ਪ੍ਰਿੰ. ਸਰਵਣ ਸਿੰਘ ਪੰਜਾਬੀ ਦਾ ਇੰਟਰਨੈਸ਼ਨਲ ਖੇਡ ਲੇਖਕ ਹੈ। ਉਸ ਨੇ ਰੇਖਾ
ਚਿੱਤਰ, ਨਿਬੰਧ, ਕਹਾਣੀਆਂ, ਵਿਅੰਗ ਤੇ ਸਫ਼ਰਨਾਮੇ ਵੀ ਲਿਖੇ ਹਨ। ਉਸ ਦੀ ਵਾਰਤਕ
ਸ਼ੈਲੀ ਦਾ ਆਪਣਾ ਅੰਦਾਜ਼ ਹੈ ਜਿਸ ਨੂੰ ਆਲੋਚਕਾਂ ਨੇ ਅਥਲੈਟਿਕ ਸ਼ੈਲੀ ਆਖਿਆ
ਹੈ। ਉਸ ਦੀਆਂ ਲਿਖਤਾਂ ਵਿਚ ਅਮਲੀਆਂ ਵਾਲੀ ਰੌਣਕ ਤੇ ਖਿੱਚ੍ਹ ਹੈ। ਪੇਸ਼ ਹੈ ਉਸ
ਦੇ ਸਾਧਾਰਨ ਜੀਵਨ ਦੀ ਅਸਾਧਾਰਨ ਗਾਥਾ-(ਸੰਪਾਦਕ-ਲਿਖਾਰੀ)
ਮੇਰੀ ਜੀਵਨ ਗਾਥਾ-3
ਬਚਪਨ ਦੀਆਂ ਯਾਦਾਂ
ਪ੍ਰਿੰ: ਸਰਵਣ ਸਿੰਘ
ਮੈਂ ਤਿੰਨ ਸਕੂਲਾਂ ਵਿਚ ਪੜ੍ਹਿਆ।
ਪਹਿਲਾ ਗੁਰੂਘਰ ਦਾ ਸਕੂਲ ਸੀ, ਦੂਜਾ ਡਿਸਟ੍ਰਿਕ ਬੋਰਡ ਦਾ ਤੇ ਤੀਜਾ ਡੀ. ਏ.
ਵੀ. ਸਕੂਲ। ਮੈਨੂੰ ਤਿੰਨੇ ਸਕੂਲਾਂ ਦੇ ਤਿੰਨੇ ਰੰਗਾਂ ਦਾ ਪਾਹ ਚੜ੍ਹਿਆ। ਪਹਿਲੇ
ਸਕੂਲ ਨੇ ਮੈਨੂੰ ਪ੍ਰਾਇਮਰੀ ਸਿੱਖਿਆ ਦੇ ਨਾਲ ਪੰਜ ਗ੍ਰੰਥੀ ਪੜ੍ਹਾਈ, ਦੂਜੇ
ਸਕੂਲ ਨੇ ਆਮ ਸਿੱਖਿਆ ਤੋਂ ਬਿਨਾਂ ਖੇਡਣ ਮੱਲ੍ਹਣ ਦੇ ਮੌਕੇ ਦਿੱਤੇ ਤੇ ਤੀਜੇ ਨੇ
ਹਵਨ ਕਰਵਾਉਣ ਦੇ ਨਾਲ ਪੰਜਾਬੀ ਘੱਟ ਤੇ ਹਿੰਦੀ ਵੱਧ ਪੜ੍ਹਾਈ। ਉਰਦੂ ਮੈਂ
ਪਾਕਿਸਤਾਨ ਬਣਨ ਹੀ ਤਕ ਪੜ੍ਹ ਸਕਿਆ। ਹਿੰਦੀ ਅੱਠਵੀਂ ਤਕ, ਅੰਗਰੇਜ਼ੀ ਬੀ. ਏ.
ਤੇ ਪੰਜਾਬੀ ਐੱਮ. ਏ. ਤਕ ਪੜ੍ਹ ਕੇ ਪੰਜਾਬੀ ਪੜ੍ਹਾਉਂਦਾ ਤੇ ਪੰਜਾਬੀ ਵਿਚ ਲਿਖੀ
ਜਾਂਦਾ ਰਿਹਾ। ਪੰਜਾਬੀ ਦਾ ਲੈਕਚਰਾਰ ਲੱਗਣ ਲਈ ਮੈਨੂੰ ਬੀ. ਏ. ਪੱਧਰ ਦੀ
ਸੰਸਕ੍ਰਿਤ ਦਾ ਇਮਤਿਹਾਨ ਪਾਸ ਕਰਨਾ ਪਿਆ ਸੀ ਜੋ ਹਿੰਦੀ ਆਉਂਦੀ ਕਰਕੇ ਹੀ ਹੋ
ਸਕਿਆ। ਕੋਈ ਹੋਰ ਭਾਸ਼ਾ ਸਿੱਖਣ ਦੀ ਮੈਂ ਕੋਸਿ਼ਸ਼ ਨਹੀਂ ਕੀਤੀ। ਕਰ ਲੈਂਦਾ ਤਾਂ
ਹੋਰ ਵੀ ਚੰਗਾ ਹੁੰਦਾ। ਸਾਰੀਆਂ ਭਾਸ਼ਾਵਾਂ ‘ਚੋਂ ਮੇਰੀ ਮਾਂ ਬੋਲੀ ਪੰਜਾਬੀ
ਮੇਰੇ ਸਭ ਤੋਂ ਵੱਧ ਕੰਮ ਆਈ ਜੀਹਦੇ ਨਾਲ ਮੈਂ ਉਮਰ ਭਰ ਦੀਆਂ ਰੋਟੀਆਂ ਕਮਾਈਆਂ
ਤੇ ਨਾਮਣਾ ਖੱਟਿਆ।
ਮੇਰੇ ਮੁੱਢਲੇ ਖੇਡ ਮੈਦਾਨ ਘਰ ਦੇ ਵਿਹੜੇ ਤੇ ਬੀਹੀ ਤੋਂ ਲੈ ਕੇ ਪਿੰਡ ਦੀ ਰੌੜ
ਤੇ ਰਾਹ ਖਹਿੜੇ ਰਹੇ। ਫਿਰ ਸਕੂਲਾਂ ਦੇ ਖੇਡ ਮੈਦਾਨਾਂ ‘ਚ ਖੇਡਿਆ ਤੇ ਕਾਲਜਾਂ
ਦੇ ਖੇਡ ਮੈਦਾਨਾਂ ਵਿਚ ਦੀ ਹੁੰਦਾ ਹੋਇਆ ਦਿੱਲੀ ਦੇ ਨੈਸ਼ਨਲ ਸਟੇਡੀਅਮ ਤਕ
ਅਪੜਿਆ। ਹੁਣ ਤਕ ਸੈਂਕੜੇ ਖੇਡ ਮੈਦਾਨ ਵੇਖ ਚੁੱਕਾ ਹਾਂ ਜਿਨ੍ਹਾਂ ਵਿਚ ਲਾਸ
ਏਂਜਲਸ ਦਾ ਕੋਲੀਜ਼ੀਅਮ ਤੇ ਮਾਂਟਰੀਅਲ ਦਾ ਓਲੰਪਿਕ ਸਟੇਡੀਅਮ ਵੀ ਸ਼ਾਮਲ ਹੈ।
ਉਨ੍ਹਾਂ ਦੇ ਟਰੈਕ ਉਤੇ ਤੁਰਨ ਦਾ ਮੈਨੂੰ ਅਨੋਖਾ ਅਹਿਸਾਸ ਹੋਇਆ ਸੀ। ਟੋਰਾਂਟੋ
ਦਾ ਸਕਾਈਡੋਮ, ਵੈਨਕੂਵਰ ਦਾ ਬੀ. ਸੀ. ਪਲੇਸ ਤੇ ਨਿਊਯਾਰਕ ਦੇ ਆਲੀਸ਼ਾਨ
ਸਟੇਡੀਅਮ ਵੇਖਣ ਦਾ ਆਪਣਾ ਅਨੁਭਵ ਹੋਇਆ। ਉਨ੍ਹਾਂ ਵੱਡੇ ਖੇਡ ਭਵਨਾਂ ਦੀਆਂ
ਗੱਲਾਂ ਫੇਰ ਕਰਾਂਗੇ ਪਹਿਲਾਂ ਆਪਣੇ ਪਿੰਡ ਦੀ ਰੌੜ ਦਾ ਜਿ਼ਕਰ ਕਰ ਲਈਏ। ਉਥੇ
ਮੈਂ ਗੁੱਲੀ ਡੰਡੇ ਤੇ ਖਿੱਦੋ ਖੂੰਡੀ ਤੋਂ ਲੈ ਕੇ ਫੁਟਬਾਲ ਖੇਡਣ ਤੇ ਗੋਲਾ
ਸੁੱਟਣ ਲੱਗਾ ਸੀ।
ਮੇਰੇ ਬਚਪਨ ਵਿਚ ਸਾਡੇ ਪਿੰਡ ਦੀ ਰੌੜ ਬਹੁਤ ਵੱਡੀ ਹੁੰਦੀ ਸੀ। ਉਸ ਵਿਚ ਖਲਵਾੜੇ
ਲੱਗਦੇ ਤੇ ਫਲ੍ਹੇ ਚੱਲਦੇ। ਧੂੜਾਂ ਉਡਾਈਆਂ ਜਾਂਦੀਆਂ ਤੇ ਤੂੜੀ ਦਾਣੇ ਸਿਰਾਂ
‘ਤੇ ਈ ਢੋ ਲਏ ਜਾਂਦੇ। ਸਿਆਲਾਂ ‘ਚ ਭਾਰੇ ਸੋਟਿਆਂ ਨਾਲ ਮੱਕੀ ਦੀਆਂ ਛੱਲੀਆਂ
ਕੁੱਟੀਆਂ ਜਾਂਦੀਆਂ। ਉਦੋਂ ਲਾਂਗੇ ‘ਚੋਂ ਦਾਣੇ ਤੇ ਗੁੱਲਾਂ ਤੋਂ ਮੱਕੀ ਅੱਡ ਕਰਨ
ਦੀਆਂ ਮਸ਼ੀਨਾਂ ਨਹੀਂ ਸਨ ਆਈਆਂ। ਪਥਕਣਾਂ ਲਈ ਖੁੱਲ੍ਹੀ ਜਗ੍ਹਾ ਪਈ ਹੁੰਦੀ ਸੀ
ਜਿਥੇ ਗਹੀਰੇ ਚਿਣੇ ਜਾਂਦੇ। ਉਥੇ ਕੁੱਪ ਬੱਝਦੇ ਤੇ ਦੰਨਾਂ ਲੱਗਦੀਆਂ। ਸਾਉਣ ‘ਚ
ਕੁੜੀਆਂ ਤੀਆਂ ਲਾਉਂਦੀਆਂ ਤੇ ਪੀਂਘਾਂ ਝੂਟਦੀਆਂ। ਅਵਾਰਾ ਡੰਗਰਾਂ ਤੇ ਵਿਹਲੜ
ਬੰਦਿਆਂ ਲਈ ਬੜੀ ਖੁੱਲ੍ਹੀ ਜਗ੍ਹਾ ਖਾਲੀ ਪਈ ਹੁੰਦੀ ਸੀ। ਇਕ ਬੰਨੇ ਰੂੜੀਆਂ
ਲੱਗੀਆਂ ਹੁੰਦੀਆਂ ਸਨ ਜਿਥੇ ਗਧੇ ਲਿਟੀ ਜਾਂਦੇ ਤੇ ਕੁੱਤੇ ਭੌਂਕੀ ਜਾਂਦੇ।
ਬੁੜ੍ਹੀਆਂ ਕੁੜੀਆਂ ‘ਨੇਰ੍ਹੇ ਸਵੇਰੇ ਉਥੇ ਈ ‘ਬਾਹਰ’ ਜਾਂਦੀਆਂ। ਬੰਦੇ ਖੇਤਾਂ
‘ਚ ਜੰਗਲ ਪਾਣੀ ਜਾਂਦੇ। ਪਿੰਡ ਦੇ ਕਿਸੇ ਘਰ ‘ਚ ਕੋਈ ਲੈਟਰੀਨ ਨਹੀਂ ਸੀ ਹੁੰਦੀ।
ਇਹ ਗੱਲ ਹੁਣ ਬੱਚਿਆਂ ਨੂੰ ਦੱਸੀਦੀ ਹੈ ਤਾਂ ਉਹ ਬੜੇ ਹੈਰਾਨ ਹੁੰਦੇ ਹਨ। ਉਦੋਂ
ਤਾਂ ਪੇਂਡੂ ਘਰਾਂ ‘ਚ ਗ਼ੁਸਲਖਾਨੇ ਵੀ ਨਹੀਂ ਸਨ। ਆਦਮੀ ਵਿਹੜੇ ‘ਚ ਪਟੜਾ ਤੇ
ਬਾਲਟੀ ਰੱਖ ਕੇ ਨਹਾ ਲੈਂਦੇ ਤੇ ਤ੍ਰੀਮਤਾਂ ਮੰਜਾ ਟੇਢਾ ਕਰ ਕੇ ਉਹਦੇ ਉਹਲੇ
ਪਿੰਡੇ ‘ਤੇ ਪਾਣੀ ਪਾ ਲੈਂਦੀਆਂ।
ਉਹਨੀਂ ਦਿਨੀਂ ਗਰਾਮੋਫੋਨ ਤੋਂ ਇਕ ਤਵਾ ਵੱਜਿਆ ਕਰਦਾ ਸੀ-ਮੀਂਹ ਬਰਸੇ ਬਿਜਲੀ
ਚਮਕੇ, ਭਿੱਜ ਗਈਆਂ ਨਣਾਨੇ ਪੂਣੀਆਂ, ਸਾਡੇ ਬਾਹਰੇ ਭਿੱਜ ਗਏ ਚਰਖੇ, ਭਿੱਜ ਗਈਆਂ
ਨਣਾਨੇ ਪੂਣੀਆਂ। ਇਕ ਤਵਾ ਹੋਰ ਸੀ-ਭਰਿਆ ਤ੍ਰਿੰਜਣ ਛੱਡ ਜਾਣਾ, ਚਿੱਠੀ ਆ ਗਈ
ਜ਼ੋਰਾਵਰ ਦੀ। ਨਿੱਕੇ ਹੁੰਦੇ ਅਸੀਂ ਤ੍ਰਿੰਜਣ ਨੂੰ ਇੰਜਣ ਈ ਸਮਝਦੇ ਸਾਂ।
ਗਰਾਮੋਫੋਨ ਨੂੰ ਉਦੋਂ ਤਵਿਆਂ ਵਾਲੀ ਮਸ਼ੀਨ ਕਿਹਾ ਜਾਂਦਾ ਸੀ ਜਿਸ ਵਿਚ ਰਿਕਾਰਡ
ਵਜਾਉਣ ਲਈ ਨਵੀਂ ਸੂਈ ਪਾਉਣੀ ਪੈਂਦੀ ਸੀ। ਅਸੀਂ ਸੁੱਟੀਆਂ ਹੋਈਆਂ ਪੁਰਾਣੀਆਂ
ਸੂਈਆਂ ਖੀਸਿਆਂ ‘ਚ ਪਾਈ ਫਿਰਦੇ ਜੋ ਸੁੱਤੇ ਪਿਆਂ ਦੇ ਚੁੱਭੀ ਜਾਂਦੀਆਂ। ਮੇਰਾ
ਮਨਪਸੰਦ ਤਵਾ ਸੀ-ਕਲਹਿਰੀਆ ਮੋਰਾ ਵੇ, ਮੈਂ ਨਾ ਤੇਰੇ ਰਹਿੰਦੀ। ਬਾਅਦ ਵਿਚ ਮੈਂ
ਦੌੜਾਕ ਜਰਨੈਲ ਸਿੰਘ ਦੇ ਰੇਖਾ ਚਿੱਤਰ ਦਾ ਸਿਰਲੇਖ ‘ਕਲਹਿਰੀ ਮੋਰ’ ਰੱਖਿਆ।
ਮੇਰੀਆਂ ਬਚਪਨ ਦੀਆਂ ਵੇਖੀਆਂ ਝਾਕੀਆਂ ਮੈਨੂੰ ਅਜੇ ਵੀ ਅੱਖਾਂ ਸਾਹਮਣੇ ਦਿਸੀ
ਜਾਂਦੀਆਂ ਹਨ। ਉਦੋਂ ਦੇ ਸੁਣੇ ਤਵੇ ਪਤਾ ਨਹੀਂ ਹੁਣ ਤਕ ਕਿਵੇਂ ਯਾਦ ਹਨ? ਹੁਣ
ਤਾਂ ਚੇਤੇ ਰੱਖਣ ਵਾਲੀ ਗੱਲ ਵੀ ਬਹਿੰਦੇ ਭੁੱਲ ਜਾਂਦੀ ਐ।
ਪਿੰਡ ਦੀ ਰੌੜ ਦਾ ਨਕਸ਼ਾ ਮੇਰੇ ਚੇਤੇ ‘ਚ ਹੂਬਹੂ ਸਮਾਇਆ ਹੋਇਆ ਹੈ। ਸਾਡੇ ਪਿੰਡ
ਦੀ ਨਵੀਂ ਪੀੜ੍ਹੀ ਨੂੰ ਕੀ ਪਤਾ ਕਿ ਪੈੜਾਂ ਤੋਂ ਪਹਾੜ ਵੱਲ ਦੇ ਪਾਸੇ ਥੋੜ੍ਹੇ
ਜਿਹੇ ਘਰ ਛੱਡ ਕੇ ਸੂਏ ਉਤਲੀ ਕੋਠੀ ਤਕ ਰੌੜ ਈ ਰੌੜ ਪਈ ਹੁੰਦੀ ਸੀ। ਰੌੜ ਦਾ
ਰਕਬਾ ਮੇਰੇ ਅੰਦਾਜ਼ੇ ਮੂਜਬ ਪੰਦਰਾਂ ਵੀਹ ਏਕੜ ਹੋਵੇਗਾ ਜਿਹੜਾ ਹੁਣ ਸਾਰਾ ਹੀ
ਛੱਤਿਆ ਗਿਆ ਹੈ ਤੇ ਰੌੜ ਦਾ ਕੋਈ ਨਾਂ ਨਿਸ਼ਾਨ ਨਹੀਂ ਰਿਹਾ। ਹੁਣ ਤਾਂ ਪਿੰਡ
ਸੂਏ ਤਕ ਵਧ ਗਿਆ ਹੈ ਬਲਕਿ ਸੂਏ ਤੋਂ ਅਗਾਂਹ ਵੀ ਘਰ ਪਈ ਜਾਂਦੇ ਹਨ। ਪੰਜਾਬ ਦੇ
ਸਾਰੇ ਪਿੰਡ ਹੀ ਬਹੁਤ ਫੈਲ ਗਏ ਹਨ। ਜੇ ਕੋਈ ਪੰਜਾਹ ਸੱਠ ਸਾਲ ਪਹਿਲਾਂ ਦਾ ਬਾਹਰ
ਗਿਆ ਬੰਦਾ ਮੁੜ ਕੇ ਆਪਣੇ ਪਿੰਡ ਪਰਤੇ ਤਾਂ ਸ਼ਾਇਦ ਹੀ ਪਿੰਡ ਨੂੰ ਪੂਰਾ ਪਛਾਣ
ਸਕੇ। ਸ਼ਾਮ ਨੂੰ ਪਿੰਡ ਦੀ ਰੌੜ ਰੌਣਕ ਮੇਲੇ ਵਾਲੀ ਥਾਂ ਬਣ ਜਾਂਦੀ ਸੀ। ਉਥੇ
ਬੱਚੇ ਖੇਡਦੇ, ਜੁਆਨ ਜ਼ੋਰ ਕਰਦੇ ਤੇ ਵਡੇਰੀ ਉਮਰ ਦੇ ਬੰਦੇ ਰੌਣਕ ਮੇਲਾ ਵੇਖੀ
ਜਾਂਦੇ। ਕੋਈ ਕੌਡੀ ਬਾਡੀ ਖੇਡਦਾ, ਕੋਈ ਘੋਲ ਘੁਲਦਾ, ਕੋਈ ਖਿੱਦੋ ਖੂੰਡੀ ਤੇ
ਕੋਈ ਫੁੱਟਬਾਲ ਜਾਂ ਵਾਲੀਬਾਲ ਖੇਡੀ ਜਾਂਦਾ। ਵਿਚੇ ਬੰਦੇ ਗੋਲਾ ਸੁੱਟੀ ਜਾਂਦੇ
ਤੇ ਵਿਚੇ ਅਹਿਰਨਾਂ ਦੇ ਬਾਲੇ ਕੱਢਦੇ ਬੋਰੀਆਂ ਚੁੱਕੀ ਜਾਂਦੇ।
ਰੌੜ ‘ਚ ਜਾਣ ਤੋਂ ਪਹਿਲਾਂ ਅਸੀਂ ਨਿੱਕੇ ਬੱਚੇ ਆਪਣੇ ਵਿਹੜਿਆਂ ਤੇ ਬੀਹੀਆਂ ਵਿਚ
ਦਾਈਆਂ ਦੁੱਕੜੇ ਤੇ ਲੁਕਣਮੀਚੀ ਖੇਡਣ ਲੱਗੇ ਸਾਂ। ਮੁਸ਼ਕਣਾ ਮੁਸ਼ਕੋਈਆ ਕਰਦੇ
ਸਾਂ ਤੇ ਈਂਗਣ ਮੀਂਗਣ ਤਲੀ ਤਲੀਂਗਣ ਕਰ ਕੇ ਮਿੱਕਦੇ ਸਾਂ। ਆਲੇ ਭੋਲੇ ਬੱਚਿਆਂ
ਦੀਆਂ ਬਥੇਰੀਆਂ ਖੇਡਾਂ ਸਨ। ਇਕ ਖੇਡ ਊਚ ਨੀਚ ਹੁੰਦੀ ਸੀ, ਦੂਜੀ ਅੰਨ੍ਹਾ ਝੋਟਾ
ਤੇ ਤੀਜੀ ਊਠਕ ਬੈਠਕ ਸੀ। ਕਦੇ ਬਾਂਦਰ ਕਿੱਲਾ ਖੇਡਦੇ, ਕਦੇ ਕਿਣ ਮਿਣ ਕਾਣੀ ਤੇ
ਕਦੇ ਕਾਹਨਾ ਕਾਹਨਾ ਸ਼ੇਰ ਜਵਾਨਾ ਖੇਡਦੇ। ਇਕ ਖੇਡ ਕੋਟਲਾ ਛਪਾਕੀ ਹੁੰਦੀ ਸੀ,
ਇਕ ਅੱਲੀਏ ਪਟੱਲੀਏ ਤੇ ਇਕ ਦਾ ਨਾਂ ਸੀ ਤੇਰਾ ਮੇਰਾ ਮੇਲ ਨੀ। ਕਦੇ ਅਸੀਂ ਕਰਨੈਲ
ਜਰਨੈਲ ਬਣਦੇ ਤੇ ਕਦੇ ਚੂਹਾ ਬਿੱਲੀ। ਕਦੇ ਧਨੇਸੂਆਂ ਕੋਲ ਜਾ ਕੇ ਮੜਿੱਕਦੇ-ਕੰਧ
‘ਚ ਮਾਰਿਆ ਰੋੜ, ਕੋਈ ਲਓ ਤਿੱਤਰ ਕੋਈ ਲਓ ਮੋਰ। ਕਦੇ ਹਾਸਾ ਮਖੌਲ ਕਰਦੇ
ਕਹਿੰਦੇ, ਕੰਧ ‘ਚ ਮਾਰਿਆ ਚਾਕੂ, ਕੋਈ ਚਾਚਾ ਲਓ ਬਾਪੂ!
ਉਂਜ ਤਾਂ ਕੁੜੀਆਂ ਮੁੰਡੇ ‘ਕੱਠੇ ਈ ਖੇਡਦੇ ਸੀ ਪਰ ਕੁੜੀਆਂ ਦੀਆਂ ਖੇਡਾਂ
ਵੱਖਰੀਆਂ ਵੀ ਸਨ। ਉਹ ਗੀਟੇ, ਪੀਚੋ ਬੱਕਰੀ ਤੇ ਥਾਲ ਖੇਡਦੀਆਂ ਤੇ ਕਿੱਕਲੀ
ਪਾਉਂਦੀਆਂ। ਉਹ ਹੱਥਾਂ ਦੀ ਕਲਿੰਗੜੀ ਪਾ ਕੇ ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ
ਦੀ, ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ ਗਾਉਂਦੀਆਂ ਹੋਈਆਂ ਘੁੰਮੀ
ਜਾਂਦੀਆਂ। ਉਹ ਤੇਰੇ ਕੋਠੇ ਕੌਣ ਵੀ ਕਹਿੰਦੀਆਂ ਤੇ ਡੀਟੀ ਲਕੌਣ ਵੀ ਖੇਡਦੀਆਂ।
ਅੱਡੀ ਛੜੱਪਾ ਉਨ੍ਹਾਂ ਦੀ ਮਨਭਾਉਂਦੀ ਖੇਡ ਸੀ। ਬੱਚਿਆਂ, ਜੁਆਨਾਂ ਤੇ ਬਜ਼ੁਰਗਾਂ
ਦੀਆਂ ਖੇਡਾਂ ਦਾ ਕੋਈ ਅੰਤ ਨਹੀਂ ਸੀ। ਕੁਝ ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ
ਪਟਿਆਲਾ ਨੇ ਮੈਥੋਂ ‘ਪੰਜਾਬ ਦੀਆਂ ਦੇਸੀ ਖੇਡਾਂ’ ਨਾਂ ਦੀ ਪੁਸਤਕ ਲਿਖਵਾਈ ਸੀ
ਜਿਸ ਵਿਚ ਮੈਂ ਪੰਜਾਬ ਦੀਆਂ ਅਲੋਪ ਹੋਈਆਂ ਜਾਂ ਹੋ ਰਹੀਆਂ ਲਗਭਗ ਸੌ ਖੇਡਾਂ ਦਾ
ਵੇਰਵਾ ਦਿੱਤਾ ਸੀ।
ਮੈਂ ਛੇ ਕੁ ਸਾਲਾਂ ਦਾ ਹੋਵਾਂਗਾ ਜਦੋਂ ਘਰ ਦੇ ਕੋਲ ਹੀ ਗੁਰਦਵਾਰੇ ਦੇ ਇਕ ਪਾਸੇ
ਬਣੇ ਗੁਰੂਸਰ ਪ੍ਰਾਇਮਰੀ ਸਕੂਲ ਵਿਚ ਪੜ੍ਹਨ ਲੱਗਾ। ਮੈਨੂੰ ਯਾਦ ਐ ਮੇਰੇ ਬਾਬੇ
ਨੇ ਮੈਨੂੰ ਦਾਖਲ ਕਰਵਾਇਆ ਸੀ। ਮੇਰਾ ਬਾਬਾ ਪਾਲਾ ਸਿੰਘ ਪਿੰਡ ਦਾ ਮਾਣ ਸੀ ਜੋ
ਜੈਤੋ ਦੇ ਮੋਰਚੇ ਵਿਚ ਨਾਭੇ ਜੇਲ੍ਹ ਕੱਟ ਕੇ ਆਇਆ ਸੀ। ਉਹਦੀ ਇਕ ਬਾਂਹ ਵਿੰਗੀ
ਸੀ ਜੋ ਅੰਗਰੇਜ਼ ਦੀ ਪੁਲਿਸ ਤੋਂ ਖਾਧੀਆਂ ਡਾਂਗਾਂ ਦੀ ਨਿਸ਼ਾਨੀ ਸੀ। ਉਹ ਗੁਰੂ
ਗ੍ਰੰਥ ਸਾਹਿਬ ਦਾ ਪਾਠੀ ਸੀ ਪਰ ਜੀਹਦੇ ਘਰ ਪਾਠ ਦੀ ਰੌਲ ਲਾਉਣ ਜਾਂਦਾ ਸੀ
ਉਹਨਾਂ ਤੋਂ ਕੋਈ ਭੇਟਾ ਨਹੀਂ ਸੀ ਲੈਂਦਾ। ਏਥੋਂ ਤਕ ਕਿ ਵਾਹ ਲੱਗਦੀ ਉਨ੍ਹਾਂ ਦੇ
ਘਰ ਦੀ ਰੋਟੀ ਵੀ ਨਹੀਂ ਸੀ ਖਾਂਦਾ। ਪਾਠ ਦੀ ਰੌਲ ਲਾਉਣਾ ਉਹ ਪੁੰਨ ਦਾ ਕਾਰਜ
ਸਮਝਦਾ ਸੀ।
ਸਾਡੇ ਪਿੰਡ ਦੇ ਬੰਦੇ ਅਕਸਰ ਕਹਿੰਦੇ ਹਨ ਕਿ ਬਾਬਾ ਪਾਲਾ ਸਿਓਂ ਦੇ ਪਰਿਵਾਰ ਦੀ
ਖੁਸ਼ਹਾਲੀ ਦਾ ਰਾਜ਼ ਬਾਬੇ ਦੀ ਨਿਸ਼ਕਾਮ ਸੇਵਾ ਹੈ। ਜਦ ਮੈਨੂੰ ਕੋਈ ਪੁੱਛਦਾ,
“ਤੂੰ ਕਿਨ੍ਹਾਂ ਦਾ ਮੁੰਡੈਂ?” ਤਾਂ ਮੈਂ ਆਪਣੇ ਪਿਤਾ ਸ. ਬਾਬੂ ਸਿੰਘ ਦਾ ਨਾਂ
ਲੈਣ ਦੀ ਥਾਂ ਇਹੋ ਕਹਿੰਦਾ ਸਾਂ, “ਬਾਬਾ ਪਾਲਾ ਸਿਓਂ ਦਾ ਪੋਤਾ ਆਂ ਮੈਂ।” ਸਾਡਾ
ਬਾਪੂ ਭਾਵੇਂ ਅੱਠਵੀਂ ਤਕ ਪੜ੍ਹਿਆ ਸੀ ਅਤੇ ਲਾਹੌਰੋਂ ਡਰਾਈਵਿੰਗ ਲਸੰਸ ਤੇ
ਪਾਸਪੋਰਟ ਬਣਵਾ ਕੇ ਕਮਿਊਨਿਸਟ ਪਾਰਟੀ ਦਾ ਮੈਂਬਰ ਵੀ ਬਣ ਚੁੱਕਾ ਸੀ ਪਰ ਲੋਕ
ਉਹਨੂੰ ਬਾਬੇ ਜਿੰਨਾ ਨਹੀਂ ਸਨ ਜਾਣਦੇ। ਸ਼ਾਇਦ ਇਹੋ ਹੀ ਕਾਰਨ ਸੀ ਕਿ ਅਸੀਂ
ਸਾਰੇ ਭਰਾ ਬਾਪ ਦਾ ਨਾਂ ਲੈਣ ਦੀ ਥਾਂ ਬਾਬੇ ਦੇ ਪੋਤੇ ਦੱਸਦੇ।
ਮੈਂ ਆਪਣੇ ਵੱਡ ਵਡੇਰਿਆਂ ਦਾ ਇਤਿਹਾਸ ਨਹੀਂ ਖੋਜਿਆ ਪਰ ਏਨਾ ਕੁ ਪਤਾ ਹੈ ਕਿ
ਕੁਝ ਪੀੜ੍ਹੀਆਂ ਪਹਿਲਾਂ ਉਹ ਮਾਝੇ ਦੇ ਮਸ਼ਹੂਰ ਪਿੰਡ ਸਰਹਾਲੀ ਤੋਂ ਉਠ ਕੇ ਚਕਰ
ਆਏ ਸਨ। ਚਕਰ ਵਿਚ ਇਕ ਪੱਤੀ ਸੰਧੂਆਂ ਦੀ ਹੈ ਤੇ ਬਾਕੀ ਪੱਤੀਆਂ ਸਿੱਧੂਆਂ ਦੀਆਂ
ਹਨ। ਕਿੰਗਰੇ, ਬਾਠ ਤੇ ਕੁਝ ਨਾਨਕੀ ਢੇਰੀਆਂ ‘ਤੇ ਆਏ ਗੋਤੀ ਹਨ। ਅਸੀਂ ਪੰਜ ਭਰਾ
ਹਾਂ ਪਰ ਸਾਡਾ ਬਾਪੂ ਇਕਲੌਤਾ ਪੁੱਤਰ ਸੀ। ਬਾਬੇ ਤਿੰਨ ਭਰਾ ਸਨ ਜਿਨ੍ਹਾਂ ‘ਚੋਂ
ਵੱਡਾ ਪੋਲ੍ਹਾ ਸਿੰਘ ਵੀਹਵੀਂ ਸਦੀ ਦੇ ਸ਼ੁਰੂ ‘ਚ ਈ ਕੈਨੇਡਾ ਚਲਾ ਗਿਆ ਸੀ।
ਜਦੋਂ ਉਹ ਮੁੜ ਕੇ ਇੰਡੀਆ ਆਇਆ ਤਾਂ ਉਸ ਨੂੰ ਨਮੂਨੀਆ ਹੋ ਗਿਆ ਤੇ ਉਹ ਜੁਆਨ ਉਮਰ
ਵਿਚ ਈ ਚੱਲ ਵਸਿਆ। ਜੀਂਦਾ ਰਹਿੰਦਾ ਤਾਂ ਸਾਡਾ ਪਰਿਵਾਰ ਕਦੋਂ ਦਾ ਪਰਵਾਸੀ ਬਣ
ਗਿਆ ਹੁੰਦਾ। ਬਾਬਿਆਂ ਦੇ ਬਾਪ ਦਾ ਨਾਂ ਵਰਿਆਮ ਸਿੰਘ ਸੀ ਤੇ ਉਹਦੇ ਪਿਓ ਦਾ ਨਾਂ
ਭਗਵਾਨ ਸਿੰਘ। ਕਾਫੀ ਦੇਰ ਸਾਡੇ ਪਰਿਵਾਰ ਨੂੰ ਭਗਵਾਨੇ ਕਾ ਲਾਣਾ ਕਿਹਾ ਜਾਂਦਾ
ਰਿਹਾ।
ਬਜ਼ੁਰਗ ਦੱਸਦੇ ਸਨ ਕਿ ਬਾਬੇ ਭਗਵਾਨ ਸਿਓਂ ਦਾ ਇਕ ਕੰਨ ਵੱਢਿਆ ਹੋਇਆ ਸੀ ਜਿਸ
ਕਰਕੇ ਲੋਕ ਪਿੱਠ ਪਿੱਛੇ ਸਾਡੇ ਖਾਨਦਾਨ ਨੂੰ ਬੁੱਚੇ ਕਹਿਣ ਲੱਗ ਪਏ ਸਨ। ਪੱਕਾ
ਪਤਾ ਤਾਂ ਨਹੀਂ ਪਰ ਲੱਗਦਾ ਹੈ ਕਿ ਸਾਡੇ ਵੱਡੇ ਬਾਬੇ ਦਾ ਕੰਨ ਕਿਸੇ ਲੜਾਈ ਝਗੜੇ
ਵਿਚ ਈ ਵੱਢਿਆ ਗਿਆ ਹੋਵੇਗਾ। ਚੰਗੇ ਭਲੇ ਬੰਦੇ ਦੇ ਕੰਨ ਵੱਢੇ ਜਾਣ ਦਾ ਹੋਰ
ਕਿਹੜਾ ਕਾਰਨ ਹੋ ਸਕਦੈ? ਕਾਰਨ ਕੁਝ ਵੀ ਹੋਵੇ ਪਰ ਉਹ ਜਿਹੜੀ ਅੱਲ ਆਪਣੀਆਂ
ਅਗਲੀਆਂ ਪੀੜ੍ਹੀਆਂ ਦੇ ਗਲ ਮੜ੍ਹ ਗਿਆ ਉਹਤੋਂ ਅਸੀਂ ਮਸਾਂ ਪਿੱਛਾ ਛੁਡਾਇਆ। ਉਂਜ
ਪਈ ਹੋਈ ਅੱਲ ਛੇਤੀ ਕੀਤਿਆਂ ਖਹਿੜਾ ਨਹੀਂ ਛੱਡਦੀ।
ਸਾਡੇ ਪਿੰਡ ਇਕ ਖਹਿਬੜੀਆਂ ਦਾ ਲਾਣਾ ਹੈ। ਉਨ੍ਹਾਂ ਦਾ ਕੋਈ ਬਜ਼ੁਰਗ ਕਿਸੇ ਨਾਲ
ਖਹਿਬੜਿਆ ਹੋਣੈ। ਉਹਦੀ ਔਲਾਦ ਕਿੰਨੀ ਵੀ ਸਾਊ ਕਿਉਂ ਨਾ ਬਣੀ ਫਿਰੇ ਕਹਿਣ ਵਾਲੇ
ਉਨ੍ਹਾਂ ਨੂੰ ਖਹਿਬੜੀਏ ਕਹਿਣੋਂ ਨਹੀਂ ਹਟਦੇ। ਖੂੰਡੇ ਵਾਲੇ ਬਾਬੇ ਦੇ ਪੋਤੇ
ਪੜੋਤੇ ਭਾਵੇਂ ਰਿਵਾਲਵਰ ਗਲਾਂ ‘ਚ ਪਾਈ ਫਿਰਨ ਪਰ ਪਿੰਡ ਦੇ ਬੰਦੇ ਫਿਰ ਵੀ
ਉਨ੍ਹਾਂ ਨੂੰ ਖੂੰਡੇ ਵਾਲੇ ਹੀ ਕਹਿੰਦੇ ਹਨ। ਨਾਂ ਕੀ ਲੈਣੈਂ, ਕਿਸੇ ਦੇ
ਵਡਵਡੇਰੇ ਨੇ ਤਰਨ ਤਾਰਨ ਮੱਸਿਆ ਨ੍ਹਾ ਕੇ ਮੁੜਦਿਆਂ ਮਾਝੇ ਦੇ ਇਕ ਪਿੰਡੋਂ ਪੱਠੇ
ਢੋਣ ਲਈ ਗਧੀ ਲੈ ਆਂਦੀ। ਹੁਣ ਉਸ ਦੀ ਔਲਾਦ ਕੰਬਾਈਨਾਂ ਤੇ ਕਾਰਾਂ ਦੀ ਮਾਲਕ ਹੈ
ਤੇ ਹਵਾਈ ਜਹਾਜ਼ਾਂ ‘ਤੇ ਚੜ੍ਹਦੀ ਹੈ ਪਰ ਵੱਜਦੇ ਉਹ ਹਾਲੇ ਵੀ ‘ਗਧੀ ਵਾਲੇ’ ਹੀ
ਹਨ। ਕੋਈ ਬਾਹਰੋਂ ਆਇਆ ਬੰਦਾ ਉਨ੍ਹਾਂ ਦੇ ਘਰ ਦਾ ਰਾਹ ਪੁੱਛੇ ਤਾਂ ਪਿੰਡ ਵਾਲੇ
ਤਸੱਲੀ ਕਰਨ ਲਈ ਪੁੱਛਦੇ ਨੇ, “ਅੱਛਾ, ਤੁਸੀਂ ਗਧੀ ਆਲਿਆਂ ਦੇ ਘਰ ਜਾਣੈ?”
ਅੱਲ ਵਾਲੇ ਬਾਬੇ ਭਗਵਾਨ ਸਿੰਘ ਦਾ ਪਿਤਾ ਸੁੰਦਰ ਸਿੰਘ ਸੀ ਜੋ ਮਹਾਰਾਜਾ ਰਣਜੀਤ
ਸਿੰਘ ਦਾ ਹਾਣੀ ਹੋਣੈ। ਉਸ ਤੋਂ ਅੱਗੇ ਮੈਨੂੰ ਨਹੀਂ ਪਤਾ। ਮਿਰਾਸੀਆਂ ਨੂੰ ਕਈ
ਪੀੜ੍ਹੀਆਂ ਦਾ ਪਤਾ ਹੁੰਦੈ। ਪਰ ਸਾਡਾ ਮਿਰਾਸੀ ਵੀ ਨਾਂ ਦਾ ਹੀ ਮਿਰਾਸੀ ਹੈ। ਉਸ
ਨੂੰ ਵੀ ਸੁੰਦਰ ਸਿੰਘ ਦੇ ਵਡੇਰਿਆਂ ਦਾ ਨਾਂ ਨਹੀਂ ਆਉਂਦਾ। ਉਹ ਨਸ਼ੇ ਪੱਤੇ ਦਾ
ਸ਼ੁਕੀਨ ਐ ਤੇ ਪੀੜ੍ਹੀਆਂ ਗਿਣਾਉਂਦਾ ਜਿਥੇ ਭੁੱਲ ਜਾਂਦੈ ਓਥੋਂ ਕਾਲੇ ਮਹਿਰ ਦੀ
ਕਥਾ ਤੋਰ ਲੈਂਦੈ। ਸੰਧੂਆਂ ਦੇ ਬਾਬੇ ਕਾਲੇ ਮਹਿਰ ਦੇ ਨਾਂ ‘ਤੇ ਉਹਦਾ ਵੀ ਤੋਰੀ
ਫੁਲਕਾ ਚੰਗਾ ਤੁਰਿਆ ਜਾਂਦੈ। ਉਹ ਸੰਧੂਆਂ ਦੀ ਵਡਿਆਈ ਕਰਨੋਂ ਨਹੀਂ ਹੱਟਦਾ ਤੇ
ਸੰਧੂ ਉਹਦੀਆਂ ਜੇਬਾਂ ਭਰਨੋਂ ਨਹੀਂ ਹਟਦੇ। ਕਦੇ ਕਦੇ ਸੋਚੀਦੈ ਕਿ ਹਰਦੁਆਰ ਦੇ
ਪਾਂਡਿਆਂ ਦੀਆਂ ਵਹੀਆਂ ਤੋਂ ਆਪਣੇ ਵੱਡਵਡੇਰਿਆਂ ਦਾ ਪਤਾ ਲਿਆ ਜਾਵੇ ਪਰ ਅਜੇ ਤਕ
ਓਧਰ ਜਾ ਨਹੀਂ ਹੋਇਆ।
ਸਾਡੇ ਵੇਲੇ ਪ੍ਰਾਇਮਰੀ ਦੀ ਪੜ੍ਹਾਈ ਚਾਰ ਜਮਾਤਾਂ ਤਕ ਹੁੰਦੀ ਸੀ ਜੋ ਮੈਂ
ਗੁਰਦਵਾਰੇ ਦੇ ਵਿਦਿਆ ਭੰਡਾਰ ਵਾਲੇ ਸਕੂਲ ‘ਚ ਪੂਰੀ ਕੀਤੀ। ਸਕੂਲ ਦੇ ਤਿੰਨ
ਕਮਰੇ ਸਨ ਜਿਨ੍ਹਾਂ ਦੇ ਦੋਹੀਂ ਪਾਸੀਂ ਵਰਾਂਡਾ ਸੀ। ਛਾਵੇਂ ਬਹਿਣ ਲਈ ਗੁਰਦਵਾਰੇ
ਦੇ ਹਾਤੇ ਵਿਚ ਨਿੰਮਾਂ ਤੇ ਪਿੱਪਲ ਸਨ ਤੇ ਤਲਾਅ ਕੋਲ ਬਰੋਟਾ ਸੀ। ਉਹ ਬਰੋਟਾ
ਅਜੇ ਵੀ ਉਥੇ ਹੀ ਹੈ ਜਦ ਕਿ ਦੂਜੇ ਦਰੱਖਤ ਪੁੱਟੇ ਗਏ ਹਨ। ਸਾਡੇ ਪਿੰਡ ਦੇ
ਸੂਬੇਦਾਰ ਮਾਘੀ ਖਾਂ ਦਾ ਪੁੱਤਰ ਨਿਜਾਮ ਦੀਨ ਸਿੱਧੂ ਕੈਨੇਡਾ ਵਿਚ ਸੱਰੀ ਦੀ
ਮਸਜਿਦ ਕੋਲ ਰਹਿੰਦਾ ਸੀ। 1997 ਵਿਚ ਉਸ ਨੂੰ ਆਪਣੇ ਜੱਦੀ ਪਿੰਡ ਚਕਰ ਲਾਉਣ ਦਾ
ਮਸਾਂ ਮੌਕਾ ਮਿਲਿਆ ਸੀ। ਉਹ ਸਾਡੇ ਘਰ ਦੀ ਛੱਤ ‘ਤੇ ਚੜ੍ਹਿਆ ਤਾਂ ਸੌ ਕੁ ਕਰਮਾਂ
ਦੀ ਵਿੱਥ ‘ਤੇ ਬੋਹੜ ਦਾ ਰੁੱਖ ਵੇਖ ਕੇ ਆਖਣ ਲੱਗਾ, “ਆਹ ਤਾਂ ਬਈ ਓਹੀ ਬਰੋਟਾ
ਜਾਪਦੈ ਜੀਹਦੇ ਹੇਠਾਂ ਬਹਿ ਕੇ ਪੜ੍ਹਦੇ ਤੇ ਉਤੇ ਚੜ੍ਹ ਕੇ ਖੇਡਦੇ ਹੁੰਦੇ ਸਾਂ।
ਇਹਨੂੰ ਮੈਂ ਜ਼ਰੂਰ ਜੱਫੀ ਪਾ ਕੇ ਮਿਲਾਂਗਾ!”
ਉਹ ਕਿੰਨਾ ਹੀ ਚਿਰ ਬਰੋਟੇ ਵੱਲ ਵੇਖਦਾ ਰਿਹਾ ਤੇ ਬਚਪਨ ਦੀਆਂ ਯਾਦਾਂ ਵਿਚ ਖੋਇਆ
ਰਿਹਾ। ਉਹਨਾਂ ਦਾ ਜੱਦੀ ਘਰ ਅਮਰੀਕਾ ਵਿਚ ਰਹਿੰਦੇ ਡਾ: ਭਾਗ ਸਿੰਘ ਸਿੱਧੂ
ਹੋਰਾਂ ਨੂੰ ਅਲਾਟ ਹੋਇਆ ਸੀ। ਭਾਗ ਸਿੰਘ ਨੇ ਮੈਨੂੰ ਤੇ ਮੇਰੇ ਮਿੱਤਰ ਬੰਤ
ਸਿੱਧੂ ਨੂੰ ਕਿਹਾ ਸੀ ਕਿ ਨਿਜਾਮ ਦੀਨ ਚਕਰ ਆਵੇ ਤਾਂ ਰਾਤ ਨੂੰ ਸਾਡੇ ਘਰ ਭਾਵ
ਉਹਦੇ ਜੱਦੀ ਘਰ ਵਿਚ ਈ ਸੰਵਾਇਓ। ਅਸੀਂ ਇਹੋ ਕੁਝ ਕੀਤਾ ਤੇ ਉਹ ਪੰਜਾਹ ਸਾਲਾਂ
ਬਾਅਦ ਉਸੇ ਕਮਰੇ ‘ਚ ਸੁੱਤਾ ਜੀਹਦੇ ‘ਚ ਜੰਮਿਆ ਸੀ। ਸਵੇਰੇ ਉਠ ਕੇ ਉਸ ਨੇ ਕਿਹਾ
ਸੀ, “ਅੱਲਾ ਤਾਲਾ ਨੇ ਮੇਰੀ ਉਮਰਾਂ ਦੀ ਰੀਝ ਪੂਰੀ ਕਰ ਦਿੱਤੀ। ਮੇਰਾ ਸਭ ਤੋਂ
ਵੱਡਾ ਹੱਜ ਹੋ ਗਿਐ। ਹੁਣ ਭਾਵੇਂ ਮੈਂ ਭਲਕੇ ਮਰਜਾਂ ਮੈਨੂੰ ਕੋਈ ਝੋਰਾ ਨੀ!”
ਉਹਨੀਂ ਦਿਨੀਂ ਚੌਥੀ ਦਾ ਇਮਤਿਹਾਨ ਹਠੂਰ ਦੇ ਮਿਡਲ ਸਕੂਲ ਵਿਚ ਹੋਇਆ ਕਰਦਾ ਸੀ।
ਮੈਂ ਉਹ ਇਮਤਿਹਾਨ ਪਾਸ ਕਰ ਕੇ ਪਿੰਡੋਂ ਤਿੰਨ ਮੀਲ ਦੂਰ ਮੱਲ੍ਹੇ ਦੇ ਡੀ. ਬੀ.
ਹਾਈ ਸਕੂਲ ਵਿਚ ਪੜ੍ਹਨ ਲੱਗਾ। ਉਦੋਂ ਸਾਡੇ ਪਿੰਡੋਂ ਪੰਜਵੀਂ ਤੋਂ ਦਸਵੀਂ ਤਕ
ਪੰਜਾਹ ਸੱਠ ਮੁੰਡੇ ਮੱਲ੍ਹੇ ਦੇ ਸਕੂਲ ਵਿਚ ਪੜ੍ਹਦੇ ਸਨ। ਉਨ੍ਹਾਂ ਵਿਚੋਂ ਸਿਰਫ਼
ਪੰਜਾਂ ਪਾਸ ਸਾਈਕਲ ਸਨ ਤੇ ਬਾਕੀ ਤੁਰ ਕੇ ਜਾਇਆ ਕਰਦੇ ਸਨ। ਮੈਂ ਬਾਰ੍ਹਵੀਂ
ਜਮਾਤ ਤਕ ਤੁਰ ਕੇ ਪੜ੍ਹਨ ਜਾਂਦਾ ਰਿਹਾ ਤੇ ਸਾਈਕਲ ਮੈਨੂੰ ਤੇਰ੍ਹਵੀਂ ਜਮਾਤ ‘ਚ
ਮਿਲਿਆ ਸੀ। ਪੈਂਟ ਮੈਂ ਪਹਿਲੀ ਵਾਰ ਗਿਆਰ੍ਹਵੀਂ ‘ਚ ਪਾਈ ਸੀ। ਹੈ ਤਾਂ ਹਾਸੇ ਦੀ
ਗੱਲ, ਚਲੋ ਦੱਸ ਈ ਦਿੰਨਾਂ। ਅਸੀਂ ਨੌਵੀਂ ‘ਚ ਪੜ੍ਹਦੇ ਸਾਂ। ਦਸਵੀਂ ਜਮਾਤ ਦੇ
ਇਕ ਵਿਦਿਆਰਥੀ ਨੇ ਸਕੂਲ ‘ਚ ਪੜ੍ਹਦਿਆਂ ਈ ਪੈਂਟ ਸੰਵਾ ਲਈ ਸੀ ਤੇ ਜੇਬਾਂ ‘ਚ
ਹੱਥ ਪਾ ਕੇ ਹਰੇਕ ਨੂੰ ਪੈਂਟ ਵਿਖਾਉਂਦਾ ਰਹਿੰਦਾ ਸੀ। ਉਹ ਸਾਲਾਨਾ ਇਮਤਿਹਾਨ
‘ਚੋਂ ਫੇਲ੍ਹ ਹੋ ਗਿਆ ਤਾਂ ਉਹਦਾ ਅਨਪੜ੍ਹ ਪਿਓ ਆਖੀ ਜਾਵੇ, “ਸਾਡੇ ਮੁੰਡੇ ਨੂੰ
ਤਾਂ ਆਹ ਪੱਦਘੁੱਟਣੀ ਜੀ ਲੈ ਬੈਠੀ। ਬਥੇਰਾ ਕਿਹਾ ਬਈ ਨਾ ਸੁਆ, ਨਾ ਸੁਆ। ਪਰ ਇਹ
ਵੱਡਾ ਸ਼ੁਕੀਨ ਅੰਗਰੇਜ਼ਾਂ ਦੀ ਰੀਸ ਕਰ ਕੇ ਹੀ ਹਟਿਆ। ਹੁਣ ਨਾਲੇ ਤਾਂ ਸਾਲ
ਮਰਵਾ ਲਿਆ, ਨਾਲੇ ਸਾਰਾ ਸਾਲ ਝਾੜੇ ਜਾਣੋਂ ਵੀ ਔਖਾ ਰਿਹਾ!” ਹੋ ਸਕਦੈ ਉਹਦੀਆਂ
ਗੱਲਾਂ ਦਾ ਵੀ ਮੇਰੇ ‘ਤੇ ਅਸਰ ਹੋ ਗਿਆ ਹੋਵੇ ਜਿਸ ਕਰਕੇ ਮੈਂ ਪੈਂਟ ਪਾਉਣੋਂ ਦੋ
ਸਾਲ ਹੋਰ ਬਚਿਆ ਰਿਹਾ।
***
(ਪ੍ਰਿੰ: ਸਰਵਣ ਸਿੰਘ ਦਾ ਨਵਾਂ ਸਫ਼ਰਨਾਮਾ ‘ਫੇਰੀ ਵਤਨਾਂ ਦੀ’ ਲਾਹੌਰ ਬੁੱਕ
ਸ਼ਾਪ ਲੁਧਿਆਣਾ ਨੇ ਛਾਪਿਆ ਹੈ। ਪੁਸਤਕ ਦੇ ਇਕੱਤੀ ਕਾਂਡ ਹਨ ਤੇ ਕੀਮਤ ਹੈ ਦਸ
ਡਾਲਰ। ਪੁਸਤਕ ਬਾਰੇ ਲੇਖਕ ਦੇ ਫੋਨ 905-799-1661 ਅਤੇ ਪ੍ਰਕਾਸ਼ਕ ਦੇ ਫੋਨ
0161-2740738, 6540738 ਉਤੇ ਸੰਪਰਕ ਕੀਤਾ ਜਾ ਸਕਦਾ ਹੈ।)
(9
ਜੁਲਾਈ
2008) ਸੂਰਜ ਯੂਨੀਕੋਡ
ਪ੍ਰਿੰ. ਸਰਵਣ ਸਿੰਘ ਦੀਆਂ ਲਿਖਾਰੀ ਵਿਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ
ਕਲਿੱਕ ਕਰੋ>>>>>>>