ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

Download Punjabi Fonts English Shahmukhi Devnagri

 ਅਜੋਕਾ ਵਾਧਾ:: 26 January, 2010

     ਮੁੱਖਪੰਨਾ

-ਕਹਾਣੀਆਂ-

ਆਖ਼ਰੀ ਗਜਰਾ
-ਰੋਜ਼ੀ ਸਿੰਘ-

     
 


ਅਜੇ ਉਹ ਸੱਤ ਵਰਿਆਂ ਦੀ ਸੀ, ਜਦੋਂ ਉਸ ਨੂੰ ਆਪਣੀ ਮਾਂ ਨਾਲ ਸਾਰਾ ਕੰਮ ਕਰਨ ਵਿੱਚ ਹੱਥ ਵਟਾਉਣਾ ਪੈ ਗਿਆ। ਖਿਡਾਉਣਿਆਂ ਦੀ ਥਾਂ ਹੱਥ ਵਿੱਚ ਮਾਂਜਾ ਫੜ ਪਹਿਲਾਂ ਉਸਨੂੰ ਸਾਰੇ ਘਰ ਦੀ ਸਫਾਈ ਕਰਨੀ ਪੈਂਦੀ ਤੇ ਫਿਰ ਆਪਣੀ ਮਾਂ ਨਾਲ ਲੋਕਾਂ ਦੇ ਘਰਾਂ ਵਿੱਚ ਗੋਹਾ ਕੂੜਾ ਚੁੱਕਣ ਜਾਣਾ ਪੈਂਦਾ। ਬਾਲੜੀ ਉਮਰ ਦੀਆਂ ਸਾਰੀਆਂ ਸੱਧਰਾਂ, ਬਾਲਾਂ ਨਾਲ ਖੇਡਣ ਦੇ ਚਾਅ, ਕੂਹਣੀਆਂ ਤੱਕ ਚੂੜੀਆਂ ਚੜਾਊਂਣ ਦੀਆਂ ਉਮੰਗਾਂ ਸਭ ਵਿਸਰ ਗਈਆਂ । ਹੁਣ ਤਾਂ ਉਸ ਦੀ ਵੀਣੀ ਵਿੱਚ ਉਹਨਾਂ ਚੋਹਾਂ ਗਜਰਿਆਂ ਵਿੱਚੋਂ ਸਿਰਫ ਇਕੋ ਗਜਰਾ ਹੀ ਬਾਕੀ ਰਹਿ ਗਿਆ ਸੀ, ਉਹ ਵੀ ਗੋਹੇ ਨਾਲ ਲਿਬੜਿਆ, ਜਿਸ ਦਾ ਰੰਗ ਗੁਲਾਬੀ ਤੋਂ ਮਿਟੀ ਰੰਗਾ ਹੋ ਚੁੱਕਿਆ ਸੀ। ਪਿਛਲੇ ਸਾਲ ਉਸ ਦਾ ਪਿਓ ਉਸ ਨੂੰ ਮੋਢੇ ਤੇ ਚੱਕ ਕਿ ਲਾਗਲੇ ਪਿੰਡ ਵਿਸਾਖੀ ਦੇ ਮੇਲੇ ਲੈ ਗਿਆ ਸੀ । ਉਸ ਨੇ ਸਿਰਫ ਮੇਲਾ ਹੀ ਵੇਖਿਆ ਸੀ। ਚਾਰ ਗਜਰੇ ਚੜਾਉਂਣ ਤੋਂ ਸਿਵਾ ਆਪਣੇ ਮਨ ਦੀ ਹੋਰ ਕੋਈ ਰੀਝ ਪੂਰੀ ਨਹੀ ਸੀ ਕਰ ਸਕੀ। ਹੋਰਨਾ ਬੱਚਿਆਂ ਨੂੰ ਵੰਨ ਸੁਵੰਨੀਆਂ ਚੀਜ਼ਾਂ ਲੈਂਦੇ ਵੇਖ ਉਸ ਦੇ ਮੰਨ ਅੰਦਰ ਤਰੰਗਾਂ ਤਾਂ ਛਿੜਦੀਆਂ ਪਰ----? ਉਹ ਕੁਝ ਚਿਰ ਲਈ ਖਿਆਲਾਂ ਵਿੱਚ ਆਪਣੇ ਆਪ ਨੂੰ ਉਹਨਾਂ ਖਿਡਾਉਣਿਆਂ ਨਾਲ ਖੇਡਦੀ ਮਹਿਸੂਸ ਕਰਦੀ, ਹੋਰਨਾਂ ਬੱਚਿਆਂ ਨੂੰ ਜਲੇਬੀਆਂ, ਮਠਿਆਈ ਖਾਂਦੇ ਵੇਖ ਉਸ ਦੇ ਮੂੰਹ ਵਿੱਚ ਪਾਣੀ ਤਾਂ ਭਰ ਆਊਂਦਾ--- ਪਰ ਉਹ ਘੁੱਟ ਭਰਨ ਤੋਂ ਸਿਵਾਏ ਕੁਝ ਹੋਰ ਕਰਨ ਦੇ ਅਸਮਰੱਥ ਸੀ । ਇੱਕ ਰੁਪੈ ਦੀਆਂ ਚਾਰ ਗੁਲਾਬੀ ਰੰਗ ਦੀਆਂ ਚੂੜੀਆਂ ਉਸ ਦੇ ਪਿਓ ਨੇ ਉਸ ਨੂੰ ਲੈ ਕਿ ਦਿੱਤੀਆਂ ਸਨ ਜੋ ਉਸ ਨੇ ਪਿੰਡ ਆ ਕੇ ਆਪਣੀਆਂ ਸਾਰੀਆਂ ਸਹੇਲੀਆਂ ਨੂੰ ਦੱਸਣ ਦਾ ਖਾਅਬ ਲਿਆ ਸੀ । ਪਿਓ ਦੇ ਮੋਢੇ 'ਤੇ ਚੜ੍ਹੀ ਉਹ ਬੜੀ ਬੇ-ਸਬਰੀ ਨਾਲ ਪਿੰਡ ਅਪੜਨ ਦਾ ਇੰਤਜਾਰ ਕਰਨ ਲੱਗੀ। ਸ਼ਾਇਦ ਉਹ ਸੋਚਦੀ ਹੋਵੇ, ''ਕਿਨੀਆਂ ਸੜਨਗੀਆਂ ਮੇਰੀਆਂ ਸਹੇਲੀਆਂ ਮੇਰੇ ਗਜਰੇ ਦੇਖ ਕੇ।''
 

ਪਿਓ ਦੇ ਮੋਢੇ ਤੋਂ ਉਤਰਦਿਆਂ ਹੀ ਉਹ ਦੋੜ ਕਿ ਪਿੱਪਲ ਵਾਲੇ ਚੌਂਕ ਵੱਲ ਚਲੀ ਗਈ ਜਿੱਥੇ ਉਹ ਤੇ ਉਸਦੀਆਂ ਸਹੇਲੀਆਂ ਰੋਜ਼ ਖੇਡਦੀਆਂ ਸਨ। ਸਹੇਲੀਆਂ ਦੀਆਂ ਬਾਹਵਾਂ ਵਿੱਚ ਕੂਹਣੀਆਂ ਤੱਕ ਵੰਙਾਂ ਦੇਖ, ਵੰਨ-ਸੁਵੰਨੇ ਖਿਡਾਉਣੇ ਵੇਖ ਉਸ ਨੇ ਆਪਣੇ ਅਰਮਾਨਾਂ ਨੂੰ ਅੰਦਰ ਹੀ ਅੰਦਰ ਦਫਨਾ ਲਿਆ ਤੇ ਉਹ ਆਪਣੀ ਬਾਂਹ ਵਿੱਚ ਪਾਏ ਚਾਰ ਗਜਰਿਆਂ ਨੂੰ ਪਿਛੇ ਲਕੋ ਘਰ ਨੂੰ ਟੁਰ ਪਈ।
 

ਮਾਂ ਬਿਮਾਰ ਰਹਿੰਦੀ ਸੀ ਇਕ ਵੱਡਾ ਭਰਾ ਕਿਸੇ ਜਿੰਮੀਦਾਰ ਨਾਲ ਆੜੀ ਕਰਦਾ ਏ, ਪਿਓ ਕਦੀ ਸਬਜੀ ਦਾ ਫੇਰਾ ਲਗਾ ਲੈਂਦਾ ਤੇ ਕਦੀ ਕਿਸੇ ਹੋਰ ਸ਼ੈਅ ਦਾ, ਦੋ ਹੋਰ ਛੋਟੀਆਂ ਭੈਣਾਂ ਵੀ ਨੇ। ਇਕ ਚਾਰ ਸਾਲ ਦੀ ਤੇ ਦੂਜੀ ਦੋ ਸਾਲ ਦੀ । ਮਾਂ ਦੀ ਬਿਮਾਰੀ ਕਾਰਨ ਉਸ ਨੂੰ ਲੋਕਾਂ ਦੇ ਘਰਾਂ ਵਿੱਚ ਆਪਣੇ ਅਤੇ ਨਾਲਦੇ ਪਿੰਡ ਗੋਹਾ ਕੂੜਾ ਚੁੱਕਣ ਜਾਣਾਂ ਪੈਂਦਾ। ਅੱਜ ਪੂਰਾ ਸਾਲ ਹੋ ਚੁੱਕਾ ਏ, ਤੇ ਸਵੇਰੇ ਫੇਰ ਵਿਸਾਖੀ ਦਾ ਮੇਲਾ ਲੱਗਣਾ ਏ। ਉਸ ਨੇ ਆਪਣੀ ਬਾਂਹ ਵਿੱਚ ਬਚੇ ਇੱਕੋ ਇਕ ਗਜਰੇ ਵੱਲ ਦੇਖਿਆ। ਛੋਟੀ ਉਮਰ ਦੇ ਚਾਅ ਵੀ ਛੋਟੇ-ਛੋਟੇ ਹੁੰਦੇ ਨੇ । ਉਸ ਨੂੰ ਯਾਦ ਆਇਆ ਕਿਵੇਂ ਉਹ ਆਪਣੇ ਪਿਓ ਦੇ ਮੋਢਿਆਂ 'ਤੇ ਚੜ ਕਿ ਮੇਲੇ ਗਈ ਸੀ ।

ਗਰੀਬੀ ਹਯਾਤ ਦਾ ਸਭ ਤੋਂ ਵੱਡਾ ਸਰਾਪ ਏ, ਤੇ ਗਰੀਬ ਦੀ ਔਲਾਦ ਆਪਣੇ ਮਾਪਿਆਂ ਦੇ ਸੂਦ ਦੇ ਵਿਆਜ਼ ਵਾਂਗ ਹੀ ਸਾਰੀ ਉਮਰ ਹੱਡ ਰਗੜਦੇ ਮਰ ਜਾਂਦੇ ਨੇ। ਖੌਰੇ ਕਿਨੀਆਂ ਪੀੜ੍ਹੀਆਂ ਇਸ ਸਰਾਪ ਦਾ ਸਾਇਆ ਉਹਨਾਂ ਦੀ ਜਨਮ ਕੁੰਡਲੀ ਵਿੱਚ ਬੈਠਾ ਰਹੇਗਾ ਕੋਈ ਨਹੀਂ ਜਾਣਦਾ। ਭਾਵੇਂ ਕਿ ਉਹ ਛੋਟੀ ਸੀ ਪਰ ਉਸਦੀ ਹਸਰਤ ਉਸ ਦੀ ਉਮਰ ਤੋਂ ਕਈਂ ਗੁਣਾ ਵੱਡੀ ਸੀ। ਉਹ ਸੋਚਦੀ ਕਿ ਸ਼ਾਇਦ ਹੀ ਕਦੀ ਉਹ ਆਪਣੀਆਂ ਕੁਹਣੀਆਂ ਤੱਕ ਵੰਙਾਂ ਚੜ੍ਹਾ ਸਕੇ। ਕਿਨੀ ਦੇਰ ਸੋਚਣ ਤੋਂ ਬਾਅਦ ਉਸ ਨੇ ਆਪਣੀ ਮਾਂ ਨੂੰ ਹੌਂਸਲਾ ਕਰਕੇ ਕਿਹਾ, ''ਬੀਬੀ ਮੈਨੂੰ ਦੋ ਰੁਪਏ ਦੇ ਖਾਂ---''
''ਕਿਊ ਕੀ ਕਰਨੇ ਨੇ ਦੋ ਰੁਪਏ'' ਮਾਂ ਨੇ ਬਿਮਾਰ ਜਿਹੀ ਅਵਾਜ਼ ਵਿੱਚ ਆਖਿਆ।
''ਮਾਂ ਮੈ ਕੂਹਣੀਆਂ ਤੱਕ ਚੂੜੀਆਂ ਚੜਾਊਂਣੀਆਂ ਨੇ'' ਉਹ ਬੋਲੀ।

ਮਾਂ ਨੇ ਥੋੜ੍ਹਾ ਝਿੜਕਦੇ ਹੋਏ ਕਿਹਾ ''ਘਰ ਰੋਟੀ ਖਾਣ ਨੂੰ ਨਹੀਂ, ਤੈਨੂੰ ਚੂੜੀਆਂ ਦੀ ਅੱਗ ਲੱਗੀ ਏ--- ਕੰਮ ਕਰ ਚੁੱਪ ਕਰਕੇ।''
ਸਿੱਖਰ ਦੁਪਿਹਰੇ ਮੁੜ੍ਹਕੇ ਦੇ ਨਾਲ ਦੋ ਹੰਝੂ ਉਸ ਦੀਆਂ ਅੱਖਾਂ ਵਿੱਚੋਂ ਕਿਰ ਕੇ ਕੂੜੇ ਵਾਲੇ ਦਾਬੜੇ ਵਿੱਚ ਰੁਲ ਗਏ। ਆਪਣੇ ਭਾਰ ਨਾਲੋਂ ਜਿਆਦਾ ਭਾਰਾ ਦਾਬੜਾ ਚੁੱਕ ਉਹ ਹਵੇਲੀਓਂ ਬਾਹਰ ਹੋ ਗਈ। ਜ਼ਿਆਦਾ ਭਾਰ ਚੁੱਕਣ ਕਾਰਨ ਉਸ ਦੀਆਂ ਲੱਤਾਂ ਵੀ ਟੇਢੀਆਂ-ਟੇਢੀਆਂ ਹੋ ਗਈਆਂ ਸਨ।

ਮਾਂ ਦੇ ਮਨ ਵਿੱਚ ਆਪਣੀ ਧੀ ਪ੍ਰਤੀ ਕਈਂ ਤਰ੍ਹਾਂ ਦੇ ਸਵਾਲ ਉਪਜਦੇ ਤੇ ਖਾਮੋਸ਼ ਸੁੱਰ ਵਿੱਚ ਹੀ ਦਮ ਤੋੜ ਜਾਂਦੇ। ਕੰਮ ਕਾਜ ਮੁਕਾ ਕੇ ਉਸਦੀ ਮਾਂ ਨੇ ਉਸ ਨੂੰ ਘਰ ਜਾਣ ਲਈ ਕਿਹਾ ਤੇ ਆਪ ਜਿਮੀਦਾਰਾਂ ਦੀ ਹਵੇਲੀ ਵਿੱਚ ਝਾੜੂ ਫੇਰਨ ਲੱਗ ਪਈ। ਹਵੇਲੀ ਸਾਫ ਕਰਕੇ ਮਾਂ ਨੇ ਸਰਦਾਰਨੀ ਨੂੰ ਕਿਹਾ।
''ਸਰਦਾਰਨੀ ਜੀ! ਅੱਜ ਵਿਸਾਖੀ ਏ ਕੁਝ ਪੈਸੇ ਦੇ ਦਿੰਦੇ ਤਾਂ----?''
ਸਰਦਾਰਨੀ ਨੇ ਸਵੇਰ ਦੀਆਂ ਬਚੀਆਂ 5-7 ਰੋਟੀਆਂ ਤੇ ਦਾਲ ਦਾ ਕੌਲਾ ਉਸ ਦੀ ਬਾਟੀ ਵਿੱਚ ਸੁੱਟਿਅ। ਇਕ ਪਿੱਤਲ ਦਾ ਡੋਲੂ ਲੱਸੀ ਨਾਲ ਭਰ ਦਿੱਤਾ ।
''ਜਾਹ ਹੁਣ! ਕੇ ਇਥੇ ਹੀ ਬੈਠੀ ਰਹੇਂਗੀ।''
''ਸਰਦਾਰਨੀ ਜੀ ---- ਕੁਝ ਪੈਸੇ ਮਿਲ ਜਾਂਦੇ ਤਾਂ?''
''ਛੋਟੀ ਜਿਦ ਕਰਦੀ ਸੀ ਕੇ ਮੇਲੇ ਤੋਂ ਚੂੜੀਆਂ ਲੈਣੀਆਂ ਨੇ ।''
''ਵੇਖਾਂ ਅੱਗ ਲੱਗੀ ਏ ਏਨੂੰ, ਖਾਣ ਨੂੰ ਰੋਟੀ ਨਹੀਂ, ਚੂੜੀਆਂ ਦੀ ਪਈ ਏ।'' ਸਰਦਾਰਨੀ ਰੋਹਬ ਨਾਲ ਬੋਲੀ ਜਿਵੇਂ ਉਹ ਕਿਸੇ ਉਚ ਸ਼ਕਤੀ ਦੀ ਮਾਲਕ ਹੋਵੇ, ਤੇ ਕੁਝ ਪੈਸਿਆਂ ਲਈ ਤਰਲੇ ਕਰਦੀ ਉਹ ਔਰਤ ੳਸਦੀ ਗੁਲਾਮ।
ਮਾਂ ਉੱਠ ਕੇ ਟੁਰਨ ਲੱਗੀ ਤਾਂ ਸਰਦਾਰਨੀ ਬੋਲੀ।
''ਰੁਕ ਜਾ ਹੁਣ ਦੇਖਦੀ ਆਂ ਜੇ ਕੋਈ ਟੁੱਟਾ ਹੋਇਆ ਤਾਂ।''
ਤੇ ਉਹ ਅੰਦਰੋ ਜਾ ਕੇ ਪੰਜਾਂ ਦਾ ਇਕ ਮਾੜਾ ਜਿਹਾ ਨੋਟ ਕੱਢ ਲਿਆਈ ।
''ਲੈ ਫੜ ਮੇਲਾ ਮਨਾ ਲਈਂ।'' ਮਾਂ ਨੇ ਸਿਰ ਨਿਵਾਇਆ ਤੇ ਸ਼ੁਕਰਾਨੇ ਕਰਦੀ ਘਰ ਪਰਤ ਆਈ।
ਛੋਟੀ ਦੀਆਂ ਸਾਰੀਆਂ ਸਹੇਲੀਆਂ ਆਪਣੇ ਘਰ ਵਾਲਿਆਂ ਨਾਲ ਮੇਲੇ ਗਈਆਂ ਸਨ। ਉਹ ਪਿੱਪਲ ਥੱਲੇ ਇਕੱਲੀ ਹੀ ਮਿੱਟੀ ਨਾਲ ਮੈਲੀ ਹੋਈ ਵੰਙ ਨੂੰ ਦੇਖ ਰਹੀ ਸੀ । ਕਿੰਨਾਂ ਚਿਰ ਉਹ ਪਿੱਪਲ ਥੱਲੇ ਬੈਠੀ ਮਾਂ ਨੂੰ ਉਡੀਕਦੀ ਰਹੀ ਕਿ ਉਸਨੇ ਸਰਦਾਰਾਂ ਘਰੋਂ ਪੈਸੇ ਲਿਆਉਂਣੇ ਨੇ ।
ਉਸਦਾ ਪਿਓ ਵੀ ਅੱਜ ਦਿਹਾੜੀ ਨਾ ਮਿਲਣ ਕਰਕੇ ਕਿਤੇ ਨਹੀਂ ਸੀ ਗਿਆ। ਉਹ ਸੁੰਨ ਹੋਈ ਪਿੱਪਲ ਦੇ ਮੁੱਢ ਨਾਲ ਬੈਠੀ ਰਹੀ।
ਕਾਫੀ ਦੇਰ ਬਾਅਦ ਉਸ ਦੀ ਮਾਂ ਘਰ ਪਹੁੰਚੀ, ਅਚਾਨਕ ਉਸ ਦੀ ਵੱਖੀ ਵਿੱਚ ਪਹਿਲਾਂ ਦੀ ਤਰ੍ਹਾਂ ਹੀ ਪੀੜ ਨਿਕਲੀ ਤੇ ਮੱਜੇ 'ਤੇ ਡਿੱਗ ਪਈ । ਉਸ ਨੇ ਛੋਟੀ ਨੂੰ ਅਵਾਜ਼ਾਂ ਮਾਰੀਆਂ। ਅਵਾਜ਼ਾਂ ਸੁਣ ਕੇ ਉਹ ਪਿੱਪਲ ਥੱਲਿਓ ਉਠ ਕੇ ਘਰ ਨੂੰ ਭੱਜੀ। ਉਹ ਸੋਚ ਰਹੀ ਸੀ ਕੇ ਸ਼ਾਇਦ ਮਾਂ ਨੇ ਮੇਰੇ ਲਈ ਚੂੜੀਆਂ ਲਿਆਂਦੀਆਂ ਹੋਣ। ਉਸ ਦੇ ਘਰ ਪਹੁੰਚਦਿਆਂ ਹੀ ਮਾਂ ਨੇ ਉਸ ਨੂੰ ਪੰਜਾਂ ਦਾ ਨੋਟ ਫੜਾਉਂਦਿਆਂ ਹਕੀਮ ਕੋਲੋਂ ਦੋ ਪੁੜੀਆਂ ਲਿਆਊਂਣ ਲਈ ਕਿਹਾ ਜਿਹੜੀਆਂ ਉਹ ਪਹਿਲਾਂ ਵੀ ਖਾਂਦੀ ਹੁੰਦੀ ਸੀ। ਛੋਟੀ ਦੌੜ ਕਿ ਹਕੀਮ ਕੋਲੋਂ ਪੁੜੀਆਂ ਲੈ ਆਈ ਤੇ ਮਾਂ ਨੂੰ ਫੜਾ ਕੇ ਪਾਣੀ ਦਾ ਗਿਲਾਸ ਲਿਆ ਦਿੱਤਾ।

ਸ਼ਾਮ ਪੈ ਚੁੱਕੀ ਸੀ ਉਸ ਨੇ ਚੁੱਲ੍ਹੇ ਵਿੱਚ ਅੱਗ ਬਾਲੀ, ਸਰਦਾਰਾਂ ਦੇ ਘਰੋਂ ਆਈਆਂ ਰੋਟੀਆਂ ਤੱਤੀਆਂ ਕੀਤੀਆਂ। ਘਰ ਵਿੱਚ ਪਏ ਕੁਝ ਆਟੇ ਦੀਆਂ ਰੋਟੀਆਂ ਪਕਾ ਕੇ ਉਸ ਨੇ ਆਪਣੀਆਂ ਦੋ ਛੋਟੀਆਂ ਭੈਣਾਂ ਨੂੰ ਖੁਵਾਲ ਦਿਤੀਆਂ ਅਤੇ ਉਹਨਾਂ ਨੂੰ ਸੁਆ ਕੇ ਮਾਂ ਨੂੰ ਦੂਸਰੀ ਪੁੜੀ ਵੀ ਖੁਵਾਲ ਦਿੱਤੀ। ਆਪ ਵੀ ਇਕ ਸੁੱਕੀ ਰੋਟੀ ਖਾ ਕੇ ਉਹ ਮਾਂ ਦੇ ਨਾਲ ਹੀ ਮਾਂ ਦੇ ਸਿਰ ਦੁਆਲੇ ਆਪਣੀ ਬਾਂਹ ਵਲੀ ਡੂੰਘੀ ਜਿਹੀ ਮੰਜੀ 'ਤੇ ਸੋਂ ਗਈ। ਕੁਝ ਦੇਰ ਬਾਅਦ ਉਸ ਦੀ ਅੱਖ ਲੱਗ ਗਈ ।

ਉਸ ਨੇ ਆਪਣੇ ਖਾਅਬ ਵਿੱਚ ਦੇਖਿਆ ਕੇ ਵਿਸਾਖੀ ਦੇ ਮੇਲੇ ਵਿੱਚ ਉਸ ਨੇ ਆਪਣੀਆਂ ਕੂਹਣੀਆਂ ਤੱਕ ਰੰਗ-ਬਰੰਗੇ ਗ਼ਜਰੇ ਪਾਏ ਹੋਏ ਨੇ । ਉਸ ਦੀਆਂ ਸਾਰੀਆਂ ਸਹੇਲੀਆਂ ਉਸ ਦੇ ਕੋਲ-ਕੋਲ ਢੁੱਕ ਕੇ ਬੈਠ ਰਹੀਆਂ ਨੇ ਤੇ ਜਿਵੇਂ ਉਹ ਉਹਨਾਂ ਨੂੰ ਕਹਿ ਰਹੀ ਹੋਵੇ, ''ਪਰੇ ਰਹਿ ਹੱਥ ਨਾ ਲਾਈਂ, ਮੇਰੇ ਗਜਰੇ ਮੈਲੇ ਹੋ ਜਾਣਗੇ।''
ਉਹਨਾਂ ਪਲਾਂ ਵਿੱਚ ਜਾਣੋਂ ਉਹ ਚੂੜੀਆਂ ਵਿੱਚ ਜੜੀ ਹੋਵੇ । ਅਚਾਨਕ ਇਕ ਚੀਕ ਦੀ ਅਵਾਜ਼ ਨੇ ਉਸ ਦੀ ਅੱਖ ਖੋਲ ਦਿੱਤੀ। ਉਸ ਨੇ ਇਕਦਮ ਮਾਂ ਵੱਲ ਦੇਖਿਆ, ਮਾਂ ਮਰ ਚੁੱਕੀ ਸੀ ।
ਉਸ ਨੇ ਆਪਣੇ ਪੂਰੇ ਜੋਰ ਨਾਲ ਆਪਣੀ ਬਾਂਹ ਆਪਣੀ ਮਾਂ ਦੇ ਸਿਰ ਹੇਠੋਂ ਖਿੱਚ੍ਹੀ । ਉਸ ਦੀ ਬਾਂਹ ਵਿੱਚ ਬਚਿਆ ਇਕੋ-ਇਕ ਗੋਹੇ ਨਾਲ ਮੈਲਾ ਹੋਇਆ ਗਜਰਾ ਵੀ ਟੁੱਟ ਚੁੱਕਾ ਸੀ ।

ਰੋਜ਼ੀ ਸਿੰਘ
ਸੋ-ਫਾਇਨ ਕੰਪਿਊਟਰ ਇੰਸਟੀਚਿਊਟ
ਫਤਿਹਗੜ ਚੂੜੀਆਂ (ਗੁਰਦਾਸਪੁਰ)
9988964633
*****

(8 ਜਨਵਰੀ 2009) -ਸੂਰਜ ਯੂਨੀਕੋਡ

 
     

ਲਿਖਾਰੀ
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.