ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 26 June, 2008

Photo:Amanpal Sara,Burnby,Canada

-ਕਹਾਣੀ-
ਅੱਜ ਦੀ ਰਾਤ

-ਅਮਨ ਪਾਲ ਸਾਰਾ (ਬਰਨਬੀ, ਬੀ.ਸੀ., ਕੈਨੇਡਾ)


ਮੱਕੀ ਦੇ ਟਾਂਡਿਆਂ ਹੇਠਲੀ ਜ਼ਮੀਨ ਦੀ ਸੁੱਕੀ ਜਿਹੀ ਪਰਤ ਬਗੂੜੀ ਨਾਲ ਤੋੜਦੇ ਹੋਏ ਬਖਤੇ ਦਾ ਸਾਰਾ ਸਰੀਰ ਪਸੀਨੇ ਨਾਲ ਤਰ ਹੋ ਰਿਹਾ ਸੀ। ਸ਼ਾਹ ਵੇਲੇ ਦਾ ਸੂਰਜ ਭਖ ਭਖ ਕੇ ਲਾਲ ਹੁੰਦਾ ਹੋਇਆ ਅਸਮਾਨ ਦੇ ਐਨ ਵਿਚਕਾਰ ਵੱਲ ਨੂੰ ਵੱਧ ਰਿਹਾ ਸੀ। ਤੇਜ਼ ਧੁੱਪ ਵਿੱਚ ਬਖਤੇ ਦੀ ਪਸੀਨੇ ਨਾਲ ਭਿੱਜੀ ਹੋਈ ਪਿੱਠ ਲਿਸ਼ਕਾਂ ਮਾਰ ਰਹੀ ਸੀ ਤੇ ਮੱਥੇ ਉੱਪਰੋਂ ਪਸੀਨੇ ਦੀਆਂ ਬੂੰਦਾਂ ਟਪਕ ਟਪਕ ਕੇ ਮੱਕੀ ਦੇ ਤਾਜ਼ੇ ਭੰਨੇ ਹੋਏ ਖਰੇਪੜਾਂ ਉੱਪਰ ਡਿੱਗ ਰਹੀਆਂ ਸਨ। ਗੋਡਿਆਂ ਪਰਨੇ ਬੈਠਾ ਬਖਤਾ ਕਦੀ ਸੱਜੇ ਹੱਥ ਨਾਲ ਗੁੱਡਦਾ ਕਦੀ ਖੱਬੇ ਹੱਥ ਨਾਲ । ਸਵੇਰ ਤੋਂ ਲੈਕੇ ਹੁਣ ਤੱਕ ਮਸੀਂ ਪਹਿਲੇ ਕਿਆਰੇ ਦੇ ਅਖੀਰ ਤੱਕ ਪਹੁੰਚਾ ਸੀ। ਸਾਉਣ ਮਹੀਨੇ ਦਾ ਅੱਧ ਤੇ ਹਵਾ ਦੇ ਨਾਂ ਨੂੰ ਇੱਕ ਪੱਤਾ ਵੀ ਨੀ ਹਿਲ ਰਿਹਾ ਸੀ। ਥਕੇਵੇਂ ਤੇ ਹੁੱਸੜ ਦਾ ਇੱਕ ਵਾਵਰੋਲ਼ਾ ਬਖਤੇ ਦੇ ਸਿਰ ਨੂੰ ਚੜ੍ਹ ਗਿਆ। ਲੰਮਾ ਸਾਹ ਲੈਕੇ ਉਸਨੇ ਆਪਣੀ ਜੀਭ ਸੁੱਕੇ ਬੁਲ੍ਹਾਂ ਉੱਪਰ ਫੇਰੀ। ਰਾਤ ਦੀ ਪੀਤੀ ਰੂੜੀ ਮਾਰਕਾ ਅਜੇ ਵੀ ਉਹਦਾ ਅੰਦਰ ਸਾੜ ਰਹੀ ਸੀ। ਪਿੰਡੋਂ ਆਉਂਦੀ ਫਿਰਨੀ ਵੱਲ ਨਜ਼ਰ ਮਾਰਨ ਲਈ ਜਦੋਂ ਉਸਨੇ ਮਾੜੀ ਜਿਹੀ ਧੌਣ ਚੱਕੀ ਤਾਂ ਉਸਦੇ ਲੱਕ ਦਾ ਜਿਵੇਂ ਤਰ੍ਹਾਟ ਨਿੱਕਲ ਗਿਆ:

“ਉਹ ਭੈਣ ਦੀ …” ਕਹਿ ਕੇ ਗੋਡਿਆਂ ਉੱਪਰ ਹੱਥ ਰੱਖ ਉਹ ਜਿਵੇਂ ਮਸਾਂ ਉੱਠਿਆ ਤੇ ਪਤਲੀਆਂ ਜਿਹੀਆ ਲੱਤਾਂ ਘੁਮਾਉਂਦਾ ਖੇਤ ਦੇ ਸਿਰੇ ਵੱਲ ਨੂੰ ਤੁਰ ਪਿਆ। ਜਾਂਦਾ ਜਾਂਦਾ ਉਹ ਆਪਣੇ ਆਪ ਨਾਲ ਗੱਲਾਂ ਕਰਨ ਲੱਗਾ, “ਮਾਂਈਂ ਯ੍ਹਾਵੀ ਬੰਗਾਲਣ ਹਾਲੇ ਤੀਕ ਨਹੀਂ ਬੌੜ੍ਹੀ ਸ਼ਾਹ ਵੇਲਾ ਲੈਕੇ, ਕੰਮ ਸੁਆਹ ਹੋਵੇ।”

ਖੇਤ ਦੀ ਵੱਟ ਉੱਪਰ ਪਹੁੰਚ ਕੇ ਉਸਨੇ ਆਪਣਾ ਮੈਲ਼ਾ ਜਿਹਾ ਝੱਗਾ ਚੁੱਕਿਆ ਤੇ ਦੋ ਚਾਰ ਵਾਰੀ ਉਸ ਨਾਲ ਹਵਾ ਦੀ ਝੱਲ ਜਿਹੀ ਪਿੰਡੇ ਨੂੰ ਮਾਰੀ ਤੇ ਫਿਰ ਸਾਹਮਣੇ ਚੱਲ ਰਹੇ ਟਿਊਬਵੈਲ ਵੱਲ ਤੁਰ ਪਿਆ ਜੋ ਨਾਲ ਦੇ ਖੇਤ ਵਿੱਚ ਲੱਗੇ ਹੋਏ ਧਾਨ ਦੇ ਕਿਆਰੇ ਭਰ ਰਿਹਾ ਸੀ।

ਟਿਊਬਵੈੱਲ ਦੇ ਚਲ੍ਹੇ ਕੋਲ ਪਹੁੰਚ ਕੇ ਉਸਨੇ ਪਾਣੀ ਦੀ ਧਾਰ ਛੱਡ ਰਹੀ ਪਾਈਪ ਨੂੰ ਮੂੰਹ ਲਾ ਕੇ ਪਾਣੀ ਪੀਤਾ ਤੇ ਫਿਰ ਸਿਰ ਦੇ ਨਿੱਕੇ ਨਿੱਕੇ ਅੱਧਿਉਂ ਵੱਧ ਚਿੱਟੇ ਹੋ ਚੁੱਕੇ ਵਾਲਾਂ ਵਿੱਚ ਹੱਥ ਫੇਰਿਆ ਤੇ ਫਿਰ ਸਿਰ ਵੀ ਪਾਣੀ ਦੀ ਧਾਰ ਹੇਠ ਕਰ ਦਿੱਤਾ। ਕਈਆਂ ਦਿਨਾਂ ਦੀ ਵਧੀ ਹੋਈ ਕਰੜ ਬਰੜੀ ਦਾੜ੍ਹੀ ਨੂੰ ਖੁਰਚਦੇ ਖੁਰਚਦੇ ਨੇ ਮੂੰਹ ਵੀ ਧੋ ਲਿਆ। ਝੱਗੇ ਦੀ ਅੰਦਰਲੀ ਜੇਬ ਵਿੱਚੋਂ ਇੱਕ ਨਿੱਕੀ ਜਿਹੀ ਘਸਮੈਲੇ ਰੰਗ ਦੀ ਟਿੱਕੀ ਜਿਹੀ ਕੱਢ ਕੇ ਪਾਣੀ ਨਾਲ ਸੰਘ ਅੰਦਰ ਲੰਘਾ ਲਈ ਤੇ ਫਿਰ ਝੱਗੇ ਨੂੰ ਸਿਰ ਉਪਰ ਪਰਨੇ ਵਾਂਗ ਲਪੇਟ ਕੇ ਮੁੜ ਗੁੱਡਣ ਵਾਲੇ ਕਿਆਰੇ ਕੋਲ ਆ ਬੈਠਾ। ਇੱਕ ਵਾਰੀ ਫਿਰ ਨਜ਼ਰ ਪਿੰਡੋਂ ਆਉਂਦੀ ਫਿਰਨੀ ਵੱਲ ਮਾਰੀ ਪਰ ਕੋਈ ਨਾ ਆਉਂਦਾ ਦਿਸਿਆ। ਗੋਡਿਆਂ ਪਰਨੇ ਬੈਠਦੇ ਨੇ ਇੱਕ ਵਾਰੀ ਦੋਹਾਂ ਹੱਥਾਂ ਉੱਪਰ ਮਾੜਾ ਜਿਹਾ ਥੁੱਕਿਆ ਤੇ ਉਨ੍ਹਾਂ ਦੀਆਂ ਤਲੀਆਂ ਨੂੰ ਆਪਸ ਵਿੱਚ ਰਗੜਿਆ ਤੇ ਮੁੜ ਬਗੂੜੀ ਫੜ ਕੇ ਮੱਕੀ ਦੇ ਟਾਂਡਿਆਂ ਥੱਲਿਉਂ ਜ਼ਮੀਨ ਦੇ ਖਰੇਪੜ੍ਹ ਉਖਾੜਨ ਲੱਗ ਪਿਆ।

ਚਾਲ੍ਹੀਆਂ ਨੂੰ ਟੱਪਿਆ ਬਖਤਾ ਰੌਲਿਆਂ ਵੇਲੇ ਚਹੁੰ ਪੰਜਾਂ ਕੁ ਸਾਲਾਂ ਦਾ ਬਾਰੋਂ ਉੱਜੜ ਕੇ ਆਏ ਲੋਕਾਂ ਨਾਲ ਰੁਲਦਾ ਖੁਲਦਾ ਇਸ ਪਿੰਡ ਪਹੁੰਚਿਆ ਸੀ। ਉਸਦੇ ਮਾਂ ਬਾਪ ਜਾਂ ਕਿਸੇ ਹੋਰ ਰਿਸ਼ਤੇਦਾਰ ਦਾ ਕੋਈ ਕਿਸੇ ਨੂੰ ਥਹੁ ਪਤਾ ਨਹੀਂ ਸੀ। ਕਿਆਸ ਕੀਤਾ ਜਾਂਦਾ ਸੀ ਕਿ ਸਾਰੇ ਰੌਲ਼ਿਆਂ ਦੀ ਭੇਟ ਚੜ੍ਹ ਗਏ ਸਨ। ਨਾ ਹੀ ਕਿਸੇ ਨੂੰ ਉਸਦੀ ਜ਼ਾਤ ਬਾਰੇ ਇਲਮ ਸੀ। ਰੌਲ਼ਿਆਂ ਵਿੱਚ ਮਾਰ ਵੱਢ ਹੁੰਦੀ ਦੇਖ ਕੇ ਜਾਂ ਸ਼ਾਇਦ ਆਪਣੇ ਮਾਂ ਬਾਪ ਦਾ ਕਤਲ ਹੁੰਦਾ ਦੇਖ ਕੇ ਸਦਮੇ ਨਾਲ ਆਪਣਾ ਨਾਮ ਵੀ ਭੁੱਲ ਗਿਆ ਸੀ। ਉੱਧਰੋਂ ਉੱਜੜ ਕੇ ਆਏ ਕਈ ਲੋਕਾਂ ਨੂੰ ਇਸ ਪਿੰਡ ਜ਼ਮੀਨਾਂ ਅਲਾਟ ਹੋਈਆਂ ਸਨ। ਵਕਤਾਂ ਦਾ ਮਾਰਿਆ ਜਾਣ ਕੇ ਪਿੰਡ ਦੇ ਲੋਕਾਂ ਨੇ ਉਸਨੂੰ ਬਖਤਾ ਕਹਿਣਾ ਸ਼ੁਰੂ ਕਰ ਦਿੱਤਾ ਤੇ ਇਹੀ ਅੱਗੇ ਚੱਲ ਕੇ ਇਹੀ ਉਸਦਾ ਨਾਮ ਤੇ ਪਛਾਣ ਬਣ ਗਈ।

ਛੋਟਾ ਹੁੰਦਾ ਬਖਤਾ ਮਸਤ ਜਿਹੇ ਸੁਭਾਅ ਦਾ ਮਾਲਿਕ ਸੀ। ਕਦੀ ਪਿੰਡ ਲਾਗਲੀ ਪੱਕੀ ਸੜਕ ਕੰਢੇ ਹੀ ਬੈਠੇ ਰਹਿਣਾ ਤੇ ਕੋਲੋਂ ਗੁਜ਼ਰਦੀ ਵਿਰਲੀ ਟਾਵੀਂ ਬੱਸ ਜਾਂ ਟਾਂਗੇ ਵੱਲ ਹੀ ਦੇਖੀ ਜਾਣਾ। ਕਦੀ ਕਿਸੇ ਗੱਡੇ ਦੇ ਪਿੱਛੇ ਹੀ ਕਿੰਨੀ ਕਿੰਨੀ ਦੂਰ ਤੁਰੀ ਜਾਣਾ। ਕਦੀ ਸਿਵਿਆਂ ਵਿੱਚ ਹੀ ਸਾਰਾ ਸਾਰਾ ਦਿਨ ਬੈਠੇ ਰਹਿਣਾ। ਕਦੀ ਕਿਸੇ ਨੇ ਇੱਕ ਅੱਧ ਰੋਟੀ ਖਵਾ ਦੇਣੀ ਜਾਂ ਫਿਰ ਪਿੰਡ ਵਿਚਲੇ ਗੁਰਦਵਾਰੇ ਜਾਂ ਠਾਕਰਦਵਾਰੇ ਕੁੱਝ ਨਾ ਕੁੱਝ ਛੱਕ ਲੈਣਾ ਤੇ ਰਾਤ ਨੂੰ ਵੀ ਉੱਥੇ ਪੈ ਰਹਿਣਾ। ਸਕੂਲ ਜਾਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ, ਹਾਂ ਸਕੂਲ ਨੂੰ ਜਾਂਦੇ ਹੋਰਨਾਂ ਨਿਆਣਿਆਂ ਨੂੰ ਰਸਤੇ ਵਿੱਚ ਪੈਂਦੇ ਅੰਬਾਂ ਦਿਆਂ ਬੂਟਿਆਂ ਹੇਠ ਖੜ੍ਹੇ ਨੇ ਦੇਖੀ ਜਾਣਾ।

ਸਮਾਂ ਪਾ ਕੇ ਬਖਤੇ ਦੀ ਦਿਮਾਗ਼ੀ ਹਾਲਤ ਵਿੱਚ ਕੁੱਝ ਸੁਧਾਰ ਹੋਇਆ। ਉਹ ਅੰਬਾਂ ਥੱਲੇ ਸਕੂਲ ਦੇ ਨਿਆਣਿਆਂ ਨਾਲ ਬੰਟੇ ਖੇਡਣ ਲੱਗ ਪਿਆ। ਉਸ ਦਾ ਨਿਸ਼ਾਨਾ ਬਹੁਤ ਚੰਗਾ ਸੀ। ਬੰਟੇ ਖੇਡਦਾ ਖੇਡਦਾ ਉਹ ਗਿਣਨਾ ਵੀ ਸਿੱਖ ਗਿਆ। ਬਾਰਾਂ ਤੇਰਾਂ ਸਾਲ ਦੀ ਉਮਰ ਵਿੱਚ ਉਸ ਨੂੰ ਅੱਠ ਨੌਂ ਸਾਲ ਦੇ ਬੱਚੇ ਜਿੰਨੀ ਸੋਝੀ ਆ ਗਈ ਸੀ।

ਪਿੰਡ ਦੇ ਜ਼ੈਲਦਾਰ ਨੇ ਉਸ ਨੂੰ ਆਪਣੇ ਪਸੂ ਚਾਰਨ ਲਈ ਰੱਖ ਲਿਆ। ਸਾਰਾ ਦਿਨ ਉਹ ਉਨ੍ਹਾਂ ਦੇ ਪਸੂ ਪਿੰਡ ਲਾਗੇ ਵਗਦੇ ਚੋਅ ਦੇ ਨਾਲ ਲੱਗਦੀ ਝਿੜੀ ਵਿੱਚ ਚਾਰਦਾ ਰਹਿੰਦਾ ਤੇ ਰਾਤ ਨੂੰ ਉਨ੍ਹਾਂ ਦੇ ਬਾਹਰਲੇ ਘਰ ਸੌਂ ਜਾਂਦਾ। ਕਦੇ ਕਦਾਈਂ ਉਹ ਹੋਰ ਵੀ ਕੋਈ ਮਾੜਾ ਮੋਟਾ ਕੰਮ ਕਰਵਾ ਦਿੰਦਾ ਅਤੇ ਇਸ ਸੱਭ ਕੁੱਝ ਕਰਨ ਬਦਲੇ ਉਸਨੂੰ ਦੋ ਵੇਲੇ ਰੋਟੀ, ਤਿੰਨ ਵੇਲੇ ਚਾਹ ਅਤੇ ਪਹਿਨਣ ਲਈ ਉਸ ਤੋਂ ਉਮਰ ਤੇ ਕੱਦ ਕਾਠ ਵਿੱਚ ਜ਼ਰਾ ਕੁ ਵੱਡੇ ਜ਼ੈਲਦਾਰ ਦੇ ਮੁੰਡੇ ਭੀਰੇ ਦੇ ਪੁਰਾਣੇ ਕੱਪੜੇ ਮਿਲ ਜਾਂਦੇ। ਸੱਭ ਨਾਲੋਂ ਜ਼ਿਆਦਾ ਚਾਅ ਬਖਤੇ ਨੂੰ ਜ਼ੈਲਦਾਰ ਦੇ ਭੀਰੇ ਦਾ ਸਾਈਕਲ ਚਲਾਉਣ ਦਾ ਸੀ ਜੋ ਗਾਹੇ ਬਗਾਹੇ ਉਸਨੂੰ ਚਲਾਉਣ ਨੂੰ ਮਿਲ ਜਾਂਦਾ। ਉਹਨਾਂ ਦਿਨਾਂ ਵਿੱਚ ਕਿਸੇ ਟਾਂਵੇਂ ਕੋਲ ਹੀ ਸਾਈਕਲ ਹੁੰਦਾ ਸੀ।

ਦੋ ਕੁ ਸਾਲਾਂ ਬਾਅਦ ਪਿੰਡ ਦੇ ਸਰਪੰਚ ਨੇ ਉਸਨੂੰ ਹਰ ਮਹੀਨੇ ਕੁੱਝ ਪੈਸੇ ਅਤੇ ਇੱਕ ਸਾਈਕਲ ਲੈ ਕੇ ਦੇਣ ਦਾ ਲਾਲਚ ਦੇਕੇ ਆਪਣੇ ਕੋਲ ਕਾਮਾ ਰੱਖ ਲਿਆ। ਸਾਈਕਲ ਤਾਂ ਨਾਂ ਦਾ ਹੀ ਉਸਦਾ ਸੀ ਚੱਲਦਾ ਤਾਂ ਸਾਰਾ ਦਿਨ ਸਰਪੰਚ ਦੇ ਕੰਮਾਂ ਵਿੱਚ ਹੀ ਸੀ। ਪੈਸੇ ਉਸਨੇ ਕਦੀ ਘੱਟ ਵੱਧ ਹੀ ਮੰਗੇ ਸਨ। ਕੰਮ ਵਧੇਰੇ ਹੋਣ ਕਰਕੇ ਉਸਨੂੰ ਸ਼ਾਮ ਨੂੰ ਦੋ ਘੁੱਟ ਪੀਣ ਲਈ ਜ਼ਰੂਰ ਮਿਲ ਜਾਂਦੇ ਸਨ। ਇਹ ਦੋ ਘੁੱਟ ਹੌਲੀ ਹੌਲੀ ਅੱਧੀ ਬੋਤਲ ਬਣ ਗਏ ਸਨ। ਸੂਰਜ ਛਿਪਣ ਤੋਂ ਪਹਿਲਾਂ ਹੀ ਉਸਨੂੰ ਇੱਕ ਖੁਤਖੁਤੀ ਜਿਹੀ ਲੱਗ ਜਾਂਦੀ।

ਜਦੋਂ ਕੁ ਬਖਤਾ ਤੀਹਾਂ ਨੂੰ ਢੁੱਕਿਆ ਤਾਂ ਉਸ ਦੀਆਂ ਗੱਲ੍ਹਾਂ ਅੰਦਰ ਨੂੰ ਧਸਣੀਆ ਸ਼ੁਰੂ ਹੋ ਗਈਆਂ ਤੇ ਕੋਈ ਕੋਈ ਵਾਲ ਵੀ ਚਿੱਟਾ ਹੋ ਗਿਆ। ਕੰਮ ਕਰਦਾ ਹੁਣ ਉਹ ਬੀੜੀ ਸਿਗਰਟ ਵੀ ਅਕਸਰ ਪੀ ਲੈਂਦਾ। ਆਪਣੇ ਵਿਆਹ ਬਾਰੇ ਉਸ ਨੇ ਕਦੀ ਨਹੀਂ ਸੀ ਸੋਚਿਆ ਤੇ ਕਿਸੇ ਹੋਰ ਨੇ ਤਾਂ ਕੀ ਸੋਚਣਾ ਸੀ। ਜਿਸਦੇ ਪਿਛੋਕੜ ਬਾਰੇ ਕੋਈ ਜਾਣਕਾਰੀ ਨਾ ਹੋਵੇ ਤੇ ਜਿਸਦੇ ਪੱਲੇ ਇੱਕ ਵੀ ਸਿਆੜ ਨਾ ਹੋਵੇ ਉਸਦੇ ਵਿਆਹ ਦੀ ਚਿੰਤਾ ਕੌਣ ਕਰਦਾ ਹੈ?

ਕਦੇ ਕਦੇ ਜਦੋਂ ਉਹ ਖੇਤਾਂ ਵਿੱਚ ਕੰਮ ਕਰ ਰਿਹਾ ਹੁੰਦਾ ਤਾਂ ਖੇਤਾਂ ਕੋਲੋਂ ਵਗਦੀ ਫਿਰਨੀ ਉੱਪਰ ਕਿਸੇ ਜੋੜੇ ਨੂੰ ਜਾਂ ਜ਼ਨਾਨੀ ਨੂੰ ਬੱਸੋਂ ਉੱਤਰ ਕੇ ਜਾਂ ਚੜ੍ਹਨ ਜਾਂਦਿਆਂ ਵੱਲ ਤੱਕਦਾ ਰਹਿੰਦਾ। ਗੱਭਰੂ ਜੁਆਨ ਨੂੰ ਅੱਗੇ ਅੱਗੇ ਤੇ ਉਸ ਦੇ ਪਿੱਛੇ ਪੰਜਾਂ ਕੁ ਕਦਮਾਂ ਦੀ ਵਿੱਥ ਉੱਪਰ ਛਮਕ ਛਮਕ ਕਰਦੀ ਮੁਟਿਆਰ ਨੂੰ ਤੱਕਦਾ ਤਾਂ ਉਸਦੇ ਅੰਦਰ ਕੁੱਝ ਹੋਣ ਲੱਗਦਾ। ਉਹ ਦੂਰ ਤੱਕ ਉਨ੍ਹਾਂ ਨੂੰ ਜਾਂਦਿਆਂ ਦੇਖਦਾ ਰਹਿੰਦਾ ਤੇ ਫਿਰ ਅਚਾਨਕ ਕਿਸੇ ਨਾ ਕਿਸੇ ਗੀਤ ਦੀ ਅੱਧੀ ਪਚੱਧੀ ਹੇਕ ਲਾਕੇ ਮਨ ਦੀਆਂ ਮਚਲਦੀਆਂ ਤਰੰਗਾਂ ਨੂੰ ਸ਼ਾਂਤ ਕਰ ਲੈਂਦਾ।

ਕਈ ਵਾਰੀ ਉਹ ਸਰਪੰਚ ਕੋਲੋਂ ਬੀੜੀ ਸਿਗਰਟ ਲਈ ਪੈਸੇ ਮੰਗਦਾ ਤਾਂ ਉਹ ਜੱਕੋ ਤੱਕੋ ਕਰਦਾ। ਬਖਤਾ ਕਿਹਦੇ ਕੋਲ ਸ਼ਿਕਾਇਤ ਕਰਦਾ। ਇੱਕ ਅੱਧੀ ਵਾਰੀ ਉਸਨੇ ਜ਼ੈਲਦਾਰ ਦੇ ਭੀਰੇ ਕੋਲ ਮਾੜੀ ਮੋਟੀ ਅੰਦਰਲੀ ਭਾਫ਼ ਕੱਢੀ ਤਾਂ ਉਹ ਤਾਂ ਕਈ ਚਿਰਾਂ ਦੇ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁਰਾਣਾ ਕਾਮਾ ਵਾਪਿਸ ਉਨ੍ਹਾਂ ਕੋਲ ਆ ਜਾਵੇ ਪਰ ਸਰਪੰਚ ਦੀ ਸਰਕਾਰੇ ਦਰਬਾਰੇ ਚਲਦੀ ਹੋਣ ਕਾਰਨ ਉਹ ਮਨ ਮਸੋਸੀ ਹੀ ਬੈਠੇ ਰਹੇ ਸਨ। ਐਤਕੀਂ ਸਰਪੰਚ ਚੋਣ ਹਾਰ ਗਿਆ ਸੀ ਤੇ ਉੱਧਰੋਂ ਬਖਤਾ ਮੁੜ ਜ਼ੈਲਦਾਰ ਦੇ ਖੇਤਾਂ ਵਿੱਚ ਕੰਮ ਕਰਨ ਲੱਗਾ।

ਜ਼ੈਲਦਾਰ ਦੇ ਕੁੜਮਾਂ ਦਾ ਪਿੰਡ ਇਨ੍ਹਾਂ ਦੇ ਪਿੰਡ ਤੋਂ ਸੱਤ ਅੱਠ ਕੋਹਾਂ ਦੇ ਫ਼ਾਸਲੇ ਤੇ ਸੀ ਤੇ ਅਕਸਰ ਬਖਤੇ ਨੂੰ ਸਾਈਕਲ ਉੱਪਰ ਉੱਥੇ ਕਿਸੇ ਨਾ ਕਿਸੇ ਕੰਮ ਜਾਣਾ ਪੈਂਦਾ। ਸਾਈਕਲ ਚਲਾਉਣ ਦਾ ਤਾਂ ਉਸਨੂੰ ਸ਼ੁਰੂ ਤੋਂ ਹੀ ਚਾਅ ਸੀ। ਦੂਸਰੇ ਜਦੋਂ ਕਦੀ ਇਸ ਤਰ੍ਹਾਂ ਉਸਨੂੰ ਜਾਣਾ ਪੈਂਦਾ ਤਾਂ ਕੁਝ ਚਿਰ ਲਈ ਹੱਡ ਭੰਨਵੇਂ ਕੰਮ ਤੋਂ ਉਸਦਾ ਛੁਟਕਾਰਾ ਹੋ ਜਾਂਦਾ। ਸਾਈਕਲ ਚਲਾਉਂਦਿਆਂ ਸਾਹਮਣਿਉਂ ਆਉਂਦੀ ਹਵਾ ਦਾ ਉਸਦੇ ਕੰਨਾਂ ਨਾਲ ਵੱਜ ਕੇ ਪੈਦਾ ਹੁੰਦਾ ਸੰਗੀਤ ਉਸਨੂੰ ਬੜਾ ਪਿਆਰਾ ਜਾਪਦਾ। ਜਦੋਂ ਕਦੇ ਕਿਸੇ ਆਦਮੀ ਦੇ ਸਾਈਕਲ ਪਿੱਛੇ ਔਰਤ ਨੂੰ ਕੈਰੀਅਰ ਉੱਪਰ ਬਿਠਾਈ ਲਿਜਾਂਦਾ ਦੇਖਦਾ ਤਾਂ ਉਨ੍ਹਾਂ ਦੇ ਆਪਸ ਵਿੱਚ ਗੱਲਾਂ ਕਰਦਿਆਂ ਦੇ ਹਵਾ ਵਿੱਚ ਘੁਲੇ ਮਿਲੇ ਬੋਲ ਉਸਨੂੰ ਉੱਡਦੇ ਉੱਡਦੇ ਸੁਣਦੇ। ਉਹ ਬੜਾ ਕੰਨ ਲਾ ਕੇ ਉਹਨਾਂ ਨੂੰ ਸੁਣਨ ਅਤੇ ਸਮਝਣ ਦੀ ਕੋਸ਼ਿਸ਼ ਕਰਦਾ ਪਰ ਦੂਰੋਂ ਉਸਦੇ ਪੱਲੇ ਕੁੱਝ ਨਾ ਪੈਂਦਾ। ਉਹ ਹਮੇਸ਼ਾ ਇਹੋ ਸੋਚਦਾ ਰਹਿੰਦਾ ਕਿ ਉਹ ਆਪਸ ਵਿੱਚ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋਣਗੇ? ਫਿਰ ਕਦੀ ਉਹ ਇੱਕਲਾ ਹੀ ਸਾਈਕਲ ਚਲਾਉਂਦਾ ਊਟ ਪਟਾਂਗ ਬੋਲਦਾ ਰਹਿੰਦਾ ਸਿਰਫ਼ ਇਹ ਦੇਖਣ ਲਈ ਕਿ ਸਾਈਕਲ ਚਲਾਉਂਦਿਆਂ ਗੱਲਾਂ ਕਰਨ ਨਾਲ ਕਿਵੇਂ ਮਹਿਸੂਸ ਹੁੰਦਾ ਹੈ।

ਇੱਕ ਵਾਰੀ ਬਖਤਾ ਜ਼ੈਲਦਾਰ ਦੇ ਕੁੜਮਾਂ ਤੋਂ ਸਾਈਕਲ ਪਿੱਛੇ ਰੱਖ ਕੇ ਕਣਕ ਦੇ ਨਵੀਂ ਕਿਸਮ ਦੇ ਬੀਜ ਦੀ ਪੌਣੀ ਕੁ ਬੋਰੀ ਲਿਆ ਰਿਹਾ ਸੀ ਕਿ ਰਾਹ ਵਿੱਚ ਪੈਂਦੇ ਇੱਕ ਇੱਟਾਂ ਦੇ ਭੱਠੇ ਕੋਲ ਜ਼ਰਾ ਸਾਹ ਲੈਣ ਲਈ ਰੁਕ ਗਿਆ। ਜੇਬ ਵਿੱਚੋਂ ਬੀੜੀ ਕੱਢ ਕੇ ਸੁਲਘਾਉਣ ਲੱਗਾ ਤਾਂ ਤੀਲਾਂ ਵਾਲੀ ਡੱਬੀ ਖਾਲੀ ਨਿਕਲੀ। ਉਸਨੇ ਇੱਧਰ ਉੱਧਰ ਦੇਖਿਆਂ ਤਾਂ ਭੱਠੇ ਦੇ ਨਲਕੇ ਕੋਲ ਇੱਕ ਅੱਧਖੜ ਜਿਹਾ ਪੂਰਬੀਆ ਬੈਠਾ ਬੀੜੀ ਪੀ ਰਿਹਾ ਸੀ। ਬਖਤਾ ਸਾਈਕਲ ਦਰਖਤ ਨਾਲ ਲਗਾ ਕੇ ਉਸ ਕੋਲੋਂ ਬੀੜੀ ਸੁਲਘਾਉਣ ਚਲਾ ਗਿਆ, “ਕੈਸਾ ਹੈ ਭਈਆ? ... ਜ਼ਰਾ ਬੀੜੀ ਦੇਨਾ, ਮੈਂ ਵੀ ਲਗਾਣੀ ਹੈ।”

ਪੂਰਬੀਏ ਨੇ ਚੁੱਪ ਚਾਪ ਬੀੜੀ ਉਸ ਵੱਲ ਵਧਾ ਦਿੱਤੀ। ਬੀੜੀ ਪੀਂਦੇ ਦੋਵੇਂ ਗੱਲੀਂ ਪੈ ਗਏ। ਪੂਰਬੀਏ ਦਾ ਨਾਮ ਲੱਖੂ ਸੀ ਤੇ ਉਹ ਯੂ.ਪੀ. ਦੇ ਕਿਸੇ ਪਿੰਡੋਂ ਰੋਟੀ ਕਮਾਉਣ ਖਾਤਿਰ ਪੰਜਾਬ ਆਇਆ ਸੀ ਕੋਈ ਦੋ ਕੁ ਮਹੀਨੇ ਪਹਿਲਾਂ। ਕੋਈ ਡੇਢ ਕੁ ਮਹੀਨਾ ਇੱਧਰ ਉੱਧਰ ਧੱਕੇ ਖਾਣ ਤੋਂ ਬਾਅਦ ਲੱਖੂ ਤੇ ਉਸਦੇ ਨਾਲ ਦਿਆਂ ਨੂੰ ਇਸ ਭੱਠੇ ਉੱਪਰ ਇੱਟਾਂ ਲਈ ਗਾਰਾ ਢੋਣ ਦਾ ਕੰਮ ਮਿਲਿਆ ਸੀ ਤੇ ਉਹ ਰਹਿੰਦੇ ਵੀ ਭੱਠੇ ਲਾਗੇ ਬਣੀ ਹੋਈ ਇੱਟਾਂ ਤੇ ਕਾਨਿਆਂ ਦੀ ਛੰਨ ਵਿੱਚ ਸਨ।

ਹੌਲੀ ਹੌਲੀ ਬਖਤਾ ਤੇ ਲੱਖੂ ਚੰਗੇ ਵਾਕਿਫ਼ ਬਣ ਗਏ। ਲੱਖੂ ਵੀ ਲੱਗ ਭੱਗ ਪੰਜਾਬੀ ਸਮਝ ਲੈਂਦਾ ਸੀ ਤੇ ਥੋੜ੍ਹੀ ਬਹੁਤ ਬੋਲ ਵੀ ਲੈਂਦਾ। ਬਖਤਾ ਵੀ ਵਾਹ ਲੱਗਦੀ ਟੁੱਟੀ ਭੱਜੀ ਹਿੰਦੀ ਬੋਲਣ ਦੀ ਕੋਸ਼ਿਸ਼ ਕਰਦਾ। ਕਿਸੇ ਨਾ ਕਿਸੇ ਕੰਮ ਦੇ ਬਹਾਨੇ ਉਸਨੇ ਸਾਈਕਲ ਉੱਪਰ ਭੱਠੇ ਵੱਲ ਆ ਜਾਣਾ ਤੇ ਦੋਵੇਂ ਰਲ ਕੇ ਬੀੜੀਆਂ ਪੀਂਦੇ। ਕਦੇ ਕਦੇ ਬਖਤਾ ਜ਼ੈਲਦਾਰ ਦੇ ਘਰ ਦੀ ਕੱਢੀ ਹੋਈ ਰੂੜੀ ਮਾਰਕਾ ਦੀ ਬੋਤਲ ਜਾਂ ਅੱਧੀਆ ਚੁੱਕ ਲਿਆਉਂਦਾ ਤੇ ਲੱਖੂ ਵੀ ਦੋ ਘੁੱਟ ਲਗਾ ਲੈਂਦਾ। ਅਕਸਰ ਲੱਖੂ ਪਿੱਛੇ ਪਿੰਡ ਆਪਣੀ ਬੀਮਾਰ ਪਤਨੀ ਤੇ ਧੀ ਦਾ ਫ਼ਿਕਰ ਕਰਦਾ। ਹੁਣ ਉਸਨੂੰ ਦੋ ਸਾਲ ਹੋਣ ਵਾਲੇ ਸਨ ਘਰੋਂ ਨਿੱਕਲੇ ਨੂੰ। ਇੱਟਾਂ ਦਾ ਸੀਜ਼ਨ ਮੁੱਕਣ ਤੇ ਲੱਖੂ ਤੇ ਹੋਰ ਕਈ ਭਈਏ ਪਿੰਡ ਦਾ ਗੇੜਾ ਮਾਰਨ ਗਏ ਤੇ ਅਗਲਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਰਤ ਆਏ। ਬੜਾ ਓਦਰਿਆ ਹੋਇਆ ਸੀ ਲੱਖੂ, ਉਸਦੀ ਘਰਵਾਲੀ ਚੱਲ ਵਸੀ ਸੀ ਤੇ ਚੌਦਾਂ ਪੰਦਰਾਂ ਕੁ ਸਾਲਾਂ ਦੀ ਧੀ ਭਾਗਵਤੀ ਨੂੰ ਇਸੇ ਕਾਰਨ ਉਹ ਨਾਲ ਹੀ ਲੈ ਆਇਆ ਸੀ। ਕੁੱਝ ਹੋਰ ਭਈਏ ਵੀ ਆਪਣੀਆ ਘਰ ਵਾਲੀਆਂ ਨੂੰ ਨਾਲ ਲੈ ਆਏ ਸਨ। ਲੱਖੂ ਦਾ ਇਰਾਦਾ ਸੀ ਕਿ ਸਾਲ ਖੰਡ ਭਾਗਵਤੀ ਵੀ ਭੱਠੇ ਉੱਪਰ ਕੰਮ ਕਰ ਲਵੇਗੀ ਤਾਂ ਅਗਲੀ ਵਾਰੀ ਜਾਕੇ ਉਸਦੇ ਹੱਥ ਪੀਲੇ ਕਰ ਦੇਵੇਗਾ। ਉਂਜ ਤਿੰਨ ਚਾਰ ਜਮਾਤਾਂ ਉਹ ਪੜ੍ਹੀ ਹੋਈ ਵੀ ਸੀ ਪਰ ਮਾਂ ਦੀ ਬੀਮਾਰੀ ਕਾਰਨ ਉਹ ਪੜ੍ਹਾਈ ਵੱਲ ਬਹੁਤਾ ਧਿਆਨ ਨਹੀਂ ਦੇ ਸਕੀ। ਹਾਂ, ਘਰ ਦਾ ਉਹ ਸਾਰਾ ਕੰਮ ਜਾਣਦੀ ਸੀ। ਪਰ ਮਾਂ ਤੋਂ ਬਗੈਰ ਹੁਣ ਘਰ ਵਿੱਚ ਹੋਰ ਰਹਿ ਵੀ ਕੀ ਗਿਆ ਸੀ, ਪਿੰਡ ਦੇ ਬਾਹਰਵਾਰ ਹਰੀਜਨਾਂ ਦੀਆਂ ਝੁੱਗੀਆਂ ਦੇ ਵਿੱਚ ਇੱਕ ਝੁੱਗੀ, ਜਿਸ ਵਿੱਚ ਇੱਕ ਟੁੱਟੀ ਜਿਹੀ ਮੰਜੀ, ਕੁੱਝ ਮੈਲੀਆਂ ਕੁਚੈਲੀਆਂ ਖੇਸੀਆਂ ਤੇ ਕੁੱਝ ਹੋਰ ਚੀਥੜੇ। ਦੋ ਤਿੰਨ ਕੁ ਮਿੱਟੀ ਦੀਆਂ ਤੌੜੀਆਂ, ਕੁੱਝ ਚਿੱਬਾਂ ਵਾਲੇ ਅਲੂਮੀਨਮ ਜਿਹੇ ਦੇ ਬਰਤਨ, ਬੱਸ ਏਨਾ ਕੁੱਝ ਹੀ ਪਿਉ ਧੀ ਦੀ ਕੁੱਲ ਸੰਪਤੀ ਸੀ।

ਮੰਜੀ ਤੇ ਤੌੜੀਆਂ ਤੋਂ ਇਲਾਵਾ ਬਾਕੀ ਜੋ ਕੁੱਝ ਸੀ ਉਹ ਨਾਲ ਲੈ ਕੇ ਦੋਵੇਂ ਪੰਜਾਬ ਆ ਗਏ ਤੇ ਭੱਠੇ ਉੱਪਰ ਗਾਰਾ ਢੋਣ ਲੱਗੇ। ਭਾਗਵਤੀ ਪੂਰਾ ਬੰਦੇ ਜਿੰਨਾ ਕੰਮ ਕਰਦੀ ਪਰ ਦੇਖਣ ਵਿੱਚ ਨਿਆਣੀ ਜਿਹੀ ਜਾਪਦੀ ਕਰਕੇ ਉਸਨੂੰ ਹੋਰਨਾਂ ਦਿਹਾੜੀਦਾਰਾਂ ਨਾਲੋਂ ਅੱਧੇ ਪੈਸੇ ਮਿਲਦੇ। ਕੰਮ ਬੜਾ ਹੱਡ ਭੰਨਵਾਂ ਸੀ। ਠੇਕੇਦਾਰ ਜਿਹੜਾ ਇਨ੍ਹਾਂ ਸਾਰੇ ਮਜ਼ਦੂਰਾਂ ਨੂੰ ਕੰਮ ਦਿਵਾਉਣ ਵਾਲਾ ਸੀ, ਉਹ ਲੱਖੂ ਨੂੰ ਬਹੁਤ ਝਿੜਕੇ ਮਾਰਦਾ ਤੇ ਤੇਜ਼ ਕੰਮ ਕਰਨ ਲਈ ਕਹਿੰਦਾ। ਉਂਜ ਤਾਂ ਉਹ ਅਜਿਹੇ ਦਬਕੇ ਹਰ ਭਈਏ ਨੂੰ ਹੀ ਮਾਰਦਾ ਤੇ ਅਕਸਰ ਦਿਹਾੜੀ ਵਿੱਚੋਂ ਕਟੌਤੀ ਕਰ ਲੈਣ ਦਾ ਡਰਾਵਾ ਦਿੰਦਾ। ਹੁਣ ਜਦੋਂ ਤੋਂ ਭਈਆਂ ਦੀਆਂ ਔਰਤਾਂ ਨਾਲ ਕੰਮ ਕਰਵਾਉਣ ਆਈਆਂ ਸਨ ਤਾਂ ਕੁੱਝ ਵਧੇਰੇ ਹੀ ਰ੍ਹੋਬ ਜਮਾਉਣ ਲੱਗ ਪਿਆ ਸੀ।

ਲੱਖੂ ਨੂੰ ਪੰਜਾਬ ਦੀ ਆਬੋ ਹਵਾ ਬਹੁਤੀ ਮਾਫ਼ਕ ਨਹੀਂ ਸੀ ਆਈ ਜਾਂ ਸ਼ਾਇਦ ਇਸ ਉਮਰੇ ਉਸ ਵਾਸਤੇ ਏਨਾ ਕੰਮ ਕਰ ਸਕਣਾ ਉਂਜ ਮੁਸ਼ਕਿਲ ਸੀ। ਜਦੋਂ ਦਾ ਉਹ ਪੰਜਾਬ ਆਇਆ ਸੀ ਲੱਗ ਭੱਗ ਉਦੋਂ ਦਾ ਹੀ ਇੱਕ ਤਾਂ ਉਸ ਦੇ ਗੋਡਿਆਂ ਵਿੱਚ ਕਾਫ਼ੀ ਦਰਦ ਰਹਿੰਦਾ ਸੀ ਤੇ ਦੂਸਰੇ ਉਸ ਨੂੰ ਰੇਸ਼ਾ ਦੀ ਸ਼ਿਕਾਇਤ ਵਧ ਗਈ ਸੀ। ਕਈ ਵਾਰੀ ਜਦੋਂ ਹੁੱਥੂ ਛਿੜ ਪੈਂਦਾ ਤਾਂ ਕਿੰਨੀ ਕਿੰਨੀ ਦੇਰ ਉਸਦਾ ਸਾਹ ਨਾ ਮੁੜਦਾ। ਉੱਧਰੋਂ ਗੋਡਿਆਂ ਦੀ ਹਾਲਤ ਇਹ ਹੁੰਦੀ ਜਾ ਰਹੀ ਸੀ ਕਿ ਮਾੜਾ ਮੋਟਾ ਤੁਰਨਾ ਵੀ ਉਸ ਲਈ ਦੁੱਭਰ ਹੁੰਦਾ ਜਾ ਰਿਹਾ ਸੀ। ਠੇਕੇਦਾਰ ਹੁਣ ਉਸ ਨੂੰ ਦਿਹਾੜੀ ਦੇ ਅੱਧੇ ਪੈਸੇ ਹੀ ਦੇ ਕੇ ਰਾਜ਼ੀ ਸੀ, ਕੰਮ ਭਾਵੇਂ ਉਹ ਪੂਰੇ ਦਿਹਾੜੀਦਾਰ ਦੇ ਲੱਗਭੱਗ ਬਰਾਬਰ ਹੀ ਕਰਦਾ। ਪਰ ਮਰਦਾ ਕੀ ਨਾ ਕਰਦਾ। ਵਿਚਾਰਾ ਸਿਰ ਸਿੱਟੀ ਕੰਮ ਕਰੀ ਜਾਂਦਾ।

ਜਿਉਂ ਜਿਉਂ ਲੱਖੂ ਦੀ ਸਿਹਤ ਵਿਗੜ ਰਹੀ ਸੀ ਤਿਉਂ ਤਿਉਂ ਉਸਦੀ ਚਿੰਤਾ ਵਧ ਰਹੀ ਸੀ। ਉਸਨੂੰ ਭਾਗਵਤੀ ਸਮੇਤ ਇੱਥੇ ਆਏ ਨੂੰ ਡੇਢ ਸਾਲ ਹੋ ਚੁੱਕਾ ਸੀ ਪਰ ਉਹ ਭਾਗਵਤੀ ਦੇ ਹੱਥ ਪੀਲੇ ਕਰਨ ਲਈ ਪਿੱਛੇ ਨਹੀਂ ਪਰਤ ਸਕਿਆ ਸੀ। ਦੋਹਾਂ ਨੂੰ ਦਿਹਾੜੀ ਦੇ ਅੱਧੇ ਅੱਧੇ ਹੀ ਪੈਸੇ ਮਿਲਦੇ ਸਨ। ‘ਕੀ ਗੰਜੀ ਨੇ ਨਹਾਉਣਾ ਤੇ ਕੀ ਨਿਚੋੜਨਾ’, ਦੋਹਾਂ ਜੀਆਂ ਦੇ ਰੋਟੀ ਪਾਣੀ ਦਾ ਖਰਚ ਕੱਢ ਕੇ ਬਚਦਾ ਹੀ ਕੀ ਸੀ। ਉੱਧਰੋਂ ਹੋਰ ਨਵੇਂ ਭਈਏ ਵਹੀਰਾਂ ਘੱਤੀ ਪੰਜਾਬ ਨੂੰ ਆ ਰਹੇ ਸਨ, ਜਿਸ ਕਰਕੇ ਦਿਹਾੜੀਦਾਰ ਦੀ ਮਜ਼ਦੂਰੀ ਦਾ ਰੇਟ ਘਟੀ ਜਾ ਰਿਹਾ ਸੀ। ਸਿੱਟੇ ਵਜੋਂ ਪਿੰਡਾਂ ਵਿੱਚ ਦਿਹਾੜੀ ਕਰਨ ਵਾਲੇ ਲੋਕ ਭਈਆਂ ਨਾਲ ਖਾਰ ਖਾਣ ਲੱਗ ਪਏ ਸਨ। ਉਨ੍ਹਾਂ ਹੀ ਦਿਨਾਂ ਦੇ ਵਿੱਚ ਭੱਠੇ ਲਾਗੇ ਵਗਦੀ ਪੱਕੀ ਸੜਕ ਨੂੰ ਚੌੜੀ ਕਰਨ ਦਾ ਕੰਮ ਸ਼ੁਰੂ ਹੋਇਆ। ਇਸ ਕੰਮ ਵਾਸਤੇ ਕਾਫ਼ੀ ਮਜ਼ਦੂਰਾਂ ਦੀ ਲੋੜ ਸੀ, ਸਰਕਾਰੀ ਕੰਮ ਦੇ ਬੱਝਵੇਂ ਰੇਟ ਸਨ ਤੇ ਮਜ਼ਦੂਰੀ ਦਾ ਨਿਯਮਤ ਰੂਪ ਵਿੱਚ ਭੁਗਤਾਨ ਹੁੰਦਾ ਸੀ। ਲੱਖੂ ਨੇ ਓਵਰਸੀਅਰ ਦੇ ਮੁਣਸ਼ੀ ਦਾ ਮਿੰਨਤ ਤਰਲਾ ਕਰਕੇ ਆਪਣੇ ਦੋਹਾਂ ਵਾਸਤੇ ਸਰਕਾਰੀ ਮਜ਼ਦੂਰਾਂ ਵਿੱਚ ਨਾਮ ਸ਼ਾਮਿਲ ਕਰਵਾ ਲਿਆ ਸੀ।

ਕੁੱਝ ਦਿਨਾਂ ਬਾਅਦ ਹੀ ਓਵਰਸੀਅਰ ਦਾ ਮੁਣਸ਼ੀ ਆਖਣ ਲੱਗਾ ਕਿ ਸਾਅਬ ਕਹਿੰਦਾ ਸੀ ਕਿ ਇਹ ਕੁੜੀ ਰੋੜੀ ਕੁੱਟਣ ਦਾ ਕੰਮ ਕਰਨ ਦੇ ਫਿੱਟ ਨਹੀਂ, ਸਗੋਂ ਉਹ ਉਸਨੂੰ ਆਪਣੇ ਨਾਲ ਸ਼ਹਿਰ ਲਿਜਾਣਾ ਚਾਹੁੰਦਾ ਹੈ, ਆਪਣੇ ਘਰ ਦਾ ਕੰਮ ਕਾਜ ਕਰਾਉਣ ਲਈ। ਪਰ ਅਗਲੇ ਦਿਨ ਓਵਰਸੀਅਰ ਦੇ ਦੌਰੇ ਉੱਪਰ ਉੱਥੇ ਪਹੁੰਚਦਿਆਂ ਹੀ ਲੱਖੂ ਨੇ ਉਸਦੇ ਗੋਡੇ ਫ਼ੜ ਲਏ ਤੇ ਕਹਿਣ ਲੱਗਾ, “ ਸ਼ਾਅਬ, ਹਮ ਪਰ ਦਯਾ ਕਰੋ ਸ਼ਾਅਬ, ਇਸ ਛੋਰੀ ਕੇ ਬਗੈਰ ਹਮਰਾ ਰੋਟੀ ਸੇਕਨੇ ਵਾਲਾ ਕੋਈ ਨਾ ਗ੍ਹਰ ਮਾ, ਹਮ ਠਹਰਾ ਬੀਮਾਰ ਲੋਗ, ਹਮਕਾ ਯਹੀਂ ਰਹਨੇ ਦੋ, ਭਗਵਾਨ ਆਪਕਾ ਬ੍ਹਲਾ ਕਰੀ ਸ਼ਾਅਬ …” ਤੇ ਹੋਰ ਕਿੰਨਾ ਕੁੱਝ ਉਹ ਕਹਿੰਦਾ ਰਿਹਾ ਜਦੋਂ ਤੱਕ ਉਸਨੂੰ ਹੁੱਥੂ ਨਾ ਛਿੜ ਪਿਆ। ਓਵਰਸੀਅਰ ਉਸਦੀ ਅਚਾਨਕ ਅਜਿਹੀ ਮਿੰਨਤ ਵਾਸਤੇ ਤਿਆਰ ਨਹੀਂ ਸੀ, ਮੁਣਸ਼ੀ ਨੂੰ ਪਰ੍ਹਾਂ ਲਿਜਾ ਕੇ ਕੁੱਝ ਸਮਝਾਉਂਦਾ ਹੋਇਆ ਉਹ ਜੀਪ ਵਿੱਚ ਬੈਠ ਚਲਾ ਗਿਆ।

ਭਾਗਵਤੀ ਹੁਣ ਜਵਾਨੀ ਵਿੱਚ ਪੈਰ ਰੱਖ ਚੁੱਕੀ ਸੀ ਤੇ ਹਰ ਕਿਸੇ ਦੀ ਨਜ਼ਰ ਤੋਂ ਬਚਣ ਦਾ ਯਤਨ ਕਰਦੀ ਹੋਈ ਵੀ ਬਚ ਨਹੀਂ ਸਕਦੀ। ਦੂਜੇ ਪਾਸੇ ਲੱਖੂ ਦੀ ਸੜਕ ਉੱਪਰ ਉੱਡਦੇ ਮਿੱਟੀ ਘੱਟੇ ਕਾਰਨ ਸਿਹਤ ਹੋਰ ਵਿਗੜ ਗਈ ਸੀ। ਜ਼ਰਾ ਕੁ ਜਿੰਨੀ ਖੇਚਲ ਕਰਨ ਨਾਲ ਹੀ ਉਸਨੂੰ ਹੁੱਥੂ ਛਿੜ ਪੈਂਦਾ ਸੀ। ਇੱਕ ਦਿਨ ਕਿਸੇ ਡਾਕਟਰ ਨੂੰ ਵੀ ਦਿਖਾਲਿਆ ਤਾਂ ਉਹ ਕਹਿਣ ਲੱਗਾ ਕਿ ਅੱਵਲ ਤਾਂ ਹਰ ਕਿਸਮ ਦੇ ਕੰਮ ਤੋਂ ਪ੍ਰਹੇਜ਼ ਕਰਨਾ ਚਾਹੀਦਾ ਤੇ ਘੱਟੇ ਮਿੱਟੀ ਵਾਲੀ ਜਗਾਹ ਬਿਲਕੁਲ ਨਹੀਂ ਜਾਣਾ ਚਾਹੀਦਾ। ਕੰਮ ਭਾਵੇਂ ਉਨ੍ਹਾਂ ਨੇ ਸੜਕ ਉੱਪਰ ਰੋੜੀ ਕੁੱਟਣ ਦਾ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਅਜੇ ਅਗਾਂਹ ਕਿਧਰੇ ਰਹਾਇਸ਼ ਦਾ ਪ੍ਰਬੰਧ ਨਾ ਹੋਣ ਕਾਰਨ ਰਹਿ ਅਜੇ ਭੱਠੇ ਵਾਲੀ ਛੰਨ ਵਿੱਚ ਹੀ ਰਹੇ ਸਨ। ਇੱਕ ਦਿਨ ਦਿਹਾੜੀ ਕਰਨ ਬਾਅਦ ਭਾਗਵਤੀ ਰੋਟੀ ਪਕਾਉਣ ਲਈ ਅੱਗ ਬਾਲਣ ਦੀ ਖਾਤਿਰ ਭੱਠੇ ਲਾਗੇ ਦਰਖਤਾਂ ਦੇ ਝੁੰਡ ਹੇਠੋਂ ਕੁਝ ਸੁੱਕੇ ਪੱਤੇ ਤੇ ਹੋਰ ਬਾਲਣ ਹੂੰਝ ਰਹੀ ਸੀ ਕਿ ਪਿੱਛੋਂ ਆ ਕੇ ਭੱਠੇ ਦੇ ਮੁਣਸ਼ੀ ਨੇ ਉਸਨੂੰ ਦਬੋਚ ਲਿਆ। ਭਾਗਵਤੀ ਨੇ ਰੌਲਾ ਪਾ ਦਿੱਤਾ, ਲੱਖੂ ਸੁਣ ਕੇ ਉਹਦੀ ਮਦਦ ਲਈ ਆਉਣ ਲੱਗਾ ਤਾਂ ਦੋ ਕਦਮ ਨੱਠਣ ਤੋਂ ਬਾਅਦ ਉਸਨੂੰ ਹੁੱਥੂ ਛਿੜ ਪਿਆ ਤੇ ਉਹ ਢਿੱਡ ਫੜੀ ਉੱਥੇ ਹੀ ਬਹਿ ਗਿਆ। ਕੁਦਰਤੀ ਬਖਤਾ ਸੜਕ ਵੱਲੋਂ ਛੰਨ ਵੱਲ ਨੂੰ ਆਉਂਦਾ ਰੌਲਾ ਸੁਣ ਕੇ ਉੱਧਰ ਨੂੰ ਹੋ ਲਿਆ ਤੇ ਨੇੜੇ ਜਾ ਕੇ ਜ਼ਰਾ ਗੜ੍ਹਕੇ ਨਾਲ ਬੋਲਿਆ, “ਉਹ ਕਿਹੜਾ ਆ …?” ਤੇ ਭਾਗਵਤੀ ਤੇ ਨਜ਼ਰ ਪੈਂਦੇ ਹੀ ਲਲਕਾਰਾ ਜਿਹਾ ਮਾਰਕੇ ਬੋਲਿਆ, “ਛੱਡਦਾ ਆਂ ਕਿ ਮੈਂ ਛੁਡਾਵਾਂ?” ਕਹਿ ਕਿ ਝੱਗੇ ਦੀਆਂ ਬਾਂਹਾਂ ਚਾੜ੍ਹਦਾ ਮੁਣਸ਼ੀ ਵੱਲ ਨੂੰ ਹੋਇਆ ਤੇ ਭੁੰਜਿਉਂ ਇੱਕ ਨਿੱਕੀ ਜਿਹੀ ਸੋਟੀ ਚੁੱਕ ਕੇ ਹੱਥ ਹਵਾ ਵਿੱਚ ਲਹਿਰਾਉਂਦਾ ਮਾਰਨ ਵਾਸਤੇ ਨੇੜੇ ਹੋਇਆ ਤੇ ਇੱਕ ਹੋਰ ਮੋਟੀ ਜਿਹੀ ਗਾਲ਼੍ਹ ਕੱਢਦਾ ਉਹਦੇ ਜੜਨ ਲੱਗਾ ਤਾਂ ਉਹ ਭਾਗਵਤੀ ਨੂੰ ਛੱਡ ਨੱਠ ਗਿਆ।

“ਤੇਰੀ ਭੈਣ ਨੂੰ ਕੀੜੇ ਪੈਣ …” ਤੇ ਹੋਰ ਦੋ ਤਿੰਨ ਇਸੇ ਕਿਸਮ ਦੀਆਂ ਸੁਣਾਉਂਦਾ ਉਹਦੇ ਪਿੱਛੇ ਭੱਜਿਆ ਪਰ ਜਲਦੀ ਹੀ ਭਾਗਵਤੀ ਵੱਲ ਪਰਤ ਆਇਆ। ਇੰਨੀ ਦੇਰ ਤੱਕ ਹਫ਼ਦਾ ਹਫ਼ਦਾ ਲੱਖੂ ਵੀ ਉੱਥੇ ਪਹੁੰਚ ਗਿਆ। ਬਖਤੇ ਨੇ ਫੜ ਕੇ ਲੱਖੂ ਨੂੰ ਛੰਨ ਅੰਦਰ ਲਿਜਾ ਕੇ ਮੰਜੀ ਉੱਪਰ ਲਿਟਾਇਆ ਤਾਂ ਉਸਦਾ ਪਿੰਡਾ ਉਸਨੂੰ ਕਾਫ਼ੀ ਭਖਦਾ ਮਹਿਸੂਸ ਹੋਇਆ, “ਤਾਪ ਜਾਦੇ ਚੜ੍ਹਿਆ ਲੱਗਦਾ?” ਮੰਜੀ ਦੀ ਬਾਹੀ ਉੱਪਰ ਬੈਠਦੇ ਬਖਤੇ ਨੇ ਪੁੱਛਿਆ।

ਲੱਖੂ ਨੇ ਜਵਾਬ ਵਿੱਚ ਮਾੜਾ ਜਿਹਾ ‘ਹਾਂ’ ਵਿੱਚ ਸਿਰ ਹਿਲਾਇਆ ਤੇ ਟਿਕਟਿਕੀ ਲਗਾ ਕੇ ਛੰਨ ਦੇ ਬੂਹੇ ਕੋਲ ਗੁੰਮ ਸੁੰਮ ਖੜ੍ਹੀ ਭਾਗਵਤੀ ਵੱਲ ਦੇਖਦਾ ਰਿਹਾ।

“ਦੀਵਾ ਤਾਂ ਜਗਾਅ ਜਰਾ,” ਬਖਤੇ ਨੇ ਚੁੱਪ ਤੋੜੀ।

“ਟਿੱਕੀ ਤਾਂ ਮਿਲੀ ਨੀ ਅੱਜ … ਚੱਲ ਆਹੀ ਸਹੀ …” ਕਹਿੰਦਿਆਂ ਡੱਬ ਵਿੱਚੋਂ ਬੋਤਲ ਕੱਢ ਕੇ ਸਿਲਵਰ ਜਿਹੇ ਦੇ ਚਿੱਬੇ ਕੱਪ ਵਿੱਚ ਹਾੜਾ ਪਾਇਆ ਤੇ ਘੜ੍ਹੋਟੀ ਵਿੱਚੋਂ ਪਾਣੀ ਪਾਕੇ ਲੱਖੂ ਵੱਲ ਨੂੰ ਵਧਾਇਆ। ਲੱਖੂ ਨੇ ਚੁੱਪ ਚਾਪ ਤਿੰਨ ਚਾਰ ਘੁੱਟ ਭਰੇ ਤੇ ਬਚਦਾ ਹਾੜਾ ਬਖਤੇ ਨੇ ਖਾਲੀ ਕਰ ਦਿੱਤਾ। ਕੁੱਝ ਦੇਰ ਬਾਅਦ ਲੱਖੂ ਭਾਗਵਤੀ ਨੂੰ ਸੰਬੋਧਿਤ ਹੋਇਆ, “ਕਾ ਬਾਤ ਹੂਈ?”

“ਬਾਤ ਕਾ ਹੁਈ, ਮਯ ਚੂਲਹੇ ਕੇ ਲਿਏ ਲਕੜੀ ਢੂੰਡੇ ਥੀ, ਹਾਰਾਮੀ ਪੀਛੇ ਸੇ ਆ ਕਰ ਮੇਰਾ ਬਾਜੂ ਖੀਂਚਨੇ ਲਗਾ, ਤਬੀ ਯੇ ਵਹਾਂ ਆ ਗਯਾ, … ਹਾਰਾਮੀ ਛੋੜ ਕਰ ਭਾਗ ਗਯਾ ਔਰ ਜਾਤੇ ਜਾਤੇ ਕਹ ਗਯਾ ਕਿ ਅਬ ਤੁਮ ਹਮਾਰੇ ਯ੍ਹਾਂ ਕਾਮ ਨਹੀਂ ਕਰਤੇ ਤੋ ਰਹਨੇ ਕੋ ਕੋਈ ਔਰ ਜਗਹ ਦੇਖੋ, ਹਮੇਂ ਕਲ ਕੋ ਯਹ ਜ੍ਹੌਂਪੜਾ ਖਾਲੀ ਚਾਹੀਯੇ।”

ਕੱਲ੍ਹ ਤੱਕ ਛੰਨ ਵਿਹਲੀ ਕਰਨ ਵਾਲੀ ਗੱਲ ਸੁਣ ਕੇ ਬਖਤਾ ਬੋਲ ਪਿਆ, “ਐਨੀ ਝੱਬੇ ਕਹਾਂ ਜਾਓਗੇ …?”

ਲੱਖੂ ਚੁੱਪਚਾਪ ਭਾਗਵਤੀ ਵੱਲ ਦੇਖਦਾ ਰਿਹਾ ਜੋ ਮਾੜਾ ਮੋਟਾ ਰੋਟੀ ਟੁੱਕ ਦਾ ਆਹਰ ਕਰ ਰਹੀ ਸੀ। ਬਖਤੇ ਨੇ ਬਚਦਾ ਅਧੀਆ ਸਿਲਵਰ ਦੇ ਚਿੱਬੇ ਜਿਹੇ ਕੱਪ ’ਚ ਪਾਇਆ ਤੇ ਪਾਣੀ ਪਾ ਕੇ ਅੱਧੇ ਤੋਂ ਜ਼ਰਾ ਵੱਧ ਪੀ ਕੇ ਲੱਖੂ ਵੱਲ ਨੂੰ ਵਧਾ ਦਿੱਤਾ। ਲੱਖੂ ਨੇ ਉਹ ਫ਼ੜ ਮੰਜੀ ਤੋਂ ਹੇਠਾਂ ਰੱਖ ਲਿਆ ਤੇ ਆਪ ਔਖਾ ਸੌਖਾ ਮੰਜੀ ਉੱਪਰ ਕੰਧ ਨਾਲ ਪਿੱਠ ਲਾ ਕੇ ਅੱਧਲੇਟਾ ਜਿਹਾ ਹੋ ਗਿਆ।

ਲੱਖੂ ਮੰਜੇ ਉੱਤੇ ਬੈਠ ਕੇ ਮੁੜ ਭਾਗਵਤੀ ਵੱਲ ਦੇਖਣ ਲੱਗ ਪਿਆ ਅਤੇ ਕੁੱਝ ਦੇਰ ਬਾਅਦ ਉਸਨੂੰ ਕੋਲ ਬੁਲਾ ਕੇ ਮੰਜੇ ਦੀ ਬਾਹੀ ਉੱਪਰ ਬਿਠਾ ਲਿਆ। ਫਿਰ ਆਪਣੇ ਸਿਰ੍ਹਾਣੇ ਥੱਲਿਉਂ ਇੱਕ ਪੋਟਲੀ ਜਿਹੀ ਕੱਢੀ ਜਿਸ ਵਿੱਚ ਕੁੱਝ ਗਹਿਣੇ ਤੇ ਮੁੜੇ ਤੁੜੇ ਜਿਹੇ ਨੋਟ ਸਨ। ਭਾਗਵਤੀ ਤੇ ਗਹਿਣੇ ਬਖਤੇ ਹਵਾਲੇ ਕਰ ਕੇ ਉਸਨੇ ਮੰਜੀ ਹੇਠੋਂ ਆਪਣਾ ਹਾੜਾ ਚੁੱਕਿਆ ਤੇ ਦਬਾ ਸੱਟ ਅੰਦਰ ਸਿੱਟ ਲਿਆ। ਸ਼ਾਇਦ ਘੁੱਟ ਵੱਡਾ ਭਰ ਹੋ ਗਿਆ ਕਿ ਹਾੜਾ ਪਹਿਲੇ ਨਾਲੋਂ ਜ਼ਿਆਦਾ ਤੇਜ਼ ਸੀ, ਅੰਦਰ ਜਾਂਦਿਆਂ ਹੀ ਉਸਨੂੰ ਹੁੱਥੂ ਛਿੜ ਪਿਆ ਤੇ ਜ਼ੋਰ ਜ਼ੋਰ ਨਾਲ ਖੰਘਦਾ ਉਹ ਮੰਜੀ ਉੱਪਰ ਹੀ ਟੇਢਾ ਹੋ ਗਿਆ। ਨੁੱਕਰ ਵਿੱਚ ਬਲ ਰਹੇ ਦੀਵੇ ਦੀ ਲਾਟ ਨਿੰਮ੍ਹੀ ਹੁੰਦੀ ਹੁੰਦੀ ਅਖੀਰ ਅਲੋਪ ਹੋ ਗਈ।

“ਬਖਤਾ ਬੰਗਾਲਣ ਲਿਆਇਐ …” ਸਾਰੇ ਪਿੰਡ ਵਿੱਚ ਚਰਚਾ ਛਿੜ ਪਈ।

ਜ਼ੈਲਦਾਰ ਨੇ ਸਥਿਤੀ ਨੂੰ ਮੁੱਖ ਰੱਖ ਕੇ ਉਨ੍ਹਾਂ ਦੋਨਾਂ ਦਾ ਰਹਿਣ ਦਾ ਪ੍ਰਬੰਧ ਟਿਊਬਵੈੱਲ ਵਾਲੇ ਕੋਠੇ ਵਿੱਚ ਹੀ ਕਰ ਦਿੱਤਾ। ਬਖਤਾ ਸਾਰਾ ਦਿਨ ਜ਼ੈਲਦਾਰ ਦੇ ਖੇਤਾਂ ਵਿੱਚ ਕੰਮ ਕਰਦਾ ਨਾ ਥੱਕਦਾ। ਭਾਗਵਤੀ ਦੇ ਆਉਣ ਤੋਂ ਬਾਅਦ ਉਸ ਵਿੱਚ ਇੱਕ ਅਜੀਬ ਜਿਹੀ ਚੁਸਤੀ ਆ ਗਈ ਸੀ। ਉੱਧਰ ਜ਼ੈਲਦਾਰ ਦਾ ਪੁੱਤਰ ਭੀਰਾ ਜੋ ਕਿ ਬਖਤੇ ਦਾ ਹੀ ਹਾਣੀ ਪ੍ਰਵਾਣੀ ਸੀ ਦੇ ਮਨ ਵਿੱਚ ਬਖਤੇ ਲਈ ਇੱਕ ਗੁੱਝੀ ਈਰਖਾ ਦਿਨ ਬਦਿਨ ਜ਼ੋਰ ਫੜ ਰਹੀ ਸੀ, ਕਿ ਇਸ ਬੁੱਢੇ ਕੁੱਕੜ ਨੂੰ ਇੰਨੀ ਜੁਆਨ ਮੁਟਿਆਰ ਕਿਵੇਂ ਹੱਥ ਆ ਗਈ, ‘ਸਾਲਾ ਸੂਰਜ ਛਿਪਣ ਤੋਂ ਪਹਿਲਾਂ ਹੀ ਕੋਠੇ ਜਾ ਵੜਦਾ, ਮਜ਼ਾਲ ਕੀ ਸਵੇਰ ਤੱਕ ਬਾਹਰ ਨਿੱਕਲੇ।’

ਕਈ ਵਾਰੀ ਭੀਰਾ ਸ਼ਾਮ ਨੂੰ ਬਖਤੇ ਦੇ ਕੋਠੇ ਅੰਦਰ ਵੜਨ ਤੋਂ ਬਾਅਦ ਬਹਾਨੇ ਨਾਲ ਕੋਠੇ ਦੀ ਬੰਦ ਖਿੜਕੀ ਕੋਲ ਜਾ ਖੜ੍ਹਦਾ ਤੇ ਅੰਦਰ ਦੀ ਕੋਈ ਬਿੜਕ ਲੈਣ ਦੀ ਕੋਸ਼ਿਸ਼ ਕਰਦਾ, ਪਰ ਚਲਦੇ ਟਿਊਬਵੈੱਲ ਦੀ ਮੋਟਰ ਦੇ ਸ਼ੋਰ ਵਿੱਚ ਉਸਦੇ ਕੁੱਝ ਪੱਲੇ ਨਾ ਪੈਂਦਾ ਤੇ ਉਹ ਲ੍ਹਾਲ੍ਹਾਂ ਸਿੱਟਦਾ ਪਰਤ ਆਉਂਦਾ।

ਅਖੀਰ ਇੱਕ ਦਿਨ ਉਸ ਨੇ ਜ਼ੈਲਦਾਰ ਨੂੰ ਬਿਨਾਂ ਦੱਸੇ ਹੀ ਦੁਪਹਿਰੋਂ ਬਾਅਦ ਸਾਈਕਲ ਦੇਕੇ ਆਪਣੇ ਸਹੁਰੇ ਪਿੰਡੋਂ ਕੋਈ ਫ਼ਜ਼ੂਲ ਜਿਹੀ ਚੀਜ਼ ਲਿਆਉਣ ਦੀ ਖਾਤਿਰ ਸਾਈਕਲ ਦੇ ਕੇ ਭੇਜ ਦਿੱਤਾ ਤੇ ਉਸਦੇ ਪੱਕੀ ਸੜਕ ਉੱਪਰ ਚੜ੍ਹਦਿਆਂ ਹੀ ਭੀਰੇ ਨੇ ਟਿਉਬਵੈੱਲ ਦੇ ਕੋਠੇ ਦਾ ਰਾਹ ਕੀਤਾ। ਭਾਗਵਤੀ ਟੁੱਟੇ ਭੱਜੇ ਭਾਂਡੇ ਮਾਂਜ ਰਹੀ ਸੀ। ਜਿਉਂ ਹੀ ਉਸਨੇ ਭੀਰੇ ਨੂੰ ਕੋਠੇ ਵਿੱਚ ਵੜਦਿਆਂ ਦੇਖਿਆ ਤਾਂ ਉਸਨੂੰ ਸ਼ੱਕ ਪੈ ਗਿਆ ਤੇ ਰਹਿੰਦੀ ਸਹਿੰਦੀ ਕਸਰ ਭੀਰੇ ਦੀ ਝਾਕਣੀ ਨੇ ਪੂਰੀ ਕਰ ਦਿੱਤੀ। ਸੁਆਹ ਲੱਗੇ ਹੋਏ ਭਾਂਡੇ ਹੱਥ ਵਿੱਚ ਚੁੱਕੀ ਉਹ ਧੋਣ ਦੇ ਬਹਾਨੇ ਕੋਠੇ ਵਿੱਚੋਂ ਨਿਕਲਣ ਲੱਗੀ ਤਾਂ ਭੀਰੇ ਨੇ ਹੌਸਲਾ ਕਰ ਕੇ ਉਸ ਦੀ ਬਾਂਹ ਫੜ ਲਈ ਤੇ ਮੰਜੀ ਵੱਲ ਨੂੰ ਖਿੱਚਣ ਲੱਗਾ। ਭਾਗਵਤੀ ਨੇ ਹੌਸਲੇ ਨਾਲ ਦੂਜੇ ਹੱਥ ਵਿੱਚ ਫੜਿਆ ਸੁਆਹ ਲੱਗਾ ਸਿਲਵਰ ਦਾ ਪਤੀਲਾ ਜ਼ੋਰ ਨਾਲ ਉਸਦੀ ਬਾਂਹ ਤੇ ਮਾਰਿਆ।

ਦਰਦ ਦੇ ਮਾਰੇ ਭੀਰੇ ਦੇ ਗੁੱਟ ਦੀ ਪਕੜ ਢਿੱਲੀ ਪੈਂਦਿਆਂ ਹੀ ਉਹ ਜ਼ੋਰਦਾਰ ਝਟਕੇ ਨਾਲ ਬਾਂਹ ਛੁਡਾਉਂਦੀ ਹੋਈ ਹਥਲੇ ਭਾਂਡੇ ਸਿੱਟ ਕੇ ਵਾਹੋਦਾਹੀ ਪਿੰਡ ਵੱਲ ਨੂੰ ਨੱਠ ਪਈ। ਭੀਰੇ ਨੇ ਉਸਨੂੰ ਫੜਨਾ ਚਾਹਿਆ ਪਰ ਭਾਗਵਤੀ ਵਿੱਚ ਪਤਾ ਨਹੀਂ ਕਿੱਥੋਂ ਐਨਾ ਜ਼ੋਰ ਆ ਗਿਆ ਕਿ ਉਹ ਮੁੜ ਭੀਰੇ ਦੇ ਹੱਥ ਨਹੀਂ ਆਈ। ਪਿੰਡ ਸਿੱਧੀ ਜ਼ੈਲਦਾਰ ਦੀ ਹਵੇਲੀ ਜਾ ਕੇ ਜ਼ੈਲਦਾਰ ਨੂੰ ਅਵਾਜ਼ਾਂ ਮਾਰਨ ਲੱਗੀ, “ਸਰਦਾਰ ਜੀ, ... ਸਰਦਾਰ ਜੀ, … ਵੋ ਬੀਰਾ ਹਮਰੇ … ਝੋਂਪੜੇ ਮਾ ਆਈ ਕਾ … ਔਰ ਸਰਦਾਰ ਜੀ …ਹਮਕਾ ਪਕੜ ਕਾ …”

ਜ਼ੈਲਦਾਰ ਨੂੰ ਪੂਰੀ ਗੱਲ ਸਮਝਦੇ ਦੇਰ ਨਾ ਲੱਗੀ, ਭੀਰੇ ਦੀਆਂ ਕਰਤੂਤਾਂ ਦਾ ਉਹਨੂੰ ਪਤਾ ਹੀ ਸੀ। ਉਸ ਨੇ ਗੱਲ ਹੌਲੀ ਸਹਿਜੇ ਠੰਡੀ ਕਰਨ ਦੀ ਕੋਸ਼ਿਸ਼ ਕੀਤੀ ਪਰ ਪਿੰਡ ਵਾਲਿਆਂ ਨੂੰ ਇਸ ਗੱਲ ਦੀ ਭਿਣਕ ਪੈ ਗਈ। ਉੱਧਰ ਬਖਤੇ ਨੂੰ ਜਦੋਂ ਵਾਪਿਸ ਆ ਕੇ ਸਾਰੀ ਗੱਲ ਦਾ ਪਤਾ ਲੱਗਾ ਤਾਂ ਉਹ ਪਿੰਡ ਵਿੱਚ ਭੀਰੇ ਨੂੰ ਲੱਭਣ ਲੱਗਾ। ਅਖੀਰ ਭੀਰਾ ਉਸਨੂੰ ਜਿੰਦੂ ਦੇ ਖੂਹ ਉੱਪਰ ਸ਼ਰਾਬੀ ਹੋਇਆ ਮਿਲ ਪਿਆ। ਹਿਰਖੇ ਹੋਏ ਬਖਤੇ ਨੇ ਜਾਂਦਿਆਂ ਹੀ ਉਸਦੇ ਇੱਕ ਧੌਲ਼ ਰੱਖੀ ਤੇ ਉਸਨੂੰ ਭੁੰਜੇ ਢਾਅ ਲਿਆ। ਜਿੰਦੂ ਤੇ ਦੋ ਕੁ ਹੋਰ ਬੰਦਿਆਂ ਨੇ ਭੀਰੇ ਨੂੰ ਬਖਤੇ ਹੱਥੋਂ ਛੁਡਾਇਆ। ਰਾਤੋ ਰਾਤ ਗੱਲ ਸਰਪੰਚ ਕੋਲ ਵੀ ਜਾ ਪਹੁੰਚੀ ਤੇ ਸਰਪੰਚ ਦੇ ਬੰਦਿਆਂ ਨੇ ਬਖਤੇ ਨੂੰ ਵੀ ਪੱਕਾ ਕਰ ਦਿੱਤਾ ਕਿ ਪੰਚਾਇਤ ਬੁਲਾ ਕੇ ਸਾਰੇ ਪਿੰਡ ਦੇ ਸਾਹਮਣੇ ਜ਼ੈਲਦਾਰ ਦੀ ਭੰਡੀ ਕੀਤੀ ਜਾਵੇ। ਅਜਿਹਾ ਕਰਨ ਨਾਲ ਸਰਪੰਚ ਦੇ ਦੋ ਕਾਰਜ ਸੌਰਦੇ ਸਨ, ਇੱਕ ਤਾਂ ਜ਼ੈਲਦਾਰ ਨਾਲ ਚੱਲੀ ਆਉਂਦੀ ਲਾਗਬਾਜ਼ੀ ਵਿੱਚ ਜ਼ੈਲਦਾਰ ਸਿਰ ਗੋਲ ਕਰਨ ਦਾ ਮੌਕਾ ਸੀ ਦੂਸਰੇ ਬਖਤੇ ਨੂੰ ਕਾਮੇ ਦੇ ਤੌਰ ਤੇ ਜ਼ੈਲਦਾਰ ਦੇ ਕੰਮ ਕਰਨੋ ਹਟਵਾ ਕੇ ਆਪਣੇ ਖੇਤਾਂ ਵਿੱਚ ਕੰਮ ਕਰਾਉਣ ਦਾ ਮੌਕਾ ਬਣਦਾ ਸੀ।

ਭਰੀ ਪੰਚਾਇਤ ਵਿੱਚ ਭੀਰੇ ਨੇ ਮੁਆਫ਼ੀ ਮੰਗੀ ਤੇ ਸਰਪੰਚ ਨੇ ਪਿੰਡ ਦੇ ਇੱਕ ਖੂੰਜੇ ਸ਼ਾਮਲਾਟ ਵਿੱਚੋਂ ਥੋੜ੍ਹੀ ਜਿਹੀ ਜਗ੍ਹਾ ਦੁਆ ਕੇ ਉਸ ਉੱਪਰ ਕੋਠਾ ਛਤਵਾਉਣ ਦੀ ਜ਼ਿੰਮੇਵਾਰੀ ਜ਼ੈਲਦਾਰ ਦੀ ਲਾਈ ਗਈ, ਬਖਤੇ ਦੇ ਹੁਣ ਤੱਕ ਕੀਤੇ ਕੰਮ ਦੇ ਇਵਜ਼ਾਨੇ ਵਜੋਂ ਅਤੇ ਸਕੀਮ ਅਨੁਸਾਰ ਬਖਤੇ ਨੂੰ ਜ਼ੈਲਦਾਰ ਦੇ ਖੇਤਾਂ ਵਿੱਚੋਂ ਕੰਮ ਛੁਡਵਾ ਕੇ ਆਪਣੇ ਖੇਤਾਂ ਵਿੱਚ ਕੰਮ ਕਰਨ ਲਈ ਰੱਖ ਲਿਆ। ਗੱਲ ਹੋਰ ਪੱਕੀ ਕਰਨ ਲਈ ਪੰਚਾਇਤ ਵਿੱਚ ਉਸਨੂੰ ਉੱਕੇ ਪੁੱਕੇ ਮਹੀਨੇ ਦੇ ਪੈਸੇ ਦੇਣੇ ਵੀ ਮੰਨ ਲਏ। ਜ਼ੈਲਦਾਰ ਨੂੰ ਪਤਾ ਸੀ ਕਿ ਹੁਣ ਸਰਪੰਚ ਦੀ ਮੁੜ ਕੋਈ ਅੱਟੀ ਸੱਟੀ ਹੈ ਸਰਕਾਰੇ ਦਰਬਾਰੇ, ਸੋ ਉਹਦੇ ਨਾ ਮੰਨਣ ਦੀ ਸੂਰਤ ਵਿੱਚ ਗੱਲ ਪੁਲੀਸ ਤੱਕ ਲਿਜਾਏ ਜਾਣ ਦਾ ਖਦਸ਼ਾ ਸੀ।

ਸਮਾਂ ਪਾ ਕੇ ਭਾਗਵਤੀ ਨੇ ਉੱਪਰੋਥਲੀ ਦੋਂਹ ਮੁੰਡਿਆਂ ਕਾਲੇ ਤੇ ਭੋਲੇ ਨੂੰ ਜਨਮ ਦਿੱਤਾ। ਛੋਟੇ ਬੱਚਿਆਂ ਕਾਰਨ ਉਹ ਅੱਗੇ ਵੀ ਰੋਟੀ ਪਹੁੰਚਾਉਂਦੀ ਲੇਟ ਹੋ ਜਾਂਦੀ ਤੇ ਬਖਤਾ ਹਮੇਸ਼ਾ ਇਸ ਗੱਲੋਂ ਨਾਰਾਜ਼ ਹੁੰਦਾ।

“ਅੱਜ ਫੇਰ ਲੌਢਾ ਵੇਲਾ ਕਰ ਦਿੱਤਾ ਆਉਂਦੀ ਨੇ, ਇੱਥੇ ਭੁੱਖ ਨਾਲ ਜਾਨ ਨਿਕਲਣ ਵਾਲੀ ਹੋ ਜਾਂਦੀ ਆ, ਤੇਰੇ ਕੁੜੀ ਯਾਵੇ ਛੰਗਣ ਮੰਗਣ ਨੀ ਮੁੱਕਦੇ।” ਬਖਤੇ ਨੇ ਰੋਟੀ ਲੈ ਕੇ ਪਹੁੰਚੀ ਭਾਗਵਤੀ ਕੋਲ ਮਿੱਠਾ ਜਿਹਾ ਗਿਲਾ ਕੀਤਾ।

“ਹਮ ਕਾ ਕਰੇਂ … ਇਨ ਕਾਲੇ ਔਰ ਬ੍ਹੋਲੇ ਕੋ ਸਕੂਲ ਭੇਜਾ ਕਰੋ, ਪੜ੍ਹ ਲਿਖ ਕਰ ਕੋਈ ਕਾਮ ਕਰੇਂ, ਗ੍ਹਰ ਪਾ ਦੋਨੋ ਮਿਲ ਕਰ ਹਮਕਾ ਕਾਮ ਨਾ ਕਰਨੇ ਦੇਵੇਂ … ਹਮ ਤੁਮਾਰਾ ਰੋਟੀ ਦੇਖੀਂ ਯਾ ਇਨਕਾ ਦੇਖੀਂ।” ਭਾਗਵਤੀ ਨੇ ਸਫ਼ਾਈ ਬਿਆਨੀ।

“ਸਕੂਲ ਮਾ ਜਾਕਰ ਕਯਾ ਹੋਗਾ … ਇਨ ਕੋ ਜ਼ਰਾ ਵੱਡਾ ਕਰੋ ਤੋ ਬਾਹਰ ਕਾਮ ਕਰੂਗੇ ਔਰ ਕੁਛ ਕਮਾ ਕਰ ਲਾਏਂਗੇ … ਮੇਰੀ ਮਦਤ ਕਰੂਗੇ।” ਬਖਤਾ ਭਾਗਵਤੀ ਦੀ ਸੁਵਿਧਾ ਲਈ ਅਕਸਰ ਇਹੋ ਜਿਹੀ ਰਲਵੀਂ ਮਿਲਵੀਂ ਬੋਲੀ ਹੀ ਬੋਲਦਾ।

ਉਹਦੀ ਗੱਲ ਬੋਚਦੀ ਹੋਈ ਬੋਲੀ, “ਤੁਮਹਾਰ ਮਦਦ ਤੋ ਠੀਕ ਹੈ, ਮਗਰ ਜਬ ਤੱਕ ਯੇ ਉਤਨਾ ਬੜਾ ਹੋਗਾ ਪੂਰੇ ਆਦਮੀ ਜਿਤਨਾ, ਤੱਬ ਤੱਕ ਤੂ ਕਹਾਂ ਸੇ ਖਿਲਾਏਗਾ ਇਨ ਕਾ …”

“ਉਹ ਜੋ ਪੈਦਾ ਕਰਤਾ ਹੈ ਰੋਟੀ ਬੀ ਦੇਤਾ ਹੈ …” ਬਖਤੇ ਨੇ ਸੁਣਿਆ ਸੁਣਾਇਆ ਟੋਟਕਾ ਛੱਡਿਆ।

“ਆਇਸੀ ਰੋਟੀ ਕਾ ਬੀ ਕਾ ਖਾਨਾ ਜਿਸਕਾ ਪਤਾ ਹੀ ਨਾ ਹੋ ਕਿ ਆਜ ਮਿਲੇਗਾ ਬੀ, ਯਾ ਨਹੀਂ। … ਕਭੀ ਇਸ ਸਰਦਾਰ ਕੇ ਖੇਤੋਂ ਮਾ ਧੂਲ ਝੌਂਕੀਂ ਕਭੀ ਉਸ ਸਰਦਾਰ ਕਾ ਖੇਤੋਂ ਮਾ …”

“ਜਿਹੜਾ ਤੇਰਾ ਬੁੜ੍ਹਾ ਉੱਥੇ ਅੰਜਨੀਰ ਲਗਾ ਹੁਆ ਥਾ ਬੋ ਮੁਝੇ ਸਾਰਾ ਪਤਾ ਹੈ …” ਬਖਤਾ ਵੀ ਹਿਰਖਿਆ।

ਭਾਗਵਤੀ ਗੱਲ ਬਦਲ ਕੇ ਜ਼ਰਾ ਗੰਭੀਰ ਹੁੰਦੀ ਹੋਈ ਬੋਲੀ, “ਕਾਲੇ ਦਾ ਬਾਪੂ! ਹਮਕਾ ਡਾਕਟਰ ਕਾ ਲੇ ਚਲੋ,” ਫਿਰ ਆਪਣੇ ਪੇਟ ਵੱਲ ਇਸ਼ਾਰਾ ਕਰਦੀ ਬੋਲੀ, “ਹਮਕਾ ਔਰ ਬੱਚਾ ਨਾ ਚਾਹਿਏ।”

“ਕਿਉਂ?” ਬਖਤੇ ਨੇ ਪੁੱਛਿਆ।

“ਵੋ ਬਨਿਏ ਕੀ ਦੁਕਾਨ ਕੇ ਬਾਹਰ ਬੜਾ ਬੜਾ ਬਨਾ ਕਰ ਲਿਖਾ ਹੈ।”

“ਕਿਆ ਲਿਖਾ ਹੈ?”

“ਯਹੀ ਕਿ ਏਕ ਯਾ ਦੋ ਬੱਚੇ ਹੀ ਹੋਨੇ ਚਾਹਿਏ।” ਭਾਗਵਤੀ ਨੇ ਧਨੀਏ ਦੁਕਾਨਦਾਰ ਦੀ ਦੁਕਾਨ ਦੀ ਬਾਹਰੀ ਕੰਧ ਉੱਪਰ ਬਣੇ ਪਰਿਵਾਰ ਨਿਯੋਜਨ ਦੇ ਵੱਡੇ ਸਾਰੇ ਬਣੇ ਇਸ਼ਤਿਹਾਰ ਦੇ ਹਵਾਲੇ ਨਾਲ ਦੱਸਿਆ।

“ਇਹ ਉਹੀ ਕਹਤੇ ਹੈਂ ਜਿਨਸੇ ਆਪ ਦੋ ਸੇ ਆਗੇ ਕੁਸ਼ ਹੋਤਾ ਨਹੀਂ, ਇਹ ਤੋ ਸਿੱਧੀ ਬਾਤ ਹੈ ਕਿ ਜਿੰਨੇ ਘਰ ਕੇ ਜੀਅ ਹੋਂਗੇ ਉਤਨੇ ਹੀ ਜਾਦਾ ਕਮਾ ਕਰ ਲਾਏਂਗੇ।” ਬਖਤੇ ਨੇ ਦਲੀਲ ਦਿੱਤੀ।

“ਮਗਰ ਯਹੀ ਤੋ ਹਮ ਕਹਤ ਹੋ ਕਿ ਜਬ ਤਕ ਵੋ ਲੋਗਨ ਕਾਮ ਕਰਨੇ ਵਾਲਾ ਹੋਗਾ ਤਬ ਤੱਕ ਤੋ ਵੋ ਭੂਖ ਸੇ ਮਰ ਜਾਏ … ਔਰ ਤੂ ਬੀ ਸੁਨ … ਇਬ ਕਾ ਬਾਰੀ ਵੋ ਈਂਟੇ ਪਕਾਨੇ ਕਾ ਕਾਮ ਵੋ ਹਮਾਰ ਕਾਕਾ ਕੇ ਏਕ ਆਦਮੀ ਤਾਨੂ ਨੇ ਠੇਕਾ ਲੇ ਲੀਆ … ਤੇਰੇ ਕੋ ਜਾਨਤ ਹੈ ਵੋ … ਜਾਕਰ ਉਸ ਸੇ ਵਹਾਂ ਕਾਮ ਮਾਂਗ ਲੇ ... ਯਹਾਂ ਸਰਦਾਰ ਕੇ ਤੇਰੇ ਕੋ ਬਸ ਰੋਟੀ ਹੀ ਮਿਲੇਗਾ, … ਕਾਲਾ ਔਰ ਬ੍ਹੋਲਾ ਬੀ ਬੜਾ ਹੋਕਰ ਯਹੀ ਕਰਤ …”

ਸਰਪੰਚ ਨੂੰ ਪਿੰਡ ਵੱਲੋਂ ਖੇਤਾਂ ਵੱਲ ਆਉਂਦਾ ਤੱਕ ਉਹ ਕਾਹਲੀ ਨਾਲ ਭਾਂਡੇ ਸਾਂਭ ਕੇ ਖੇਤ ਦੀ ਪਰਲੀ ਵੱਟੇ ਪੈ ਗਈ।

ਭਾਗਵਤੀ ਦੀ ਗੱਲ ਬਖਤੇ ਦੇ ਮਨ ਨੂੰ ਲੱਗੀ। ਸ਼ਾਇਦ ਜ਼ਿੰਦਗੀ ਵਿੱਚ ਪਹਿਲੀ ਵਾਰੀ ਪੈਸੇ ਦੀ ਅਹਿਮੀਅਤ ਦਾ ਅਹਿਸਾਸ ਹੋਇਆ ਸੀ ਪਰ ਆਪਣੇ ਕਰਕੇ ਨਹੀਂ, ਸਗੋਂ ਬੱਚਿਆਂ ਦੀ ਜ਼ਿੰਦਗੀ ਚੰਗੇਰੀ ਬਣਾ ਸਕਣ ਹਿੱਤ।

ਪਹਿਲਾਂ ਇਕੱਲਾ ਬਖਤਾ ਭੱਠੇ ਉੱਪਰ ਕੰਮ ਕਰਨ ਲੱਗਾ ਪਰ ਜਲਦੀ ਹੀ ਭਾਗਵਤੀ ਵੀ ਉਸਦੇ ਨਾਲ ਭੱਠੇ ਉਪਰ ਕੰਮ ਕਰਨ ਲੱਗ ਪਈ। ਸਰਪੰਚ ਨੇ ਆਪਣਾ ਕਾਮਾ ਹੱਥੋਂ ਜਾਂਦਾ ਦੇਖ ਕੇ ਥੋੜ੍ਹਾ ਜਿਹਾ ਵਾਵੇਲਾ ਕੀਤਾ ਪਰ ਬਖਤੇ ਨੇ ਕਦੇ ਪਿੱਛੇ ਮੁੜ ਕੇ ਦੇਖਣਾ ਸਿੱਖਿਆ ਹੀ ਨਹੀਂ ਸੀ। ਹੁਣ ਜਦੋਂ ਜਾਪਣ ਲੱਗਾ ਕਿ ਦੋਨੋਂ ਇਸੇ ਤਰ੍ਹਾਂ ਕੰਮ ਕਰਕੇ ਛੇਤੀਂ ਹੀ ਘਰ ਦੀ ਨੁਹਾਰ ਬਦਲ ਦੇਣਗੇ ਪਰ ਇਹ ਗੱਲ ਸ਼ਾਇਦ ਕੁਦਰਤ ਨੂੰ ਮਨਜ਼ੂਰ ਨਹੀਂ ਸੀ। ਇੱਕ ਦਿਨ ਅਚਾਨਕ ਹੀ ਪਿੰਡ ਦੀ ਭੱਠੇ ਵਾਲੀ ਗੁੱਠੋਂ ਰੌਲਾ ਜਿਹਾ ਉੱਠਿਆ ਪਰ ਜਲਦੀ ਹੀ ਉਹ ਰੌਲਾ ਸਹਿਮ ਅਤੇ ਡਰ ਦੀ ਰਲੀ ਮਿਲੀ ਛਾਪ ਹਰ ਚਿਹਰੇ ਉੱਪਰ ਛੱਡਦਾ ਚਲਾ ਗਿਆ। ਪਿੰਡ ਹੀ ਨਹੀਂ ਸਗੋਂ ਸਾਰਾ ਇਲਾਕਾ ਤ੍ਰਾਹ ਕੇ ਵਾਹਿਗੁਰੂ ਵਾਹਿਗੁਰੂ ਕਰਨ ਲੱਗਾ। ਕੋਈ ਕਹੇ ਦੋ ਜਣੇ ਸਨ ਤੇ ਮੋਟਰ ਸਾਈਕਲ ਤੇ ਆਏ ਸਨ ਤੇ ਕੋਈ ਕਹੇ ਨਾਲ ਇੱਕ ਕਾਰ ਵੀ ਸੀ ਜਿਸ ਵਿੱਚ ਐਕਸ਼ਨ ਕਰਨ ਤੋਂ ਬਾਅਦ ਦੋਵੇਂ ਜਣੇ ਸਵਾਰ ਹੋ ਕੇ ਗਏ ਸਨ। ਕੋਈ ਕਹੇ ਨਹੀਂ ਤਿੰਨੇ ਜਣੇ ਕਾਰ ਵਿੱਚੋਂ ਨਿਕਲੇ ਸਨ ਤੇ ਮੋਟਰ ਸਾਈਕਲ ਵਾਲਾ ਬਾਅਦ ਵਿੱਚ ਐਕਸ਼ਨ ਕਾਰੀਆਂ ਨੂੰ ਚੁੱਕਣ ਵਾਸਤੇ ਆਇਆ ਸੀ। ਖੈਰ, ਕਿਵੇਂ ਵੀ ਆਏ ਹੋਣ ਤੇ ਕਿਵੇਂ ਵੀ ਗਏ ਹੋਣ, ਪੰਜਾਂ ਮਿੰਟਾਂ ਤੋਂ ਘੱਟ ਸਮੇਂ ਵਿੱਚ ਉਹਨਾਂ ਤੜ੍ਹ ਤੜ੍ਹ ਤੜ੍ਹ ਗੋਲੀਆਂ ਦਾ ਮੀਂਹ ਵਰ੍ਹਾ ਕੇ ਜਿੰਨੇ ਭਈਏ ਮਜ਼ਦੂਰ ਨਜ਼ਰੀਂ ਪਏ ਉਹਨਾਂ ਨੂੰ ਮਾਰ ਦਿੱਤਾ ਤੇ ਭੱਠੇ ਉੱਪਰ ਖੂਨ ਦਾ ਦਰਿਆ ਵਗਾ ਦਿੱਤਾ।

ਕਿਸੇ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਭੱਠੇ ਉੱਪਰ ਸਾਰਾ ਦਿਨ ਮਜ਼ਦੂਰੀ ਕਰਦੇ ਭਈਆਂ ਦਾ ਕੀ ਕਸੂਰ ਸੀ, ਬੱਸ ਜੋ ਕੋਈ ਵੀ ਪੂਰਬੀਆ ਨਜ਼ਰ ਆਇਆ ਉਹ ਰਾਈਫਲ ਦੀ ਹਵਸ ਦਾ ਸ਼ਿਕਾਰ ਹੋ ਗਿਆ। ਲੱਗਭੱਗ ਦੋ ਦਰਜਣ ਲਾਸ਼ਾਂ ਵਿੱਚ ਬਖਤੇ ਤੇ ਭਾਗਵਤੀ ਦੀ ਲਾਸ਼ ਵੀ ਸੀ।

ਥੋੜ੍ਹੀ ਬਹੁਤ ਖੱਜਲ ਖਿਆਰੀ ਪਿੱਛੋਂ ਪੁਲੀਸ ਨੇ ਦੋਨੋਂ ਲਾਸ਼ਾਂ ਸਰਪੰਚ ਦੇ ਹਵਾਲੇ ਕਰ ਦਿੱਤੀਆਂ ਤੇ ਅਗਲੇ ਦਿਨ ਸ਼ਾਮ ਡੂੰਘੀ ਹੋਣ ਤੱਕ ਪਿੰਡ ਵਾਲਿਆਂ ਨੇ ਸ਼ਮਸ਼ਾਨ ਘਾਟ ਵਿੱਚ ਇਕੱਤਰ ਹੋ ਕੇ ਦੋਨਾਂ ਦੀ ਚਿਖਾ ਨੂੰ ਅੱਗ ਦਿਖਾ ਦਿੱਤੀ। ਕਾਲੇ ਤੇ ਭੋਲੇ ਦੇ ਕੁੱਝ ਪੂਰੀ ਤਰ੍ਹਾਂ ਪੱਲੇ ਨਹੀਂ ਪਿਆ ਤੇ ਨਾ ਹੀ ਕਿਸੇ ਨੇ ਕੋਸ਼ਿਸ਼ ਕੀਤੀ। ਰਾਤ ਨੂੰ ਦੋਵੇਂ ਭਰਾ ਆਪਣੇ ਕੋਠੇ ਦੇ ਬਾਹਰ ਭੁੱਖਣ ਭਾਣੇ ਟੁੱਟੀ ਹੋਈ ਮੰਜੀ ਉੱਪਰ ਪਏ ਕਾਲੀ ਰਾਤ ਵਿੱਚ ਚੁੱਪ ਚਾਪ ਤਾਰਿਆਂ ਨੂੰ ਨਿਹਾਰ ਰਹੇ ਸਨ। ਭੁੱਖ ਨਾਲ ਢਿੱਡਾਂ ਵਿੱਚ ਤਰਥੱਲ ਮਚੀ ਹੋਣ ਕਾਰਨ ਨੀਂਦ ਲਾਗੇ ਨਹੀਂ ਸੀ ਆ ਰਹੀ ਦੋਹਾਂ ਦੇ।

ਅਚਾਨਕ ਪੂਰਬ ਦੀ ਗੁੱਠੇ ਪੂਰਨਮਾਸ਼ੀ ਵਰਗਾ ਪੂਰਾ ਚੰਦ ਨਿੱਕਲ ਆਇਆ। ਚੰਦ ਨੂੰ ਦੇਖ ਵੱਡੇ ਮੁੰਡੇ ਨੂੰ ਜਿਵੇਂ ਕੁੱਝ ਯਾਦ ਆਇਆ ਤੇ ਉਹ ਛੋਟੇ ਨੂੰ ਸੰਬੋਧਿਤ ਹੋ ਕੇ ਬੋਲਿਆ, “ਉਹ ਭੋਲਿਆ, ਉਏ ਚੰਦ ਦੇਖ ਅੱਜ ਕਿੱਡਾ ਸੁਹਣਾ ਚੜ੍ਹਿਆ।”

“ਹੂੰਅ … ਐਨ ਮੱਕੀ ਦੀ ਪੂਰੀ ਰੋਟੀ ਜਿੱਡਾ …” ਭੋਲੇ ਨੇ ਪੇਟ ਸਹਿਲਾਉਂਦੇ ਨੇ ਜਵਾਬ ਦਿੱਤਾ।

“ਉਏ ਆਪਾਂ ਤਾਂ ਸਾਰਾ ਦਿਨ ਕੁੱਝ ਖਾਧਾ ਈ ਨੀ …” ਕਾਲੇ ਨੇ ਜਿਵੇਂ ਉਸਨੂੰ ਯਾਦ ਦਿਵਾਇਆ।

“ਬੀਬੀ ਕੱਲ੍ਹ ਭੱਠੇ ਨੂੰ ਜਾਣ ਤੋਂ ਪਹਿਲਾਂ ਜੋ ਬਣਾ ਗਈ ਸੀ ਉਹ ਕੱਲ੍ਹ ਹੀ ਮੁੱਕ ਗਿਆ ਸੀ ...” ਭੋਲੇ ਨੇ ਆਪਣੇ ਭੁੱਖੇ ਹੋਣ ਦੀ ਪੁਸ਼ਟੀ ਕਰ ਦਿੱਤੀ।

“ਔਹ ਚੰਦ ਦੇ ਵਿਚਾਲੇ ਕੀ ਆ?” ਕਾਲੇ ਨੇ ਜਿਵੇਂ ਆਪਣੇ ਆਪ ਨੂੰ ਕਿਹਾ।

“ਬੀਬੀ ਹੋਊ … ਮਰ ਕੇ ਲੋਕ ਉੱਥੇ ਈ ਜਾਂਦੇ ਆ …”

“ਫੇਰ ਤਾਂ ਸਾਨੂੰ ਭੁੱਖੇ ਦੇਖ ਉਹ ਉਦਾਸ ਹੋਊ?” ਕਾਲੇ ਨੇ ਫਿਕਰ ਜ਼ਾਹਿਰ ਕੀਤਾ, “ਚੱਲ ਕਿਸੇ ਦੇ ਘਰੋਂ ਖਾਣ ਨੂੰ ਕੁਸ਼ ਮੰਗ ਲੈਂਦੇ ਆਂ …”

“ਨਹੀਂ … ਚੇਤਾ, ਬੀਬੀ ਕਹਿੰਦੀ ਹੁੰਦੀ ਸੀ ਕਿ ਭਗਵਾਨ ਨੇ ਦੋ ਹੱਥ ਦਿੱਤੇ ਆ … ਮੰਗ ਕੇ ਖਾਣ ਨਾਲੋਂ ਤਾਂ ਮਰ ਜਾਣਾ ਚੰਗਾ … ਫੇਰ ਕਾਲਿਆ ਆਪਾਂ ਵੀ ਮਰ ਜਾਈਏ? ਭੋਲੇ ਨੇ ਭੋਲੇ ਭਾਅ ਆਖਿਆ, “ਨਾਲੇ ਉੱਥੇ ਜਾ ਕੇ ਬੀਬੀ ਤੇ ਬਾਪੂ ਨੂੰ ਮਿਲਾਂਗੇ।”

ਕਾਲਾ ਕੁੱਝ ਦੇਰ ਚੁੱਪ ਹੀ ਰਿਹਾ ਫਿਰ ਮੰਜੀ ਉੱਪਰੋਂ ਉੱਠਦਾ ਹੋਇਆ ਬੋਲਿਆ, “ਭੁੱਖ ਲੱਗੀ ਆ?… ਚਲ ਉੱਠ, ਮੇਰੇ ਨਾਲ ਚੱਲ।”

“ਕਿੱਥੇ?”

“ਤੂੰ ਤੁਰ ਤਾਂ ਸਹੀ …” ਕਾਲਾ ਉਸਨੂੰ ਖਿੱਚਦਾ ਬੋਲਿਆ। ਦੋਵੇਂ ਚੁੱਪ ਕੀਤੇ ਅੱਗੜ ਪਿੱਛੜ ਤੁਰਦੇ ਸਰਪੰਚ ਦੇ ਖੇਤਾਂ ਵਿੱਚ ਪਹੁੰਚ ਗਏ। ਜ਼ਰਾ ਕੁ ਇੱਧਰ ਉੱਧਰ ਦੀ ਬਿੜਕ ਲੈਣ ਤੋਂ ਬਾਅਦ ਕਾਲੇ ਨੇ ਦਬਾ ਦਬ ਦਰਜਣ ਕੁ ਛੱਲੀਆਂ ਟਾਂਡਿਆਂ ਨਾਲੋਂ ਤੋੜੀਆਂ ਤੇ ਦੋਹਾਂ ਭਰਾਵਾਂ ਨੇ ਪੱਲੇ ਭਰ ਲਏ।

“ਕੋਈ ਦੇਖਦਾ ਤਾਂ ਨੀ ਹੋਊ?” ਸਹਿਜ ਸੁਭਾਅ ਭੋਲੇ ਨੇ ਪੁੱਛਿਆ।

“ਐਸ ਵੇਲੇ ਤਾਂ ਬਾਪੂ ਹੀ ਰਾਖੀ ਕਰਦਾ ਹੁੰਦਾ ਸੀ … ਤੇ ਉਹ ਬੈਠਾ ਹੋਣਾ ਔਥੇ …” ਚੰਦ ਵੱਲ ਇਸ਼ਾਰਾ ਕਰਦਾ ਕਾਲਾ ਬੋਲਿਆ, ਤੇ ਫਿਰ ਕੁੱਝ ਸੋਚ ਕੇ ਕਹਿਣ ਲੱਗਾ, “ਪਰ ਇਨ੍ਹਾਂ ਨੂੰ ਭੁੰਨੀਏਂ ਕਿੱਦਾਂ?”

“ਤੂੰ ਆ ਮੇਰੇ ਨਾਲ …” ਕਹਿ ਕੇ ਭੋਲਾ ਉਸ ਨੂੰ ਨਾਲ ਲੈ ਤੁਰਿਆ। ਸ਼ਮਸ਼ਾਨ ਘਾਟ ਪਹੁੰਚ ਕੇ ਉਸਨੇ ਕੁੱਝ ਕੱਖ ਕਾਨ ਇੱਧਰੋਂ ਉੱਧਰੋਂ ਇਕੱਠਾ ਕੀਤਾ। ਬਖਤੇ ਅਤੇ ਭਾਗਵਤੀ ਦੀ ਠੰਡੀ ਹੋ ਰਹੀ ਚਿਖਾ ਵਿੱਚੋਂ ਧੁਖਦੀ ਇਕ ਲੱਕੜੀ ਨੂੰ ਫੂਕਾਂ ਮਾਰ ਸੁਲਘਾ ਲਿਆ। ਇਸ ਨਾਲ ਇਕੱਠੇ ਕੀਤੇ ਕੱਖ ਕਾਨ੍ਹ ਨੂੰ ਅੱਗ ਲਾਈ ਤੇ ਚੰਦ ਦੀ ਚਾਨਣੀ ਵਿੱਚ ਦੋਵੇਂ ਭਰਾ ਪੈਰਾਂ ਪਰਨੇ ਬੈਠ ਕੇ ਛੱਲੀਆਂ ਭੁੰਨਣ ਲੱਗੇ।

ਤਿੰਨ ਤਿੰਨ, ਚਾਰ ਚਾਰ ਛੱਲੀਆਂ ਦੋਹਾਂ ਨੇ ਤਸੱਲੀ ਨਾਲ ਚੱਬੀਆਂ ਤੇ ਬਾਕੀ ਦੀਆਂ ਭੁੰਨ ਕੇ ਮੁੜ ਭੁੱਖ ਲੱਗਣ ’ਤੇ ਚੱਬਣ ਲਈ ਨੇਫਿਆਂ ਵਿੱਚ ਦੇ ਲਈਆਂ। ਛੱਲੀਆਂ ਉੱਪਰਲੇ ਪਰਦੇ ਅੱਗ ਵਿੱਚ ਸਿੱਟ ਕੇ ਉੱਠ ਖੜ੍ਹੇ ਹੋਏ। ਢਿੱਡ ਭਰਨ ਤੇ ਜ਼ਰਾ ਤਸੱਲੀ ਮਹਿਸੂਸ ਕਰਦੇ ਦੋਵੇਂ ਭਰਾ ਪਿੰਡ ਵੱਲ ਨੂੰ ਤੁਰ ਪਏ। ਜਾਂਦੇ ਜਾਂਦੇ ਉਨ੍ਹਾਂ ਨੇ ਇੱਕ ਵਾਰੀ ਚੰਦ ਵੱਲ ਤੱਕਿਆ। ਉਨ੍ਹਾਂ ਨੂੰ ਜਾਪਿਆ ਜਿਵੇਂ ਚੰਦ ਵੀ ਉਨ੍ਹਾਂ ਦੇ ਪੇਟ ਭਰੇ ਹੋਏ ਦੇਖ ਕੇ ਖੁਸ਼ ਹੋ ਗਿਆ ਹੋਵੇ ਤੇ ਅੱਜ ਦੀ ਰਾਤ ਤੋਂ ਬਾਅਦ ਸ਼ੁਰੂ ਹੋਣ ਵਾਲੇ ਜੀਵਨ ਲਈ ਖੁਸ਼ ਆਮਦੀਦ ਕਹਿ ਰਿਹਾ ਹੋਵੇ। ਸਾਰੀ ਦੁਨੀਆਂ ਤੋਂ ਬੇਖਬਰ ਉਹ ਚੰਦ ਵੱਲ ਦੇਖਦੇ ਰਸਤੇ ਦੀ ਧੁੱਦਲ ਨਿੱਕੇ ਨਿੱਕੇ ਪੈਰਾਂ ਨਾਲ ਉਡਾਉਂਦੇ ਹੋਏ ਬੇਖੌਫ਼ ਆਪਣੇ ਕੋਠੇ ਵੱਲ ਨੂੰ ਵਧ ਰਹੇ ਸਨ। ਉਹਨਾਂ ਨੂੰ ਜਾਪ ਰਿਹਾ ਸੀ ਕਿ ਅੱਜ ਦੀ ਰਾਤ ਤੋਂ ਬਾਅਦ ਜਿਵੇਂ ਚੰਦ ਹੀ ਉਨ੍ਹਾਂ ਦੀ ਰੋਟੀ ਹੋਵੇ।
(ਸਮਾਪਤ)
*****
(18 ਜੂਨ 2008 ਸੂਰਜ ਯੂਨੀਕੋਡ)

ਅਮਨ ਪਾਲ ਸਾਰਾ (ਬਰਨਬੀ, ਬੀ.ਸੀ. ,ਕੈਨੇਡਾ) ਦੀਆਂ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

 

ਲਿਖਾਰੀ
Likhari


? likhari: Punjabi Likhari Forum-2001-2008

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.