ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts English Shahmukhi Devnagri

 ਅਜੋਕਾ ਵਾਧਾ:: 11 August, 2008

--ਲੇਖ/ਆਲੋਚਨਾ/ਪਠਨ/ਰੀਵੀਊ/ਵਿਚਾਰ-


-ਕਰਮ ਸਿੰਘ ਮਾਨ-

ਕਥਾ ਤੇਰੀ ਮੇਰੀ: ਨਿਰੰਤਰ ਗਾਥਾ ਰਿਸ਼ਤਿਆਂ ਦੀ
-ਕਰਮ ਸਿੰਘ ਮਾਨ, ਕੈਲਾਫ਼ੋਰਨੀਆ-


“ਸੱਤ ਪਰਾਈਆ” ਤੇ “ਪਰਵਾਸੀ ਔਰਤ ਦੀ ਡਾਇਰੀ” ਤੋਂ ਬਾਅਦ ਸੁਰਜੀਤ ਕਲਸੀ ਦਾ ਕਹਾਣੀ-ਸੰਗ੍ਰਹਿ “ਕਥਾ ਤੇਰੀ ਮੇਰੀ” ਜੋ ਕਿ ਤ੍ਰਲੋਚਨ ਪਬੀਲਸ਼ਰਜ਼ ਚੰਡੀਗੜ੍ਹ ਵਲੋਂ 2008 ਵਿਚ ਛਾਪੀ ਗਈ ਸਹੁਣੀ ਦਿੱਖ ਦੀ ਪੁਸਤਕ ਸਾਡੇ ਹੱਥਾਂ ਵਿਚ ਹੈ। ਇਸ ਵਿਚ ਬੜੀਆਂ ਮਾਰਮਿਕ 10 ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਹਨ ਜਿਹੜੀਆਂ ਪ੍ਰਵਾਸ ਹੰਢਾਉਂਦੀਆਂ ਔਰਤਾਂ ਦੀ ਜ਼ਿੰਦਗ਼ੀ ਦੀ ਦਰਦਨਾਕ ਹਾਲਤ ਨੂੰ ਵੱਖ ਵੱਖ ਰੂਪ ਤੇ ਵੱਖ ਵੱਖ ਸਥਿਤੀਆਂ ਵਿਚ ਦਰਸਾਉਂਦੀਆਂ ਹਨ।“ਸੱਤ ਪਰਾਈਆਂ” ਦੀ ਭੂਮਿਕਾ ਵਿਚ ਡਾ. ਗੁਰਬਚਨ ਦਾ ਇਹ ਕਥਨ ਕਿ “ਵਿਦੇਸ਼ਾਂ ਵਿਚ ਦਹਿਲੀਜ਼ ਦੇ ਅੰਦਰ ਜੋ ਪੀੜਾ ਭਾਰਤੀ ਔਰਤ ਦੀ ਮਾਨਸਿਕਤਾ ਨੂੰ ਘੁਣ ਵਾਂਗ ਖਾਂਦੀ ਰਹੀ ਹੈ ਉਸ ਬਾਰੇ ਸ਼ਾਇਦ ਕਦੇ ਜ਼ਿਕਰ ਨਹੀਂ ਹੋਇਆ। ਜੇ ਹੋਇਆ ਹੈ ਤਾਂ ਬਹੁਤੀ ਗੱਲ ਮਰਦ ਦੇ ਦ੍ਰਿਸ਼ਟੀਕੋਣ ਤੋਂ ਹੋਈ ਹੈ ਅਤੇ ਔਰਤ ਦੇ ਦੁੱਖ ਨੂੰ ਆਪ-ਸਹੇੜਿਆ ਦੁੱਖ ਦਸ ਕੇ ਉਸ ਦੇ ਮਸਲੇ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਰਿਹਾ ਹੈ। ਸੁਰਜੀਤ ਕਲਸੀ ਨੇ ਪੀੜਤ ਪਰਵਾਸੀ ਔਰਤ ਨੂੰ ਆਪਣੇ ਬਿਰਤਾਂਤ ਵਿਚ ਕੇਂਦਰਤ ਕਰਕੇ ਮਹਤੱਵਪੂਰਣ ਪਹਿਲ ਕੀਤੀ ਹੈ”। ਇਹ ਗੱਲ ਸੁਰਜੀਤ ਕਲਸੀ ਦੇ ਕਹਾਣੀ-ਸੰਗ੍ਰਹਿ ਡਾ. ਗੁਰਬਚਨ ਨੇ ਕਹੀ ਸੀ ਜੋ ਅੱਜ ਵੀ ਇਹਨਾਂ ਕਹਾਣੀਆਂ ਤੇ ਲਗੂ ਹੁੰਦੀ ਹੈ।

“ਕਥਾ ਤੇਰੀ ਮੇਰੀ” ਕਹਾਣੀ=ਸੰਗ੍ਰਹਿ ਦੇ ਮੁੱਖਬੰਧ ਵਿਚ ਡਾ. ਸ਼ਰਨਜੀਤ ਕੌਰ ਨੇ ਇਸੇ ਗੱਲ ਨੂੰ ਮੁੜ ਦੁਹਰਾਂਦਿਆਂ ਇਕ ਕਦਮ ਅਗੇ ਜਾਣ ਦਾ ਯਤਨ ਕੀਤਾ ਹੈ ਉਹ ਲਿਖਦੇ ਹਨ: “ਇਹ ਕਹਾਣੀਆਂ ਔਰਤ ਦੇ ਮੁੱਖ ਸਰੋਕਾਰਾਂ ਨੂੰ ਮੁਖ਼ਾਤਬ ਹੁੰਦੀਆਂ ਹਨ ਅਤੇ ਔਰਤ ਦੀ ਰੂਹ ਦੀ ਅੰਦਰਲੀ ਸ਼ਕਤੀ ਨੂੰ ਬੁਲੰਦ ਆਵਾਜ਼ ਦਿੰਦੀਆਂ ਹਨ, ਤੇ ਇਹੀ ਬੁਲੰਦ ਆਵਾਜ਼ ਤੇ ਪਰੰਪਰਾ ਮੁਕਤ ਹੋਣ ਦਾ ਸੰਘਰਸ਼ ਇਹਨਾਂ ਕਹਾਣੀਆਂ ਦੀ ਖ਼ੂਬਸੂਰਤੀ ਹੈ। ਅਜ ਸਮਾਂ ਤੇਜ਼ੀ ਨਾਲ ਬਦਲ ਰਿਹਾ ਹੈ, ਤੇ ਜਦੋਂ ਚਾਰਦੀਵਾਰੀ ਵਿਚ ਜਕੜੀ ਔਰਤ ਦਾ ਦਮ ਘੁਟਣ ਲਗ ਪਵੇ ਤੇ ਜਦੋਂ ਪਰੰਪਰਾ ਦੀ ਲਛਮਣ ਰੇਖਾ ਵਿਚੋਂ ਅੱਗ ਦੇ ਭਾਂਬੜ ਨਿਕਲਣ ਲਗ ਪੈਣ, ਤੇ ਫਿਰ ਔਰਤ ਆਪਣੀ ਜ਼ਿੰਦਗ਼ੀ ਆਪਣੀ ਤਰ੍ਹਾਂ ਜੀਉਣ ਲਈ ਠਾਣ ਲੈਂਦੀ ਹੈ ਤੇ “ਦਹਿਲੀਜ਼ ਪਾਰ” ਕਰਨ ਦੀ ਸਮਰਥਾ ਰੱਖਦੀ ਹੈ”।

ਆਪਣੀ ਵਲੋਂ ਲਿਖੇ ਕੁਝ ਸ਼ਬਦਾਂ ਵਿਚ ਸੁਰਜੀਤ ਨੇ ਲਿਖਿਆ: “ਜੇ ਕਿਸੇ ਔਰਤ ਨੂੰ ਸਰੀਰਕ ਤੌਰ ਤੇ ਨਹੀਂ ਮਾਰਿਆ ਜਾਂਦਾ ਤਾਂ ਉਸ ਨੂੰ ਮਾਨਸਿਕ ਤਸੀਹੇ ਦੇ ਕੇ ਉਸ ਦੀ ਰੂਹ ਨੂੰ ਕੁਚਲ ਕੇ ਰੱਖਿਆ ਜਾਂਦਾ ਹੈ ਤਾਂ ਕਿ ਉਹ ਕਾਬੂ ਵਿਚ ਰਹੇ। ਮਰਦ ਪ੍ਰਦਾਨ ਸਮਾਜ ਵਿਚ ਨੈਤਿਕਤਾ ਦੇ ਦੋਹਰੇ ਪੈਮਾਨੇ ਸਿਰਜੇ ਹੋਏ ਹਨ – ਔਰਤ ਲਈ ਰੋਕ ਵਾਲਾ ਤੇ ਮਰਦ ਲਈ ਖੁਲ੍ਹ ਵਾਲਾ, ਔਰਤ ਲਈ ਨੀਵਾਂ ਤੇ ਮਰਦ ਲਈ ਉੱਚਾ”! ਕੌਣ ਹਨ ਅਜਿਹੇ ਪੈਮਾਨੇ ਸਿਰਜਣ ਵਾਲੇ? ਇਹ ਪ੍ਰਸ਼ਨ ਸਭ ਦੇ ਅਗੇ ਹੈ ਤੇ ਇਹ ਕਹਾਣੀਆਂ ਇਸ ਪ੍ਰਸ਼ਨ ਦਾ ਭਾਰ ਚੁੱਕੀ ਹਾਜ਼ਰ ਹਨ।

ਸੁਰਜੀਤ ਕਲਸੀ ਰਚਿਤ ਕਹਾਣੀਆਂ ਦੀ ਨਵੀਂ ਪੁਸਤਕ, “ਕਥਾ ਤੇਰੀ ਮੇਰੀ” ਮੇਰੇ ਧਿਆਨ ਗੋਚਰੇ ਹੈ। ਇਸ ਪੁਸਤਕ ਦਾ ਮਹੱਤਵ ਇਹ ਹੈ ਕਿ ਇਸ ਦੀਆਂ ਸਾਰੀਆਂ ਕਹਾਣੀਆਂ ਪੰਜਾਬੀ ਵਿਰਸੇ ਦੀ ਪਰਵਾਸੀ ਔਰਤ ਦੀ ਸਮਕਾਲੀ ਸਮਾਜਿਕ ਤਰਾਸਦੀ ਨਾਲ ਸੰਬੰਧਤ ਹਨ। ਇਸ ਵਿਸ਼ੇ ਤੇ ਕਹਾਣੀਆਂ ਹੋਰ ਵੀ ਲਿਖੀਆਂ ਗਈਆਂ ਹਨ ਪਰ ਇਹ ਕਹਾਣੀਆਂ ਸਮਕਾਲੀ ਔਰਤ ਦੀ ਤਰਾਸਦੀ ਨੂੰ ਆਧੁਨਿਕ ਕਦਰਾਂ ਕੀਮਤਾਂ ਦੇ ਪਰਸੰਗ ਵਿਚ ਰੱਖ ਕੇ ਉਸ ਦੀ ਸਾਇਕੀ ਨੂੰ ਫੋਲਦੀਆਂ ਹਨ ਅਤੇ ਰਿਸ਼ਤਿਆਂ ਦੀ ਨਿਰੰਤਰ ਗਾਥਾ ਕਹਿੰਦੀਆਂ ਤੁਰੀਆਂ ਜਾਂਦੀਆਂ ਹਨ।ਕਿੱਤੇ ਵਜੋਂ ਸਮਾਜਿਕ ਕੌਂਸਲਰ ਹੋਣ ਦੇ ਨਾਤੇ, ਸੁਰਜੀਤ ਕਲਸੀ ਦਾ ਵਾਹ ਪਰਵਾਰਾਂ ਦੀਆਂ ਉਨ੍ਹਾਂ ਸਮੱਸਿਆਵਾਂ ਨਾਲ ਪੈਂਦਾ ਰਹਿੰਦਾ ਹੈ ਜੋ ਘਰ ਦੇ ਟੁੱਟਣ ਦਾ ਕਾਰਨ ਬਣਦੀਆਂ ਹਨ, ਅਤੇ ਔਰਤ ਅਕਸਰ ਇਨ੍ਹਾਂ ਦਾ ਕੇਂਦਰੀ ਪਾਤਰ ਹੁੰਦੀ ਹੈ।ਇਨ੍ਹਾਂ ਕਹਾਣੀਆਂ ਦੇ ਪਾਤਰਾਂ ਬਾਰੇ ਨਿੱਜੀ ਅਨੁਭਵ ਹੋਣ ਦੇ ਨਾਤੇ, ਕਲਸੀ ਕਹਾਣੀਆਂ ਦੇ ਪਾਤਰਾਂ ਦੀ ਸਾਈਕੀ ਨੂੰ ਡੂੰਘੇਰੀ ਤਰ੍ਹਾਂ ਸਮਝ ਕੇ ਉਸਾਰੀ ਕਰਨ ਵਿਚ ਵੀ ਕਾਮਯਾਬ ਲਗਦੀ ਹੈ। ਇਹਨਾਂ ਕਹਾਣੀਆਂ ਦਾ ਸਾਹਿਤਕ ਅਤੇ ਕਲਾਤਮਿਕ ਪੱਖ ਦਾ ਜਾਇਜ਼ਾ ਲੈਣ ਤੋਂ ਪਹਿਲਾਂ ਇਨ੍ਹਾਂ ਦੇ ਵਿਸ਼ੇ-ਵਸਤੂ ਬਾਰੇ ਸੰਖੇਪ ਜਿਹੀ ਜਾਣਕਾਰੀ ਜ਼ਰੂਰੀ ਹੈ।

ਇਸ ਪੁਸਤਕ ਵਿਚਲੀਆਂ ਕਹਾਣੀਆਂ ਨੂੰ ਵਿਸ਼ੇ ਪੱਖੋਂ ਦੋ ਮੁੱਖ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲੇ ਵਰਗ ਵਿਚ ਉਹ ਕਹਾਣੀਆਂ ਹਨ ਜਿਨ੍ਹਾਂ ਵਿਚਲੀ ਔਰਤ ਵੱਖ ਵੱਖ ਕਾਰਨਾਂ ਕਰਕੇ ਸਰੀਰਕ ਅਤੇ ਮਾਨਸਿਕ ਤਸੀਹੇ ਭੋਗਦੀ ਹੈ। ਇਸ ਵਰਗ ਵਿਚ ਸਾਈਡ ਡਿਸ਼, ਕਮਜ਼ਾਤ, ਦਹਿਲੀਜ਼ ਤੋਂ ਆਰ ਪਾਰ, ਕਥਾ ਤੇਰੀ ਮੇਰੀ ਅਤੇ ਬਾਬਲ ਵਿਦਾ ਕਰੇਂਦਿਆ ਕਹਾਣੀਆ ਸ਼ਾਮਿਲ ਹਨ। ਸਾਇਡ ਡਿਸ਼ ਦੀ ਪਾਤਰ ਆਪਣੇ ਪਤੀ ਦੀ ਆਪਣੀ ਧੀ ਦੇ ਹਾਣ ਦੀ ਔਰਤ ਨਾਲ ਯਾਰੀ ਤੋਂ ਤੰਗ ਹੋਕੇ ਕਲੇਸ਼ ਕਰਦੀ ਹੈ। ਇਹ ਪਤੀ ਪਤਨੀ ਦੇ ਰਿਸ਼ਤੇ ਵਿਚ ਦਰਾੜ ਪਾਉਣ ਵਾਲੀ ਸੱਭ ਤੋਂ ਗੁੰਝਲਦਾਰ ਸਮੱਸਿਆ ਹੈ। ਕੋਈ ਵੀ ਔਰਤ ਇਸ ਸਥਿਤੀ ਨੂੰ ਸਹਿਣ ਨਹੀਂ ਕਰ ਸਕਦੀ। ਫਲਸਰੂਪ, ਉਹ ਮਨੋਵਿਗਿਆਨੀ ਡਾਕਟਰ ਪਾਸ ਜਾਂਦੀ ਹੈ ਅਤੇ ਕਹਿੰਦੀ ਹੈ ਕਿ, “ਮੈਂ ਦੂਸਰੀ ਔਰਤ ਬਣ ਕੇ ਨਹੀਂ ਜੀਅ ਸਕਦੀ, ਡਾਕਟਰ ਸਾਹਿਬ ਮੈਨੂੰ ਨੀਂਦ ਦੀ ਕੋਈ ਦਵਾਈ ਦਿਉ ਜਿਸ ਨਾਲ ਮੈਂ ਸਦਾ ਦੀ ਨੀਂਦ ਸੋਂ ਜਾਵਾਂ ਤੇ ਮੈਨੂੰ ਇਸ ਪੀੜ ਵਿਚ ਦਿਨ ਰਾਤ ਨਾ ਗੁਜ਼ਾਰਨੇ ਪੈਣ”। ਇਹ ਦੁੱਖ ਮਾਨਸਿਕ ਰੋਗ ਬਣ ਕੇ ਉਸ ਦੇ ਸਿਰ ਨੂੰ ਚੜ੍ਹ ਜਾਂਦਾ ਹੈ। ਡਾਕਟਰ ਤਾਂ ਬੋਲਦਾ ਨਹੀਂ ਪਰ ਔਰਤ ਉਸ ਨੂੰ ਆਪਣਾ ਰਾਜ਼ਦਾਨ ਸਮਝ ਕੇ ਆਪਣੇ ਦਿਲ ਦੀ ਭੜਾਸ ਕਢਦੀ ਕਢਦੀ ਖੁੱਦ ਮਨੋਵਿਗਿਆਨੀ ਵਾਂਗ ਗੱਲਾਂ ਕਰਨ ਲੱਗ ਪੈਂਦੀ ਹੈ। ਉਹ ਇਕ ਪਰਕਾਰ ਨਾਲ ਮਾਨਸਿਕ ਰੋਗ ਲਗਾ ਬੈਠਦੀ ਹੈ।

ਕਮਜ਼ਾਤ ਕਹਾਣੀ ਵਿਚ ਇਕ ਵਿਆਹੁਤਾ ਜੋੜਾ ਖੁਸ਼ੀ ਦੇ ਦਿਨ ਗੁਜ਼ਾਰ ਰਿਹਾ ਹੈ ਪਰ ਉਸ ਦੇ ਪਤੀ ਦੇ ਮਾਂ-ਬਾਪ ਅਤੇ ਭਰਾ ਦੇ ਆਉਣ ਕਰਕੇ ਪਰੀਵਾਰਕ ਕਲੇਸ਼ ਪੈਦਾ ਹੋ ਜਾਂਦਾ ਹੈ। ਇਹ ਕਲੇਸ਼ ਵਧਦਾ ਵਧਦਾ ਤਲਾਕ ਦੀ ਸਥਿਤੀ ਤੱਕ ਪਹੁੰਚ ਜਾਂਦਾ ਹੈ। ਛੇਤੀਂ ਤਲਾਕ ਲੈਣ ਖਾਤਰ ਪਤਨੀ ਨੂੰ ਬਦਚਲਣ ਠਹਿਰਾਉਣ ਲਈ ਉਸ ਤੇ ਬਦਚਲਨੀ ਦਾ ਇਲਜ਼ਾਮ ਲਾਇਆ ਜਾਂਦਾ ਹੈ ਕਿ ਉਸ ਦੀ ਛੋਟੀ ਧੀ ਉਸ ਦੇ ਪਤੀ ਦੀ ਨਹੀਂ ਸਗੋਂ ਕਿਸੇ ਹੋਰ ਦੀ ਨਾਜਾਇਜ਼ ਔਲਾਦ ਹੈ। ਇਹ ਇਕ ਅਜੇਹਾ ਇਲਜ਼ਾਮ ਹੈ ਜੋ ਕਿਸੇ ਵੀ ਸੱਚੇ ਇਨਸਾਨ ਦੀ ਰੂਹ ਨੂੰ ਵਲੂੰਦਰ ਕੇ ਰੱਖ ਦਿੰਦਾ ਹੈ। ਪਤਨੀ ਇਕ ਗੁਨਾਹ ਭਰੀ ਜ਼ਿਲਤ ਦੀ ਜ਼ਿੰਦਗੀ ਜਿਉਣ ਨਾਲੋਂ ਇਸ ਦਾ ਟਾਕਰਾ ਕਰਨ ਲਈ ਪ੍ਰੰਪਰਾ ਦੀਆਂ ਹੱਦਾਂ ਤੋੜ ਦਿੰਦੀ ਹੈ। ਇਸ ਲੂਤੀ ਨੂੰ ਗ਼ਲਤ ਸਿੱਧ ਕਰਨ ਲਈ ਉਹ ਡੀ.ਐਨ.ਏ. ਦੀ ਮਾਡਰਨ ਤਕਨੀਕ ਰਾਹੀਂ ਇਹ ਸਾਬਿਤ ਕਰ ਦਿੰਦੀ ਹੈ ਕਿ ਉਸ ਦੀ ਧੀ ਕਿਸੇ ਹੋਰ ਦੀ ਨਹੀਂ ਸਗੋਂ ਉਸ ਦੇ ਪਤੀ ਦੀ ਆਪਣੀ ਸੰਤਾਨ ਹੈ।

ਕਹਾਣੀ ਦਹਿਲੀਜ਼ ਤੋਂ ਪਾਰ ਵੀ ਇਕ ਵਿਆਹੇ ਹੋਏ ਜੋੜੇ ਦੀ ਕਹਾਣੀ ਹੈ ਜਿਸ ਵਿਚ ਪਤੀ ਸ਼ੱਕੀ ਸੁਭਾਅ ਦਾ ਹੋਣ ਕਰਕੇ ਆਪਣੀ ਪਤਨੀ ਨੂੰ ਮਾਰਦਾ ਕੁਟਦਾ ਹੈ ਪਰ ਖ਼ੁਦ ਕਿਸੇ ਹੋਰ ਔਰਤ ਨਾਲ ਸੰਬੰਧ ਬਣਾਈ ਬੈਠਾ ਹੈ। ਅਜੇਹੇ ਸੰਬੰਧ ਨੂੰ ਕੋਈ ਵੀ ਪਤਨੀ ਕਿਵੇਂ ਬਰਦਾਸ਼ਤ ਕਰ ਸਕਦੀ ਹੈ। ਬਦਲੇ ਦੀ ਭਾਵਨਾ ਤਹਿਤ ਉਹ ਵੀ ਸਦਾਚਾਰ ਦੀ ਦਹਿਲੀਜ਼ ਪਾਰ ਕਰ ਜਾਂਦੀ ਹੈ। ਪਰਵਾਰਾਂ ਵਿਚ ਇਹ ਸਮੱਸਿਆ ਆਮ ਹੈ ਜਿਸ ਵਿਚ ਮਰਦ ਤਾਂ ਭਾਵੇਂ ਥਾਂ ਕੁ ਥਾਂ ਮੂੰਹ ਮਾਰਦਾ ਫਿਰੇ ਪਰ ਜਦ ਔਰਤ ਅਜੇਹਾ ਕਰਦੀ ਹੈ ਤਾਂ ਸਮਾਜ ਵਿਚ ਤਰਥੱਲੀ ਮਚ ਜਾਂਦੀ ਹੈ। ਮਰਦ ਲਈ ਕੋਈ ਲਛਮਣ ਰੇਖਾ ਨਹੀਂ ਉਹ ਦਹਿਲੀਜ਼ ਦੇ ਅੰਦਰ ਵੀ ਅਤੇ ਬਾਹਰ ਵੀ ਦੁਧ ਧੋਤਾ ਹੈ।ਪਰ ਮਰਦ ਵਲੋਂ ਵਾਹੀ ਹੋਈ ਇਸ ਰੇਖਾ ਤੋਂ ਬਾਹਰ ਪੈਰ ਪਾ ਸਕਣ ਦੀ ਹਿੰਮਤ ਰੱਖਣ ਵਾਲੀ ਔਰਤ ਨੂੰ ਕਲਹਿਣੀ ਅਤੇ ਕੁਲੱਛਣੀ ਗਰਦਾਨ ਦਿੰਦਾ ਹੈ।

ਕਥਾ ਤੇਰੀ ਮੇਰੀ ਵਿਚ ਉਸ ਪੜ੍ਹੀ ਲਿਖੀ ਔਰਤ ਦੀ ਕਹਾਣੀ ਹੈ ਜਿਸ ਨੂੰ ਉਸ ਦਾ ਸ਼ੱਕੀ ਪਤੀ ਮਾਰ ਕੇ ਸੁੱਟ ਦਿੰਦਾ ਹੈ ਅਤੇ ਹਫਤੇ ਬਾਅਦ ਉਸ ਦੇ ਲਾਪਤਾ ਹੋਣ ਦੀ ਰਪੋਟ ਲਿਖਾਉਂਦਾ ਹੈ। ਉਸ ਦੀ ਇਕ ਤਿੰਨ ਸਾਲ ਦੀ ਧੀ ਹੈ ਅਤੇ ਇਕ ਉਸ ਦੇ ਪੇਟ ਵਿਚ ਸੀ। ਲੋਕ ਕਾਰਣ ਜਾਣੇ ਬਗੈਰ ਮਿਰਤਕ ਤੇ ਬਦਚਲਣੀ ਦੀਆਂ ਊਜਾਂ ਲਾਉਂਦੇ ਹਨ ਪਰ ਉਸ ਦੀ ਅਣਜੰਮੀ ਬੇਬਸ ਬੱਚੀ ਦੀ ਮੌਤ ਅਤੇ ਤਿੰਨ ਸਾਲ ਦੀ ਧੀ ਦੇ ਦੁੱਖਾਂ ਬਾਰੇ ਕੁਝ ਨਹੀਂ ਸੋਚਦੇ। ਇਸ ਕਹਾਣੀ ਵਿਚ ਸ਼ਾਇਦ ਇਹ ਦਰਸਾਇਆ ਗਿਆ ਹੈ ਕਿ ਔਰਤ ਆਦਿ ਤੋਂ ਮਰਦ ਪਰਧਾਨ ਸਮਾਜ ਦੀਆਂ ਕਦਰਾਂ ਕੀਮਤਾਂ ਦੀ ਬਲੀ ਚੜ੍ਹਦੀ ਰਹੀ ਹੈ ਅਤੇ ਜੁਗਾਦ ਤੱਕ ਚੜ੍ਹਦੀ ਰਹੇਗੀ।

ਨਾਈਨ-ਵਨ-ਵਨ ਕਹਾਣੀ ਵਿਚ ਵੀ ਇਕ ਪਰਵਾਰਕ ਕਲੇਸ਼ ਦੀ ਵਿਥਿਆ ਹੈ ਜਿਸ ਵਿਚ ਮਰਦ ਆਪਣੀ ਪਤਨੀ ਨੂੰ ਖ਼ਾਮਖ਼ਾ ਕੁਟਦਾ ਮਾਰਦਾ ਰਹਿੰਦਾ ਹੈ ਅਤੇ ਕਈ ਵਾਰੀ ਘਰੋਂ ਬਾਹਰ ਵੀ ਕੱਢ ਦਿੰਦਾ ਹੈ। ਇਕ ਦਿਨ ਤੰਗ ਆਕੇ ਉਹ ਗੋਰੇ ਗੁਆਂਢੀਆਂ ਦੇ ਘਰੋਂ ਨਾਇਨ-ਵਨ-ਵਨ ਨੰਬਰ ਘੁੰਮਾ ਦਿੰਦੀ ਹੈ। ਪੁਲਸ ਉਸ ਦੇ ਪਤੀ ਨੂੰ ਚੁੱਕ ਕੇ ਲੈ ਜਾਂਦੀ ਹੈ ਅਤੇ ਕਾਨੂੰਨ ਉਸ ਤੇ ਘਰੋਂ ਪਰੇ ਰਹਿਣ, ਬੱਚਿਆਂ ਨੂੰ ਨਾ ਮਿਲਣ ਦੀਆਂ ਸ਼ਰਤਾਂ ਦਾਇਰ ਕਰ ਦਿੰਦਾ ਹੈ। ਇਸ ਸਥਿਤੀ ਤੋਂ ਬਾਅਦ ਦੋਹਾਂ ਨੂੰ ਘਰ ਦੇ ਟੁੱਟਣ ਦਾ ਅਹਿਸਾਸ ਹੁੰਦਾ ਹੈ, ਜਿਸ ਨੂੰ ਉਹ ਤੋੜਨਾ ਨਹੀਂ ਚਾਹੁੰਦੇ। ਲੇਖਿਕਾ ਇਸ ਕਹਾਣੀ ਰਾਹੀਂ ਪੂਰਬੀ ਅਤੇ ਪੱਛਮੀ ਸਭਿਆਚਾਰਕ ਕਦਰਾਂ ਕੀਮਤਾਂ ਦੇ ਟਕਰਾਉ ਵਿਚੋਂ ਪੈਦਾ ਹੋਈ ਬਦਮਗ਼ਜ਼ੀ ਅਤੇ ਬੇਸੁਅਦੀ ਵਲ ਧਿਆਨ ਦੁਆਉਣਾ ਚਾਹੁੰਦੀ ਹੈ।

ਬਾਬਲ ਵਿਦਾ ਕਰੇਂਦਿਆ ਕਹਾਣੀ ਵਿਚ ਇਕ ਦੇਸੀ ਕੁੜੀ ਕਿਸੇ ਨੇਟਿਵ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ। ਕੁੜੀ ਦਾ ਪਿਤਾ ਇਸ ਗੱਲ ਨੂੰ ਬੇਇਜ਼ਤੀ ਸਮਝ ਕੇ ਨਾ ਸਹਾਰਦਾ ਹੋਇਆਾ ਕੁੜੀ ਦਾ ਕਤਲ ਕਰ ਦਿੰਦਾ ਹੈ। ਇਸ ਕਹਾਣੀ ਵਿਚ ਵੀ ਦੋ ਅਣਜੋੜ ਸਭਿਆਚਾਰਾਂ ਕਰਕੇ ਜ਼ੁਲਮ ਕੇਵਲ ਔਰਤ ਤੇ ਹੀ ਹੁੰਦਾ ਦਿਖਾਇਆ ਗਿਆ ਹੈ।

ਉਪਰੋਕਤ ਕਹਾਣੀਆਂ ਦੀਆਂ ਨਾਇਕਾਵਾਂ ਸਿੱਧੇ ਤੌਰ ਤੇ ਮਰਦ ਪ੍ਰਧਾਨ ਸਮਾਜ ਦੀਆਂ ਦਮਨ ਪੈਤ੍ਰਿਕ ਕਦਰਾਂ ਕੀਮਤਾਂ ਦੀ ਬਲੀ ਚੜ੍ਹਦੀਆਂ ਦਿਖਾਈਆਂ ਗਈਆਂ ਹਨ। ਔਰਤ ਪ੍ਰਤੀ ਇਹ ਵਤੀਰਾ ਕੋਈ ਅਨੋਖੀ ਗੱਲ ਨਹੀਂ, ਇਹ ਤਾਂ ਸਦੀਆਂ ਤੋਂ ਚਲਦਾ ਆਇਆ ਹੈ। ਪਰ ਇਨ੍ਹਾਂ ਕਹਾਣੀਆਂ ਦੀ ਵਿਲੱਖਣਤਾ ਇਹ ਹੈ ਕਿ ਇਨ੍ਹਾਂ ਵਿਚਲੀ ਔਰਤ ਦੀ ਤਰਾਸਦੀ ਨੂੰ ਕੇਵਲ ਉਸ ਦੀ ਭਾਵੀ ਤੱਕ ਹੀ ਸੀਮਤ ਨਹੀਂ ਕਰ ਦਿੱਤਾ ਗਿਆ ਸਗੋਂ ਇਸ ਦੇ ਪਰਿਣਾਮ ਅਤੇ ਪ੍ਰਤੀਕਰਮ ਵੀ ਦਿਖਾਏ ਗਏ ਹਨ। ਪਹਿਲਾਂ ਔਰਤ ਦੀ ਕਿਤੇ ਵੀ ਸੁਣਾਈ ਨਹੀਂ ਸੀ ਹੁੰਦੀ, ਨਾ ਸਮਾਜ ਨਾ ਕਾਨੂੰਨ ਉਸ ਦੇ ਪੱਖ ਵਿਚ ਭੁਗਤਦੇ ਸਨ। ਇਹ ਕਹਾਣੀਆਂ ਔਰਤ ਦੇ ਪੱਖ ਵਿਚ ਭੁਗਤਣ ਵਾਲੇ ਉਨ੍ਹਾਂ ਢੰਗਾਂ ਅਤੇ ਤਰੀਕਿਆਂ ਨਾਲ ਜਾਣ-ਪਹਿਚਾਣ ਕਰਾਉਂਦੀਆਂ ਹਨ ਜੋ ਸਮਕਾਲੀ ਸਮੇਂ ਦੀਆਂ ਕਦਰਾਂ ਕੀਮਤਾਂ ਨਾਲ ਔਰਤ ਦੀ ਜਦੋਜਹਿਦ ਦੀ ਰਗੜ ਵਿਚੋਂ ਵਿਗਸੇ ਹਨ ਅਤੇ ਜਿਨ੍ਹਾਂ ਦੀ ਪੂਰਤੀ ਲਈ ਕਾਨੂੰਨ ਅਤੇ ਮੀਡੀਆਂ ਵੀ ਉਨ੍ਹਾਂ ਦੇ ਨਾਲ ਖੜ ਗਏ ਹਨ।

ਵਿਸ਼ੇ ਤੇ ਅਧਾਰਤ ਤੇ ਦੂਜੇ ਵਰਗ ਦੀਆਂ ਕਹਾਣੀਆਂ ਮੁੱਖ ਧਾਰਾ ਤੋਂ ਹਟਵੀਆਂ ਹਨ। ਇਹ ਜੀਵਨ ਦੀਆਂ ਕਠੋਰ ਸਮੱਸਿਆਂਵਾਂ ਦੇ ਉਲਟ ਸੂਖਮ ਭਾਵੀ ਮਾਨਵੀ ਰਿਸ਼ਤਿਆ ਨੂੰ ਚਿਤਰਦੀਆਂ ਹਨ। ਇਨ੍ਹਾਂ ਵਿਚ ਮਿੱਟੀ ਦਾ ਮੋਹ, ਮਨ ਦੀਆਂ ਅੱਖਾਂ, ਕਰਵਾ ਚੌਥ ਅਤੇ ਵਿਚਲੀ ਗੱਲ ਨਾਮੀਂ ਕਹਾਣੀਆਂ ਸ਼ਾਮਿਲ ਹਨ। ਮਿੱਟੀ ਦਾ ਮੋਹ ਕਹਾਣੀ ਵਿਚ ਇਨਸਾਨ ਦੇ ਵਿਸ਼ਵਾਸ ਅਤੇ ਧਰਵਾਸ ਨੂੰ ਭਾਵਕ ਪੱਧਰ ਤੇ ਚਿਤਰਿਆ ਗਿਆ ਹੈ। ਬਦੇਸ਼ ਵਿਚ ਰਹਿੰਦੀ ਇਕ ਬੁਢੀ ਮਾਂ ਆਪਣੇ ਪੁੱਤ ਦੀ ਲਾਇਲਾਜ ਬੀਮਾਰੀ ਦੇ ਠੀਕ ਹੋਣ ਦੀ ਜਦ ਆਸ ਮੁਕਾ ਬੈਠਦੀ ਹੈ ਤਾਂ ਉਹ ਪੁੱਤ ਨੂੰ ਇਸ ਆਸ ਅਤੇ ਧਰਵਾਸ ਦੇ ਆਸਰੇ ਵਾਪਸ ਆਪਣੇ ਦੇਸ਼ ਲੈ ਜਾਣਾ ਚਾਹੁੰਦੀ ਹੈ ਕਿ ਉਥੇ ਦੀ ਮਿੱਟੀ ਦੀ ਤਾਸੀਰ ਅਤੇ ਤਾਕਤ ਉਸ ਨੂੰ ਰਾਜ਼ੀ ਕਰ ਦੇਵੇਗੀ।

ਕਹਾਣੀ ਕਰਵਾ ਚੌਥ ਦੀ ਪਾਤਰ ਸੰਮੀ ਆਪਣੇ ਪਤੀ ਦੀ ਮਾਰ ਕੁੱਟ ਦੀ ਸਤਾਈ ਆਪਣੇ ਪੰਜ ਸਾਲ ਦੇ ਬੱਚੇ ਨੂੰ ਲੈਕੇ ਪੇਕੇ ਘਰ ਆ ਜਾਂਦੀ ਹੈ ਪਰ ਕਰਵਾ ਚੌਥ ਵਾਲੇ ਦਿਨ ਪੁਰਾਣੇ ਮੋਹ ਦੀ ਸ਼ਿਦੱਤ ਨੂੰ ਹਾਸਲ ਕਰਨ ਲਈ ਤੜਪ ਉਠਦੀ ਹੈ। ਉਸ ਦੀ ਮੋਨ-ਤੜਪਨਾ ਦਾ ਬਿਆਨ ਜਿਸ ਤਰ੍ਹਾਂ ਲੇਖਕਾ ਨੇ ਉਸ ਦੇ ਮਨ ਵਿਚ ਡੂੰਘਿਆਂ ਉਤਰ ਕੇ ਕੀਤਾ ਹੈ ਉਹ ਕੋਈ ਮਨੋਵਿਗਿਆਨੀ ਹੀ ਕਰ ਸਕਦਾ ਹੈ ਤੇ ਇਹ ਸੁਰਜੀਤ ਦੀ ਕਾਵਿਕ ਸ਼ੈਲੀ ਦਾ ਹਾਸਲ ਹੈ। ਮਨ-ਮਨੌਤੀ ਨਾ ਹੋਈ ਪਤੀ ਲੈਣ ਨਾ ਆਇਆ ਫਿਰ ਵੀ ਸੰਮੀ ਕਰਵਾ ਚੌਥ ਦਾ ਵਰਤ ਇਸ ਆਸ ਤੇ ਰੱਖ ਲੈਂਦੀ ਹੈ ਕਿ ਉਸ ਦਾ ਪਤੀ ਸ਼ਾਇਦ ਉਸ ਨੂੰ ਲੈਣ ਆ ਜਾਵੇਗਾ ਅਤੇ ਪੁਰਾਣੇ ਵਕਤਾਂ ਦੀ ਤਰ੍ਹਾਂ ਉਸ ਨੂੰ ਘੁੱਟ ਕੇ ਕਲਾਵੇ ਵਿਚ ਲੈ ਲਵੇਗਾ।

ਵਿਚਲੀ ਗੱਲ, ਜੋ ਕਿ “ਇਜ਼ਤ ਦਾ ਸਵਾਲ” ਸਿਰਲੇਖ ਹੇਠ ਲਿਖਾਰੀ ਵਿਚ ਛਪ ਚੁਕੀ ਹੈ, ਇਕ ਗੁੰਝਲਦਾਰ ਕਹਾਣੀ ਹੈ ਜਿਸ ਵਿਚ ਧੀਆਂ ਪੁੱਤਾਂ ਲਈ ਵਿਦੇਸ਼ ਦੀ ਇਮੀਗ੍ਰੇਸ਼ਨ ਹਾਸਲ ਕਰਨ ਲਈ ਰਿਸ਼ਤਿਆਂ ਦਾ ਵਾਰੀ ਵੱਟਾ ਕਰਕੇ ਛੜਯੰਤਰ ਰਚਾਇਆ ਜਾਂਦਾ ਹੈ। ਆਮ ਕਰਕੇ ਇਹ ਤਰੀਕਾ ਸਾਕ ਸਕੀਰੀਆਂ ਵਿਚਕਾਰ ਰਜ਼ਾਮੰਦੀ ਨਾਲ ਵਰਤਿਆ ਜਾਂਦਾ ਹੈ। ਪਰ ਇਸ ਕਹਾਣੀ ਵਿਚ ਇਹ ਛੜਯੰਤਰ ਇਕ ਵਚਿੱਤਰ ਧੋਖੇਬਾਜ਼ੀ ਤਹਿਤ ਰਚਾਇਆ ਜਾਂਦਾ ਹੈ। ਇਕ ਬਾਹਰੋਂ ਗਏ ਮੁੰਡੇ ਨੂੰ, ਸੋਚੀ ਸਮਝੀ ਵਿਉਂਤ ਮੁਤਾਬਿਕ ਸ਼ਰਾਬ ਨਾਲ ਧੁਤ ਕਰਕੇ ਚਬਾਰੇ ਵਿਚ ਪਾ ਦਿੰਦੇ ਹਨ ਅਤੇ ਅੱਧੀ ਰਾਤ ਗਈ ਤੇ ਉਸ ਕੁੜੀ ਨੂੰ, ਜਿਸ ਨੂੰ ਬਾਹਰ ਲੰਘਾਉਣਾ ਹੁੰਦਾ ਹੈ, ਨਾਲਦੇ ਮੰਜੇ ਤੇ ਪਾ ਆਉਂਦੇ ਹਨ। ਕੁੜੀ ਸਕੀਮ ਅਨੁਸਾਰ ਰੌਲਾ ਪਾ ਦਿੰਦੀ ਹੈ ਅਤੇ ਬਲਾਤਕਾਰ ਦਾ ਕੇਸ ਬਣਾਉਣ ਦੀ ਧਮਕੀ ਦਿੰਦੀ ਹੈ। ਗਲ ਰਫਾਦਫਾ ਕਰਨ ਲਈ ਮੁੰਡੇ ਦਾ ਵਿਆਹ ਉਸ ਕੁੜੀ ਨਾਲ ਕਰਨ ਦਾ ਫੈਸਲਾ ਹੁੰਦਾ ਹੈ ਅਤੇ ਛੜਯੰਤਰ ਰਚਾਉਣ ਵਾਲੇ ਆਪਣੇ ਬਾਹਰੋਂ ਗਏ ਮੁੰਡੇ ਦਾ ਵਿਆਹ ਕਥਤ ਬਲਾਤਕਾਰੀ ਮੁੰਡੇ ਦੀ ਭੈਣ ਨਾਲ ਕਰਨ ਲਈ ਮੰਨ ਜਾਂਦੇ ਹਨ। ਸਾਡੇ ਸਮਾਜ ਵਿਚ ਇਸ ਪਰਕਾਰ ਦੇ ਵਾਰੀ ਵੱਟਿਆਂ ਦਾ ਰੁਝਾਨ ਬਹੁਤ ਵਧ ਗਿਆ ਹੈ। ਇਹ ਕਹਾਣੀ ਵੱਟੇ ਸੱਟੇ ਦੇ ਵਿਆਹਵਾਂ ਦੀ ਇਸ ਕੁਰੀਤੀ ਨੂੰ ਫੋਕਸ ਵਿਚ ਲਿਆਉਣ ਲਈ ਲਿਖੀ ਗਈ ਹੈ ਕਿਉਂਕਿ ਇਸ ਨਾਲ ਘਰ ਵਸਣ ਦੀ ਬਜਾਏ ਵਧੇਰੇ ਉਜੱੜ ਰਹੇ ਹਨ।

ਇਨ੍ਹਾਂ ਕਹਾਣੀਆਂ ਨੂੰ ਵਿਚਾਰਨ ਤੋਂ ਬਾਅਦ ਕੁਝ ਵਿਸ਼ੇਸ਼ ਤੱਥ ਸਾਹਮਣੇ ਆਉਂਦੇ ਹਨ। ਸਮੁੱਚੇ ਤੌਰ ਤੇ ਇਨ੍ਹਾਂ ਕਹਾਣੀਆਂ ਦੇ ਮੁੱਖ ਪਾਤਰ ਦਮਨ ਪੈਤ੍ਰਿਕ ਕਦਰਾਂ ਕੀਮਤਾਂ ਤਹਿਤ ਸਮਾਜ ਵਿਚ ਰੌਂਦੀਆਂ ਜਾ ਰਹੀਆਂ ਔਰਤਾਂ ਹਨ ਜੋ ਮਨੁੱਖ ਦੀ ਹੈਂਕੜਬਾਜੀ, ਈਰਖਾ ਅਤੇ ਲਿੰਗਕ ਚੇਸ਼ਟਾ ਕਰਕੇ ਸਰੀਰਕ ਅਤੇ ਮਾਨਸਿਕ ਤਸੀਹੇ ਝੇਲਦੀਆਂ ਹਨ। ਇਨ੍ਹਾਂ ਕਹਾਣੀਆਂ ਦਾ ਕੇਂਦਰੀ ਨੁਕਤਾ ਇਸ ਧਾਰਨਾ ਤੇ ਆ ਟਿਕਦਾ ਹੈ ਕਿ ਕੀ ਸਮਾਜ ਵਿਚ ਔਰਤ ਨਾਲ ਹੋ ਰਹੀ ਬੇਇਨਸਾਫੀ ਦਾ ਜ਼ਿੰਮੇਦਾਰ ਕੇਵਲ ਮਰਦ ਹੀ ਹੈ? ਕੀ ਔਰਤਾਂ ਨਹੀਂ ਔਰਤਾਂ ਉਤੇ ਜ਼ੁਲਮ ਢਾਉਂਦੀਆਂ? ਪਰ ਸੁਰਜੀਤ ਦੀਆਂ ਕਹਾਣੀਆਂ ਔਰਤਾਂ ਉਤੇ ਔਰਤਾਂ ਵਲੋਂ ਕੀਤੇ ਜ਼ੁਲਮ ਦੀ ਕੋਈ ਵਾਰਤਾ ਨਹੀਂ ਹੈ, ਜੇ ਹੈ ਵੀ ਤਾਂ ਉਹ ਵਿਚਾਲੇ ਵੀ ਪੁਰਸ਼ ਖੜਾ ਹੈ। ਪਰ ਬਹੁਤਾ ਕਰਕੇ ਔਰਤਾਂ ਨੂੰ ਮਰਦਾਂ ਵਲੋਂ ਲਿੇ ਦੁਰਵਿਵਹਾਰ ਨੂੰ ਦੇਖੀਏ ਤਾਂ ਵਾਸਤਵ ਵਿਚ ਇਹ ਧਾਰਨਾ ਪ੍ਰੰਪਰਾਗੱਤ ਪਰਿਪੇਖ ਵਿਚ ਬਿਲਕੁਲ ਦਰੁਸਤ ਹੈ ਪਰ ਆਧੁਨਿਕ ਸਮਾਜ ਦੀ ਵਾਸਤਵਿਕਤਾ ਤੇ ਸੰਪੂਰਨ ਤੌਰ ਤੇ ਲਾਗੂ ਨਹੀਂ ਹੁੰਦੀ। ਅੱਜ ਔਰਤ ਆਪਣੇ ਸਵੈਮਾਨ ਲਈ ਮਨੁੱਖ ਦੇ ਬਰਾਬਰ ਖੜਨ ਲਈ ਤਤਪਰ ਹੈ ਅਤੇ ਸਮਾਜ ਵਿਚ ਆਪਣੀ ਬਣਦੀ ਥਾਂ ਬਣਾ ਰਹੀ ਹੈ। ਇਸ ਤੱਥ ਤੋਂ ਸੁਰਜੀਤ ਕਲਸੀ ਵੀ ਭਲ਼ੀਭਾਂਤ ਗਿਆਤ ਹੈ ਪਰ ਉਸ ਨੇ ਇਸ ਪੁਸਤਕ ਵਿਚਲੀਆਂ ਕਹਾਣੀਆਂ ਵਿਚ ਕੇਵਲ ਉਹੀ ਬਿਰਤਾਂਤ ਦਰਜ ਕੀਤੇ ਹਨ ਜਿਨ੍ਹਾਂ ਵਿਚ ਔਰਤਾਂ ਨਾਲ ਹੋਈ ਬੇਇਨਸਾਫੀ ਦੀਆਂ ਸਾਖਿਆਤ ਉਦਾਹਰਨਾਂ ਮਿਲਦੀਆਂ ਹਨ।ਕਿਉਂਕਿ ਜੇ ਦੇਖਿਆ ਜਾਏ ਤਾਂ ਅਨੁਪਾਤਨ ਔਰਤ ਅਜੇ ਵੀ ਸਮਾਜ ਵਿਚ ਵਧੇਰੇ ਕਰਕੇ ਪੀੜਤ ਹੈ, ਘਰਾਂ ਦੀ ਮਾਰ-ਕੁਟਾਈ, ਭਰੂਣ-ਹੱਤਿਆ, ਘਰੇਲੂ ਤੇ ਸਮਾਜਿਕ ਨਾ-ਬਰਾਬਰੀ ਅਜੇ ਵੀ ਸਮਾਜ ਵਿਚ ਬਰਕਾਰਾਰ ਹੈ। ਇਹ ਠੀਕ ਹੈ ਕਿ ਔਰਤ ਨੂੰ ਹੱਕ ਮਿਲ ਗਏ ਹਨ ਪਰ ਕੀ ਸਾਡੀ ਪਰੰਪਰਾ ਦੀ ਧਾਰਨੀ ਸੋਚ ਔਰਤ ਨੂੰ ਇਹ ਹੱਕ ਦੇਣ ਲਈ ਰਾਜ਼ੀ ਹੈ?

ਹਥਲੀ ਪੁਸਤਕ ਦੀਆਂ ਕਹਾਣੀਆਂ ਦੇ ਵਿਸ਼ਿਆਂ ਦੇ ਯਥਾਰਥਕ ਪੱਖ ਬਾਰੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ। ਪਰ ਵਿਸ਼ੇ ਦੇ ਨਿਰਾ ਯਥਾਰਥਕ ਹੋਣ ਨਾਲ ਗੱਲ ਨਹੀਂ ਬਣਦੀ, ਉਸ ਦਾ ਢੁੱਕਵਾਂ ਸੰਚਾਰ ਹੋਣਾ ਵੀ ਜ਼ਰੂਰੀ ਹੈ ਜੋ ਪਾਤਰ ਉਸਾਰੀ ਅਤੇ ਕਹਾਣੀ ਦੀ ਗੋਂਦ ਤੇ ਨਿਰਭਰ ਹੈ। ਇਨ੍ਹਾਂ ਕਹਾਣੀਆਂ ਦੀ ਗੋਂਦ ਤੇ ਵਿਚਾਰ ਵਟਾਂਦਰੇ ਲਈ ਥਾਂ ਹੈ ਪਰ ਪਾਤਰ ਉਸਾਰੀ ਮਨੋਵਿਗਿਆਨਕ ਹੈ ਜੋ ਕਿ ਸ਼ਲਾਘਾਯੋਗ ਹੈ ਕਿਉਂਕਿ ਪੜ੍ਹਨ ਉਪਰੰਤ ਪਾਠਕ ਦੇ ਮਨ ਤੇ ਔਰਤ ਦੀ ਛਾਪ ਰਹਿ ਜਾਂਦੀ ਹੈ ਤੇ ਉਸ ਪ੍ਰਤੀ ਹਮਦਰਦੀ ਪੈਦਾ ਹੁੰਦੀ ਹੈ। ਇਸ ਦਾ ਕਾਰਣ ਸੁਰਜੀਤ ਦੀ ਅਨੁਭਵੀ ਸਮਰਥਾ ਕਰਕੇ ਵਿਸ਼ਿਆਂ ਦਾ ਮਾਰਮਿਕ ਚਿਤਰਨ ਹੈ। ਮੁਦੱਤ ਤੋਂ ਪੂਰਬੀ ਅਤੇ ਪਛਮੀ ਸਮਾਜਾਂ ਵਿਚ ਵਿਚਰਨ ਕਰਕੇ ਲੇਖਿਕਾ ਨੂੰ ਦੋਹਾਂ ਸਭਿਆਚਾਰਾਂ ਦੀਆਂ ਕਦਰਾਂ ਕੀਮਤਾਂ ਅਤੇ ਉਨ੍ਹਾਂ ਦੇ ਦਵੰਧ ਦੀ ਡੂੰਘੀ ਜਾਣਕਾਰੀ ਹੈ। ਇਕ ਕਲਿਨਕਲ ਕੌਂਸਲਰ ਹੋਣ ਦੇ ਨਾਤੇ ਉਸ ਦਾ ਵਾਹ ਹਰ ਰੋਜ਼ ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਅਤੇ ਉਨ੍ਹਾਂ ਤੋਂ ਪੈਦਾ ਹੋਏ ਸਮਾਜਿਕ ਪ੍ਰਤੀਕਰਮਾਂ ਨਾਲ ਪੈਂਦਾ ਹੈ। ਇਸ ਪੱਖ ਨੇ ਕਹਾਣੀਆਂ ਨੂੰ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਬਨਾਉਣ ਵਿਚ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ ਹੈ।ਸਮੁੱਚ ਵਿਚ ਇਹ ਕਹਾਣੀਆਂ ਸਮਾਜ ਵਿਚ ਇਕ ਸੇਹਤਮੰਦ ਤਬਦੀਲੀ ਲਿਆਉਣ ਦੀ ਸਮਰਥਾ ਰਖਦੀਆਂ ਹਨ।
________________
ਇਹ ਪਰਚਾ ਸਰ੍ਹੀ, ਬੀ. ਸੀ. ਵਿਚ 30 ਮਈ 2008 ਨੂੰ ਪੁਸਤਕ ਰੀਲੀਜ਼ ਸਮਾਰੋਹ ਵਿਚ ਅਮ੍ਰੀਕ ਪਲਾਹੀ ਵਲੋਂ ਪੜ੍ਹਿਆ ਗਿਆ।

ਸੁਰਜੀਤ ਕਲਸੀ
ਏਸੇ ਕਲਮ ਤੋਂ ਹੋਰ ਰਚਨਾਵਾਂ:

• ਪੌਣਾਂ ਨਾਲ ਗੁਫ਼ਤਗੂ (ਕਵਿਤਾ) 1979, 1989
·    Speaking To The Winds (poetry)1982

·    Foot Prints Of  Silence (poetry) 1988

• ਸੱਤ ਪਰਾਈਆਂ (ਕਹਾਣੀਆਂ) 1994
• ਔਰਤ ਸ਼ਬਦ ਤੇ ਸ਼ਕਤੀ (ਕਵਿਤਾ)1999
• ਪਰਵਾਸੀ ਔਰਤ ਦੀ ਡਾਇਰੀ (ਲੰਮੀ ਕਹਾਣੀ)2000
• ਮਹਿਲੀਂ ਵਸਦੀਆਂ ਧੀਆਂ (ਨਾਟਕ) 2002
• ਮੋਹਨ ਸਿੰਘ ਤੇ ਫ਼ੈਜ਼ ਅਹਿਮਦ ਫ਼ੈਜ਼ ਅਧਿਐਨ 2003
• ਫ਼ੈਜ਼ ਅਹਿਮਦ ਫ਼ੈਜ਼ ਦਾ ਕਾਵਿ-ਸਾਗਰ 2004
• ਰੋਮ ਰੋਮ ਵਿਚ ਜਗਦੇ ਦੀਵੇ (ਕਵਿਤਾ) 2005
• ਨਾਮ ਤਿਹਾਰੇ (ਕਵਿਤਾ) 2006


(12 ਅਗਸਤ 2008 ਸੂਰਜ ਯੂਨੀਕੋਡ)

ਕਰਮ ਸਿੰਘ ਮਾਨ (ਕੈਲਾਫੋਰਨੀਆ) ਦੀਆਂ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

ਲਿਖਾਰੀ
Likhari

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.