ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts English Shahmukhi Devnagri

 ਅਜੋਕਾ ਵਾਧਾ:: 15 July, 2008

ਹਾਸ-ਵਿਅੰਗ/ਉਲਟਾ-ਪੁਲਟਾ

ਮੇਰੀ ਮੌਤ ਦਾ ਇਸ਼ਤਿਹਾਰ

-ਮੂਲ ਲੇਖਕ: ਮਹਿੰਦਰ ਭਟਨਾਗਰ-
 

 

ਦੋ ਸ਼ਬਦ

ਸ੍ਰੀ ਮਹਿੰਦਰ ਭਟਨਾਗਰ ਨੇ 20 ਵਰ੍ਹਿਆਂ ਦੀ ਉੱਮਰ ਤੋਂ ਹੀ ਲਿਖਣਾ ਆਰੰਭ ਕੀਤਾ ਤਾਂ ਬਸ ਲਿਖਣ ਕਾਰਜ ਨੂੰ ਹੀ ਸਮਰਪਿਤ ਹੋ ਗਏ। ਸ੍ਰੀ ਭਟਨਾਗਰ ਅੰਗਰੇਜ਼ੀ ਸਾਹਿਤ ਦੀ ਐਮ.ਏ. ਹਨ ਅਤੇ ਉਹਨਾਂ ਦੀਆਂ ਲਿਖਤਾਂ 'ਦੀ ਟ੍ਰਿਬੀਉਨ (ਅੰਗਰੇਜੀ), ਇੰਡੀਅਨ ਐਕਸਪ੍ਰੈਸ ਅਤੇ ਟਾਈਮਜ਼ ਆਫ਼ ਇੰਡੀਆ ਅਤੇ ਹੋਰ ਮੈਗ਼ਜ਼ੀਨਾਂ ਵਿੱਚ ਅਕਸਰ ਛੱਪਦੀਆਂ ਹੀ ਰਹਿੰਦੀਆਂ ਹਨ। ਉਹਨਾਂ ਨੇ ਟੈਕਸ, ਬੈਂਕ, ਕਾਨੂੰਨ ਅਤੇ ਟੈਕਨੀਕਲ ਐਡੀਟਿੰਗ ਦੇ ਕਾਰਜ-ਖੇਤਰ ਵਿੱਚ ਵੀ ਕੰਮ ਕੀਤਾ ਹੈ ਅਤੇ ਅਮਰੀਕਾ, ਕੈਨੇਡਾ ਅਤੇ ਬਰਤਾਨੀਆ ਘੁੰਮ ਚੁੱਕੇ ਹਨ। ਉਹ 'ਫਰੀਲਾਂਸ' ਲੇਖਕ ਹਨ। ਉਹ ਅਨੁਵਾਦ ਅਤੇ ਸੰਪਾਦਨ ਦਾ ਕਾਰਜ ਵੀ ਕਰਦੇ ਹਨ। ਦਿੱਲੀ ਰਹਿੰਦੇ ਹਨ। ਉਹਨਾਂ ਦਾ ਈ-ਮੇਲ ਪਤਾ  ਅਤੇ ਫੋਨ ਨੰਬਰ ਹੈ: mkbhatnagar2000@yahoo.co.in and contact number : +91-9818377608."

ਹੁਣ ਤੱਕ ਲਿਖਾਰੀ ਵਿੱਚ, ਸ੍ਰੀ ਮਤੀ ਬਰਿਜੰਦਰ ਗੁਲਾਟੀ ਵਲੋਂ, ਉਹਨਾਂ ਦੀਆਂ ਪੰਜ ਅੰਗਰੇਜੀ ਕਹਾਣੀਆਂ ਦੇ ਕੀਤੇ ਪੰਜਾਬੀ ਅਨੁਵਾਦ ਛੱਪੇ  ਚੁੱਕੇ ਹਨ। ਉਹਨਾਂ ਦੀ ਇੱਕ ਹੋਰ ਰਚਨਾ: 'ਮੇਰੀ ਮੌਤ ਦਾ ਇਸ਼ਤਿਹਾਰ', ਲਿਖਾਰੀ ਦੇ ਪਾਠਕਾਂ ਦੇ ਰੂ-ਬ-ਰੂ ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।--ਲਿਖਾਰੀ

***

ਮੇਰੀ ਮੌਤ ਦਾ ਇਸ਼ਤਿਹਾਰ
ਮਹਿੰਦਰ ਭਟਨਾਗਰ (ਦਿੱਲੀ)

ਮੈਨੂੰ ਲੱਗਣ ਲੱਗਾ ਕਿ ਹੁਣ ਮੇਰਾ ਵਕਤ ਆ ਗਿਆ ਹੈ। ਦਸ ਸਾਲ ਪਹਿਲਾਂ ਸਵਰਗਵਾਸ ਹੋਈ ਮੇਰੀ ਪਤਨੀ ਸੁਪਨਿਆਂ ਵਿਚ ਬਾਰ ਬਾਰ ਆਉਣ ਲੱਗ ਪਈ ਸੀ ਤੇ ਇਸ਼ਾਰੇ ਨਾਲ ਮੈਨੂੰ ਆਪਣੇ ਕੋਲ ਬੁਲਾਉਂਦੀ ਸੀ। ਜਦੋਂ ਪਤਨੀ ਵੱਲੋਂ ਬੁਲਾਵੇ ਬੰਦ ਨਾ ਹੋਏ ਤਾਂ ਮੇਰੇ ਡਾਕਟਰ ਨੇ ਇਸ਼ਾਰੇ ਨਾਲ ਕਹਿ ਦਿੱਤਾ ਕਿ ਅੰਕਲ ਹੁਣ ਚਾਲੇ ਪਾਉਣ ਦਾ ਵੇਲਾ ਆ ਗਿਆ ਏ, ਤਿਆਰੀ ਕਰ ਲਵੋਂ ਤਾਂ ਠੀਕ ਰਹੇਗਾ। ਮੈਂ ਵੀ ਸੋਚਿਆ, ਯਾਰਾ ਪਝੱਤਰਾਂ ਦਾ ਤਾਂ ਹੋ ਗਿਆ ਏਂ, ਦੋ ਬਾਰ ਬਾਈਪਾਸ ਵੀ ਕਰਾ ਬੈਠਾ ਏਂ, ਹੋਰ ਕਿੰਨਾ ਕੁ ਚਿਰ ਘਸੀਟੇਗਾਂ ਆਪਣੇ ਆਪ ਨੂੰ ਇਸ ਦੁਨੀਆ ਵਿਚ ... ਚੱਲ ਹੁਣ ਚੱਲੀਏ।

ਮੇਰੇ ਵਕੀਲ ਦੋਸਤ ਨੇ ਕਿਹਾ, “ਆਪਣੇ ਪੈਸੇ-ਪੱਤੇ ਦਾ ਹਿਸਾਬ ਕਿਤਾਬ ਕਰ ਲਵੋ ਅਤੇ ਹੋਰ ਕਨੂੰਨੀ ਕਾਰਵਾਈ ਵੀ ਪੂਰੀ ਕਰ ਲਵੋ, ਮਗਰੋਂ ਬੱਚੇ ਤੁਹਾਨੂੰ ਗਾਲ੍ਹਾਂ ਹੀ ਨਾ ਕੱਢਦੇ ਰਹਿਣ।”

ਉੱਧਰ ਪੰਡਤ ਜੀ ਨੇ ਸੀਖ ਦਿੱਤੀ, “ਸਾਰੀ ਉਮਰ ਜੋ ਕੀਤਾ ਸੋ ਕੀਤਾ, ਹੁਣ ਤਾਂ ਵਾਹਿਗੁਰੂ ਦਾ ਨਾਮ ਹੀ ਨਾਲ ਜਾਵੇਗਾ। ਜਿੰਨੇਂ ਦਿਨ ਬਾਕੀ ਹਨ, ਨਾਮ ਜਪ ਲਵੋ । ਸਾਰੇ ਪਾਪ ਧੁਲ ਜਾਣਗੇ। ਅਗਲਾ ਜਨਮ ਤਾਂ ਸੁਧਰ ਜਾਵੇਗਾ।”

ਪੰਡਤ ਜੀ ਦਾ ਇਸ਼ਾਰਾ ਮੇਰੀ ਪਤਨੀ ਦੀ ਮੌਤ ਤੋਂ ਬਾਅਦ ਮੇਰੀ ਸੋਹਣੀਆਂ ਔਰਤਾਂ ਤਾੜਨ ਵਾਲੀ ਆਦਤ ਵੱਲ ਸੀ । ਪੰਡਤ ਜੀ ਦੀ ਗੱਲ ਤਾਂ ਖ਼ੈਰ ਮੇਰੇ ਸਿਰ ਉੱਪਰੋਂ ਲੰਘ ਗਈ। ਸੋਚਿਆ, ਜਦੋਂ ਪਝੱਤਰਾਂ ਸਾਲਾਂ ’ਚ ਰੱਬ ਆਪਾਂ ਨੂੰ ਆਪਣਾ ਨਾ ਬਣਾ ਸਕਿਆ, ਹੁਣ ਕੁਝ ਦਿਨਾਂ ’ਚ ਕੀ ਚਮਤਕਾਰ ਹੋ ਜਾਏਗਾ?

ਜਦੋਂ ਮੁੰਡਿਆਂ ਨੂੰ ਪਤਾ ਲੱਗਾ ਕਿ ਪਿਉ ਜਾਣ ਵਾਲਾ ਏ, ਉਨ੍ਹਾਂ ਦੀਆਂ ਵਾਂਛਾਂ ਖਿੜ ਗਈਆਂ। ਭਾਵੇਂ ਉੱਪਰੋਂ ਵਿਖਾਇਆ ਇਵੇਂ, ਜਿਵੇਂ ਉਨ੍ਹਾਂ ਲਈ ਪਰਲੋ ਹੀ ਆਉਣ ਲੱਗੀ ਹੋਵੇ। ਕਹਿਣ ਲੱਗੇ, “ਪਝੱਤਰ ਸਾਲ ਘੱਟ ਹੁੰਦੇ ਨੇ? ਪਾਪਾ, ਤੁਸੀਂ ਫ਼ਿਕਰ ਨਾ ਕਰੋ, ਤੁਹਾਡੀ ਅੰਤਮ ਯਾਤਰਾ ਪੂਰੇ ਵਾਜੇ-ਗਾਜੇ ਨਾਲ ਕੱਢਾਂਗੇ। ਹਰਦਵਾਰ ਜਾ ਕੇ ਅਸੀਂ ਤੁਹਾਡਾ ਪਿੰਡ-ਦਾਨ ਪੂਰੀ ਵਿਧੀ ਨਾਲ ਕਰਾਵਾਂਗੇ। 51 ਪੰਡਤਾਂ ਨੂੰ ਭੋਜਨ ਕਰਾਵਾਂਗੇ।” ਮੈਨੂੰ ਪਤਾ ਸੀ ਕਿ ਇਹ 51 ਤਾਂ ਕੀ, ਇੱਕ ਪੰਡਤ ਨੂੰ ਵੀ ਭੋਜਨ ਨਹੀਂ ਕਰਵਾਉਣਗੇ । ਰੋਜ-ਰੋਜ ਤਾਂ ਇਹ ਮੇਰੇ ਨਾਲ ਜ਼ਬਾਨ ਲੜਾਉਂਦੇ ਨੇ। ਇਨ੍ਹਾਂ ਨੂੰ ਖੁੰਧਕ ਹੀ ਇਹ ਹੈ ਮੈਂ ਮਰਦਾ ਕਿਉਂ ਨਹੀਂ? ਮਰਾਂ ਤਾਂ ਇਨ੍ਹਾਂ ਨੂੰ ਮੇਰਾ ਮਾਲ-ਮੱਤਾ ਮਿਲੇ। ਨਾਲੇ ਖਹਿੜਾ ਛੁੱਟੇ। ਜਦੋਂ ਕਦੀ ਪਾਣੀ ਦਾ ਗਲਾਸ ਵੀ ਮੰਗ ਲਵਾਂ ਤਾਂ ਇਹ ਬੋਲ਼ੇ ਹੋਣ ਦਾ ਢੌਂਗ ਕਰਦੇ ਨੇ। ਪਿੰਡ-ਦਾਨ ਕੀ, ਇਹ ਤਾਂ ਹਰਦਵਾਰ ਜਾ ਕੇ ਪਿੰਡ-ਛੁੱਟਣ ਦਾ ਸ਼ੁਕਰ ਮਨਾਉਣਗੇ। ਵਾਜਾ-ਗਾਜਾ ਵੀ ਜਰੂਰੀ ਏ ਇਸ ਖੁਸ਼ੀ ਨੂੰ ਦੁੱਗਣਾ ਕਰਨ ਲਈ ਅਤੇ ਦੁਨੀਆਂ ਨੂੰ ਦੱਸਣ ਲਈ ਕਿ ਲਉ ਭਈ, ਸਾਡਾ ਪਿਉ ਵੀ ਮਰ ਗਿਆ।

ਸ਼ਾਮ ਨੂੰ ਮੇਰਾ ਪੁਰਾਣਾ ਜਿਗਰੀ ਦੋਸਤ ਲਾਭ ਸਿੰਘ ਖਊਂ-ਖਊਂ ਕਰਦਾ ਆ ਗਿਆ। ਉਸਦੇ ਜੋਰ ਜੋਰ ਨਾਲ ਗਲਾ ਸਾਫ ਕਰਨ ਦਾ ਇਸ਼ਾਰਾ ਬਹੁਤ ਪੁਰਾਣਾ ਸੀ। ਮੈਂ ਦੋ ਗਲਾਸ ਕੱਢੇ, ਨਾਲੇ ਪੀਟਰ ਸਕਾਟ। ਗਲਾ ਤਰ ਹੋਣ ਨਾਲ ਲਾਭ ਸਿੰਘ ਦੀ ਖੰਘ ਖਤਮ ਹੋ ਗਈ, ਦਿਮਾਗ ਚੱਲ ਪਿਆ, ਕਹਿਣ ਲੱਗਾ, “ਸਾਰੀ ਉਮਰ ਤੂੰ ਦਿੰਦਾ ਹੀ ਰਿਹਾ ਏਂ, ਆਪਣੇ ਹੀ ਬਲ-ਬੂਤੇ ਤੇ ਜਿੰਦਗੀ ਕੱਟੀ ਆ। ਯਾਰ, ਮੁੰਡਿਆਂ ਦੇ ਭਰੋਸੇ ਨਾ ਰਹੀਂ। ਸਾਲੇ ਪੈਸੇ ਦੇ ਪੀਰ ਨੇ, ਕਿਸੇ ਨੇ ਨੀਂ ਤੇਰੀ ਮਿੱਟੀ ਟਿਕਾਣੇ ਲਾਉਣੀ। ਪਿੰਡ ਦਾਨ ਕੀ ਹੁੰਦਾ ਹੈ ਭਲਾ? ਆਪਣਾ ਪਿੰਡਾ ਜਾਨੀ ਸਰੀਰ, ਮੇਰਾ ਮਤਲਬ ਮਰਨ ਤੋਂ ਬਾਅਦ, ਕਿਸੇ ਹਸਪਤਾਲ ਨੂੰ ਦਾਨ ਕਰ ਦੇ, ਹੋ ਗਿਆ ਪਿੰਡ ਦਾਨ।”

“ਭਲਾ ਉਹ ਮੇਰੇ ਬੋਲ਼ੇ ਹੋਏ ਕੰਨਾਂ ਦਾ, ਕਮਜੋਰ ਹੋਈਆਂ ਅੱਖਾਂ ਦਾ, ਸੜੇ ਹੋਏ ਦੰਦਾਂ ਦਾ ਤੇ ਗੰਦੇ-ਮੰਦੇ ਦਿਲ ਦਾ ਕੀ ਕਰਨਗੇ?” ਮੈਂ ਪੁੱਛਿਆ।

“ਓਏ, ਹਸਪਤਾਲ ਵਾਲੇ ਤੇਰੇ ਠੀਕ ਅੰਗ ਕਿਡਨੀ, ਲਿਵਰ, ਕੌਰਨੀਆ ਵਗੈਰਾ ਹੀ ਇਸਤੇਮਾਲ ਕਰਨਗੇ …” ਉਸ ਜਵਾਬ ਦਿੱਤਾ।

“ਤੇ ਬਾਕੀ ਸਰੀਰ …?” ਮੈਂ ਫਿਕਰਮੰਦ ਹੋ ਕੇ ਪੁੱਛਿਆ।

“ਛੋਟੇ ਛੋਟੇ ਟੋਟੇ ਕਰਕੇ ਇੱਲਾਂ ਨੂੰ ਪਾ ਦੇਣਗੇ … ਸਿਆਪਾ ਹੀ ਖ਼ਤਮ।” ਲਾਭ ਸਿੰਘ ਨੇ ਖਿਝ ਕੇ ਕਿਹਾ, “ਨਾ ਕੁਝ ਬਚੇ, ਨਾ ਹਰਦਵਾਰ ਦਾ ਪੰਗਾ।”

“ਹੁਣ ਇੱਕ ਹੋਰ ਸਵਾਲ, ਯਾਰ ਲਾਭੇ, ਭਲਾ ਲੋਕਾਂ ਨੂੰ ਕਿਵੇਂ ਪਤਾ ਲੱਗੂ ਆਪਣਾ ਰੋਲ ਜਿੰਦਗੀ ਦੀ ਸਟੇਜ ਤੇ ਮੁੱਕ ਗਿਆ?”

“ਉਏ ਪੰਡਤਾ (ਪੀਣ ਤੋਂ ਬਾਅਦ ਉਹ ਮੈਨੂੰ ਪੰਡਤ ਕਹਿਕੇ ਬੁਲਾਉਂਦਾ ਸੀ), ਬੜਾ ਸੌਖਾ ਏ। ਅਖਬਾਰ ’ਚ ਤੇਰਾ ਇਸ਼ਤਿਹਾਰ ਕਢਾ ਦੇਵਾਂਗੇ, ਫੋਟੋ ਨਾਲ। ਉਹ ਵੀ 20 ਸਾਲ ਪੁਰਾਣੀ ਤਾਂ ਜੋ ਘੱਟੋ ਘੱਟ ਇਸ਼ਤਿਹਾਰ ’ਚ ਤਾਂ ਜਵਾਨ ਲੱਗੇਂਗਾ।” ਲਾਭ ਸਿੰਘ ਮੇਰੀ ਵਾਲ ਕਾਲੇ ਕਰਨ ਦੀ ਆਦਤ ਵੱਲ ਇਸ਼ਾਰਾ ਕਰਦਿਆਂ ਸ਼ਰਾਰਤ ਨਾਲ ਬੋਲਿਆ। ਮੈਂ ਆਪਣੇ ਸਿਆਣੇ ਦੋਸਤ ਦੀ ਅਕਲ ਦਾ ਕਾਇਲ ਹੋ ਗਿਆ।

ਲਉ ਜੀ, ਦੋ ਪੈੱਗ ਗਏ ਅੰਦਰ ਅਤੇ ਮੇਰੀ ਮੌਤ ਦਾ ਇਸ਼ਤਿਹਾਰ ਹੋਣ ਲੱਗਾ ਤਿਆਰ, ਬਕਲਮ ਲਾਭ ਸਿੰਘ। ਖਾਸੀ ਜੱਦੋ ਜਹਿਦ ਤੇ ਤੀਜੇ ਪੈੱਗ ਤੋਂ ਬਾਅਦ ਇਸ਼ਤਿਹਾਰ ਤਿਆਰ ਹੋ ਗਿਆ:

ਬੜੇ ਦੁਖੀ ਹਿਰਦੇ ਨਾਲ ਸੂਚਤ ਕਰ ਰਹੇ ਹਾਂ ਕਿ ਸ਼੍ਰੀਮਾਨ ਮਹਿੰਦਰ ਕ੍ਰਿਸ਼ਨ ਭਟਨਾਗਰ, ਐਮ.ਏ. ਐਲ.ਐਲ.ਬੀ (ਹੋਰ ਵੀ ਕਈ ਡਿਗਰੀਆਂ), ਸਾਬਕਾ ਬੈਂਕ ਮੈਨੇਜਰ, ਟੈਕਸ ਮੈਨ, ਅਧਿਆਪਕ, ਵਕੀਲ, ਐਡੀਟਰ, ਰਾਈਟਰ ਵਗੈਰਾ ਵਗੈਰਾ, 8 ਮਈ ਨੂੰ ਆਪਣੀ ਪਰਮ-ਪਿਆਰੀ ਸਵਰਗਵਾਸੀ ਪਤਨੀ ਦਾ ਸਾਥ ਪਾਉਣ ਲਈ ਅਚਾਨਕ ਅਕਾਲ ਚਲਾਣਾ ਕਰ ਕੇ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਹਨ। ਉਹ ਬੜੇ ਹੀ ਸੁਹਿਰਦ ਮਿੱਤਰ, ਪਿਆਰ ਕਰਨ ਵਾਲੇ ਪਿਤਾ, ਰੀਝਾਂ ਭਰੇ ਦਾਦਾ ਜੀ ਅਤੇ ਸੁਚੱਜੇ ਇਨਸਾਨ ਸਨ। ਉਨ੍ਹਾਂ ਨੇ ਆਪਣਾ ਸਰੀਰ ਪਹਿਲਾਂ ਹੀ ਮੈਡੀਕਲ ਸਾਇੰਸ ਲਈ ਦਾਨ ਕਰ ਦਿੱਤਾ ਸੀ, ਇਸ ਲਈ ਕੋਈ ਸੰਸਕਾਰ ਨਹੀਂ ਹੋਵੇਗਾ। 9 ਮਈ ਨੂੰ ਸ਼ਾਮ 4 ਵਜੇ ਪ੍ਰਾਰਥਨਾ ਸਭਾ ਹੇਠ ਲਿਖੇ ਪਤੇ ਤੇ ਹੋਵੇਗੀ। (ਅਸਲੀ ਤਰੀਕਾਂ ਅਤੇ ਪਤਾ ਬਾਅਦ ’ਚ ਭਰਿਆ ਜਾਣਾ ਸੀ।)

ਮੈਂ ਲਾਭ ਸਿੰਘ ਦੇ ਲਿਖੇ ਇਸ਼ਤਿਹਾਰ ਨੂੰ ਆਪਣੀ ਮੰਜੂਰੀ ਦੇ ਦਿੱਤੀ ਅਤੇ ਦਾਰੂ ਦੇ ਨਸ਼ੇ ’ਚ ਉਸਦਾ ਬਾਰ-ਬਾਰ ਧੰਨਵਾਦ ਕੀਤਾ। ਲਾਭ ਸਿੰਘ ਦਾਰੂ ਮੁਕਾ ਕੇ ਗਲਾਸ ’ਚ ਪਏ ਬਰਫ ਦੇ ਟੁਕੜਿਆਂ ਨੂੰ ਚੂਸ ਰਿਹਾ ਸੀ। ਉਸਨੇ ਮੇਰੇ ਵੱਡੇ ਮੁੰਡੇ ਨੂੰ ਵਾਜ ਮਾਰੀ (ਛੋਟਾ ਆਪਣੀ ਫੈਮਲੀ ਨਾਲ ਮਲਟੀ-ਪਲੈਕਸ ’ਚ ਅਮੀਤਾਭ ਦੀ ਨਵੀਂ ਪਿਕਚਰ ‘ਭੂਤਨਾਥ’ ਦੇਖਣ ਗਿਆ ਹੋਇਆ ਸੀ, ਪਿਉ ਜੋ ਮਰਣ ਵਾਲਾ ਸੀ, ਕਿਤੇ ਭੂਤ ਹੀ ਨਾ ਬਣ ਜਾਵੇ)। ਵੱਡਾ ਫ਼ਟਾਫ਼ਟ ਭੱਜਿਆ ਆਇਆ, ਦੇਖਣ ਲਈ ਕਿ ਕਿਤੇ ਪਿਉ ਦੀ ਘੰਟੀ ਤਾਂ ਨਹੀਂ ਵੱਜ ਗਈ। ਮੈਂ ਉਸਨੂੰ ਪਰਚਾ ਫੜਾਇਆ ਤੇ ਕਿਹਾ, “ਪੜ੍ਹ ਲੈ।”

ਪਰਚਾ ਪੜ੍ਹਦਿਆਂ ਹੀ ਉਸਦੇ ਮੱਥੇ ਤੇ ਤਿਊੜੀਆਂ ਪੈ ਗਈਆਂ, ਕਹਿਣ ਲੱਗਾ, “ਅਖਬਾਰੀ ਇਸ਼ਤਿਹਾਰ ’ਚ ਹਰ ਲਫ਼ਜ ਦੇ ਪੈਸੇ ਲਗਦੇ ਨੇ। ਰੰਗੀਨ ਫ਼ੋਟੋ ਨਾਲ ਐਨੇ ਵੱਡੇ ਇਸ਼ਤਿਹਾਰ ਦੇ 30,000 ਰੁਪਏ ਤਾਂ ਕਿਤੇ ਨਹੀਂ ਗਏ। ਜਦੋਂ ਐਮ ਕੇ ਭਟਨਾਗਰ ਨਾਲ ਕੰਮ ਚੱਲ ਸਕਦਾ ਹੈ ਤਾਂ ਪੂਰਾ ਨਾਂ ਲਿਖਣ ਦੀ ਕੀ ਲੋੜ ਹੈ? ਕਿਸੇ ਨੂੰ ਤੁਹਾਡੀਆਂ ਫ਼ਾਲਤੂ ਦੀਆਂ ਡਿਗਰੀਆਂ ਨਾਲ ਕੀ? ਤੁਸੀਂ ਇਸ ਗੱਲ ਤੇ ਬੜਾ ਮਾਣ ਕਰਦੇ ਓ ਕਿ ਤੁਸੀਂ ਛੇ ਵੱਖ-ਵੱਖ ਕਿਸਮ ਦੇ ਕੈਰੀਅਰ ਨਿਭਾਏ। ਲੋਕੀਂ ਤਾਂ ਤੁਹਾਨੂੰ ਧੋਬੀ ਦਾ ਕੁੱਤਾ ਕਹਿ ਕੇ ਮਜ਼ਾਕ ਹੀ ਕਰਨਗੇ। ਪਿਆਰੇ, ਸੁਹਿਰਦ, ਸੁਚੱਜੇ ਜਿਹੇ ਲਫ਼ਜ ਤਾਂ ਹੁਣ ਕਲੀਸ਼ੇ ਬਣ ਗਏ ਨੇ, ਇਨ੍ਹਾਂ ਦੀ ਕੋਈ ਵੁੱਕਤ ਨਹੀਂ। ਸਰੀਰ ਹਸਪਤਾਲ ਨੂੰ ਦਾਨ ਕਰੋ ਬੜੇ ਸ਼ੌਕ ਨਾਲ, ਪਰ ਇਸ਼ਤਿਹਾਰ ’ਚ ਕਿਉਂ ਲਿਖਣਾ? ਲੋਕਾਂ ਨੂੰ ਦੱਸਣਾ ਏ ਕਿ ਤੁਹਾਡੇ ਪੁੱਤਰ ਐਨੇ ਨਲਾਇਕ ਨੇ ਕਿ ਤੁਹਾਡਾ ਸੰਸਕਾਰ ਵੀ ਨਹੀਂ ਕਰਨਗੇ? ਫਿਰ ਪਾਪਾ ਤੁਸੀਂ ਸਾਰੀ ਉਮਰ ਤਾਂ ਨਾਸਤਕ ਬਣੇ ਰਹੇ, ਕਦੇ ਮੰਦਰ-ਗੁਰਦਵਾਰੇ ਨਹੀਂ ਗਏ, ਹੁਣ ਪ੍ਰਾਰਥਨਾ ਸਭਾ ਕਰਵਾਉਣ ਲੱਗ ਪਏ। ਉਹ ਵੀ ਮਰਨ ਮਗਰੋਂ। ਨਾਲੇ ਭਲਾ ਇਹ ਦੱਸੋ ਕਿ ਮਰਨ ਤੋਂ ਫੌਰਨ ਪਹਿਲਾਂ ਤਾਂ ਤੁਸੀਂ ਦਾਰੂ ਉਡਾ ਰਹੇ ਓਂ, ਫਿਰ ਸਮਝਦੇ ਓਂ ਕਿ ਤੁਹਾਨੂੰ ਸਵਰਗ ’ਚ ਐਂਟਰੀ ਮਿਲ ਜਾਏਗੀ। ਗੱਲ ਕੁਝ ਬਣੀ ਨਹੀਂ।”

ਮੁੰਡਾ ਠੀਕ ਕਹਿ ਰਿਹਾ ਸੀ, ਉਸ ਨੇ ਸਾਡੇ ਅੱਗੇ ਅਸਲੀਅਤ ਦਾ ਸ਼ੀਸ਼ਾ ਰੱਖ ਦਿੱਤਾ ਸੀ। ਬਹਿਸ ਬਾਜ਼ੀ ਦਾ ਕੋਈ ਮਤਲਬ ਹੀ ਨਹੀਂ ਸੀ।

ਮੁੰਡੇ ਨੇ ਹੁਣ ਲਾਭ ਸਿੰਘ ਨੂੰ ਮੱਧਮ ਜਿਹੀ ਫਿਟਕਾਰ ਪਾਈ, “ਅੰਕਲ, ਤੁਸੀਂ ਤਾਂ ਪਾਪਾ ਨੂੰ ਕੁਝ ਸਮਝਾਉਣਾ ਸੀ। ਉਲਟਾ ਤੁਸੀਂ ਵੀ ਇਨ੍ਹਾਂ ਨਾਲ ਮਿਲ ਗਏ। ਆਖਰ ਤੁਹਾਡਾ ਵੀ ਤਾਂ ਨੰਬਰ ਆਉਣ ਵਾਲਾ ਈ ਐ।”

ਆਪਣੀ ਝੇਂਪ ਛੁਪਾਉਣ ਲਈ ਲਾਭ ਸਿੰਘ ਖਾਲੀ ਗਲਾਸ ਵਿਚ ਝਾਕਣ ਲੱਗ ਪਿਆ।

ਆਖਰ ਅਸੀਂ ਦੋਹਾਂ ਨੇ ਹਥਿਆਰ ਸੁੱਟ ਦਿੱਤੇ। ਮੁੰਡਾ ਮੌਡਰਨ ਸੋਚ ਵਾਲਾ ਸੀ, ਕਿੰਨੀਂ ਦੇਰ ਉਸਦਾ ਮੁਕਾਬਲਾ ਕਰਦੇ? ਲੱਗਦਾ ਸੀ ਉਹ ਹੋਰ ਮਰਨ ਵਾਲਿਆਂ ਦੇ ਇਸ਼ਤਿਹਾਰ ਰੋਜ ਅਖਬਾਰ ’ਚ ਪੜ੍ਹਦਾ ਰਹਿੰਦਾ ਸੀ। ਮੈਂ ਕਿਹਾ, “ਪੁੱਤਰ ਫਿਰ ਤੂੰ ਹੀ ਲਿਖ ਦੇ।” ਉਸਨੇ ਉਸੇ ਪਰਚੇ ਦੇ ਪਿੱਛੇ ਲਿਖ ਦਿੱਤਾ, ‘ਆਮ ਸੂਚਨਾ: ਐੱਮ ਕੇ ਭਟਨਾਗਰ ਚੱਲ ਵਸੇ।’ ਤੇ ਕਹਿਣ ਲੱਗਾ, “ਛੋਟੀ ਲਿਖਤ ਹੀ ਚੰਗੀ ਹੁੰਦੀ ਐ, ਵੱਡੀ ਨੂੰ ਕੋਈ ਨਹੀਂ ਪੜ੍ਹਦਾ…”

ਅਸੀਂ ਸਹਿਮਤੀ ਵਿਚ ਸਿਰ ਹਿਲਾਇਆ, ਪਰ ਬੋਲੇ ਕੁਝ ਨਾ। ਸੱਪ ਜੁ ਸੁੰਘ ਗਿਆ ਸੀ ਸਾਨੂੰ।

ਲਾਭ ਸਿੰਘ ਨੇ ਚੁੱਪੀ ਤੋੜੀ, “ਛੱਡ ਯਾਰ ਪੰਡਤਾ, ਤੇਰਾ ਇਸ਼ਤਿਹਾਰ ਪੜ੍ਹਨ ਵਾਲੇ ਹੁਣ ਬਚੇ ਵੀ ਕਿੰਨੇਂ ਕੁ ਨੇ? ਇੱਕ ਮਨਮੋਹਨ ਕੈਨੇਡਾ ’ਚ, ਦੂਜਾ ਗਰੇਵਾਲ ਅਮਰੀਕਾ ’ਚ, ਤੀਜਾ ਸਵਰਨ ਸਿੰਘ ਲੁਧਿਆਣੇ ’ਚ। ਅਮਰੀਕਾ-ਕੈਨੇਡਾ ਵਾਲੇ ਤਾਂ ਇਸ਼ਤਿਹਾਰ ਪੜ੍ਹਨ ਤੋਂ ਰਹੇ, ਬਚ ਗਿਆ ਸਵਰਨ ਸਿੰਘ ... ਉਸਨੂੰ ਮੈਂ ਫੋਨ ਕਰ ਦਿਆਂਗਾ। ਹੋਰ ਦੱਸ?” ਲਾਭ ਸਿੰਘ ਦੀ ਅਕਲ ਦਾ ਲੋਹਾ ਮੈਨੂੰ ਇੱਕ ਵਾਰ ਫੇਰ ਮੰਨਣਾ ਪਿਆ। ਪੇਚੀਦੇ ਮਸਲਿਆਂ ਦਾ ਉਸ ਕੋਲ ਕਿੰਨਾ ਸੌਖਾ ਹੱਲ ਸੀ।

ਹੁਣ ਸਮਾਂ ਹੋ ਚੱਲਿਆ ਸੀ ਪੰਜਵੇਂ, ਖੌਰੇ ਸੱਤਵੇਂ ਪੈੱਗ ਦਾ। ਯਾਰਾਂ ਨੇ ਪਾਇਆ ਪਟਿਆਲਾ ਪੈੱਗ ਤੇ ਜੋਰ ਨਾਲ ਕੀਤਾ ‘ਚੀਅਰਜ਼’। ਲਾਭ ਸਿੰਘ ਦਾ ਐਨੀਂ ਜੋਰ ਨਾਲ ਹਾਸਾ ਛੁੱਟਿਆ ਕਿ ਕੁਰਸੀ ਤੋਂ ਡਿਗਣੋਂ ਉਹ ਮਸਾਂ ਬਚਿਆ। ਮੈਂ ਵੀ ਪਟਿਆਲਾ ਪੈੱਗ ਗਟਾਗਟ ਪੀ ਗਿਆ। ਟੁੰਨ ਹੋ ਕੇ ਲਾਭ ਸਿੰਘ ਗੁਣਗੁਣਾਉਣ ਲੱਗ ਪਿਆ, “ਖਾਉ ਪੀਉ ਕਰੋ ਅਨੰਦ …”

ਲਾਭ ਸਿੰਘ, ਮੇਰਾ ਦੋਸਤ, ਮੇਰੇ ਮਰਨ ਦਾ ਜਸ਼ਨ ਮਨਾਉਂਦਾ ਹੋਇਆ ਸੁੱਧ-ਬੁੱਧ ਭੁੱਲਦਾ ਜਾ ਰਿਹਾ ਸੀ।


****

email: mkbhatnagar2000@yahoo.co.in
Phone:+91-9818377608

(16 ਜੁਲਾਈ 2007)

ਮਹਿੰਦਰ ਭਟਨਾਗਰ ਦੀਆਂ 'ਲਿਖਾਰੀ' ਵਚ ਛਪੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ>>>>>

 

e-mail:
ਲਿਖਾਰੀ

Likhari


© likhari: Punjabi Likhari Forum-2001-2007

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.