ਇਹ ਪੁਸਤਕ ਲੇਖਿਕਾ ਬਰਜਿੰਦਰ ਕੌਰ ਢਿੱਲੋਂ ਦੀ ਹੱਡ ਬੀਤੀ ਹੈ। ਉਸਦੇ ਜੀਵਨ ਦਾ
ਇਹ ਦੁਖਦ ਹਿੱਸਾ ਖੰਜ਼ਰ ਬਣਕੇ ਪਾਠਕ ਦੇ ਮਨ ਵਿੱਚ ਅਜਿਹਾ ਉੱਤਰਦਾ ਹੈ ਕਿ ਉਹ
1947 ਦੀ ਪੀੜ ਹੰਢਾਉਂਦਾ ਕੁਰਲਾ ਉੱਠਦਾ ਹੈ। ਇਹ ਇੱਕ ਅਜਿਹਾ ਦੌਰ ਸੀ ਜੋ
ਮਨੁੱਖਤਾ ਦੇ ਮੱਥੇ 'ਤੇ ਕਲੰਕ ਬਣਕੇ ਹਮੇਸ਼ਾਂ ਚਿਪਕਿਆ ਰਹੇਗਾ।
ਬੁਨਿਆਦੀ ਤੌਰ ਤੇ ਲੇਖਿਕਾ ਕਾਹਾਣੀਕਾਰਾ ਹੈ। ਸਨ 2006 ਵਿੱਚ ਉਸਦਾ ਕਹਾਣੀ
ਸੰਗ੍ਰਹਿ ‘ਸਰਦਾਰਨੀ’ ਵੀ ਪ੍ਰਕਾਸ਼ਤ ਹੋ ਚੁੱਕਾ ਹੈ। ਪਰ ਇਹ ਰਚਨਾ ਉਸ ਦੀ ਆਪਣੀ
ਕਹਾਣੀ ਹੈ, ਜਿਸ ਨੂ ਉਸ ਨੇ ਬਾਖੂਬੀ ਨਿਭਾਇਆ ਹੈ। ਕਹਾਣੀ ਦੀ ਨਾਇਕਾ ਲੇਖਿਕਾ
ਦੀ ਆਪਣੀ ਮਾਂ ਸ਼੍ਰੀਮਤੀ ਜਸਵੰਤ ਕੌਰ ਹੈ ਜਿਸ ਦੇ ਸਿਰੜ ਅੱਗੇ ਪਾਠਕ ਨਤਮਸਤਕ
ਹੁੰਦਾ ਹੈ। ਪੰਜਾਬੀ ਸਾਹਿਤ ਵਿੱਚ ਅਜਿਹੀ ਨਾਇਕਾ ਪ੍ਰਧਾਨ ਰਚਨਾ ਅਹਿਮ ਪ੍ਰਾਪਤੀ
ਆਖੀ ਜਾ ਸਕਦੀ ਹੈ।
1947 ਦੇ ਬਟਵਾਰੇ ਬਾਰੇ ਪੰਜਾਬੀ ਵਿੱਚ ਭਾਂਵੇਂ ਬਹੁਤ ਕੁੱਝ ਲਿਖਿਆ ਗਿਆ ਹੈ ਤੇ
ਅਜੇ ਤੱਕ ਵੀ ਲਿਖਿਆ ਜਾ ਰਿਹਾ ਹੈ। ਪਰ ਇਹ ਜ਼ਖਮ ਏਨੇ ਗਹਿਰੇ ਹਨ ਕਿ ਪਤਾ ਨਹੀਂ
ਹੋਰ ਕਦੋਂ ਤੱਕ ਰਿਸਦੇ ਰਹਿਣਗੇ। ਅਜੇ ਤੱਕ ਸਾਡੇ ਕੋਲ 1947 ਦੀ ਚਸ਼ਮਦੀਦ ਗਵਾਹ
ਪੀੜ੍ਹੀ ਹੈ ਜਿਸ ਨੇ ਇਹ ਸੰਤਾਪ ਅੱਖੀਂ ਵੇਖਿਆ, ਹੰਢਾਇਆ ਤੇ ਧੁਰ ਅੰਦਰ ਤੱਕ
ਮਹਿਸੂਸਿਆ ਹੈ। ਜਦੋਂ ਇਹ ਪੀੜ੍ਹੀ ਵੀ ਨਾ ਰਹੀ ਤੇ ਇਹ ਸੈਕਿੰਡ ਹੈਂਡ ਅਨੁਭਵ
ਜਾਂ ਇਤਿਹਾਸ ਬਣ ਗਿਆ ਤਾਂ ਇਸ ਦਾ ਵਰਨਣ ਤੇ ਵਰਤਾਰਾ ਵੀ ਬਦਲ ਜਾਵੇਗਾ।
ਇਸ ਪੁਸਤਕ ਦੀ ਕਹਾਣੀ ਇਸ ਤਰਾਂ ਸ਼ੁਰੂ ਹੁੰਦੀ ਹੈ:-
‘ਮੇਰੇ ਪਿਤਾ ਜੀ ਸਰਦਾਰ ਗੁਰਇਕਬਾਲ ਸਿੰਘ ਸਿੱਧੂ ਦਾ ਜਨਮ 224 ਚੱਕ,ਜਿਲ੍ਹਾ
ਲਾਇਲਪੁਰ, ਪਾਕਿਸਤਾਨ ਵਿੱਚ ਹੋਇਆ ਸੀ। ਉਹ ਦਸ ਭੈਣ ਭਰਾ ਸਨ। ਛੇ ਭਰਾ ਅਤੇ ਚਾਰ
ਭੈਣਾਂ। ਮੇਰੇ ਦਾਦਾ ਜੀ ਦੀਆਂ ਚਾਰ ਬੀਵੀਆਂ ਸਨ। ਸਾਡੇ ਪਿੰਡ 224 ਚੱਕ 'ਵਰਿਆਮ
ਸਿੰਘ ਵਾਲਾ' ਨੂੰ ਮੇਰੇ ਦਾਦਾ ਜੀ ਦੇ ਨਾਂ ਤੇ ਵੀ ਜਾਣਿਆ ਜਾਂਦਾ ਸੀ’
ਫੇਰ ਤੇਜ ਰਫਤਾਰ ਗੱਡੀ ਵਾਂਗ ਦੌੜਦੀ ਇਹ ਕਹਾਣੀ, ਪਾਠਕ ਨੂੰ ਆਪਣੇ ਨਾਲ ਲੈ
ਤੁਰਦੀ ਹੈ। ਤੇ ਪਾਠਕ ਇਸ ਗੱਡੀ ਵਿੱਚ ਸਵਾਰ ਹੋਏ ਹੋਰ ਪਾਤਰਾਂ ਦਾ ਹਿੱਸਾ ਬਣ
ਜਾਂਦਾ ਹੈ। ਇਹ ਸਾਰੇ ਉਹ ਪਾਤਰ ਹਨ ਜਿਨਾਂ ਪਿੱਛੇ ਮੌਤ ਲੱਗੀ ਹੋਈ ਹੈ। ਇਸ
ਪੁਸਤਕ ਨੂੰ ਪੜ੍ਹਦਿਆਂ ਛਵੀਆਂ ਦੇ ਵਾਰ ਪਾਠਕ ਆਪਣੇ ਤਨ ਤੇ ਹੁੰਦੇ ਮਹਿਸੂਸ
ਕਰਦਾ ਹੈ ਅਤੇ ਅੰਤ ਤੱਕ ਉਸਦੀ ਮਾਨਸਿਕਤਾ ਲਹੂ ਲੁਹਾਣ ਹੋ ਜਾਂਦੀ ਹੈ।
ਲੇਖਿਕਾ ਦੀ ਮਾਂ ਜੋ ਇਸ ਕਹਾਣੀ ਦੀ ਨਾਇਕਾ ਹੈ, ਨੌਸ਼ਹਿਰਾ ਪੰਨੂਆਂ ਤੋਂ ਹੈ।
ਜਿਸ ਦਾ ਛੋਟੀ ਉਮਰ ਵਿੱਚ ਗੁਰਇਕਬਾਲ ਸਿੰਘ ਸਿੱਧੂ ਨਾਲ ਵਿਆਹ ਹੋ ਜਾਂਦਾ ਹੈ।
ਜੋ ਕਿ ਇੱਕ ਨੇਕ ਅਤੇ ਮਿਹਨਤੀ ਇਨਸਾਨ ਹੋਣ ਕਾਰਨ ਪਿਤਾ ਪੁਰਖੀ ਸਰਦਾਰੀ ਛੱਡ ਕੇ
ਆਪਣੇ ਪੈਰਾਂ ਤੇ ਖੜਾ ਹੋਣ ਲਈ ਪੁਲੀਸ ਦੀ ਨੌਕਰੀ ਕਰ ਲੈਂਦਾ ਹੈ। ਜਿਸ ਦੀ ਵਜ਼ਾ
ਕਰਕੇ ਉਸ ਨੂੰ ਆਪਣੀ ਰਿਹਾਇਸ਼ ਦਾ ਪ੍ਰਬੰਧ ਵੀ ਸ਼ਹਿਰ ਵਿੱਚ ਹੀ ਕਰਨਾ ਪੈਂਦਾ ਹੈ।
ਇਸ ਸਮੇਂ ਦੌਰਾਨ ਲੇਖਿਕਾ ਦੇ ਹੋਰ ਭੈਣ ਭਰਾ ਵੀ ਜਨਮ ਲੈਂਦੇ ਹਨ ਤੇ ਉਸ ਤੋਂ
ਵੱਡੀ ਭੈਣ ਜਗਦੀਸ਼ ਤਾਂ 1943 ਵਿੱਚ ਸਿਰਫ 13 ਸਾਲ ਦੀ ਉਮਰ ਵਿੱਚ ਵਿਆਹ ਵੀ
ਦਿੱਤੀ ਜਾਂਦੀ ਹੈ। ਏਥੋਂ ਤੱਕ ਲੇਖਿਕਾ ਨੇ ਉਸ ਸਮੇਂ ਦੇ ਸਮਾਜ ਦਾ ਬਾਖੂਬੀ
ਵਰਨਣ ਕੀਤਾ ਹੈ। ਕਿ ਕਿਵੇਂ ਉਸ ਵਕਤ ਲਾਗੀ (ਰਾਜੇ) ਹੀ ਬੱਚਿਆਂ ਲਈ ਸਾਥ
ਟੋਹਲਦੇ ਅਤੇ ਅਹਿਮ ਫੈਸਲੇ ਵੀ ਕਰਦੇ ਸਨ। ਬਾਲ ਵਿਆਹ ਆਮ ਪ੍ਰਚੱਲਤ ਸੀ। ਪਰ ਇਸ
ਕਹਾਣੀ ਵਿੱਚ ਲੇਖਿਕਾ ਨੇ ਉਸ ਵਕਤ ਦੇ ਰਾਜਨੀਤਿਕ ਸਰੋਕਾਰਾਂ ਨੂੰ ਨਹੀਂ ਉਭਾਰਿਆ
ਜੋ ਇਸ ਦੁਖਾਂਤ ਦਾ ਮੁੱਖ ਕਾਰਨ ਬਣੇ। ਜਾਂ ਹੋ ਸਕਦਾ ਹੈ ਉਸ ਵਕਤ ਬੱਚੀ ਹੋਣ
ਕਾਰਨ ਇਹ ਵਰਤਾਰਾ ਉਸ ਦੀ ਸਮਝ ਵਿੱਚ ਹੀ ਨਾ ਆਇਆ ਹੋਵੇ।
ਅਸਲ ਕਹਾਣੀ ਤਾਂ 14 ਅਗਸਤ 1947 ਨੂੰ ਸ਼ੁਰੂ ਹੁੰਦੀ ਹੈ। ਜਿਸ ਦਿਨ ਦੇਸ਼ ਦੀ
ਹਕੂਮਤ ਨੇ ਪਾਕਿਸਤਾਨ ਨਾਂ ਦਾ ਇੱਕ ਵੱਖਰਾ ਦੇਸ਼ ਬਣਾ ਕੇ ਉਸ ਦੀਆਂ ਹੱਦਬੰਦੀਆਂ
ਐਲਾਨ ਕਰ ਦਿੱਤੀਆਂ। ਤੇ ਲੋਕ ਅਪਣੇ ਘਰਾਂ ਅੰਦਰ। ਪਿੰਡਾ ਅਤੇ ਸ਼ਹਿਰਾਂ ਅੰਦਰ
ਬੈਠੇ ਹੀ ਬੇਗਾਨੇ ਹੋ ਗਏ। ਜਿਨਾਂ ਨੂੰ ਕੱਢਣ ਲਈ ਵੱਢ ਟੁੱਕ ਸ਼ੁਰੂ ਹੋ ਗਈ।
ਭੈਣਾਂ ਭਰਾਵਾਂ ਵਾਂਗੂੰ ਰਹਿੰਦੇ ਲੋਕ ਇੱਕ ਦੂਜੇ ਦੇ ਲਹੂ ਦੇ ਪਿਆਸੇ ਹੋ ਗਏ।
ਕਤਲ, ਲੁੱਟ ਖੋਹ, ਬਲਾਤਕਾਰ ਇਸ ਕਦਰ ਵਧੇ ਕਿ ਮਨੁੱਖ ਖੂੰਖਾਰ ਜਾਨਵਰਾਂ ਤੋਂ ਵੀ
ਨਿੱਘਰ ਗਿਆ। ਉਸ ਵਰਤਾਰੇ ਨੂੰ ਪੜ੍ਹ ਕੇ ਰੂਹ ਕੰਬ ਉੱਠਦੀ ਹੈ। ਪਰ ਅਫਸੋਸ ਕਿ
ਐਨੇ ਵਰ੍ਹੇ ਬੀਤ ਜਾਣ ਬਾਅਦ ਵੀ ਮਨੁੱਖ ਨੇ ਇਸ ਦੁਖਾਂਤ ਤੋਂ ਕੋਈ ਸਬਕ ਨਹੀਂ
ਸਿੱਖਿਆ।
ਦੰਗਿਆਂ ਸਮੇਂ ਲੇਖਿਕਾ ਦੇ ਪਿਤਾ ਸਾਂਗਲਾ ਹਿੱਲ, ਜਿਲ੍ਹਾ ਸ਼ੇਖੂਪੁਰਾ ਵਿੱਚ
ਪੁਲੀਸ ਦੀ ਨੌਕਰੀ ਕਰਦੇ ਸਨ। ਪਰਿਵਾਰ ਬੜੇ ਖੁਸ਼ ਅਰਾਮ ਨਾਲ ਰਹਿ ਰਿਹਾ ਸੀ। ਪਰ
ਅਪਰੈਲ 1947 ਵਿੱਚ ਜਦੋਂ ਏਥੋਂ ਉਨ੍ਹਾਂ ਦੀ ਬਦਲੀ ਹੋਈ ਤਾਂ ਮੁਸੀਬਤਾਂ ਦੇ
ਪਹਾੜ ਟੁੱਟ ਪਏ। ਇਹ ਇਲਾਕਾ ਮਿੱਥੀ ਸਰਹੱਦ ਦੇ ਨੇੜੇ ਅਮ੍ਰਿਤਸਰ ਤੋਂ ਸਿਰਫ 35
ਕਿਲੋਮੀਟਰ ਦੀ ਦੂਰੀ ਤੇ ਸੀ। ਇਹ ਤਾਂ ਉਨ੍ਹਾਂ ਕਦੀ ਸੋਚਿਆ ਵੀ ਨਹੀਂ ਸੀ ਕਿ 35
ਕਿਲੋਮੀਟਰ ਦਾ ਸਫਰ ਇੱਕ ਦਿਨ ਉਨ੍ਹਾਂ ਲਈ 35 ਕਰੋੜ ਮੀਲਾਂ ਬਰਾਬਰ ਹੋ ਜਾਵੇਗਾ।
ਉਸ ਵਕਤ ਤਾਂ ਉਹ ਸੋਚਦੇ ਰਹੇ ਕਿ ਇਹ ਇੱਕ ਵਕਤੀ ਹਨੇਰੀ ਹੈ ਰੁਕ ਜਾਵੇਗੀ। ਪਰ
ਇਸ ਨੇ ਤਾਂ ਸਾਰਾ ਹਿੰਦੋਸਤਾਨ ਹੀ ਆਪਣੀ ਲਪੇਟ ਵਿੱਚ ਲੈ ਲਿਆ ਸੀ। ਘਰਾਂ ਦੇ ਘਰ
ਉੱਜੜ ਗਏ। ਉਹ ਇਸ ਦੇ ਭਿਆਨਕ ਸਿੱਟਿਆਂ ਤੋਂ ਬੇਖਬਰ ਸਨ। ਇਸ ਅਖੌਤੀ ਆਜ਼ਾਦੀ ਦੀ
ਕੀਮਤ ਆਮ ਲੋਕਾਂ ਵਾਂਗ ਇਸ ਪਰਿਵਾਰ ਨੂੰ ਵੀ ਉਤਾਰਨੀ ਪਈ। ਜਿਸ ਬਾਰੇ ਲੇਖਿਕਾ
ਲਿਖਦੀ ਹੈ:-
“ਕਹਿਣ ਨੂੰ ਤਾਂ 1947 ਵਿੱਚ ਦੇਸ਼ ਆਜ਼ਾਦ ਹੋਇਆ ਸੀ। ਪਰ ਮੇਰੀ ਮਾਂ ਦੇ ਕਹਿਣ
ਅਨੁਸਾਰ ਸਾਡੀ ਬਰਬਾਦੀ ਹੋਈ ਸੀ। ਅਗਸਤ ਦਾ ਮਹੀਨਾ ਤੇ ਸਨ ਸੰਤਾਲੀ ਦੀ ਦਹਿਸ਼ਤ
ਭਰੀ ਤਸਵੀਰ ਮੇਰੇ ਦਿਲ ਤੇ ਇਸ ਤਰਾਂ ਛਪੀ ਹੋਈ ਹੈ ਜਿਵੇਂ ਪੱਥਰ ਤੇ ਲਕੀਰ।”
ਨਾਰੰਗ ਮੰਡੀ ਦੇ ਹਾਲਾਤ ਕੁੱਝ ਜ਼ਿਆਦਾ ਹੀ ਖਰਾਬ ਸਨ। ਜਿੱਥੇ ਰੇਲਵੇ ਸਟੇਸ਼ਨ ਤੇ
ਹਿੰਦੋਸਤਾਨ ਵਲੋਂ ਭੇਜੀ ਲਾਸ਼ਾਂ ਅਤੇ ਬਦਲਾ ਲਊ ਜਾਂ ਲੁਟੇਰਿਆਂ ਨਾਲ ਭਰੀ ਗੱਡੀ
ਆ ਕੇ ਰੁਕਦੀ। ਬਦਲੇ ਵਿੱਚ ਮੁਸਲਮਾਨ ਹਿੰਦੂ ਸਿੱਖ ਪਰਿਵਾਰਾਂ ਦਾ ਕਤਲ ਕਰਦੇ।
ਥਾਣੇਦਾਰ ਇਕਬਾਲ ਸਿੰਘ ਪਣੇ ਕੁੱਝ ਸਾਥੀਆਂ ਸਮੇਤ ਬਿਗੜੇ ਹਾਲਾਤਾਂ ਨੂੰ ਕਾਬੂ
ਕਰਨ ਲਈ ਅੱਡੀ ਚੋਟੀ ਦਾ ਜੋਰ ਲਗਾ ਰਹੇ ਸਨ।ਅਪਰ ਨਫਰਤ ਦੀ ਭੜਕੀ ਹੋਈ ਅੱਗ
ਉਨ੍ਹਾਂ ਦੇ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਸੀ। ਹੁਣ ਸ਼ਰੇਆਮ ਕਤਲ ਤੇ ਲੁੱਟ
ਖੋਹ ਹੋ ਰਹੇ ਸਨ। ਗੁਰਇਕਬਾਲ ਸਿੰਘ ਆਪਣੇ ਫਰਜਾਂ ਨੂੰ ਪਛਾਣਦਾ ਪੀੜਿਤ
ਪਰਿਵਾਰਾਂ ਨੂੰ ਸੁਰੱਖਿਤ ਥਾਵਾਂ ਤੇ ਪਹੁੰਚਾਂਦਾ ਆਪਣੀ ਡਿਊਟੀ ਨਿਭਾ ਰਿਹਾ
ਸੀ।ਅਇਸ ਸਮੇਂ ਉਨ੍ਹਾਂ ਆਪਣੇ ਪਰਿਵਾਰ ਦੀ ਸੁਰੱਖਿਆ ਵਲ ਵੀ ਪੂਰਾ ਧਿਆਨ ਨਾ
ਦਿੱਤਾ। ਇਨ੍ਹਾਂ ਹਾਲਾਤਾਂ ਨੂੰ ਲੇਖਿਕਾ ਨੇ ਇਸ ਤਰ੍ਹਾਂ ਬਿਆਨਿਆ ਹੈ:-
“14 ਅਗਸਤ 1947 ਨੂੰ ਸਿਆਸਤਦਾਨਾਂ ਦੀ ਜਿੱਦ ਵਿੱਚ ਭਾਰਤ ਦੋ ਟੁਕੜਿਆਂ ਵਿੱਚ
ਵੰਡਿਆ ਗਿਆ। ਭਾਰਤ ਮਾਂ ਦੀ ਛਾਤੀ ਤੇ ਸਰਹੱਦੀ ਲਕੀਰ ਖਿੱਚ ਕੇ ਸਿਆਸਤਦਾਨਾਂ ਨੇ
ਭਰਾਵਾਂ ਨੂੰ ਭਰਾਵਾਂ ਨਾਲੋਂ, ਮਾਵਾਂ ਨੂੰ ਬੱਚਿਆਂ ਨਾਲੋਂ ਤੋੜ ਦਿੱਤਾ। ਔਰਤਾਂ
ਦੇ ਸੁਹਾਗ ਮਾਰ ਦਿੱਤੇ ਗਏ। ਜਵਾਨ ਔਰਤਾਂ ਨੂੰ ਇੱਜਤਾਂ ਬਚਾਉਣ ਲਈ ਖੂਹਾਂ ਵਿੱਚ
ਛਾਲਾਂ ਮਾਰਨੀਆਂ ਪਈਆਂ। ਕਈ ਔਰਤਾਂ ਦੀ ਪੱਤ ਲੁੱਟੀ ਗਈ। ਕਈ ਹਿੰਦੂ ਸਿੱਖ
ਔਰਤਾਂ ਨੂੰ ਮੁਸਲਮਾਨਾਂ ਨਾਲ ਤੇ ਕਈ ਮੁਸਲਮਾਨ ਔਰਤਾਂ ਨੂੰ ਹਿੰਦੂ ਸਿੱਖ ਲੋਕਾਂ
ਨਾਲ ਵਿਆਹ ਕਰਵਾਉਣੇ ਪਏ। ਲੋਕ ਘਰੋਂ ਬੇਘਰ ਹੋ ਗਏ। ਘਰਾਂ ਨੂੰ ਅੱਗਾਂ ਲਾ
ਦਿੱਤੀਆਂ ਗਈਆਂ। ਹਿੰਦੋਸਤਾਨ ਜਲ਼ ਰਿਹਾ ਸੀ। ਪਰ ਅੱਗ ਬੁਝਾਣ ਵਾਲਾ ਕੋਈ ਨਹੀਂ
ਸੀ”
ਜਦੋਂ ਅੱਗ ਦੀਆਂ ਇਹ ਲਾਟਾਂ ਨੇ ਗੁਰਇਕਬਾਲ ਸਿੰਘ ਦਾ ਘਰ ਵੀ ਘੇਰ ਲਿਆ। ਤਾਂ
ਖਤਰੇ ਨੂੰ ਭਾਂਪਦੇ ਉਹ ਪਰਿਵਾਰ ਨੂੰ ਕਹਿਣ ਲੱਗੇ:-
“ਬੱਚਿਉ ਜੇ ਕੋਈ ਭਾਣਾ ਵਾਪਰ ਗਿਆ ਤਾਂ ਘਬਰਾਣਾ ਨਹੀਂ। ਤੁਸੀਂ ਮੇਰੇ ਸ਼ੇਰ ਬੱਚੇ
ਹੋਂ। ਆਪਣੀ ਮਾਂ ਦਾ ਕਿਹਾ ਮੰਨਿਉ। ਉਸ ਨੂੰ ਤੰਗ ਨਾਂ ਕਰਨਾ। ਅੱਜ ਕੱਲ ਸਮਾਂ
ਠੀਕ ਨਹੀਂ ਹੈ”
ਪਰ ਉਹ ਹਾਰ ਨਹੀਂ ਮੰਨਦੇ। ਪਰਿਵਾਰ ਨੂੰ ਸੇਠਾਂ ਦੇ ਘਰ ਭੇਜ ਦਿੰਦੇ ਹਨ। ਜਿੱਥੇ
ਹਿੰਦੂ ਸਿੱਖਾਂ ਨੇ ਸਮੂਹਿਕ ਰੂਪ ਵਿੱਚ ਪਨਾਹ ਲਈ ਹੋਈ ਹੈ। ਕਾਤਲਾਂ ਲੁਟੇਰਿਆਂ
ਨਾਲ ਭਰ ਕੇ ਆਂਉਣ ਵਾਲੀ ਇਹ ਗੱਡੀ ਹਰ ਕਿਸੇ ਲਈ ਦਹਿਸ਼ਤ ਬਣੀ ਹੋਈ ਹੈ। ਖਤਰਾ
ਟਲਣ ਦੀ ਉਡੀਕ ਵਿੱਚ ਲੋਕ ਕੋਠਿਆਂ ਦੀਆਂ ਛੱਤਾਂ ਤੇ ਜਾ ਲੰਮੇ ਪੈਂਦੇ ਹਨ। ਪਰ
ਸੇਠਾਂ ਦੀ ਨਵ ਵਿਆਹੀ ਨੂੰਹ ਸੁਮਨ ਗਹਿਣਿਆਂ ਨਾਲ ਲੱਦੀ ਫਿਰਦੀ ਬਹੁਤ ਚੱਗੀ
ਲੱਗਦੀ ਹੈ। ਜੋ ਅੱਗੇ ਚੱਲਕੇ ਦਿਲ ਚੀਰਵੇਂ ਦੁਖਾਂਤ ਦਾ ਸ਼ਿਕਾਰ ਹੋ ਜਾਂਦੀ ਹੈ।
ਥਾਣੇਦਾਰ ਗੁਰਇਕਬਾਲ ਸਿੰਘ ਆਪਣੇ ਫਰਜ਼ ਦੀ ਲੜਾਈ ਲੜ੍ਹਦਾ ਮੌਤ ਨਾਲ ਲੁਕਣਮੀਟੀਆਂ
ਖੇਡ ਰਿਹਾ ਪ੍ਰਤੀਤ ਹੁੰਦਾ ਹੈ। ਮੌਤ ਲਾੜੀ ਨੂੰ ਵਿਆਹੁਣ ਜਾਣ ਸਮੇਂ ਉਸਦਾ ਦੋਸਤ
ਹੌਲਦਾਰ ਜਰਨੈਲ ਸਿੰਘ ਵੀ ਸਰਵਾਲੇ ਵਜੋਂ ਉਸਦੇ ਨਾਲ ਹੈ। ਦੋਵੇਂ ਦੋਸਤ ਜੀਵਨ ਦੇ
ਅੰਤ ਨੂੰ ਕਿਆਸਦੇ ਇੱਕ ਖਾਣ ਪੀਣ ਦੀ ਮਹਿਫਲ ਸਜਾਉਂਦੇ ਹਨ ਤੇ ਕਹਿੰਦੇ ਹਨ ‘ਕੱਲ
ਕੀਹਨੇ ਦੇਖਿਆ ਹੈ’। ਲੇਖਿਕਾ ਦੀ ਮਾਂ ਨੂੰ ਭੈੜੇ ਭੈੜੇ ਸੁਪਨੇ ਆਂਉਦੇ ਹਨ। 14
ਅਗਸਤ ਤੋਂ ਲੈ ਕੇ 26 ਅਗਸਤ 1947 ਤੱਕ ਸਮਾਂ ਤਲਵਾਰ ਦੀ ਧਾਰ ਤੇ ਤੁਰਨ ਵਰਗਾ
ਹੈ।
26 ਅਗਸਤ 1947 ਦੇ ਦਿਨ ਬਾਰੇ ਲੇਖਿਕਾ ਇਸ ਤਰ੍ਹਾਂ ਬਿਆਨ ਕਰਦੀ ਹੈ:-
‘ਉਸ ਦਿਨ ਆਕਾਸ਼ ਵਿੱਚ ਕੋਈ ਪੰਛੀ ਨਹੀਂ ਸੀ ਦਿਖਾਈ ਦੇ ਰਿਹਾ। ਕੁੱਕੜ ਬਾਂਗਾਂ
ਦੇਣ ਦਾ ਵਕਤ ਭੁੱਲ ਗਏ ਸਨ। ਗਲੀਆਂ ਵਿੱਚ ਕੁੱਤੇ ਰੋ ਰਹੇ ਸਨ। ਮਾਂ ਪੂਰੇ
ਵਿਸ਼ਵਾਸ਼ ਨਾਲ ਪਾਠ ਕਰ ਰਹੀ ਸੀ’ ਤੇ ਉਸੇ ਦਿਨ ਇਹ ਦੁਖਾਂਤ ਵਾਪਰਦਾ ਹੈ। ਜਦੋਂ
ਸਰਕਾਰੀ ਹੁਕਮਰਾਨ 26 ਅਗਸਤ ਵਾਲੇ ਦਿਨ ਨਾਰੰਗ ਮੰਡੀ ਨੂੰ ਲੁੱਟਣ ਦਾ ਪ੍ਰੋਗਰਾਮ
ਮਿੱਥ ਲੈਂਦੇ ਹਨ। 10 ਵਜੇ ਜਦੋਂ ਲੁਟੇਰਿਆਂ ਤੇ ਕਾਤਲਾਂ ਨਾਲ ਭਰੀ ਗੱਡੀ
ਪੁੱਜਦੀ ਹੈ ਤਾਂ ਗੁਰਇਕਬਾਲ ਸਿੰਘ ਨੂੰ ਜਾਣ ਬੁੱਝ ਕੇ ਉੱਥੇ ਭੇਜਿਆ ਜਾਂਦਾ ਹੈ।
ਉਸ ਦਾ ਦੋਸਤ ਜਰਨੈਲ ਸਿੰਘ ਵੀ ਨਾਲ਼ ਹੈ। ਤਾਂ ਤੁਰਨ ਵੇਲੇ ਗੁਰਇਕਬਾਲ ਸਿੰਘ ਦੇ
ਮੂੰਹੋਂ ਸੁਭਾਵਕ ਨਿੱਕਲਦਾ ਹੈ:-
‘ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ’
ਕੁੱਝ ਹੀ ਸਮੇਂ ਬਾਅਦ ਸ਼ਹਿਰ ਵਿੱਚ ਇਹ ਖਬਰ ਫੈਲ ਜਾਂਦੀ ਹੈ:-
‘ਸਟੇਸ਼ਨ ਤੇ ਇੱਕ ਸਰਦਾਰ ਨੂੰ ਮਾਰ ਦਿੱਤਾ ਹੈ। ਬਹੁਤ ਸਾਰੇ ਲੋਕ ਛੁਰੇ ਲ਼ੈ ਕੇ
ਏਧਰ ਆ ਰਹੇ ਨੇ। ਕੋਈ ਬੱਚਾ ਜਾਂ ਔਰਤ ਉਚੀ ਨਾ ਬੋਲੇ। ਜਰਨੈਲ ਸਿੰਘ ਆਪਣੇ ਦੋਸਤ
ਦੀ ਮੌਤ ਦੀ ਪੀੜ ਮਨ ਤੇ ਲੈ ਕੇ ਉਸਦੇ ਪਰਿਵਾਰ ਨੂੰ ਅਤੇ ਆਪਣੀ ਪਤਨੀ ਪ੍ਰਕਾਸ਼
ਨੂੰ ਸਰੱਖਿਅਤ ਥਾਂ ਤੇ ਲਿਜਾਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਨਾਇਕਾ ਬੋਰੀ ਵਿੱਚ
ਭਾਂਡੇ ਪਾਉਣ ਲੱਗਦੀ ਹੈ ਤਾਂ ਉਹ ਕਹਿੰਦਾ ਹੈ:-
“ਭਾਬੀ ਜੀ ਭਾਂਡਿਆਂ ਦੀ ਬਜਾਏ ਇਸ ਵੇਲੇ ਜਾਨਾਂ ਬਚਾਉਣ ਦਾ ਫਿਕਰ ਕਰੋ”
ਜਦੋਂ ਉਸ ਵਕਤ ਦੀ ਨੰਨੀ ਬੱਚੀ ਸਹਿਜ ਸੁਭਾ ਪੁੱਛਦੀ ਹੈ, “ਅੰਕਲ ਸਾਨੂੰ ਕੋਈ
ਕਿਉਂ ਮਾਰ ਦੇਵੇਗਾ?”
ਪਰ ਜਰਨੈਲ ਸਿੰਘ ਕੋਲ ਇਸ ਸਵਾਲ ਦਾ ਕੋਈ ਜਵਾਬ ਨਹੀਂ। ਕੁੱਝ ਹੀ ਪਲਾਂ ਬਾਅਦ
ਏਨਾਂ ਬੱਚਿਆਂ ਦੀਆਂ ਅੱਖਾਂ ਅੱਗੇ ਦਿਲ ਕੰਬਾਊ ਵਰਤਾਰਾ ਵਾਪਰਨਾ ਆਰੰਭ ਹੁੰਦਾ
ਹੈ ਜਿਸ ਨੂੰ ਲੇਖਿਕਾ ਇਸ ਤਰ੍ਹਾਂ ਬਿਆਨਦੀ ਹੈ:-
‘ਮਰਨ ਵਾਲਿਆਂ ਦੀਆਂ ਚੀਕਾਂ ਨਾਲ ਅਸਮਾਨ ਗੂੰਜ ਰਿਹਾ ਸੀ। ਬੱਚੇ ਕਤਲ ਹੁੰਦੇ,
ਆਦਮੀਆਂ ਦੇ ਜਿਸਮ ‘ਚੋਂ ਬਹਿੰਦੀਆਂ ਖੂਨ ਦੀਆਂ ਧਾਰਾਂ ਵੇਖ ਚੀਕਾਂ ਮਾਰਦੇ ਨੇ।
ਇੱਕ ਹੋਰ ਔਰਤ ਚੀਕ ਰਹੀ ਸੀ:-
“ਰੱਬ ਦੇ ਕਹਿਰ ਤੋਂ ਡਰੋ ਜਾਲਮੋ, ਕੋਈ ਖੁਦਾ ਦਾ ਖੌਫ ਖਾਉ”
ਏਸੇ ਹਫੜਾ ਦਫੜੀ ਵਿੱਚ ਲੇਖਿਕਾ ਜੋ ਉਸ ਵਕਤ ਦੀ ਨੰਨੀ ਬੱਚੀ ਹੈ, ਠੇਡਾ ਖਾ ਕੇ
ਡਿੱਗਦੀ ਹੈ। ਮੱਥੇ ਵਿੱਚ ਸੱਟ ਵੱਜ ਕੇ ਖੂਨ ਵਗਦਾ ਹੈ। ਪਰ ਅੱਜ ਉਸਦੇ ਜ਼ਖਮ ਤੇ
ਮੱਲਮ ਲਾਉਣ ਵਾਲਾ ਕੋਈ ਨਹੀਂ। ਬਲਕਿ ਇਹ ਤਾਂ ਸੱਟਾਂ ਸਹਿਣ ਦਾ ਦਿਨ ਸੀ। ਸੱਟ
ਲੱਗੀ, ਲਹੂ ਵੱਗਿਆ, ਪੀੜ ਹੋਈ, ਪਰ ਇਹ ਪੀੜ ਤਾਂ ਉਸ ਪੀੜ ਤੋਂ ਕਿਤੇ ਛੋਟੀ ਸੀ
ਜੋ ਮਿਲ ਰਹੀ ਸੀ। ਬੱਚੀ ਨੇ ਮੱਥੇ ਦਾ ਲਹੂ ਪੂੰਝ ਦਿੱਤਾ। ਇਸ ਸੱਟ ਦਾ ਨਿਸ਼ਾਨ,
ਉਸ ਭਿਆਨਕ ਸਮੇਂ ਦੀ ਮੋਹਰ ਬਣ ਕੇ ਉਸ ਦੇ ਮੱਥੇ ਤੇ ਉੱਕਰ ਗਿਆ। ਪਰ ਦਿਲ ਤੇ
ਲੱਗੇ ਜਖਮਾਂ ਦੇ ਨਿਸ਼ਾਨ ਤਾਂ ਕਿਸੇ ਨੂੰ ਨਜ਼ਰ ਨਹੀਂ ਆਂਉਦੇ। ਮੱਥੇ ਦਾ ਜ਼ਖਮ ਤਾਂ
ਹਟ ਗਿਆ ਪਰ ਦਿਲ ਦੇ ਜ਼ਖਮ ਰਿਸਦੇ ਨੇ ਅੱਜ ਤੱਕ, ਜੋ ਸ਼ਬਦਾਂ ਦਾ ਰੂਪ ਧਾਰ ਕੇ ਇਸ
ਪੁਸਤਕ ਵਿੱਚ ਬਹਿ ਤੁਰੇ ਨੇ। ਜਿਨਾਂ ਦਾ ਬਿਆਨ ਲੇਖਿਕਾ ਇਸ ਤਰ੍ਹਾਂ ਕਰਦੀ ਹੈ:-
‘ਸਾਡੇ ਸਾਹਮਣੇ ਹੀ ਇੱਕ ਔਰਤ, ਜਿਸ ਦੇ ਬੱਚਾ ਹੋਣ ਵਾਲਾ ਸੀ, ਜਦੋਂ ਕਾਤਲਾਂ ਨੇ
ਉਸ ਦੇ ਢਿੱਡ ਵਿੱਚ ਛੁਰਾ ਮਾਰਿਆ ਤਾਂ ਬੱਚਾ ਬਾਹਰ ਆ ਡਿੱਗਿਆ। ਉਸਦਾ ਪਤੀ
ਰੋਂਦਾ ਕੁਰਲਾਉਂਦਾ ਆਪਣੀ ਪਤਨੀ ਦੇ ਉੱਤੇ ਡਿੱਗ ਪਿਆ। ਕਾਤਲਾਂ ਨੇ ਉਸ ਨੂੰ
ਉੱਥੇ ਹੀ ਚਿੱਤ ਕਰ ਦਿੱਤਾ। ਥੋੜੀ ਦੇਰ ਪਿੱਛੋਂ ਉਸੇ ਹੀ ਜਗਾ ਫਿਰ ਇੱਕ ਆਦਮੀਂ
ਸਾਈਕਲ ਦੇ ਪਿੱਛੇ ਆਪਣੀ ਪਤਨੀ ਨੂੰ ਬਿਠਾਈਂ ਸ਼ਹਿਰ ਵਿੱਚੋਂ ਨਿੱਕਲਣ ਦੀ ਕੋਸ਼ਿਸ਼
ਵਿੱਚ ਕਾਤਲਾਂ ਦੇ ਹੱਥ ਲੱਗ ਗਿਆ।ਕਤਲੇਆਮ ਦਾ ਸਿਲਸਲਾ ਸਾਰਾ ਦਿਨ ਚੱਲਦਾ
ਰਿਹਾ’।
ਏਸੇ ਤਰ੍ਹਾਂ ਸ਼ਾਮ ਲਾਲ ਨਾਂ ਦਾ ਬੰਦਾ ਜੋ ਲਾਸ਼ਾਂ ਹੇਠ ਲੁਕ ਕੇ ਜਾਨ ਬਚਾਉਂਦਾ
ਹੈ ਪਰ ਪੁਲਿਸ ਕਪਤਾਨ ਮੁਹੰਮਦ ਰਫੀ ਦੇ ਇਸ਼ਾਰੇ ਤੇ ਉਸ ਨੂੰ ਥਾਣੇ ਤੋਂ ਬਾਹਰ
ਲਿਜਾ ਕੇ ਗੋਲੀ ਮਾਰ ਦਿੱਤੀ ਜਾਂਦੀ ਹੈ। ਏਸੇ ਥਾਣੇ ਵਿੱਚ ਲੇਖਿਕਾ ਦੇ ਪਰਿਵਾਰ
ਨੇ ਵੀ ਪਨਾਹ ਲਈ ਹੋਈ ਹੈ। ਉਨ੍ਹਾਂ ਦੇਖਿਆਂ ਕਿ ਜਰਵਾਣੇ ਨਵ ਵਿਆਹੀ ਸੇਠਾਂ ਦੀ
ਨੂੰਹ ਸੁਮਨ ਨੂੰ ਰੋਂਦੀ ਕੁਰਲਾਉਂਦੀ ਨੂੰ ਧੂਹ ਕੇ ਲੈ ਜਾ ਰਹੇ ਹਨ। ਪੁਲੀਸ ਦੀ
ਮਿਲੀ ਭੁਗਤ ਨਾਲ ਸ਼ਹਿਰ ਦੀਆਂ ਦੁਕਾਨਾਂ ਨੂੰ ਲੁੱਟਿਆ ਜਾ ਰਿਹਾ ਹੈ ਤੇ ਪੁਲੀਸ
ਨੂੰ ਹਿੱਸਾ ਮਿਲ ਰਿਹਾ ਹੈ।
ਆਪਣੇ ਮਨ ਤੇ ਉੱਕਰੀ ਇਸ ਪੀੜ ਨੂੰ ਲੇਖਿਕਾ ਸੱਠ ਸਾਲ ਬਾਅਦ ਇਸ ਤਰ੍ਹਾਂ ਬਿਆਨ
ਰਹੀ ਹੈ, “ਮੇਰੇ ਕੰਨ ਨਵੇਂ ਨਵੇਂ ਵਿੰਨ੍ਹੇ ਗਏ ਸੀ ਤੇ ਸੋਨੇ ਦੀਆਂ ਨਿੱਕੀਆਂ
ਨਿੱਕੀਆਂ ਵਾਲ਼ੀਆਂ ਮੇਰੇ ਕੰਨਾਂ ਵਿੱਚ ਸਨ, ਜੋ ਬਹੁਤ ਫੱਬਦੀਆਂ ਸਨ। ਉਨ੍ਹਾਂ
ਮੇਰੇ ਕੰਨਾਂ ਵਿੱਚੋਂ ਉਹ ਵੀ ਲੁਹਾ ਲਈਆਂ। ਮੈਂ ਰੋਣ ਲੱਗ ਪਈ ਅਤੇ ਰਾਤ ਦੇ
ਹਨੇਰੇ ਵਿੱਚ ਗਿੱਲੀ ਫਰਾਕ ਨਾਲ ਹੀ ਅੱਥਰੂ ਪੂੰਝ ਲਏ।
ਉਸ ਘਟਨਾ ਬਾਰੇ ਪੜ੍ਹ ਕੇ ਤਾਂ ਕਾਲਜਾ ਨਿੱਕਲਦਾ ਮਹਿਸੂਸ ਹੁੰਦਾ ਹੈ ਜਦੋਂ
ਲੇਖਿਕਾ ਦੇ ਪਿਤਾ ਦੇ ਦੋਸਤ ਹੌਲਦਾਰ ਜਰਨੈਲ ਸਿੰਘ ਨੂੰ ਇੱਕ ਕਾਤਲ ਕਹਿੰਦਾ ਹੈ
‘ਜਰਨੈਲ ਸਿੰਘ ਜੀ ਏਧਰ ਆਉ ਤੇ ਆਪਣੀ ਜਰਨੈਲੀ ਦਿਖਾਉ’। ਉਸ ਦੀ ਪਤਨੀ ਪ੍ਰਕਾਸ਼
ਅਤੇ ਬੱਚਿਆਂ ਦੇ ਸਾਹਮਣੇ ਹੀ ਉਸ ਨੂੰ ਢਿੱਡ ਵਿੱਚ ਛੁਰਾ ਘੋਂਪ ਕੇ ਮਾਰ ਦਿੱਤਾ
ਜਾਂਦਾ ਹੈ। ਤੇ ਉਸਦੀ ਪਤਨੀ ਦੀਆਂ ਚੀਕਾਂ ਉਸ ਵੇਲੇ ਅੰਬਰ ਪਾੜ ਦੇਣ ਵਾਲੀਆਂ
ਹਨ:-
“ਕਾਤਲੋ ਮੇਰੇ ਬੱਚਿਆਂ ਤੇ ਹੀ ਤਰਸ ਕਰਦੇ। ਸਾਨੂੰ ਮਾਰਨ ਵਾਲਿਉ ਤੁਹਾਡਾ ਵੀ
ਕੱਖ ਨਹੀਂ ਰਹਿਣਾ”
ਪਰ ਇਨਸਾਨ ਤੋਂ ਹੈਵਾਨ ਬਣੇ ਕਾਤਲ ਜੋਰ ਜੋਰ ਦੀ ਹੱਸਦੇ ਹਨ। ਉਨ੍ਹਾਂ ਪੱਥਰਾਂ
ਦਾ ਦਿਲ ਨਹੀਂ ਪਿਘਲਦਾ। ਸਗੋਂ ਸ਼ਰੀਰ ਦੇ ਭਾਰੇ ਮੋਤੀ ਲਾਲ ਨੂੰ ਟਰੱਕ ‘ਚੋਂ
ਘਸੀਟਕੇ ਕੱਢਦੇ ਹੋਏ ਕਹਿੰਦੇ ਹਨ:-
“ਆ ਜਾਉ ਪੰਡਿਤ ਜੀ, ਹੁਣ ਥੋਡੀ ਵਾਰੀ ਆ। ਕਰ ਲਉ ਆਪਣੇ ਰਾਮ ਨੂੰ ਯਾਦ ਤਾਂ ਕਿ
ਥੋਨੂੰ ਸਾਡੇ ਕੋਲੋਂ ਬਚਾ ਕੇ ਲੈ ਜਾਵੇ”।
ਇਸ ਮਾਰਾ ਮਾਰੀ ਤੇ ਲੁੱਟ ਖੋਹ ਦੇ ਲਾਲਚ ਵਿੱਚ ਕਿਸੇ ਕਾਫਰ ਦੇ ਭੁਲੇਖੇ ਮੁਹੰਮਦ
ਰਫੀ ਦਾ ਸਾਲ਼ਾ ਵੀ ਮਾਰਿਆ ਜਾਂਦਾ ਹੈ। ਜਿਸ ਕਰਕੇ ਉਹ ਘਬਰਾਇਆ ਹੋਇਆ ਦੌੜ ਜਾਂਦਾ
ਹੈ। ਤੇ ਲੁੱਟ ਦਾ ਹਿੱਸਾ ਵੀ ਵੰਡਾ ਕੇ ਨਹੀਂ ਜਾਂਦਾ। ਤਾਂ ਇੱਕ ਲੁਟੇਰਾ
ਕਹਿੰਦਾ ਹੈ:-
“ਇਹ ਪੁਲਸੀਏ ਸਾਨੂੰ ਵੀ ਰਗੜਾ ਲਾ ਗਏ...। ਹਰਾਮੀ ਨੇ ਕਾਫਰਾਂ ਨੂੰ ਮਾਰਨ ਦੇ
ਪੈਸੇ ਕੀਤੇ ਸੀ। ਹੁਣ ਬਿਨਾਂ ਕੁੱਝ ਦਿੱਤੇ ਹੀ ਭੱਜ ਗਏ ਨੇ।”
ਆਪਣੇ ਪੁੱਤ ਨੂੰ ਬਚਾਉਣ ਲਈ ਲੇਖਿਕਾ ਦੀ ਮਾਂ ਉਸਦੇ ਗੁੱਤਾਂ ਕਰਵਾ ਕੇ ਕੁੜੀ
ਬਣਾਉਂਦੀ ਹੈ ਤਾਂ ਅਕਬਰ ਵਰਗਾ ਬੰਦਾ ਉਸੇ ਨਾਲ ਨਿਕਾਹ ਕਰਵਾਉਣ ਦੀ ਜਿੱਦ ਫੜਕੇ
ਨਵੀਂ ਸਮੱਸਿਆ ਖੜੀ ਕਰ ਦਿੰਦਾ ਹੈ। ਪਰੰਤੂ ਅਜੇ ਉਸ ਦੀ ਜ਼ਮੀਰ ਪੂਰੀ ਤਰ੍ਹਾਂ
ਮਰੀ ਨਾਂ ਹੋਣ ਕਾਰਨ ਇਹ ਮੁਸੀਬਤ ਟਲ਼ ਜਾਂਦੀ ਹੈ। ਇਸੇ ਤਰ੍ਹਾਂ ਜ਼ੈਲਦਾਰ ਵਰਗੇ
ਨੇਕ ਬੰਦੇ ਵੀ ਹਰ ਮਜ਼ਹਬ ਵਿੱਚ ਮਿਲ ਜਾਂਦੇ ਹਨ। ਮਾਂ ਦਾ ਕਿਰਦਾਰ ਹਰ ਮੁਸ਼ਕਲ
ਸਮੇਂ ਬੱਚਿਆਂ ਨੂੰ ਬੋਟਾਂ ਵਾਂਗ ਖੰਭਾਂ ਹੇਠ ਲਕੋਣ ਦਾ ਯਤਨ ਕਰਦਾ ਹੈ। ਮੌਤ
ਦੀਆਂ ਗਿਰਝਾਂ ਪਰਿਵਾਰ ਦੇ ਸਿਰ ਤੇ ਮੰਡਰਾ ਰਹੀਆਂ ਹਨ। ਇਸ ਸਥਿਤੀ ਨੂੰ ਇਸ
ਤਰ੍ਹਾਂ ਬਿਆਨਿਆ ਗਿਆ ਹੈ:-
“ਅਸੀਂ ਸਾਰੇ ਇੱਕੋ ਖੂਹ ਵਿੱਚ ਡਿੱਗ ਪਏ ਸਾਂ। ਜਿਨਾਂ ਉਤਾਂਹ ਚੜ੍ਹਨ ਦੀ ਕੋਸ਼ਿਸ਼
ਕਰਦੇ ਹੋਰ ਡਿੱਗ ਪੈਂਦੇ। ਮੁਹੰਮਦ ਰਫੀ ਦੇ ਸੂਹੀਏ, ਜਿੱਥੇ ਵੀ ਲੁਕਦੇ ਉੱਥੇ ਹੀ
ਮਾਰਨ ਲਈ ਸੂਹਾਂ ਲੈਂਦੇ ਪਹੁੰਚ ਜਾਂਦੇ। ਜ਼ਿੰਦਗੀ ਮੌਤ ਦੀ ਇਸ ਲੜਾਈ ਵਿੱਚ ਹੀ
ਬਿਕਰਮ ਨੂੰ ਵਾਲ ਕਟਾਉਣੇ ਪੈਂਦੇ ਨੇ। ਮਾਂ ਦਾ ਇੱਕੋ ਮਕਸਦ ਹੈ ਕਿ ਉਹ ਪਤੀ ਦੀ
ਨਿਸ਼ਾਨੀ ਬਚਾ ਕਿ ਹਿੰਦੋਸਤਾਨ ਪਹੁੰਚ ਜਾਵੇ”।
ਆਖਰ ਉਸ ਦੀ ਮਰ ਚੁੱਕੀ ਆਸ ਨੂੰ ਬੂਰ ਪੈਂਦਾ ਹੈ। ਅਕਬਰ ਮੌਲਵੀ ਅਤੇ ਜ਼ੈਲਦਾਰ
ਉਨ੍ਹਾਂ ਲਈ ਰੱਬ ਬਣਕੇ ਬਹੁੜਦੇ ਨੇ। ਜੋ ਪਿੰਡੋ ਪਿੰਡੀ ਮੁਸੀਬਤਾਂ ਝਾਗਦੇ
ਉਨ੍ਹਾਂ ਨੂੰ ਬਚਾਉਣ ਦਾ ਯਤਨ ਕਰਦੇ ਨੇ। ਤੇ ਉਹ ਆਪਣੇ ਭਾਈਚਾਰੇ ਵਲੋਂ ਵੀ ਖਤਰਾ
ਨਹੀਂ ਸਹੇੜਨਾ ਚਾਹੁੰਦੇ।
ਐਸਾ ਹੀ ਇੱਕ ਡਰਾਮਾ ਕਰਨ ਲਈ ਮਸਜਿਦ ਲਿਜਾ ਕੇ ਉਨ੍ਹਾਂ ਦਾ ਧਰਮ ਬਦਲਿਆ ਜਾਂਦਾ
ਹੈ। ਧਰਮ ਬਦਲੀ ਦੀ ਰਸਮ ਵੇਲੇ ਉੱਥੇ ਉਨ੍ਹਾਂ ਨੂੰ ਸੇਠਾਂ ਦੀ ਨੂੰਹ ਸੁਮਨ ਵੀ
ਦਿਖਾਈ ਦਿੰਦੀ ਹੈ। ਜਿਸ ਨੂੰ ਕੋਈ ਵਹਿਸ਼ੀ ਦਰਿੰਦਾ ਉਧਾਲ ਲਿਆਇਆ ਸੀ। ਉਸੇ ਦੇ
ਪਰਿਵਾਰ ਨੂੰ ਕਤਲ ਕਰਕੇ, ਹੁਣ ਉਹ ਉਸਦਾ ਧਰਮ ਬਦਲ ਕੇ ਨਿਕਾਹ ਕਰਵਾਉਣਾ
ਚਾਹੁੰਦਾ ਸੀ। ਪਰ ਉਸ ਦੇ ਬਚਾਅ ਲਈ ਕੀਤੇ ਤਰਲੇ ਅਤੇ ਚੀਕਾਂ ਕੋਈ ਮਾਹਨੇ ਨਹੀਂ
ਰੱਖਦੀਆਂ। ਅਜਿਹੇ ਮੌਕੇ ਤਾਂ ਮੌਤ ਵੀ ਸਾਥ ਨਹੀਂ ਦਿੰਦੀ। ਇਹ ਜ਼ੁਲਮ ਬਾਰੇ ਪੜ੍ਹ
ਕੇ ਮਨ ਕੰਬ ਉੱਠਦਾ ਹੈ।
ਮੁਹੰਮਦ ਰਫੀ ਦੇ ਇਲਾਕੇ ‘ਚੋਂ ਜਾਨ ਬਚਾਉਂਦਾ ਇਹ ਟੱਬਰ ਗੁੱਜਰਾਂਵਾਲੇ ਦੀ ਹੱਦ
ਵਿੱਚ ਜਾ ਪਹੁੰਚਦਾ ਹੈ। ਇਸ ਕਹਿਰ ਭਰੀ ਰਾਤ ਦਾ ਵਰਨਣ ਇਸ ਤਰ੍ਹਾਂ ਕੀਤਾ ਗਿਆ
ਹੈ:-
“ਇਹ ਕੋਈ ਭੁੱਲਣ ਵਾਲੀ ਰਾਤ ਨਹੀਂ ਸੀ। ਪੈਰਾਂ ਵਿੱਚ ਛਾਲੇ ਦਿਲਾਂ ਵਿੱਚ ਡਰ,
ਖਾਲੀ ਪੇਟ ਤੇ ਆਪਣੇ ਪਿਆਰਿਆਂ ਦੀ ਅੱਖਾਂ ਸਾਹਮਣੇ ਬੇਰਹਿਮੀ ਨਾਲ ਹੋਈ ਮੌਤ” ਪਰ
ਫੇਰ ਵੀ ਇਹ ਹਿੰਮਤ ਨਹੀਂ ਹਾਰਦੇ। ਲਿਖਿਆ ਹੈ ਕਿ “ਜਦ ਮੌਤ ਪਿੱਛੇ ਲੱਗੀ ਹੋਵੇ
ਤਾਂ ਅੱਗੇ ਭੱਜਣ ਦੀ ਸ਼ਕਤੀ ਆਪਣੇ ਆਪ ਆ ਜਾਂਦੀ ਹੈ” ਏਹੋ ਸ਼ਕਤੀ ਇਨ੍ਹਾਂ ਨੂੰ
ਸੁਹਾਵਾਂ ਪਿੰਡ ਤੱਕ ਲੈ ਜਾਂਦੀ ਹੈ।
ਇਸ ਦਰਿੰਦਗੀ ਭਰੇ ਮਹੌਲ ਲਈ ਮੁਸਲਮਾਨ,ਹਿੰਦੂ,ਸਿੱਖ ਸਭ ਬਰਾਬਰ ਦੇ ਭਾਈਵਾਲ
ਸਨ।ਲੇਖਿਕਾ ਕਿਸੇ ਇੱਕ ਧਰਮ ਨੂੰ ਦੋਸ਼ ਨਹੀਂ ਦਿੰਦੀ।ਉਹ ਤਾਂ ਸਗੋਂ ਲਿਖਦੀ ਹੈ
ਕਿ ‘ਸਾਰੇ ਲੋਕ ਇੱਕ ਜਿਹੇ ਨਹੀਂ ਹੁੰਦੇ।ਦੁਨੀਆਂ ਵਿੱਚ ਚੰਗੇ ਮੁਸਲਮਾਨ ਵੀ ਨੇ
ਤੇਚੰਗੇ ਹਿੰਦੂ ਸਿੱਖ ਵੀ ਨੇ’
ਏਹੋ ਜਿਹੀ ਲਹੂ ਲਿੱਬੜੀ ਆਜ਼ਾਦੀ ਦਾ ਆਮ ਲੋਕਾਂ ਨੂੰ ਕੀ ਭਾਅ? ਜਿਸ ਤੇ ਟਿੱਪਣੀ
ਕਰਦੀ ਉਹ ਲਿਖਦੀ ਹੈ:-
“ਦੇਸ਼ ਦਾ ਵਟਵਾਰਾ ਹੋ ਗਿਆ।ਅੰਗਰੇਜਾਂ ਨੇ ਹਿੰਦੋਸਤਾਨ ਨੂੰ ਦੋ ਹਿੱਸਿਆਂ ਵਿੱਚ
ਫਾੜਕੇ ਹਿੰਦੋਸਤਾਨੀਆਂ ਦੇ ਹਵਾਲੇ ਕਰ ਦਿੱਤਾ”
ਆਖਰ ਜ਼ੈਲਦਾਰ ਦੀ ਮੱਦਦ ਨਾਲ ਇਹ ਪਰਿਵਾਰ ਬਚਦਾ ਬਚਾਉਂਦਾ ਮਿਲਟਰੀ ਦੇ ਟਰੱਕ
ਰਾਹੀਂ ਲਹੌਰ ਕੈਂਪ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਹੀ ਜਾਂਦਾ ਹੈ।
ਉਨ੍ਹਾਂ ਦੀ ਇਸ ਕਾਮਯਾਬੀ ਪਿੱਛੇ ਚੌਧਰੀ ਬਸ਼ੀਰ ਅਹਿਮਦ ਦਾ ਵੀ ਬਹੁਤ ਵੱਡਾ ਹੱਥ
ਹੈ। ਜੋ ਵਿੱਛੜ ਕੇ ਜਾਣ ਲੱਗੀ ਮੁੱਖ ਪਾਤਰ ਵਿੱਚੋਂ ਆਪਣੀ ਭੈਣ ਵੇਖਦਾ ਹੈ, ਜੋ
ਇਨਾਂ ਦੰਗਿਆ ਵਿੱਚ ਹਿੰਦੋਸਤਾਨ ਗੁਆਚ ਗਈ ਹੈ। ਦੋ ਸੌ ਰੁਪਏ ਫੜਾਉਂਦਾ ਉਹ ਆਖਦਾ
ਹੈ:-
“ਬੀਬੀ, ਤੂੰ ਮੇਰੀ ਭੈਣ ਦੀ ਤਰ੍ਹਾਂ ਈ ਏਂ। ਹਿੰਦੋਸਤਾਨ ਜਾ ਕੇ ਵੀ ਕਿਸੇ ਕਿਸਮ
ਦੀ ਤਕਲੀਫ ਹੋਈ ਤਾਂ ਆਪਣੇ ਭਾਈ ਨੂੰ ਯਾਦ ਜਰੂਰ ਯਾਦ ਕਰੀਂ। ਖੁਦਾ ਤੇ ਭਰੋਸਾ
ਰੱਖੀਂ ਉਹ ਭਲੀ ਹੀ ਕਰੇਗਾ।”
ਲਹੌਰ ਕੈਂਪ ਵਿੱਚ ਜਾ ਕੇ ਉਹ ਦੇਖਦੇ ਹਨ ਕਿ ਲੋਕ ਤਾਂ ਉਨ੍ਹਾਂ ਤੋਂ ਵੀ ਵੱਧ
ਦੁਖੀ ਹਨ। ਉਸ ਨੇ ਤਾਂ ਆਪਣਾ ਪਤੀ ਗੁਆਇਆ ਸੀ ਤੇ ਬੱਚੇ ਸਲਾਮਤ ਸਨ। ਪਰ ਏਥੇ ਤਾਂ
ਕਈਆਂ ਦਾ ਕੁੱਝ ਵੀ ਨਹੀਂ ਸੀ ਬਚਿਆ। ਇੱਕ ਔਰਤ ਚੀਕ ਰਹੀ ਸੀ:-
“ਲੋਕੋ ਮੇਰਾ ਮਰਦ ਕਿੱਥੇ ਏ? ਤੁਸੀ ਸਾਰੇ ਬਚ ਕੇ ਆ ਗਏ ਪਰ ਜ਼ਾਲਮੋਂ ਮੇਰੇ ਮਰਦ
ਨੂੰ ਮਾਰ ਕੇ ਕਿੱਥੇ ਸੁੱਟ ਆਏ?”
ਇੱਕ ਹੋਰ ਨੀਮ ਪਾਗਲ ਹੋਈ ਔਰਤ ਜਿਸ ਦਾ ਮੂੰਹ ਮਿੱਟੀ ਘੱਟੇ ਨਾਲ ਭਰਿਆ ਹੋਇਆ ਸੀ
ਚੀਕ ਰਹੀ ਸੀ:-
“ਮੈਂ ਨਹੀਂ ਆਪਣਾ ਘਰ ਛੱਡ ਕੇ ਜਾਣਾ, ਇਹ ਤਾਂ ਮੇਰਾ ਪੁਸ਼ਤਾਂ ਦਾ ਘਰ ਏਂ।”
ਕੋਈ ਆਪਣੇ ਮਰ ਗਏ ਬੱਚਿਆਂ ਲਈ ਚੀਕ ਰਿਹਾ ਸੀ ਤੇ ਹਰ ਪਾਸੇ ਵਿਰਲਾਪ ਸੀ। ਮਾਂ
ਪਾਤਰ ਨੂੰ ਮੌਤ ਦੇ ਮੂੰਹ ਵਿੱਚੋਂ ਬਚ ਕੇ ਜਦੋਂ ਆਪਣੇ ਪਤੀ ਦਾ ਖਿਆਲ ਆਂਉਦਾ ਹੈ
ਤਾਂ ਉਸ ਦਾ ਕੜ ਪਾਟ ਜਾਂਦਾ ਹੈ। ਅੱਥਰੂਆਂ ਦਾ ਤੂਫਾਨ ਸਭ ਹੱਦਾਂ ਬੰਨੇ ਤੋੜ
ਦਿੰਦਾ ਹੈ।
ਹੁਣ ਉਸ ਨੂੰ ਆਪਣੇ ਬੱਚਿਆਂ ਦੇ ਭਵਿੱਖ ਦਾ ਖਿਆਲ ਝੰਜੋੜਦਾ ਹੈ। ਭਜਵਲ ਵਿੱਚ
ਗੋਤੇ ਖਾਂਦਿਆ ਉਸ ਨੂੰ ਆਪਣਾ ਪੇਕਾ ਘਰ ਨੌਸ਼ਹਿਰਾ ਪੰਨੂਆਂ ਹੀ ਸਭ ਤੋਂ ਵੱਡਾ
ਆਸਰਾ ਜਾਪਦਾ ਹੈ। ਏਸੇ ਆਸ ਨਾਲ ਉਹ ਲਹੌਰ ਤੋਂ ਅਮ੍ਰਿਤਸਰ ਦੇ ਸ਼ਰਨਾਰਥੀ ਕੈਂਪ
ਵਿੱਚ ਆ ਜਾਂਦੀ ਹੈ। ਤੇ ਉੱਥੋਂ ਬੱਸ ਫੜ ਕੇ ਬੱਚਿਆਂ ਸਮੇਤ ਆਪਣੇ ਪੇਕੇ ਘਰ
ਪਹੁੰਚਦੀ ਹੈ। ਜਿੱਥੇ ਸਾਰੇ ਉਨ੍ਹਾਂ ਦੇ ਜੀਣ ਦੀ ਆਸ ਮੁਕਾਈ ਬੈਠੇ ਹਨ। ਉਨਾਂ
ਨੂੰ ਜੀਂਦੇ ਵੇਖ ਲੇਖਿਕਾ ਦੀ ਮਾਮੀ ਖੁਸ਼ੀ ਵਿੱਚ ਅੱਥਰੂ ਕੇਰਦੀ ਕਹਿੰਦੀ ਹੈ:-
“ਨੀ ਮੈਂ ਸਦਕੇ ਨੀ ਮੈਂ ਵਾਰੀ, ਮੇਰੇ ਬੱਚੇ ਜੀਊਂਦੇ ਜਾਗਦੇ ਘਰ ਆ ਗਏ। ਵੇ
ਗੁਰਸ਼ਰਨ ਸਿਆਂ, ਵੇ ਦੀਵਾਨ ਸਿਆਂ ਦੇਖੋ ਕੌਣ ਆਇਆ ਹੈ। ਰੱਬ ਅੱਜ ਸਾਡੇ ਤੇ
ਮਿਹਰਬਾਨ ਹੋਇਆ ਹੈ।”
ਪਰ ਪੇਕਾ ਪਰਿਵਾਰ ਤਾਂ ਇਸ ਔਰਤ ਦੀ ਮੰਜ਼ਿਲ ਨਹੀਂ ਸੀ। ਉਸ ਨੇ ਤਾਂ ਆਪਣੀ ਔਲਾਦ
ਦਾ ਭਵਿੱਖ ਉਸਾਰਨਾ ਸੀ। ਉਨ੍ਹਾਂ ਦਾ ਸਿਰ ਢਕਣ ਲਈ ਥਾਂ ਚਾਹੀਦੀ ਸੀ। ਪੜ੍ਹਾਈ ਲਈ
ਖਰਚਾ ਤੇ ਖਾਣ ਪੀਣ ਕਿੱਥੋਂ ਆਂਉਣਾ ਸੀ ਵਰਗੇ ਸਵਾਲ ਉਸ ਅੱਗੇ ਮੂੰਹ ਅੱਡੀਂ ਖੜੇ
ਸਨ। ਫੇਰ ਮੁੱਖ ਪਾਤਰ ਆਪਣੀ ਵੱਡੀ ਧੀ ਜਗਦੀਸ਼ ਅਤੇ ਹੋਰ ਰਿਸ਼ਤੇਦਾਰਾਂ ਨੂੰ ਲੱਭਣ
ਘਰੋਂ ਨਿੱਕਲਦੀ ਹੈ। ਬੱਸਾਂ ਵਿੱਚ ਪੀੜ ਪਰੁੱਨੇ ਲੋਕਾਂ ਦੀ ਭੀੜ ਸੀ। ਇੱਕ
ਨੀਮ-ਪਾਗਲ ਹੋਈ ਔਰਤ ਗਾ ਰਹੀ ਸੀ:-
ਨੀ ਚੰਦਰੀ ਅਜ਼ਾਦੀ ਨੇ ਮੇਰਾ ਇਹ ਕੀ ਹਾਲ ਬਣਾਇਆ,
ਨਾ ਚਾਹ ਕੋਈ, ਨਾ ਰਾਹ ਕੋਈ, ਸਿਰ ਤੇ ਰਿਹਾ ਨਾ ਸਾਇਆ,
ਧੱਕੇ ਖਾਣ ਲਈ ਇੱਕ ਅਬਲਾ ਨੂੰ, ਘਰੋਂ ਬੇਘਰ ਬਣਾਇਆ,
ਘਰੌਂਦੇ ਵਸਦੇ ਪੰਛੀਆਂ ਨੂੰ, ਇਸ ਗੋਲੀ ਨਾਲ ਉਡਾਇਆ,
ਸਾੜਕੇ ਘਰ ਬਾਰ ਮੇਰੇ ਨੂੰ, ਸਭ ਮਲੀਆ ਮੇਟ ਕਰਾਇਆ,
ਨੀ ਚੰਦਰੀ ਆਜ਼ਾਦੀ ਨੇ ਮੇਰਾ ਇਹ ਕੀ ਹਾਲ ਬਣਾਇਆ।
ਜਦੋਂ ਅਚਾਨਕ ਉਸ ਨੂੰ ਡਰਾਈਵਰ ਪੁੱਛਦਾ “ਬੀਬੀ ਉਤਰਨਾ ਕਿੱਥੇ ਆ?” ਤਾਂ ਉਸਦਾ
ਜਵਾਬ ਹੈ “ਪਤਾ ਨਹੀ” ਤਾਂ ਖਿਝਿਆ ਡਰਾਈਵਰ ਅੱਗੋਂ ਕਹਿੰਦਾ ਹੈ, “ਜੀਹਨੂੰ ਪੁੱਛੋ
ਕਿੱਥੇ ਜਾਣਾ ਹੈ, ਉਹੀ ਕਹਿੰਦਾ ਹੈ ਪਤਾ ਨਹੀਂ।”
ਇਸ ਦੁਖਾਂਤ ਦੀ ਇਸ ਤੋਂ ਵੱਡੀ ਤੇ ਘਿਨਾਉਣੀ ਤਸਵੀਰ ਹੋਰ ਕੀ ਹੋ ਸਕਦੀ ਹੈ? ਮਾਂ
ਦਰਬਾਰ ਸਾਹਿਬ ਪਹੁੰਚਦੀ ਹੈ ਉੱਥੇ ਵੀ ਤਿਲ ਸੁੱਟਣ ਨੂੰ ਥਾਂ ਨਹੀਂ। ਉੱਜੜ ਕੇ ਆਏ
ਲੋਕਾਂ ਦਾ ਦਰਦ ਸਾਂਝਾ ਹੈ। ਸਭ ਇੱਕ ਦੂਜੇ ਨੂੰ ਦਿਲ ਦਹਿਲਾ ਦੇਣ ਵਾਲੀਆਂ ਆਪ
ਬੀਤੀਆਂ ਸੁਣਾਉਂਦੇ ਹਨ।
ਪੁਸਤਕ ਦੇ ਅੰਤ ਵਿੱਚ ਲੇਖਿਕਾ ਇਨ੍ਹਾਂ ਉੱਜੜ ਕੇ ਅਏ ਲੋਕਾਂ ਦੇ ਮੁੜ ਵਸੇਵੇ
ਵੇਲੇ ਝੱਲੀਆਂ ਤਕਲੀਫਾਂ ਨੂੰ ਵੀ ਛੋਂਹਦੀ ਹੈ। ਤੇ ਇਹ ਵੀ ਦੱਸਦੀ ਕਿ ਉਸ ਵੇਲੇ
ਬਾਹਰਲੇ ਮੁਲਕਾਂ ਨੇ ਵੀ ਮੱਦਦ ਭੇਜੀ ਸੀ। ਪਰ ਸ਼ਰਨਾਰਥੀਆਂ ਦੀ ਬਜਾਏ ਕੰਬਲ, ਸਵੈਟਰ
ਤੇ ਖਾਣ ਪੀਣ ਦਾ ਸਮਾਨ ਸਰਕਾਰੀ ਕਰਮਚਾਰੀ ਹੀ ਆਪਣੇ ਘਰਾਂ ਨੂੰ ਢੋਂਹਦੇ ਰਹੇ। ਤੇ
ਬਚਿਆ ਖੁਚਿਆ ਹੀ ਵੰਡਦੇ ਰਹੇ। ਪੌਣੀ ਸਦੀ ਬੀਤ ਜਾਣ ਤੋਂ ਬਾਅਦ ਹਾਲਾਤ ਅੱਜ ਵੀ
ਉਹ ਹੀ ਹਨ। ਫੇਰ ਅਸੀਂ ਕਿਸ ਤਰੱਕੀ ਦੀ ਗੱਲ ਕਰਦੇ ਹਾਂ?
ਡਾ: ਮੁਹਿੰਦਰ ਸਿੰਘ ਰੰਧਾਵਾ ਵਰਗੇ ਨੇਕ ਇਨਸਾਨ ਦੀਆਂ ਕੋਸ਼ਿਸ਼ਾ ਨਾਲ ਭਾਵੇ ਇਹ
ਪਰਿਵਾਰ ਸੈੱਟ ਤਾਂ ਹੋ ਗਿਆ। ਪਰ ਇਨ੍ਹਾਂ ਵਰਗੇ ਹਜ਼ਾਰਾ ਹੋਰਾਂ ਪਰਿਵਾਰਾਂ ਨੂੰ
ਇਸ ਆਜ਼ਾਦੀ ਦੀ ਬਹੁਤ ਵੱਡੀ ਕੀਮਤ ਉਤਾਰਨੀ ਪਈ। ਜਿਸ ਬਾਰੇ ਪੁਸਤਕ ਦੇ ਅੰਤ ਵਿੱਚ
ਲੇਖਿਕਾ ਲਿਖਦੀ ਹੈ:-
“ਅੱਜ ਹਿੰਦੋਸਤਾਨ ਆਜ਼ਾਦ ਹੈ। ਪਰ ਕੋਈ ਸਾਡੇ ਵਾਂਗੂੰ ਤਬਾਹ ਹੋ ਕੇ ਆਏ ਹਜ਼ਾਰਾਂ
ਇਨਸਾਨਾਂ ਤੋਂ ਪੁੱਛੇ ਕਿ ਆਜ਼ਾਦੀ ਦੀ ਕੀ ਕੀਮਤ ਹੈ? ਯਤੀਮ ਤੇ ਬੇਸਹਾਰਾ ਬੱਚਿਆਂ
ਨੂੰ ਮਾਵਾਂ ਨੇ ਕਿਵੇਂ ਪਾਲਿਆ ਹੈ। ਕੌਣ ਕਹਿੰਦਾ ਹੈ ਕਿ ਅਸੀਂ ਪਨਾਹਗੀਰ
ਹਾਂ। ਆਜ਼ਾਦੀ ਸਾਡੇ ਹੀ ਲਹੂ ‘ਚੋਂ ਪੈਦਾ ਹੋਈ ਹੈ।”
1947 ਦੇ ਦੁਖਾਂਤ ਬਾਰੇ ਰਚੀਆਂ ਪੁਸਤਕਾਂ ਵਿੱਚੋਂ ਇਹ ਇੱਕ ਨਿਵੇਕਲੀ ਤੇ
ਪ੍ਰਭਾਵਸ਼ਾਲੀ ਪੁਸਤਕ ਹੈ। ਜਿਸ ਵਿੱਚ ਮਾਂ ਦਾ ਕਿਰਦਾਰ ਬਹੁਤ ਸਫਲਤਾ ਨਾਲ ਨਿਭਾਇਆ
ਗਿਆ ਹੈ। ਇਸ ਰਚਨਾ ਨੂੰ ਲੇਖਿਕਾ ਆਪਣੀ ਹੱਡ ਬੀਤੀ ਕਹਿੰਦੀ ਹੈ। ਜੋ ਪਾਠਕ ਨੂੰ
ਆਪਣੇ ਨਾਲ ਲੈ ਤੁਰਦੀ ਹੈ। ਇਸ ਰਚਨਾ ਤੇ ਲੇਖਿਕਾ ਦਾ ਲੰਬੇ ਅਰਸੇ ਤੋਂ ਕਨੇਡਾ
ਰਹਿਣਾ ਵੀ ਪ੍ਰਭਾਵ ਨਹੀਂ ਪਾਂਉਦਾ। ਭਾਵੁਕਤਾ ਤੋਂ ਬਚਿਆ ਗਿਆ ਹੈ। ਧਰਮਾਂ ਨੂੰ
ਬੁਰਆਈਆਂ ਚੰਗਿਆਂਈਆਂ ਦੇ ਅਧਾਰ ਤੇ ਹੀ ਬਿਆਨਿਆ ਹੈ। ਕੋਈ ਪੱਲੜਾ ਭਾਰੂ ਨਹੀਂ
ਰੱਖਿਆ ਗਿਆ। ਜੋ ਇੱਕ ਬੱਚੀ ਨੇ ਉਸ ਵਕਤ ਮਹਿਸੂਸਿਆ ਉਹ ਹੀ ਲਿਖਿਆ ਗਿਆ ਹੈ।
ਅੰਤ ਤੱਕ ਕਥਾ ਰਸ ਨੂੰ ਕਾਇਮ ਰੱਖਿਆ ਗਿਆ ਹੈ। ਕਿਤੇ ਵੀ ਵਿਸਥਾਰ ਨਹੀਂ
ਰੜਕਦਾ। ਵਾਰਤਾਲਤਪ ਵੀ ਬੜਾ ਢੁੱਕਵਾਂ ਹੈ। ਪਾਤਰ ਹਾਂ ਪੱਖੀ ਤੇ ਨਾਂ ਪੱਖੀ ਦੋਨੋਂ
ਪ੍ਰਕਾਰ ਦੇ ਉਭਰਦੇ ਹਨ। ਘਟੀਆ ਕਿਰਦਾਰ ਹੀ ਦਹਿਸ਼ਤ 1947 ਨੂੰ ਜਨਮ ਦਿੰਦੇ ਹਨ। ਇਹ
ਦਾਗ ਹਮੇਸ਼ਾਂ ਮਨੁੱਖਤਾ ਦੇ ਮੱਥੇ ਤੇ ਕਲੰਕ ਬਣਕੇ ਚਿਪਕਿਆ ਰਹੇਗਾ। ਪੁਸਤਕ ਦੀ
ਸਫਲ ਪੇਸ਼ਕਾਰੀ ਲਈ ਲੇਖਿਕਾ ਬਰਜਿੰਦਰ ਕੌਰ ਢਿੱਲੋਂ ਵਧਾਈ ਦੀ ਹੱਕਦਾਰ ਹੈ। ਇਹ
ਸਾਨੂੰ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਹੈ। ਜੋ ਇਸ ਦਹਿਸ਼ਤ ਦੀ ਭੇਂਟ ਚੜ੍ਹ ਕੇ
ਹਜ਼ਾਰਾਂ ਬੇਕਸੂਰਾਂ ਨੂੰ ਸਮ੍ਰਪਿਤ ਹੈ। ਇਸਦਾ ਪੜ੍ਹਨਾ ਏਸ ਲਈ ਵੀ ਜਰੂਰੀ ਹੈ ਤਾਂ ਕਿ
ਭਵਿੱਖ ਵਿੱਚ ਅਜਿਹਾ ਦੁਖਾਂਤ ਫੇਰ ਨਾ ਵਾਪਰੇ। ਦਹਿਸ਼ਤ 1947 ਲਿਖਣ ਦਾ ਮਕਸਦ ਵੀ
ਏਹੋ ਹੈ।
Major Mangat
57 Morton Way
Brampton ON.
Canada
L6Y 2R6
PH. 416-727-2071
Res. 905-796-9797
Email. majormangat@rogers.com