ਹਰ
ਮਨੁੱਖ ਅੰਦਰ ਇੱਕ ਕਵੀ ਹੁੰਦਾ ਹੈ ਪਰ ਹਰ ਮਨੁੱਖ ਕਵੀ ਨਹੀਂ ਹੁੰਦਾ। ਭਾਸ਼ਾ
ਪ੍ਰਾਪਤ ਮਨੁੱਖਾਂ ਦਾ ਕਵਿਤਾ ਲਈ ਪਿਆਰ ਜਾਂ ਤ੍ਰਿਸਕਾਰ ਅਸਲ ਵਿਚ ਕਵਿਤਾ ਨਾਲ
ਪ੍ਰਵਿਰਤੀ-ਮੂਲਕ ਰਿਸ਼ਤੇ ਕਾਰਨ ਹੀ ਹੈ। ਇਸੇ ਲਈ ਬਹੁਤੇ ਲੋਕਾਂ ਦਾ ਜੀਅ ਕਰਦਾ
ਹੈ ਕਵੀ ਹੋਣ ਲਈ ਪਰ ਸਭ ਲੋਕ ਕਵੀ ਹੋ ਨਹੀਂ ਸਕਦੇ। ਕਵੀ ਹੋਣ ਲਈ ਜਿਸ
ਪ੍ਰਤਿਭਾ, ਅਨੁਭਵ, ਗਿਆਨ, ਕਾਵਿ ਭਾਸ਼ਾ, ਸੁਹਿਰਦਤਾ, ਸੰਜ਼ਮ, ਸੰਤੋਖ, ਸਹਿਜ,
ਸੁਹਜ, ਤਾਂਘ, ਤੜਪ, ਤਪ, ਤਿਆਗ ਦੀ ਲੋੜ ਹੁੰਦੀ ਹੈ, ਉਹ ਸਭ ਕੋਲ ਨਹੀਂ ਹੁੰਦਾ।
ਕਵੀ ਕੋਲ ਇਹ ਸਭ ਕੁਝ ਸਹਿਜ ਸੁਭਾਅ ਹੀ ਹੁੰਦਾ ਹੈ ਇਸ ਲਈ ਕਵੀ ਸਾਊ, ਸਿਆਣਾ
ਅਤੇ ਸੁਹਣਾ ਹੁੰਦਾ ਹੈ। ਐਸੇ ਕਵੀ ਦੀ ਚਾਲ, ਢਾਲ, ਵੇਖਣੀ-ਚਾਖਣੀ, ਬੋਲ-ਚਾਲ,
ਰਹਿਣੀ-ਬਹਿਣੀ ਤੇ ਮੇਲ ਮਿਲਾਪ ਵਿਚ ਇਕ ਖੁਸ਼ਬੂ ਹੁੰਦੀ ਹੈ। ਇਹ ਖੁਸ਼ਬੂ ਫੈਲਦੀ
ਤਾਂ ਹਵਾ ਵਿਚ ਹੈ ਪਰ ਆਪਣੇ ਸੰਪਰਕ ਵਿਚ ਆਉਣ ਵਾਲਿਆਂ ਦੇ ਮਨਾਂ ਦੀ ਧਰਤੀ 'ਤੇ
ਐਸੀਆਂ ਪੈੜਾਂ ਛੱਡ ਜਾਂਦੀ ਹੈ ਜੋ ਪੁਨੂੰ ਦੀ ਡਾਚੀ ਦੀਆਂ ਪੈੜਾਂ ਵਾਂਗ
ਲੱਭਦੀਆਂ ਤਾਂ ਨਹੀਂ, ਪਰ ਮਿਟਦੀਆਂ ਵੀ ਨਹੀਂ। ਹੱਥਲੀ ਕਾਵਿ ਪੁਸਤਕ ''ਖ਼ੁਸ਼ਬੂ
ਦੀਆਂ ਪੈੜਾਂ" ਇਸੇ ਤਰ੍ਹਾਂ ਦੇ ਇਕ ਖੂਬਸੂਰਤ ਤੇ ਖੂਬਸੀਰਤ ਕਵੀ ਹਰਜੀਤ ਸਿੰਘ
'ਅਸ਼ਕ' ਦੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ ਜਿਨ੍ਹਾਂ ਦੇ ਸੰਬੰਧ ਵਿਚ ਕੁਝ ਕਹਿਣਾ
ਲਿਖਣਾ ਔਖਾ ਵੀ ਹੈ ਤੇ ਸੁਭਾਗਾ ਕਰਮ ਵੀ ਹੈ। ਇਹ ਕਰਮ ਮੇਰੇ ਜਿਮੇ ਲੱਗਾ ਹੈ।
ਇਸ ਕਵਿਤਾ ਦੇ ਸੰਬੰਧ ਵਿਚ ਗੱਲ
ਕਰਨੀ ਇਸ ਲਈ ਵੀ ਮੁਸ਼ਕਿਲ ਹੈ ਕਿ ਇਹ ਇੱਕ ਕਵੀ ਦੀ ਕੋਈ 1967 ਤੋਂ 2007 ਤੱਕ
ਦੀ 40 ਸਾਲ ਦੀ ਲੰਮੀ ਅਨੁਭਵ ਯਾਤਰਾ ਹੈ ਤੇ ਅਨੁਭਵ ਜਿੰਨਾ ਲੰਮੇਰੇ ਕਾਲ ਵਿਚ
ਫੈਲਿਆ ਹੋਵੇ, ਓਨਾ ਵਿਸ਼ਾਲ ਤੇ ਗਹਿਰਾ ਹੁੰਦਾ ਹੈ (ਬਸ਼ਰਤੇ ਹੈ ਕਿ ਉਹ ਸਿਆਣੇ
ਬੰਦੇ ਦਾ ਅਨੁਭਵ ਹੋਵੇ)। ਇਸ ਸੰਗ੍ਰਹਿ ਵਿਚ ਕਾਲਜ ਵਿਚ ਪੜ੍ਹਦੇ ਇਕ ਨੌਜਵਾਨ ਦੇ
ਚੜਦੀ ਉਮਰ ਦੇ ਵਲਵਲੇ, ਸੰਘਰਸ਼ ਤਾਂਘਦੇ ਵਿਚਾਰ, ਜੀਵਨ ਦੇ ਉਤਰਾਅ ਚੜਾਅ,
ਗੁਰਮਤਿ ਦੇ ਸਹਿਜ ਅਤੇ ਪਦਾਰਥਵਾਦੀ ਇਨਕਲਾਬਾਂ ਦੀ ਕਾਹਲ ਵਿਚਲਾ ਤਕਰਾਰ, ਧਰਮ
ਦੇ ਨਾਮ 'ਤੇ ਦੰਭ ਅਤੇ ਰਾਜਨੀਤਕ ਤਾਕਤਾਂ ਦੇ ਜ਼ੁਲਮ, ਸ਼ੋਸ਼ਕਾਂ ਦੇ ਅਨਿਆਂ ਦੇ
ਮੁਕਾਬਲੇ ਆਪਣੀ ਸਮਰੱਥਾ 'ਤੇ ਯਕੀਨ ; ਏਨਾ ਕੁਝ ਹੈ ਕਿ ਸਭ ਕੁਝ ਨੂੰ ਸਮੇਟ ਕੇ
ਕਹਿਣਾ ਵਾਕਿਆ ਹੀ ਮੁਸ਼ਕਿਲ ਹੈ।
ਕਿਸੇ ਨਾਲ ਰਾਬਤਾ ਕਇਮ ਕਰਨ ਲੱਗਿਆਂ
ਦੋ ਪੱਧਰਾਂ ਤੋਂ ਵੇਖੀ ਪਰਖੀਦਾ ਹੈ, ਸਰੀਰ ਤੇ ਸੋਚ। ਪਹਿਲੀ ਪੱਧਰ ਚਿਹਰੇ
ਮੁਹਰੇ ਦੀ ਹੈ ਤੇ ਫੇਰ ਸੋਚ ਦਾ ਪਤਾ ਲੱਗਦਾ ਹੈ। ਪੁਸਤਕ ਦੇ ਨਾਂ ਤੋਂ ਉਪਰੰਤ
ਮੰਗਲਾਚਰਨ ਹੁੰਦਾ ਹੈ, (ਜੇ ਉਹ ਪੁਸਤਕ ਵਿਚ ਦਰਜ ਹੋਵੇ)। ਇਹ ਗੁਰਬਾਣੀ ਦੇ
ਰਹਾਉ ਵਾਂਗ ਹੁੰਦਾ ਹੈ। ''ਖ਼ੁਸ਼ਬੂ ਦੀਆਂ ਪੈੜਾਂ" ਦਾ ਮੰਗਲਾਚਰਨ ਪਵਿਤੱਰ ਸੋਚ
ਦਾ ਝਾਉਲਾ ਪਾਉਂਦਾ ਹੈ। ਇਕ ਵਿਸ਼ਵ ਵਿਆਪੀ ਸੋਚ ਹੈ ਕਿ ਜ਼ਿੰਦਗੀ ਸਾਲਾਂ ਨਾਲ
ਵੱਡੀ ਛੋਟੀ ਨਹੀਂ ਹੁੰਦੀ, ਕਰਮ ਨਾਲ ਵੱਡੀ ਛੋਟੀ ਹੁੰਦੀ ਹੈ। 'ਲਿੱਲੀ ਆਫ ਏ
ਡੇ' ਹੋਵੇ ਜਾਂ 'ਮਨ ਪ੍ਰੀਤ ਚਰਨ ਕਮਲਾਰੇ' ਹੋਵੇ ਹਰਜੀਤ ਸਿੰਘ 'ਅਸ਼ਕ' ਇਕ
ਫ਼ਿਲਾਸਫ਼ਰ ਗੁਰਮੁਖ ਵਾਂਗ ਕਹਿੰਦਾ ਹੈ:
ਸੌ ਸਾਲਾਂ
ਦੀ ਉਮਰਾ ਨਾਲੋਂ
ਇਕ ਛਿੰਨ ਉਮਰ ਚੰਗੀ
ਜੋ ਪ੍ਰੀਤਮ ਦੀ ਸਰਦਲ ਉੱਤੇ
ਸਿਜਦੇ ਦੇ ਵਿਚ ਲੰਘੀ।
ਇਸਨੂੰ ਪੜ੍ਹਕੇ ਪਾਠਕ ਸਮਝ ਜਾਂਦਾ
ਹੈ ਕਿ ਮੈਂ ਇਕ ਨਿਰਮਲ ਸੋਚ ਨਾਲ ਹਮਕਦਮ ਹੋਣ ਲੱਗਾ ਹਾਂ।
'ਅਸ਼ਕ' ਕਵੀ ਹੋਣ ਲਈ ਕਵਿਤਾ ਨਹੀਂ ਕਹਿੰਦਾ ਅਤੇ ਨਾ ਹੀ ਸਥਾਪਤ ਕਵੀ ਹੋਣ ਦੀ
ਕਾਹਲ ਤੇ ਇੱਛਾ ਵਿਚੋਂ ਉਸਦੀ ਕਵਿਤਾ ਨੇ ਜਨਮ ਲਿਆ ਹੈ। ਇਸੇ ਲਈ ਉਹ ਕਵਿਤਾ
ਕਹਿਣ ਲਈ ਉਤਾਵਲਾ ਨਹੀਂ ਹੁੰਦਾ ਸਗੋਂ ਵੇਗ ਦੇ ਪਲਾਂ ਵਿਚ ਹੀ ਆਪਣੀ ਸੰਵੇਦਨਾ
ਨੂੰ ਸ਼ਬਦਾਂ ਵਿਚ ਰੂਪਮਾਨ ਕਰਦਾ ਹੈ। ਇਹੀ ਕਾਰਨ ਹੈ ਕਿ ਉਸਦਾ ਵਿਸ਼ਾ ਖੇਤਰ 40
ਸਾਲ ਦੇ ਵਰਤਾਰੇ ਵਿਚੋਂ ਉਸਰਿਆ ਹੈ ਤੇ ਇਸ ਲੰਮੇ ਅੰਤਰਾਲ ਵਿਚ ਉਸਨੇ ਕਦੀ ਵੀ
ਛਪਣ ਦੀ ਕਾਹਲ ਨਹੀਂ ਵਿਖਾਈ ਪਰ ਇਸਦਾ ਮਤਲਬ ਇਹ ਨਹੀਂ ਕਿ ਉਸਦੀ ਕਵਿਤਾ ਮਿਆਰੀ
ਨਹੀਂ ਹੈ ਜਾਂ ਵਿਚਾਰਾਂ ਦੀ ਗਹਿਰਾਈ ਨਹੀਂ ਹੈ। ਬਲਕਿ ਬਹੁਤੀ ਥਾਈਂ ਉਹ
ਵਿਚਾਰਵਾਨਾਂ ਵਾਂਗ ਸ਼ਿਅਰ ਕਹਿੰਦਾ ਹੈ:
ਜ਼ਹਿਰ ਮੌਤ ਦਾ
ਪੀਵਣ ਵਾਲਾ
ਹਰ ਬੰਦਾ ਸੁਕਰਾਤ ਨਹੀਂ ਹੈ।
---
ਕਾਲੇ ਧੰਦੇ ਵਾਲੇ ਗੋਰੇ ਲਗਦੇ ਨੇ
ਇਹੀਓ ਕਾਲੇ ਧੰਦੇ ਦੀ ਹੁਸ਼ਿਆਰੀ ਹੈ।
---
ਦਿਨ ਦੇ ਲੱਖ ਉਲ੍ਹਾਮੇ ਜ਼ਰਦਾ ਮਰ ਗਿਆ।
ਮਘਦਾ ਮਘਦਾ ਸੂਰਜ ਵੇਖੋ ਠਰ ਗਿਆ।
ਜ਼ਿੰਦਗੀ ਦੇ ਹਰ ਖੇਤਰ ਵਿਚ ਪਛਾਣ
ਉਸੇ ਦੀ ਬਣਦੀ ਹੈ ਜੋ ਭੀੜ ਨਾਲੋਂ ਵੱਖਰਾ ਖਲੋ ਸਕੇ। ਉਹ ਜਲਦੀ ਪਛਾਣਿਆ ਜਾਂਦਾ
ਹੈ। ਪਰ ਜ਼ਰਾ ਉਸ ਮਨੁੱਖ ਦੀ ਵੱਖਰਤਾ ਅਤੇ ਸੁੰਦਰਤਾ ਦਾ ਅੰਦਾਜ਼ਾ ਵੀ ਲਗਾਉਣਾ ਜੋ
ਭੀੜ ਵਿਚ ਖਲੋ ਕੇ ਵੀ ਚਮਕ ਉੱਠੇ ਤੇ ਨਵੇਕਲਾ ਜਾਪੇ। ਮੈ 'ਅਸਕ' ਦੀ ਇਕ ਗ਼ਜ਼ਲ ਦਾ
ਬਾਂਕਪਨ ਵੇਖਣ ਦਾ ਜਤਨ ਕਰ ਰਿਹਾ ਹਾਂ। ਜੋ ਗ਼ਜ਼ਲਾਂ ਦੀ ਭੀੜ ਵਿਚ ਖੜੀ ਵੀ ਵੱਖਰੀ
ਚਮਕਦੀ ਹੈ। ਇਸ ਗ਼ਜ਼ਲ ਦੀ ਬਹਿਰ ਤੇ ਕਾਫ਼ੀਆ ਰਦੀਫ਼ ਏਨੇ ਸਰਲ ਹਨ ਕਿ ਲਗਭਗ ਹਰ
ਪੰਜਾਬੀ ਗ਼ਜ਼ਲਗੋ ਨੇ ਇਸ ਬਹਿਰ ਤੇ ਜ਼ਮੀਨ 'ਤੇ ਸ਼ਿਅਰ ਕਹੇ ਹਨ। ਕਈਂ ਸ਼ਾਇਰਾਂ ਨੇ
ਖੂਬ ਸ਼ਿਅਰ ਕਹੇ ਹਨ ਪਰ 'ਅਸਕ' ਦੀ ਇਸ ਗ਼ਜ਼ਲ ਦੇ ਸ਼ਿਅਰਾਂ ਦਾ ਨਿਆਰਾਪਨ ਵੇਖਿਆਂ
ਹੀ ਬਣਦਾ ਹੈ। ਉਸਦੇ ਸ਼ਿਅਰਾਂ ਵਿਚ ਤੜਕ ਭੜਕ ਦੀ ਥਾਂ ਸੁੰਦਰਤਾ ਹੈ, ਗਹਿਰਾਈ
ਹੈ। 'ਫੇਲੁਨ' ਰੁਕਨ ਦੀ ਮੁਕੰਮਲ ਬਹਿਰ ਦਾ ਕਾਫੀਆ ਰਦੀਫ ਹੈ। 'ਮਾਰੇ ਪੱਥਰ' ਪਰ
ਪੱਥਰਾਂ ਨੂੰ ਆਪਣੀ ਨਿਗਾਹ ਤੋਂ ਨਿਹਾਰਿਆ ਹੈ। ਕੁਝ ਸ਼ਿਅਰ ਦੇਖਣਾ:
ਆਪਣਿਆ ਜੋ
ਮਾਰੇ ਪੱਥਰ।
ਉਹ ਨੇ ਬੜੇ ਪਿਆਰੇ ਪੱਥਰ।
ਪੂਜਾ ਪ੍ਰਤਿਸ਼ਠਾ ਤੋਂ ਪਹਿਲੋਂ
ਕਿੰਨੇ ਦੁੱਖ ਸਹਾਰੇ ਪੱਥਰ।
ਕੁੱਟ ਕੁੱਟ ਕੇ ਜੋ ਰੋੜੀ ਕਰਦੈ
ਉਸਦੇ ਕਰਮ ਸੁਆਰੇ ਪੱਥਰ।
ਰਾਮ ਨਾਮ ਨੇ ਭਵਸਾਗਰ ਤੋਂ
ਤਾਰੇ ਪਾਰ ਉਤਾਰੇ ਪੱਥਰ।
ਪੱਥਰਾਂ 'ਤੇ ਬਹੁਤ ਸ਼ਾਇਰਾਂ ਨੇ
ਸ਼ਿਅਰ ਕਹੇ ਹਨ ਪਰ ਏਨੇ ਕਰੀਏਟਿਵ ਪੱਥਰ ਕਿਤੇ ਵੇਖਣ ਵਿਚ ਨਹੀਂ ਆਏ।
ਸੰਵੇਦਨਸ਼ੀਲ ਮਨੁੱਖ ਹੀ ਕਵੀ ਹੁੰਦਾ ਹੈ। ਉਹ ਵਾਪਰ ਰਹੀਆਂ ਘਟਨਾਵਾਂ ਨੂੰ ਆਮ
ਮਨੁੱਖ ਨਾਲੋਂ ਵਧੇਰੇ ਤੀਬਰਤਾ ਨਾਲ ਮਹਿਸੂਸਦਾ, ਗ੍ਰਹਿਣਦਾ ਹੈ। ਕਿਹੜਾ ਘਟਨਾ
ਕ੍ਰਮ ਕਿਸ ਕਵੀ ਨੂੰ ਵਧੇਰੇ ਝੰਜੋੜਦਾ ਹੈ ਇਹ ਉਸ ਕਵੀ ਦੇ ਮਾਨਸਿਕ ਅਚੇਤ 'ਤੇ
ਨਿਰਭਰ ਕਰਦਾ ਹੈ। ਜਿਵੇਂ ਜੋ ਕਵੀ-ਮਨ ਮਾਰਕਸੀ ਪ੍ਰਭਾਵ ਵਾਲੇ ਸਨ ਉਨ੍ਹਾਂ ਨੂੰ
ਪੰਜਾਬ ਵਿਚ ਬੰਗਾਲੋਂ ਆਏ ਨਕਸਲਬਾੜੀ ਇਨਕਲਾਬ ਨੇ ਵਧੇਰੇ ਟੁੰਬਿਆ ਤੇ ਪੰਜਾਬੀ
ਵਿਚ ਜੁਝਾਰਵਾਦੀ ਕਾਵਿ-ਪ੍ਰੰਪਰਾ ਨੇ ਜਨਮ ਲਿਆ। 1979 ਵਿਚ ਸ਼ੁਰੂ ਹੋਈ ਤੇ 1984
ਵਿਚ ਸਿਖਰੇ ਪਹੁੰਚੀ ਸਿੱਖਾਂ ਦੀ ਨਸਲਕੁਸ਼ੀ ਦੀ ਸਾਜਿਸ ਨੇ ਸਿੱਖ ਮਾਨਸਿਕਤਾ
ਵਾਲੇ ਕਵੀ-ਮਨਾਂ ਨੂੰ ਝੂਣ ਕੇ ਜਗਾਇਆ। ਹਰਜੀਤ ਸਿੰਘ 'ਅਸ਼ਕ' ਮੂਲ ਰੂਪ ਵਿਚ ਧੁਰ
ਅੰਦਰੋਂ ਸਿੱਖ ਹੈ। ਇਸ ਲਈ ਉਸਦੀ ਕਵਿਤਾ ਦਾ ਬਹੁਤਾ ਹਿੱਸਾ ਸਿੱਖ ਨਸਲਕੁਸ਼ੀ ਦੇ
ਵਿਦਰੋਹ ਵਿਚੋਂ ਜਨਮ ਲੈਂਦਾ ਹੈ। ਸਮੁੱਚੇ ਸਿੱਖ ਇਤਿਹਾਸ ਦੇ ਪਿਛੋਕੜ ਵਿਚੋਂ ਉਹ
ਬੜੇ ਦਾਅਵੇ ਨਾਲ ਸਮਕਾਲੀ ਹਕੂਮਤ ਨੂੰ ਵੰਗਾਰਦਾ ਹੋਇਆ ਕਹਿੰਦਾ ਹੈ ਕਿ ਹਰਿਮੰਦਰ
ਸਾਹਿਬ 'ਤੇ ਹਮਲਾ ਤੇ ਸਿੱਖ ਜੁਆਨੀਆਂ ਦਾ ਘਾਣ ਸਿੱਖੀ ਨੂੰ ਮੁਕਾ ਨਹੀਂ ਸਕੇਗਾ।
ਸਿੱਖ ਬਹੁਤ ਵਾਰ ਮਿਟ ਕੇ ਫਿਰ ਸੁਰਜੀਤ ਹੋਏ ਨੇ, ਹੁਣ ਫੇਰ ਹੋਣਗੇ:
ਲਹੂ ਮਹਿੰਗਾ
ਬੜਾ ਸਾਡਾ ਕਿਵੇਂ ਤੂੰ ਮੁੱਲ ਤਾਰੇਂਗਾ।
ਮਰੇ ਨ ਮੌਤ ਤੋਂ ਜਿਹੜੇ, ਭਲਾ ਤੂੰ ਕਿੰਝ ਮਾਰੇਂਗਾ।
ਤੂੰ ਬੰਦੀਖਾਨਿਆਂ ਵਿਚ ਪਾ ਸਕੇਂ, ਬੰਦੇ ਬਣਾ ਬੰਦੀ
ਤੂੰ ਰੂਹਾਂ ਕੈਦ ਕਰਨੇ ਨੂੰ, ਕਿਲ੍ਹੇ ਕਿਹੜੇ ਉਸਾਰੇਂਗਾ।
ਤੂੰ ਕੱਠਾ ਢੇਰ ਸਾਰਾ, ਮੌਤ ਦਾ ਸਾਮਾਨ ਕੀਤਾ ਹੈ
ਬੜਾ ਹੈਰਾਨ ਹਾਂ ਕਿੰਨੇ ਕੁ ਏਦਾਂ ਦਿਨ ਗੁਜਾਰੇਂਗਾ।
---
ਮੰਨਿਆ ਸੰਗਲ ਪੈ ਸਕਦੇ ਨੇ ਬਾਹਵਾਂ ਨੂੰ
ਕੈਦ ਕਦੇ ਨਾ ਕਰ ਸਕਿਆ ਕੋਈ 'ਵਾਵਾਂ ਨੂੰ।
ਹੋਇਆ ਕੀ ਜੇ ਰਾਤ ਬੜੀ ਹੀ ਹੈ ਨ੍ਹੇਰੀ
ਲਹੂ ਬਾਲਕੇ ਰੁਸ਼ਨਾਵਾਂਗੇ ਰਾਹਵਾਂ ਨੂੰ।
---
ਮੌਤ ਬੀਜ ਕੇ ਜੀਵਨ ਦੀ ਤੂੰ ਆਸ ਕਰੇਂ
ਇਹ ਅਣਹੋਣੀ ਬਾਤ ਕਦੇ ਨਹੀਂ ਹੋਵੇਗੀ।
ਅੱਖ ਤੇਰੀ ਮੇਰੇ ਮਰਨੇ ਤੇ ਨਹੀਂ ਰੋਈ
ਅੱਖ ਮੇਰੀ ਤੇਰੇ ਮਰਨੇ ਤੇ ਰੋਵੇਗੀ।
---
ਗੋਲ਼ੀ ਹਥਕੜੀਆਂ ਜ਼ੰਜੀਰਾਂ ਕੋਠੜੀਆਂ,
ਲੋਕਰਾਜ ਦੀਆਂ ਸਾਡੇ ਲਈ ਸੌਗਾਤਾਂ ਨੇ।
ਇਹ ਸਿਰਫ ਉਦਾਹਰਣਾਂ ਹਨ, 'ਅਸ਼ਕ'
ਕਾਵਿ ਇਸ ਰੋਹ ਤੇ ਵੰਗਾਰ ਨਾਲ ਨੱਕੋ ਨੱਕ ਭਰਿਆ ਪਿਆ ਹੈ।
ਮੈਂ ਹਰਜੀਤ ਸਿੰਘ 'ਅਸ਼ਕ' ਦੇ ਗੀਤਾਂ ਦੀ ਗੱਲ ਜ਼ਰੂਰ ਕਰਨੀ ਚਾਹਾਂਗਾ ਕਿਉਂਕਿ ਉਹ
ਵੀ ਬਹੁਤ ਵੱਖਰੇ ਹਨ। ਪੰਜਾਬੀ ਸਾਹਿਤ ਨੂੰ ਬਹੁਤ ਸੁੰਦਰ ਗੀਤ ਸ਼ਿਵ ਬਟਾਲਵੀ ਨੇ
ਦਿੱਤੇ ਹਨ। ਸ਼ਿਵ ਨਿੱਜ ਨੂੰ ਲੋਕ ਵਿਚ ਕਹਿਣ ਵਿਚ ਅੰਤਾਂ ਦਾ ਸਫਲ ਹੋਇਆ ਹੈ। ਉਹ
ਜਵਾਨ ਦਿਲਾਂ ਨੂੰ ਧੜਕਾਉਣ ਤੇ ਤੜਫਾਉਣ ਵਿਚ ਕਾਮਯਾਬ ਹੋਇਆ ਪਰ ਉਸਦੇ ਗੀਤਾਂ
ਵਿਚ ਇੱਕ ਅਤੀ ਹੈ। ਪੀੜ ਅਤੇ ਦਰਦ ਵਿਚ ਬਹੁਤ ਵੱਡਾ ਅੰਤਰ ਹੁੰਦਾ ਹੈ। ਪੀੜ
ਬਾਹਰਮੁਖੀ ਹੁੰਦੀ ਹੈ ਦਰਦ ਅੰਤਰਮੁਖੀ ਹੁੰਦਾ ਹੈ। ਪੀੜ ਨੂੰ ਜ਼ਖ਼ਮ ਵਿਖਾਉਣ ਦੀ
ਕਾਹਲ ਹੁੰਦੀ ਹੈ, ਪਰ ਦਰਦ ਕੋਲ਼ ਜ਼ਖ਼ਮ ਲੁਕਾਉਣ ਦੀ ਕਲਾ ਹੁੰਦੀ ਹੈ। ਪੀੜ ਵਿਚ
ਰੁਦਨ ਹੁੰਦਾ ਹੈ। ਪੀੜ ਉਛਾਲੀ ਜਾਂਦੀ ਹੈ, ਦਰਦ ਸੰਭਾਲਿਆ, ਸੰਜੋਇਆ ਜਾਂਦਾ ਹੈ।
ਬਰਸਾਤੀ ਪਹਾੜੀ ਨਦੀ ਦੇ ਵੇਗ ਤੇ ਝਰਨੇ ਦੀ ਕਲਕਲ ਵਿਚ ਜੋ ਫਰਕ ਹੁੰਦਾ ਹੈ ਉਹੀ
ਫਰਕ ਪੀੜ ਪਰੋਸਣ ਵਾਲੇ ਅਤੇ ਦਰਦ ਸਜਾਉਣ ਵਾਲੇ ਸਹਿਜੀ, ਸੰਜਮੀ ਵਿਚ ਹੁੰਦਾ ਹੈ।
ਖੂਬਸੂਰਤੀ ਦੋਹਾਂ ਵਿਚ ਹੈ। ਇੱਥੇ 'ਅਸ਼ਕ' ਦੇ ਗੀਤਾਂ ਵਿਚੋਂ ਕੁਝ ਨਮੂਨੇ
ਦੇਖਣਾ:
ਕਿਹੜਾ ਸਾਡਾ
ਦੇਸ ਨੀ ਮਾਏ
ਕਿਹੜਾ ਸਾਡਾ ਦੇਸ
ਬੈਠੇ ਹਾਂ ਪ੍ਰਦੇਸ ਨੀ ਮਾਏ
ਬੈਠੇ ਹਾਂ ਪ੍ਰਦੇਸ।
ਏਸ ਮੁਲਕ ਦੀ ਧਰਤੀ ਨੀ ਮਾਏ
ਅਜ਼ਲਾਂ ਤੋਂ ਤ੍ਰਿਹਾਈ
ਏਸ ਮੁਲਕ ਦੇ ਸੂਰਜ ਹਿੱਸੇ
ਕਿਰਨ ਕੋਈ ਨਾ ਆਈ।
ਏਸ ਮੁਲਕ ਵਿਚ ਵੱਸਦਾ ਕੋਈ
ਆਸ਼ਕ ਨਾ ਦਰਵੇਸ਼
ਇਹ ਕੇਹਾ ਹੈ ਦੇਸ।
ਨੀ ਮਾਏ ਇਹ ਕੇਹਾ ਹੈ ਦੇਸ।
ਇਹ ਰੁੱਤ ਕੈਸੀ ਆਈ ਨੀ ਮਾਏ
ਇਹ ਰੁੱਤ ਕੈਸੀ ਆਈ।
ਨਾ ਇਸ ਰੁੱਤੇ ਚੰਬਾ ਖਿੜਦਾ
ਨਾ ਇਸ ਰੁੱਤੇ ਕਾਈ
ਇਹ ਰੁੱਤ ਕੈਸੀ ਆਈ ਨੀ ਮਾਏ
ਇਹ ਰੁੱਤ ਕੈਸੀ ਆਈ।
ਨਾ ਇਸ ਰੁੱਤੇ ਜੀਣਾ ਹੁੰਦਾ
ਨਾ ਇਸ ਰੁੱਤੇ ਮਰਨਾ
ਇਹ ਤਾਂ ਰੁੱਤ ਅਜੇਹੀ ਜਿਕਣ
ਓਟੇ ਦੀਵਾ ਧਰਨਾ
ਮਾਏਂ ਨੀ ਅਸੀਂ ਸੂਰਜ ਸਾਰਾ
ਰਹੀਏ ਬੈਠ ਚੁਰਾਹੀਂ
ਖਬਰੇ ਕਿਧਰੋਂ ਆ ਹੀ ਨਿਕਲੇ
ਪੈ ਕੇ ਯਾਰ ਕੁਰਾਹੀਂ।
ਚੰਬੇ ਅਤੇ ਕਾਈ, ਜੀਣ ਤੇ ਮਰਨ ਅਤੇ
ਓਟੇ ਧਰੇ ਦੀਵੇ ਵਿਚਲੀ ਹਨੇਰੇ ਤੇ ਚਾਨਣ ਦੀ ਪੈਰਾਡੋਕਸੀਨਲ ਦਵੈਤ ਏਨੀ
ਪ੍ਰਬੀਨਤਾ ਨਾਲ ਸਿਰਜਣੀ ਹਰ ਕਵੀ ਦੇ ਹਿੱਸੇ ਨਹੀਂ ਆਉਂਦੀ। ਸਾਰਾ ਸੂਰਜ ਚੁਰਾਹੇ
ਬੈਠਣ ਦੀ ਭਾਸ਼ਾਈ ਸੁੰਦਰਤਾ ਵੀ ਵੇਖਿਆ ਹੀ ਬਣਦੀ ਹੈ। ਇਸ ਤਰ੍ਹਾਂ ਦੇ ਕਾਵਿ
ਮੁਹਾਵਰੇ ਤੇ ਮੁੰਹਾਂਦਰੇ ਸਿਰਜ ਕੇ ਕੋਈ ਕਵੀ ਕਿਸੇ ਭਾਸ਼ਾ ਵਿਚ ਨਵੇਂ ਦਿਸਹੱਦੇ
ਸਿਰਜਦਾ ਹੈ ਅਤੇ ਭਾਸ਼ਾਵਾਂ ਕਵੀ ਦਰ ਕਵੀ ਅਮੀਰ ਹੁੰਦੀਆਂ ਹਨ। ਇਸ ਅਮੀਰੀ ਵਿਚ
ਵਾਧਾ ਅਸ਼ਕ ਦੇ ਗੀਤਾਂ ਨਾਲ ਵੀ ਹੋਇਆ ਹੈ। ਮੈਂ ਕਿਸੇ ਕਵੀ ਨੂੰ ਛੁਟਿਆਉਣ ਜਾਂ
ਕਿਸੇ ਨੂੰ ਵਡਿਆਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸਿਰਫ ਇਕ ਗੱਲ ਸਪੱਸ਼ਟ ਕਰਨੀ
ਚਾਹੁੰਦਾ ਹਾਂ ਕਿ ਅਸ਼ਕ ਦੇ ਗੀਤਾਂ ਵਿਚ ਕਮਾਇਆ ਹੋਇਆ ਸਹਿਜ ਹੈ, ਲੁਟਾਇਆ ਹੋਇਆ
ਰੁਦਨ ਨਹੀਂ। ਉਹ ਪੀੜ ਦੀ ਨੁਮਾਇਸ਼ ਨਹੀਂ ਲਾਉਂਦਾ ਬਲਕਿ ਗੀਤ ਦੇ ਸੁਪਤ-ਸਰਮਾਏ
ਦਰਦ ਦੀ ਸੁਹਜ ਸਜਾਵਟ ਕਰਦਾ ਹੈ। ਇਹ ਮੈਂ ਗੀਤ ਦੇ ਰੂਪਾਕਾਰ ਦੇ ਪੱਖੋਂ ਨਹੀਂ
ਸਗੋਂ ਅਨੁਭਵ ਦੀ ਅਭਿਵਿਅਕਤੀ ਪੱਖੋਂ ਕਹਿ ਰਿਹਾ ਹਾਂ ਅਤੇ ਇਸ ਪੱਖੋਂ 'ਅਸ਼ਕ'
ਨੈਣੋਂ ਡੁਲ੍ਹਦਾ ਕਿਰਦਾ ਨਹੀਂ ਸਗੋਂ ਪਲਕਾਂ ਵਿਚ ਰਚ ਬਸ ਕੇ ਨੈਣਾ ਦੀ ਆਭਾ
ਬਣਦਾ ਹੈ। ਪਲਕੀਂ ਅਟਕੇ ਇਸ 'ਅਸ਼ਕ' ਨੂੰ ਸਿਜਦਾ ਕਰਨ ਨੂੰ ਜੀਅ ਕਰਦਾ ਹੈ।
''ਖ਼ੁਸ਼ਬੂ ਦੀਆਂ ਪੈੜਾਂ"ਕਾਵਿ ਦੀ ਤ੍ਰੈਲੋਕੀ ਹੈ। ਗ਼ਜ਼ਲ, ਗੀਤ, ਕਵਿਤਾ ਇਸਦੇ
ਤਿੰਨੇ ਲੋਕ ਹਨ। ਗ਼ਜ਼ਲ ਵਿਚ ਉਹ ਦਾਰਸ਼ਨਿਕਾਂ ਤੇ ਯੋਧਿਆਂ ਵਾਂਗ ਬੋਲਦਾ ਹੈ। ਗੀਤ
ਦੀ ਗੱਲ ਕਰੀਏ ਤਾਂ ਉਹ ਬਿਰਹੀ ਹੈ, ਸੂਫੀ ਹੈ। ਕਵਿਤਾ ਲੋਕ ਵਿਚ ਉਹ ਸਮਿਆਂ ਦਾ
ਹਾਣੀ ਹੋ ਕੇ ਨਾਲ ਤੁਰਦੇ ਖਰੂਦੀਆਂ ਦੇ ਕੰਨ ਖਿਚੱਦਾ ਪ੍ਰਤੀਤ ਹੁੰਦਾ ਹੈ।
ਕਵਿਤਾ ਕਹਿੰਦਿਆਂ ਉਹ ਸਮਕਾਲੀਆਂ ਨਾਲੋਂ ਵੱਖਰਾ ਪ੍ਰਤੀਤ ਨਹੀਂ ਹੋਇਆ। ਕੁਝ
ਕਵਿਤਾਵਾਂ ਧਿਆਨ ਖਿੱਚਦੀਆਂ ਹਨ ਪਰ ਉਹ ਗੀਤ ਨੁਮਾ ਹਨ। ਹਾਂ ਕਿਤੇ ਕਿਤੇ ਕਵਿਤਾ
ਆਪਣਾ ਡੰਗ ਮਾਰਨੋ ਟਲਦੀ ਨਹੀਂ:
ਮੈਂ ਉਹ
ਨਹੀਂ ਹਾਂ
ਜੋ ਅੰਗਿਆਰਿਆਂ ਨੂੰ
ਫੁੱਲ ਹੋਵਣ ਲਈ ਕਹਾਂਗਾ।
ਤੇ ਨਾ ਮੈਂ ਉਹ ਹਾਂ
ਜੋ ਭਖਦੇ ਥੰਮ੍ਹ ਦੀ
ਮਿੰਨਤ ਕਰਾਂਗਾ।
ਮੈਂ ਤਾਂ ਅੱਗ ਜਾਇਆ ਹਾਂ
ਮੈਨੂੰ ਅੱਗ ਬਣਨਾ ਵੀ ਆਉਂਦਾ ਹੈ
ਤੇ ਅੱਗ ਵਿਚ ਸੜਨਾ ਵੀ ਆਉਂਦਾ ਹੈ।
ਭਾਵੁਕ ਪੱਧਰ ਤੇ ਇਕ ਕਵਿਤਾ, ਇਕ
ਸੰਦੇਸ਼ ਸਿਰਜਦੀ ਹੈ। 'ਮੈਂ ਤਾਂ ਅੱਗ ਜਾਇਆ ਹਾਂ' ਤੱਕ ਇਕ ਕਮਾਲ ਦਾ ਬਿੰਬ
ਉਸਰਦਾ ਹੈ ਪਰ ਅੰਤ ਵਿਚ ਅੱਗ ਜਾਏ ਦਾ ਅੱਗ ਬਣਨਾ ਜਾਂ ਅੱਗ ਵਿਚ ਸੜਨ ਦੀ ਗੱਲ
ਕਹਿਣਾ, ਕਾਵਿ ਬਿੰਬ ਨੂੰ ਤੋੜਦਾ ਹੈ। ਉਸਦੀਆਂ ਬਹੁਤੀਆਂ ਕਵਿਤਾਵਾਂ ਵਿਚ ਬਿੰਬ
ਦੀ ਸਮਗਰਤਾ ਤੇ ਸੰਪੂਰਨਤਾ ਤਿੜਕਦੀ ਹੈ ਤੇ ਉਸਦੇ ਵਿਚਾਰ ਦੀ ਪ੍ਰਬਲਤਾ ਭੰਗ
ਹੁੰਦੀ ਹੈ। ਮੇਰਾ ਇਹ ਕਹਿਣਾ ਕਵਿਤਾ ਨੂੰ ਰੱਦ ਕਰਨਾ ਨਹੀਂ ਸਗੋਂ ਸੁਹਿਰਦ
ਸਮਾਲੋਚਨਾ ਹੈ, ਆਸ ਹੈ ਮਾਫ ਕੀਤੀ ਜਾਵੇਗੀ।
ਅੰਤ ਵਿਚ ਇਹੀ ਕਹਾਂਗਾ ਕਿ ''ਖ਼ੁਸ਼ਬੂ
ਦੀਆਂ ਪੈੜਾਂ" ਨੱਪਦੇ ਮਾਤਲੋਕ, ਦੇਵਲੋਕ ਤੇ ਪਾਰਲੋਕ ਦੀ ਯਾਤਰਾ 'ਤੇ ਨਿਕਲਣ ਲਈ
ਇਸ ਕਾਵਿ ਪੁਸਤਕ ਦੇ ਵਿਚੋਂ ਦੀ ਲੰਘੋ।
(22 ਨਵੰਬਰ 2008)