ਪ੍ਰਿੰ. ਸਰਵਣ ਸਿੰਘ ਪੰਜਾਬੀ ਦਾ ਇੰਟਰਨੈਸ਼ਨਲ ਖੇਡ ਲੇਖਕ ਹੈ। ਉਸ ਨੇ ਰੇਖਾ
ਚਿੱਤਰ, ਨਿਬੰਧ, ਕਹਾਣੀਆਂ, ਵਿਅੰਗ ਤੇ ਸਫ਼ਰਨਾਮੇ ਵੀ ਲਿਖੇ ਹਨ। ਉਸ ਦੀ ਵਾਰਤਕ
ਸ਼ੈਲੀ ਦਾ ਆਪਣਾ ਅੰਦਾਜ਼ ਹੈ ਜਿਸ ਨੂੰ ਆਲੋਚਕਾਂ ਨੇ ਅਥਲੈਟਿਕ ਸ਼ੈਲੀ ਆਖਿਆ
ਹੈ। ਉਸ ਦੀਆਂ ਲਿਖਤਾਂ ਵਿਚ ਅਮਲੀਆਂ ਵਾਲੀ ਰੌਣਕ ਤੇ ਖਿੱਚ੍ਹ ਹੈ। ਪੇਸ਼ ਹੈ ਉਸ
ਦੇ ਸਾਧਾਰਨ ਜੀਵਨ ਦੀ ਅਸਾਧਾਰਨ ਗਾਥਾ-(ਸੰਪਾਦਕ-ਲਿਖਾਰੀ)
ਮੇਰੀ ਜੀਵਨ ਗਾਥਾ-4
ਜਦੋਂ ਮੈਂ ਪੜ੍ਹਨ ਲੱਗਾ
ਪ੍ਰਿੰ: ਸਰਵਣ ਸਿੰਘ
ਪ੍ਰਾਇਮਰੀ ਸਕੂਲ
ਜਾਣ ਤੋਂ ਕੁਝ ਦਿਨਾਂ ਬਾਅਦ ਹੀ ਮੈਨੂੰ ਪਹਿਲੀ ਕੱਚੀ ਤੋਂ ਪਹਿਲੀ ਪੱਕੀ ‘ਚ
ਬਿਠਾ ਲਿਆ ਗਿਆ ਸੀ। ਇਹਦਾ ਕਾਰਨ ਸੀ ਕਿ ਮੈਂ ਘਰੋਂ ਹੀ ਪੈਂਤੀ ਪੜ੍ਹਨੀ ਸਿੱਖ
ਗਿਆ ਸਾਂ ਤੇ ਕੁਝ ਪਹਾੜੇ ਵੀ ਮੂੰਹ ਜ਼ੁਬਾਨੀ ਯਾਦ ਸਨ। ਬਾਬਾ, ਬਾਪੂ ਤੇ ਭੂਆ
ਹੋਰੀਂ ਅੱਖਰਾਂ ਦੇ ਸੂੰਹੇਂ ਸਨ ਜੋ ਘਰ ‘ਚ ਈ ਊੜਾ ਆੜਾ ਸਿਖਾਉਂਦੇ ਰਹਿੰਦੇ ਸਨ।
ਮੇਰਾ ਵੱਡਾ ਭਰਾ ਪੜ੍ਹਨੋਂ ਵਿਹਰਿਆ ਹੋਇਆ ਸੀ। ਘਰ ਦੇ ਉਹਨੂੰ ਸਕੂਲ ਛੱਡ ਕੇ
ਆਉਂਦੇ ਪਰ ਉਹ ਟਲ ਕੇ ਹੱਟੀ ਭੱਠੀ ਚਲਾ ਜਾਂਦਾ। ਉਹ ਪਲੇਠਾ ਪੁੱਤਰ ਸੀ ਜਿਸ
ਕਰਕੇ ਵਧੇਰੇ ਲਾਡਲਾ ਸੀ। ਬਾਬੇ ਤੇ ਬਾਪੂ ਦੀ ਰੀਝ ਸੀ ਕਿ ਉਹਨੂੰ ਦੱਬ ਕੇ
ਪੜ੍ਹਾਇਆ ਜਾਵੇ। ਪਰ ਜਿੰਨਾ ਉਹਦੇ ‘ਤੇ ਦਬਾਅ ਪੈਂਦਾ ਓਨਾ ਹੀ ਉਹ ਸਕੂਲੋਂ ਦੂਰ
ਨੱਸਦਾ। ਉਸ ਨੂੰ ਨਾ ਖੁਆਉਣ ਪਿਆਉਣ ਦੀ ਕਸਰ ਸੀ ਤੇ ਨਾ ਪੜ੍ਹਾਉਣ ਲਿਖਾਉਣ ਦੀ।
ਖਾਧ ਖੁਰਾਕ ਤਾਂ ਉਹਨੂੰ ਚੰਗੀ ਲੱਗਦੀ ਗਈ ਪਰ ਪੜ੍ਹਾਈ ਉਹਦੇ ਢਿੱਡ ‘ਚ ਨਾ ਪਈ।
ਉਹ ਮੈਥੋਂ ਚਾਰ ਸਾਲ ਵੱਡਾ ਹੈ ਤੇ ਨਾਂ ਹੈ ਸ਼ੇਰ ਸਿੰਘ। ਸਾਡਾ ਗੁਆਂਢੀ ਬਾਬਾ
ਕਪੂਰਾ ਦੱਸਿਆ ਕਰਦਾ ਸੀ ਕਿ ਉਹ ਨਿੱਕਾ ਹੁੰਦਾ ਈ ਖਾਣ ਪੀਣ ਨੂੰ ਸ਼ੇਰ ਸੀ।
ਕੜਾਹ ਪ੍ਰਸ਼ਾਦ ਦਾ ਬਾਟਾ ਬਹਿੰਦਾ ਬੰਨੇ ਲਾ ਦਿੰਦਾ ਸੀ ਤੇ ਗੁੜ ਗੀਝੇ ‘ਚੋਂ
ਮੁੱਕਣ ਨਹੀਂ ਸੀ ਦਿੰਦਾ। ਜੀਹਦੇ ਨਾਲ ਘੁਲਾਉਂਦੇ ਉਹਨੂੰ ਪੈਂਦੀ ਸੱਟੇ ਢਾਹ
ਲੈਂਦਾ। ਸ਼ਾਇਦ ਨਿੱਕੇ ਹੁੰਦਿਆਂ ਖਾਧੀ ਖੁਰਾਕ ਦੀ ਹੀ ਕਰਾਮਾਤ ਹੈ ਕਿ ਉਹਦਾ
ਭਾਰ ਹਮੇਸ਼ਾਂ ਮੈਥੋਂ ਡੇਢਾ ਸਵਾਇਆ ਰਿਹਾ। ਮੇਰਾ ਭਾਰ ਅੱਸੀ ਬਿਆਸੀ ਕਿੱਲੋਗਰਾਮ
ਰਹਿੰਦਾ ਹੈ ਤੇ ਉਹਦਾ ਸੁੱਖ ਨਾਲ ਸਵਾ ਕੁਇੰਟਲ ਤੋਂ ਮੁੜਿਆ ਹੈ। ਕੁਇੰਟਲ ਤੋਂ
ਉਤੇ ਤਾਂ ਉਹ ਹੁਣ ਵੀ ਹੈ ਹਾਲਾਂ ਕਿ ਸਵਾਮੀ ਰਾਮਦੇਵ ਦਾ ਮਾੜਾ ਮੋਟਾ ਯੋਗ ਵੀ
ਕਰਦਾ ਹੈ। ਜੇ ਉਹ ਸਕੂਲ ਜਾਂਦਾ ਰਹਿੰਦਾ ਤਾਂ ਹੋ ਸਕਦੈ ਮੈਂ ਵੀ ਸਾਲ ਛੇ ਮਹੀਨੇ
ਅੱਗੋਂ ਹੀ ਸਕੂਲ ਜਾਣ ਲੱਗ ਪੈਂਦਾ ਤੇ ਹੋਰ ਹੁਸ਼ਿਆਰ ਹੁੰਦਾ। ਉਹਨੇ ਮੇਰੀ ਉਂਗਲ
ਫੜ ਲਿਆ ਕਰਨੀ ਸੀ ਤੇ ਮੈਂ ਉਹਦੇ ਨਾਲ ਤੁਰ ਪਿਆ ਕਰਨਾ ਸੀ। ਕਦੇ ਕਦੇ ਮੈਂ
ਸੋਚਦਾਂ, ਜੇ ਮੈਂ ਵੀ ਉਹਦੇ ਵਾਂਗ ਹੱਟੀਆਂ ‘ਤੇ ਜਾਣ ਲੱਗ ਪੈਂਦਾ ਤਾਂ ਛੋਟੇ
ਭਰਾਵਾਂ ਲਈ ਵੀ ਲੀਹ ਪੈ ਜਾਣੀ ਸੀ ਤੇ ਸਾਡਾ ਪਰਿਵਾਰ ਅਨਪੜ੍ਹਾਂ ਦਾ ਲਾਣਾ
ਵੱਜਦਾ।
ਮੇਰਾ ਵੱਡਾ ਭਰਾ ਵੱਡਾ ਹੋ ਕੇ ਮੇਰੇ ਨਾਲ ਅਕਸਰ ਤਕਰਾਰ ਕਰਦਾ ਰਿਹਾ ਹੈ ਕਿ
ਤੈਨੂੰ ਤਾਂ ਘਰ ਦਿਆਂ ਨੇ ਪੜ੍ਹਾ ‘ਤਾ ਪਰ ਮੈਨੂੰ ਖੇਤਾਂ ‘ਚ ਫਾਹੇ ਟੰਗੀ
ਰੱਖਿਆ। ਉਹ ਇਹ ਕਦੇ ਨਹੀਂ ਮੰਨਿਆ ਕਿ ਉਹ ਆਪਣੇ ਲੱਛਣਾਂ ਕਰਕੇ ਨਹੀਂ ਪੜ੍ਹ
ਸਕਿਆ। ਹਾਰ ਕੇ ਮੈਂ ਵੀ ਆਖ ਦਿੰਦਾ ਰਿਹਾਂ, “ਹੁਣ ਤੂੰ ਪੁੱਤ ਪੋਤਿਆਂ ਨੂੰ
ਪੜ੍ਹਾ ਕੇ ਲਾਹ ਲੈ ਚਾਅ।” ਪਰ ਸਾਡੇ ਸ਼ੇਰ ਸਿਓਂ ਦੇ ਪੁੱਤ ਵੀ ਆਪਣੇ ਪਿਓ ਦੇ
ਪੁੱਤ ਹੀ ਹਨ। ਘਰ ਦੀ ਗੱਲ ਐ। ਚਲੋ ਦੱਸ ਈ ਦਿੰਨਾਂ। ਬਾਬੇ ਕਾਲੇ ਮਹਿਰ ਦੇ
ਸ਼ਰਾਬ ਦੀ ਬੋਤਲ ਚੜ੍ਹਾਉਣ ਤੇ ਮਾਸਟਰਾਂ ਨੂੰ ਪਿਆਉਣ ਦੇ ਬਾਵਜੂਦ ਅੱਖਰ ਉਹਨਾਂ
ਦੇ ਢਿੱਡ ‘ਚ ਵੀ ਨਹੀਂ ਪਏ। ਉਂਜ ਜੁੱਸੇ ਬਣਾਉਣ ਵੱਲੋਂ ਸਾਡੇ ਭਤੀਜਿਆਂ ਨੇ ਵੀ
ਕੋਈ ਕਸਰ ਨਹੀਂ ਛੱਡੀ ਤੇ ਉਹ ਸਾਡੇ ਭਰਾ ਤੋਂ ਵੀ ਭਾਰੇ ਹਨ। ਦੁੱਧ ਅਸੀਂ ਵੇਚਦੇ
ਨਹੀਂ ਸੀ। ਲਵੇਰਾ ਭਾਵੇਂ ਇਕ ਹੋਵੇ ਭਾਵੇਂ ਪੰਜ ਹੋਣ ਪਰ ਦੁੱਧ ਕਦੇ ਵਧਣ ਨਹੀਂ
ਸੀ ਦਿੱਤਾ। ਜਿਹੜਾ ਵਧ ਜਾਂਦਾ ਉਹ ਜੱਗਾਂ ‘ਚ ਪਾ ਕੇ ਸਿਰ੍ਹਾਣੇ ਰੱਖ ਲੈਂਦੇ ਤੇ
ਰਾਤ ਨੂੰ ਜਾਗ ਆਉਣ ‘ਤੇ ਪੀ ਲੈਂਦੇ। ਭਾਰ ਵਧਦੇ ਨਾ ਤਾਂ ਹੋਰ ਕੀ ਕਰਦੇ? ਮੈਥੋਂ
ਬਿਨਾਂ ਮੇਰੇ ਸਾਰੇ ਭਰਾ ਕੁਇੰਟਲ ਦੇ ਗੇੜ ‘ਚ ਹਨ। ਮੈਂ ਵੀ ਜੇ ਖੇਡਾਂ ‘ਚ ਨਾ
ਪੈਂਦਾ ਤੇ ਲੈਕਚਰਾਰ ਨਾ ਲੱਗਦਾ ਤਾਂ ਕੁਇੰਟਲ ਤੋਂ ਉਤੇ ਹੁੰਦਾ।
ਸਾਡੇ ਪਿੰਡ ‘ਚ ਇਕ ਇਸਾਈਆਂ ਦਾ ਸਕੂਲ ਸੀ ਤੇ ਇਕ ਗੁਰਦਵਾਰੇ ਦਾ ਸਕੂਲ।
ਗੁਰਦਵਾਰੇ ਦਾ ਵਿਦਿਆ ਭੰਡਾਰ ਸਕੂਲ ਬਣਾਉਣ ਵਿਚ ਜਮਾਦਾਰ ਜੀਵਾ ਸਿੰਘ ਮੂਹਰੇ
ਸੀ। ਪਿੱਛੇ ਜਿਹੇ ਉਸ ਦੇ ਪੋਤੇ ਬਲਵੰਤ ਸਿੰਘ ਨੇ ਸਕੂਲ ਦੀ ਬਿਹਤਰੀ ਲਈ ਦਸ ਲੱਖ
ਰੁਪਿਆ ਦਿੱਤਾ ਹੈ ਤੇ ਪੰਚਾਇਤ ਨੇ ਸਕੂਲ ਦਾ ਨਾਂ ਜੀਵਾ ਸਿੰਘ ਸਰਕਾਰੀ ਸਕੂਲ
ਰੱਖ ਲਿਆ ਹੈ। ਇਸਾਈ ਸਕੂਲ ਵਿਚ ਵਿਹੜੇ ਵਾਲਿਆਂ ਦੇ ਕੁਝ ਬੱਚੇ ਪੜ੍ਹਦੇ ਸਨ ਜਦ
ਕਿ ਗੁਰਦਵਾਰੇ ਦੇ ਸਕੂਲ ‘ਚ ਸਾਰੇ ਪਿੰਡ ਦੇ ਬੱਚੇ ਆਉਂਦੇ ਸਨ। ਕਮੇਟੀ ਨੇ
ਦੁਆਬੇ ਦੇ ਮਾਸਟਰ ਰਾਮ ਸਿੰਘ ਨੂੰ ਮੁੱਖ ਅਧਿਆਪਕ ਬਣਾਇਆ ਹੋਇਆ ਸੀ। ਉਹਦੀ ਇਕ
ਬਾਂਹ ਕੂਹਣੀ ਕੋਲੋਂ ਟੁੰਡੀ ਸੀ ਜਿਸ ਕਰਕੇ ਮੁੰਡੇ ਉਹਨੂੰ ਟੁੰਡਾ ਮਾਸਟਰ
ਕਹਿੰਦੇ ਸਨ। ਉਹ ਕਛਹਿਰਾ ਪਾ ਕੇ ਰੱਖਦਾ ਸੀ ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠੀ
ਸੀ।
ਇਕ ਬੱਧੀ ਦਾੜ੍ਹੀ ਤੇ ਪੋਚਵੀਂ ਪੱਗ ਵਾਲਾ ਸੁਨਿਆਰਾ ਮਾਸਟਰ ਸੀ ਤੇ ਲੰਮੀ ਗੁੱਤ
ਵਾਲੀ ਉਹਦੀ ਘਰ ਵਾਲੀ ਮਾਸਟਰਨੀ ਸੀ। ਪੰਡਤ ਬੁੱਧ ਰਾਮ ਤੇ ਅਕਾਲੀ ਚੰਨਣ ਸਿੰਘ
ਪਿੰਡ ਦੇ ਮਾਸਟਰ ਸਨ। ਬੁੱਧ ਰਾਮ ਦੇ ਚਿੱਟੀ ਪੱਗ ਬੰਨ੍ਹੀ ਹੁੰਦੀ ਸੀ ਤੇ ਚੰਨਣ
ਸਿੰਘ ਦੇ ਕਾਲੀ। ਬੁੱਧ ਰਾਮ ਦੀ ਇਕ ਜੇ਼ਬ ਵਿਚ ਘੜੀ ਹੁੰਦੀ ਸੀ ਤੇ ਦੂਜੀ ਵਿਚ
ਚਾਕੂ। ਉਹ ਚਾਕੂ ਨਾਲ ਕਾਨਿਆਂ ਦੀਆਂ ਕਲਮਾਂ ਘੜ ਦਿੰਦਾ ਸੀ ਤੇ ਚੰਨਣ ਸਿੰਘ ਪੰਜ
ਗ੍ਰੰਥੀ ਪੜ੍ਹਾਉਂਦਾ ਸੀ। ਅਸੀਂ ਤਲਾਅ ਦੀਆਂ ਪੌੜੀਆਂ ‘ਤੇ ਬਹਿ ਕੇ ਬਾਣੀਆਂ ਕੰਠ
ਕਰਦੇ ਤੇ ਛੁੱਟੀ ਮਿਲਣ ਮਗਰੋਂ ਤਲਾਅ ‘ਚ ਤਾਰੀਆਂ ਲਾਉਂਦੇ।
ਗੁਰਦਵਾਰੇ ਤਲਾਅ ਹੋਣ ਕਾਰਨ ਸਕੂਲ ਪੜ੍ਹਨ ਵਾਲੇ ਸਾਰੇ ਬੱਚੇ ਹੀ ਤੈਰਨਾ ਸਿੱਖ
ਗਏ ਸਨ। ਮੈਂ ਪਹਿਲਾਂ ਪੌੜੀਆਂ ‘ਤੇ ਹੱਥ ਰੱਖ ਕੇ ਪਾਣੀ ‘ਚ ਲੱਤਾਂ ਮਾਰਨੀਆਂ
ਸਿੱਖੀਆਂ, ਫਿਰ ਤਲਾਅ ਦੇ ਖੂੰਜੇ ਇਕ ਪੌੜੀ ਤੋਂ ਦੂਜੀ ਪੌੜੀ ਤਕ ਜਾਣ ਤੇ ਫਿਰ
ਨਿੱਕੀ ਤੇ ਵੱਡੀ ਤਾਰੀ ਲਾਉਣੀ ਸਿੱਖੀ। ਫੇਰ ਤਾਂ ਮੈਂ ਟੋਭੇ, ਢਾਬ, ਖੂਹ ਤੇ
ਸੂਏ ‘ਚ ਜਿਥੇ ਜੀਅ ਕਰੇ ਤੈਰ ਸਕਦਾ ਸਾਂ। ਓਦੋਂ ਦਾ ਸਿੱਖਿਆ ਮੈਂ ਹੁਣ ਵੀ
ਡੁੱਬਣੋਂ ਬਚ ਸਕਦਾ ਹਾਂ। ਪੰਜਾਬ ਵਿਚ ਬਹੁਤ ਸਾਰੇ ਲੋਕ ਹਨ ਜਿਹੜੇ ਤੈਰਨਾ ਨਹੀਂ
ਜਾਣਦੇ। ਜੇਕਰ ਮੰਦਰਾਂ ਤੇ ਗੁਰਦਵਾਰਿਆਂ ਦੇ ਸਰੋਵਰਾਂ ਵਿਚ ਇਕ ਬੰਨੇ ਕੁਝ
ਜਗ੍ਹਾ ਸੁਰੱਖਿਅਤ ਰੱਖ ਕੇ ਬੱਚਿਆਂ ਨੂੰ ਤੈਰਨ ਦੀ ਆਗਿਆ ਦੇ ਦਿੱਤੀ ਜਾਵੇ ਤਾਂ
ਉਹ ਵੀ ਤੈਰਨਾ ਸਿੱਖ ਸਕਦੇ ਹਨ। ਤੈਰਨਾ ਸੰਕਟ ਸਮੇਂ ਬੜਾ ਕੰਮ ਆਉਂਦੈ।
ਉਹਨੀਂ ਦਿਨੀਂ ਸਾਡੇ ਬਸਤਿਆਂ ‘ਚ ਗੁਰਮੁਖੀ ਦਾ ਬਾਲ ਉਪਦੇਸ਼, ਹਿਸਾਬ ਦੀ ਕਿਤਾਬ
ਤੇ ਉਰਦੂ ਦਾ ਕਾਇਦਾ ਹੁੰਦੇ ਸਨ। ਇਕ ਦਵਾਤ ਹੁੰਦੀ ਸੀ, ਇਕ ਫੱਟੀ ਤੇ ਇਕ ਸਲੇਟ।
ਹੁਣ ਤਾਂ ਬੱਚਿਆਂ ਤੋਂ ਸਕੂਲੀ ਬੈਗ ਮਸੀਂ ਚੁੱਕੇ ਜਾਂਦੇ ਹਨ। ਮੇਰੇ ਪੋਤੇ ਸਿਮਰ
ਦਾ ਜਿੰਨਾ ਆਪਣਾ ਭਾਰ ਹੈ ਉਨਾ ਹੀ ਉਸ ਦੇ ਬੈਗ ਦਾ ਭਾਰ ਬਣ ਜਾਂਦਾ ਹੈ। ਸਾਡੇ
ਵੇਲੇ ਕਾਪੀਆਂ ਉਤੇ ਨਹੀਂ, ਫੱਟੀਆਂ ਉਤੇ ਲਿਖਿਆ ਜਾਂਦਾ ਸੀ ਤੇ ਫੱਟੀਆਂ ਧੋ ਕੇ
ਗਾਚਣੀ ਨਾਲ ਪੋਚੀਆਂ ਜਾਂਦੀਆਂ ਸਨ। ਮੇਰੀ ਇਕ ਕਮਜ਼ੋਰੀ ਸੀ ਕਿ ਮੈਂ ਨਿੱਕਾ
ਹੁੰਦਾ ਮਿੱਟੀ ਖਾਣ ਲੱਗ ਪਿਆ ਸਾਂ। ਜਦੋਂ ਗਾਚਣੀ ਹੱਥ ‘ਚ ਆਉਣ ਲੱਗੀ ਤਾਂ ਉਹਦੇ
ਵੀ ਛੌਡੇ ਲਾਹੁਣ ਲੱਗ ਪਿਆ। ਫਿਰ ਸਲੇਟੀਆਂ ਨੂੰ ਪੈ ਗਿਆ। ਮੈਨੂੰ ਇਹ ਦੱਸਣ ਵਿਚ
ਕੋਈ ਸੰਗ ਨਹੀਂ ਕਿ ਕਾਲਜ ਵਿਚ ਵੀ ਮੈਨੂੰ ਪਾਂਡੂ ਮਿੱਟੀ ਲੱਭਦੀ ਤਾਂ ਉਹਲੇ ਹੋ
ਕੇ ਚੱਖ ਲੈਂਦਾ ਸਾਂ। ਅੱਧਪੱਕੇ ਰੋੜ ਬੜੇ ਸੁਆਦ ਲੱਗਦੇ ਸਨ। ਚੋਰੀ ਛਿਪੇ
ਸਤਾਰਾਂ ਅਠਾਰਾਂ ਸਾਲ ਦੀ ਉਮਰ ਤਕ ਖਾਂਦਾ ਰਿਹਾ। ਮੇਰਾ ਨਹੀਂ ਖਿ਼ਆਲ ਕਿ ਮੇਰੇ
ਜਿੰਨੀ ਮਿੱਟੀ ਕਿਸੇ ਹੋਰ ਲੇਖਕ ਨੇ ਖਾਧੀ ਹੋਵੇ। ਮਣ ਪੱਕੀ ਤਾਂ ਖਾ ਈ ਗਿਆ
ਹੋਊਂ। ਅੱਵਲ ਤਾਂ ਕੁਇੰਟਲ ਈ ਬੰਨੇ ਲਾ ਦਿੱਤੀ ਹੋਊ! ਵਿਆਹ ਸ਼ਾਦੀ ਸਮੇਂ ਮੈਨੂੰ
ਘਰ ਦੇ ਨਾਲ ਲਿਜਾਣ ਦੀ ਥਾਂ ਕਹਿੰਦੇ, “ਇਹਨੂੰ ਏਥੇ ਈ ਮਿੱਟੀ ਦਾ ਡਲਾ ਦੇ
ਚੱਲਦੇ ਆਂ। ਓਥੇ ਕਿਹੜਾ ਇਹਨੇ ਲੱਡੂ ਖਾਣੇ ਆਂ?”
ਪਤਾ ਨਹੀਂ ਮਿੱਟੀ ਖਾਣ ਕਰਕੇ ਜਾਂ ਕਿਸੇ ਹੋਰ ਕਾਰਨ ਮੈਂ ਆਪਣੀ ਜਮਾਤ ਵਿਚ ਸਭ
ਤੋਂ ਮਧਰਾ ਸਾਂ। ਉਂਜ ਜਮਾਤ ਦਾ ਮਨੀਟਰ ਸਾਂ ਤੇ ਪ੍ਰਾਥਨਾ ਸਮੇਂ ਮੂਹਰੇ ਖੜ੍ਹ
ਕੇ ਸ਼ਬਦ ਸੁਣਾਇਆ ਕਰਦਾ ਸਾਂ। ਇਕ ਦਿਨ ਅਕਾਲੀ ਚੰਨਣ ਸਿੰਘ ਨੇ ਮੈਨੂੰ ‘ਮਧਰੂ
ਜਿਹਾ’ ਕਹਿ ਦਿੱਤਾ ਜਿਸ ਨਾਲ ਮੇਰਾ ਨਾਂ ‘ਮਧਰੂ’ ਪੱਕ ਗਿਆ। ਘਰ ਦਿਆਂ ਤੋਂ
ਬਿਨਾਂ ਬਾਕੀ ਸਾਰੇ ਮੈਨੂੰ ਮਧਰੂ ਕਹਿਣ ਲੱਗ ਪਏ ਜੋ ਮੇਰੇ ਕੱਦ ਮੁਤਾਬਿਕ ਜਚਦਾ
ਮਿਚਦਾ ਨਾਂ ਸੀ। ਅਸਲੀ ਨਾਂ ਸਾਰੇ ਜਮਾਤੀਆਂ ਦੇ ਈ ਬਦਲ ਗਏ ਸਨ। ਕੋਈ ਲੱਡੂ ਸੀ,
ਕੋਈ ਮੱਢੂ ਸੀ, ਕੋਈ ਮਸਤ ਸੀ ਤੇ ਤਰਖਾਣਾਂ ਦੇ ਇਕ ਮੁੰਡੇ ਨਾਂ ‘ਹਰਨੀ’ ਪੈ ਗਿਆ
ਸੀ। ਇਕ ‘ਅਮਲੀ’ ਹੁੰਦਾ ਸੀ। ਹਰਨੀ ਤੇ ਅਮਲੀ ਪਿੱਛੇ ਜਿਹੇ ਸਵਰਗ ਸਿਧਾਰ ਗਏ
ਹਨ। ਮੈਂ ਇਕ ਦਿਨ ਕਬੱਡੀ ਖੇਡ ਰਿਹਾ ਸਾਂ ਕਿ ਕਿਸੇ ਨੇ ਮੈਨੂੰ ‘ਗੁੱਲ’ ਦਾ
ਖਿ਼ਤਾਬ ਦੇ ਦਿੱਤਾ। ਮੈਂ ਗੁੱਲ ਵਾਂਗ ਜੁ ਲੱਗ ਗਿਆ ਸਾਂ। ਦਸਵੀਂ ਤਕ ਮੇਰਾ
‘ਗੁੱਲ’ ਨਾਂ ਤੋਂ ਖਹਿੜਾ ਨਾ ਛੁੱਟਿਆ। ਹੁਣ ਵੀ ਕੋਈ ਗੁੱਲ ਕਹਿ ਦੇਵੇ ਤਾਂ
ਮੇਰੇ ਕੰਨ ਖੜ੍ਹੇ ਹੋ ਜਾਂਦੇ ਹਨ।
ਕਾਲਜ ਪੜ੍ਹਨ ਲੱਗਾ ਤਾਂ ਨੰਦਗੜ੍ਹ ਦੇ ਬਲਦੇਵ ਸਿੰਘ ਨੇ ਮੇਰਾ ਨਾਂ ‘ਛੋਟੂ’ ਰੱਖ
ਲਿਆ। ਉਹ ਮੈਥੋਂ ਦੋ ਜਮਾਤਾਂ ਮੂਹਰੇ ਸੀ ਤੇ ਬੜਾ ਬਣਦਾ ਫਬਦਾ ਜੁਆਨ ਸੀ। ਉਦੋਂ
ਮੇਰਾ ਭਾਰ ਇਕ ਮਣ ਸਾਢੇ ਚਾਰ ਸੇਰ ਸੀ ਯਾਨੀ ਹੁਣ ਦੇ ਬਤਾਲੀ ਕਿੱਲੋ। ਕੁਸ਼ਤੀਆਂ
ਲਈ ਮੇਰਾ ਭਾਰ ਫਲਾਈ ਵੇਟ ਵਿਚ ਆਇਆ ਸੀ। ਬਲਦੇਵ ਸਿੰਘ ਦਾ ਭਾਰ ਇਕ ਮਣ ਚੌਂਤੀ
ਸੇਰ ਸੀ ਜੋ ਅਸੀਂ ਰੇਲਵੇ ਸਟੇਸ਼ਨ ਫਾਜਿ਼ਲਕਾ ਦੇ ਕੰਡੇ ਉਤੇ ਤੋਲਿਆ ਸੀ। ਬਲਦੇਵ
ਸਿੰਘ ਸਿਵੀਆ ਕਈ ਸਾਲਾਂ ਬਾਅਦ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਬਣਿਆ ਤਾਂ ਮੋਗੇ
ਦੇ ਗੁਰੂ ਨਾਨਕ ਕਾਲਜ ਵਿਚ ਸਾਡਾ ਮੇਲ ਹੋਇਆ। ਪਹਿਲੀ ਨਜ਼ਰੇ ਉਹ ਮੈਨੂੰ ਸਿਆਣ
ਨਾ ਸਕਿਆ। ਜਦੋਂ ਮੈਂ ਉਹਦੇ ਕੰਨ ‘ਚ ਕਿਹਾ ਕਿ ਮੈਂ ਛੋਟੂ ਆਂ ਤਾਂ ਉਹ ਫੱਟ
ਪਛਾਣ ਗਿਆ ਤੇ ਕਹਿਣ ਲੱਗਾ, “ਹੁਣ ਤਾਂ ਤੂੰ ਮੈਥੋਂ ਵੀ ਲੰਮਾ ਹੋ ਗਿਐਂ!” ਅਸਲ
ਵਿਚ ਮੇਰਾ ਕੱਦ ਅਠਾਰਾਂ ਉਨੀ ਸਾਲ ਦੀ ਉਮਰ ਵਿਚ ਜਾ ਕੇ ਵਧਿਆ ਸੀ।
ਦਿੱਲੀ ਦੇ ਖਾਲਸਾ ਕਾਲਜ ਵਿਚ ਪੜ੍ਹਦਿਆਂ ਭਾਪਿਆਂ ਨੇ ਮੇਰਾ ਨਾਂ ਜੱਟ ਰੱਖ ਲਿਆ
ਸੀ ਤੇ ਉਹ ਮੈਨੂੰ ‘ਜੱਟਾ’ ਕਹਿ ਕੇ ਬੁਲਾਉਂਦੇ ਸਨ। ਦੋ ਕੁ ਪ੍ਰੋਫੈਸਰ ਵੀ ਜੱਟਾ
ਈ ਕਹਿੰਦੇ। ਉਥੇ ਸੁਨਿਆਰਿਆਂ ਦੀ ਇਕ ਬੜੀ ਸੋਹਣੀ ਕੁੜੀ ਪੜ੍ਹਦੀ ਸੀ ਜਿਸ ਨੂੰ
ਵੇਖ ਕੇ ਮੇਰਾ ਦਿਲ ਕਰਦਾ, “ਭਾਪੇ ਮੈਨੂੰ ਜੱਟਾ ਕਹਿਣ ਦੀ ਥਾਂ ਸੁਨਿਆਰਾ ਕਹਿਣ
ਤਾਂ ਸੁਆਦ ਈ ਆ ਜੇ! ਸੁਨਿਆਰਾ ਸਮਝ ਕੇ ਸ਼ਾਇਦ ਉਹ ਕੁੜੀ ਮੇਰੇ ਵੱਲ ਖਿੱਚੀ
ਜਾਵੇ?” ਮੈਂ ਉਨ੍ਹਾਂ ਨੂੰ ਬਥੇਰਾ ਆਖਦਾ ਕਿ ਮੈਨੂੰ ਸੁਨਿਆਰਾ ਆਖ ਲਿਆ ਕਰੋ ਪਰ
ਉਹ ਕਿਵੇਂ ਕਹਿੰਦੇ ਕਿਉਂਕਿ ਮੇਰੇ ‘ਚ ਸੁਨਿਆਰਿਆਂ ਵਾਲੀ ਕੋਈ ਲਿਸ਼ਕ ਈ ਨਹੀਂ
ਸੀ। ਉਹ ਕੁੜੀ ਤਾਂ ਕੰਗਣ ਵਾਂਗ ਲਿਸ਼ਕਦੀ ਸੀ। ਰੱਬ ਜਾਣੇ ਹੁਣ ਉਹ ਕਿਥੇ
ਹੋਵੇਗੀ? ਉਹ ਜਿਥੇ ਵੀ ਹੋਵੇ ਉਹਦੇ ਸੁਖੀ ਵਸਣ ਦੀ ਸੋਅ ਆਵੇ!
ਸਾਡੇ ਵੇਲਿਆਂ ਦੇ ਮੋਹ ਪਿਆਰ ਬੱਸ ਇਸ ਤਰ੍ਹਾਂ ਦੇ ਈ ਚੁੱਪ ਗੜੁੱਪ ਹੁੰਦੇ ਸਨ।
ਉਸ ਭਾਗਾਂ ਭਰੀ ਨੂੰ ਤਾਂ ਸ਼ਾਇਦ ਪਤਾ ਵੀ ਨਾ ਹੋਵੇ ਕਿ ਉਹ ਹਮਾਤ੍ਹੜਾਂ ਦੇ
ਖ਼ਾਬਾਂ ਵਿਚ ਵਸ ਗਈ ਸੀ। ਅੱਜ ਕੱਲ੍ਹ ਕਾਲਜਾਂ ਦੇ ਮੁੰਡੇ ਕੁੜੀਆਂ ਨੂੰ ਆਪਸ
ਵਿਚ ਗੱਲਾਂ ਕਰਨ ਤੇ ਮੋਹ ਜਤਾਉਣ ਦੀ ਕਿੰਨੀ ਸੌਖ ਐ! ਪੜ੍ਹਦੇ ਘੱਟ ਹਨ ਤੇ
ਪ੍ਰੇਮ ਪਿਆਰ ਦੀਆਂ ਗੱਲਾਂ ਵੱਧ ਕਰਦੇ ਹਨ। ਮੋਬਾਈਲ ਫੋਨ ਜਿਵੇਂ ਉਹਨਾਂ ਵਾਸਤੇ
ਹੀ ਬਣੇ ਹੋਣ! ਉਦੋਂ ਬੜੀ ਝਿਜਕ ਹੁੰਦੀ ਸੀ। ਕਾਲਜ ਦੀਆਂ ਪਹਿਲੀਆਂ ਚਾਰ ਜਮਾਤਾਂ
ਵਿਚ ਮੈਂ ਸ਼ਾਇਦ ਹੀ ਕਿਸੇ ਕੁੜੀ ਨੂੰ ਬੁਲਾ ਸਕਿਆ ਹੋਵਾਂ। ਦਿੱਲੀ ਵਿਚ ਵੀ ਉਸ
ਪਿਆਰੀ ਕੁੜੀ ਨੂੰ ਵੇਖਦਾ ਈ ਰਿਹਾ ਪਰ ਪਿਆਰ ਦਾ ਇਜ਼ਹਾਰ ਨਾ ਕਰ ਸਕਿਆ।
ਗੱਲ ਮੁੜ ਕੇ ਮੁੱਢਲੀ ਪੜ੍ਹਾਈ ਦੀ ਕਰਦਾ ਹਾਂ। ਮੈਂ ਭੁੰਜੇ ਤੱਪੜਾਂ ‘ਤੇ ਬਹਿ
ਕੇ ਪੜ੍ਹਿਆ ਤੇ ਖੜ੍ਹ ਕੇ ਪਹਾੜੇ ਕਹਾਏ। ਅਗੱਸਤ 1947 ਵਿਚ ਪਾਕਿਸਤਾਨ ਬਣਿਆ
ਤਾਂ ਮੈਂ ਦੂਜੀ ਜਮਾਤ ਵਿਚ ਸਾਂ। ਪਾਕਿਸਤਾਨ ਬਣਨ ਦੇ ਨਾਲ ਹੀ ਸਾਡੇ ਸਕੂਲ ਵਿਚ
ਉਰਦੂ ਦੀ ਪੜ੍ਹਾਈ ਬੰਦ ਹੋ ਗਈ। ਉਰਦੂ ਦਾ ਕਾਇਦਾ ਜਿੰਨਾ ਕੁ ਪੜ੍ਹਿਆ ਸੀ ਬੱਸ
ਉਨਾ ਕੁ ਯਾਦ ਰਿਹਾ। ਹੁਣ ਮੈਂ ਉਰਦੂ ਦਾ ਅਖ਼ਬਾਰ ਜੋੜ ਜਾੜ ਕੇ ਪੜ੍ਹ ਤਾਂ
ਲੈਨਾਂ ਪਰ ਲਿਖ ਨਹੀਂ ਸਕਦਾ। ਪ੍ਰਾਇਮਰੀ ਸਕੂਲ ਵਿਚ ਪੜ੍ਹਦਿਆਂ ਸਾਡਾ ਕਬੱਡੀ ਦਾ
ਮੈਚ ਮਾਣੂੰਕੇ ਦੇ ਪ੍ਰਾਇਮਰੀ ਸਕੂਲ ਨਾਲ ਹੋਇਆ ਸੀ। ਅਸੀਂ ਬੱਚੇ ਭਾਵੇਂ ਨਿੱਕੇ
ਨਿੱਕੇ ਸਾਂ ਪਰ ਖੇਡਣ ਨੂੰ ਤਿੱਖੇ ਸਾਂ। ਉਹ ਮੈਚ ਮਾਣੂੰਕਿਆਂ ਵਾਲੇ ਜਿੱਤੇ ਸਨ।
ਉਹਨਾਂ ਦੀ ਟੀਮ ਵਿਚ ਗੁਰਦਿਆਲ ਸਿੰਘ ਬੜਾ ਤਕੜਾ ਸੀ ਜੋ ਬਾਅਦ ਵਿਚ ਵਾਲੀਬਾਲ ਦਾ
ਵਧੀਆ ਖਿਡਾਰੀ ਬਣਿਆ। ਉਹ ਬਾਲ ਨੂੰ ਗੁੱਡ ਗੋ ਕਹਿੰਦਾ ਸੀ ਜਿਸ ਕਰਕੇ ਉਹਦਾ ਨਾਂ
ਹੀ ‘ਗੁੱਡਗੋ’ ਪੱਕ ਗਿਆ।
ਮੈਂ ਖੇਡਾਂ ਦਾ ਸਭ ਤੋਂ ਪਹਿਲਾ ਟੂਰਨਾਮੈਂਟ ਤਖਤੂਪੁਰੇ ਦੇ ਮੇਲੇ ਵਿਚ ਵੇਖਿਆ
ਸੀ। ਮੈਂ ਆਪਣੀ ਪੁਸਤਕ ‘ਖੇਡ ਜਗਤ ਦੀਆਂ ਬਾਤਾਂ’ ਵਿਚ ‘ਏਨੀ ਮੇਰੀ ਬਾਤ’
ਪਾਉਂਦਿਆਂ ਲਿਖਿਐ, “ਹੁਣ ਤਾਂ ਲੰਡਨ ਦੀ ਚੰਡੋਲ ਦਾ ਝੂਟਾ ਵੀ ਲੈ ਲਿਆ ਤੇ
ਟੋਰਾਂਟੋ ਦੇ ਸੀ. ਐੱਨ. ਐੱਨ. ਟਾਵਰ ‘ਤੇ ਚੜ੍ਹ ਕੇ ਵੀ ਵੇਖ ਲਿਐ। ਕਦੇ
ਤਖਤੂਪੁਰੇ ਦਾ ਮੇਲਾ ਵੇਖਣਾ ਬੜੀ ਵੱਡੀ ਗੱਲ ਸੀ। ਨਿੱਕੇ ਹੁੰਦਿਆਂ ਉਹ ਮੇਲਾ
ਸਾਡੇ ਲਈ ਖ਼ੁਸ਼ੀਆਂ ਦਾ ਸਰਚਸ਼ਮਾ ਸੀ। ਉਥੇ ਚਕਰਚੂੰਡੇ ਸਨ, ਝੂਟੇ ਮਾਟੇ ਸਨ ਤੇ
ਖਾਣ ਪੀਣ ਦੀਆਂ ਅਨੇਕਾਂ ਵਸਤਾਂ ਸਨ। ਅਸਾਂ ਬੱਚਿਆਂ ਨੇ ਕਈ ਕਈ ਮਹੀਨੇ ਉਸ ਮੇਲੇ
ਨੂੰ ਉਡੀਕਦੇ ਰਹਿਣਾ। ਹੁਣ ਛੇ ਮਹੀਨੇ ਰਹਿ-ਗੇ, ਹੁਣ ਚਾਰ, ਹੁਣ ਇਕ ਤੇ ਬੱਸ
ਹੁਣ ਗਿਣਤੀ ਦੇ ਦਿਨ...।
“ਲੋਹੜੀ ਤੋਂ ਅਗਲੇ ਦਿਨ ਅਸੀਂ ਮਾਘੀ ਨ੍ਹਾਉਣ ਜਾਂਦੇ। ਸਾਡੀ ਨਿੱਕੇ ਨਿੱਕੇ
ਯਾਰਾਂ ਬੇਲੀਆਂ ਦੀ ਅੱਡ ਟੋਲੀ ਹੁੰਦੀ। ਓਦੋਂ ਖੇਤਾਂ ਵਿਚ ਦੀ ਵਿੰਗ ਟੇਢ ਖਾਂਦੀ
ਇਕ ਡੰਡੀ ਜਾਂਦੀ ਹੁੰਦੀ ਸੀ ਜੀਹਦੇ ਲਾਂਭ ਚਾਂਭ ਸਰ੍ਹਵਾਂ ਦੇ ਪੀਲੇ ਫੁੱਲ ਖਿੜੇ
ਹੁੰਦੇ। ਢਾਣੀਆਂ ਦੀਆਂ ਢਾਣੀਆਂ, ਡੰਡੀਓ ਡੰਡੀ ਤੇ ਵੱਟੋ ਵੱਟ ਪਈਆਂ ਤਖਤੂਪੁਰੇ
ਨੂੰ ਤੁਰੀਆਂ ਜਾਂਦੀਆਂ। ‘ਗਾਂਹ ਮੇਲੇ ਵਿਚ ਗਰਦਾਂ ਉਡਦੀਆਂ, ਲਾਊਡ ਸਪੀਕਰ
ਗੂੰਜਦੇ, ਗੁੰਬਦਾਂ ਦੇ ਕਲਸ ਲਿਸ਼ਕਦੇ ਤੇ ਟੂਰਨਾਮੈਂਟ ਦੀਆਂ ਵਿਸਲਾਂ ਵੱਜਦੀਆਂ।
ਪਤਾ ਨਹੀਂ ਕਿਉਂ ਮੈਂ ਸਭ ਤੋਂ ਵੱਧ ਉਨ੍ਹਾਂ ਵਿਸਲਾਂ ਵੱਲ ਖਿੱਚਿਆ ਜਾਂਦਾ ਤੇ
ਘੰਟਿਆਂ ਬੱਧੀ ਖੇਡਾਂ ਤੇ ਖਿਡਾਰੀਆਂ ਨੂੰ ਵੇਖਦਾ ਰਹਿੰਦਾ। ਮੇਰੇ ਨਾਲ ਦੇ ਸਾਰਾ
ਮੇਲਾ ਵੇਖ ਕੇ ਮੈਨੂੰ ਓਥੋਂ ਈ ਆ ਨਾਲ ਰਲਾਉਂਦੇ। ਮੁੜਦਿਆਂ ਮੈਂ ਅੱਖੀਂ ਡਿੱਠੇ
ਮੈਚਾਂ ਦੀਆਂ ਗੱਲਾਂ ਸਾਥੀਆਂ ਨੂੰ ਸੁਣਾਉਂਦਾ ਆਉਂਦਾ।”
ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਸਮੇਂ ਸਾਡੇ ਪਿੰਡ ਬੜੇ ਜਲੌਅ ਵਾਲਾ ਜਲੂਸ
ਨਿਕਲਿਆ ਕਰਦਾ ਸੀ। ਉਸ ਵਿਚ ਰਾਮੇ ਤੇ ਮੀਨੀਆਂ ਦੀ ਸੰਗਤ ਵੀ ਸ਼ਾਮਲ ਹੋਇਆ ਕਰਦੀ
ਸੀ। ਮੰਨੇ ਦੰਨੇ ਕਵੀਸ਼ਰ ਕਰਨੈਲ ਸਿੰਘ ‘ਪਾਰਸ’ ਦਾ ਜਥਾ ਉਸ ਜਲੂਸ ਵਿਚ
ਕਵੀਸ਼ਰੀ ਕਰਦਾ। ਜਥੇ ਵਿਚ ਰਣਜੀਤ ਸਿੰਘ ਸਿੱਧਵਾਂ ਤੇ ਚੰਦ ਸਿੰਘ ਜੰਡੀ ਹੁੰਦੇ
ਸਨ ਜਿਨ੍ਹਾਂ ਬਾਰੇ ਪਾਰਸ ਨੇ ਲਿਖਿਆ ਹੈ:
-ਚੰਦ ਤੇ ਰਣਜੀਤ ਹੋਰਾਂ, ਨਿੱਤ ਨਾ ਗਾਉਣੇ ਛੰਦ ਇਕੱਠਿਆਂ।
ਕਰਨੈਲ ਕਵੀਸ਼ਰ ਨੇ ਕਿਧਰੇ ਲੁਕ ਨੀ ਜਾਣਾ ਨੱਠਿਆਂ।
ਜਿੰਦ ਏਸ ਕਚਹਿਰੀ ‘ਚੋਂ ਤੁਰਗੀ ਕੁਲ ਹਾਰ ਕੇ ਦਾਅਵੇ।
ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇਕ ਆਵੇ ਇਕ ਜਾਵੇ...।
ਉਨ੍ਹਾਂ ਦਾ ਗਾਇਆ ਇਕ ਛੰਦ ਮੈਨੂੰ ਹਾਲੇ ਤਕ ਯਾਦ ਹੈ:
-ਨਿੱਤ ਨਿੱਤ ‘ਕੱਠੀਆਂ ਨਾ ਹੋਣਾ ਰੂਹਾਂ ਨੇ ਗਤੀ ਦਾ ਆਉਂਦਾ ਵੇਮ ਨਹੀਂ,
ਬੰਦੇ ਮਿਲ ਪੈਣ ਮਿਲਣਾ ਨੀ ਰੂਹਾਂ ਨੇ ਸਕਦਾ ਹੋ ਨੇਮ ਨਹੀਂ, ਵੱਸਦੇ ਜਹਾਨ ‘ਚ,
ਭਰਦੇ ਮਿਠਾਸ ਸ਼ਾਇਰਾਂ ਦੀ ਜ਼ਬਾਨ ‘ਚ...।
ਸਾਡਾ ਵਜ਼ੀਫ਼ੇ ਦਾ ਇਮਤਿਹਾਨ ਜਗਰਾਓਂ ਹੋਇਆ ਕਰਦਾ ਸੀ। ਜਿਹੜੇ ਮੁੰਡੇ ਜਗਰਾਓਂ
ਜਾਂਦੇ ਉਹ ਵਜ਼ੀਫ਼ੇ ਦੇ ਇਮਤਿਹਾਨ ਨਾਲੋਂ ਰੇਲ ਗੱਡੀ ਤੇ ਉਹਦਾ ਇੰਜਣ ਵੇਖਣ
ਦੀਆਂ ਗੱਲਾਂ ਵੱਧ ਕਰਦੇ। ਆ ਕੇ ਦੱਸਦੇ ਬਈ ਅਸੀਂ ਇੰਜਣ ਨੂੰ ਹੱਥ ਲਾ ਕੇ
ਵੇਖਿਐ! ਉਦੋਂ ਰੇਲ ਦਾ ਇੰਜਣ ਈ ਸਾਡੇ ਭਾਅ ਦਾ ਹਵਾਈ ਜਹਾਜ਼ ਸੀ। ਮੈਂ ਵਜ਼ੀਫ਼ਾ
ਤਾਂ ਨਹੀਂ ਲੈ ਸਕਿਆ ਪਰ ਚੌਥੀ ਜਮਾਤ ਦਾ ਇਮਤਿਹਾਨ ਪਾਸ ਕਰ ਕੇ ਏਨਾ ਖ਼ੁਸ਼
ਹੋਇਆ ਜਿਵੇਂ ਸੱਚਮੁੱਚ ਹੀ ਵਜ਼ੀਫ਼ਾ ਮਿਲ ਗਿਆ ਹੋਵੇ।
***
(ਪ੍ਰਿੰ: ਸਰਵਣ ਸਿੰਘ ਦਾ ਨਵਾਂ ਸਫ਼ਰਨਾਮਾ ‘ਫੇਰੀ ਵਤਨਾਂ ਦੀ’ ਲਾਹੌਰ ਬੁੱਕ
ਸ਼ਾਪ ਲੁਧਿਆਣਾ ਨੇ ਛਾਪਿਆ ਹੈ। ਪੁਸਤਕ ਦੇ ਇਕੱਤੀ ਕਾਂਡ ਹਨ ਤੇ ਕੀਮਤ ਹੈ ਦਸ
ਡਾਲਰ। ਪੁਸਤਕ ਬਾਰੇ ਲੇਖਕ ਦੇ ਫੋਨ 905-799-1661 ਅਤੇ ਪ੍ਰਕਾਸ਼ਕ ਦੇ ਫੋਨ
0161-2740738, 6540738 ਉਤੇ ਸੰਪਰਕ ਕੀਤਾ ਜਾ ਸਕਦਾ ਹੈ।)
(15
ਅਗਸਤ
2008) ਸੂਰਜ ਯੂਨੀਕੋਡ
ਪ੍ਰਿੰ. ਸਰਵਣ ਸਿੰਘ ਦੀਆਂ ਲਿਖਾਰੀ ਵਿਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ
ਕਲਿੱਕ ਕਰੋ>>>>>>>