ਮੇਰੇ ਬਚਪਨ ਦੇ ਦਿਨਾਂ ਵਿਚ ਮੇਲੇ ਜਾਣ ਦਾ ਵੀ ਅਨੋਖਾ ਚਾਅ ਹੁੰਦਾ ਸੀ। ਘਰ
ਵਿਚ ਕਿੰਨੀ ਤੰਗੀ ਹੋਵੇ, ਰੋਟੀ ਮਿਲੇ ਜਾਂ ਨਾ, ਕਪੜੇ ਪਾਟੇ ਪੁਰਾਣੇ ਸਾਰਾ
ਸਾਲ ਰਹਿਣ, ਸਰ ਜਾਂਦਾ ਸੀ, ਪਰ ਮੇਲੇ ਦੇਖਣ ਬਿਨਾ ਨਹੀਂ ਸਰਦਾ ਸੀ। ਅਸੀਂ
ਸਾਲ ਦੇ ਉਨ੍ਹਾਂ ਦਿਨਾਂ ਦੀ ਉਡੀਕ ਬੜੇ ਉਤਸ਼ਾਹ ਨਾਲ ਕਰਦੇ ਹੁੰਦੇ ਸਾਂ,
ਜਿਨ੍ਹਾਂ ਦਿਨਾਂ ਵਿਚ ਸਾਡੇ ਪਿੰਡ ਦੇ ਨੇੜੇ ਦੇ ਦੋ ਪਿੰਡਾਂ ਵਿਚ ਮੇਲੇ
ਲੱਗਦੇ ਸਨ, ਇਹ ਮੇਲੇ ਸਨ ਵਿਸਾਖੀ ਤੇ ਦਸਹਿਰਾ। ਵਸਾਖੀ ਦਾ ਮੇਲਾ ਪਿੰਡ
ਝੰਡੇਰ ਕਲਾਂ ਵਿਚ ਲਗਦਾ ਸੀ ਤੇ ਦਸਹਿਰੇ ਦਾ ਮੇਲਾ ਪਿੰਡ ਕਲੇਰਾਂ ਵਿਚ।
ਝੰਡੇਰ ਕਲਾਂ ਤਾਂ ਸਾਡੇ ਪਿੰਡ ਤੋਂ ਮੀਲ ਕੁ ਦੀ ਵਿੱਥ ਤੇ ਸੀ ਤੇ ਕਲੇਰਾਂ
ਦੋ ਕੁ ਮੀਲ ਦੀ ਵਿੱਥ ਤੇ।
ਸਾਡੇ ਪਿੰਡ ਦੇ ਪੰਡਤ ਸ੍ਰੀ ਰਾਮ ਕੋਲ ਬੈਲ-ਗੱਡੀ ਹੁੰਦੀ ਸੀ। ਮੇਲੇ ਦੇ
ਦਿਨਾਂ ਵਿਚ ਉਹ ਇਹ ਗੱਡੀ ਸਵਾਰੀਆਂ ਢੋਣ ਲਈ ਵਰਤਦਾ ਸੀ। ਸਾਰਾ ਦਿਨ ਉਹਦੀ
ਗੱਡੀ ਮੇਲੇ ਤੋਂ ਪਿੰਡ ਤੇ ਪਿੰਡ ਤੋਂ ਮੇਲੇ ਵਲ ਚਲਦੀ ਰਹਿੰਦੀ ਸੀ।
ਕਿਰਾਇਆ ਉਹ ਇੱਕ ਪੈਸਾ ਪ੍ਰਤੀ ਸਵਾਰੀ ਲੈਂਦਾ ਸੀ, ਅਸੀਂ ਕਦੀ ਵੀ ਉਹਦੀ
ਗੱਡੀ ਵਿਚ ਨਹੀਂ ਚੜ੍ਹੇ ਸਾਂ। ਮੇਲੇ ਦਾ ਚਾਅ ਹੀ ਇੰਨਾ ਹੁੰਦਾ ਸੀ ਕਿ
ਹੱਸਦਿਆਂ ਖੇਲਦੀਆਂ ਹੀ ਮੇਲੇ ਵਿਚ ਜਾ ਪੁੱਜੀਦਾ ਸੀ।
ਮੇਲੇ ਦੇ ਖਰਚ ਲਈ ਘਰੋਂ ਇਕ ਆਨਾ ਮਿਲਦਾ ਹੁੰਦਾ ਸੀ। ਬਹੁਤੀ ਵੇਰ ਮੇਰੀਆਂ
ਦੋਵੇਂ ਭੈਣਾਂ ਵੀ ਨਾਲ ਹੁੰਦੀਆਂ ਸਨ। ਮਾਂ ਨੇ ਬੜੀ ਭੈਣ ਨੂੰ ਚਾਰ ਆਨੇ
ਦੇਣੇ। ਉਹਨੇ ਦੋ ਆਨਿਆਂ ਵਿਚ ਸਾਨੂੰ ਜਲੇਬੀਆਂ ਵੀ ਖਲ਼ਾ ਦੇਣੀਆਂ ਤੇ
ਪੀਪਣੀਆਂ ਜਿਹੀਆਂ ਵੀ ਲੈ ਦੇਣੀਆਂ। ਅਸੀਂ ਸਾਰੇ ਭੈਣ ਭਰਾ ਪੀਪਣੀਆਂ
ਵਜਾਉਂਦੇ ਚਾਈਂ ਚਾਈਂ ਸ਼ਾਮ ਨੂੰ ਘਰ ਆ ਵੜਦੇ ਸਾਂ। ਮਾਂ ਨੇ ਇਹ ਦੇਖ ਕੇ
ਖੁਸ਼ ਹੋ ਜਾਣਾ ਕਿ ਅਸੀਂ ਦੋ ਆਨੇ ਬਚਾ ਲਿਆਏ ਹਾਂ।
ਝੰਡੇਰਾਂ ਵਾਲਾ ਵਿਸਾਖੀ ਦਾ ਮੇਲਾ ਇੱਕ ਉੱਚੇ ਥੇਹ ਜਿਹੇ ਤੇ ਲਗਦਾ ਸੀ,
ਜਿਸਨੂੰ ਸੇਲਬ੍ਰਾਹ ਕਹਿੰਦੇ ਸਨ। ਉੱਥੇ ਆਮ ਲੋਕਾਂ ਦੇ ਜੀਵਨ ਵਾਂਗ ਸਭ
ਕੁੱਝ ਬੇਤਰਤੀਬਾ ਸੀ। ਚੜ੍ਹਦੇ ਵਲ ਨੂੰ ਜਾਂਦਿਆਂ ਜਲੇਬੀਆਂ ਲੱਡੂਆਂ ਦੀਆਂ
ਦੁਕਾਨਾਂ ਲੱਗੀਆਂ ਹੁੰਦੀਆਂ ਸਨ ਤੇ ਰਾਹ ਦੇ ਦੂਜੇ ਪਾਸੇ ਵੰਗਾਂ, ਚੂੜੀਆਂ,
ਸ਼ੀਸ਼ੇ ਕੰਘੀਆਂ ਆਦਿ ਦੀਆਂ ਦੁਕਾਨਾਂ ਹੁੰਦੀਆਂ ਸਨ। ਕੀ ਨਹੀਂ ਵਿਕਦਾ
ਹੁੰਦਾ ਸੀ ਮੇਲੇ ਵਿਚ? ਕਿਤੇ ਕੋਈ ਮਸ਼ੀਨ ਜਿਹੀ ਨਾਲ ਸਰੀਰ ਤੇ ਉਕਰਾਈ ਕਰਨ
ਵਾਲਾ ਬੈਠਾ ਹੁੰਦਾ ਸੀ। ਕੁੜੀਆਂ ਠੋਡੀ ਤੇ ਨੁਕਤਾ ਜਿਹਾ ਉਕਰਾਉਂਦੀਆਂ ਸਨ
ਤੇ ਮੁੰਡੇ ਪੱਟਾਂ ਤੇ ਮੋਰਨੀਆਂ ਤੇ ਬਾਂਹਾਂ ਤੇ ਓਮ ਜਾਂ ਓਅੰਕਾਰ
ਲਿਖਾਉਂਦੇ ਸਨ। ਕਈ ਮਨਚਲੇ ਬਾਂਹਾਂ ਤੇ ਆਪਣੀਆਂ ਮਹਿਬੂਬ ਕੁੜੀਆਂ ਦੇ ਨਾਂ
ਵੀ ਲਿਖਵਾ ਲੈਂਦੇ। ਇੱਕ ਮੇਲੇ ‘ਤੇ ਆਏ ਨੇ ਮੈਂ ਵੀ ਆਪਣਾ ਨਾਂ ਲਿਖਵਾਉਣ
ਦਾ ਸ਼ੌਕ ਪੂਰਾ ਕੀਤਾ ਸੀ। ਲਿਖਵਾਏ ਤਾਂ ਅੰਗਰੇਜ਼ੀ ਵਿਚ ਆਪਣੇ ਨਾਉਂ ਦੇ
ਪਹਿਲੇ ਅੱਖਰ ਐੱਚ. ਐਸ. ਹੀ ਸਨ, ਪਰ ਉਹ ਸਦਾ ਲਈ ਮੇਰੇ ਸਰੀਰ ਦਾ ਹਿੱਸਾ
ਬਣ ਗਏ ਤੇ ਹੁਣ ਤੱਕ ਵੀ ਉਸੇ ਤਰ੍ਹਾਂ ਕਾਇਮ ਹਨ। ਇਹ ਅੱਖਰ ਸਦੀਵੀ ਯਾਦ ਬਣ
ਗਏ ਕਿ ਉਸ ਦਿਨ ਮੈਂ ਚੌਥੀ ਪਾਸ ਕਰਨ ਤੋਂ ਪਿੱਛੋਂ ਪੰਜਵੀਂ ਜਮਾਤ ਦੀਆਂ
ਕਿਤਾਬਾਂ ਖਰੀਦਣ ਆਪਣੇ ਤਾਏ ਨੂੰ ਨਾਲ ਲੈ ਕੇ ਬੰਗਿਆਂ ਨੂੰ ਜਾ ਰਿਹਾ ਸਾਂ।
ਰਸਤੇ ਵਿਚ ਵਿਸਾਖੀ ਦਾ ਮੇਲਾ ਦੇਖਦੇ ਨੇ ਉੱਕਰਨ ਵਾਲੇ ਅੱਗੇ ਆਪਣੀ ਬਾਂਹ
ਕਰ ਦਿੱਤੀ ਸੀ।
ਇਸ ਗੱਲ ਦਾ ਤਾਂ ਉਦੋਂ ਪਤਾ ਨਹੀਂ ਸੀ ਕਿ ‘ਮੇਲਾ ਮੇਲੀ ਦਾ, ਪੈਸੇ ਧੇਲੀ
ਦਾ’ ਦਾ ਕੀ ਅਰਥ ਹੁੰਦਾ ਹੈ? ਫੇਰ ਵੀ ਇੰਨੀ ਕੁ ਸਮਝ ਅਵੱਸ਼ ਬਣੀ ਹੋਈ ਸੀ
ਕਿ ਇਕੱਲੇ ਬੰਦੇ ਨੂੰ ਮੇਲਾ ਚੰਗਾ ਨਹੀਂ ਲੱਗਦਾ ਹੁੰਦਾ। ਜਿਹਦੀ ਜੇਬ ਵਿਚ
ਪੈਸੇ ਨਾ ਹੋਣ ਉਹ ਤਾਂ ਲੱਡੂਆਂ ਜਲੇਬੀਆਂ ਦੀਆਂ ਦੁਕਾਨਾਂ ਦੇ ਸਾਹਮਣੇ
ਖਲੋਤਾ ਵੀ ਤਰਸਦਾ ਰਹਿ ਜਾਂਦਾ ਸੀ। ਮੇਲੇ ਵਿਚ ਆਉਣ ਵਾਲੇ ਦੋ ਤਰ੍ਹਾਂ ਦੇ
ਬੰਦੇ ਹੁੰਦੇ ਸਨ, ਇੱਕ ਆਮ ਲੋਕ ਜਿਹੜੇ ਮੇਲੇ ਦਾ ਆਨੰਦ ਲੈਣ ਆਉਂਦੇ ਸਨ ਤੇ
ਇੱਕ ਉਹ ਦੁਕਾਨਾਂ ਵਾਲੇ ਜਿਹੜੇ ਪੈਸੇ ਕਮਾਉਣ ਆਉਂਦੇ ਸਨ। ਸਮਝ ਤਾਂ ਉਦੋਂ
ਇੰਨੀ ਨਹੀਂ ਸੀ ਪਰ ਹੈਰਾਨੀ ਜਰੂਰ ਹੁੰਦੀ ਸੀ ਕਿ ਆਮ ਲੋਕ ਪੈਸੇ ਖਰਚ ਕੇ
ਆਨੰਦ ਲੈਣ ਆਉਂਦੇ ਸਨ ਤੇ ਦੁਕਾਨਾਂ ਵਾਲੇ ਪੈਸਾ ਕਮਾਉਣ ਦਾ ਮੌਕਾ ਪ੍ਰਾਪਤ
ਕਰਨ ਆਉਂਦੇ ਸਨ। ਆਖਰ ਇਹ ਬੰਦਿਆਂ ਬੰਦਿਆਂ ਵਿਚ ਫਰਕ ਕਿਉਂ ਸੀ?
ਥੇਹ ਜਿਹੇ ‘ਤੋਂ ਥੱਲੇ ਉੱਤਰ ਕੇ ਪਹੇ ਤੋਂ ਪਾਰ ਖੇਤਾਂ ਵਿਚ ਕਿਤੇ
ਅਲਗ਼ੋਜ਼ੇ ਵੱਜਦੇ, ਕਿਤੇ ਭੰਗੜਾ ਪੈਂਦਾ ਤੇ ਕਿਤੇ ਘੋਲ਼ ਹੁੰਦੇ ਸਨ।
ਚੋਬਰਾਂ ਦੇ ਧਰਤੀ ਹੂੰਝਦੇ ਚਾਦਰੇ ਤੇ ਸ਼ਮਲੇ ਵਾਲੀਆਂ ਪੱਗਾਂ ਤੇ ਮੁਟਿਆਰਾਂ
ਦੀਆਂ ਸਰ੍ਹੋਂ ਰੰਗੀਆਂ ਚੁੰਨੀਆਂ ਮੇਲੇ ਨੂੰ ਰੰਗਲਾ ਬਣਾਉਣ ਵਿਚ ਕੋਈ ਕਸਰ
ਬਾਕੀ ਨਹੀਂ ਛੱਡਦੀਆਂ ਸਨ। ਜੱਟਾਂ ਦਾ ਚਾਅ ਡੁੱਲ੍ਹ ਡੁੱਲ੍ਹ ਪੈਂਦਾ ਹੁੰਦਾ
ਸੀ। ਆਖਰ ਉਹ ਆਪਣੀ ਛੇ ਮਹੀਨਿਆਂ ਦੀ ਮਿਹਨਤ ਦਾ ਫਲ ਕਣਕਾਂ ਦੀਆਂ ਫਸਲਾਂ
ਸਾਂਭ ਕੇ ਆਏ ਹੁੰਦੇ ਸਨ।
ਥੇਹ ਦੇ ਨੇੜੇ ਜਿਹੇ ਹੀ ਪਲਾਹ ਦੇ ਰੁੱਖ ਹੁੰਦੇ ਸਨ। ਉਨ੍ਹਾਂ ਦਾ ਜੋਬਨ ਵੀ
ਦੇਖਣ ਵਾਲਾ ਹੁੰਦਾ ਸੀ। ਕੇਸੂ ਖਿੜੇ ਹੋਏ ਹੁੰਦੇ ਸਨ। ਇੰਝ ਲਗਦਾ ਸੀ
ਜਿਵੇਂ ਰੁੱਖਾਂ ਨੂੰ ਅੱਗ ਲੱਗ ਗਈ ਹੋਵੇ।
ਮੇਲੇ ਦਾ ਆਨੰਦ ਮਾਣ ਕੇ ਵਾਪਸ ਘਰ ਪੁੱਜਦਿਆਂ ਸਾਡੇ ਲਈ ਕੜਾਹ ਪ੍ਰਸ਼ਾਦ
ਤਿਆਰ ਹੁੰਦਾ ਸੀ। ਸਾਡੀ ਮਾਂ ਵਸਾਖੀ ਵਾਲੇ ਦਿਨ ਕੜਾਹ ਜਰੂਰ ਬਣਾਉਂਦੀ
ਹੁੰਦੀ ਸੀ। ਉਹਦਾ ਖਿਆਲ ਸੀ ਕਿ ਵਸੋਏ ਦੇ ਦਿਨ ਪ੍ਰਸ਼ਾਦ ਬਣਾ ਕੇ ਗੁਰੂ
ਮਹਾਰਾਜ ਨੂੰ ਯਾਦ ਕਰਨਾ ਜ਼ਰੂਰੀ ਸੀ। ਸਾਨੂੰ ਕਿਉਂ ਕਿੱਦਾਂ ਦਾ ਤਾਂ ਪਤਾ
ਨਹੀਂ ਸੀ, ਸਾਡੇ ਲਈ ਮੇਲੇ ਤੋਂ ਵਾਪਸ ਪਰਤਦਿਆਂ ਹੀ ਤੱਤੇ ਤੱਤੇ ਕੜਾਹ ਦਾ
ਬੁੱਕ ਮਿਲ ਜਾਣਾ ਹੀ ਸਭ ਕੁੱਝ ਸੀ।
ਇਹ ਵਸਾਖੀ ਦਾ ਮੇਲਾ ਤਾਂ ਇੱਕ ਦਿਨ ਦਾ ਹੁੰਦਾ ਸੀ, ਸਿਰਫ਼ ਵਿਸਾਖੀ ਦੀ
ਸੰਗਰਾਂਦ ਵਾਲੇ ਦਿਨ ਦਾ, ਪਰ ਦਸਹਿਰੇ ਦਾ ਮੇਲਾ ਕਈ ਦਿਨ ਚਲਦਾ ਸੀ।
ਅਕਤੂਬਰ ਦੇ ਮਹੀਨੇ ਵਿਚ ਨੌਂ ਨਰਾਤਿਆਂ ਤੋਂ ਪਿੱਛੋਂ ਦਸਵੇਂ ਦਿਨ ਦਸਹਿਰਾ
ਹੁੰਦਾ ਸੀ।
ਪਿੰਡ ਕਲੇਰਾਂ ਸਾਡੇ ਪਿੰਡ ਤੋਂ ਦੋ ਕੁ ਮੀਲ ਦੀ ਵਿੱਥ ਤੇ ਸੀ। ਫੇਰ ਵੀ
ਸਾਨੂੰ ਉੱਥੇ ਜਾਂਦਿਆਂ ਕਦੀ ਥਕੇਵਾਂ ਨਹੀਂ ਲੱਗਿਆ ਸੀ। ਦਸਹਿਰੇ ਦਾ ਮੇਲਾ
ਦਸ ਦਿਨ ਲਗਦਾ ਸੀ। ਇਸ ਮੇਲੇ ਨੂੰ ਠੀਕ ਹੀ ‘ਰਾਮ-ਲੀਲ੍ਹਾ’ ਕਹਿੰਦੇ ਸਨ,
ਕਿਉਂਕਿ ਇਨ੍ਹਾਂ ਦਸਾਂ ਦਿਨਾਂ ਵਿਚ ਝਾਕੀਆਂ ਦੇ ਰੂਪ ਵਿਚ ਸ੍ਰੀ ਰਾਮ ਚੰਦਰ
ਦੇ ਜੀਵਨ ਦੀਆਂ ਵਿਸ਼ੇਸ਼ ਘਟਨਾਵਾਂ ਦਿਖਾਈਆਂ ਜਾਂਦੀਆਂ ਸਨ। ਇਨ੍ਹਾਂ
ਝਾਕੀਆਂ ਨੂੰ ਉਦੋਂ ਆਮ ਲੋਕੀਂ ਸਾਂਗ ਕਹਿੰਦੇ ਹੁੰਦੇ ਸਨ।
ਪਿੰਡ ਤੋਂ ਬਾਹਰ ਬਹੁਤ ਲੰਮੇ ਚੌੜੇ ਮੈਦਾਨ ਵਿਚ ਲੋਕੀਂ ਬਹੁਤ ਵੱਡਾ ਚੱਕਰ
ਬਣਾ ਕੇ ਖੜੇ ਹੁੰਦੇ ਸਨ। ਇਸ ਚੱਕਰ ਵਿਚ ਹਨੂਮਾਨ ਤੇ ਉਹਦੀ ਸੈਨਾ ਚੱਕਰ ਲਾ
ਰਹੀ ਹੁੰਦੀ ਸੀ। ਹਨੂਮਾਨ ਦੇ ਹੱਥ ਵਿਚ ਗੁਰਜ ਹੁੰਦਾ ਸੀ। ਉਹਨੇ ਲਾਲ ਕਪੜੇ
ਪਾਏ ਹੋਏ ਹੁੰਦੇ ਸਨ। ਉਹਦਾ ਲਾਲ ਤੇ ਬਾਂਦਰ ਵਰਗਾ ਮੂੰਹ ਬੜਾ ਅਜੀਬ ਜਿਹਾ
ਤੇ ਡਰਾਉਣਾ ਲਗਦਾ ਹੁੰਦਾ ਸੀ। ਸਾਡੇ ਲੋਕਾਂ ਨੂੰ ਇਸ ਤਰ੍ਹਾਂ ਬੰਧੇਜ ਵਿਚ
ਖੜੇ ਰੱਖਣ ਵਿਚ ਹਨੂਮਾਨ ਤੇ ਉਹਦੀ ਬਾਨਰ ਸੈਨਾ ਦਾ ਚੋਖਾ ਹੱਥ ਹੁੰਦਾ ਸੀ,
ਕੋਈ ਦਾਇਰੇ ਤੋਂ ਅੱਗੇ ਆਇਆ ਨਹੀਂ ਕਿ ਹਨੂਮਾਨ ਦਾ ਗੁਰਜ ਪਿਆ ਨਹੀਂ।
ਛੇਤੀ ਹੀ ਪਿੰਡੋਂ ਨਿਕਲਦੀ ਰਾਮ ਲੀਲ੍ਹਾ ਦੀ ਕੋਈ ਝਾਕੀ ਦਿਸ ਪੈਂਦੀ ਸੀ।
ਇੱਕ ਸਜੇ ਫਬੇ ਰਥ ਵਿਚ, ਕਦੇ ਰਾਮ ਦੇ ਵਿਆਹ ਦੀ ਝਾਕੀ ਨਿਕਲਦੀ, ਕਦੇ ਰਾਮ
ਬਣਵਾਸ ਦੀ, ਕਦੇ ਭਰਤ ਮਿਲਾਪ ਦੀ। ਨੌਂਆਂ ਦਿਨਾਂ ਵਿਚ ਸਾਰਾ ਰਾਮਾਇਣ
ਝਾਕੀਆਂ ਦੀ ਸ਼ਕਲ ਵਿਚ ਦਿਖਾ ਦਿੱਤਾ ਜਾਂਦਾ ਸੀ। ਦਸਹਿਰੇ ਵਾਲੇ ਦਿਨ ਲੰਕਾ
‘ਤੇ ਰਾਮ ਦੀ ਜਿੱਤ ਦੀਆਂ ਝਾਕੀਆਂ ਨਿਕਲਦੀਆਂ ਸਨ। ਅੰਤ ਵਿਚ ਰਾਵਣ ਤੇ
ਕੁੰਭਕਰਨ ਦੇ ਬਣਾਏ ਕਾਗਜ਼ੀ ਬੁੱਤਾਂ ਨੂੰ ਅਗਨ ਭੇਟ ਕੀਤਾ ਜਾਂਦਾ। ਬੁੱਤਾਂ
ਵਿਚ ਛੁਪਾਏ ਪਟਾਕੇ ਚਲਦੇ ਤੇ ਰਾਮਚੰਦਰ ਦੀ ਜੈ ਦੇ ਜੈਕਾਰੇ ਗੂੰਜਦੇ ਤੇ
ਮੇਲਾ ਸਮਾਪਤ ਹੋ ਜਾਂਦਾ ਸੀ।
ਉਸ ਸਮੇਂ ਲੋਕਾਂ ਵਿਚ ਸ੍ਵੈ-ਬੰਧੇਜ ਬਹੁਤ ਹੁੰਦਾ ਸੀ। ਸਾਰੀ ਵੇਚ ਵੱਟ
ਪੰਡਾਲ ਤੋਂ ਬਾਹਰ ਹੁੰਦੀ ਸੀ। ਲੋਕੀਂ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ
ਹੁੰਦੇ ਸਨ। ਪਰ ਬੰਧੇਜ ਨਹੀਂ ਟੁੱਟਦਾ ਸੀ। ਇਹਦਾ ਕਾਰਣ ਧਾਰਮਿਕ ਨਾਲੋਂ
ਸਮਾਜਿਕ ਵਧੇਰੇ ਸੀ। ਉਸ ਸਮੇਂ ਦੀ ਸਮਾਜਿਕ ਬਣਤਰ ਦੀ ਸਾਰਥਕਤਾ ਦਾ ਆਧਾਰ
ਰਾਮਾਇਣ ਦੀ ਕਹਾਣੀ ਵਿਚੋਂ ਮਿਲ ਜਾਂਦਾ ਸੀ ਤੇ ਲੋਕ ਆਪਣੇ ਸਮਾਜਿਕ ਪ੍ਰਬੰਧ
ਬਾਰੇ ਕਿੰਤੂ ਪ੍ਰੰਤੂ ਤੋਂ ਛੁਟਕਾਰਾ ਪ੍ਰਾਪਤ ਕਰ ਲੈਂਦੇ ਸਨ। ਇਹ ਤਾਂ ਮੈਂ
ਹੁਣ ਸੋਚਦਾ ਹਾਂ, ਉਦੋਂ ਸੋਚ ਕਦੋਂ ਕੰਮ ਕਰਦੀ ਸੀ, ਬੱਸ ਉਤਸ਼ਾਹ ਹੀ ਉਤਸ਼ਾਹ
ਹੁੰਦਾ ਸੀ।
ਮੇਰੇ ਬਚਪਨ ਦੇ ਦਿਨਾਂ ਵਿਚ ਦੀਵਾਲ਼ੀ ਦਾ ਦਿਨ ਵਿਸ਼ੇਸ਼ ਮਹੱਤਤਾ ਰਖਦਾ ਸੀ।
ਦਸਹਿਰੇ ਤੋਂ ਵੀਹ ਦਿਨ ਪਿਛੋਂ ਦੀਵਾਲ਼ੀ ਆਉਂਦੀ ਸੀ। ਇਸ ਦਿਨ ਦੀ ਧਾਰਮਿਕ
ਤੇ ਇਤਿਹਾਸਕ ਮਹੱਤਤਾ ਦਾ ਤਾਂ ਮੈਨੂੰ ਪਤਾ ਨਹੀਂ ਸੀ। ਮੇਰੀ ਉਮਰ ਦੇ
ਬੱਚਿਆਂ ਨੂੰ ਇਹ ਜਾਣਨ ਦੀ ਲੋੜ ਵੀ ਨਹੀਂ ਹੁੰਦੀ ਸੀ। ਗ਼ਰੀਬੀ ਤੇ
ਤੰਗ-ਦਸਤੀ ਦੇ ਲਿਤਾੜੇ ਬੱਚਿਆਂ ਲਈ ਇਹਦੀ ਇੱਕ ਹੀ ਮਹੱਤਤਾ ਸੀ, ਉਹ ਸੀ
ਉਨ੍ਹਾਂ ਦੇ ਜੀਵਨ ਵਿਚ ਹਰ ਸਾਲ ਇੱਕ ਦਿਨ ਅਜੇਹਾ ਆ ਜਾਂਦਾ ਸੀ ਜਿਸ ਦਿਨ
ਨੂੰ ਉਹ ਚਾਈਂ ਚਾਈਂ ਉਡੀਕਦੇ ਰਹਿੰਦੇ ਸਨ। ਗ਼ਰੀਬ ਤੋਂ ਗ਼ਰੀਬ ਘਰਾਂ ਵਿਚ
ਵੀ ਇਸ ਦਿਨ ਘਰ ਵਾਲਿਆਂ ਦੀ ਹਿੰਮਤ ਅਨੁਸਾਰ ਦੀਵੇ ਜਗਾਏ ਜਾਂਦੇ ਸਨ,
ਪਟਾਕੇ ਤੇ ਫੁਲਝੜੀਆਂ ਦੀ ਨੁਮਾਇਸ਼ ਹੁੰਦੀ ਸੀ ਤੇ ਲੱਡੂ ਜਲੇਬੀਆਂ ਦਾ
ਸੁਆਦ ਚੱਖਿਆ ਜਾਂਦਾ ਸੀ।
ਕੁਝ ਵੀ ਹੋਵੇ ਲੱਡੂ ਜਲੇਬੀਆਂ ਸਾਡੇ ਘਰ ਇਸ ਦਿਨ ਜ਼ਰੂਰ ਆ ਜਾਂਦੇ ਸਨ।
ਸਾਡੇ ਗੁਆਂਢ ਹੀ ਇੱਕ ਬ੍ਰਾਹਮਣਾਂ ਦਾ ਘਰ ਸੀ। ਉਸ ਘਰ ਦਾ ਪੰਡਤ ਰੱਤੀ ਰਾਮ
ਉਸ ਦਿਨ ਲੱਡੂ ਜਲੇਬੀਆਂ ਦੀ ਭੱਠੀ ਲਾ ਲੈਂਦਾ ਸੀ ਤੇ ਆਲ਼ੇ ਦੁਆਲੇ ਦੇ ਘਰ
ਉਹਦੇ ਨਾਲ ਸਾਂਝ ਪਾ ਕੇ ਲੱਡੂ ਜਲੇਬੀਆਂ ਕੱਢ ਲੈਂਦੇ ਸਨ। ਮੇਰੇ ਬਜ਼ੁਰਗ
ਭਾਵੇਂ ਹੋਰ ਕੁਝ ਨਾ ਵੀ ਕਰ ਸਕਣ, ਇਸ ਦਿਨ ਲੱਡੂਆਂ ਦੀ ਪਰਾਤ ਜ਼ਰੂਰ ਬਣਵਾ
ਲੈਂਦੇ ਸਨ ਤੇ ਸਾਨੂੰ ਬੱਚਿਆਂ ਨੂੰ ਦੀਵਾਲ਼ੀ ਦੇ ਪਿੱਛੋਂ ਵੀ ਕਈ ਦਿਨ ਤੱਕ
ਲੱਡੂਆਂ ਦਾ ਸੁਆਦ ਚੱਖਣ ਦਾ ਮੌਕਾ ਪ੍ਰਦਾਨ ਕਰ ਦਿੰਦੇ ਸਨ।
ਦੀਵਾਲ਼ੀ ਦੀ ਰਾਤ ਨੂੰ ਸਾਰਾ ਪਿੰਡ ਜਗਮਗ ਕਰ ਉੱਠਦਾ ਸੀ। ਪਿੰਡ ਦੇ ਹਰ ਘਰ
ਦੇ ਬਾਹਰਲੇ ਦਰਵਾਜ਼ੇ ਦੇ ਦੋਹੀਂ ਪਾਸੀਂ ਦੇਸੀ ਤੇਲ ਨਾਲ ਭਰੇ ਮਿੱਟੀ ਦੇ
ਦੀਵੇ ਜਗਦੇ ਹੁੰਦੇ ਸਨ। ਪਿੰਡ ਦੇ ਸਾਰੇ ਘਰਾਂ ਦੀਆਂ ਸੁਆਣੀਆਂ ਪਿੰਡ ਦੀ
ਗੋਹਰ ਤੇ ਬਣੇ ਖੂਹਾਂ 'ਤੇ ਅਤੇ ਗੁਰਦੁਆਰਿਆਂ ਤੇ ਮਾਤਾ ਰਾਣੀ 'ਦੇ ਸਥਾਨਾਂ
ਉੱਤੇ ਦੀਵੇ ਬਾਲ਼ਨੇ ਨਹੀਂ ਭੁਲਦੀਆਂ ਸਨ। ਪਿੰਡ ਦੀ ਕੋਈ ਵੀ ਸਾਂਝੀ ਥਾਂ
ਅਜੇਹੀ ਨਹੀਂ ਰਹਿੰਦੀ ਸੀ ਜਿੱਥੇ ਦੀਵਿਆਂ ਦੀਆਂ ਕਤਾਰਾਂ ਨਾ ਜਗਮਗਾ ਰਹੀਆਂ
ਹੋਣ। ਲੋਕਾਂ ਵਿਚ ਉਦੋਂ ਕੋਈ ਧਾਰਮਿਕ ਭੇਦ ਭਾਵ ਨਹੀਂ ਹੁੰਦਾ ਸੀ। ਸਾਰੇ
ਲੋਕਾਂ ਦਾ ਇਹ ਸਾਂਝਾ ਤਿਉਹਾਰ ਸੀ। ਸਾਰੇ ਰਲ਼ ਕੇ ਇਸ ਖੁਸ਼ੀ ਵਿਚ ਸ਼ਾਮਿਲ
ਹੁੰਦੇ ਸਨ। ਇਹੋ ਜਿਹੇ ਸਾਂਝੇ ਤਿਉਹਾਰ ਲੋਕਾਂ ਦੀ ਸਾਂਝ ਨੂੰ ਬਣਾਈ ਰੱਖਣ
ਲਈ ਸੀਮੈਂਟ ਦਾ ਕੰਮ ਕਰਦੇ ਸਨ।
ਲੋਹੜੀ ਦੇ ਤਿਉਹਾਰ ਨੂੰ ਵੀ ਅਸੀਂ ਬੜੇ ਚਾਅ ਨਾਲ ਉਡੀਕਦੇ ਹੁੰਦੇ ਸਾਂ। ਇਹ
ਤਿਉਹਾਰ ਜਨਵਰੀ ਮਹੀਨੇ ਵਿਚ ਭਰ ਸਿਆਲ ਦੇ ਦਿਨੀਂ ਆਉਂਦਾ ਸੀ। ਮੇਰੀ ਉਮਰ
ਦੇ ਮੁੰਡੇ ਕੁੜੀਆਂ ਨੂੰ ਇਸ ਦੀ ਉਡੀਕ ਮਹੀਨਾ ਪਹਿਲਾਂ ਹੀ ਲੱਗ ਜਾਂਦੀ ਸੀ।
ਲੋਹੜੀ ਤੋਂ ਕਈ ਦਿਨ ਪਹਿਲਾਂ ਮੁੰਡੇ ਕੁੜੀਆਂ ਦੀਆਂ ਟੋਲੀਆਂ ਪਿੰਡ ਵਿਚ
ਘੁੰਮਣ ਲੱਗ ਪੈਂਦੀਆਂ ਸਨ ਤੇ ਦਾਣੇ ਗੁੜ ਆਦਿ ਇਕੱਠਾ ਕਰਦੀਆਂ ਸਨ। ਲੋਹੜੀ
ਵਾਲੇ ਦਿਨ ਤਾਂ ਸਾਡਾ ਚਾਅ ਸਾਂਭਿਆ ਨਹੀਂ ਜਾਂਦਾ ਸੀ।
ਮੁੰਡੇ ਕੁੜੀਆਂ ਦੀਆਂ ਟੋਲੀਆਂ ਪਿੰਡ ਦੇ ਹਰ ਘਰ ਦੇ ਮੋਹਰੇ ਖੜ੍ਹ ਕੇ ਗੀਤ
ਗਾਉਂਦੀਆਂ ਸਨ। ਮੁੰਡਿਆਂ ਦੇ ਗੀਤ ਤਾਂ ਕੁਢੱਬੇ ਜਿਹੇ ਹੀ ਹੁੰਦੇ ਸਨ, ਪਰ
ਕੁੜੀਆਂ ਦੇ ਗੀਤ ਮੈਨੂੰ ਬਹੁਤ ਸੁਹਣੇ ਲੱਗਦੇ ਸਨ। ਉਨ੍ਹਾਂ ਗੀਤਾਂ ਵਿਚੋਂ
ਮੈਨੂੰ ਹਾਲੀਂ ਤੱਕ ਵੀ ਕਈ ਯਾਦ ਹਨ। ਮੁੰਡੇ ਗਾਉਂਦੇ ਹੁੰਦੇ ਸਨ:-
ਅੰਬੀਆਂ ਬਈ ਅੰਬੀਆਂ
ਮੀਂਹ ਵਰ੍ਹੇ ਤੇ ਕਣਕਾਂ ਜੰਮੀਆਂ
ਕਣਕਾਂ ਵਿਚ ਬਟੇਰੇ
ਦੋ ਸਾਧੂ ਦੇ ਦੋ ਮੇਰੇ
ਜਿੱਥੇ ਸਾਧੂ ਮਾਰਿਆ
ਉੱਚਾ ਕੋਟ ਸੁਆਰਿਆ
ਉੱਚੇ ਕੋਟ ਦੀਆਂ ਰੋਟੀਆਂ
ਜੀਣ ਸਾਅਬ ਦੀਆਂ ਝੋਟੀਆਂ
ਝੋਟੀਆਂ ਗਲ਼ ਪੰਜਾਲੀ
ਜੀਣ ਸਾਅਬ ਦੇ ਹਾਲ਼ੀ
ਹਾਲੀ ਪੈਰੀਂ ਜੁੱਤੀ
ਜੀਵੇ ਸਾਅਬ ਦੀ ਕੁੱਤੀ
ਕੁੱਤੀ ਮੱਥੇ ਫੋੜਾ
ਜੀਵੇ ਸਾਅਬ ਦਾ ਘੋੜਾ
ਇਹੋ ਜਿਹੀਆਂ ਬੇ ਸਿਰ ਪੈਰ ਜੋੜੀਆਂ ਤੁਕਾਂ ਮੁੰਡੇ ਬੋਲਦੇ ਹੁੰਦੇ ਸਨ। ਪਰ
ਕੁੜੀਆਂ ਦੇ ਗੀਤਾਂ ਵਿਚ ਰਸ ਵੀ ਹੁੰਦਾ ਸੀ ਤੇ ਅਰਥ ਵੀ ਤੇ ਉਨ੍ਹਾਂ ਦੀਆਂ
ਅਵਾਜ਼ਾਂ ਵੀ ਮੁੰਡਿਆਂ ਨਾਲੋਂ ਸੁਰੀਲੀਆਂ ਹੁੰਦੀਆਂ ਸਨ। ਉਨ੍ਹਾਂ ਗੀਤਾਂ
ਵਿਚੋਂ ਜਿਹੜੇ ਮੇਰੇ ਚੇਤੇ ਵਿਚ ਹਾਲੀਂ ਵੀ ਸਾਂਭੇ ਪਏ ਹਨ, ਉਨ੍ਹਾਂ ਵਿਚੋਂ
ਇੱਕ ਹਾਜ਼ਰ ਹੈ:-
ਅਸੀਂ ਆਈਆਂ ਕੁੜੇ
ਆਈਆਂ ਲੰਬੜਾਂ ਦੇ ਵੇਹੜੇ ਕੁੜੇ
ਲੰਬੜਾਂ ਨੇ ਕੀ ਕੁਝ ਦਿੱਤਾ ਕੁੜੇ
ਦਿੱਤੀਆਂ ਲੇਫ ਤਲਾਈਆਂ ਕੁੜੇ
ਲੇਫੀਂ ਕੋਣ ਕੌਣ ਸੁੱਤਾ ਕੁੜੇ
ਸੁੱਤਾ ਭੈਣ ਦਾ ਵੀਰਾ ਕੁੜੇ........
ਇਹੋ ਜਿਹੇ ਅਨੇਕਾਂ ਗੀਤ ਕੁੜੀਆਂ ਗਾਉਂਦੀਆਂ ਹੁੰਦੀਆਂ ਸਨ। ਕੁੜੀਆਂ
ਉਨ੍ਹਾਂ ਘਰਾਂ ਤੋਂ ਅੜ ਕੇ ਦਸ ਸੇਰ ਗੁੜ ਲੈਂਦੀਆਂ ਹੁੰਦੀਆਂ ਸਨ, ਜਿਨ੍ਹਾਂ
ਘਰਾਂ ਵਿਚ ਉਸ ਸਾਲ ਦੇ ਦੌਰਾਨ ਮੁੰਡੇ ਜੰਮੇ ਹੋਣ। ਹਰ ਮਹੱਲੇ ਵਿੱਚ ਇੱਕ
ਥਾਂ ‘ਤੇ ਲੱਕੜੀਆਂ ਤੇ ਪਾਥੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਸਨ। ਫੇਰ
ਅੱਧੀ ਰਾਤ ਤੱਕ ਲੋਹੜੀ ਬਾਲੀ ਜਾਂਦੀ ਸੀ। ਸਾਰੇ ਮੁੰਡੇ ਕੁੜੀਆਂ ਅੱਗ ਦੇ
ਦੁਆਲੇ ਇਕੱਠੇ ਬੈਠ ਕੇ ਗੁੜ ਨਾਲ ਬੱਕਲ਼ੀਆਂ ਖਾਂਦੇ ਹੁੰਦੇ ਸਨ।
ਅੱਜ ਕੱਲ ਵਾਂਗ ਪਿੰਡਾਂ ਵਿਚ ਉਦੋਂ ਗੁਰਪੁਰਬ ਬਹੁਤੇ ਨਹੀਂ ਮਨਾਏ ਜਾਂਦੇ
ਸਨ। ਨਾ ਵੱਖੋ ਵੱਖਰੀਆਂ ਜਾਤਾਂ ਦੇ ਵੱਖ ਵੱਖ ਗੁਰਦੁਆਰੇ ਹੁੰਦੇ ਸਨ। ਆਮ
ਤੌਰ ਤੇ ਇੱਕ ਪਿੰਡ ਵਿਚ ਇੱਕ ਹੀ ਗੁਰਦੁਆਰਾ ਹੁੰਦਾ ਸੀ। ਹੁਣ ਵਾਂਗ ਇੱਕ
ਇੱਕ ਪਿੰਡ ਵਿਚ ਪੰਦਰਾਂ ਪੰਦਰਾਂ ਗੁਰਦੁਆਰੇ ਨਹੀਂ ਹੁੰਦੇ ਸਨ। ਗੁਰੂ ਨਾਨਕ
ਦੇਵ ਤੇ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਨ ਲੋਕੀਂ ਬੜੇ ਚਾਅ ਨਾ ਮਨਾਉਂਦੇ
ਸਨ। ਮੇਰੀ ਉਮਰ ਦੇ ਮੁੰਡੇ ਇਕੱਠੇ ਹੋ ਕੇ ਪਿੰਡ ਵਿਚ ਘੜਿਆਲ ਫੇਰਨ ਜਾਂਦੇ
ਸਨ। ਅਸੀਂ ਗੁਰਪੁਰਬ ਤੋਂ ਇੱਕ ਦਿਨ ਪਹਿਲਾਂ ਸਾਰੇ ਪਿੰਡ ਦੀਆਂ ਗਲੀਆਂ ਵਿਚ
ਘੜਿਆਲ ਵਜਾ ਕੇ ਇਹ ਕਹਿੰਦੇ ਦੌੜੇ ਫਿਰਦੇ ਹੁੰਦੇ ਸਾਂ, “ਕੱਲ ਸ਼ਾਮ ਨੂੰ
ਗੁਰਦੁਆਰੇ ਗੁਰਪੁਰਬ ਮਨਾਇਆ ਜਾਣਾ। ਸਭ ਮਾਈ ਭਾਈ ਆ ਕੇ ਦਰਸ਼ਨ ਦਿਓ।”
ਗੁਰੂ ਨਾਨਕ ਦਾ ਜਨਮ ਦਿਨ ਕੱਤਕ ਮਹੀਨੇ ਦੀ ਪੂਰਨਮਾਸੀ ਨੂੰ ਮਨਾਉਂਦੇ ਸਨ।
ਅੱਧੀ ਰਾਤ ਤੱਕ ਪਿੰਡ ਦੇ ਸਾਰੇ ਲੋਕ ਗੁਰਦੁਆਰੇ ਵਿਚ ਜੁੜ ਕੇ ਬੈਠੇ
ਰਹਿੰਦੇ ਸਨ। ਅੱਜ ਵਾਂਗ ਨਾ ਅਖੰਡ ਪਾਠਾਂ ਦਾ ਰਿਵਾਜ ਸੀ ਨਾ ਰਾਗੀ ਢਾਡੀ
ਜਾਂ ਕੀਰਤਨੀਏ ਸਾਈ ਤੇ ਸੱਦੇ ਜਾਂਦੇ ਸਨ। ਲੋਕੀਂ ਆਪ ਹੀ ਮਿਲ ਕੇ ਢੋਲਕੀਆਂ
ਛੈਣਿਆਂ ਨਾਲ ਸ਼ਬਦ ਪੜ੍ਹ ਲੈਂਦੇ ਸਨ ਤੇ ਗੁਰੂ ਦੀ ਮਹਿਮਾ ਗਾ ਲੈਂਦੇ ਸਨ।
ਸਾਰੀ ਸੰਗਤ ਉਸ ਘੜੀ ਦੀ ਉਡੀਕ ਵਿਚ ਬੈਠੀ ਰਹਿੰਦੀ ਸੀ ਜਿਸ ਘੜੀ ਗੁਰੂ ਜੀ
ਨੇ ਜਨਮ ਧਾਰਿਆ ਸੀ।
ਲੋਕੀਂ ਗੁਰਦੁਆਰੇ ਪੈਸੇ ਬਹੁਤ ਘਟ ਚਾੜ੍ਹਦੇ ਸਨ। ਬਹੁਤੇ ਲੋਕੀਂ ਥਾਲ਼ੀਆਂ
ਵਿਚ ਦਾਣੇ, ਗੁੜ ਜਾਂ ਆਟਾ ਲਿਆ ਕੇ ਮਹਾਰਾਜ ਅੱਗੇ ਚਾੜ੍ਹ ਕੇ ਮੱਥਾ ਟੇਕ
ਦਿੰਦੇ ਸਨ। ਪਾਠੀ ਉਦੋਂ ਪੈਸਿਆਂ ਲਈ ਠੇਕੇ ਤੇ ਪਾਠ ਨਹੀਂ ਕਰਦੇ ਸਨ। ਰੋਟੀ
ਕਪੜਾ ਉਨ੍ਹਾਂ ਨੂੰ ਗੁਰੂ ਦੀ ਕਿਰਪਾ ਨਾਲ ਜਾਂ ਕਹਿ ਲਓ ਸਾਧ ਸੰਗਤ ਦੀ
ਸ਼ਰਧਾ ਨਾਲ ਮਿਲ ਜਾਂਦਾ ਸੀ। ਹੋਰ ਉਨ੍ਹਾਂ ਦੀ ਕੋਈ ਲੋੜ ਹੁੰਦੀ ਨਹੀਂ ਸੀ।
ਬੱਚਿਆਂ ਦੀਆਂ ਮਾਵਾਂ ਘਰੋਂ ਰਜਾਈਆਂ ਨਾਲ ਲੈ ਆਉਂਦੀਆਂ ਸਨ ਤੇ ਬੱਚੇ
ਰਜਾਈਆਂ ਵਿਚੋਂ ਸਿਰ ਕੱਢੀ ਕੜਾਹ ਪ੍ਰਸ਼ਾਦ ਦੀ ਉਡੀਕ ਵਿਚ ਉਂਘਲ਼ਾ ਰਹੇ
ਹੁੰਦੇ ਸਨ। ਮੈਨੂੰ ਯਾਦ ਹੈ, ਮੈਂ ਬਹੁਤੀ ਵੇਰ ਕੜਾਹ ਮਿਲਣ ਦੇ ਸਮੇਂ ਤੱਕ
ਘੂਕ ਸੁੱਤਾ ਹੋਇਆ ਹੁੰਦਾ ਸਾਂ। ਮਾਂ ਮੈਨੂੰ ਹਲੂਣ ਕੇ ਜਗਾਉਣ ਦਾ ਯਤਨ
ਕਰਦੀ ਤੇ ਮੇਰੇ ਮੂੰਹ ਵਿਚ ਪ੍ਰਸ਼ਾਦ ਤੁੰਨਦੀ ਰਹਿੰਦੀ। ਮੈਂ ਅੱਧਾ ਸੁੱਤਾ
ਅੱਧਾ ਜਾਗਦਾ ਪ੍ਰਸ਼ਾਦ ਨਿਗਲਣ ਦਾ ਯਤਨ ਕਰਦਾ ਰਹਿੰਦਾ।
ਦੂਜੇ ਦਿਨ ਸਾਰਾ ਦਿਨ ਲੰਗਰ ਚਲਦਾ ਹੁੰਦਾ ਸੀ। ਕਈ ਕਿਸਾਨ ਲੰਗਰ ਲਈ ਰਸ
ਦੀਆਂ ਮੱਟੀਆਂ ਚਾੜ੍ਹ ਜਾਂਦੇ ਸਨ। ਲੋਕ ਰਸ ਵਿਚ ਬਣੇ ਚੌਲ਼ਾਂ ਦਾ ਅਨੰਦ
ਮਾਣਦੇ। ਲੰਗਰ ਵਿਚ ਰਸ ਵਿਚ ਬਣੇ ਚੌਲਾਂ ਤੋਂ ਬਿਨਾ ਲੰਗਰ ਵਿਚ ਬਣੀਆਂ
ਰੋਟੀਆਂ, ਮਹਾਂ ਦੀ ਦਾਲ ਤੇ ਖੱਟਾ ਹੀ ਚਲਦੇ ਸਨ। ਅੱਜ ਕੱਲ ਵਾਂਗ ਲੱਡੂ
ਜਲੇਬੀਆਂ ਦਾ ਲੰਗਰ ਨਹੀਂ ਲਗਦਾ ਸੀ। ਉਸ ਵੇਲੇ ਤੱਕ ਬਾਬਾ ਨਾਨਕ ਗ਼ਰੀਬ
ਲੋਕਾਂ ਦਾ ਗੁਰੂ ਸੀ। ਹੁਣ ਤਾਂ ਲਗਦਾ ਹੈ, ਅਮੀਰ ਲੋਕਾਂ ਨੇ ਗੁਰੂ ਨਾਨਕ
'ਤੇ ਕਬਜ਼ਾ ਕਰ ਲਿਆ ਹੈ। ਅਮੀਰਾਂ ਦੀ ਅਮੀਰੀ ਦੇ ਦਿਖਾਵੇ ਤੇ ਚੋਚਲੇ ਹੁਣ
ਗੁਰਦੁਆਰਿਆਂ ਵਿਚ ਵੀ ਹੋਣ ਲੱਗ ਪਏ ਹਨ।
ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਪੋਹ ਸੁਦੀ ਸਤਵੀਂ ਨੂੰ ਮਨਾਇਆ
ਜਾਂਦਾ ਸੀ। ਹੁਣ ਵਾਗ ਨਾਨਕ ਸ਼ਾਹੀ ਕਲੰਡਰ ਦਾ ਕੋਈ ਰੌਲਾ ਨਹੀਂ ਸੀ।
ਬਹੁਤਾ ਕੁਝ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਵਰਗਾ ਹੀ ਹੁੰਦਾ ਸੀ। ਫਰਕ
ਸਿਰਫ਼ ਇੰਨਾ ਸੀ ਕਿ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਨ ਰਾਤ ਨੂੰ ਨਹੀਂ ਦਿਨ
ਨੂੰ ਮਨਾਇਆ ਜਾਂਦਾ ਸੀ।
ਉਦੋਂ ਇਹ ਦੋ ਗੁਰਪੁਰਬ ਹੀ ਪਿੰਡਾਂ ਵਿਚ ਮਨਾਏ ਜਾਂਦੇ ਸਨ। ਹੁਣ ਤਾਂ ਸਾਲ
ਦਾ ਕੋਈ ਦਿਨ ਭਾਗਾਂ ਨਾਲ ਬਚਦਾ ਹੈ ਜਿਸ ਦਿਨ ਗੁਰਪੁਰਬ ਨਾ ਹੋਵੇ। ਗੁਰੂਆਂ
ਦੇ ਨਾ ਸਹੀ, ਹੋਰ ਥੋੜੇ ਸਾਧਾਂ ਸੰਤਾਂ ਤੇ ਪੀਰਾਂ ਫਕੀਰਾਂ ਦੇ ਜਨਮ ਦਿਨ
ਹਨ ਮਨਾਉਣ ਲਈ।
ਉਦੋਂ ਲਾਊਡ ਸਪੀਕਰਾਂ 'ਤੇ ਦਿਨ ਰਾਤ ਅਖੰਡ ਪਾਠਾਂ ਦਾ ਪ੍ਰਸਾਰ ਕਰ ਕੇ
ਮੱਲੋ ਮਲੀਂ ਲੋਕਾਂ ਦਾ ਪਾਰ ਉਤਾਰਾ ਕਰਨ ਦੇ ਯਤਨ ਵੀ ਨਹੀਂ ਕੀਤੇ ਜਾਂਦੇ
ਸਨ। ਹੁਣ ਤਾਂ ਇੱਕ ਪਿੰਡ ਦੇ ਪੰਦਰਾਂ ਗੁਰਦੁਆਰਿਆਂ ਵਿਚ ਪੰਦਰਾਂ ਅਖੰਡ
ਪਾਠ ਚਲ ਰਹੇ ਹੁੰਦੇ ਹਨ ਤੇ ਪੰਦਰਾਂ ਵਿਚ ਹੀ ਲਾਊਡ ਸਪੀਕਰ ਬਾਣੀ ਦਾ
ਪ੍ਰਸਾਰ ਕੰਨ-ਖਾਣੀ ਅਵਾਜ਼ ਵਿਚ ਕਰ ਰਹੇ ਹੁੰਦੇ ਹਨ। ਕਿਸੇ ਵਿਦਿਆਰਥੀ ਨੇ
ਇਸ ਕੰਨ ਪਾੜਵੇਂ ਰੌਲ਼ੇ ਵਿਚ ਪੜ੍ਹਾਈ ਤਾਂ ਕੀ ਕਰ ਸਕਣੀ ਹੈ ਕੋਈ ਰੱਬ ਦਾ
ਭਗਤ ਮਨ ਨੂੰ ਇਕਾਗਰ ਕਰ ਕੇ ਸਿਮਰਨ ਵੀ ਨਹੀਂ ਕਰ ਸਕਦਾ।
ਮੇਰੇ ਬਚਪਨ ਦੇ ਦਿਨੀਂ ਨਕਲਾਂ ਤੇ ਰਾਸਾਂ ਦਾ ਬਹੁਤ ਰਿਵਾਜ ਹੁੰਦਾ ਸੀ ।
ਘਟ ਹੀ ਕੋਈ ਅਜੇਹਾ ਵਿਆਹ ਦੇਖਣ ਵਿਚ ਆਉਂਦਾ ਸੀ ਜਿਸ ਵਿਚ ਨਕਲੀਏ ਨਾ ਆਏ
ਹੋਣ। ਬਹੁਤੇ ਜਨੇਤਾਂ ਵਾਲੇ ਤਾਂ ਨਕਲੀਏ ਸਾਈ ਤੇ ਲੈ ਹੀ ਆਉਂਦੇ ਸਨ। ਜੇ
ਨਾ ਵੀ ਲਿਆਉਣ ਤਾਂ ਉਹ ਆਪ ਹੀ ਆ ਵੱਜਦੇ ਸਨ ਤੇ ਨਕਲਾਂ ਕਰ ਕੇ ਕੁਝ ਨਾ
ਕੁਝ ਕਮਾ ਲਿਆਂਦੇ ਸਨ। ਨਕਲੀਆਂ ਦੀਆਂ ਨਕਲਾਂ ਵਿਚ ਤਾਂ ਮੈਨੂੰ ਬਹੁਤੀ
ਦਿਲਚਸਪੀ ਨਹੀਂ ਹੁੰਦੀ ਸੀ। ਪਰ ਜਿਹੜੀਆਂ ਕਹਾਣੀਆਂ ਦਾ ਉਹ ਨਾਟਕੀ ਰੂਪ
ਪੇਸ਼ ਕਰਦੇ ਸਨ ਉਨ੍ਹਾਂ ਦਾ ਬੱਝਾ ਮੈਂ ਘੰਟਿਆਂ ਵੱਧੀ ਬੈਠਾ ਰਹਿੰਦਾ ਸਾਂ।
ਉਹ ਸਾਰੀਆਂ ਕਹਾਣੀਆਂ ਮੈਨੂੰ ਜ਼ਬਾਨੀ ਯਾਦ ਹੋ ਗਈਆਂ ਸਨ। ਸੱਸੀ ਪੁੰਨੂੰ,
ਸੋਹਣੀ ਮਹੀਂਵਾਲ, ਹੀਰ ਰਾਂਝਾ, ਮਿਰਜ਼ਾ ਸਾਹਿਬਾਂ ਤੇ ਕੀਮਾ ਮਲਕੀ ਆਦਿ
ਦੀਆਂ ਕਹਾਣੀਆਂ ਤਾਂ ਮੈਨੂੰ ਯਾਦ ਹੋ ਹੀ ਗਈਆਂ ਸਨ ਉਨ੍ਹਾਂ ਵਿਚ ਗਾਏ
ਜਾਂਦੇ ਕਈ ਗੀਤ ਵੀ ਯਾਦ ਹੋ ਗਏ ਸਨ। ਕਿਤੇ ਕਿਤੇ ਕੋਈ ਕੋਈ ਸ਼ਿਅਰ ਤਾਂ ਦਿਲ
ਨੂੰ ਧੂਹਾਂ ਪਾ ਜਾਂਦਾ ਸੀ। ਸੋਹਣੀ ਮਹੀਂਵਾਲ ਵਿਚੋਂ ਇੱਕ ਅਜੇਹਾ ਸ਼ੇਅਰ
ਤਾਂ ਮੈਨੂੰ ਹਾਲੀਂ ਤੱਕ ਯਾਦ ਹੈ:-
ਮੈਨੂੰ ਲੈ ਚਲ ਯਾਰ ਗ਼ੁਲਾਮਾਂ
ਜਿੱਥੇ ਸੁਹਣੀ ਚੰਨ ਚਮਕਾਵੇ
ਉਹਦੇ ਦਰ ਤੇ ਮੈਂ ਮਰ ਜਾਵਾਂ
ਮੇਰੀ ਜਾਨ ਸੁਰਗ ਨੂੰ ਜਾਵੇ
ਸਾਲ ਵਿਚ ਇੱਕ ਅੱਧੀ ਵੇਰੀ ਤਾਂ ਸਾਡੇ ਪਿੰਡ ਹੀ ਰਾਸਧਾਰੀਏ ਆ ਜਾਂਦੇ ਸਨ।
ਨੇੜੇ ਤੇੜੇ ਦੇ ਪਿੰਡਾਂ ਵਿਚ ਵੀ ਰਾਸ ਪੈਣ ਦਾ ਪਤਾ ਲੱਗਣ ਤੇ ਮੈਂ
ਮੁੰਡਿਆਂ ਨਾਲ ਤੁਰ ਜਾਂਦਾ ਸਾਂ। ਨਕਲੀਏ ਜਿੱਥੇ ਇਸ਼ਕ ਦੀਆਂ ਕਹਾਣੀਆਂ ‘ਤੇ
ਰੰਗ ਬੰਨ੍ਹਦੇ ਸਨ ਉੱਥੇ ਇਹ ਰਾਸਧਾਰੀਏ ਇਤਿਹਾਸ ਜਾਂ ਮਿਥਿਹਾਸ ਦੀਆਂ
ਕਹਾਣੀਆਂ ਪੇਸ਼ ਕਰਦੇ ਸਨ। ਕਹਾਣੀ ਕੋਈ ਵੀ ਪੇਸ਼ ਕਰਨ ਉਹ ਕ੍ਰਿਸ਼ਨ
ਗੋਪੀਆਂ ਦੀ ਰਾਸ ਲੀਲ੍ਹਾ ਜਰੂਰ ਦਿਖਾਉਂਦੇ ਸਨ ਤੇ ਇਨ੍ਹਾਂ ਨੂੰ ਰਾਸਧਾਰੀਏ
ਇਸ ਰਾਸ-ਲੀਲ੍ਹਾ ਕਰਕੇ ਹੀ ਕਿਹਾ ਜਾਂਦਾ ਸੀ। ਇਨ੍ਹਾਂ ਰਾਸਧਾਰੀਆਂ ਦੀਆਂ
ਦੇਖੀਆਂ ਰਾਸਾਂ ਕਰਕੇ ਹੀ ਮੇਰੇ ਅੰਦਰ ਭਾਰਤ ਦੀਆਂ ਮਿਥਿਹਾਸਕ ਕਥਾਵਾਂ ਵਿਚ
ਦਿਲਚਸਪੀ ਪੈਦਾ ਹੋਈ ਸੀ। ਚੜ੍ਹਦੀ ਜਵਾਨੀ ਦੇ ਸਮੇਂ ਨਾਟਕਾਂ ਵਿਚ ਹਿੱਸਾ
ਲੈਣ ਦੇ ਸ਼ੌਕ ਦੇ ਬੀਜ ਵੀ ਇਨ੍ਹਾਂ ਨਕਲਾਂ ਤੇ ਰਾਸਾਂ ਦੀ ਹੀ ਦੇਣ ਸੀ।
ਸਾਡੇ ਪਿੰਡ ਦੇ ਖੱਤਰੀ ਬ੍ਰਾਹਮਣ ਕਦੀ ਕਦੀ ਪਿੰਡ ਵਿਚ ਰਾਮਾਇਣ ਦੀ ਕਥਾ ਦਾ
ਪ੍ਰਬੰਧ ਵੀ ਕਰ ਲੈਂਦੇ ਸਨ। ਜਿੰਨਾ ਚਿਰ ਕਥਾ ਹੁੰਦੀ ਰਹਿੰਦੀ ਸੀ, ਐਨ
ਸਮੇਂ ਸਿਰ ਕਥਾ ਸੁਣਨ ਲਈ ਪੁੱਜ ਜਾਣਾ ਮੇਰੇ ਨਿਤਨੇਮ ਵਿਚ ਸ਼ਾਮਲ ਹੋ
ਜਾਂਦਾ ਸੀ। ਇਸ ਤਰ੍ਹਾਂ ਮੈਨੂੰ ਰਾਮਾਇਣ ਦੀ ਕਹਾਣੀ ਸਾਰੀ ਦੀ ਸਾਰੀ ਯਾਦ
ਹੋ ਗਈ ਸੀ ਤੇ ਰਾਮਾਇਣ ਦੇ ਕਥਾਕਾਰ ਇਕੱਲੀ ਰਾਮਾਇਣ ਦੀ ਕਥਾ ਤੇ ਹੀ ਨਹੀਂ
ਟਿਕੇ ਰਹਿੰਦੇ ਸਨ ਹੋਰ ਵੀ ਸੰਬੰਧਿਤ ਅਨੇਕਾਂ ਮਿਥਿਹਾਸਕ ਕਥਾਵਾਂ ਉਹ ਨਾਲ
ਦੀ ਨਾਲ ਸੁਣਾਉਂਦੇ ਰਹਿੰਦੇ ਸਨ। ਮੈਨੂੰ ਗੁਰਦੁਆਰੇ ਪੜ੍ਹਦਿਆਂ ਸਿੱਖ ਧਰਮ
ਤੇ ਸਿੱਖ ਇਤਿਹਾਸ ਬਾਰੇ ਜਿਹੜਾ ਗਿਆਨ ਪ੍ਰਾਪਤ ਹੋ ਰਿਹਾ ਸੀ, ਉਸ ਅਨੁਸਾਰ
ਸਿੱਖ ਗੁਰੂ ਰਾਮ ਅਤੇ ਕ੍ਰਿਸ਼ਨ ਵਾਂਗ ਵਿਸ਼ਨੂੰ ਭਗਵਾਨ ਦੇ ਅਵਤਾਰ ਹੀ ਸਨ
ਤੇ ਉਨ੍ਹਾਂ ਬਾਰੇ ਗਿਆਨ ਪ੍ਰਾਪਤ ਕਰਨਾ ਆਪਣੇ ਗੁਰੂਆਂ ਦੇ ਪਿਛੋਕੜ ਬਾਰੇ
ਜਾਣਨ ਦੇ ਬਰਾਬਰ ਹੀ ਸੀ, ਇਸ ਕਰਕੇ ਹੀ ਮੈਨੂੰ ਇਨ੍ਹਾਂ ਕਥਾਵਾਂ ਵਿਚ ਇੰਨੀ
ਦਿਲਚਸਪੀ ਸੀ। ਮੇਰੀ ਜਿੰਦਗੀ ਦੇ ਲੰਮੇ ਸਫ਼ਰ ਵਿਚ ਮੈਨੂੰ ਇਹ ਜਾਣਕਾਰੀ
ਬਹੁਤ ਕੰਮ ਆਈ। ਹੁਣ ਵੀ ਜਦ ਮੈਂ ਨਾ ਅਵਤਾਰਵਾਦ ਦਾ ਉਪਾਸ਼ਕ ਹਾਂ ਨਾ ਮੇਰੇ
ਅੰਦਰ ਇਨ੍ਹਾਂ ਕਥਾਵਾਂ ਲਈ ਕੋਈ ਸ਼ਰਧਾ ਬਚੀ ਰਹਿ ਗਈ ਹੈ, ਮੈਂ ਇਨ੍ਹਾਂ
ਕਥਾ ਕਹਾਣੀਆਂ ਨੂੰ ਵਰਤ ਕੇ ਆਪਣੇ ਦੇਸ ਦੇ ਅਤੀਤ ਨੂੰ ਸਮਝਣ ਦਾ ਯਤਨ ਕਰਦਾ
ਹਾਂ।
ਉਦੋਂ ਅੱਜ ਵਾਂਗ ਹਿੰਦੂ ਸਿੱਖਾਂ ਵਿਚ ਕੋਈ ਪਾੜਾ ਨਹੀਂ ਸੀ। ਪਿੰਡ ਦੇ
ਬਹੁਤੇ ਹਿੰਦੂ ਜਿਸ ਤਰ੍ਹਾਂ ਗੁਰਦੁਆਰੇ ਜਾਂਦੇ ਸਨ, ਉਸੇ ਤਰ੍ਹਾਂ ਹੀ
ਬਹੁਤੇ ਸਿੱਖ ਵੀ ਇਹ ਕਥਾਵਾਂ ਸੁਣਨ ਆਉਂਦੇ ਸਨ। ਅੱਜ ਵਾਂਗ ਰਾਮ ਤੇ
ਕ੍ਰਿਸ਼ਨ ਇਕੱਲੇ ਹਿੰਦੂਆਂ ਦੇ ਨਹੀਂ ਸਨ, ਨਾ ਹੀ ਗੁਰੂ ਨਾਨਕ ਤੇ ਗੁਰੂ
ਗੋਬਿੰਦ ਸਿੰਘ ਇਕੱਲੇ ਸਿੱਖਾਂ ਦੇ ਸਨ।
ਕਿੱਥੇ ਗਏ ਮੇਰੇ ਬਚਪਨ ਦੇ ਸਮੇਂ ਦੇ ਸਾਂਝੇ ਮੇਲੇ, ਤਿਉਹਾਰ ਤੇ ਗੁਰਪੁਰਬ?
ਨਾ ਉਹ ਮੇਲੇ ਰਹੇ ਹਨ, ਨਾ ਦਿਵਾਲੀਆਂ ਰਹੀਆਂ ਹਨ, ਨਾ ਉਹ ਲੋਹੜੀਆਂ ਰਹੀਆਂ
ਹਨ ਤੇ ਨਾ ਗੁਰਪੁਰਬ ਰਹੇ ਹਨ। ਲੋਕੀਂ ਹੁਣ ਵੀ ਇਹ ਤਿਉਹਾਰ ਮਨਾਉਂਦੇ ਹਨ,
ਕੇਵਲ ਆਪਣੀ ਅਮੀਰੀ ਦਾ ਦਿਖਾਵਾ ਕਰਨ ਲਈ। ਇਨ੍ਹਾਂ ਤਿਉਹਾਰਾਂ ਵਿਚੋਂ ਸਾਂਝ
ਤੇ ਸਮੂਹਕਤਾ ਗੁੰਮ ਹੋ ਗਈ ਹੈ ਤੇ ਰਹਿ ਗਿਆ ਹੈ ਸਿਰਫ਼ ਨਿਜੀ ਅਮੀਰੀ ਦਾ
ਪ੍ਰਦਰਸ਼ਨ ਹੋਰ ਕੁਝ ਵੀ ਨਹੀਂ।
(25 ਜੂਨ 2008)