ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts English Shahmukhi Devnagri

 ਅਜੋਕਾ ਵਾਧਾ:: 01 ਜਨਵਰੀ, 2009

   ਮੁੱਖਪੰਨਾ

          -lyK/aflf-duaflf/jfxkfrI-

 

 

ਪੰਜਾਬ,ਪੰਜਾਬੀ ਅਤੇ ਪੰਜਾਬੀਅਤ
-ਡ: ਅਮਰਜੀਤ ਸਿੰਘ ਕਾਂਗ-
ਸਾਬਕਾ ਡੀਨ, ਆਰਟਸ ਐਂਡ ਲੈਂਗੂਏਜ਼ਜ਼, ਕੁਰਕਸ਼ੇਤਰ ਯੂਨੀਵਰਿਸਟੀ, ਕੁਰਕਸ਼ੇਤਰ
 


ਪੰਜਾਬ ਵਿਚ ਜਨਮ ਲੈਣਾ ਵਰਦਾਨ ਹੈ।  ਇਹ ਉਹ ਧਰਤੀ ਹੈ ਜਿਸ ਦੀ ਮਿੱਟੀ ਵਿਚ ਸੰਤਾਂ,ਫ਼ਕੀਰਾਂ ਅਤੇ ਗੁਰੂ ਸਾਹਿਬਾਨ ਦੇ ਪ੍ਰਵਚਨ ਸਮਾਏ ਹੋਏ ਹਨ । ਇਸ ਧਰਤੀ ਦੀ ਮਿੱਟੀ ਵਿਚ ਅਜਿਹੀ ਜੀਵਨ ਸ਼ਕਤੀ ਹੈ ਕਿ ਇਥੇ ਜਨਮ ਲੈਣ ਵਾਲਾ ਆਪ ਇਸ ਧਰਤੀ ਨੂੰ ਧਰਮਸਾਲ ਬਣਾਉਂਦਾ ਹੈ। ਰਹੱਸ ਇਹ ਹੈ ਕਿ ਪੰਜਾਬ ਦੇ ਪੁੱਤਰਾਂ ਦੀ ਭੂਮਿਕਾ ਜਨਮ ਤੋ ਪਹਿਲਾਂ ਹੀ ਨਿਸ਼ਚਤ ਹੈ ।  ਇਹ ਭੂਮਿਕਾ ਹੈ ਕਿ ਸ਼ੁਭ ਕਰਮ ਕਰੇਗਾ ਸ਼ੁਭ ਕਰਮਨ ਲਈ ਜੂਝੇਗਾ ਅਤੇ ਸ਼ੁਭ ਕਰਮ ਕਰਦਿਆਂ ਜੇ ਲੋੜ ਪਵੇਗੀ ਤਾਂ ਆਪਣੀ ਸ਼ਹਾਦਤ ਵੀ ਦੇਵੇਗਾ । ਇਸ ਲਈ ਪੰਜਾਬ ਦੇ ਪੁੱਤਰਾਂ ਨੂੰ ਅਜਿਹੇ ਮਰਜੀਵੜੇ ਕਿਹਾ ਗਿਆ ਜੋ ਕੁਕੂਨਸ ਹਨ ਆਪਣੀ ਮਿੱਟੀ ਵਿਚ ਮਿੱਟ ਕੇ ਵੀ ਉਸ ਵਿਚੋਂ ਜਨਮ ਲੈਂਦੇ ਹਨ। ਇਹਨਾਂ ਮਰਜੀਵੜਿਆਂ ਨੂੰ ਮੌਤ ਨਾਲ ਮਖੌਲ ਕਰਨਾ ਆਉਂਦਾ ਹੈ। ਇਸੇ ਲਈ ਕਬੀਰ ਸਾਹਿਬ ਨੇ ਆਪਣੀ ਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਜਾਂ ਤਾਂ ਭਗਤ ਨੂੰ ਜਨਮ ਦੇਵੇ ਜਾਂ ਦਾਤੇ ਨੂੰ ਅਤੇ ਜਾਂ ਸੂਰਮੇ ਨੂੰ ਜਨਮ ਦੇਵੇ। ਜੇ ਨਹੀਂ ਤੇ ਆਪਣਾ ਨੂਰ ਨਾ ਗਵਾਏ। ਭਗਤ ਕਬੀਰ ਦੇ ਇਨ੍ਹਾਂ ਬੋਲਾਂ ਵਿਚੋਂ ਹੀ ਪੰਜਾਬ ਅਤੇ ਪੰਜਾਬੀਅਤ ਦੀ ਨਿਸ਼ਾਨਦੇਹੀ ਹੋ ਗਈ ਸੀ। ਭਾਵ ਪੰਜਾਬ ਦਾ ਨਾਇਕ ਪ੍ਰੇਮੀ, ਯੋਧਾ ਅਤੇ ਭਗਤ ਦੇ ਰੂਪ ਵਿਚ ਹੀ ਪ੍ਰਗਟ ਹੋਵੇਗਾ। ਇਸੇ ਲਈ ਗੁਰੂ ਸਾਹਿਬ ਨੇ ਆਪਣੇ ਜਗਿਆਸੂਆਂ ਨੂੰ ਕਿਹਾ ਸੀ ਕਿ ਜੇ ਪ੍ਰੇਮ ਕਰਨਾ ਹੀ ਹੈ ਤਾਂ ਸਿਰ ਧਰ ਤਲੀ ਗਲੀ ਮੇਰੀ ਆਵੋ।

ਸਪੱਸ਼ਟ ਹੈ ਕਿ ਪੰਜਾਬ ਅਤੇ ਪੰਜਾਬੀਅਤ ਦੀ ਪਛਾਣ ਹੀ ਇਹ ਹੈ ਕਿ ਇਸ ਧਰਤੀ ਦਾ ਪੁੱਤਰ ਧਰਮ ਯੁੱਧ ਦੇ ਚਾਅ ਵਾਲਾ ਹੋਵਗਾ, ਅਨਿਆਂ ਦੇ ਵਿਰੁਧ ਅਵਾਜ਼ ਬੁਲੰਦ ਕਰੇਗਾ ਅਤੇ ਨਿਆਸਰਿਆਂ ਦਾ ਆਸਰਾ ਬਣੇਗਾ। ਪੰਜਾਬੀਅਤ ਦੀ ਪਛਾਣ ਦਾ ਮੂਲ ਝਰੋਖਾ ਹੀ ਇਹ ਹੈ ਕਿ ਪੰਜਾਬੀ ਦੂਜਿਆਂ ਨੂੰ ਪਿਆਰ ਕਰਨ ਵਾਲਾ ਹੈ,ਧਰਮਾਂ ਦੀ ਸੰਕੀਰਨਤਾ ਤੋਂ ਉਪਰ ਹੈ, ਖੇਤਰੀ ਅਤੇ ਭਾਸ਼ਾਈ ਬੰਧਨਾਂ ਤੋਂ ਪਾਰ ਜਾ ਕੇ ਗੁਰੂ ਬਾਬੇ ਨਾਨਕ ਦੀ ਸੰਵਾਦ ਭਾਵਨਾਂ ਨਾਲ ਜੁੜਨ ਵਾਲਾ ਹੈ। ਪੰਜਾਬੀ ਉਹ ਹੈ ਜੋ ਅਜਨਬੀਆਂ ਦਾ ਵੀ ਮਿੱਤਰ ਹੈ, ਉਸ ਨੂੰ ਭਰੇ ਦੁੱਧ ਦੇ ਕਟੋਰੇ ਵਿਚ ਫੁੱਲ ਵਾਂਗ ਥਾਂ ਬਣਾਉਣ ਦੀ ਜਾਂਚ ਹੈ। ਪੰਜਾਬੀ ਦੂਜਿਆਂ ਅਨੁਸਾਰ ਜਿਉਣਾ ਜਾਣਦਾ ਹੈ ਅਤੇ ਉਸ ਅੰਦਰ ਆਕਾਸ਼ ਵਾਂਗ ਫ਼ੈਲ ਜਾਣ ਦੀ ਪ੍ਰਤਿਭਾ ਹੈ । ਪੰਜਾਬੀ ਨੂੰ ਇਹ ਅਹਿਸਾਸ ਰਹਿੰਦਾ ਹੈ ਕਿ ਉਹ, ਉਸ ਵਿਰਸੇ ਦਾ ਪੁੱਤਰ ਹੈ ਜੋ ਸਭ ਨੂੰ ਇਕੋ ਕੁਦਰਤ ਦੇ ਬੰਦੇ ਮੰਨਦਾ ਹੈ, ਜਿਸ ਵਿਚ ਸਭੈ ਸਾਂਝੀਵਾਲ ਸਦਾਉਣ ਦਾ ਪੈਗ਼ਾਮ ਹੈ। ਇਹ ਕਹਿਣਾ ਸੱਚ ਹੈ ਕਿ ਪੰਜਾਬ ਦੇ ਪੁੱਤਰ ਦੇ ਹੱਥ ਵਿਚ ਸ਼ਸਤਰ ਹੈ ਅਤੇ ਮੁੱਖ ਵਿਚ ਸ਼ਾਸਤਰ ਹੈ। ਉਹ ਨਾ ਭੈਅ ਦਿੰਦਾ ਹੈ ਅਤੇ ਨਾ ਹੀ ਭੈਅ ਮੰਨਦਾ ਹੈ। ਪੰਜਾਬੀ ਇਸ ਤੱਥ ਤੋਂ ਸੁਚੇਤ ਹੈ ਕਿ ਉਹ ਧਰਤੀ ਉਪਰ ਕਰਮ ਕਮਾਉਣ ਆਇਆ ਹੈ ਅਤੇ ਉਸਦੇ ਹਰ ਕਰਮ ਦਾ ਲੇਖਾ ਹੋਣਾ ਹੈ। ਇਸੇ ਲਈ ਉਹ ਸੱਚ ਧਰਮ ਜੂਝਦਾ ਹੈ। ਉਸ ਨੂੰ ਚੇਤਨਾ ਹੈ ਕਿ ਦੁੱਖ ਵਿਚ ਵੀ ‘ਮਿਤ੍ਰ ਪਿਆਰੇ’ ਵਾਲਾ ਸ਼ਬਦ ਸਿਮਰਨਾ ਹੈ। ਪੰਜਾਬੀਆਂ ਨੂੰ ਇਹ ਅਹਿਸਾਸ ਹੈ ਕਿ ਉਨ੍ਹਾਂ ਦੀ ਲੜਾਈ 'ਜਾਬਰ ਬਾਬਰ’ ਨਾਲ ਹੈ ਅਤੇ ਉਹਨਾਂ ਦੀ ਸ਼ਕਤੀ ‘ਬਾਬਾ ਅਤੇ ਬਾਣੀ’ਹੈ। ਇਸੇ ਅਹਿਸਾਸ ਦਾ ਹੀ ਫ਼ਲ ਹੈ ਕਿ ਪੰਜਾਬੀ ਸਪ੍ਰੰਦਾਇਕ ਨਹੀਂ, ਸਥਾਪਤੀ ਦਾ ਪੂਜਕ ਨਹੀਂ ਅਤੇ ਨਾ ਹੀ ਭਾਸ਼ਾਈ ਬੰਧਨਾਂ ਵਿਚ ਉਤੇਜਿਤ ਹੁੰਦਾ ਹੈ। ਉਹ ਸੱਚ ਲਈ ਜਨਮਦਾ ਹੈ, ਸੱਚ ਧਰਮ ਲਈ ਹੀ ਜੂਝਦਾ ਹੈ ਅਤੇ ਸੱਚ ਧਰਮ ਦੀ ਰੱਖਿਆ ਲਈ ਸ਼ਹਾਦਤ ਦਿੰਦਾ ਹੈ। ਪੰਜਾਬੀ ਇਸ ਲਈ ਕਰਮਸ਼ੀਲ ਨਾਇਕ ਹੈ ਕਿਉਂਕਿ ਉਸਦਾ ਗੁਰੂ ਖ਼ੁਦ ਕਹਿੰਦਾ ਹੈ ਕਿ ‘ਘਾਲਿ ਖਾਇ ਕਿਛੁ ਹਥਹੁ ਦੇਇ’ਅਤੇ ਨਾਲ ਇਹ ਸਰਬਕਾਲੀ ਬੋਲ ਉਸ ਦੇ ਚਿੱਤ ਵਿਚ ਰਹਿੰਦਾ ਕਿ 'ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ।।’ ਇਹੀ ਕਾਰਨ ਹੈ ਕਿ ਪੰਜਾਬੀ ਨਾ ਜ਼ੁਲਮ ਕਰਦਾ ਹੈ ਅਤੇ ਨਾ ਹੀ ਜ਼ੁਲਮ ਸਹਿੰਦਾ ਹੈ। ਉਹ ਆਪਣੀ ਧਰਤੀ ਦਾ ਧਰਮ ਪੁੱਤਰ ਬਣਨਾ ਜਾਣਦਾ ਹੈ। ਉਹ ਆਪਣੇ ਰਾਸ਼ਟਰ ਲਈ ਟੁੱਟ ਸਕਦਾ ਹੈ ਪਰ ਅਣਚਾਹੀਆਂ ਅਮਾਨਵੀ ਸਥਿਤੀਆਂ ਵਿਚ ਡੋਲਦਾ ਜਾਂ ਸਮਝੌਤਾ ਨਹੀਂ ਕਰਦਾ। ਇਨ੍ਹਾਂ ਅਰਥਾਂ ਵਿਚ ਹੀ ਉਹ ਨਾਇਕ ਬਣਦਾ ਹੈ। ਪੰਜਾਬੀਆਂ ਨੂੰ ਇਹ ਕਦੇ ਨਹੀਂ ਭੁਲਦਾ ਕਿ ਉਨ੍ਹਾਂ ਨੇ ਉਸ ਅੰਮ੍ਰਿਤ-ਸਰੋਵਰ ਦਾ ਚਰਨਾਮਤ ਪੀ ਲਿਆ ਹੈ ਜਿਸ ਦੀਆਂ ਨੀਹਾਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਵਚਨ ਟਿਕਿਆ ਹੋਇਆ ਹੈ। ਅਨੇਕਤਾ ਵਿਚੋਂ ਏਕਤਾ ਬਣਾ ਸਕਣ ਦੀ ਦ੍ਰਿਸ਼ਟੀ ਉਸ ਨੂੰ ਇਸੇ ਬਾਣੀ ਸੰਸਾਰ ਵਿਚੋਂ ਮਿਲੀ ਹੈ।

ਪੰਜਾਬੀਆਂ ਦੀ ਇਹ ਦ੍ਰਿਸ਼ਟੀ ਇੰਨੀ ਵਿਸ਼ਾਲ ਹੈ ਕਿ ਉਹ ਵਿਸ਼ਵ ਦੇ ਹਰ ਜ਼ੱਰੇ ਵਿਚ ਸਮਾ ਜਾਣ ਦੀ ਸ਼ਕਤੀ ਪੈਦਾ ਕਰ ਲੈਂਦੇ ਹਨ। ਪੰਜਾਬੀ ਜਿੱਥੇ ਵੀ ਜਾਏਗਾ,ਧਰਤੀਆਂ ਅੰਦਰ ਸੰਗੀਤ ਪੈਦਾ ਕਰੇਗਾ ਅਤੇ ਇਨ੍ਹਾਂ ਧਰਤੀਆਂ ਉਪਰ ਆਪਣੀ ਪਛਾਣ ਸਥਾਪਤ ਕਰੇਗਾ।

ਪੰਜਾਬੀ ਇਸੇ ਲਈ ਨਿਰਾਲੇ ਹਨ ਕਿ ਉਹ ਆਪਣੀ ਆਤਮ ਪਛਾਣ ਦੀਆਂ ਪੈੜਾਂ ਆਪ ਉਲੀਕਦੇ ਹਨ। ਅਤੀਤ, ਵਰਤਮਾਨ ਅਤੇ ਭਵਿਖ ਨੂੰ ਖ਼ੁਦ ਪਰਿਭਾਸ਼ਿਤ ਕਰਦੇ ਹਨ। ਇਹੀ ਰਹੱਸ ਹੈ ਕਿ ਪੰਜਾਬੀ ਸਮੁੱਚੇ ਵਿਸ਼ਵ ਵਿਚ ਇਕ ਸ਼ਕਤੀ ਦਾ ਪ੍ਰਤੀਕ ਬਣ ਗਏ ਹਨ,ਅਜਿਹੀ ਸ਼ਕਤੀ ਜੋ ਆਪਣੇ ਕਰਮ ਧਰਮ ਅਤੇ ਸੱਚ ਸੁੱਚ ਦੀ ਪਵਿਤਰਤਾ ਨਾਲ ਆਪਣਾ ਇਤਿਹਾਸ ਆਪ ਸਿਰਜਦੀ ਹੈ । ਅਜਿਹੀ ਪੰਜਾਬੀਅਤ ਉਨ੍ਹਾਂ ਸਮਿਆਂ ਵਿਚ ਬੜੀ ਪ੍ਰਾਸੰਗਿਕ ਹੈ ਜਦੋਂ ਕਿ ਵਿਸ਼ਵ ਬਲ ਰਿਹਾ ਹੈ,ਨਫ਼ਰਤਾਂ ਇੱਕ ਦੂਜੇ ਨੂੰ ਡੱਸ ਰਹੀਆਂ ਹਨ, ਮਾਨਵੀ ਮੁੱਲ ਥਿੜਕ ਰਹੇ ਹਨ ਅਤੇ ‘ਪਾਪ ਦੀ ਜੰਝ’ਲੈ ਕੇ ਖਪਤੀ ਸਭਿਆਚਾਰ ਵਿਸ਼ਵੀ ਸੱਚ ਨੂੰ ਮਿਟਾ ਰਿਹਾ ਹੈ। ਅਜਿਹੇ ਕਲਯੁਗੀ ਸਮਿਆਂ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਆਦਰਸ਼ ਪੌਣ ਦੇ ਠੰਢੇ ਬੁਲ੍ਹਿਆਂ ਵਾਂਗ ਹਨ ਜੋ ਧਰਤੀ ਦੀ ਤਪਸ਼ ਸ਼ਾਂਤ ਕਰਦੇ ਹਨ। ਪੰਜਾਬੀਅਤ ਦੇ ਇਸ ਸੱਚ ਨੂੰ ਘਰ ਘਰ ਰੋਸ਼ਨ ਕਰਨਾ ਹੀ ਪੰਜਾਬੀ ਦਾ ਅਸਲ ਧਰਮ ਹੈ।

 

*******

(11 ਜੂਨ 2008 ਸੂਰਜ ਯੂਨੀਕੋਡ)

ਡਾ: ਅਮਰਜੀਤ ਸਿੰਘ ਕਾਂਗ ਦੀਆਂ ਲਿਖਾਰੀ ਵਿੱਚ ਛਪੀਆਂ ਸਾਰੀਆਂ ਲਿਖਤਾਂ ਪੜ੍ਹਨ ਲਈ ਕਲਿੱਕ ਕਰੋ

 

ਲਿਖਾਰੀ
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.