱਸ‘‘......! ਤੇਰੀਆਂ ਅੱਖਾਂ ਬਹੁਤ ਸੁੰਦਰ ਹਨ ''ਹੋਰ ਕੁਝ‘‘.....! ਬੱਸ ਏਨਾਂ
ਹੀ । ਉਹ ਹੱਸਣ ਲੱਗੀ। ਵਕਤ ਇੰਞ ਦੋੜਨ ਲੱਗਾ ਜਿਵੇਂ ਇਸ ਨੂੰ ਪਰ ਲੱਗ ਗਏ ਹੋਣ ।
ਕਈ ਮੁਲਾਕਾਤਾਂ ਜਿੰਦਗੀ ਵਿੱਚ ਏਨੀਆਂ
ਅਹਿਮ ਹੋ ਜਾਂਦੀਆਂ ਹਨ ਕਿ ਰੱਬ ਆਪ ਵੀ ਉਹਨਾਂ ਵਿੱਚ ਸ਼ਰੀਕ ਹੋਣ ਪਹੁੰਚ ਜਾਂਦਾ ਹੈ।
ਜੇ ਮੀਂਹ ਨਾ ਪੈਂਦਾ ਤਾਂ ਭਿੱਜਦਾ ਵੀ ਨਾ, ਤਾਂ ਸ਼ਾਇਦ ਉਹ ਇਨਕਾਰ ਕਰ ਜਾਂਦੀ।
ਮੁਲਾਕਾਤਾਂ ਜਿੰਦਗੀ ਦੀ ਸੁਰੂਆਤ ਹੁੰਦੀਆਂ ਹਨ । ਜਿੰਦਗੀ ਕਿਉਂ ਪਹਿਲੀ ਮੁਲਾਕਾਤ
ਵਾਂਗ ਨਹੀਂ ਰਹਿੰਦੀ? ਕਿਉਂ ਅਸੀਂ ਆਪ ਹੀ ਇਸ ਨੂੰ ਪੱਟੜੀ ਤੋਂ ਉਤਾਰ ਦੇਂਦੇ ਹਾਂ?
ਕਿਉਂ ਮੁਲਾਕਾਤਾਂ ਛੋਟੀਆਂ ਤੇ ਵਿਛੋੜੇ ਲੰਮੇ ਹੁੰਦੇ ਜਾਂਦੇ ਹਨ? ਦਰਅਸਲ ਪਹਿਲੀ
ਮੁਲਾਕਾਤ ਵਿੱਚ ਰੂਹ, ਦਿਲ, ਦਿਮਾਗ ਨੂੰ ਇੱਕਠਿਆਂ ਰੱਖਿਆ ਜਾਂਦਾ ਹੈ, ਬਾਕੀ ਸਾਰਾ
ਕੁਝ ਰੱਬ ‘ਤੇ ਸੁੱਟ ਦਿੱਤਾ ਜਾਂਦਾ ਹੈ। ਫਿਰ ਰੂਹ ਨੂੰ ਅਲੱਗ ਕਰ ਦਿੱਤਾ ਜਾਂਦਾ ਹੈ।
ਰੂਹ ਦੇ ਜਾਣ ਨਾਲ ਦਿਲ ਕਮਜ਼ੋਰ ਹੋ ਜਾਂਦਾ ਹੈ ਤਾਂ ਹੌਲੀ ਹੌਲੀ ਬੜੀ ਸਮਝਦਾਰੀ ਨਾਲ
ਉਸ ਕੋਲੋਂ ਜਿੰਮੇਵਾਰੀ ਲੈ ਕੇ ਦਿਮਾਗ਼ ਨੂੰ ਸੌਂਪ ਦਿੱਤੀ ਜਾਂਦੀ ਹੈ। ਹੁਣ ਸਾਰਾ ਕੰਮ
ਦਿਮਾਗ਼ ਹੀ ਨਿਪਟਾਉਂਦਾ ਹੈ। ਦਿਲ ਸਿਰਫ ਉਸ ਨੂੰ ਸਲਾਹ ਹੀ ਦੇਂਦਾ ਹੈ, ਜੋ ਦਿਮਾਗ਼
ਆਪਣੇ ਅਨੁਸਾਰ ਹੀ ਮੰਨਦਾ ਹੈ। ਏਸੇ ਕਾਰਨ ਮੁਲਾਕਾਤਾਂ ਕਿਸੇ ਤਣ ਪੱਤਣ ਲੱਗਣ ਤੋਂ
ਪਹਿਲਾਂ ਹੀ ਜਿੰਦਗੀ ਵਿੱਚੋਂ ਸਰਕਣ ਲਗਦੀਆਂ ਹਨ। ਫਿਰ ਅਸੀਂ ਕਈ ਤਰ੍ਹਾਂ ਦੇ ਵਿਚੋਲੇ
ਆਪ ਹੀ ਆਪਣੀ ਜਿੰਦਗੀ ਵਿੱਚ ਲਿਆ ਖੜੇ ਕਰਦੇ ਹਾਂ ।
ਕਿਉਂ ਜਿੰਦਗੀ ਵਿੱਚ ਪਹਿਲੀ ਮੁਲਾਕਾਤ
ਵਾਲਾ ਖੇੜਾ ਬਰਕਰਾਰ ਨਹੀਂ ਰਹਿੰਦਾ। ਅਸੀਂ ਪਹਿਲੀ ਮੁਲਾਕਾਤ ਵਾਲੀ ਸਥਿਤੀ ਤੇ ਬਾਅਦ
ਵਾਲੀ ਸਥਿਤੀ ਦਾ ਫਾਸਲਾ ਕਿਉਂ ਵਿਸ਼ਾਲ ਕਰ ਲੈਦੇ ਹਾਂ। ਪਹਿਲੀ ਮੁਲਾਕਾਤ ਦੇ ਉਪਜਾਏ
ਸੁਪਨੇ ਕੁਝ ਚਿਰ ਪਿਛੋਂ ਹੀ ਜੇ ਟੁੱਟਣੇ ਸੁਰੂ ਹੋ ਜਾਣ ਤਾਂ, ਇੰਉਂ ਲੱਗਦਾ ਹੈ
ਜਿਵੇਂ ਇਕ ਧਿਰ ਬੇਈਮਾਨ ਹੋ ਗਈ ਹੋਵੇ ? ਹੋ ਸਕਦਾ ਹੈ ਕਿ ਸੋਚ ਦਾ ਹੀ ਫਰਕ ਹੋਵੇ ?
ਫਰਕ ਇਹ ਹੈ ਕਿ ਪਹਿਲੀ ਮੁਲਾਕਾਤ ਮੁਕੰਮਲ
ਅਜਾਦੀ ਦੀ ਭਾਵਨਾ ਵਿੱਚ ਹੁੰਦੀ ਹੈ, ਹੱਕ ਬਰਾਬਰ ਹੁੰਦੇ ਹਨ, ਫਿਰ ਅਸੀਂ ਇਕ ਦੂਸਰੇ
ਦੇ ਹੱਕ ਖੋਹਣ ਵਿੱਚ ਰੁੱਝ ਜਾਂਦੇ ਹਾਂ। ਕਿਉਂਕਿ ਇਸ਼ਕ ਗੁਲਾਮੀ ਵਿੱਚ ਨਹੀਂ ਬਲਕਿ
ਅਜ਼ਾਦੀ ਵਿੱਚ ਪ੍ਰਵਾਨ ਚੜ੍ਹਦਾ ਹੈ, ਇਹੀ ਕਾਰਨ ਹੈ ਕਿ ਪਹਿਲੀ ਮੁਲਾਕਾਤ ਤੋਂ ਬਾਅਦ
ਤੰਗ ਦਿਲੀ ਕਾਰਨ ਸਮੱਸਿਆਵਾਂ ਪੈਦਾ ਹੋਣੀਆਂ ਸੁਰੂ ਹੋ ਜਾਦੀਆਂ ਹਨ। ਇਸ਼ਕ ਅਸਲ ਵਿੱਚ
ਕਿਸੇ ਦੀ ਗੁਲਾਮੀ ਨਹੀਂ ਬਲਕਿ ਬਿਨਾਂ ਕਾਗਜ਼ਾਂ ਪੱਤਰਾਂ ਦੇ ਪਈ ਜਿੰਮੇਵਾਰੀ ਹੈ,
ਤਾਂਘ ਹੈ, ਦਰਸ਼ਨ ਹੈ, ਅਭਿਲਾਸ਼ਾ ਹੈ, ਮਨ ਦੀ ਸੂਖਮ ਅਵਸਥਾ ਹੈ, ਪਰ ਜੇ ਨਾ ਮੰਨੀਏ
ਤਾਂ ਕੁਝ ਵੀ ਨਹੀਂ ਹੈ। ਇਸ਼ਕ ਦੀਆਂ ਸਮੱਸਿਆਵਾਂ ਸਦੀਆਂ ਤੋਂ ਸਦੀਵੀ ਹਨ। ਇਸ਼ਕ ਇਬਾਦਤ
ਹੈ, ਨਾ ਹਾਰਦਾ, ਨਾ ਜਿੱਤਦਾ । ਬੱਸ ਇਕ ਅਹਿਸਾਸ ਹੈ ਆਪਣੇ ਨਾਲ-ਨਾਲ ਕਿਸੇ ਪਰਛਾਵੇਂ
ਦਾ .....?
**
ਗੁਰਪ੍ਰਤਾਪ ਸਿੰਘ ਕਾਹਲੋਂ
ਪਿੰਡ ਕਾਲਾ ਅਫਗਾਨਾ
ਤਹਿ: ਬਟਾਲਾ
ਜਿਲ੍ਹਾ ਗੁਰਦਾਸਪੁਰ
98 886 12523
(11 ਜੂਨ
2008) -ਸੂਰਜ ਯੂਨੀਕੋਡ-