ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts English Shahmukhi Devnagri

 ਅਜੋਕਾ ਵਾਧਾ:: 01 ਜਨਵਰੀ, 2009

ਮੁੱਖ ਪੰਨਾ

          -ਲੇਖ/ਜਾਣਕਾਰੀ/ਪੁਸਤਕ ਪ੍ਰਕਾਸ਼ਨ-

ਲਿਖਾਰੀ


-ਦਲਜੀਤ ਸਿੰਘ-

ਐਪਿਕ ਦਾ ਦਰਜਾ ਪ੍ਰਾਪਤ
ਐਲੈਕਸ ਹੇਲੀ ਦੇ ਸ਼ਾਹਕਾਰ ਨਾਵਲ 'ਰੂਟਸ' ਦਾ ਪੰਜਾਬੀ ਅਨੁਵਾਦ ਛਪ ਗਿਆ

ਅਨੁਵਾਦਕ: ਦਲਜੀਤ ਸਿੰਘ ਐਡਿਮੰਟਨ

ਰੂਟਸ (ਨਾਵਲ)
ਲੇਖਕ: ਐਲੇਕਸ ਹੈਲੀ
ਅਨੁਵਾਦਕ: ਦਲਜੀਤ ਸਿੰਘ ਐਡਮਿੰਟਨ
ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਪੰਨੇ: 828
ਕੀਮਤ: 550 ਰੁਪਏ


ਅਫ਼ਰੀਕਨ ਅਮਰੀਕਨ ਲੇਖਕ, ਐਲੈਕਸ ਹੇਲੀ ਦਾ ਇਹ ਨਾਵਲ ‘ਰੂਟਸ’ ਪਹਿਲੀ ਵਾਰ ਸੰਨ 1976 ਵਿੱਚ ਪ੍ਰਕਾਸ਼ਿਤ ਹੋਇਆ। ‘ਰੂਟਸ’ ਨੇ ਲੇਖਕ ਨੂੰ ਜਗਤ-ਪ੍ਰਸਿੱਧੀ ਦੇ ਸਿਖ਼ਰ ਉੱਤੇ ਪਹੁੰਚਾ ਦਿੱਤਾ। ਇਹ ਨਾਵਲ ਇੱਕ ਕਾਲੇ ਅਮਰੀਕਨ ਪਰਿਵਾਰ ਦੀ ਵੀਰ ਗਾਥਾ ਹੈ। ਪਰਿਵਾਰ ਦੀ ਕਹਾਣੀ ਸੰਨ 1767 ਤੋਂ ਸ਼ੁਰੂ ਹੁੰਦੀ ਹੈ ਜਦੋਂ ਛੇ ਪੁਸ਼ਤਾਂ ਪਿੱਛੇ ਲੇਖਕ ਦਾ ਮਹਾਂ, ਮਹਾਂ,......ਨਾਨਾ, ਕੂੰਤਾ ਕਿੰਤੇ ਨੂੰ ਗੈਂਬੀਆਂ (ਅਫ਼ਰੀਕਾ) ਵਿੱਚੋਂ ਜ਼ਬਰਦਸਤੀ ਚੁੱਕ ਲਿਆ ਗਿਆ ਅਤੇ ਗ਼ੁਲਾਮ ਬਣਾ ਕੇ ਅਮਰੀਕਾ ਦੀ ਧਰਤੀ ਵਿੱਚ ਲਿਆ ਕੇ ਇੱਕ ਕਾਸ਼ਤਕਾਰ ਨੂੰ ਵੇਚ ਦਿੱਤਾ ਗਿਆ। ਇਹ ਨਾਵਲ ਉਸ ਸਮੇਂ ਦੇ ਗ਼ੁਲਾਮਾਂ ਦੇ ਵਪਾਰ, ਗ਼ੁਲਾਮਾਂ ਉੱਤੇ ਅਤਿਆਚਾਰ ਅਤੇ ਗ਼ੁਲਾਮਾਂ ਦੀ ਆਜ਼ਾਦੀ ਲਈ ਘੋਲ ਦਾ ਦਿਲ ਹਿਲਾ ਦੇਣ ਵਾਲਾ ਇਤਿਹਾਸ ਪੇਸ਼ ਕਰਦਾ ਹੈ। ਲੇਖਕ ਦੀ ਨਾਵਲ-ਕਲਾ ਸਾਹਿਤਕਾਰੀ ਖੇਤਰ ਵਿੱਚ ਇੱਕ ਜ਼ਬਰਦਸਤ ਮੀਲ-ਪੱਥਰ ਹੈ। ਨਾਵਲ ਦਾ ਵਿਸ਼ਾ ਇਸ ਸਿੱਟੇ ਉੱਤੇ ਪਹੁੰਚਦਾ ਹੈ ਕਿ ਬਾਵਜੂਦ ਘੋਰ ਅਤਿਆਚਾਰਾਂ ਅਤੇ ਭਿਆਨਕ ਹਾਲਤਾਂ ਦੇ ਮਨੁੱਖੀ ਸਪਿਰਿਟ ਕਦੇ ਨਹੀਂ ਮਰਦੀ।

ਐਲਕਸ ਹੇਲੀ ਦਾ ਜਨਮ ਸੰਨ 1921 ਨੂੰ ਨਿਉ ਯਾਰਕ ਵਿੱਚ ਇਬਾਕਾ ਵਿਖੇ ਹੋਇਆ। ਲੇਖਕ ਦਾ ਮੁਢਲਾ ਜੀਵਨ ਹੈਨਿੰਗ, ਟੈਨੈੱਸੀ ਵਿੱਚ ਬਾਪ ਸਾਈਮਨ ਹੇਲੀ ਅਤੇ ਮਾਤਾ ਬਰਥਾ ਪਾਲਮਰ ਦੀ ਛਤਰ-ਛਾਇਆ ਹੇਠ ਗੁਜ਼ਰਿਆ। ਐਲੈਕਸ ਹੇਲੀ ਨੇ ਵੀਹ ਸਾਲ ਕੋਸਟ ਗਾਰਡ ਦੀ ਨੌਕਰੀ ਕੀਤੀ। ਰਿਟਾਇਰਮੈਂਟ ਪਿੱਛੋਂ, ਇਸ ਨਾਵਲ ਦੇ ਵਿਸ਼ੇ ਵਸਤੂ ਦੀ ਖੋਜ, ਲੇਖਕ ਦੀ ਬਾਰਾਂ ਸਾਲਾਂ ਦੀ ਅਣਥੱਕ ਮਿਹਨਤ ਦਾ ਸਿੱਟਾ ਹੈ। ਲੇਖਕ ਦੀਆਂ ਹੋਰ ਕਿਰਤਾਂ ਤੋਂ ਇਲਾਵਾ, ਉਸ ਦਾ ਇਹ ਨਾਵਲ ਜਗਤ ਪ੍ਰਸਿੱਧ ਹੋਇਆ ਅਤੇ ਐਪਿਕ ਦਾ ਦਰਜਾ ਪ੍ਰਾਪਤ ਕਰ ਗਿਆ। ਆਖ਼ਰ ਐਲੈਕਿਸ ਹੇਲੀ ਸੰਨ 1992 ਵਿੱਚ ਇਸ ਜਹਾਨ ਤੋਂ ਕੂਚ ਕਰ ਗਿਆ।

ਇਸ ਹੀ ਜਗਤ-ਪ੍ਰਸਿੱਧ ਨਾਵਲ ‘ਰੂਟਸ’ ਦਾ ਪੰਜਾਬੀ ਅਨੁਵਾਦ ਪੰਜਾਬੀ ਲੇਖਕ ਦਲਜੀਤ ਸਿੰਘ ਐਡਮਿੰਟਨ ਨੇ ਬੜੀ ਹੀ ਮਿਹਨਤ ਅਤੇ ਲਗਨ ਨਾਲ ਕੀਤਾ ਹੈ। ਅਨੁਵਾਦਕ ਦਲਜੀਤ ਸਿੰਘ ‘ਅਨੁਵਾਦਕ ਵਲੋਂ’ ਆਪਣੇ ਸ਼ਬਦਾਂ ਵਿੱਚ ਲਿਖਦਾ ਹੈ:

-ਮੈਂਨੂੰ ‘ਰੂਟਸ’ (ਜੜ੍ਹਾਂ) ਨਾਵਲ ਸੰਨ 1980 ਵਿੱਚ ਮੇਰੇ ਬੇਟੇ ਸਤਵੰਤ ਸਿੰਘ ਕਨੇਡਾ ਨਿਵਾਸੀ ਤੋਂ ਭਾਰਤ ਵਿੱਚ ਮਿਲਿਆ। ਉਸ ਵੇਲੇ ਮੈਂ ਇਸ ਨਾਵਲ ਨੂੰ ਪੜ੍ਹ ਕੇ ਬਹੁਤ ਪ੍ਰਭਾਵਿਤ ਹੋਇਆ। ਨਾਵਲ ਦੇ ਵਿਸ਼ੇ-ਵਸਤੂ ਦੀ ਤਰਕ ਮੂਲਕ ਵਿਲੱਖਣਤਾ ਅਤੇ ਨਾਵਲ ਕਲਾ ਦੀ ਪੇਸ਼ਕਾਰੀ ਨੇ ਮੇਰੇ ਅੰਦਰ ਇੱਕ ਲਗਨ ਪੈਦਾ ਕਰ ਦਿੱਤੀ ਕਿ ਇਸ ਨਾਵਲ ਦਾ ਪੰਜਾਬੀ ਉਲਥਾ ਪੰਜਾਬੀ ਪਾਠਕਾਂ ਦੀ ਨਜ਼ਰ ਕੀਤਾ ਜਾਏ। ਮੈਂ ਇਸ ਕੰਮ ਲਈ ਬੀੜਾ ਚੁੱਕ ਲਿਆ। ਨਾਵਲ ਦਾ ਲਗਪਗ ਚੌਥਾ ਕੁ ਹਿੱਸਾ ਉਲਥਾ ਕੀਤਾ ਹੋਣਾ ਕਿ ਜ਼ਿੰਦਗੀ ਦੇ ਅਣਸੁਖਾਵੇਂ ਹਾਲਾਤ ਨੇ ਕੰਮ ਬੰਦ ਕਰਵਾ ਦਿੱਤਾ।

ਸੰਨ 1994 ਵਿੱਚ ਕੈਨੇਡਾ ਆ ਕੇ ਦੋ ਕਿਤਾਬਾਂ
(ਮਨੁੱਖੀ ਪ੍ਰਾਪਤੀ ਦੇ ਸਿਖਰ ਅਤੇ ਸੱਚ ਦੀ ਭਾਲ) ਪ੍ਰਕਾਸ਼ਿਤ ਕਰਨ ਪਿੱਛੋਂ ਸੰਨ 2006 ਵਿੱਚ ਮੈਂ ਇਸ ਨਾਵਲ ਦੇ ਕੰਮ ਨੂੰ ਪੂਰਾ ਕਰਨ ਦੀ ਦ੍ਰਿੜ੍ਹਤਾ ਕਰ ਲਈ। ਬੱਸ, ਕੰਮ ਵਿੱਚ ਖੁਭ ਗਿਆ। ਨਾਵਲ ਦੀ ਦਿਲਚਸਪ ਸ਼ੈਲੀ ਮੈਂਨੂੰ ਨਾਲ ਹੀ ਲੈ ਤੁਰੀ। ਨਾਵਲ ਦੇ ਹਰ ਸਫ਼ੇ ਵਿੱਚ ਮਨੁੱਖਤਾ ਦੇ ਇਹਸਾਸਾਂ ਦੀ ਡੁੰਘਾਈ, ਕਾਲੇ ਗ਼ੁਲਾਮਾਂ ਦੇ ਹਿਰਦਿਆਂ ਵਿੱਚ ਆਪਣੀ ਹੋਂਦ ਅਤੇ ਆਜ਼ਾਦੀ ਤੜਪ ਪ੍ਰਤੀ ਲੇਖਕ ਦਾ ਵਿਵੇਕਮਈ ਇਤਿਹਾਸਕ ਵਰਣਨ ਮੇਰੇ ਹਿਰਦੇ ਨੂੰ ਬਲ ਦਿੰਦਾ ਗਿਆ।-

ਇੱਥੇ ਇਹ ਯਾਦ ਕਰਾਉਣਾ ਕੁਥਾਂਹ ਨਹੀ ਹੋਵੇਗਾ ਕਿ ‘ਰੂਟਸ’ ਦਾ ਅੰਗਰੇਜ਼ੀ ਐਡੀਸ਼ਨ ਜਦ 1976 ਵਿੱਚ ਛਪਿਆ ਤਾਂ ਉਸੇ ਸਾਲ ਇਸ ਪੁਸਤਕ ਦੀਆਂ ਦਸ ਲੱਖ ਤੋਂ ਵੀ ਵੱਧ ਕਾਪੀਆਂ ਵਿਕ ਗਈਆਂ। ‘ਰੂਟਸ’ ਉੱਤੇ ਆਧਾਰਿਤ ਟੈਲੀਵੀਜ਼ਨ ਦੀਆਂ ਲੜੀਆਂ ਨੂੰ ਸੰਸਾਰ ਭਰ ਵਿੱਚ ਲਗਪਗ 1300 ਲੱਖ ਲੋਕਾਂ ਨੇ ਵੇਖਿਆ।

'ਰੂਟਸ' ਨਾਵਲ ਜਾਂ ਇਸਦੇ ਮੂਲ ਲੇਖਕ 'ਐਲੈਕਸ ਹੇਲੀ' ਸਬੰਧੀ ਹੋਰ ਜਾਣਕਾਰੀ ਪਰਾਪਤ ਕਰਨ ਲਈ ਕੁਝ ਵੈੱਬ-ਸਾਈਟਸ ਦਾ ਵੇਰਵਾ ਹਾਜ਼ਰ ਹੈ:

http://www.accessgambia.com/information/kunta-kinte-roots.html

http://www.kuntakinte.com/

http://www.kuntakinte.org/

http://dvdmg.com/roots.shtml

http://articles.gourt.com/en/KuntaKinte

(26 ਅਕਤੂਬਰ 2008)

 

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.