ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts English Shahmukhi Devnagri

 ਅਜੋਕਾ ਵਾਧਾ:: 02 ਦਸੰਬਰ, 2008

-ਕਵਿਤਾਵਾਂ-

ਗਜ਼ਲ ਅਤੇ ਕਜ਼ਾ
-ਕੇਹਰ ਸ਼ਰੀਫ਼-

ਦੋ ਸ਼ਬਦ

ਕੇਹਰ ਸ਼ਰੀਫ਼ (ਜਰਮਨੀ) ਦੀਆਂ 'ਲਿਖਾਰੀ' ਵਿੱਚ ਹੁਣ ਤੱਕ 46 ਰਚਨਾਵਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ । 'ਕੁੱਜੇ ਵਿੱਚ ਸਮੁੰਦਰ ਬੰਦ' ਕਰਨ ਵਾਂਗ ਆਪ ਦੀਆਂ ਰਚਨਾਵਾਂ, ਤਿੱਖਾ, ਦਿੱਲ ਨੂੰ ਟੁੰਬਵਾਂ, ਸੰਖੇਪ ਪਰ ਸਦ ਰਹਿਣਾ ਪ੍ਰਭਾਵ ਛੱਡਦੀਆਂ ਹਨ। ਸਾਰੀਆਂ ਹੀ ਰਚਨਾਵਾਂ ਨੂੰ ਪਾਠਕਾਂ/ਲੇਖਕਾਂ ਵਲੋਂ ਬਹੁਤ ਹੀ ਭਰਵਾਂ ਹੁੰਗਾਰਾਂ ਮਿਲਿਆ ਹੈ।

ਕੇਹਰ ਸ਼ਰੀਫ ਕਮਾਲ ਦੇ ਵਾਰਤਕ ਲਿਖਾਰੀ ਅਤੇ ਅਨੁਵਾਦਿਕ ਤਾਂ ਹਨ ਹੀ ਪਰ ਉਹ ਬਹੁਤ ਵਧੀਆ ਕਵਿਤਾਵਾਂ ਵੀ ਲਿਖਦੇ ਹਨ। ਉਹਨਾਂ ਦੀਆਂ 'ਦੋ ਕਵਿਤਾਵਾਂ: ਗ਼ਜ਼ਲ ਅਤੇ ਕਜ਼ਾ' ਪਾਠਕਾਂ ਗੋਚਰੇ ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।---ਲਿਖਾਰੀ

ਗਜ਼ਲ
ਬੰਦ ਦਰਵਾਜ਼ਿਆਂ ਵਾਲੇ ਘਰਾਂ ਵਿਚ ਬੋਲਦੇ ਲੋਕੀ ।
ਪ੍ਰਛਾਵੇਂ ਆਪਣੇ ਵਿਚੋਂ ਹੀ ਧੁੱਪ ਨੂੰ ਟੋਲ਼ਦੇ ਲੋਕੀ ।

ਕਦੇ ਉੱਚੀ, ਕਦੇ ਨੀਵੀਂ ਕਿ ਸੁਰ ਹੁੰਦੀ ਹੈ ਲੋਕਾਂ ਦੀ
ਸਿਰੋਂ ਜਦ ਪਾਣੀ ਟੱਪ ਜਾਵੇ ਤਾਂ ਫਿਰ ਹਨ ਖੌਲ਼ਦੇ ਲੋਕੀ ।

ਜ਼ਮਾਨਾ ਬਦਲ ਜਾਂਦੈ, ਬਦਲ ਜਾਂਦੀ ਹੈ ਤਾਸੀਰ ਆਪੇ
ਦਿਲਾਂ ਵਿਚ ਪੈ 'ਗੀਆਂ ਘੁੰਡੀਆਂ ਕਿਉਂ ਨਹੀਂ ਖੋਲ੍ਹਦੇ ਲੋਕੀ ?

ਬਿਠਾ ਕੇ ਕੋਲ਼ ਗੈਰਾਂ ਨੂੰ ਤੇ ਸਿਜਦੇ ਕਰਨ ਬਹਿ ਜਾਂਦੇ
ਕਿਉਂ ਆਪਣੇ ਭਰਾਵਾਂ ਨਾਲ ਨਹੀਂ ਦਿਲ ਫੋਲਦੇ ਲੋਕੀ ?

ਤਕਦੀਰਾਂ ਦੇ ਸੰਗਲਾਂ ਵਿਚ ਖੁਦ ਹੀ ਕੈਦ ਹੋ ਜਾਂਦੇ
ਕਿਸਮਤ ਹੱਥੀਂ ਘੜ੍ਹ ਸਕਦੇ ਹਾਂ ਕਿਉਂ ਨਹੀਂ ਗੌਲ਼ਦੇ ਲੋਕੀ ?

ਦਰਖ਼ਤਾਂ ਨੂੰ ਨਿਕਲ ਆਵਣ ਨਵੇਂ ਪੱਤੇ ਤਾਂ ਰੰਗ ਬਦਲੇ
ਖ਼ਿਜ਼ਾਂ ਦੇ ਬੀਤ ਜਾਵਣ 'ਤੇ ਵੀ ਕਿਉਂ ਨਹੀਂ ਮੌਲ਼ਦੇ ਲੋਕੀ ?

ਸਿਰ ਵੀ ਕਾਇਮ ਕਹਿੰਦੇ ਨੇ 'ਤੇ ਜੀਭਾਂ ਵੀ ਸਲਾਮਤ ਨੇ
ਜ਼ੁਲਮ ਹੁੰਦਾ ਹੈ ਹਰ ਪਾਸੇ ਕਿਉਂ ਨਹੀਂ ਬੋਲਦੇ ਲੋਕੀ ?
**
ਕਜ਼ਾ
ਉਹ ਤਾਂ ਬਸ ਉਸਦੀ ਕਜ਼ਾ ਕਰਦਾ ਰਿਹਾ
ਫੇਰ ਵੀ ਉਸਦੀ ਸਜ਼ਾ ਜਰਦਾ ਰਿਹਾ

ਪੀਲ਼ਿਆਂ ਪੱਤਿਆਂ ਦੀ ਥੋੜ੍ਹੀ ਉਮਰ ਸੀ
ਬਿਨ ਪਲੱਤਣ ਦੇ ਵੀ ਫਿਰ ਸਰਦਾ ਰਿਹਾ

ਨਾ ਉਡੀ ਸੀ ਧੂੜ ਨਾ ਕੂੰਜਾਂ ਕਿਤੇ
ਮੇਘਲ਼ਾ ਬਿਨ ਬੱਦਲ਼ੋਂ ਵਰ੍ਹਦਾ ਰਿਹਾ

ਹਰ ਸੁਬਹ ਕੀਤਾ ਓਹਨੇ ਮੈਨੂੰ ਕਤਲ
ਮੈਂ ਰਿਹਾ ਜੀਊਂਦਾ ਉਹ ਪਰ, ਮਰਦਾ ਰਿਹਾ

ਮੌਤ ਨੂੰ ਮਾਸੀ ਸਦਾ ਕਹਿੰਦਾ ਸੀ ਜੁ
ਉਮਰ ਭਰ ਉਹ ਮੌਤ ਤੋਂ ਡਰਦਾ ਰਿਹਾ

ਤੋੜ ਕੇ ਹੱਥੀਂ ਕਲੀਰੇ ਭੈਣ ਦੇ
ਜੋਰਾਵਰੀ ਦਾ ਝੂਠਾ ਦਮ ਭਰਦਾ ਰਿਹਾ

ਅਮਲ ਨੇ ਕਰਨੈ ਨਿਬੇੜਾ ਸਿਦਕ ਦਾ
ਝੂਠ 'ਤੇ ਕਦ ਤੱਕ ਭਲਾਂ ਪਰਦਾ ਰਿਹਾ?

ਸ਼ੌਕ ਸੀ ਹੱਡ ਸੇਕਣੇ ਦਾ ਅੱਗ ਬਿਨਾ
ਕੜਕਦੀ ਪਰ ਧੁੱਪ ਵਿਚ ਠਰਦਾ ਰਿਹਾ

ਬੀਜ ਕੇ ਜਿਸਮਾਂ 'ਤੇ ਕੰਡੇ ਜ਼ਹਿਰ ਦੇ
ਦੱਸ ਭ?? ਕੀ ਮੂਰਖਾ ਕਰਦਾ ਰਿਹਾ?

ਨ੍ਹੇਰਿਆਂ ਨੂੰ ਪਾੜ ਜੁਗਨੂੰ ਤੁਰ ਗਿਐ
ਚਾਨਣਾਂ ਇਕ ਲੀਕ ਬਣ ਤਰਦਾ ਰਿਹਾ
 

****
2 ਦਸੰਬਰ 2008-ਸੂਰਜ ਯੂਨੀਕੋਡ

ਕੇਹਰ ਸ਼ਰੀਫ਼ ਦੀਆਂ ਲਿਖਾਰੀ ਵਿਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ>>>>

ਲਿਖਾਰੀ
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.