ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts English Shahmukhi Devnagri

 ਅਜੋਕਾ ਵਾਧਾ:: 01 ਜਨਵਰੀ, 2009

ਮੁੱਖਪੰਨਾ

-ਕਵਿਤਾਵਾਂ-

ਆਮੀਆ ਦੀ ਕਿਤਾਬ
-ਸੰਤੋਖ ਧਾਲੀਵਾਲ-


ਬੈਡਟਾਈਮ ਸਟੋਰੀ ਮੈਥੋਂ ਸੁਨਣ ਲਈ
ਜ਼ਿਦ ਕਰ ਰਹੀ ਸੀ ਮੇਰੀ ਤਿੰਨਾਂ ਕੁ ਸਾਲਾਂ ਦੀ ਪੋਤਰੀ।
ਉਹ ਆਪਣੀ ਬੈਡ ਤੇ ਆਰਾਮ ਨਾਲ
ਸ਼ਹਿਨਸ਼ਾਹੀ ਜਲੌ 'ਚ ਪਈ ਸੀ।
ਤੇ ਮੈਂ ---
ਉਸਦੀ ਬੈਡ ਦੇ ਨਾਲ ਲੱਗਾ
ਕਾਰਪੈਟ ਤੇ ਬੁੱਢੇ ਗੋਡਿਆਂ ਭਾਰ ਹੋਇਆ
ਪੜ੍ਹ ਕੇ ਸੁਣਾ ਰਿਹਾ ਸਾਂ।
ਉਸਦੀਆਂ ਕਿਤਾਬਾਂ 'ਚੋਂ ਇੱਕ ਕਹਾਣੀ ।
''ਨਹੀਂ ਬਾਬਾ ਜੀ, ਰੀਡ ਫਰੌਮ ਦਿਸ ਬੁੱਕ।''
(ਬਾਬਾ ਜੀ ਤੇ ਬੀਬੀ ਜੀ ਮੇਰੇ ਪੁੱਤ ਨੇ ਸਿਖਾ ਦਿੱਤੇ ਸਨ)
ਮੇਰੀ ਕਿਤਾਬ ਤੇ ਛਪੀ ਮੇਰੀ ਫੋਟੋ ਗੌਹ ਨਾਲ ਨਿਹਾਰਦੀ ਨੇ
ਮੇਰੀ ਕਿਤਾਬ ਮੈਨੂੰ ਫੜਾ ਕੇ
ਹੁਕਮ ਦਾਗਿਆ।
ਜਿਹੜੀ ਉਹ ਜ਼ਿਦ ਕਰਕੇ ਚੁੱਕ ਲਿਆਈ ਸੀ
ਆਪਣੇ ਡੈਡੀ ਦੀ ਸਟਡੀ 'ਚੋਂ।
ਮੈਂ ਕੌਣ ਸੀ
ਕਿ ਨਾਂਹ ਨੁੱਕਰ ਕਰਦਾ
ਨਹੀਂ ਤੇ ਛਿੜ ਪੈਣੀ ਸੀ ਉਸਦੇ ਸੌਣ ਕਮਰੇ 'ਚ ਹੀ
ਪਾਣੀਪੱਤ ਦੀ ਇੱਕ ਹੋਰ ਲੜਾਈ।
ਮੈਂ ਉਸਨੂੰ ਗੌਹ ਨਾਲ ਵੇਖਿਆ
ਖਾਮੋਸ਼ੀ 'ਚ ਹਾਲਾਤਾਂ ਦਾ ਜਾਇਜ਼ਾ ਲਿਆ
ਤੇ ਐਵੇਂ ਵਰਕੇ ਫਰੋਲਣ ਲੱਗਾ
ਤਿਆਰ ਹੀ ਕਰ ਰਿਹਾ ਸਾਂ ਆਪਣੇ ਆਪ ਨੂੰ
ਕੁਝ ਪੜ੍ਹ ਕੇ ਸਨਾਉਣ ਲਈ
ਆਪਣੇ ਨਵੇਂ ਛਪੇ ਨਾਵਲ 'ਸਰਘੀ' 'ਚੋਂ
ਤੇ ਸੋਚ ਰਿਹਾ ਸਾਂ ਕਿ ਇਸਨੂੰ ਤਾਂ ਹਾਲੀ
ਅੰਗ੍ਰੇਜ਼ੀ ਵੀ ਪੂਰੀ ਨਹੀਂ ਸਮਝਦੀ
ਪੰਜਾਬੀ 'ਚ ਕੀ ਪੜ੍ਹਾਂ ਏਸ ਲਈ।
ਮੇਰੇ ਹੱਥੋਂ ਕਿਤਾਬ ਖੋਹ
ਉਹ ਆਪ ਵਰਕੇ ਫਰੋਲਣ ਲੱਗੀ।
ਤੇ ਨਾਲ ਹੀ ਕੁਝ ਕਹੀ ਵੀ ਜਾ ਰਹੀ ਸੀ
ਜਿਵੇਂ ਉਹ ਸੱਚੀਂ ਹੀ ਪੜ੍ਹ ਰਹੀ ਹੁੰਦੀ ਹੈ।
ਜਿਸਦਾ ਸ਼ਾਇਦ ਨਾ ਉਸਨੂੰ ਪਤਾ ਸੀ ਕਿ ਕੀ ਕਹਿ ਰਹੀ ਹੈ
ਤੇ ਨਾ ਹੀ ਮੇਰੇ ਕੁਝ ਪਿੜ-ਪੱਲੇ ਪੈ ਰਿਹਾ ਸੀ॥
''ਾਹੳਟ ੳਰੲ ੇੋੁ ਰੲੳਦਨਿਗ, ਅਮੇਿੳ---ਦੳਰਲਨਿਗ---?''
ਮੈਂ ਲਾਡ ਜਹੇ 'ਚ ਪੁਛਿਆ।
ਸਹਸਹਸਹਸਹ૷-ਬਾਬਾ ਜੀ।''
ਉਸਨੇ ਮੈਨੂੰ ਚੁੱਪ ਕਰਾਉਣ ਲਈ
ਆਪਣੇ ਬੁਲ੍ਹਾਂ ਤੇ ਉਂਗਲੀ ਰੱਖ, ਝਿੜਕ ਮਾਰੀ
ਉਹ ਜਿਵੇਂ ਡੂੰਘੇ ਵਿਚਾਰਾਂ 'ਚ ਹੁੰਦੀ ਹੈ।
ਆਪਣੀਆਂ ਨਿੱਕੀਆਂ ਨਿੱਕੀਆਂ ਉਂਗਲਾਂ ਦੇ ਪੋਟਿਆਂ ਨਾਲ
ਛੋਹ ਰਹੀ ਸੀ ਜਿਵੇਂ ਪਲੋਸ ਰਹੀ ਹੁੰਦੀ ਹੈ।
ਪੰਜਾਬੀ 'ਚ ਛਪੇ ਅੱਖਰਾਂ ਨੂੰ ।
ਅੱਖਰ ਜਿਹੜੇ ਸ਼ਾਇਦ ਉਸਨੇ ਪਹਿਲੀ ਵਾਰ ਹੀ ਵੇਖੇ ਸਨ।

ਮੈਨੂੰ ਲੱਗਾ
ਜਿਵੇਂ ਉਹ ਮੈਨੂੰ ਹੀ ਪਲੋਸ ਰਹੀ ਹੈ।
ਮੇਰੇ ਲਿਖੇ ਅੱਖਰਾਂ 'ਚੋਂ ਕੋਈ ਅਪਣੱਤ ਭਾਲ ਰਹੀ ਹੈ।
ਮੇਰੇ ਤੇ ਆਪਣੇ ਰਿਸ਼ਤੇ ਦੀ ਸਿਆਣ ਕੱਢ ਰਹੀ ਹੈ।
ਮੈਨੂੰ ਸਮਝਣ ਦੀ ਕੋਸ਼ਸ਼ ਕਰ ਰਹੀ ਹੁੰਦੀ ਹੈ।
ਮੈਂ ਕੁਝ ਚਿਰ ਆਪਣੇ ਹੀ ਵਹਿਣਾਂ 'ਚ ਵਿਚਰਦਿਆਂ
ਉਸਨੂੰ ਹੈਰਾਨ, ਗੰਭੀਰ ਤੇ ਸੁੰਨੀਆਂ ਨਜ਼ਰਾਂ ਨਾਲ ਵੇਖਿਆ
ਐਨ ਓਸੇ ਤਰ੍ਹਾਂ ਜਿਵੇਂ ਮੈਂ ਸੱਤਾਂ ਸਾਲਾਂ ਦੇ ਨੇ
ਆਪਣੀ ਮਾਂ ਨੂੰ ਭੁੰਜੇ ਲੱਥੀ ਨੂੰ ਵੇਖਿਆ ਸੀ।
ਉਸ ਵੇਲੇ ਮੈਨੂੰ ਮਾਂ ਦੇ ਮੰਜਿਓ ਲੱਥੀ ਦੇ
ਅਰਥਾਂ ਦਾ ਪਤਾ ਨਹੀਂ ਸੀ ।
ਤੇ ਅੱਜ
ਇੱਕ ਵਾਰ ਫੇਰ ਸੋਚ ਰਿਹਾ ਹਾਂ
ਕਿ ਮੇਰੀ ਪੋਤਰੀ ਆਮੀਆ ਸ਼ਾਇਦ ਕਦੇ ਵੀ
ਮੇਰੇ ਵਾਰੇ ਨਾ ਜਾਣ ਸਕੇ
ਤੇ ਇਸਨੂੰ ਮੇਰੀ ਲਿਖਤ ਦੇ ਅਰਥਾਂ ਦੀ ਕਦੇ ਵੀ
ਸਮਝ ਨਹੀਂ ਪੈਣੀ।
ਤੇ ਮੈਨੂੰ ਮਹਿਸੂਸ ਹੋਣ ਲੱਗਾ
ਕਿ ਮੈਂ ਅੱਜ ਇੱਕ ਵਾਰ ਫੇਰ
ਦੂਜੀ
ਹੌਲੀ ਹੌਲੀ ਥੱਲੇ ਲਾਹੀ ਜਾ ਰਹੀ ਮਾਂ ਨੂੰ ਮੁਖਾੁਤਿਬ ਹਾਂ।
ਜਿਸਦੇ ਹੋ ਰਹੇ ਸ਼ੋਸ਼ਣ 'ਚ ਮੈਂ ਵੀ ਸ਼ਾਮਿਲ ਹਾਂ।
ਜਿਸਦਾ ਮੈਂ ਖੁਦ ਵੀ ਜ਼ੁੰਮੇਵਾਰ ਹਾਂ।
 

***
E Mail sathiludhianvi@hotmail.com
 

(25 ਦਸੰਬਰ 2008)

ਸੰਤੋਖ ਧਾਲੀਵਾਲ ਦੀਆਂ ਲਿਖਾਰੀ ਵਿੱਚ ਛਪੀਆਂ ਸਾਰੀਆਂ ਲਿਖਤਾਂ ਪੜ੍ਹਂ ਲਈ ਕਲਿੱਕ ਕਰੋ

ਲਿਖਾਰੀ
Likhari

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.