'ਬੁੱਤ
ਤੋੜਨਾ ਮਨ੍ਹਾ ਹੈ' ਮੁਸ਼ਤਾਕ ਦਾ ਸਤਵਾਂ ਕਾਵਿ-ਸੰਗ੍ਰਹਿ ਹੈ। ਪੰਜਾਬੀ ਕਵਿਤਾ ਦੇ
ਖੇਤਰ ਵਿਚ ਮੁਸ਼ਤਾਕ ਕੋਈ ਨਵਾਂ ਨਾਂ ਨਹੀਂ। ਬਰਤਾਨੀਆ ਵਿਚ ਲਿਖੀ ਗਈ ਪੰਜਾਬੀ
ਕਵਿਤਾ ਦੇ ਮੁੱਢਲੇ ਪੜਾਅ ਤੋਂ ਲੈ ਕੇ ਹੁਣ ਤੱਕ ਲਗਾਤਾਰ ਕਾਵਿ-ਸਿਰਜਣਾ ਕਰਦਾ ਆ
ਰਿਹਾ ਹੈ।
ਆਪਣੀਆਂ ਇਸ ਤੋਂ ਪਹਿਲੀਆਂ ਕਾਵਿ-ਪੁਸਤਕਾਂ ਜਿਵੇਂ, 'ਤੁਰਦੇ ਜਾਵਣ ਪੈਰ', 'ਧਾਰ
ਤੇ ਤੁਰਦੇ ਪੈਰ', 'ਬੇਚਰਾਗ ਗਲੀਆਂ', 'ਰੱਤ ਜਗੇ', 'ਜੀਣ ਜੋਗੇ', 'ਤਨਹਾਈਆਂ'
ਵਿਚ ਉਸਨੇ ਨਜ਼ਮ ਅਤੇ ਗ਼ਜ਼ਲ ਨੂੰ ਸੰਗ ਸੰਗ ਤੋਰਿਆ ਹੈ। 'ਤਨਹਾਈਆਂ' ਉਸਦਾ ਨਿਰੋਲ
ਗ਼ਜ਼ਲ-ਸੰਗ੍ਰਹਿ ਹੈ। ਆਪਣੀ ਇਸ ਸਮੁੱਚ ਸ਼ਾਇਰੀ ਵਿਚ ਉਸਨੇ ਪ੍ਰਗਤੀਸ਼ੀਲ ਸ਼ਾਇਰੀ ਅਤੇ
ਤਨਹਾਈ ਦੀ ਸ਼ਾਇਰੀ ਨੂੰ 'ਪਰ' ਅਤੇ 'ਨਿਜ' ਦੇ ਸੰਦਰਭ ਵਿਚ ਸਿਰਜਿਆ ਹੈ। 'ਸਵੈ'
ਅਤੇ 'ਪਰ' ਹਮੇਸ਼ਾ ਹੀ ਉਸਦੀ ਕਵਿਤਾ ਵਿਚ ਬਿਰਾਜਮਾਨ ਰਹੇ ਹਨ।
'ਬੁਤ
ਤੋੜਨਾ ਮਨਾ ਹੈ' ਦੇ ਸਮੁੱਚੇ ਪਾਠ ਉਪਰੰਤ ਇਹ ਪਟੱਕ ਮੇਰਾ ਵਧੇਰੇ ਧਿਆਨ ਖਿੱਚਦੀ
ਹੈ। ਕਾਰਨ, ਇਹ ਭਾਰਤੀ ਨਾਰੀ ਦੇ ਸੰਘਰਸ਼ ਅਤੇ ਸੰਵੇਦਨਾ ਨੂੰ ਸਮਰਪਿਤ ਹੈ। ਇਸੇ
ਸਮਰਪਣ ਦੀ ਪ੍ਰਕਿਰਤੀ ਨੂੰ ਜ਼ਿਹਨ ਵਿਚ ਰੱਖਦਿਆਂ ਅਤੇ ਸਮੁੱਚੀ ਪੁਸਤਕ ਦਾ ਪਾਠ
ਕਰਨ ਉਪਰੰਤ ਇਸ ਪੁਸਤਕ ਨੂੰ ਭਾਰਤੀ ਸਮਾਜਿਕ, ਧਾਰਮਿਕ ਅਤੇ ਸਭਿਆਚਾਰਕ ਪਿੱਠ
ਭੂਮੀ ਵਿਚੋਂ ਹੀ ਸਮਝਣਾ ਅਤੇ ਵੀਚਾਰਨਾ ਜਾਇਜ਼ ਹੈ। ਇਸ ਨਾਲ ਟੈਕਸਟ ਅਤੇ ਸਮਾਜ
ਦਾ ਆਪਸੀ ਦਵਨਧਾਤਮਕ ਰਿਸ਼ਤਾ ਵੀ ਉਭਰ ਕੇ ਆਉਂਦਾ ਹੈ।
ਇਸ ਸੰਗ੍ਰਹਿ ਦੀਆਂ ਸਾਰੀਆਂ ਨਜ਼ਮਾਂ ਨੂੰ ਸਹਿਜੇ ਹੀ ਦੋ ਹਿੱਸਿਆਂ ਵਿਚ ਵੰਡਿਆ
ਜਾ ਸਕਦਾ ਹੈ। ਪੰਨਾ 9 ਤੋਂ 90 ਤੱਕ ਦੀਆਂ ਸਾਰੀਆਂ ਨਜ਼ਮਾਂ ਇੱਕ ਦੂਜੇ ਤੋਂ
ਸੁਤੰਤਰ ਵੀ ਹਨ ਅਤੇ ਥੀਮ ਪੱਖੋਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਵੀ ਹਨ। 91
ਸਫ਼ੇ ਤੋਂ ਲੈ ਕੇ 120 ਸਫ਼ੇ ਤੱਕ ਵੱਖ ਵੱਖ ਸਿਰਲੇਖਾਂ ਹੇਠ ਪੇਸ਼ ਹੋਈ ਇਕੋ ਲੰਬੀ
ਕਵਿਤਾ 'ਬੁੱਤ ਤੋੜਨਾ ਮਨਾ ਮਨਾ ਹੈ' ਹੈ। ਆਪਣੀਆਂ ਸੁਤੰਤਰ ਕਵਿਤਾਵਾਂ ਵਿਚ
ਮੁਸ਼ਤਾਕ ਨੇ ਵਿਵਿਧ ਕਾਵਿ-ਰੂਪਾਂ ਦੀ ਸਿਰਜਣਾ ਕੀਤੀ।ਜਿਵੇਂ ਨਿੱਕੀ ਨਜ਼ਮ, ਪਾਬੰਧ
ਨਜ਼ਮ, ਖੁੱਲ੍ਹੀ ਨਜ਼ਮ, ਗ਼ਜ਼ਲ ਦੇ ਕੁਝ ਸ਼ੇਅਰ ਆਦਿ। ਇਨ੍ਹਾਂ ਸਾਰੀਆਂ ਨਜ਼ਮਾਂ ਨੂੰ
ਸਹਿਜੇ ਹੀ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ, ਮਨੁੱਖੀ ਸਮਾਨਿਆ ਸਰੋਕਾਰਾਂ
ਨਾਲ ਸੰਬੰਧਿਤ ਕਵਿਤਾ ਮੂਲ ਰੂਪ ਵਿਚ ਮਨੁੱਖ ਦੀ ਹਿੰਸਕ ਰੁਚੀ ਦੇ ਖ਼ਿਲਾਫ਼
ਭੁਗਤਦੀ ਹੈ ਜਿਵੇਂ 'ਜੰਗ ਨਹੀਂ', 'ਸੁਫ਼ਨਿਆਂ ਦਾ ਕੀ ਬਣੂੰ', 'ਨਵੀਂ ਨਸਲ ਦਾ
ਦੁਖਾਂਤ', 'ਵਾਪਸੀ ਦਾ ਸਫ਼ਰ', 'ਬਰਫ਼ ਦੀ ਅੱਗ', 'ਕਰਫਿਉ ਦੀ ਸ਼ਾਮ', 'ਇਨਸਾਨ
ਵਰਦੀ', 'ਕਾਲੀ ਰਾਤ ਦੀ ਲਕੀਰ', 'ਵਕਤ ਦੀ ਅਵਾਜ਼', 'ਉਸ ਪਿੰਡ ਤੇ ਠੰਢੀ ਛਾਂ
ਕਰੀਂ', 'ਕਲਮ ਤੇ ਪੈਨ', 'ਤਲਾਸ਼', 'ਧਰਤੀ ਕਾਂਬਾ', "ਗੁਆਚੇ ਰਾਹ', ਆਦਿ।
ਇਨ੍ਹਾਂ ਨਜ਼ਮਾਂ ਵਿਚ ਸਿਆਸਤੀ ਦਾਅ-ਪੇਚਾਂ, ਮਨੁੱਖ ਦੀ ਹਿੰਸਕ ਰੁਚੀ ਤੇ ਵਿਅੰਗ
ਕੀਤਾ ਗਿਆ ਹੈ। ਇਹ ਨਜ਼ਮਾਂ ਪ੍ਰਤੱਖ ਤੌਰ ਤੇ ਇੰਨਸਾਨੀਅਤ ਦੇ ਸਾਂਝੇ ਮਸਲਿਆਂ
ਨਾਲ ਸੰਬੰਧਿਤ ਹਨ ਲੇਕਿਨ ਕਵਿਤਾਵਾਂ ਵਿਚ ਸਿਰਜੀਤ ਸ਼ਬਦ ਸਿੱਧੀ ਸਪਾਟ ਬਿਆਨੀ ਦੀ
ਥਾਂ ਸ਼ਬਦਾਂ ਤੋਂ ਪਾਰ ਅਰਥਾਂ ਦੀਆਂ ਵਿਭਿੰਨ ਪਰਤਾਂ ਖੋਲ੍ਹਦੇ ਚਲੇ ਜਾਂਦੇ ਹਨ।
ਕਦੇ ਤਾਂ ਬੜੇ ਹੀ ਸਾਧਾਰਣ ਸ਼ਬਦਾਂ ਵਿਚੋਂ ਅਸਾਧਾਰਣ ਅਰਥਾਂ ਦਾ ਵਿਸਫੋਟ ਹੁੰਦਾ
ਹੈ। ਇੱਕ ਦੋ ਮਿਸਾਲਾਂ 'ਜੰਗ ਨਹੀਂ' ਕਵਿਤਾ ਵਿਚੋਂ :-
( ਊਂ ) ''ਮਰਦ ਜੇ ਬੰਬਾਂ ਨਾਲ
ਬੱਚੇ ਵੀ ਬਣਾ ਲੈਂਦੇ
ਤਾਂ ਈਮਾਨ ਨਾਲ ! ਉਹ ਕਦੇ
ਬੰਬ ਈਜਾਦ ਨਾ ਕਰਦੇ''
( ਬੁੱਤ ਤੋੜਨਾ ਮਨਾ ਹੈ, ਪੰਨਾ,11 )
( ਆ ) ''ਦੋਸਤੋ! ਮੈਂ ਹਰ ਵਾਰ ਜੰਗ ਦੀ ਕਵਿਤਾ
ਨਾ ਲਿਖਣ ਦੀ ਸਹੁੰ ਖਾਂਦਾ ਹਾਂ !
ਪਰ ਹਰ ਸਾਲ ਛਮਾਹੀਂ
ਆਪਣੀ ਹੀ ਕਲਮ ਸਾਹਵੇਂ ਕਤਲ ਹੋ ਜਾਂਦਾ ਹਾਂ।''
( ਉਹੀ, ਪੰਨਾ, 12 )
ਇਸ ਤੋਂ ਇਲਾਵਾ ਕੁਝ ਕਵਿਤਾਵਾਂ 'ਮੈਂ' ਅਤੇ 'ਤੂੰ' ਦੇ ਅਹਿਸਾਸ-ਮੁਖੀ ਰਿਸ਼ਤੇ
ਦੀ ਪੇਸ਼ਕਾਰੀ ਕਰਦੀਆਂ ਹਨ । ਇਹ ਕਵਿਤਾਵਾਂ ਆਪਣੀ ਪੇਸ਼ਕਾਰੀ ਵਿਚ ਵਧੇਰੇ ਸੁਹਜਮਈ
ਹਨ ਕਿਉਂਕਿ ਇਹ ਵਿਚਾਰ ਦੀਆਂ ਨਹੀਂ ਅਹਿਸਾਸ ਦੀਆਂ ਕਵਿਤਾਵਾਂ ਹਨ। ਇਨ੍ਹਾਂ
ਵਿਚਲੀ ਸਿਰਜਤ ਭਾਸ਼ਾ ਦਿਲ ਦੀ ਭਾਸ਼ਾ ਹੈ ਜੋ ਸ਼ਬਦਾਂ ਤੋਂ ਪਾਰ ਮਨੁੱਖੀ ਅਹਿਸਾਸ
ਦੀ ਪੱਧਰ ਤੇ ਆਪਣਾ ਅਰਥ ਸੰਚਰਿਤ ਕਰਦੀ ਹੈ। ਉਧਾਹਰਨ ਦੇ ਤੌਰ ਤੇ 'ਅੰਨ੍ਹੇ
ਮੋੜ' ਕਵਿਤਾ ਵਿਚਲੇ ਅਹਿਸਾਸ ਦੇ ਸੁਹਜ ਸਿਰਜਣ ਦਾ ਨਮੂਨਾ ਪੇਸ਼ ਹੈ:-
''ਠਰੀਆਂ ਰਾਤਾਂ ਵਿਚ
ਮੇਰੇ ਦੁੱਖਾਂ ਦੀ ਨਦੀ ਦੀਆਂ ਛਲਾ
ਤੇਰੀ ਨਿੱਘੀ ਰੂਹ ਤੱਕ ਅਪੜਦੀਆਂ ਰਹੀਆਂ
ਚੁੱਪ ਦੀ ਚਿਖ਼ਾ ਦੇ ਸੇਕ ਵਿਚ
ਮੋਹ-ਚਿੜੀਆਂ ਸੜਦੀਆਂ ਰਹੀਆਂ
ਛਾਤੀ ਵਿਚ ਲੁਕੇ ਸੁਫਨੇ
ਬੇਕਾਬੂ ਵਛੇਰੇ ਵਾਂਗ
ਰਾਹੋਂ ਕੁਰਾਹੇ ਹੁੰਦੇ ਰਹੇ
ਇੱਕ ਸਵੇਰ
ਜ਼ਿੰਦਗੀ ਦੇ ਕਿਸੇ ਅੰਨ੍ਹੇ ਮੋੜ ਤੇ
ਇੱਕ ਪਰਛਾਵੇਂ ਵਾਂਗ
ਅਸੀਂ ਇੱਕ ਦੂਜੇ ਵਿਚ ਘੁਲ ਮਿਲ ਗਏ।''
( ਉਹੀ, ਪੰਨਾ, 54 )
ਇਸੇ ਤਰ੍ਹਾਂ 'ਆ ਰਤੀ ਕੁ ਨੇੜੇ ਹੋ ਕੇ ਬੈਠੀਏ', 'ਬੇਨਾਮ ਰਿਸ਼ਤਾ', 'ਵੇਖ',
'ਉਂਗਲਾਂ ਦੀ ਛਾਂ', 'ਕੰਧਾਂ', 'ਤੇਰੇ ਆਉਣ ਤੇ', ਆਦਿ। ਨਜ਼ਮਾਂ ਵਿਚ ਕਾਵਿ-ਮੈਂ
ਅਤੇ ਕਾਵਿ-ਤੂੰ ਦੇ ਅਹਿਸਾਸਮੁਖੀ ਰਿਸ਼ਤੇ ਦੀ ਪੇਸ਼ਕਾਰੀ ਹੋਈ ਹੈ। ਇਨ੍ਹਾਂ ਨਜ਼ਮਾਂ
ਵਿਚ 'ਮੈਂ' ਅਤੇ 'ਤੂੰ' ਵਿਚਕਾਰ ਸਿਰਜਤ ਰਿਸ਼ਤਾ ਸਮਾਜਿਕ ਰਿਸ਼ਤਿਆਂ ਵਾਲੀ
ਡਿਕਸ਼ਨਰੀ ਵਿਚ ਫ਼ਿੱਟ ਨਹੀਂ ਹੁੰਦਾ। ਇਓਂ ਇਹ ਕਵਿਤਾਵਾਂ ਸ਼ਬਦਾਂ ਤੋਂ ਪਾਰ, ਸਮਾਜ
ਸਭਿਆਚਾਰ ਤੋਂ ਪਾਰ ਰੂਹਾਂ ਦੇ ਰਿਸ਼ਤੇ ਵਿਚ ਬੱਝੀਆਂ ਹੋਈਆਂ ਧਿਰਾਂ ਦੇ ਅਹਿਸਾਸ
ਦੀ ਤਰਜਮਾਨੀ ਹੀ ਕਰਦੀਆਂ ਹਨ। ਅਹਿਸਾਸ ਮਈ ਰਿਸ਼ਤੇ ਦੀ ਇਸ ਸਿਰਜਤ ਭਾਸ਼ਾ ਵਿਚ
ਮੋਹ ਹੈ, ਨਜ਼ਾਕਤ ਹੈ, ਸਲੀਕਾ ਹੈ, ਇੱਜ਼ਤ ਹੈ, ਸੁੱਚਤਾ ਹੈ। ਇਹ ਰਿਸ਼ਤੇ ਸਾਹ
ਲੈਦੇ ਹਨ, ਧੜਕਦੇ ਹਨ, ਤਣਾਓ ਵਿੱਚ ਨਹੀਂ ਬੱਝਦੇ, ਇੱਕ ਦੂਜੇ ਨਾਲ ਹੌਲੀ ਹੌਲੀ
ਗੱਲ ਬਾਤ ਕਰਦੇ ਹਨ, ਧੀਮੀ ਰਫ਼ਤਾਰ ਵਿਚ, ਸਹਿਜ ਵਿਚ। ਇਨ੍ਹਾਂ ਰਿਸ਼ਤਿਆਂ ਵਿਚ
ਕੋਈ ਤਰਥੱਲੀ ਨਹੀਂ ਮੱਚਦੀ, ਇਹ ਦਿਲ ਦੀ ਧੜਕਣ ਦੀ ਉਦਾਸ ਰਫ਼ਤਾਰ ਵਾਂਗ ਤੁਰਦੇ
ਹਨ, ਛਟਪਟਾਉਂਦੇ ਹਨ, ਮੁਸਕਰਾਉਂਦੇ ਹਨ, ਗਿਲਾ ਸ਼ਿਕਵਾ ਨਹੀਂ ਕਰਦੇ, ਸਹਿਜ ਹਨ,
ਆਪ ਮੁਹਾਰੇ ਧਰਤੀ ਚੋਂ ਬੂਟੇ ਦੇ ਉੱਗਣ ਵਾਂਗ। ਏਸੇ ਲਈ ਇਨ੍ਹਾਂ ਰਿਸ਼ਤਿਆਂ ਦੀ
ਪੇਸ਼ਕਾਰੀ ਵਿਚ ਸੁਹਜ ਹੈ।
''ਰਾਤ ਛੋਟੀ ਹੈ ਤੇ ਗੱਲਾਂ ਬਹੁਤ ਨੇ
ਆ ਰਤੀ ਕੁ ਨੇੜੇ ਹੋ ਕੇ ਬੈਠੀਏ
ਇੱਕ ਦੂਜੇ ਦੀ ਕਹਾਣੀ ਛੇੜੀਏ
ਨਿੱਘ ਦਾ ਡੂੰਘਾ ਹੁੰਗਾਰਾ ਵੰਡੀਏ
ਰੂਹ ਦੇ ਜ਼ਖ਼ਮਾਂ ਤੇ ਕੱਚੇ ਦੁੱਧ ਦੇ
ਕੋਸੇ ਕੋਸੇ ਫੇਹੇ ਰਲ ਕੇ ਰੱਖੀਏ
ਪੋਟਿਆਂ 'ਚੋਂ ਸਿੰਮਦੇ ਲਹੂ ਨੂੰ
ਹੋ ਸੱਕੇ ਤਾਂ ਬੁਲ੍ਹ ਧਰ ਕੇ ਡੱਕੀਏ
ਆ ਰਤੀ ਕੁ ਨੇੜੇ ਹੋ ਕੇ ਬੈਠੀਏ ।''
( ਉਹੀ, ਪੰਨਾ, 55 )
ਕਦੇ ਕਦੇ ਕਵਿਤਾ ਵਿਚ ਪੇਸ਼ ਮਰਦ ਧਿਰ ਵੱਲੋਂ ਅਹਿਸਾਸ ਦੀ ਹੋਂਦ ਬਾਰੇ ਪ੍ਰਸ਼ਨ
ਪੈਦਾ ਹੁੰਦੇ ਹਨ। ਅਹਿਸਾਸ ਦੀ ਬੇਵਸੀ ਪ੍ਰਤੀ ਉਹ ਇਸਤਰ੍ਹਾਂ ਪ੍ਰਸ਼ਨ ਸਿਰਜਦਾ
ਹੈ:-
'' ਇਹ ਕੈਸੀ ਰਿਸ਼ਤਿਆਂ ਦੀ ਨਦੀ ਹੈ
ਜੋ ਨਾ ਤਰ ਹੁੰਦੀ ਹੈ
ਨਾ ਪੈਰਾਂ ਤੋਂ ਵੱਖ ਹੁੰਦੀ ਹੈ
ਨਾ ਹੀ ਦੋ ਪਾਟਾਂ ਦੀ ਵਿੱਥ
ਮੱਥੇ ਤੋਂ ਜਰ ਹੁੰਦੀ ਹੈ ।''
( ਉਹੀ, ਪੰਨਾ, 60 )
''ਵੇਖ ਕਿਹਾ ਸੀ ਨਾ ?
ਇਨ੍ਹਾਂ ਲਕੀਰਾਂ ਨੂੰ ਪੜ੍ਹਣ ਦੀ ਕੋਸ਼ਿਸ਼ ਨਾ ਕਰ
ਹੁਣ ਆਪਣੀ ਤਲੀ ਚੋਂ ਵਗਦੇ
ਖ਼ੂਨ ਦਾ ਕੀ ਕਰੇਂਗੀ?
ਕਿਵੇਂ ਪੋਟਿਆਂ ਨੂੰ ਲੁਕਾਵੇਂਗੀ ?
ਕਿਵੇਂ ਉਦਾਸ ਅੱਖਾਂ ਤੇ ਪਰਦਾ ਕਰੇਂਗੀ ?''
( ਉਹੀ , ਪੰਨਾ, 62 )
ਇਹ ਪ੍ਰਸ਼ਨ ਕਈ ਵਾਰੀ ਕਵੀ ਆਪਣੇ ਆਪ ਨੂੰ ਤੇ ਕਈ ਵਾਰੀ ਸੰਬੋਧਿਤ ਧਿਰ ਨੂੰ ਕਰਦਾ
ਹੈ। ਇਨ੍ਹਾਂ ਪ੍ਰਸ਼ਨਾਂ ਦਾ ਸੰਬੰਧ ਵਿਅਕਤੀ ਅਹਿਸਾਸ ਨਾਲ ਹੈ। ਇਸੇ ਲਈ ਇਨ੍ਹਾਂ
ਪ੍ਰਸ਼ਨਾਂ ਦਾ ਹੱਲ ਜਾਂ ਜਵਾਬ ਕਿਸੇ ਸਮਾਜ ਜਾਂ ਸਭਿਆਚਾਰ ਕੋਲੋਂ ਸੰਭਵ ਨਹੀਂ।
ਪਰ ਪ੍ਰਸ਼ਨ ਉਠਾਇਆਂ ਹੀ ਗੱਲ ਅੱਗੇ ਤੁਰਦੀ ਹੈ। ਇਸ ਪੁਸਤਕ ਵਿਚ ਸਿਰਜਤ ਮੈਂ ਦੀ
ਇੱਕਲ ਅਤੇ ਉਦਾਸੀ ਬੜੀ ਸ਼ਿੱਦਤ ਨਾਲ ਪੇਸ਼ ਹੋਈ ਹੈ। ਕਵਿਤਾ ਵਿਚਲੀ ਪ੍ਰਮੁੱਖ
ਸਿਰਜਤ ਮੈ ਰਿਸ਼ਤਿਆਂ ਦਾ ਅਹਿਸਾਸ ਤਾਂ ਰੱਖਦੀ ਹੈ ਪਰ ਰਿਸ਼ਤਿਆਂ ਵਿਚ ਬੱਝਦੀ
ਨਹੀਂ। ਨਾ ਬੱਝਣ ਦਾ ਦੁੱਖ ਵੀ ਹੈ ਪਰ ਦੁੱਖ ਦਾ ਚਾਰਾ ਕੋਈ ਨਹੀਂ, ਇਸੇ ਲਈ
ਜ਼ਿਹਨ ਵਿਚ ਪ੍ਰਸ਼ਨ ਪੈਦਾ ਹੁੰਦੇ ਹਨ। ਕਵਿਤਾ ਦੀ ਸਿਰਜਤ ਮੈਂ ਘਰ ਦੀ ਤਲਾਸ਼ ਦੀ
ਭਟਕਣ ਵਿੱਚੋਂ ਮਿਲੀ ਉਦਾਸੀ ਨਾਲ ਮਨ ਨੂੰ ਦਿਲਾਸਾ ਦੇਂਦੀ ਹੈ ਤੇ ਉਦਾਸੀ ਦੀ
ਭਾਵਨਾ ਨੂੰ ਸੁਹਜਾਤਮਕ ਸ਼ਾਬਦਿਕ ਰੰਗ ਦੇਂਦੀ ਹੈ। ਮਿਸਾਲ ਵਜੋਂ:-
''ਦਿਲ ਨੂੰ ਦਿਲਾਸਾ ਦੇਂਦਾ ਹਾਂ
ਇਕ ਦਿਨ
ਹਾਂ ਕਿਸੇ ਦਿਨ
ਉਸ ਕਮਰੇ ਵਿਚ ਸੂਰਜ ਦੀ ਕਿਰਨ
ਫੇਰੀ ਪਾਉਣੀ ਭੁੱਲ ਜਾਵੇਗੀ
ਦੂਜੇ ਦਿਨ ਕਿਸੇ ਅਖ਼ਬਾਰ ਵਿਚ
ਚੀਚੀ ਦੇ ਨਹੁੰ ਜਿੰਨੀ ਸੁਰਖ਼ੀ
ਹਵਾ 'ਚ ਖਿਲੱਰ ਕੇ ਮਰ ਜਾਵੇਗੀ
ਸ਼ਾਇਦ ਇੱਕ ਅੱਧ ਅੱਖ
ਤਰ ਕਰ ਜਾਵੇਗੀ ।''
( ਉਹੀ ,ਪੰਨਾ, 46 )
ਨਜ਼ਮਾਂ ਦੇ ਆਰ ਪਾਰ ਝਾਕਿਆਂ ਕਈ ਖ਼ਾਮੋਸ਼ੀਆਂ ਮਿਲਦੀਆਂ ਹਨ ਜਿਨ੍ਹਾਂ ਵਿਚ
ਸਿਰਜਤ-ਧਿਰਾਂ ਦੇ ਮੁਹੱਬਤ ਦੇ ਅਹਿਸਾਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ।
ਮੁਹੱਬਤ ਦਾ ਅਹਿਸਾਸ ਹੈ ਲੇਕਿਨ ਉਸ ਨੂੰ ਕਥਿਆ ਨਹੀਂ ਗਿਆ, ਕਵਿਤਾ ਵਿਚ ਸਿਰਜਤ
ਬਿੰਬਾਂ ਥਾਣੀ ਸਮਝਣਾ ਪੈਂਦਾ ਹੈ। ਮਿਸਾਲ ਵਜੋਂ 'ਇੰਦਰ ਧਨੁਸ਼' ਕਵਿਤਾ ਦੀਆਂ ਇਹ
ਸਤਰਾਂ;-
''ਕਦੇ ਕਦਾਈਂ ਜਦ ਇੰਦਰ ਧਨੁਸ਼
ਮੇਰੇ ਬਨੇਰੇ ਤੇ ਪਲ ਦੋ ਪਲ ਰੁਕਦੀ ਹੈ
ਤਾਂ ਆਪਣੇ ਘਰ ਦੀ ਛਤ
ਬਹੁਤ ਉਚੀ ਲਗਦੀ ਹੈ ।''
( ਉਹੀ, ਪੰਨਾ,88 )
ਸ਼ਾਬਦਿਕ ਸੁਹਜ, ਬਿੰਬਾਤਮਕ ਸਿਰਜਣਾ ਅਤੇ ਖ਼ਾਮੋਸ਼ ਅਰਥਾਂ ਦੀ ਮਹੱਤਵਪੂਰਣ ਮਿਸਾਲ
ਹਨ। ਇਹੋ ਜਿਹੀਆਂ ਮਿਸਾਲਾਂ ਇਸ ਪੁਸਤਕ ਵਿਚ ਥਾਂ ਥਾਂ ਤੇ ਵੇਖਣ ਨੂੰ ਮਿਲਦੀਆਂ
ਹਨ।
ਜਿਵੇਂ ਕਿ ਮੈਂ ਲੇਖ ਦੇ ਸ਼ੁਰੂ ਵਿਚ ਕਿਹਾ ਸੀ ਕਿ ਇਸ ਪੁਸਤਕ ਨੂੰ ਭਾਰਤੀ
ਸਮਾਜਿਕ ਸਭਿਆਚਾਰਕ ਪਿੱਠ ਭੂਮੀ ਵਿਚ ਹੀ ਸਮਝਣਾ ਵਿਚਾਰਨਾ ਜਾਇਜ਼ ਹੈ॥ ਉਸਦਾ
ਕਾਰਨ ਇਹ ਹੈ ਕਿ ਇਸ ਪੁਸਤਕ ਦੀਆਂ ਸਿਰਜਤ ਕਾਵਿ-ਧਿਰਾਂ ਭਾਰਤੀ ਸਮਾਜਿਕ,
ਧਾਰਮਿਕ ਅਤੇ ਸਭਿਆਚਾਰਕ ਪ੍ਰਤੀਮਾਨਾਂ ਦੇ ਥੋਥੇਪਣ ਕਾਰਨ ਵਧੇਰੇ ਤੜਪਦੀਆਂ ਅਤੇ
ਬੇਵੱਸ ਹੁੰਦੀਆਂ ਹਨ। ਇਨ੍ਹਾਂ ਧਿਰਾਂ ਨੂੰ ਜੇ ਬਰਤਾਨਵੀ ਸਭਿਆਚਾਰ ਦੀ ਪਿੱਠ
ਭੂਮੀ ਵਿਚ ਰੱਖ ਕੇ ਵੇਖੀਏ ਤਾਂ ਝੂਠ ਜਾਪਦਾ ਹੈ ਪਰੰਤੂ ਨਿਸ਼ਚੈ ਹੀ ਇਹ ਭਾਰਤੀ
ਸਮਾਜਿਕ ਸਿਸਟਮ ਦੇ ਪ੍ਰਸੰਗ ਵਿਚ ਆਪਣਾ ਮਹੱਤਵ ਕਾਇਮ ਰਖਦੀਆਂ ਹਨ। ਮਿਸਾਲ ਵਜੋਂ
'ਕੰਧਾਂ' ਨਜ਼ਮ ਦੀਆਂ ਹੇਠ ਲਿਖਿਤ ਸਤਰਾਂ ਵੇਖੋ:-
''ਹਵਾ 'ਚ ਉੜਦੇ ਪੰਛੀਆਂ ਨੂੰ
ਅੱਖਾਂ ਖੋਲ੍ਹ ਕੇ ਵੇਖ
ਆਪਣੇ ਜਿਸਮ ਨਾਲ ਖਹਿੰਦੀਆਂ
ਕੰਧਾਂ ਨੂੰ ਵੇਖ
ਜਦ ਕਦੇ ਨੱਕ ਮੂੰਹ ਤੇ ਹਵਾ ਵਜਦੀ ਹੈ
ਜ਼ਿੰਦਗੀ ਆਪਣੀ ਬੇਬਸੀ
ਜਾਂ
ਦੁਨੀਆ ਦੀ ਬੇਰਹਿਮੀ ਤੋਂ ਤਿਲਮਿਲਾਉਂਦੀ ਹੈ
ਕੂੰਜ ਵਾਂਗ ਕੰਧਾਂ ਨਾਲ ਲੱਗ ਕੇ ਕੁਰਲਾਉਂਦੀ ਹੈ
ਚੁੰਨੀ ਹੇਠ ਮੂੰਹ ਲੁਕਾ ਕੇ ਦਰੋਪਦੀ ਵਾਂਗ
ਸੀਨੇ ਵਿਚ ਦੱਬੀ ਹੋਈ ਚੀਕ ਮਾਰਦੀ ਹੈ
ਤੇਰੀ ਮੈ
ਇੱਕ ਨਵੀਂ ਕੰਧ ਉਸਾਰਦੀ ਹੈ !
( ਉਹੀ, ਪੰਨਾ, 72)
ਬੜੀ ਥਾਈਂ ਕਾਵਿ-ਮੈਂ ਅਤੇ ਕਾਵਿ-ਤੂੰ ਦੇ ਆਪਸੀ ਅਹਿਸਾਸ ਨੂੰ ਹਉਕਿਆਂ ਵਿਚ
ਦੱਬਣਾ ਪੈਂਦਾ ਹੈ ਉਸਦਾ ਕਾਰਨ ਸਾਡਾ ਸਮਾਜਿਕ ਸਿਸਟਮ ਹੈ। ਉਦੋਂ ਹੀ ਪਾਠਕ ਦੇ
ਤੌਰ ਤੇ ਅਤੇ ਖ਼ਾਸ ਕਰਕੇ ਔਰਤ ਪਾਠਕ ਦੇ ਤੌਰ ਤੇ ਮੇਰੇ ਮਨ ਵਿਚ ਸਵਾਲ ਪੈਦਾ
ਹੁੰਦਾ ਹੈ ਕਿ ਇਸ ਪੁਸਤਕ ਤੋਂ ਬਹੁਤ ਪਹਿਲਾਂ ਵਾਰਸ ਦੀ ਹੀਰ ਵਿਚ ਮੁਹੱਬਤ ਦੇ
ਅਹਿਸਾਸ ਦੀ ਸਮਾਜ ਨਾਲ ਟੱਕਰ ਦਿਖਾਈ ਜਾ ਚੁੱਕੀ ਹੈ। ਉਸ ਕਿੱਸੇ ਵਿਚ ਅਖੀਰ ਵਿਚ
ਵਿਅਕਤੀ ਅਤੇ ਸਮਾਜ ਦੋਵੇਂ ਜਿੱਤਦੇ ਦਿਖਾਏ ਹਨ। ਹੀਰ ਰਾਂਝਾ ਮਰ ਕੇ ਜਿੱਤ
ਜਾਂਦੇ ਹਨ ਅਤੇ ਸਮਾਜ ਉਨ੍ਹਾਂ ਨੂੰ ਮਾਰ ਕੇ ਜਿੱਤ ਜਾਂਦਾ ਹੈ। ਇਹੀ ਹਾਲ ਸੱਸੀ
ਪੁੰਨੂੰ, ਮਿਰਜ਼ਾ ਸਾਹਿਬਾਂ ਅਤੇ ਸੋਹਣੀ ਮਹੀਵਾਲ ਨਾਲ ਹੁੰਦਾ ਹੈ। ਫੇਰ ਇਸ
ਪੁਸਤਕ ਵਿਚ ਕਿਹੜੀ ਐਸੀ ਗੱਲ ਹੈ ਜਿਹੜੀ ਵਾਰਸ ਦੇ ਕਿੱਸੇ ਜਾਂ ਹੋਰ ਕਿੱਸਿਆਂ
ਨਾਲੋਂ ਵੱਖਰੀ ਹੈ। ਇਹ ਜਾਣਨ ਲਈ ਇਸ ਪੁਸਤਕ ਦੀ ਲੰਮੀ ਕਵਿਤਾ 'ਬੁੱਤ ਤੋੜਨਾ
ਮਨਾ ਹੈ' ਦਾ ਪਾਠ ਜ਼ਰੂਰੀ ਹੈ।
ਇਹ ਕਵਿਤਾ ਭਾਵੇਂ ਵੱਖ ਵੱਖ ਸਿਰਲੇਖਾਂ ਹੇਠ ਲਿਖੀ ਗਈ ਹੈ ਪਰੰਤੂ ਆਪਣੀ
ਸੰਰਚਨਾਤਮਕ ਬਣਤਰ ਵਿਚ ਇੱਕ ਕਵਿਤਾ ਹੈ। ਵੱਖ ਵੱਖ ਸਿਰਲੇਖ ਇਸ ਕਵਿਤਾ ਦੀ
ਸਿਰਜਣਾਤਮਕ ਪ੍ਰਕਿਰਿਆ ਦੇ ਵੱਖ ਵੱਖ ਪੜਾਅ ਹਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ
ਇਹ ਕਵਿਤਾ ਬਿਰਤਾਂਤ ਸਿਰਜਣ ਵਿਧੀ ਦੀ ਮਦਦ ਨਾਲ ਸਮਝੀ ਜਾ ਸਕਦੀ ਹੈ।
ਕੋਈ ਵੀ ਬਿਰਤਾਂਤ ਆਪਣੇ ਤੋਂ ਪਹਿਲੇ ਬਿਰਤਾਂਤਾਂ ਨਾਲੋਂ ਸਿਰਫ਼ ਆਪਣੀ ਵਿਲੱਖਣਤਾ
ਕਰਕੇ ਹੀ ਵੱਖਰਾ ਨਹੀਂ ਹੁੰਦਾ ਸਗੋਂ ਇਹ ਆਪਣੇ ਤੋਂ ਪਹਿਲੇ ਸਿਰਜਤ-ਪਾਠਾਂ ਨਾਲ
ਸੰਵਾਦ ਰਚਾਉਣ ਕਰਕੇ ਵੀ ਵੱਖਰਾ ਹੁੰਦਾ ਹੈ।ਇਹੋ ਜਿਹੇ ਪਾਠ ਨੂੰ ਵਿਸ਼ੇਸ਼
ਵਿਦਾ-ਬਿੰਦੂ ਤੋਂ ਆਪਣਾ ਸਫ਼ਰ ਆਰੰਭਣਾ ਪੈਂਦਾ ਹੈ।
ਇਸ ਕਵਿਤਾ ਦਾ ਆਰੰਭ ਰਿਸ਼ੀ ਅਤੇ ਸ਼ਿਸ਼ ਦੇ ਸਵਾਲ ਜਵਾਬ ਤੋਂ ਹੁੰਦਾ ਹੈ ਜਿਸ ਤੋਂ
ਪਤਾ ਲਗਦਾ ਹੈ ਕਿ ਇਹ ਕਵਿਤਾ ਔਰਤ-ਜ਼ਾਤ ਦੀ ਜ਼ਿੰਦਗੀ ਦੇ ਸੱਚ ਨਾਲ ਸੰਬੰਧਿਤ ਹੈ।
ਔਰਤ ਆਰੰਭ ਵਿਚ ਆਪਣੇ ਜੀਵਨ ਦੀ ਕਥਾ ਦਾ ਬਿਆਨ ਉੱਤਮ ਪੁਰਖ ਵਿਚ ਹੀ ਕਰਦੀ ਹੈ।
ਕਵਿਤਾ ਦੀ ਬਿਰਤਾਂਤ-ਸਿਰਜਣਾ ਦੇ ਆਰੰਭ ਵਿਚ ਸਿਰਜਤ ਕਾਵਿ-ਮੈਂ (ਔਰਤ) ਆਪਣੀ
ਜ਼ਿੰਦਗੀ ਦਾ ਸਫ਼ਰ ਰੱਬ ਦੀ ਤਲਾਸ਼ ਤੋਂ ਸ਼ੁਰੂ ਕਰਦੀ ਹੈ ਅਤੇ ਗੁਰੂ ਗੋਬਿੰਦ ਸਿੰਘ
ਦੀ ਸਤਰ 'ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਯੋ' ਸੁਣਦਿਆਂ ਹੀ ਜ਼ਿੰਦਗੀ ਵਿਚ
ਪ੍ਰੇਮ ਦੀ ਤਲਾਸ਼ ਦੀ ਰਾਹੇ ਪੈਂਦੀ ਹੈ ਅਤੇ ਅਚਾਨਕ ਹੀ ਕਿਸੀ ਨਾਲ ਪ੍ਰੇਮ ਹਾਦਸੇ
ਦੀ ਸ਼ਿਕਾਰ ਹੋ ਜਾਂਦੀ ਹੈ ਉਸ ਵੇਲੇ ਜਦ ਕਿ ਉਹ ਪਹਿਲਾਂ ਹੀ ਇੱਕ ਬੱਚੇ ਦੀ ਮਾਂ
ਬਣ ਚੁੱਕੀ ਹੈ। ਇਥੇ ਇਹ ਬਿਰਤਾਂਤ ਕਥਾ ਹੀਰ ਰਾਂਝੇ ਦੀ ਬਿਰਤਾਂਤ ਕਥਾ ਤੋਂ
ਭਿੰਨ ਹੋ ਜਾਂਦੀ ਹੈ। ਉਸ ਔਰਤ ਦਾ ਪਿਆਰ ਆਪਣੇ ਮਜ਼੍ਹਬ ਤੋਂ ਵੱਖਰੇ ਮਜ਼੍ਹਬ ਦੇ
ਬੰਦੇ ਨਾਲ ਹੋ ਜਾਂਦਾ ਹੈ। ਵੱਖਰੇ ਮਜ਼੍ਹਬ ਵਾਲਾ ਏਸ ਕਰਕੇ ਕਿ ਉਹ ਧਰਮ ਦੀ ਰਹਿਤ
ਮਰਿਆਦਾ ਉਪਰ ਪੂਰਾ ਨਹੀਂ ਉਤਰਦਾ। ਉਹ ਸ਼ਰਾਬ ਵੀ ਪੀਂਦਾ ਹੈ, ਮੀਟ ਵੀ ਖਾਂਦਾ ਹੈ
ਪਰ ਔਰਤ ਪੂਰਨ ਸਿੱਖ ਮਰਿਆਦਾ ਨਾਲ ਸੰਬੰਧਿਤ ਘਰ ਦੀ ਨੂੰਹ ਹੈ। ਏਥੋਂ ਹੀ
ਬਿਰਤਾਂਤ ਕਥਾ ਵਿਚਲਾ ਤਣਾਓ ਆਰੰਭ ਹੋ ਜਾਂਦਾ ਹੈ। ਜਿਥੇ ਇਸ ਪੁਸਤਕ ਦੀਆਂ
ਪਹਿਲੀਆਂ ਸੁਤੰਤਰ ਕਵਿਤਾਵਾਂ ਵਿਚ ਤਣਾਓ ਨਹੀਂ, ਓਥੇ ਇਸ ਬਿਰਤਾਂਤ-ਕਥਾ ਦਾ
ਆਰੰਭ ਹੀ ਤਣਾਓ ਤੋਂ ਹੋਇਆ ਹੈ ਅਤੇ ਏਥੋਂ ਹੀ ਔਰਤ ਦੀ ਜ਼ਿੰਦਗੀ ਦੀ ਸੰਵੇਦਨਾ
ਅਤੇ ਸੰਘਰਸ਼ ਆਰੰਭ ਹੁੰਦੇ ਹਨ।
ਇਸ ਤੋਂ ਅੱਗੇ ਬਿਰਤਾਂਤ ਤੁਰਦਾ ਹੈ ਅਤੇ ਕਾਵਿ-ਮੈਂ ਅਤੇ ਕਾਵਿ-ਤੂੰ ਦੀ ਆਪਸੀ
ਗੱਲ ਬਾਤ ਰਾਹੀਂ ਅੱਗੇ ਵਧਦਾ ਹੈ। ਕਾਵਿ-ਮੈਂ (ਔਰਤ) ਕਾਵਿ-ਤੂੰ ਅੱਗੇ ਸਵਾਲ
ਰੱਖਦੀ ਹੈ ਕਿ ਉਹ ਏਸ ਅਹਿਸਾਸ ਦਾ ਕੀ ਕਰੇ? ਕੀ ਉਹ ਲੁਕ ਲੁਕ ਕੇ ਇਹ ਖੇਡ
ਖੇਡੇ? ਆਪਣੇ ਬੱਚਿਆਂ ਨੂੰ ਕੀ ਦੱਸੇ? ਬੱਚਿਆਂ ਨੂੰ ਸੱਚ ਬੋਲਣ ਦਾ ਕਿੰਨਾ ਕੁ
ਸਬਕ ਦੇਵੇ? ਇਹ ਕੁਝ ਸਵਾਲ ਹਨ ਜਿਹੜੇ ਔਰਤ ਦੀ ਮੁਹੱਬਤ ਦੇ ਅਹਿਸਾਸ ਨਾਲ ਜੁੜੇ
ਹੋਏ ਹਨ। ਇਸ ਕਵਿਤਾ ਦੀ ਕਾਵਿ-ਤੂੰ (ਮਰਦ) ਪਹਿਲਾਂ ਹੀ ਜ਼ਿੰਦਗੀ ਵਿਚ ਮੁਹੱਬਤਾਂ
ਦੀ ਖੇਡ ਹਾਰ ਚੁੱਕੀ ਹੈ, ਮੁਹੱਬਤਾਂ ਦੀਆਂ ਕਬਰਾਂ ਉਸਾਰ ਚੁੱਕੀ ਹੈ।ਕਾਵਿ-ਮੈਂ
ਉਸ ਨਾਲ ਪਿਆਰ ਕਰ ਕੇ ਆਪਣੇ ਸਿਰ ਤੇ ਕਬਰਾਂ ਦੇ ਪੱਥਰ ਧਰੇ ਹੋਏ ਮਹਿਸੂਸ ਕਰਦੀ
ਹੋਈ ਹੀ ਉਸ ਨੂੰ ਸਵਾਲ ਕਰਦੀ ਹੈ। ਕਾਵਿ-ਮੈਂ ਅਤੇ ਕਾਵਿ-ਤੂੰ ਵਿਚਲਾ ਅਹਿਸਾਸ
ਦਾ ਰਿਸ਼ਤਾ ਜਿਸ ਦੀ ਸਮਾਜਿਕ ਰਿਸ਼ਤੇ ਵਿਚ ਬੱਝ ਸਕਣ ਦੀ ਕੋਈ ਸੰਭਾਵਨਾ ਨਹੀਂ,
ਫੇਰ ਵੀ ਉਸ ਔਰਤ ਦੀ ਘਰੇਲੂ ਅਤੇ ਸਮਾਜਿਕ ਜ਼ਿੰਦਗੀ ਵਿਚ ਹਲਚਲ ਮਚਾ ਦੇਂਦਾ ਹੈ।
ਉਸਦਾ ਪਤੀ ਨਾਰਾਜ਼ ਹੁੰਦਾ ਹੈ, ਬੱਚੇ ਸਵਾਲ ਕਰਦੇ ਹਨ ਪਰੰਤੂ ਕੋਈ ਜਵਾਬ ਨਹੀਂ
ਮਿਲਦਾ। ਏਥੇ ਹੀ ਇਹ ਬਿਰਤਾਂਤ ਕਥਾ ਹੀਰ ਰਾਂਝੇ ਦੀ ਕਹਾਣੀ ਤੋਂ ਵੱਖਰੀ ਹੋ
ਜਾਂਦੀ ਹੈ। ਹੀਰ ਰਾਂਝਾ ਤਾਂ ਦੋਵੇਂ ਮਿਲ ਕੇ ਸਮਾਜ ਨਾਲ ਟਕਰਾਉਂਦੇ ਹਨ, ਪਰ ਏਸ
ਕਥਾ ਵਿਚ ਦੋਵਾਂ ਧਿਰਾਂ ਦੇ ਆਪੋ ਆਪਣੇ ਸੰਸਾਰ ਹਨ ਪਰ ਇੱਕ ਦੂਜੇ ਨਾਲ ਅਹਿਸਾਸ
ਦੀ ਪੱਧਰ ਤੇ ਜੁੜ ਜਾਂਦੇ ਹਨ ਜਿਸਦਾ ਕੋਈ ਹੱਲ ਨਾ ਹੋਣ ਕਰ ਕੇ ਸਥਿਤੀ ਵਧੇਰੇ
ਜਟਿਲ ਹੋ ਜਾਂਦੀ ਹੈ ਅਤੇ ਦੋਵੇਂ ਧਿਰਾਂ ਆਪੋ ਆਪਣੀ ਥਾਂ ਤੇ ਤੜਪਦੀਆਂ ਹਨ। ਤੜਪ
ਦੀ ਪ੍ਰਕਿਰਤੀ ਕੁਦਰਤੀ ਹੈ ਅਤੇ ਕੁਦਰਤੀ ਤੜਪ ਦਾ ਸਮਾਜ ਦੇ ਕਿਸੇ ਕਾਨੂੰਨ ਵਿਚ
ਕੋਈ ਇਲਾਜ ਨਹੀਂ। ਇਹੀ ਨੁਕਤਾ ਏਸ ਬਿਰਤਾਂਤ ਕਥਾ ਦਾ ਕੇਂਦਰੀ ਨੁਕਤਾ ਹੈ। ਏਥੇ
ਤਣਾਓ ਕਿਸੇ ਟਕਰਾਓ ਵਿਚ ਨਹੀਂ ਪੈਂਦਾ ਬੱਸ ਆਪੋ ਆਪਣੀ ਥਾਂ ਤੇ ਤੜਪਦਾ ਹੈ। ਪਰ
ਔਰਤ ਦੇ ਮਨ ਵਿਚ ਸਵਾਲ ਪੈਦਾ ਹੁੰਦਾ ਹੈ ਕਿ ਸਮਾਜ ਨੇ ਜਿਹੜੇ ਫ਼ਤਵੇ ਦਿੱਤੇ ਹਨ
ਉਨ੍ਹਾਂ ਦਾ ਉਹ ਕਿ ਜਵਾਬ ਦੇਵੇ? ਨਾ ਉਹ ਅਹਿਸਾਸ ਦੀ ਮਾਰ ਤੋਂ ਬਚ ਸਕਦੀ ਹੈ,
ਨਾ ਹੀ ਉਹ ਮਰਦ ਧਿਰ ਨੂੰ ਆਪਣੀ ਜ਼ਿੰਦਗੀ ਵਿਚ ਸ਼ਾਮਿਲ ਕਰ ਸਕਦੀ ਹੈ ਅਤੇ ਨਾ ਹੀ
ਸਮਾਜ ਦੇ ਫ਼ਤਵਿਆਂ ਦਾ ਕੋਈ ਜਵਾਬ ਦੇ ਸਕਦੀ ਹੈ।
ਕਾਵਿ-ਮੈਂ ਅਤੇ ਕਾਵਿ-ਤੂੰ ਜਿਸ ਤੜਪ ਦਾ ਸ਼ਿਕਾਰ ਹਨ ਉਸਦਾ ਇਲਾਜ ਏਸ ਕਰਕੇ ਨਹੀਂ
ਕਿ ਉਹ ਦੂਰੋਂ ਦੂਰੋਂ ਇੱਕ ਦੂਜੇ ਨੂੰ ਦੇਖਦੇ ਹਨ, ਵੱਧ ਤੋਂ ਵੱਧ ਇਕ ਦੂਜੇ ਦਾ
ਹੱਥ ਫੜ ਲੈਂਦੇ ਹਨ, ਚੁੰਮ ਲੈਂਦੇ ਹਨ ਪਰ ਕਿਸੇ ਐਸੇ ਰਿਸ਼ਤੇ ਵਿਚ ਨਹੀਂ ਬੱਝਦੇ
ਜਿਸਨੂੰ ਸਮਾਜ ਦੀਆਂ ਨਜ਼ਰਾਂ ਵਿਚ ਵਰਜਿਤ ਰਿਸ਼ਤਾ ਕਿਹਾ ਜਾਂਦਾ ਹੈ। ਇਸ ਦਾ ਪਤਾ
ਸਾਨੂੰ ਇਸ ਕਵਿਤਾ ਵਿਚ ਉਦੋਂ ਲਗਦਾ ਹੈ ਜਦੋਂ ਕਾਵਿ-ਮੈਂ (ਔਰਤ) ਕਾਵਿ-ਤੂੰ
(ਮਰਦ) ਨੂੰ ਆਪਣੇ ਅੰਦਰਲੇ ਕਮਰੇ ਲਿਜਾਣ ਲਈ ਕਹਿੰਦੀ ਹੈ। ਕਾਵਿ-ਤੂੰ ਉਸ ਵੇਲੇ
ਉਸ ਦੇ ਮੂੰਹ ਨੂੰ ਫੜਦਿਆਂ ਹੋਇਆਂ ਕਹਿੰਦਾ ਹੈ:-
''ਨਹੀਂ, ਅੱਜ ਤੂੰ ਜਿਸ ਕਬਰ ਤੇ
ਸਿਜਦਾ ਕਰਨ ਲਈ ਕਹਿ ਰਹੀ ਹੈ
ਜੇ ਮੈਂ ਕੱਲ੍ਹ ਨੂੰ ਆਪਣੀ ਮਰਜ਼ੀ ਨਾਲ
ਉਹੀ ਮਸਤਕ ਰੇਖਾ ਪਾਰ ਕਰਨੀ ਚਾਹੀ
ਤਾਂ
ਸ਼ਾਇਦ ਉਸ ਰਾਹ ਤੇ ਸੁਆਹ ਦੇ ਢੇਰ ਤੋਂ ਬਿਨਾਂ
ਹੋਰ ਕੁਝ ਨਾ ਮਿਲੇ
ਮੁੜ ਕੇ ਮੈਂ ਤੇਰੀਆਂ ਅੱਖਾਂ ਦੀ ਬੇਬਸੀ
ਵਿਚ ਤੁਰ ਰਹੀਆਂ ਮੋਈਆਂ ਮੱਛੀਆਂ
ਦਾ ਸ਼ਿਕਾਰ ਨਹੀਂ ਚਾਹੁੰਦਾ
ਤੇਰੇ ਬੁੱਲ੍ਹਾਂ ਵਿੱਚ
ਬਹਾਨਿਆਂ ਦੀ ਗੱਡੀ ਬਰਛੀ ਦੀ ਟੀਸ
ਨਹੀਂ ਬਰਦਾਸ਼ਤ ਕਰ ਸਕਦਾ ।''
( ਉਹੀ, ਪੰਨਾ, 103 )
ਤਾਂ ਉਦੋਂ ਹੀ ਔਰਤ ਧਿਰ ਨੂੰ ਮਹਿਸੂਸ ਹੁੰਦਾ ਹੈ ਕਿ ਸਮਾਜ ਨੇ ਤਾਂ ਔਰਤ ਦੇ
ਅੰਦਰਲੇ ਸੱਚ ਨੂੰ ਹਮੇਸ਼ਾ ਕੋਹਿਆ ਹੈ ਪਰ ਅੱਜ ਤਾਂ ਮਰਦ ਧਿਰ ਵੱਲੋਂ ਵੀ ਉਸਨੂੰ
ਹਾਰਣ ਤੋਂ ਸਿਵਾ ਕੁਝ ਨਹੀਂ ਮਿਲਿਆ। ਉਹ ਅਜੇ ਵੀ ਬੇਵੱਤਰੀ ਜ਼ਮੀਨ ਵਾਂਗ ਜੀਣ ਲਈ
ਮਜਬੂਰ ਹੈ। ਇਹ ਸਾਡੇ ਸਮਾਜ ਵਿਚ ਔਰਤ ਦੇ ਅੰਦਰਲੇ ਸੱਚ ਦਾ ਬਿਆਨ ਹੈ ਓਥੇ ਮਰਦ
ਦੇ ਉਸ ਵਿਹਾਰ ਉੱਪਰ ਵੀ ਬੜਾ ਵੱਡਾ ਵਿਅੰਗ ਹੈ। ਜਿਥੇ ਵਾਰਸ ਦੇ ਕਿੱਸੇ ਵਿਚ
ਹੀਰ ਦੇ ਦੁੱਖ ਦਾ ਕਾਰਨ ਸਮਾਜ ਹੈ, ਓਥੇ ਇਸ ਬਿਰਤਾਂਤ ਕਥਾ ਵਿਚਲੀ ਔਰਤ ਦੇ
ਦੁੱਖ ਦਾ ਕਾਰਨ ਉਹ ਮਰਦ ਬਣਦਾ ਹੈ ਜਿਸਨੂੰ ਉਹ ਪਿਆਰ ਕਰਦੀ ਹੈ। ਇੱਕ ਪਾਸੇ ਉਹ
ਆਪਣੇ ਪਰਿਵਾਰ, ਸਮਾਜ ਵੱਲੋਂ ਮਿਲੇ ਫ਼ਤਵਿਆਂ ਦੀ ਮਾਰ ਦਾ ਦੁੱਖ ਸਹਿੰਦੀ ਹੈ
ਦੂਜੇ ਪਾਸੇ ਮੁਹੱਬਤ ਕਰਨ ਵਾਲੀ ਧਿਰ ਵੱਲੋਂ ਕੋਈ ਹੁੰਗਾਰਾ ਨਾ ਮਿਲਣ ਕਰਕੇ
ਉਸਦੀ ਹਾਲਤ ਦੂਹਰੇ, ਤੀਹਰੇ ਮਾਨਸਿਕ ਤਣਾਓ ਵਾਲੀ ਹੋ ਜਾਂਦੀ ਹੈ।ਉਹਦੀ ਮੈਂ
ਕੰਧਾਂ ਨਾਲ ਟੱਕਰਾਂ ਮਾਰਨ ਤੋਂ ਸਿਵਾ ਹੋਰ ਕੁਝ ਨਹੀਂ ਕਰ ਸਕਦੀ। ਉਦੋਂ ਔਰਤ
ਅੰਦਰ ਇਹ ਪ੍ਰਸ਼ਨ ਪੈਦਾ ਹੁੰਦਾ ਹੈ:-
''ਹੇ ਰੱਬਾ
ਮੇਰੀ ਮੂਰਤੀ ਕਦੋਂ ਤੱਕ
ਟੁੱਟਦੀ ਭੱਜਦੀ
ਕੰਧਾਂ ਨਾਲ ਟੱਕਰਾਂ ਮਾਰਦੀ
ਹਾਰਦੀ ਰਵੇਗੀ
ਕਦੋਂ ਤੱਕ ਮੇਰੀ ਅੰਦਰਲੀ ਔਰਤ
ਬੇਵੱਤਰੀ ਰਵੇਗੀ?''
( ਉਹੀ, ਪੰਨਾ, 105 )
ਇਸਦਾ ਸਿੱਟਾ ਇਹ ਨਿਕਲਦਾ ਹੈ ਕਿ ਉਹ ਸਮਾਜ ਨਾਲ ਲੋਹਾ ਲੈਣ ਦੀ ਬਜਾਇ ਸੰਬੋਧਿਤ
ਧਿਰ (ਮਰਦ) ਨਾਲ ਹੀ ਗਿਲੇ ਸ਼ਿਕਵੇ ਕਰਦੀ ਹੈ, ਤਰਲੇ ਕਰਦੀ ਹੈ। ਮਿਸਾਲ ਵੱਜੋਂ:-
''ਤੂੰ ਮੇਰੀਆਂ ਅੱਖਾਂ ਚੋਂ
ਇਬਾਰਤ ਪੜ੍ਹ ਲਵੀਂ
ਨਹੀਂ ਤੇ ਯਾਦ ਰੱਖੀਂ
ਮੈਂ ਤੇਰੇ ਨਾਲ ਕੱਟੀ ਕਰ ਲਵਾਂਗੀ
ਤੇਰੀਆਂ ਸਾਰੀਆਂ ਚਾਦਰਾਂ ਨੂੰ
ਦਾਗ਼ੀ ਕਰ ਦਿਆਂਗੀ
ਕਦੇ ਤੇਰੇ ਸਾਮ੍ਹਣੇ ਨਹੀਂ ਆਵਾਂਗੀ
ਹਰ ਰਾਤ ਤੇਰੇ ਖ਼ਾਬਾਂ ਵਿਚ ਆ ਕੇ
ਤੈਨੂੰ ਤੰਗ ਕਰਾਂਗੀ
ਡਰਾਵਾਂਗੀ ।''
( ਉਹੀ, ਪੰਨਾ, 109 )
ਪਰ ਅਖੀਰ ਹਾਰ ਹੱਟ ਕੇ ਰਹਿ ਜਾਂਦੀ ਹੈ ਅਤੇ ਮਰਦ ਧਿਰ ਦੀ ਹਾਰਟ ਅਟੈਕ ਨਾਲ ਮੌਤ
ਹੋ ਜਾਂਦੀ ਹੈ।ਜਦੋਂ ਹਸਪਤਾਲ ਵਿਚ ਜਾਂਦੀ ਹੈ, ਲੋਕ ਅਤੇ ਡਾਕਟਰ ਅਜੀਬ ਨਜ਼ਰਾਂ
ਨਾਲ ਉਸਨੂੰ ਦੇਖਦੇ ਹਨ। ਉਹ ਦਸ ਨਹੀਂ ਸਕਦੀ ਕਿ ਉਹ ਉਸਦੀ ਕਿ ਲੱਗਦੀ ਸੀ। ਉਸਦੀ
ਵਸੀਅਤ ਵਿਚ ਤਾਂ ਉਸ ਔਰਤ ਦਾ ਕਿਧਰੇ ਕੋਈ ਨਾਂ ਨਹੀਂ ਹੁੰਦਾ ਲੇਕਿਨ ਉਸ ਬੇਨਾਮ
ਰਿਸ਼ਤੇ ਦੀ ਸਜ਼ਾ ਉਹਨੂੰ ਘਰ ਵੜਦਿਆਂ ਹੀ ਮਿਲਦੀ ਹੈ, ਪਤੀ ਚਪੇੜ ਮਾਰਦਾ ਹੈ।
ਚਪੇੜ ਖਾਂਦਿਆਂ ਹੀ ਉਸਦੇ ਅੰਦਰ ਚੇਤਨਾ ਪੈਦਾ ਹੁੰਦੀ ਹੈ ਅਤੇ ਉਹ ਮਾਪਿਆਂ ਦੀ
ਚੁੰਨੀ, ਸਹੁਰਿਆਂ ਦੀ ਇੱਜ਼ਤ ਦੀ ਢੇਰੀ ਪੈਰ ਦੇ ਅੰਗੂਠੇ ਨਾਲ ਖਿਲਾਰ ਦੇਂਦੀ ਹੈ
ਤੇ ਸਾਰੇ ਸਮਾਜ ਪ੍ਰਤੀ, ਮੰਨੂ ਦੇ ਕਾਨੂੰਨ ਪ੍ਰਤੀ, ਮਜ਼੍ਹਬੀ ਮਾਹੌਲ ਪ੍ਰਤੀ
ਬਾਗ਼ੀ ਹੋ ਜਾਂਦੀ ਹੈ। ਉਦੋਂ ਉਹਦੇ ਜ਼ਿਹਨ ਤੇ ਪਈ ਸੰਸਕਾਰਾਂ ਦੀ ਮਿੱਟੀ ਝੜ
ਜਾਂਦੀ ਹੈ ਅਤੇ ਉਹ ਆਪਣੀ ਮੁਹੱਬਤ ਦੇ ਅਹਿਸਾਸ ਦੀ ਪਛਾਣ ਕਰਦੀ ਹੋਈ ਆਪਣੀ
ਜ਼ਿੰਦਗੀ ਦਾ ਸਫ਼ਰ ਨਵੇਂ ਸਿਰੇ ਤੋਂ ਸ਼ੁਰੂ ਕਰਦੀ ਹੈ। ਕਵਿਤਾ ਦੀਆਂ ਅਖੀਰਲੀਆਂ
ਸਤਰਾਂ:-
ਹੁਣ ਤੁਸੀਂ
ਮੇਰੀਆਂ ਬਰਬਾਦੀਆਂ ਦੀ
ਮੁਬਾਰਕਬਾਦ ਦੇਣਾ ਯਾਦ ਰੱਖਣਾ
ਬਸ !
ਮੇਰੇ ਸ਼ੌਂਕ ਦੀ ਇੰਤਹਾ ਹੈ
ਜੇ ਇਹੀ ਬੁੱਤ ਤੋੜਨ ਦੀ ਸਜ਼ਾ ਹੈ
ਤਾਂ ਮਿਹਰਬਾਨੋ ! ਇਹ ਕਾਹਦੀ ਸਜ਼ਾ ਹੈ ।''
( ਉਹੀ, ਪੰਨਾ, 120 )
ਕਥਾ ਦਾ ਅੰਤ ਖੁਲ੍ਹਾ ਰਹਿਣ ਦੇਂਦੀਆਂ ਹਨ।ਉਹ ਔਰਤ ਕੀ ਕਰੇਗੀ, ਪੜ੍ਹੇਗੀ,
ਨੌਕਰੀ ਕਰੇਗੀ, ਵੇਸਵਾਗਿਰੀ ਕਰੇਗੀ ?,ਕਈ ਸੰਭਾਵਨਾਵਾਂ ਪੈਦਾ ਹੁੰਦੀਆਂ ਹਨ।
ਔਰਤ ਦੀ ਜ਼ਿੰਦਗੀ ਦਾ ਮਸਲਾ, ਸਵੈ ਦਾ ਮਸਲਾ ਫੇਰ ਇੱਕ ਨਵਾਂ ਸਵਾਲ ਬਣ ਕੇ
ਸਾਹਮਣੇ ਆਉਂਦਾ ਹੈ। ਇਸ ਤਰ੍ਹਾਂ ਅਹਿਸਾਸ ਨਾਲ ਜੁੜੇ ਪ੍ਰਸ਼ਨਾਂ ਤੋਂ ਸ਼ੁਰੂ ਹੋ
ਕੇ ਇਹ ਕਵਿਤਾ ਪ੍ਰਸ਼ਨਾਂ ਤੇ ਹੀ ਖ਼ਤਮ ਹੋ ਜਾਂਦੀ ਹੈ। ਔਰਤ ਦੀ ਜ਼ਿੰਦਗੀ ਦੇ ਹੋਰ
ਸੰਘਰਸ਼ ਦਾ ਪੜਾਅ ਆਰੰਭ ਹੁੰਦਾ ਹੈ।
ਇਸ ਤਰ੍ਹਾਂ ਇਹ ਕਵਿਤਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇੱਕ ਸੰਘਰਸ਼ 'ਚੋਂ ਗੁਜ਼ਰਦੀ
ਹੈ, ਮਾਨਸਿਕ ਸੰਘਰਸ਼ ਚੋਂ। ਉਸ ਸੰਘਰਸ਼ ਨਾਲ ਜੁੜਿਆ ਹੋਇਆ ਔਰਤ ਦਾ ਮਨੋ ਅਹਿਸਾਸ
ਏਨਾ ਸ਼ਿੱਦਤ ਭਰਿਆ ਹੈ ਕਿ ਭਾਰਤੀ ਸਮਾਜ ਦੇ ਰਸਮੋ ਰਿਵਾਜ, ਮਰਦ ਧਿਰ ਦੀ
ਬੇਵੱਸੀ, ਬੁਜ਼ਦਿਲੀ ਸਾਹਵੇਂ ਸਾਹ ਸੱਤ ਹੀਣ ਹੋਏ ਜਾਪਦੇ ਹਨ।ਪਰੰਤੂ ਇੱਕ ਗੱਲ
ਉੱਭਰ ਕੇ ਆਉਂਦੀ ਹੈ ਕਿ ਇਸ ਕਵਿਤਾ ਦੀ ਕਹਾਣੀ ਵਿਚ ਔਰਤ ਅਤੇ ਮਰਦ ਦੇ ਰਿਸ਼ਤੇ
ਵਿਚ ਮਰਦ ਧਿਰ ਬੁਜ਼ਦਿਲ ਹੋ ਕੇ ਵੀ ਅਖੀਰ ਮਰ ਕੇ ਅਮਰ ਹੋ ਗਈ ਹੈ।ਔਰਤ ਧਿਰ
ਸ਼ਿੱਦਤ ਦੀ ਪੱਧਰ ਤੇ ਜੀਣ ਦੇ ਬਾਵਜੂਦ ਅਖੀਰ ਵਿਚ ਸਮਾਜ ਦੀਆਂ ਰਸਮਾਂ ਰੀਤਾਂ
ਨੂੰ ਛੱਡ ਕੇ ਜਦੋਂ ਨਵੇਂ ਸੰਘਰਸ਼ ਵਿਚ ਪੈਂਦੀ ਹੈ ਤਾਂ ਉਹਦੀ ਜਿੱਤ ਉਹਦੀ
ਮਾਨਸਿਕ ਹਾਰ ਦਾ ਕਾਰਨ ਬਣਦੀ ਹੈ। ਉਹ ਜ਼ਿੰਦਾ ਰਹਿ ਕੇ ਹਰੀ ਹੋਈ ਜਿੱਤ ਵਰਗੀ
ਲੱਗਦੀ ਹੈ।ਇਸ ਤਰ੍ਹਾਂ ਅਖੀਰ ਤੇ ਲੇਖਕ ਔਰਤ ਨਾਲ ਹਮਦਰਦੀ ਕਰਨ ਦੇ ਬਾਵਜੂਦ
ਅਖੀਰ ਮਰਦ ਨਾਲ ਹਮਦਰਦੀ ਪੈਦਾ ਕਰ ਗਿਆ ਹੈ।ਮਰਦ ਆਪਣੀ ਇੱਕਲ ਵਾਲੀ ਜ਼ਿੰਦਗੀ ਦਾ
ਗੁਣ ਗਾਣ ਕਰਨ ਵਾਲਾ ਪਾਤਰ ਹੋ ਨਿਬੜਦਾ ਹੈ ਜਿਸਦੇ ਸੇਕ ਵਿਚ ਉਹ ਮਰ ਕੇ ਅਮਰ ਹੋ
ਜਾਂਦਾ ਹੈ ਪਰੰਤੂ ਔਰਤ ਨੂੰ ਉਸ ਸੇਕ ਵਿਚ ਤੜਪਣ ਲਈ ਛੱਡ ਜਾਂਦਾ ਹੈ। ਔਰਤ ਦੀ
ਜ਼ਿੰਦਗੀ ਵਿਚੋਂ ਪਤੀ ਵੀ ਅਤੇ ਉਹ ਮਰਦ ਵੀ ਚਲਾ ਜਾਂਦਾ ਹੈ ਤੇ ਉਹ ਜ਼ਿੰਦਗੀ ਦੇ
ਸੰਘਰਸ਼ ਨਾਲ ਜੂਝਣ ਲਈ ਇੱਕਲੀ ਰਹਿ ਜਾਂਦੀ ਹੈ। ਸਮਾਜਿਕ ਰਸਮਾਂ ਰੀਤਾਂ ਨੂੰ ਉਹ
ਔਰਤ ਅਲਵਿਦਾ ਆਖ ਦੇਂਦੀ ਹੈ। ਉਹ ਆਪਣੇ ਅਹਿਸਾਸ ਦਾ ਰਾਜ਼ਦਾਰ ਕਿਸਨੂੰ ਬਣਾਏ? ਇਹ
ਸਵਾਲ ਇਸ ਪੁਸਤਕ ਦੇ ਅਖੀਰ ਵਿਚ ਲਟਕ ਕੇ ਰਹਿ ਗਿਆ ਹੈ।
***********************
(12 ਦਸੰਬਰ 2008) ਯੂਨੀਕੋਡ-ਸੂਰਜ
ਡਾ: ਦੇਵਿੰਦਰ ਕੌਰ ਦੀਆਂ ਲਿਖਾਰੀ ਵਿਚ ਛਪੀਆਂ ਸਾਰੀਆਂ ਲਿਖਤਾਂ ਪੜ੍ਹਨ ਲਈ
ਕਲਿੱਕ ਕਰੋ