ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts English Shahmukhi Devnagri

 ਅਜੋਕਾ ਵਾਧਾ:: 01 ਜਨਵਰੀ, 2009

   ਮੁੱਖਪੰਨਾ

ਕਵਿਤਾਵਾਂ/ਗ਼ਜ਼ਲਾਂ

 

ਪੰਜ ਗ਼ਜ਼ਲਾਂ

ਮੇਜਰ ਭੁਪਿੰਦਰ ਦਲੇਰ

1.

ਮੇਰੇ ਵਾਂਗੂਂ ਤਰਕਾਲਾਂ ਨੂੰ, ਨੈਣੀ ਹੰਝੂ ਭਰਦੀ ਹੋਣੀ।
ਮੈਂ ਤਾਂ ਰਾਤੀਂ ਰੋ ਲੈਂਦਾਂ ਹਾਂ ਖਬਰੇ ਉਹ ਕੀ ਕਰਦੀ ਹੋਣੀ।
ਦਰਵਾਜ਼ੇ ਤੋਂ ਮੇਰੇ ਨਾਂ ਦੀ, ਤਖਤੀ ਸਾੜ ਕੇ ਵਾਪਸ ਮੁੜ ਗਈ
ਅਗ ਵੀ ਮੇਰੇ ਘਰ ਵਿਚ ਫੈਲੇ, ਸੰਨਾਟੇ ਤੋਂ ਡਰਦੀ ਹੋਣੀ।
ਚੇਤੇ ਤਾਂ ਆ ਜਾਂਦਾ ਹੋਣੈ ਬਚਪਨ ਦੀ ਬਾਰਸ਼ ਦਾ ਮੌਸਮ
ਜਦ ਵੀ ਕਾਗਜ਼ ਦੀ ਕਸ਼ਤੀ ਨੂੰ ਪਾਣੀ ਉਪਰ ਧਰਦੀ ਹੋਣੀ।
ਸਾਗਰ ਪਰਬਤ ਝੀਲਾਂ ਜੁਗਨੂੰ, ਪੌਣਾ ਬਿਰਖਾਂ ਬਰਫਾਂ ਵਰਗੇ
ਚੁਣ ਚੁਣ ਰੰਗਲੇ ਲਫਜ਼ਾਂ ਨੂੰ ਉਹ ਗਜ਼ਲਾਂ ਅੰਦਰ ਭਰਦੀ ਹੋਣੀ।
ਤੂੰ ਰੁਖ ਤੋਂ ਜੋ ਟਾਹਣੀ ਖੋਹ ਕਿ,ਦਰਿਆ ਕੰਢੇ ਦਬੀ ਸੀ
ਅਜ ਦੀ ਬਾਰਸ਼ ਮਗਰੋਂ ਉਹ ਤਾਂ ਦਰਿਆ ਉਪਰ ਤਰਦੀ ਹੋਣੀ।
ਬਰਫੀਲੇ ਰਾਹਾਂ ਵਿਚ ਮੈਨੂੰ ਦੇਰ ਬੜੀ ਹੋ ਗਈ ‘ਦਲੇਰਾ’
ਉਹ ਤਾਂ ਕੀਤੇ ਵਾਹਦੇ ਖਾਤਰ ਦਰਵਾਜ਼ੇ ਤੇ ਠਰਦੀ ਹੋਣੀ।

2.
ਤੇਰਾ ਗਮ ਤਰਕਾਲੀਂ ਆ ਕੇ, ਮੋਢੇ ਲਗ ਕੇ ਰੋ ਜਾਂਦਾ ਹੈ,
ਮੈਂ ਜਦ ਜਾਮ ਉਠਾ ਲੈਂਦਾ ਹਾਂ, ਫਿਰ ਇਹ ਸਬ ਕੁਝ ਹੋ ਜਾਂਦਾ ਹੈ।
ਯਾਰੋ ਚਾਨਣ ਸਰਦਲ ਮੇਰੀ, ਜਦ ਲੰਘਣ ਦੀ ਕੋਸ਼ਿਸ਼ ਕਰਦੈ,
ਤੇਜ਼ ਹਵਾ ਦਾ ਬੁਲਾ ਆ ਕੇ, ਦਰਵਾਜ਼ੇ ਨੂੰ ਢੋ ਜਾਂਦਾ ਹੈ।
ਨਾ ਇਹ ਤੂੰ ਹੈਂ ਨਾ ਤੇਰਾ ਇਹ ਪਰਛਾਵਾਂ ਪਰ ਫਿਰ ਵੀ ਅਜਕਲ,
ਮੈਂ ਤੈਨੂੰ ਜੇ ਯਾਦ ਕਰਾਂ ਤਾਂ, ਤੁਰਦਾ ਵਕਤ ਖਲੋ ਜਾਂਦਾ ਹੈ।
ਇਹ ਦਸਤੂਰ ਜਹਾਂ ਦਾ ਹੈ ਜਾਂ, ਇਹ ਕਿਸਮਤ ਹੈ ਮੇਰੇ ਦਿਲ ਦੀ,
ਇਹ ਉਸ ਨੂੰ ਹੀ ਯਾਦ ਕਰੇਗਾ, ਇਸ ਨੂੰ ਛਡ ਕੇ ਜੋ ਜਾਂਦਾ ਹੈ।
ਪੱਤਾ ਪੱਤਾ ਕਰ ਕੇ ਇਸ ਦਾ, ਬਿਸਤਰ ਤੇ ਜਾਂ ਕਬਰੀਂ ਰੱਖੋ,
ਇਹ ਫੁਲ ਜਿਧਰ ਜਾਂਦੈ ਫਿਰ ਵੀ, ਵੰਡਦਾ ਹੀ ਖਸ਼ਬੋ ਜਾਂਦਾ ਹੈ।
ਘਰ ਨੂੰ ਖੰਡ੍ਹਰ, ਖੰਡ੍ਹਰ ਨੂੰ ਘਰ, ਸ਼ਾਇਰ ਆਖਣ, ਪਰ ਮੈਂ ਸੋਚਾਂ,
ਐਸੇ ਲੋਕਾਂ ਦਾ ਕੀ ਖਬਰੇ, ਬੈਠੇ ਬੈਠੇ ਖੋ ਜਾਂਦਾ ਹੈ।

3.
ਚਲੋ ਏਦਾਂ ਕਰੋ ਅਜ ਤੋਂ
ਕਦੇ ਅੱਖ ਨਾ ਭਰੋ ਅਜ ਤੋਂ।
ਮਿਰੇ ਘਰ ਦੇ ਚਿਰਾਗੋ ਹੁਣ
ਹਵਾ ਤੋਂ ਨਾ ਡਰੋ ਅਜ ਤੋਂ।
ਨਾ ਚੂਲੀ ਵਿਚ ਲਵੋ ਹੰਝੂ
ਨਾ ਅਗ ਹਥ ਤੇ ਧਰੋ ਅਜ ਤੋਂ।
ਨਹੀਂ ਕੋਈ ਭਰੋਸਾ ਹੁਣ
ਤੁਹਾਡਾ ਦਿਲਬਰੋ ਅਜ ਤੋਂ।
ਏ ਯਾਦਾਂ ਹੋਰ ਵਧ ਜਾਵਣ
ਜਦੋਂ ਆਖਾਂ ਮਰੋ ਅਜ ਤੋਂ।
ਰਹੋ ਬੈਠੇ ਮਿਲਾ ਨਜ਼ਰਾਂ
ਨਾ ਬੇਸ਼ਕ ਗਲ ਕਰੋ ਅਜ ਤੋਂ।

4.
ਕਹਾਣੀ ਪਰ ਕਟਣ ਦੀ ਹੈ, ਇਹ ਦੁਖ ਮੈਂ ਦਸ ਨਹੀਂ ਸਕਦਾ।
ਮੈਂ ਨਕਲੀ ਪਰ ਲਗਾ ਤੁਰਦਾਂ, ਮੈਂ ਉਡ ਹੀ ਬਸ ਨਹੀਂ ਸਕਦਾ।
ਮਿਰੇ ਅਪਣੇ ਲਹੂ ਦੇ ਨੇ,ਇਹ ਵਿਹੜੇ ਵਿਚ ਗਿਰੇ ਤੁਪਕੇ
ਸ਼ਕਾਰੀ ਨਾਲ ਰਲਕੇ ਮੈਂ ਇਹਨਾਂ ਤੇ ਹਸ ਨਹੀਂ ਸਕਦਾ।
ਮਿਰੇ ਮੌਲਾ, ਮਿਰੇ ਮਾਲਕ, ਮਿਰੇ ਮਸਤਕ ’ਚ ਤੂੰ ਲਿਖ ਦੇ
ਕਿਸੇ ਵੀ ਜਾਲ ਅੰਦਰ ਇਹ ਪਰਿੰਦਾ ਫਸ ਨਹੀਂ ਸਕਦਾ।
ਏ ਮੇਰੀ ਬਦਨਸੀਬੀ ਹੈ, ਕਿ ਸ਼ੀਸ਼ੇ ਦੇ ਮਹਲ ਅੰਦਰ
ਮੈਂ ਰਹਿੰਦਾ ਹਾਂ ਮਗਰ ਯਾਰੋ ਮੈਂ ਇਥੇ ਵਸ ਨਹੀਂ ਸਕਦਾ।
ਬਦਨ ਜ਼ਖਮੀਂ ਲਹੂ ਸਿਮਦੈ ਤਿਰੇ ਪੈਰਾਂ ‘ਚ ਛਾਲੇ ਨੇ
ਤੂੰ ਅਪਣੇ ਕਾਤਲਾਂ ਤੋਂ ਹੁਣ ਦਲੇਰਾ ਨਸ ਨਹੀਂ ਸਕਦਾ।

5.
ਸੁਨੇਹਾ ਲੈ ਹਵਾ ਆਈ, ਤਿਰੇ ਜਦ ਔਣ ਦਾ ਯਾਰਾ ।
ਬੜਾ ਦਿਲਕਸ਼ ਲਗੇ ਵਗਣਾ ਅਜੇਹੀ ਪੌਣ ਦਾ ਯਾਰਾ।
ਸੁਰਾਹੀ ਦੀ ਸ਼ਕਲ ਐਸੀ, ਨਹੀਂ ਆਪੇ ਬਣੀ ਲਗਦੀ।
ਨਕਲ ਕੀਤੈ ਕਿਸੇ ਨਕਸ਼ਾ, ਤਿਰੀ ਹੀ ਧੌਣ ਦਾ ਯਾਰਾ।
ਜਿਨ੍ਹਾਂ ਰਾਤਾਂ ਨੂੰ ਤੂੰ ਆਏਂ ਮੇਰੇ ਖਾਬਾਂ ’ਚ ਪਲ ਦੋ ਪਲ
ਮਜ਼ਾ ਵਖਰਾ ਉਨ੍ਹਾ ਰਾਤਾਂ ਨੂੰ ਆਏ ਸੌਣ ਦਾ ਯਾਰਾ।
ਭਰੀ ਮਹਿਫਲ ‘ਚ ਤੂੰ ਹੋਵੇਂ, ਤੇਰੇ ਨੈਣਾ ‘ਚ ਮੈਂ ਹੋਵਾਂ
ਨਸ਼ਾ ਦੁਗਣਾ ਚੜ੍ਹੇ ਦਿਲ ਨੂੰ ਇਹ ਗਜ਼ਲਾਂ ਗੌਣ ਦਾ ਯਾਰਾ।
ਮੈਂ ਪਿਠ ਕਰ ਕੇ ਖੜੋਤਾ ਹਾਂ, ਤਿਰੇ ਹਥ ਤੀਰ ਹਾਕਮ ਦਾ।
ਸਮਾਂ ਆਯੈ ਕਸੂਤਾ ਦੋਸਤੀ ਅਜ਼ਮੌਣ ਦਾ ਯਾਰਾ।
ਏ ਫਟ ਦਿਲ ਦੇ ਪੁਰਾਣੇ ਹਨ ਨਹੀਂ ਭਰਨੇ ਦਲੇਰਾ ਇਹ
ਨਹੀਂ ਹੈ ਫਾਇਦਾ ਕੋਈ ਏ ਮਲਹਮ ਲੌਣ ਦਾ ਯਾਰਾ।

***

ਮੇਜਰ ਭੁਪਿੰਦਰ ਦਲੇਰ
2971 Cornelivs Drive,
San Pablo, CA 94806
USA
Tel: 510-741 7267

e-mail:majorbsd@yahoo.com
 

(22 ਸਤੰਬਰ 2008) ਸੂਰਜ ਯੂਨੀਕੋਡ

 

e-mail:
Likhari

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.