ਜਦ ਤੋਂ ਇਸ ਸੰਸਾਰ ਦੀ ਹੋਂਦ ਹੋਈ ਹੈ ਉਸ ਵਕਤ ਤੋਂ ਹੀ ਮਨੁਖ ਆਪਣੇ ਵਿਚਾਰਾਂ
ਤੇ ਆਸ ਪਾਸ ਦੀਆਂ ਖਬਰਾਂ ਨੂੰ ਆਪਣੇ ਸਮਾਜ ਦੇ ਲੋਕਾਂ ਪਾਸ ਪਹੁੰਚਾਉਣ ਲਈ ਵੱਖ
ਵੱਖ ਸਾਧਨਾਂ ਦਾ ਇਸਤੇਮਾਲ ਕਰਦਾ ਆ ਰਿਹਾ ਹੈ। ਅਖਬਾਰਾਂ ਦੇ ਹੋਂਦ ਵਿਚ ਆਉਣ ਦੇ
ਪਿਛੋਕੜ ਬਾਰੇ ਇਤਿਹਾਸਕ ਅੰਕੜਿਆਂ ਅਨੁਸਾਰ ਪਹਿਲੀ ਸਦੀ ਦੇ ਮੱਧ ਵਿਚ ਜੂਲੀਅਸ
ਸੇਈਸਾਰ ਨਾਮ ਦੇ ਵਿਅਕਤੀ ਨੇ ਰੋਮਨ ਐਕਟਾ ਡੀਯੂਰਨਾ ਨਾਮ ਦੀ ਅਖਬਾਰ ਦੀ
ਪ੍ਰਕਾਸ਼ਨਾ ਅਰੰਭ ਕੀਤੀ ਸੀ। ਇਹ ਅਖਬਾਰ ਕਿਸੇ ਕਾਗਜ ਦੇ ਪੇਪਰ ਉਪਰ ਪ੍ਰਕਾਸ਼ਤ ਨਹੀਂ
ਹੁੰਦੀ ਸੀ ਸਗੋਂ ਇਸ ਅਖਬਾਰ ਦੀਆਂ ਖਬਰਾਂ ਤੇ ਸੁਨੇਹਿਆਂ ਨੂੰ ਗੱਤੇ ਉਪਰ ਲ਼ਿਖ
ਕੇ ਵੱਖ ਥਾਂਵਾਂ ਉਪਰ ਲਟਕਾਇਆ ਜਾਂਦਾ ਸੀ।ਅਠਵੀਂ ਸਦੀ ਦੇ ਸ਼ੁਰੂ ਵਿਚ ਚੀਨ ਦੇ
ਸ਼ਹਿਰ ਬੀਜਿੰਗ ਵਿਚ ਹਥ ਲਿਖਤ ਦੀ ਪ੍ਰਕਾਸ਼ਨਾ ਵਾਲਾ ਪਹਿਲਾ ਅਖਬਾਰ ਪ੍ਰਕਾਸ਼ਤ ਹੋਣਾ
ਸ਼ੁਰੂ ਹੋਇਆ।
ਸਮੇਂ
ਦੀ ਰਫਤਾਰ ਨਾਲ ਸੰਨ 1447 ਵਿਚ ਜੌਹਨ ਗੂਟਨਬਰਗ ਨਾਮ ਦੇ ਵਿਅਕਤੀ ਨੇ
ਪ੍ਰਿੰਟਿੰਗ ਪ੍ਰੈਸ ਦੀ ਖੋਜ ਕਰ ਲਈ ਜਿਸਦੇ ਨਾਲ ਵਰਤਮਾਨ ਅਖਬਾਰੀ ਯੁਗ ਦਾ ਅਰੰਭ
ਹੋਇਆ। ਪ੍ਰਿਟਿੰਗ ਪ੍ਰੈਸ ਦੇ ਹੋਂਦ ਵਿਚ ਆਉਣ ਦੇ ਕਾਰਣ ਹੀ ਸਤਾਰਵੀਂ ਸਦੀ ਦੇ
ਅੱਧ ਤਕ ਵੱਖ ਵੱਖ ਅਖਬਾਰਾਂ ਨੇ ਆਪਣੀਆਂ ਅਖਬਾਰਾਂ ਦੀ ਲਗਾਤਾਰ ਪ੍ਰਕਾਸ਼ਨਾ ਆਰੰਭ
ਕਰ ਦਿਤੀ। ਅਖਬਾਰੀ ਦੁਨੀਆਂ ਦੇ ਇਤਿਹਾਸ ਵਿਚ ਪੰਜਾਬੀ ਭਾਸ਼ਾ ਦੀਆਂ ਅਖਬਾਰਾਂ ਨੇ
ਵੀ ਆਪਣਾ ਬਣਦਾ ਯੋਗਦਾਨ ਪਾਉਣਾ ਸ਼ੁਰੂ ਕਰ ਦਿਤਾ।
ਕਿਸੇ ਵੀ ਕੌਮ ਦੇ ਸਰਬਪੱਖੀ ਵਿਕਾਸ ਵਿਚ ਪੱਤਰਕਾਰੀ ਦਾ ਅਹਿਮ ਰੋਲ ਹੁੰਦਾ ਹੈ।
ਸਾਫ਼ ਸੁਥਰੀ ਪੱਤਰਕਾਰੀ ਨਾਲ ਸਾਫ਼ ਸੁਥਰੇ ਅਕਸ ਵਾਲੇ ਸਮਾਜ ਦੀ ਉਸਾਰੀ ਕੀਤੀ ਜਾ
ਸਕਦੀ ਹੈ। ਇਸ ਲਈ ਪੰਜਾਬੀ ਪੱਤਰਕਾਰੀ ਨੇ ਸਮੇਂ ਸਮੇਂ ਅਨੁਸਾਰ ਪੰਜਾਬੀ ਸਮਾਜ
ਦੇ ਸਰਬਪੱਖੀ ਵਿਕਾਸ ਵਿਚ ਆਪਣਾ ਬਣਦਾ ਯੋਗਦਾਨ ਪਾਇਆ ਹੈ। ਇਸ ਲਈ ਵੱਖ-ਵੱਖ
ਮੌਕਿਆਂ ‘ਤੇ ਪੰਜਾਬੀ ਦੇ ਅਖ਼ਬਾਰਾਂ ਤੇ ਰਸਾਲਿਆਂ ਦੀ ਪ੍ਰਕਾਸ਼ਨਾ ਹੁੰਦੀ ਰਹੀ
ਹੈ। ਸੰਨ 1840 ਵਿਚ ਲੁਧਿਆਣਾ ਦੇ ਕਰਿਸ਼ਚੀਅਨ ਮਿਸ਼ਨ ਵਲੋਂ ਸਪਾਂਸਰ ਕੀਤੇ ਗਏ ਇਕ
ਅਜਿਹੇ ਪੰਜਾਬੀ ਅਖ਼ਬਾਰ ਦੀ ਪ੍ਰਕਾਸ਼ਨਾ ਸ਼ੁਰੂ ਹੋਈ ਜਿਸ ਨੂੰ ਕਰਿਸ਼ਚੀਅਨ ਮਿਸ਼ਨ ਦੀ
ਆਪਣੀ ਹੀ ਪ੍ਰੈਸ ਵਿਚ ਪ੍ਰਕਾਸ਼ਤ ਕੀਤਾ ਜਾਂਦਾ ਸੀ। ਇਸ ਅਖ਼ਬਾਰ ਦੀ ਪ੍ਰਕਾਸ਼ਨਾ
ਆਰੰਭ ਹੋਣ ਦੇ ਕਾਰਨ ਹੀ ਸੰਨ 1840 ਦੇ ਆਖਰੀ ਦਹਾਕੇ ਦੌਰਾਨ ਕਰਿਸ਼ਚਨ ਮਿਸ਼ਨ ਦੀ
ਇਹ ਪ੍ਰੈਸ ਸਾਹਿਤਕ ਸਰਗਰਮੀਆਂ ਦਾ ਕੇਂਦਰ ਬਣ ਗਈ ਸੀ। ਲੁਧਿਆਣਾ ਦੇ ਇਸ
ਕਰਿਸ਼ਚੀਅਨ ਮਿਸ਼ਨ ਨੇ ਪੰਜਾਬੀ ਪ੍ਰੈਸ ਦੇ ਭਵਿੱਖ ਵਿਚ ਵਿਕਾਸ ਕਰਨ ਦੀਆਂ
ਸੰਭਾਵਨਾਵਾਂ ਬਾਰੇ ਜਦ ਪਤਾ ਲਗਾਇਆ ਤਾਂ ਕਮਿਸ਼ਨ ਨੇ ਸੰਨ 1841 ਵਿਚ ਆਪਣੀ ਇਕ
ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਕਿ ਪੰਜਾਬੀ ਦੀ ਇਕ ਡਿਕਸ਼ਨਰੀ ਵੀ ਪ੍ਰਕਾਸ਼ਤ
ਕੀਤੀ ਜਾਵੇ। ਇਸੇ ਹੀ ਮੀਟਿੰਗ ਦੌਰਾਨ ਪੰਜਾਬੀ ਭਾਸ਼ਾ ਵਿਚ ਹੋਰ ਪੁਸਤਕਾਂ
ਪ੍ਰਕਾਸ਼ਤ ਕਰਨ ਦਾ ਵੀ ਫੈਸਲਾ ਕੀਤਾ ਗਿਆ। ਜਿਸ ਤਹਿਤ ਪੰਜਾਬ ਦੀ ਭੂਗੋਲਿਕ ਸਥਿਤੀ
ਬਾਰੇ ਸੰਨ 1850 ਵਿਚ ਇਕ ਪੁਸਤਕ ਪ੍ਰਕਾਸ਼ਤ ਕੀਤੀ ਗਈ ਤੇ ਸੰਨ 1851 ਵਿਚ ਪੰਜਾਬੀ
ਭਾਸ਼ਾ ਦੀ ਗਰਾਮਰ ਪ੍ਰਕਾਸ਼ਤ ਕਰਵਾਈ ਗਈ। ਇਸੇ ਪ੍ਰੈਸ ਤੋਂ ਛਪਣ ਵਾਲੇ ਪੰਜਾਬੀ ਦੇ
ਇਸ ਅਖ਼ਬਾਰ ਨੂੰ ਕਰਿਸ਼ਚੀਅਨ ਮਿਸ਼ਨ ਵਲੋਂ ਆਪਣੇ ਹੀ ਧਰਮ ਦੇ ਪ੍ਰਚਾਰ ਲਈ ਪ੍ਰਕਾਸ਼ਤ
ਕੀਤਾ ਜਾਂਦਾ ਰਿਹਾ। ਇਸ ਲਈ ਇਹ ਅਖ਼ਬਾਰ ਈਸਾਈ ਮਿਸ਼ਨ ਦਾ ਆਪਣਾ ਇਕ ਧਾਰਮਿਕ
ਨਿਰੋਲ ਅਖ਼ਬਾਰ ਹੀ ਹੋ ਨਿਬੜਿਆ। ਲੇਕਿਨ ਸਹੀ ਅਰਥਾਂ ਵਿਚ ਪੰਜਾਬੀ ਅਖ਼ਬਾਰ ਦੀ
ਪ੍ਰਕਾਸ਼ਨਾ ਸੰਨ 1867 ਵਿਚ ਹੀ ਆਰੰਭ ਹੋਈ। ਜਿਸ ਨੂੰ ਅੰਮ੍ਰਿਤਸਰ ਸ਼ਹਿਰ ਤੋਂ
ਪ੍ਰਕਾਸ਼ਤ ਕਰਨਾ ਆਰੰਭ ਕੀਤਾ ਗਿਆ ਤੇ ਇਸ ਅਖ਼ਬਾਰ ਦਾ ਨਾਮ ''ਅਖ਼ਬਾਰ ਸ੍ਰੀ ਦਰਬਾਰ
ਸਾਹਿਬ‘‘ ਰੱਖਿਆ ਗਿਆ। ਇਸ ਅਖ਼ਬਾਰ ਦੇ ਪ੍ਰਕਾਸ਼ਕਾਂ ਵਿਚ ਮੁਨਸ਼ੀ ਹਰੀ ਨਰਾਇਣ ਤੇ
ਫਰਾਇਆ ਲਾਲ ਦੇ ਨਾਮ ਵਰਣਨਯੋਗ ਹਨ। ਉਸ ਵਕਤ ਅਖ਼ਬਾਰ ਦੇ ਪਹਿਲੇ ਸਫ਼ੇ ਉਪਰ ਸ੍ਰੀ
ਦਰਬਾਰ ਸਾਹਿਬ ਅੰਮ੍ਰਿਤਸਰ ਦੀ ਡਰਾਇੰਗ ਪ੍ਰਕਾਸ਼ਤ ਕੀਤੀ ਜਾਂਦੀ ਸੀ। ਗੁਰਮੁਖੀ
ਟਾਈਪ ਦਾ ਪ੍ਰਬੰਧ ਨਾ ਹੋਣ ਕਾਰਨ ਅਖ਼ਬਾਰ ਦੇ ਪੰਨੇ ਹੱਥ ਲਿਖਤਾਂ ਨਾਲ ਹੀ
ਪ੍ਰਕਾਸ਼ਤ ਕੀਤੇ ਜਾਂਦੇ ਸਨ। ਸੰਨ 1875-1876 ਦੇ ਦੌਰਾਨ ''ਸੁਕਾਭ ਸੰਬਾਧਨੀ‘
ਤੇ ''ਅਖ਼ਬਾਰ ਕਵੀ ਚੰਨਦਰੋਗਿਆਂ ਦੀ ਪ੍ਰਕਾਸ਼ਨਾ ਆਰੰਭ ਹੋ ਗਈ। ਸਿੰਘ ਸਭਾ ਲਹਿਰ
ਦੇ ਪ੍ਰਭਾਵ ਹੇਠ ਪ੍ਰਕਾਸ਼ਤ ਹੋਣ ਵਾਲੇ ਅਖ਼ਬਾਰ ਲੋਕਾਂ ਦੀਆਂ ਭਾਵਨਾਵਾਂ ਦੇ
ਬਿਲਕੁਲ ਕਰੀਬ ਹੋ ਕੇ ਪ੍ਰਕਾਸ਼ਤ ਹੁੰਦੇ ਰਹੇ। ਜਿਨ੍ਹਾਂ ਨੇ ਉਸ ਵਕਤ ਦੇ ਪੰਜਾਬੀ
ਸਮਾਜ ਉਪਰ ਆਪਣਾ ਵਿਸ਼ੇਸ਼ ਪ੍ਰਭਾਵ ਪਾਇਆ। ਸੰਨ 1880 ਈਸਵੀ ਵਿਚ ਓਰੀਐਂਟਲ ਕਾਲਜ
ਲਾਹੌਰ ਵਿਚ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਭਾਈ ਗੁਰਮੁਖ ਸਿੰਘ ਨੇ ''ਖਾਲਸਾ
ਅਖ਼ਬਾਰ‘‘ ਨਾਮ ਦਾ ਇਕ ਹਫ਼ਤਾਵਾਰੀ ਪੰਜਾਬੀ ਅਖ਼ਬਾਰ ਸ਼ੁਰੂ ਕੀਤਾ। ਜਿਸ ਨੂੰ ਬਾਅਦ
ਵਿਚ ਪੰਜਾਬੀ ਦੇ ਉਚ ਕੋਟੀ ਦੇ ਸਾਹਿਤਕਾਰ ਤੇ ਕਵੀ ਗਿਆਨੀ ਦਿਤ ਸਿੰਘ ਨੇ ਆਪਣੇ
ਪ੍ਰਬੰਧ ਹੇਠ ਲੈ ਲਿਆ। ਇਸ ਸਦੀ ਦੌਰਾਨ ਪ੍ਰਕਾਸ਼ਤ ਹੋਣ ਵਾਲੀਆਂ ਅਖ਼ਬਾਰਾਂ ਤੇ
ਪੰਜਾਬੀ ਦੇ ਰਸਾਲਿਆਂ ਨੇ ਧਾਰਮਿਕ ਤੇ ਸਮਾਜਿਕ ਸੁਧਾਰਾਂ ਵੱਲ ਵਿਸ਼ੇਸ਼ ਤੌਰ ਤੇ
ਧਿਆਨ ਦਿੱਤਾ। ਲੇਕਿਨ ਰਾਜਨੀਤਕ ਤੌਰ ਤੇ ਇਹ ਅਖ਼ਬਾਰ ਸਰਕਾਰ ਦੇ ਸਮਰੱਥਕ ਹੀ ਬਣੇ
ਰਹੇ। ਦੇਸ਼ ਦੀ ਆਜ਼ਾਦੀ ਲਈ ਆਰੰਭ ਹੋਈ ਗ਼ਦਰ ਲਹਿਰ ਨੇ ਵੀ ਪੰਜਾਬੀ ਅਖ਼ਬਾਰਾਂ ਆਰੰਭ
ਕਰਨ ਵਿਚ ਆਪਣਾ ਬਣਦਾ ਯੋਗਦਾਨ ਪਾਇਆ। ਕਾਮਾਗਾਟਾਮਾਰੂ ਕਾਂਡ ਤੇ ਨਵੀਂ ਦਿੱਲੀ
ਦੀ ਗੁਰਦੁਆਰਾ ਰਕਾਬਗੰਜ ਦੀ ਚਾਰਦੀਵਾਰੀ ਨੂੰ ਸਰਕਾਰ ਵਲੋਂ ਢਾਹੁਣ ਵਰਗੀਆਂ
ਕਾਰਵਾਈਆਂ ਨੇ ਪੰਜਾਬੀ ਸਮਾਜ ਵਿਚ ਅਖ਼ਬਾਰਾਂ ਦੀ ਹੋਂਦ ਨੂੰ ਹੋਰ ਮਹਿਸੂਸ
ਕਰਵਾਇਆ। ਇਸ ਵਕਤ ਸਮਾਜ ਦੇ ਲੋਕਾਂ ਨੂੰ ਰਾਜਸੀ ਤੌਰ ਤੇ ਚੇਤੰਨ ਰੱਖਣ ਲਈ 'ਸ਼ਹੀਦ‘
ਪੰਥ ਸੇਵਕ ਤੇ ਪੰਜਾਬੀ ਸੂਰਮਾ ਵਰਗੇ ਅਖ਼ਬਾਰਾਂ ਦੀ ਪ੍ਰਕਾਸ਼ਨਾ ਆਰੰਭ ਹੋਈ। ਇਨ੍ਹਾਂ
ਵਿਚੋਂ 'ਸ਼ਹੀਦ‘ ਨਾਮ ਦਾ ਅਖ਼ਬਾਰ ਰੋਜ਼ਾਨਾ ਛਪਣਾ ਸ਼ੁਰੂ ਹੋਇਆ। ਉਧਰ ਲੋਕਾਂ ਵਿਚ ਆ
ਰਹੀ ਇਸ ਰਾਜਨੀਤਿਕ ਜਾਗ੍ਰਿਤੀ ਦਾ ਮੁਕਾਬਲਾ ਕਰਨ ਲਈ ਸਰਕਾਰ ਵਲੋਂ 'ਹੱਕ‘ ਨਾਮ
ਦੇ ਪੰਜਾਬੀ ਅਖ਼ਬਾਰ ਦੀ ਪ੍ਰਕਾਸ਼ਨਾ ਆਰੰਭ ਕਰ ਦਿੱਤੀ ਗਈ ਜਿਸ ਨੂੰ ਲਾਹੌਰ ਤੋਂ
ਪ੍ਰਕਾਸ਼ਤ ਕੀਤਾ ਜਾਂਦਾ ਰਿਹਾ ਤੇ ਇਸ ਅਖ਼ਬਾਰ ਦਾ ਪਹਿਲਾ ਸੰਪਾਦਕ ਖਾਨ ਅਬਦੁਲ
ਅਜ਼ੀਜ਼ ਨੂੰ ਬਣਾਇਆ ਗਿਆ। ਇਸੇ ਤਰ੍ਹਾਂ ਸੰਨ 1914 ਵਿਚ ਭਾਰਤ ਸਰਕਾਰ ਵਲੋਂ ਵੀ
ਇਕ 'ਫ਼ੌਜੀ ਅਖ਼ਬਾਰ‘ ਨਾਮ ਦੇ ਪਰਚੇ ਦੀ ਪ੍ਰਕਾਸ਼ਨਾ ਸ਼ੁਰੂ ਕਰ ਦਿੱਤੀ ਗਈ।
ਜ਼ਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਤੋਂ ਬਾਅਦ ਪੰਜਾਬੀ ਅਖ਼ਬਾਰਾਂ ਨੇ ਲੋਕਾਂ
ਵਿਚ ਸਰਕਾਰ ਵਿਰੁੱਧ ਨਫ਼ਰਤ ਤੇ ਗੁੱਸਾ ਆਦਿ ਪੈਦਾ ਕਰਨ ਲਈ ਜਿੱਥੇ ਆਪਣਾ
ਮਹੱਤਵਪੂਰਨ ਰੋਲ ਅਦਾ ਕੀਤਾ ਉੱਥੇ ਲੋਕਾਂ ਵਿਚ ਰਾਜਸੀ ਜਾਗ੍ਰਿਤੀ ਪੈਦਾ ਕਰਨ
ਵਿਚ ਵੀ ਇਹ ਅਖ਼ਬਾਰ ਪੂਰੀ ਤਰ੍ਹਾਂ ਸਫ਼ਲ ਰਹੇ। ਗੁਰਦੁਆਰਾ ਸੁਧਾਰ ਲਹਿਰ ਦੀ ਸਫ਼ਲਤਾ
ਵਿਚ ਵੀ ਇਨ੍ਹਾਂ ਅਖ਼ਬਾਰਾਂ ਨੇ ਬਹੁਤ ਵਧੀਆ ਹਿੱਸਾ ਪਾਇਆ। ਅਜਿਹੇ ਦੌਰ ਵਿਚ ਹੀ
ਬਹੁਤ ਸਾਰੇ ਅਜਿਹੇ ਰਾਜਸੀ ਲੀਡਰ ਵੀ ਪੈਦਾ ਹੋਏ ਜਿਨ੍ਹਾਂ ਨੇ ਰਾਜਨੀਤਕ ਤੌਰ
‘ਤੇ ਲੋਕਾਂ ਦਾ ਜੀਵਨ ਉਪਰ ਚੁੱਕਣ ਲਈ ਜਿੱਥੇ ਆਪਣਾ ਸੰਘਰਸ਼ ਕੀਤਾ ਉੱਥੇ ਇਹ
ਲੀਡਰ ਪੱਤਰਕਾਰੀ ਦੇ ਖੇਤਰ ਵਿਚ ਵੀ ਆਪਣਾ ਵਧੀਆ ਯੋਗਦਾਨ ਪਾਉਣ ਵਿਚ ਸਫ਼ਲ ਰਹੇ।
ਇਨ੍ਹਾਂ ਆਗੂਆਂ ਵਿਚ ਹੋਰਨਾਂ ਤੋਂ ਇਲਾਵਾ ਸਰਦਾਰ ਸਰਦੂਲ ਸਿੰਘ ਕਵੀਸ਼ਰ, ਮਾਸਟਰ
ਤਾਰਾ ਸਿੰਘ, ਗਿਆਨੀ ਗੁਰਮੁਖ ਸਿੰਘ ਮੁਸਾਫਿਰ ਤੇ ਸ੍ਰ: ਸੋਹਣ ਸਿੰਘ ਜੋਸ਼ ਦੇ
ਨਾਮ ਸ਼ਾਮਲ ਹਨ। ਇਨ੍ਹਾਂ ਵਿਚ ਸ੍ਰ: ਸਰਦੂਲ ਸਿੰਘ ਕਵੀਸ਼ਰ 'ਸੰਗਤ‘ ਮੈਗਜ਼ੀਨ ਦੇ
ਸੰਪਾਦਕ ਹੁੰਦੇ ਸਨ। ਸੋਹਣ ਸਿੰਘ ਜੋਸ਼ 'ਸੰਸਾਰ‘ ਦੇ ਸੰਪਾਦਕ ਤੇ ਭਾਈ ਜੋਧ ਸਿੰਘ
ਚੀਫ਼ ਖਾਲਸਾ ਦੀਵਾਨ ਵਲੋਂ ਪ੍ਰਕਾਸ਼ਤ ਮੈਗਜ਼ੀਨ 'ਖਾਲਸਾ‘ ਦੇ ਸੰਪਾਦਕ ਸਨ। 'ਪ੍ਰੀਤ
ਲੜੀ‘ ਰਸਾਲੇ ਦੀ ਪ੍ਰਕਾਸ਼ਨਾ ਵੀ ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਇਕ ਮੀਲ
ਪੱਥਰ ਸਾਬਤ ਹੋ ਨਿਬੜੀ ਜਿਸ ਨੂੰ ਅਮਰੀਕਾ ਵਿਚੋਂ ਉੱਚ ਸਿੱਖਿਆ ਪ੍ਰਾਪਤ ਸ੍ਰ:
ਗੁਰਬਖਸ਼ ਸਿੰਘ ਵਲੋਂ ਪ੍ਰਕਾਸ਼ਤ ਕੀਤਾ ਜਾਂਦਾ ਰਿਹਾ ਹੈ। ਕਈ ਸਾਲਾਂ ਤੱਕ
ਅੰਮ੍ਰਿਤਸਰ ਸ਼ਹਿਰ ਪੰਜਾਬੀ ਮੀਡੀਏ ਦਾ ਕੇਂਦਰ ਬਣਿਆ ਰਿਹਾ। ਇਸ ਸ਼ਹਿਰ ਦਾ ਗੁਰੂ
ਰਾਮਦਾਸ ਸਰਾਏ ਬਜ਼ਾਰ ਪੰਜਾਬੀ ਰਸਾਲਿਆਂ ਅਤੇ ਅਖ਼ਬਾਰਾਂ ਦੇ ਗੜ੍ਹ ਵਜੋਂ ਜਾਣਿਆ
ਜਾਂਦਾ ਸੀ ਕਿਉਂਕਿ ਲਗਭਗ ਸਾਰੇ ਹੀ ਅਖ਼ਬਾਰਾਂ ‘ਤੇ ਰਸਾਲਿਆਂ ਦੇ ਦਫ਼ਤਰ ਇਸੇ ਹੀ
ਬਜ਼ਾਰ ਵਿਚ ਸਨ। ਪੰਜਾਬ ਅੰਦਰ ਉਰਦੂ ਤੇ ਅੰਗਰੇਜ਼ੀ ਭਾਸ਼ਾ ਦੇ ਵਿਕਾਸ ਹੋਣ ਦੇ ਨਾਲ
ਬਹੁਤ ਸਾਰੇ ਪੰਜਾਬੀ ਅਖ਼ਬਾਰ ਜਲੰਧਰ, ਲੁਧਿਆਣਾ, ਪਟਿਆਲਾ ਤੇ ਦਿੱਲੀ ਆਦਿ ਸ਼ਹਿਰਾਂ
ਵਿਚੋਂ ਪ੍ਰਕਾਸ਼ਤ ਹੋਣੇ ਸ਼ੁਰੂ ਹੋ ਗਏ। ਜਿੱਥੋਂ ਅੱਜ ਵੀ ਬਹੁਤ ਸਾਰੇ ਪੰਜਾਬੀ ਦੇ
ਰੋਜ਼ਾਨਾ ਅਖ਼ਬਾਰ ਪ੍ਰਕਾਸ਼ਤ ਹੋ ਰਹੇ ਹਨ। ਜਲੰਧਰ ਸ਼ਹਿਰ ਇਸ ਵੇਲੇ ਮੀਡੀਏ ਦਾ
ਕੇਂਦਰ ਸਮਝਿਆ ਜਾਂਦਾ ਹੈ। ਲੇਕਿਨ ਪੰਜਾਬੀ ਅਖ਼ਬਾਰਾਂ ਦੇ ਪ੍ਰਕਾਸ਼ਨ ਹੋਣ ਵਾਲੀ
ਗਿਣਤੀ ਦੂਸਰੀਆਂ ਅਖ਼ਬਾਰਾਂ ਦੇ ਮੁਕਾਬਲੇ ਤੇ ਬਹੁਤ ਥੋੜ੍ਹੀ ਹੈ। ਜਿਸ ਕਾਰਨ ਅੱਜ
ਦੇਸ਼ ਭਰ ਵਿਚ ਪ੍ਰਕਾਸ਼ਤ ਹੋਣ ਵਾਲੀ ਹਿੰਦੋਸਤਾਨ ਟਾਈਮਜ਼ ਨਾਮ ਦੀ ਰੋਜ਼ਾਨਾ ਅਖ਼ਬਾਰ
10,47,346 ਦਾ ਛਪਣ ਗਿਣਤੀ ਪਾਰ ਕਰ ਚੁੱਕੀ ਹੈ।
ਜਦ ਕਿ 'ਟਾਈਮਜ਼ ਆਫ ਇੰਡੀਆ‘ ਵਰਗੀ ਅਖ਼ਬਾਰ ਸੰਨ 2000 ਵਿਚ ਆਪਣੀ ਛਪਣ ਗਿਣਤੀ ਦਾ
ਅੰਕੜਾ 16,87,099 ਤੋਂ ਵੀ ਪਾਰ ਕਰ ਚੁੱਕੀ ਸੀ। ਲੇਕਿਨ ਪੰਜਾਬੀ ਦੀਆਂ ਰੋਜ਼ਾਨਾ
ਛਪਣ ਵਾਲੀਆਂ ਅਖ਼ਬਾਰਾਂ ਦੀ ਪ੍ਰਕਾਸ਼ਨ ਗਿਣਤੀ ਇਨ੍ਹਾਂ ਅਖ਼ਬਾਰਾਂ ਦੀ ਪ੍ਰਕਾਸ਼ਨ
ਗਿਣਤੀ ਤੋਂ ਬਹੁਤ ਘੱਟ ਹੈ। ਇਸ ਦਾ ਵੱਡਾ ਕਾਰਨ ਪੰਜਾਬੀ ਦੇ ਸੁਹਿਰਦ ਪਾਠਕਾਂ
ਦੀ ਘਾਟ ਸਮਝਿਆ ਜਾ ਰਿਹਾ ਹੈ। ਪੰਜਾਬੀ ਬੋਲਣ ਵਾਲੇ ਪਰਿਵਾਰ ਪੰਜਾਬੀ ਮਾਂ ਬੋਲੀ
ਨੂੰ ਅਨਪੜ੍ਹਾਂ ਦੀ ਬੋਲੀ ਸਮਝਣ ਲੱਗ ਪਏ ਹਨ ਜਿਸ ਕਾਰਨ ਉਹ ਅੰਗਰੇਜ਼ੀ ਭਾਸ਼ਾ ਨੂੰ
ਅਪਣਾ ਕੇ ਆਪਣਾ 'ਸ਼ੋਸ਼ਲ ਸਟੇਟਸ‘ ਬਣਾਉਣ ਨੂੰ ਹੀ ਪਹਿਲ ਦੇ ਰਹੇ ਹਨ। ਅੱਜ ਦੇ
ਯੁੱਗ ਵਿਚ ਪੰਜਾਬੀ ਦੇ ਪਾਠਕਾਂ ਵਿਚ ਉਨ੍ਹਾਂ ਲੋਕਾਂ ਦੀ ਗਿਣਤੀ ਆਉਂਦੀ ਹੈ
ਜਿਹੜੇ ਪੰਜਾਬੀ 20 ਸਾਲ ਦੀ ਉਮਰ ਪਾਰ ਕਰ ਚੁੱਕੇ ਹਨ। ਨੌਜਵਾਨ ਪੀੜੀ ਦਾ ਪੰਜਾਬੀ
ਪੜ੍ਹਨ ਤੇ ਬੋਲਣ ਵੱਲ ਦੇ ਪਾਸੇ ਵੱਲ ਰੁਝਾਨ ਬਿਲਕੁਲ ਖ਼ਤਮ ਹੋ ਰਿਹਾ ਹੈ। ਜਿਹੜੇ
ਪੰਜਾਬੀ ਦੇ ਪਾਠਕ ਪੰਜਾਬੀ ਦੀਆਂ ਅਖ਼ਬਾਰਾਂ ਤੇ ਰਸਾਲੇ ਪੜ੍ਹਨ ਦਾ ਸ਼ੌਂਕ ਰੱਖਦੇ
ਹਨ ਉਨ੍ਹਾਂ ਵਿਚੋਂ ਵੀ ਜ਼ਿਆਦਾ ਗਿਣਤੀ ਉਨ੍ਹਾਂ ਪਾਠਕਾਂ ਦੀ ਆਉਂਦੀ ਹੈ ਜਿਹੜੇ
ਮੁਫ਼ਤ ਦਾ ਪੰਜਾਬੀ ਸਾਹਿਤ ਤੇ ਅਖ਼ਬਾਰਾਂ ਪੜ੍ਹਨਾ ਹੀ ਜ਼ਿਆਦਾ ਪਸੰਦ ਕਰਦੇ ਹਨ। ਕਦੇ
ਕੋਈ ਅਜਿਹਾ ਵਕਤ ਵੀ ਹੁੰਦਾ ਸੀ ਜਦੋਂ ਹਰ ਇਕ ਪੰਜਾਬੀ ਪਰਿਵਾਰ ਆਪੋ ਆਪਣੇ
ਪਰਿਵਾਰਾਂ ਵਿਚ ਵਿਆਹ ਸ਼ਾਦੀਆਂ ਵਾਲੇ ਖੁਸ਼ੀ ਦੇ ਮੌਕਿਆਂ ਉਪਰ ਪੰਜਾਬੀ ਅਖ਼ਬਾਰਾਂ
ਤੇ ਰਸਾਲਿਆਂ ਲਈ ਦਸਵੰਧ ਦੀ ਰਕਮ ਕੱਢਿਆ ਕਰਦੇ ਸਨ। ਤਾਂ ਕਿ ਇਹ ਪੰਜਾਬੀ ਦੇ
ਅਖ਼ਬਾਰ ਤੇ ਰਸਾਲੇ ਆਪਣੇ ਆਰਥਿਕ ਬੋਝ ਥੱਲੇ ਦਬ ਕੇ ਨਾ ਰਹਿ ਜਾਣ। ਲੇਕਿਨ ਅੱਜ
ਦੇ ਪੰਜਾਬੀ ਪਾਠਕਾਂ ਦੀ ਹਾਲਤ ਬਿਲਕੁਲ ਵੱਖਰੀ ਹੈ। ਅੱਜ ਦਾ ਪੰਜਾਬੀ ਪਾਠਕ
ਪੰਜਾਬੀ ਦੇ ਅਖ਼ਬਾਰਾਂ ਤੇ ਰਸਾਲਿਆਂ ਨੂੰ ਕੋਈ ਆਰਥਿਕ ਸਹਾਇਤਾ ਤਾਂ ਦੇਣਾ ਇਕ
ਪਾਸੇ ਰਿਹਾ ਸਗੋਂ ਮੁੱਲ ਦੀ ਅਖ਼ਬਾਰ ਖਰੀਦ ਕੇ ਪੜ੍ਹਨ ਨੂੰ ਵੀ ਜ਼ਰੂਰੀ ਨਹੀਂ
ਸਮਝਦਾ। ਜੇਕਰ ਪੰਜਾਬੀ ਪਾਠਕਾਂ ਦਾ ਪੰਜਾਬੀ ਅਖ਼ਬਾਰਾਂ ਤੇ ਰਸਾਲਿਆਂ ਪ੍ਰਤੀ ਇਹ
ਰਵੱਈਆ ਹੀ ਰਿਹਾ ਤਾਂ ਪੰਜਾਬੀ ਪ੍ਰੈਸ ਦੇ ਭਵਿੱਖ ਬਾਰੇ ਕੋਈ ਕਿਆਸਰਾਈ ਕਰ ਸਕਣੀ
ਮੁਸ਼ਕਲ ਗੱਲ ਨਹੀਂ ਹੈ। ਅੱਜ ਬੜੀ ਭਾਰੀ ਸੰਖਿਆ ਵਿਚ ਵਿਦੇਸ਼ਾਂ ਵਿਚ ਪੰਜਾਬੀ
ਅਖ਼ਬਾਰ ਪ੍ਰਕਾਸ਼ਤ ਹੋ ਰਹੇ ਹਨ। ਲੇਕਿਨ ਇਨ੍ਹਾਂ ਅਖ਼ਬਾਰਾਂ ਦੇ ਪਾਠਕ ਵਰਗ ਵਿਚ ਵੀ
ਉਹ ਲੋਕ ਸ਼ਾਮਲ ਹਨ ਜਿਹੜੇ ਆਪਣੇ ਆਪ ਨੂੰ ਸਮਾਜਿਕ, ਰਾਜਸੀ ਤੇ ਧਾਰਮਿਕ ਤੌਰ ਤੇ
ਚੇਤੰਨ ਰਖਣਾ ਚਾਹੁੰਦੇ ਹਨ। ਵਿਦੇਸ਼ਾਂ ਵਿਚ ਵੀ ਅੱਜ ਦੀ ਨੌਜਵਾਨ ਪੀੜੀ ਪੰਜਾਬੀ
ਅਖ਼ਬਾਰਾਂ ਤੇ ਰਸਾਲੇ ਪੜ੍ਹਨ ਦੀ ਬਿਲਕੁਲ ਰੁਚੀ ਨਹੀਂ ਰੱਖ ਰਹੀ। ਕਦੇ ਕਿਸੇ
ਸਟੋਰ ਜਾਂ ਗੁਰਦੁਆਰਾ ਸਾਹਿਬ ਅੰਦਰ ਦਸ ਮਿੰਟ ਖੜ੍ਹੇ ਹੋ ਕੇ ਵੇਖੋ ! ਪੰਜਾਬੀ
ਦਾ ਅਖ਼ਬਾਰ ਉਸੇ ਹੀ ਪਾਠਕ ਦੇ ਹੱਥ ਵਿਚ ਹੋਵੇਗਾ ਜਿਹੜਾ ਪਾਠਕ ਆਪਣੀ ਜਵਾਨੀ ਦੀ
ਉਮਰ ਪਾਰ ਕਰ ਚੁੱਕਿਆ ਹੋਏਗਾ। ਜੇਕਰ ਤੁਸੀਂ ਕਿਸੇ ਨੌਜਵਾਨ ਪੰਜਾਬੀ ਦੇ ਹੱਥ
ਪੰਜਾਬੀ ਦਾ ਅਖਬਾਰ ਦੇਖ ਲਵੋਗੇ ਤਾਂ ਇਹ ਅਖਬਾਰ ਉਸਦੇ ਆਪਣੇ ਪੜਨ ਲਈ ਨਹੀਂ
ਹੋਵੇਗਾ ਸਗੋਂ ਇਹ ਉਸਦੇ ਘਰ ਵਿਚ ਕਿਸੇ ਬਜੁਰਗ ਦੇ ਪੜਨ ਲਈ ਹੀ ਇਹ ਅਖਬਾਰ ਹੋਏਗਾ।
ਜਦ ਸਾਡੀ ਇਹ ਨੌਜਵਾਨ ਪੀੜੀ ਆਪਣੀ ਬਿਰਧ ਅਵਸਥਾ ਵਿਚ ਜਾਏਗੀ ਤੇ ਅੱਜ ਦੇ ਪੰਜਾਬੀ
ਪਾਠਕ ਇਸ ਸੰਸਾਰ ਤੋਂ ਕੂਚ ਕਰ ਗਏ ਹੋਣਗੇ ਉਸ ਵਕਤ ਪੰਜਾਬੀ ਦਾ ਪਾਠਕ ਕਿਹੜਾ
ਬਚੇਗਾ? ਇਹ ਸਾਡੀ ਚਿੰਤਾ ਦਾ ਵਿਸ਼ਾ ਹੈ? ਇਸ ਮਸਲੇ ਤੇ ਵਿਚਾਰ ਕਰਦੇ ਸਮੇਂ ਸਾਨੂੰ
ਤਾਂ ਇਹੋ ਹੀ ਦਿਖਾਈ ਦੇ ਰਿਹਾ ਹੈ ਕਿ ਜਿਸ ਤਰਾਂ ਅਜ ਅਸੀਂ ਆਪਣੇ ਬਜੁਰਗਾਂ ਬਾਰੇ
ਗਲਬਾਤ ਕਰਦਿਆਂ ਅਕਸਰ ਇਹ ਗਲਾਂ ਕਰਦੇ ਸਾਹ ਨਹੀਂ ਲੈਂਦੇ ਕਿ ਸਾਡੇ ਬਜਰੁਗ ਇਕੋ
ਚੀਘ ਲਾ ਕੇ ਦੇਸੀ ਘਿਉ ਦਾ ਛੰਨਾ ਪੀ ਜਾਂਦੇ ਸਨ, ਬਲਦਾਂ ਦੀਆਂ ਟਲੀਆਂ ਦੀ ਅਵਾਜ
ਤੇ ਹਲਟਾਂ ਦੇ ਕੁਤਿਆਂ ਦੀ ਟਨਟਨ ਸੁਣ ਕੇ ਸਾਡੇ ਬਜੁਰਗ ਆਪੋ ਆਪਣਾ ਕਾਰੋਬਾਰ
ਸ਼ੁਰੂ ਕਰਦੇ ਹੁੰਦੇ ਸਨ । ਜਦ ਅਸੀਂ ਅਪਣੇ ਬਜੁਰਗਾਂ ਦੀਆਂ ਅਜਿਹੀਆਂ ਗਲਾਂ ਆਪਣੀ
ਵਰਤਮਾਨ ਪੀੜੀ ਨਾਲ ਕਰਦੇ ਹਾਂ ਤਾਂ ਸੁਣਨ ਵਾਲੇ ਨੂੰ ਇਹ ਸਭ ਕੁਝ ਅਜੀਬ ਜਿਹਾ
ਲਗਦਾ ਹੈ। ਹੁਣ ਸਾਡੀ ਚਿੰਤਾ ਇਹ ਹੈ ਕਿ ਅਜ ਤੋਂ ਕੁਝ ਸਾਲ ਬਾਅਦ ਹੀ ਸਾਡੀ ਅਗਲੀ
ਪੀੜੀ ਸਾਡੇ ਬਾਰੇ ਇਹ ਗਲ ਕਰਨ ਸਮੇਂ ਇਹ ਗਲ ਮਾਣ ਨਾਲ ਕਿਹਾ ਕਰੇਗੀ ਕਿ ਸਾਡੇ
ਬਜੁਰਗ ਘਰ ਵਿਚ ਤੇ ਆਪਣੇ ਕੰਮਾਂ ਕਾਰਾਂ ਉਪਰ ਪੰਜਾਬੀ ਵਿਚ ਹੀ ਗਲਬਾਤ ਕਰਿਆ
ਕਰਦੇ ਸਨ ਤੇ ਉਸ ਵਕਤ ਸੁਣਨ ਵਾਲਿਆਂ ਨੂੰ ਇਹ ਗਲਾਂ ਵੀ ਅਜੀਬ ਹੀ ਲਗਣਗੀਆਂ।
ਅਜਿਹੀ ਸਥਿਤੀ ਵਿਚ ਪੰਜਾਬੀ ਪੱਤਰਕਾਰੀ ਦਾ ਭਵਿੱਖ ਕਿਹੋ ਜਿਹਾ ਹੋਵੇਗਾ ਜਿਸ
ਬਾਰੇ ਪੰਜਾਬੀ ਦੇ ਸੂਝਵਾਨ ਪਾਠਕਾਂ, ਲੇਖਕਾਂ, ਸਾਹਿਤਕਾਰਾਂ ਨੂੰ ਡੂੰਘੀ ਸੋਚ
ਵਿਚਾਰ ਕਰਨ ਦੀ ਲੋੜ ਹੈ।
1-ਜੇਕਰ ਤੁਹਾਡੀ ਇਕ ਲਿਖਤ ਤੁਹਾਡੇ ਪਾਠਕਾਂ ਦੀਆਂ ਅਖਾਂ ਨੂੰ ਨਹੀਂ ਛੂੰਹਦੀ
ਤਾਂ ਤੁਹਾਨੂੰ ਦੂਸਰੀ ਲਿਖਤ ਲਿਖਣ ਦੀ ਲੋੜ ਨਹੀਂ
2-ਜਦ ਕੁਤਾ ਆਦਮੀ ਨੂੰ ਕਟਦਾ ਹੈ ਤਾਂ ਇਹ ਗਲ
ਅਖਬਾਰੀ ਪੰਨਿਆਂ ਦਾ ਸਿੰਗਾਰ ਨਹੀਂ ਹੋਣੀ ਚਾਹੀਦੀ। ਲੇਕਿਨ ਜੇਕਰ ਆਦਮੀ ਕੁਤੇ
ਨੂੰ ਕਟਦਾ ਹੈ ਤਾਂ ਅਖਬਾਰ ਲਈ ਇਹ ਇਕ ਮਹੱਤਵਪੂਰਣ ਖਬਰ ਹੈ
3-ਥੌਮਸ
ਜੈਫਰਸਨ ਅਨੁਸਾਰ ਜੇਕਰ ਉਸਨੂੰ ਪੁਛ ਲਿਆ ਜਾਵੇ ਕਿ ਕੀ ਸਰਕਾਰ ਅਖਬਾਰ ਤੋਂ ਬਗੈਰ
ਹੋਣੀ ਚਾਹੀਦੀ ਹੈ ਜਾਂ ਫਿਰ ਅਖਬਾਰ ਸਰਕਾਰ ਤੋਂ ਬਗੈਰ ਹੋਣੇ ਚਾਹੀਦੇ ਹਨ ਤਾਂ
ਉਹ ਸਰਕਾਰ ਤੋਂ ਬਗੈਰ ਅਖਬਾਰ ਵਾਲੀ ਗਲ ਨੂੰ ਪਸੰਦ ਕਰਨਗੇ
4-ਕਲਮ
ਦੀ ਤਾਕਤ ਤਲਵਾਰ ਦੀ ਤਾਕਤ ਨਾਲੋਂ ਕਿਤੇ ਜਿਆਦਾ ਹੈ
5-ਨਿਊਜਪੇਪਰ ਦੀ ਪਰਿਭਾਸ਼ਾ ਦੂਸਰੇ ਸ਼ਬਦ ਪੇਪਰ
ਨਾਲ ਨਹੀਂ ਦਿਤੀ ਜਾ ਸਕਦੀ ਸਗੋਂ ਇਸ ਦੀ ਪ੍ਰੀਭਾਸ਼ਾ ਪਹਿਲੇ ਸ਼ਬਦ ਨਿਊਜ ਨਾਲ ਹੀ
ਦਿਤੀ ਜਾ ਸਕਦੀ।
****
(19
ਜੂਨ 2008)
ਸਤਨਾਮ ਸਿੰਘ ਚਾਹਲ ਦੀ ਲਿਖਾਰੀ ਵਿੱਚ
ਪ੍ਰਕਾਸ਼ਿਤ ਹੋਰ ਰਚਨਾ ਪੜ੍ਹਨ ਲਈ ਕਲਿੱਕ ਕਰੋ:
ਪੰਜਾਬ
ਵਿਚ ਹੋ ਰਹੇ ਪਰਵਾਸੀ ਸੰਮੇਲਨ: ਕੋਈ ਵੀ ਸਰਕਾਰ ਜਾਂ ਸੰਸਥਾ ਪਰਵਾਸੀ ਪੰਜਾਬੀਆਂ
ਦੀਆਂ ਸਮਿੱਸਆਵਾਂ ਦੇ ਹੱਲ ਲਈ ਗੰਭਿਰ ਨਹੀਂ ਪਰਵਾਸੀ ਸੰਮੇਲਨ ਰਾਹੀਂ ਸੁਰਖੀਆਂ
ਬਟੋਰਨੀਆਂ ਸਮਿੱਸਆਵਾਂ ਦਾ ਹੱਲ ਨਹੀਂ---ਸਤਨਾਮ
ਸਿੰਘ ਚਾਹਲ, ਮੁੱਖ ਸੰਪਾਦਕ,ਪੰਜਾਬ ਨੀਊਜ਼ ਵੀਕਲੀ