ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts English Shahmukhi Devnagri

 ਅਜੋਕਾ ਵਾਧਾ:: 04 July, 2008

   ਮੁੱਖਪੰਨਾ

             ਲੇਖ/ਖੋਜ/ਆਲੋਚਨਾ/ਰੀਵੀਊ/ਵਿਚਾਰ

likhari2001@yahoo.co.uk

dr. Karamjeet Singh kurekshetra University
ਡਾ: ਕਰਮਜੀਤ ਸਿੰਘ

 ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਖੋਜ ਕਾਰਜ ਦੀ ਦਸ਼ਾ ਤੇ ਦਿਸ਼ਾ

-ਡਾ. ਕਰਮਜੀਤ ਸਿੰਘ-
(ਪ੍ਰੋਫੈਸਰ ਤੇ ਚੇਅਰਮੈਨ, ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ (ਹਰਿਆਣਾ)

ਲੋਕ ਧਾਰਾ ਦੇ ਵਿਸ਼ੇਸ਼ਗ ਅਤੇ ਪੰਦਰਾਂ ਪੁਸਤਕਾ ਦੇ ਲੇਖਕ/ਚਿੰਤਕ/ਆਲੋਚਕ ਡਾ: ਕਰਮਜੀਤ ਸਿੰਘ, ਪੰਜਾਬੀ ਸਾਹਿਤਕ ਖੇਤਰ ਵਿੱਚ ਕਿਸੇ ਵੀ ਰਸਮੀ ਜਾਣ-ਪਹਿਚਾਣ ਦੇ ਮੁਥਾਜ ਨਹੀਂ। ਅੱਜਕਲ ਆਪ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ (ਹਰਿਆਣਾ) ਵਿਖੇ ਪੰਜਾਬੀ ਵਿਭਾਗ ਵਿੱਚ ਪਰੋਫੈਸਰ ਹਨ। 'ਲਿਖਾਰੀ' ਵਿੱਚ ਆਪ ਦੀਆਂ ਉੱਚ-ਕੋਟੀ ਦੀਆਂ ਰਚਨਾਵਾਂ ਸਮੇਂ ਸਮੇਂ ਸਿਰ ਸੁ-ਸ਼ੋਭਿਤ ਹੁੰਦੀਆਂ ਰਹਿੰਦੀਆਂ ਹਨ। ਆਪ ਦੀ ਇਕ ਹੋਰ ਰਚਨਾ:
'ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਖੋਜ ਕਾਰਜ ਦੀ ਦਸ਼ਾ ਤੇ ਦਿਸ਼ਾ' ਪਾਠਕਾਂ ਦੇ ਰੂ-ਬ-ਰੂ ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ। -'ਲਿਖਾਰੀ'

       
ਹਰਿਆਣੇ/ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਹੋ ਰਹੇ ਖੋਜ ਕਰਜ ਨੂੰ ਵਿਚਾਰਨ ਤੋਂ ਪਹਿਲਾਂ ਇਥੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਸਥਿਤੀ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ। ਹਰਿਆਣਾ ਬਣਨ ਤੋਂ ਚਾਰ ਦਹਾਕੇ ਬਾਅਦ ਵੀ ਪੰਜਾਬੀ ਨੂੰ ਦੂਸਰੀ ਭਾਸ਼ਾ ਦਾ ਦਰਜਾ ਪ੍ਰਾਪਤ ਨਹੀਂ ਹੋ ਸਕਿਆ। ਚੋਣਾ ਤੋਂ ਪਹਿਲਾਂ ਵਿਧਾਨ ਸਭਾ ਵਿਚ ਦੂਜੀ ਭਾਸ਼ਾ ਦਾ ਬਿਲ ਪਾਸ ਹੋ ਗਿਆ ਸੀ। ਪਰ ਅੱਜ ਤਿੰਨ ਸਾਲ ਬਾਦ ਤਕ ਵੀ ਉਸ ਬਾਰੇ ਗ਼ਜ਼ਟ ਨੋਟੀਫਿਕੇਸ਼ਨ ਨਹੀਂ ਹੋ ਸਕਿਆ। ਇਸ ਸਭ ਕੁਝ ਤੋ ਸਰਕਾਰੀ ਤੰਤਰ ਦੀ ਨੀਅਤ ਬਾਰੇ ਵੀ ਕੋਈ ਸ਼ੱਕ ਨਹੀਂ ਰਹਿ ਜਾਂਦਾ। ਹਰਿਆਣੇ ਵਿਚ ਪੰਜਾਬੀ ਭਾਈਚਾਰਾ ਪੰਜਾਬ ਤੋਂ ਵੀ ਵੱਧ ਸੰਪ੍ਰਦਾਇਕ ਲੀਹਾਂ ਉਪਰ ਵੰਡਿਆ ਹੋਇਆ ਹੈ। ਇਸੇ ਲਈ 2001 ਦੀ ਜਨਗਣਨਾ ਸਮੇਂ ਸਿਰਫ਼ 8% ਸਿੱਖਾਂ ਨੇ ਹੀ ਆਪਣੀ ਮਾਤ ਭਾਸ਼ਾ ਪੰਜਾਬੀ ਲਿਖਾਈ ਹੈ। ਇਸ ਗਿਣਤੀ ਦੇ ਆਧਾਰ ਤੇ ਵੀ ਪੰਜਾਬੀ ਦਾ ਦੂਜਾ ਦਰਜਾ ਬਰਕਰਾਰ ਰਹਿੰਦਾ ਹੈ। ਪਰ ਇਹ ਬਣਦਾ ਹੱਕ ਵੀ ਲੜਾਈ ਲੜੇ ਬਗੈਰ ਸੰਭਵ ਨਹੀਂ ਹੈ। ਜੇ ਪੰਜਾਬ ਵਿਚ ਪੰਜਾਬੀ ਦੀ ਸਥਿਤੀ ਸੰਤੋਖ ਜਨਕ ਨਹੀਂ ਤਾਂ ਦੂਜੇ ਪ੍ਰਦੇਸ਼ਾ ਵਿਚ ਇਸ ਦੀ ਵਧੀਆ ਸਥਿਤੀ ਦੀ ਆਸ ਨਹੀਂ ਰੱਖੀ ਜਾ ਸਕਦੀ।

ਸਕੂਲਾਂ, ਕਾਲਜਾਂ ਵਿਚ ਪੰਜਾਬੀ ਪੜ੍ਹਾਉਣ ਲਈ ਲੱਗੀਆਂ ਹੋਈਆਂ ਸ਼ਰਤਾਂ, ਅਧਿਆਪਕਾਂ ਦੀ ਸਕੂਲ ਕਾਲਜ ਦੀ ਪੱਧਰ ਤੱਕ ਕਮੀ ਕਿਸੇ ਵੀ ਭਾਸ਼ਾ ਦੇ ਵਧਣ ਫੁਲਣ ਲਈ ਸ਼ੁਭ ਸ਼ਗਨ ਨਹੀਂ ਹਨ। ਜੇ ਤੁਸੀਂ ਬਿਨਾਂ ਪੰਜਾਬੀ ਪੜ੍ਹਿਆਂ ਬੀ. ਏ. ਵਿਚੋਂ 50% ਨੰਬਰ ਲੈ ਕੇ ਐਮ.ਏ ਵਿਚ ਦਾਖਲਾ ਲੈ ਸਕਦੇ ਹੋਵੋ ਤਾਂ ਇਸ ਦਾਖਲੇ ਤੋਂ ਬਾਦ ਫਿਰ ਕਿਸ ਪੱਧਰ ਦੀ ਆਸ ਰੱਖੀ ਜਾ ਸਕਦੀ ਹੈ। ਪਿਛਲੇ ਕੁਝ ਸਮੇਂ ਤੋਂ ਸਕੂਲਾਂ ਕਾਲਜਾਂ ਵਿਚ ਕੁਝ ਅਧਿਆਪਕ ਰੱਖੇ ਜਾ ਰਹੇ ਹਨ। ਨੇਤਾਵਾਂ ਦੇ ਆਏ ਦਿਨ ਦਿੱਤੇ ਗਏ ਬਿਆਨ ਪੰਜਾਬੀ, ਹਿੰਦੂ ਸਿੱਖ ਅਤੇ ਹਰਿਆਣਵੀ ਮੂਲ਼ ਦੇ ਵਿਦਿਆਰਥੀਆਂ ਨੂੰ ਵੀ ਪੰਜਾਬੀ ਦੀ ਐੰ.ਏ ਆਦਿ ਕਰਨ ਵਲ ਰੁਚਿਤ ਕਰ ਰਹੇ ਹਨ। ਜੇ ਇਹ ਬਿਆਨ ਯਥਾਰਥ ਰੂਪ ਧਾਰਣ ਕਰਦੇ ਹਨ ਤਾਂ ਹਰਿਆਣੇ ਦੀ ਲੋਕਲ ਵਸੋਂ ਨੂੰ ਵੀ ਆਪਣੇ ਵਲ ਖਿਚ ਲਿਆਉਣਗੇ ਨਹੀਂ ਤਾਂ ਹੋਰ ਵਧੇਰੇ ਬੇਲਾਗ ਪੁਣਾ ਦੇਖਣ ਨੂੰ ਵੀ ਮਿਲ਼ ਸਕਦਾ ਹੈ।

ਹਰਿਆਣੇ ਵਿਚ ਬੀ.ਏ, ਐਮ. ਏ. ਰੈਗੂਲਰ ਵੀ ਹੈ ਤੇ ਪੱਤਰਾਚਾਰ ਵਿਭਾਗਾ ਰਾਹੀਂ ਵੀ। ਐਮ. ਫਿਲ ਵੀ ਦੋਹਾਂ ਤਰ੍ਹਾਂ ਨਾਲ਼ ਕਰਵਾਈ ਜਾ ਰਹੀ ਹੈ। ਜੋ ਪੰਜਾਬ ਦਾ ਵਿਦਿਆਰਥੀ ਐਮ.ਏ. ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਕਰਦਾ ਹੈ ਉਸਨੂੰ ਹਰਿਆਣੇ ਦਾ ਮੰਨ ਲਿਆ ਜਾਂਦਾ ਹੈ। ਇਉਂ ਅੱਧੇ ਤੋਂ ਵੱਧ ਵਿਦਿਆਰਥੀ ਪੰਜਾਬ ਦੇ ਐਮ. ਫਿਲ ਵਿਚ ਖੋਜ ਕਰ ਰਹੇ ਹਨ। ਇਨ੍ਹਾਂ ਵਿਚੋਂ ਹੀ ਬਹੁਤੇ ਪੀਐਚ. ਡੀ. ਲਈ ਰਜਿਸਟਰਡ ਕੀਤੇ ਜਾਂਦੇ ਹਨ। ਉਪਰੋਕਤ ਸਭ ਕੁਝ ਮਿਲ਼ ਕੇ ਹੀ ਹਰਿਆਣੇ ਵਿਚ ਖੋਜ ਦਾ ਪੱਧਰ ਤੈਅ ਹੁੰਦਾ ਹੈ। ਇਥੇ ਇਕ ਗੱਲ ਹੋਰ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਘੱਟ ਗਿਣਤੀ ਦੀ ਹਰ ਥਾਂ ਇਕ ਵੱਖਰੀ ਮਾਨਸਿਕਤਾ ਹੁੰਦੀ ਹੈ ਤੇ ਉਹ ਹੈ ਮਿਲ਼ ਮਿਲ਼ਾ ਕੇ ਕੰਮ ਕੱਢਣ ਨੂੰ ਤਰਜੀਹ ਦਿੰਦੀ ਹੈ। ਸਾਮੂਹਿਕ ਸੰਘਰਸ਼ਾ ਵਿਚ ਇਸ ਦਾ ਯਕੀਨ ਘੱਟ ਹੀ ਹੁੰਦਾ ਹੈ। ਹਰਿਆਣੇ ਵਰਗੇ ਪ੍ਰਦੇਸ਼ ਵਿਚ ਜਿੱਥੇ ਦਾ ਇਤਿਹਾਸ ਹੀ ਮੌਕਾ ਪ੍ਰਸਤੀ ਦੀ ਰਾਜਨੀਤੀ ਉਪਰ ਉਸਰਿਆ ਹੋਵੇ ਉਸ ਵਿਚ ਤਾਂ ਸੰਘਰਸ਼ ਕਰ ਰਹੇ ਲੋਕਾਂ ਨਾਲ਼ ਨਾਤਾ ਰੱਖਣਾ ਵੀ ਜ਼ੋਖਮ ਲੈਣ ਵਾਲ਼ੀ ਗੱਲ ਸਮਝੀ ਜਾਂਦੀ ਹੈ। ਗਲੋਬਲਾਈਜ਼ੇਸ਼ਨ ਨੇ ਹੁਣ ਤਕ ਇਮਾਨਦਾਰ ਸਮਝੇ ਜਾਂਦੇ ਅਧਿਆਪਕ ਵਰਗ ਦੇ ਇਕ ਹਿੱਸੇ ਨੂੰ ਵੀ ਕੁਰੱਪਟ ਕਰ ਦਿੱਤਾ ਹੈ। ਇਸ ਕੁਰਪਸ਼ਨ ਦਾ ਦਾਇਰਾ ਹੈ ਮਿਲ਼ਦੀ ਤਨਖਾਹ ਤੋਂ ਵੱਖ ਹੋਰ ਪੈਸਾ ਬਣਾਉਣ ਦੇ ਸਾਧਨ ਲੱਭਣਾ, ਆਪਣੇ ਅਸਲੀ ਕੰਮ ਪੜ੍ਹਨ ਪੜਾਉਣ ਤੋਂ ਕੰਨੀ ਕਤਰਾਉਣਾ, ਤੇ ਵਿਹਲੇ ਵੇਲੇ ਨੂੰ ਹੋਰ ਲਾਭ ਦੇ ਧੰਦਿਆਂ ਵਲ ਲੱਗਣਾ ਇਥੋਂ ਤਕ ਕਿ ਡਿਗਰੀਆਂ ਲਈ ਨਿਗਰਾਨੀ ਨੂੰ ਵੀ ਪੈਸੇ ਨਾਲ਼ ਤੋਲਣਾ ਆਦਿ। ਇਉਂ ਵਿਦਿਆ ਦਾਨ ਦੀ ਥਾਂ ਨਿੱਜੀ ਆਦਾਰਿਆਂ ਤੋਂ ਇਲਾਵਾ ਇਨ੍ਹਾਂ ਅਧਿਆਪਕਾਂ ਦੇ ਹੱਥਾਂ ਵਿਚ ਪੈਸਾ ਬਣਾਉਣ ਦਾ ਸਾਧਨ ਬਣਦੀ ਜਾ ਰਹੀ ਹੈ। ਇਹ ਵਰਗ ਸ਼ਕਤੀ ਨੂੰ ਆਪਣੇ ਹੱਥਾਂ ਵਿਚ ਲੈਣ ਲਈ ਦਿਨ ਰਾਤ ਤਰਲੋਮੱਛੀ ਹੋ ਰਿਹਾ ਹੈ। ਇਸ ਲਈ ਇਨ੍ਹਾਂ ਨੂੰ ਭਾਵੇਂ ਸੰਪ੍ਰਦਾਇਕਤਾ ਜਾਂ ਜਾਤ-ਪਾਤ ਦਾ ਹੀ ਸਹਾਰਾ ਕਿਉਂ ਨਾ ਲੈਣਾ ਪਵੇ। ਇਨ੍ਹਾਂ ਤੇ ਹੋਰ ਪ੍ਰਸਥਿਤੀਆਂ ਵਿਚ ਹਰਿਆਣੇ ਅੰਦਰ ਜਿਹੋ ਜਿਹੀ ਖੋਜ ਹੋ ਸਕਦੀ ਹੈ ਉਹੋ ਜਿਹੀ ਹੋ ਵੀ ਰਹੀ ਹੈ।

ਜੇ ਗਿਣਾਤਮਕ ਪੱਖ ਨੂੰ ਧਿਆਨ ਵਿਚ ਰੱਖਿਆ ਜਾਵੇ ਤਾਂ 2001 ਤੋਂ 2008 ਤਕ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ 126 ਵਿਦਿਆਰਥੀ ਪੀਐਚ ਡੀ. ਲਈ ਰਜਿਸਟਰਡ ਹੋ ਚੁੱਕੇ ਹਨ। ਰੈਗੂਲਰ ਐਮ. ਫਿਲ. ਵਿਚ 111 ਅਤੇ ਪੱਤਰਾਚਾਰ ਵਿਭਾਗ ਰਾਹੀਂ 298 ਦੇ ਕਰੀਬ ਵਿਦਿਆਰਥੀਆਂ ਨੇ ਆਪਣੇ ਖੋਜ ਨਿਬੰਧ ਪ੍ਰਸਤੁਤ ਕੀਤੇ ਹਨ। 126 ਪੀਐਚ. ਡੀ. ਦੇ ਵਿਦਿਆਰਥੀਆਂ ਵਿਚੋਂ 31 ਮਧਕਾਲ ਨਾਲ਼ ਸੰਬੰਧਿਤ ਹਨ। (ਬਾਰਾਂ ਵਿਦਿਆਰਥੀਆਂ ਨੇ ਗੁਰਬਾਣੀ, ਚਾਰ ਚਾਰ ਨੇ ਸੂਫ਼ੀ ਕਾਵਿ ਅਤੇ ਭਗਤ ਬਾਣੀ ਉਪਰ ਅਤੇ ਗਿਆਰਾਂ ਵਿਦਿਆਰਥੀਆਂ ਨੇ ਕਿੱਸਾ ਕਾਵਿ ਉਪਰ ਖੋਜ ਕੀਤੀ ਹੈ। ਆਧੁਨਿਕ ਕਾਲ ਉਪਰ 95 ਵਿਦਿਆਰਥੀ ਖੋਜ ਕਰ ਚੁੱਕੇ ਹਨ। ਇਨ੍ਹਾਂ ਵਿਚੋਂ ਸਤਾਈ ਖੋਜ ਪ੍ਰਬੰਧ ਨਾਵਲ ਨਾਲ਼, ਬਾਰਾਂ ਕਹਾਣੀ ਨਾਲ਼, ਤਿੰਨ ਗਲਪ ਨਾਲ਼, ਦਸ ਕਵਿਤਾ ਨਾਲ਼, ਗ਼ਜ਼ਲ ਨਾਲ਼ ਚਾਰ, ਸਵੈਜੀਵਨੀ ਨਾਲ਼ ਤਿੰਨ, ਨਾਟਕ ਨਾਲ਼ ਤਿੰਨ ਲੋਕਧਾਰਾ ਨਾਲ਼ ਨੌਂ (ਲੋਕਗੀਤ-4,ਲੋਕਧਾਰਾ-2, ਲੋਕਵਿਸ਼ਵਾਸ-1 ਅਤੇ ਲੋਕ ਕਥਾ-2) ਹਰਿਆਣਾ ਪੰਜਾਬੀ ਸਾਹਿਤ ਨਾਲ਼ ਇਕ ਅਤੇ ਵਾਰਤਕ ਨਾਲ਼ ਪੰਜ ਖੋਜ ਪ੍ਰਬੰਧ ਸੰਬੰਧਿਤ ਹਨ। ਇਸੇ ਸਮੇਂ ਦੌਰਾਨ ਪੰਜਾਬੀ ਪਰਵਾਸੀ ਸਾਹਿਤ ਉਪਰ 15 ਖੋਜ ਪ੍ਰਬੰਧ ਹੋ ਚੁੱਕੇ ਹਨ ਜਾਂ ਹੋ ਰਹੇ ਹਨ। (ਇਨ੍ਹਾਂ ਵਿਚੋਂ ਤਿੰਨ ਪਰਵਾਸੀ ਪੰਜਾਬੀ ਨਾਵਲ ਨਾਲ਼, ਛੇ ਪੰਜਾਬੀ ਕਹਾਣੀ ਨਾਲ਼, ਪੰਜ ਪਰਵਾਸੀ ਕਵਿਤਾ ਤੇ ਇਕ ਪਰਵਾਸੀ ਪੰਜਾਬੀ ਗਲਪ ਨਾਲ਼ ਸੰਬੰਧਿਤ ਹਨ।) ਐਮ. ਫਿਲ. ਰੈਗੂਲਰ ਵਿਚ ਕੇਵਲ ਸੋਲ੍ਹਾਂ ਖੋਜ ਨਿਬੰਧ ਮੱਧ ਕਾਲ ਉਪਰ ਹਨ। (2-ਸੂਫ਼ੀ, 8- ਗਰੁਬਾਣੀ, ਇਕ ਭਗਤ ਬਾਣੀ, ਅਤੇ ਪੰਜ ਕਿੱਸਾ ਕਾਵਿ ਉਪਰ ਹਨ।) ਆਧੁਨਿਕ ਕਾਲ ਵਿਚ 45 ਖੋਜ ਨਿਬੰਧ ਗਲਪ ਦੇ ਵਿਸ਼ਿਆਂ ਨਾਲ਼ ਜੁੜੈ ਹੋਏ ਹਨ। (24-ਨਾਵਲ, 20 ਕਹਾਣੀ ਤੇ ਇਕ ਗਲਪ ਨਾਲ਼), 6 ਦਾ ਵਿਸ਼ਾ ਲੋਕਧਾਰਾ ਹੈ। (ਲੋਕਗੀਤ-3, ਲੋਕਯਾਨ-2 ਤੇ ਲੋਕਵਿਸ਼ਵਾਸ-1), 24 ਖੋਜ ਨਿਬੰਧ ਕਵਿਤਾ (22+2ਗ਼ਜ਼ਲ) ਦੇ ਵਿਸ਼ਿਆ ਨਾਲ਼ ਸੰਬੰਧਿਤ ਹਨ। 7 ਨਾਟਕ (6+ਇਕ ਇਕਾਂਗੀ), 7 ਵਾਰਤਕ (ਸਵੈਜੀਵਨੀ ਤਿੰਨ, ਵਾਰਤਕ/ਨਿਬੰਧ-4) ਹਰਿਆਣਾ ਪੰਜਾਬੀ ਸਾਹਿਤ ਅਤੇ ਆਲੋਚਨਾ ਸਿਧਾਂਤ ਨਾਲ਼ ਇਕ ਇਕ ਖੋਜ ਪ੍ਰਬੰਧ ਪ੍ਰਸਤੁਤ ਹੋਇਆ ਹੈ। ਚਾਰ ਖੋਜ ਨਿਬੰਧ ਪਰਵਾਸੀ ਸਾਹਿਤ ਉਪਰ ਹਨ। (ਇਨ੍ਹਾਂ ਵਿਚੋਂ 2 ਨਾਵਲ, ਇਕ ਕਹਾਣੀ ਤੇ ਇਕ ਕਵਿਤਾ )

ਜੇ ਪੱਤਰਾਚਾਰ ਦੇ ਚਾਰ ਸਾਲ ਦੇ ਖੋਜ ਨਿਬੰਧਾਂ ਉਪਰ ਨਜ਼ਰ ਮਾਰੀਏ ਜਿਸਦੇ ਆਂਕੜੇ ਉਪਲੱਭਦ ਹਨ ਤਾਂ ਇਹ ਤਸਵੀਰ ਸਾਹਮਣੇ ਆਉਂਦੀ ਹੈ। ਪੱਤਰਾਚਾਰ ਦੇ 35 ਖੋਜ ਨਿਬੰਧ ਮੱਧਕਾਲ ਉਪਰ ਤੇ 114 ਆਧੁਨਿਕ ਕਾਲ ਉਪਰ ਲਿਖੇ ਗਏ ਹਨ। ਅਗਲੇ ਚਾਰ ਸਾਲਾਂ ਵਿਚ ਇਹ ਗਿਣਤੀ ਹੋਰ ਵੀ ਵੱਧ ਹੋਵੇਗੀ ਕਿਉਂਕਿ ਇਸ ਸਮੇਂ ਦੌਰਾਨ ਸੀਟਾਂ ਦੀ ਗਿਣਤੀ ਕਈ ਗੁਣਾਂ ਵਧੀ ਹੈ। ਮੱਧਕਾਲ ਦੇ 35 ਖੋਜ ਨਿਬੰਧਾਂ ਵਿਚੋਂ 23 ਗੁਰਮਤਿ ਸਾਹਿਤ ਨਾਲ਼ (19 ਗੁਰਬਾਣੀ ਤੇ 4 ਭਗਤ ਬਾਣੀ) 6 ਸੂਫ਼ੀ ਸਾਹਿਤ ਨਾਲ਼ 5 ਕਿੱਸਾ ਸਾਹਿਤ ਅਤੇ ਜੰਗਨਾਮੇ ਉਪਰ ਇਕ) ਸੰਬੰਧਿਤ ਹੈ। ਆਧੁਨਿਕ ਕਾਲ ਦੇ 114 ਖੋਜ ਨਿਬੰਧਾਂ ਵਿਚੋਂ 71 ਤਾਂ ਗਲਪ ਨਾਲ਼ ਹੀ ਜੁੜੇ ਹੋਏ ਹਨ। (ਇਨ੍ਹਾਂ ਵਿਚੋਂ ਨਾਵਲ ਨਾਲ਼ 50, ਕਹਾਣੀ ਨਾਲ਼ 15, ਮਿੰਨੀ ਕਹਾਣੀ ਨਾਲ਼ ਇਕ ਅਤੇ ਪੰਜ ਗਲਪ ਨਾਲ਼ ਜੁੜੇ ਹੋਏ ਹਨ। ਇਸ ਤੋਂ ਇਲਾਵਾ ਕਵਿਤਾ ਦੇ ਵਿਸ਼ੇ ਨਾਲ਼ 18, ਨਾਟਕ ਨਾਲ਼ 14, ਵਾਰਤਕ ਨਾਲ਼ 4 (ਸਫ਼ਰਨਾਮਾ ਤੇ ਸਵੈਜੀਵਨੀ ਦੋ ਦੋ), ਲੋਕਧਾਰਾ ਨਾਲ਼ 8 ਖੋਜ ਨਿਬੰਧ ਜੁੜੇ ਹੋਏ ਹਨ। ਉਪਰੋਕਤ ਗਿਣੀਆ ਮਿਣਤੀਆ ਤੋਂ ਹੇਠ ਲਿਖੇ ਨਤੀਜੇ ਨਿਕਲ਼ਦੇ ਹਨ।

1. ਗਲਪ ਨੂੰ ਸਭ ਤੋਂ ਸੌਖਾ ਵਿਸ਼ਾ ਸਮਝਿਆ ਗਿਆ ਹੈ। ਇਸੇ ਲਈ ਸਭ ਤੋਂ ਵੱਧ ਵਿਦਿਆਰਥੀ ਇਸ ਖੇਤਰ ਨੂੰ ਚੁਣ ਰਹੇ ਹਨ। ਪਰਵਾਸੀ ਸਾਹਿਤ ਨਾਲ਼ ਜੁੜੇ ਵਿਦਿਆਰਥਾਂ ਦੀ ਰੁਚੀ ਵੀ ਗਲਪ ਵਲ ਵਧੇਰੇ ਹੈ। ਇਹ ਤਾਂ ਸੁਭਾਵਿਕ ਵੀ ਲਗਦਾ ਹੈ ਕਿਉਂਕਿ ਪਰਵਾਸੀ ਸਾਹਿਤ ਵਿਚ ਗਲਪਕਾਰਾਂ ਨੇ ਹੀ ਵਿਸ਼ੇਸ਼ ਥਾਂ ਬਣਾਈ ਹੈ।

2. ਪੁਰਾਤਨ ਵਾਰਤਕ, ਭਾਸ਼ਾ ਵਿਗਿਆਨ, ਜੀਵਨੀ ਰੇਖਾਂ ਚਿੱਤਰ ਆਦਿ ਸਾਹਿਤਕ ਰੂਪਾਂ ਨੂੰ ਕਿਸੇ ਵਿਦਿਆਰਥੀ ਨੇ ਹੱਥ ਪਾਉਣ ਦੀ ਹਿੰਮਤ ਨਹੀਂ ਕੀਤੀ।

3. ਕਈ ਵਾਰੀ ਇਉਂ ਲੱਗਣ ਲੱਗਦਾ ਹੈ ਕਿ ਪਰਵਾਸੀ ਸਾਹਿਤ ਨੂੰ ਲੋੜੋਂ ਵੱਧ ਮਹੱਤਵ ਦਿੱਤਾ ਜਾ ਰਿਹਾ ਹੈ। ਉਪਰੋਕਤ ਤੱਥ ਇਸਦੀ ਗਵਾਹੀ ਨਹੀਂ ਭਰਦੇ।

ਜੇ ਸਿਰਫ਼ ਪੀਐਚ. ਡੀ. ਦੇ ਖੋਜ ਪ੍ਰਬੰਧਾਂ ਦੇ ਵਿਸ਼ਿਆਂ ਉਪਰ ਨਜ਼ਰ ਮਾਰੀਏ ਤਾਂ ਇਹ ਆਮ ਤੌਰ ਤੇ ਕਿਸੇ ਸਾਹਿਤ ਰੂਪ ਦੇ ਵਿਚਾਰਧਾਰਾਈ ਪਰਿਪੇਖ, ਥੀਮਕ ਅਧਿਐਨ, ਸਮਾਜਿਕ ਜਾਂ ਮਾਨਵੀ ਸਰੋਕਾਰ, ਵਿਸ਼ੇ ਮੂਲਕ ਜਾਂ ਵਿਧੀਮੂਲਕ ਅਧਿਐਨ ਅਤੇ ਤੁਲਨਾਤਮਿਕ ਅਧਿਐਨ ਨਾਲ਼ ਜੁੜੇ ਹੋਏ ਹਨ। ਪਰੰਤੂ ਬਹੁਤੇ ਖੋਜ ਪ੍ਰਬੰਧਾਂ ਵਿਚ ਥੀਮਕ ਅਧਿਐਨ, ਵਿਚਾਰਧਾਰਾਈ ਅਧਿਐਨ ਆਦਿ ਦੇ ਸਿਧਾਂਤਕ ਪਰਿਪੇਖ ਨੂੰ ਉਸਾਰਨ ਦੀ ਕੋਈ ਲੋੜ ਹੀ ਨਹੀਂ ਸਮਝੀ ਗਈ। ਸਪੱਸ਼ਟ ਤੌਰ ਤੇ ਪਹੁੰਚਵਿਧੀ ਜਾਂ ਦ੍ਰਿਸ਼ਟੀਕੋਣ ਦੇ ਮਸਲੇ ਨੂੰ ਤਿਆਗ ਹੀ ਦਿੱਤਾ ਗਿਆ ਹੈ। ਲਾ ਪਾ ਕੇ ਵਿਸ਼ੇਗਤ ਅਧਿਐਨ ਹੋ ਰਹੇ ਹਨ। ਨਾਵਲਾਂ ਕਹਾਣੀਆ ਦੇ ਸਾਰ ਦਿੱਤੇ ਜਾ ਰਹੇ ਹਨ। ਜੇ ਮੈਂ ਨਕਲ ਦੀ ਪ੍ਰਵਿਰਤੀ ਦੀ ਗੱਲ ਇਥੇ ਨਾਂ ਹੀ ਛੇੜਾਂ ਤਾਂ ਚੰਗਾ ਹੈ ਕਿਉਂਕਿ ਇਸ ਪ੍ਰਵਿਰਤੀ ਨੂੰ ਵਧਾਉਣ ਵਿਚ ਗਾਈਡ ਦਾ ਹੱਥ ਸਭ ਤੋਂ ਵਧੇਰੇ ਹੈ। ਜੇ ਖੋਜ ਵਿਧੀ ਦੀ ਦ੍ਰਿਸ਼ਟੀ ਤੋਂ ਵੇਖੀਏ ਤਾਂ ਸ਼ੁਰੂ ਤੋਂ ਅਖੀਰ ਤਕ ਉਕਾਈਆਂ ਮਿਲ਼ ਜਾਂਦੀਆਂ ਹਨ। ਟਾਈਪ ਦੀਆ ਗਲਤੀਆ ਤੋਂ ਲੈ ਕੇ ਪੈਰ ਟਿੱਪਣੀਆ ਅਤੇ ਪੁਸਤਕ ਸੂਚੀ ਬਣਾਉਣ ਤਕ ਦੀਆਂ ਖਾਮੀਆਂ ਮਿਲ਼ ਜਾਂਦੀਆਂ ਹਨ। ਇਹ ਸਭ ਕੁਝ ਸੁਚੇਤ ਤੇ ਮਿਹਨਤੀ ਪਾਠਕ ਨੂੰ ਨਿਰਾਸ਼ ਵੀ ਕਰਦਾ ਹੈ ਅਤੇ ਉਹ ਝੁੰਜਲਾ ਵੀ ਉੱਠਦਾ ਹੈ। ਇਹ ਸਭ ਕੁਝ ਇਸਦੇ ਬਾਵਜੂਦ ਹੈ ਕਿ ਇਕ ਪੂਰੇ ਦਾ ਪੂਰਾ ਪੇਪਰ ਐਮ. ਫਿਲ. ਵਿਚ ਪੜ੍ਹਾਇਆ ਜਾਂਦਾ ਹੈ। ਪਰੰਤੂ ਸਭ ਕੁਝ ਦਾ ਵਿਨਾਸ਼ ਨਹੀਂ ਹੋਇਆ ਤੇ ਨਾ ਹੀ ਕਦੇ ਹੁੰਦਾ ਹੈ। ਕੁਝ ਪ੍ਰਤਿਸ਼ਤ ਖੋਜ ਪ੍ਰਬੰਧ ਅਜੇ ਵੀ ਪੜ੍ਹਨਯੋਗ ਮਿਲ਼ ਜਾਂਦੇ ਹਨ। ਆਪਣੀ ਇਸ ਗੱਲ ਦੀ ਪ੍ਰੌੜਤਾ ਲਈ ਮੈਂ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਹੋਏ ਕੁਝ ਹੇਠ ਲਿਖੇ ਖੋਜ ਪ੍ਰਬੰਧਾਂ ਦੀ ਸੂਚੀ ਦੇਣ ਦੀ ਖੁਲ੍ਹ ਲੈ ਰਿਹਾ ਹਾਂ।
1. ਰਾਬਿੰਦਰ ਸਿੰਘ, ਪੰਜਾਬੀ ਗ਼ਜ਼ਲ ਪਰੰਪਰਾ ਤੇ ਪ੍ਰਯੋਗ।
2. ਜਸਮੇਲ ਕੌਰ, ਪੰਜਾਬੀ ਲੋਕ ਕਥਾਵਾਂ ਦਾ ਸਮਾਜ-ਸਭਿਆਚਾਰਕ ਅਧਿਐਨ।
3. ਰਣਬੀਰ ਕੌਰ, ਪੰਜਾਬੀ ਸਵੈਜੀਵਨੀ ਸਾਹਿਤ ਇਕ ਅਧਿਐਨ।
4. ਸੈਮੂਅਲ ਗਿੱਲ, ਪੰਜਾਬੀ ਲੋਕਧਾਰਾ ਸੰਗ੍ਰਹਿ, ਸੰਪਾਦਨ ਤੇ ਮੁਲਾਂਕਣ ਵਿਚ ਅੰਗ੍ਰਜ਼ਾਂ ਦਾ ਯੋਗਦਾਨ।
5. ਸੁਖਦੀਪ ਕੌਰ, ਪੰਜਾਬੀ ਲੋਕਯਾਨ ਤੇ ਵਣਜਾਰਾ ਬੇਦੀ।
6. ਰਜਨੀ ਰਾਣੀ, ਪੰਜਾਬੀ ਕਹਾਣੀ ਦਾ ਨਾਰੀਵਾਦੀ ਅਧਿਐਨ।
7. ਮਧੂ ਸ਼ਰਮਾ, ਪੰਜਾਬੀ ਲੋਲੋਕਗੀਤਾਂ ਦਾ ਸੁਹਜ ਸ਼ਾਸਤਰੀ ਅਧਿਐਨ।
8.. ਜਸਪਾਲ ਸਿੰਘ, ਪੰਜਾਬੀ ਨਾਵਲ ਆਲੋਚਨਾ ਦਾ ਅਧਿਐਨ
9. ਪਰਮਿੰਦਰ ਸਿੰਘ ਗੁਰਦਿਆਲ ਸਿੰਘ ਅਤੇ ਕਰਮਜੀਤ ਸਿੰਘ ਕੁੱਸਾ ਦੇ ਨਾਵਲਾਂ ਵਿਚ ਪੇਸ਼ ਦਲਿਤ ਚੇਤਨਾ ਦਾ ਅਧਿਐਨ।
10. ਸੁਖਜਿੰਦਰ ਕੌਰ, ਗੁਰੂ ਰਵਿਦਾਸ ਅਤੇ ਨਾਮਦੇਵ ਦੀ ਬਾਣੀ ਦਾ ਦਾਰਸ਼ਨਿਕ ਅਤੇ ਸਮਾਜਿਕ ਅਧਿਐਨ।
11. ਮਹਿੰਦਰ ਕੁਮਾਰ, ਸੁਰਿੰਦਰ ਸਿੰਘ ਨਰੂਲਾ ਦੇ ਨਾਵਲਾਂ ਦਾ ਸਮਾਜ ਸਭਿਆਚਾਰਕ ਅਧਿਐਨ।
12. ਰਿੰਕੂ ਰਾਣੀ, ਪੰਜਾਬੀ ਸਫ਼ਰਨਾਮਾ ਸਾਹਿਤ ਦਾ ਅਧਿਐਨ।
13. ਕੁਲਦੀਪ ਸਿੰਘ, ਸਮਕਾਲੀ ਪੰਜਾਬੀ ਨਾਵਲ, ਵਿਚਾਰਧਾਰਾਈ ਪਰਿਪੇਖ।
14. ਬਰਜਿੰਦਰ ਪਾਲ ਪ੍ਰਗਤੀਵਾਦੀ ਪੰਜਾਬੀ ਕਵਿਤਾ ਦਾ ਸੁਹਜ ਸ਼ਾਸਤਰੀ ਅਧਿਐਨ
15. ਅਮਰਜੀਤ ਸਿੰਘ, ਨਵੀਂ ਪੰਜਾਬੀ ਗ਼ਜ਼ਲ ਵਿਚਾਰਧਾਰਕ ਪਰਿਪੇਖ (1975 ਤੋਂ ਲੈ ਕੇ 2003 ਤਕ)
16. ਮਾਨ ਕੌਰ, ਪੰਜਾਬੀ ਸੂਫ਼ੀ ਕਵਿਤਾ ਦਾ ਕਾਵਿ ਸ਼ਾਸਤਰ।
ਉਮੀਦ ਹੈ ਜਿਸ ਉਦੇਸ਼ ਨਾਲ਼ ਇਹ ਪਰਚਾ ਲਿਖਣ ਲਈ ਕਿਹਾ ਗਿਆ ਸੀ ਉਹ ਉਦੇਸ਼ ਕਿਸੇ ਹੱਦ ਤਕ ਪੂਰਾ ਹੋਵੇਗਾ। ਕੁਝ ਗੱਲਾਂ ਕਰਨ ਲਈ ਕਈਆਂ ਲੋਕਾਂ ਦੇ ਨਿੱਜੀ ਨਾਮ ਲਏ ਜਾਣੇ ਸਨ ਜਿਸ ਨੂੰ ਮੈਂ ਅੱਖੋਂ ਪਰੋਖੇ ਹੀ ਰੱਖਿਆ ਹੈ। ਭਾਵੇਂ ਤੁਹਾਡੇ ਵਰਗੇ ਵਿਦਵਾਨ ਸ਼ੋਤੇ ਉੱਥੋਂ ਤਕ ਪਹੁੰਚ ਵੀ ਰੱਖਦੇ ਹਨ ਇਹਦਾ ਮੈਨੂੰ ਅਹਿਸਾਸ ਹੈ।
****
ਕਰਮਜੀਤ ਸਿੰਘ, -56, ਕੈਂਪਸ, ਕੁਰੂਕਸ਼ੇਤਰ ਯੁਨੀਵਰਸਿਟੀ, ਕੁਰੂਕਸ਼ੇਤਰ-136119, ਹਰਿਆਣਾ, (ਇੰਡੀਆ)
kjskurukshetra@yahoo.com

(5 ਜੁਲਾਈ 2007)

 

e-mail:
ilKfrI


© likhari: Punjabi Likhari Forum-2001-2008

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.