ਸਾਹਿਤ
ਵਿੱਚ ਜਿਥੇ ਯਥਾਰਥਵਾਦ ਅਤੇ ਅਧਿਆਤਮੱਕ ਪੱਖਾਂ ਨੂੰ ਢੁਕਵੀਂ ਜਗ੍ਹਾ ਦਿੱਤੀ ਗਈ
ਹੈ, ਉਥੇ ਦਾਰਸ਼ਨਿਕਤਾ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਸਵਸਥ ਤੇ
ਸਿਹਤਮੰਦ ਸਾਹਿਤ, ਗਿਆਨ ਦਾ ਸਭ ਤੋਂ ਵੱਡਾ ਸ੍ਰੋਤ ਵੀ ਸਾਬਤ ਹੁੰਦਾ ਹੈ। ਇਸ
ਖੇਤਰ ਵਿੱਚ ਪਿਛਲੇ ਸਮੇਂ ਤੋਂ ਖਾਸੀ ਨਵੀਨਤਾ ਆਈ ਹੈ ਅਤੇ ਬਹੁਤ ਸਾਰੇ ਨਵੇਂ
ਤਜਰਬਿਆਂ ਦੇ ਦਰ ਵੀ ਖੁੱਲ੍ਹੇ ਹਨ। ਸਿਹਤਮੰਦ ਸਾਹਿਤ ਰਚਿਆ ਗਿਆ ਹੈ ਅਤੇ ਪਾਠਕ
ਵਰਗ ਦਾ ਘੇਰਾ ਵੀ ਵਿਸ਼ਾਲ ਹੋਇਆ ਹੈ। ਨਵੀਆਂ ਤਕਨੀਕਾਂ ਅਤੇ ਖੋਜਾਂ ਨੇ ਪਾਠਕਾਂ
ਦਾ ਧਿਆਨ ਆਪਣੇ ਵੱਲ ਖਿੱਚ੍ਹਿਆ ਹੈ। ਅਜਿਹੇ ਸਮੇਂ ਵਿੱਚ ਖਾਸੇ ਲੇਖਕ ਇੰਟਰਨੈਟ,
ਅਖਬਾਰਾਂ, ਰਸਾਲਿਆਂ ਆਦਿ ਜਰੀਏ ਆਪਣੀਆਂ ਸਹਿਤਕ ਕਿਰਤਾਂ ਨਾਲ ਸਾਹਿਤ ਜਗਤ ਵਿੱਚ
ਆਪਣੀ ਪਹਿਚਾਣ ਬਣਾਉਂਣ ਵਿੱਚ ਕਾਮਯਾਬ ਹੋਏ ਹਨ। ਜਿਨ੍ਹਾਂ ਵਿੱਚੋਂ ਇੱਕ ਚਰਚਿਤ
ਨਾਮ 'ਗੁਰਪ੍ਰਤਾਪ ਸਿੰਘ ਕਾਹਲੋਂ' ਦਾ ਹੈ।
ਗੁਰਪ੍ਰਤਾਪ ਜਿੰਦਗੀ ਦੀਆਂ ਤਲਖ
ਹਕੀਕਤਾਂ ਤੋਂ ਨਾ ਸਿਰਫ ਚੰਗੀ ਤਰ੍ਹਾਂ ਵਾਕਿਫ ਰਿਹਾ ਹੈ ਸਗੋਂ ਉਸਨੇ ਇਹਨਾਂ
ਪ੍ਰਸਥਿਤੀਆਂ ਵਿਚੋਂ ਲੰਘ ਕੇ ਆਪਣੇ ਲਈ ਰਾਹ ਪੱਧਰਾ ਕੀਤਾ ਹੈ। ਉਸ ਵਿੱਚ ਸ਼ਊਰ,
ਸਿੱਦਕ ਤੇ ਸਿਰੜ ਦਾ ਮਾਦਾ ਭਰਿਆ ਪਿਆ ਹੈ। ਉਸ ਦੀਆਂ ਰਚਨਾਵਾਂ ਹਯਾਤੀ ਦੇ
ਗੁੰਝਲਦਾਰ ਜੰਗਲਾਂ ਵਿੱਚੋਂ ਲੰਘਦਿਆਂ ਹੰਢਾਏ ਸਹਿਮ ਅਤੇ ਡਰ ਦਾ ਇੰਨ-ਬਿੰਨ
ਅਹਿਸਾਸ ਕਰਵਾਉਂਦੀਆਂ ਹਨ। ਕਾਲਜ ਅਤੇ ਯੂਨੀਵਰਸਿਟੀ ਦੀ ਚਹਿਲ ਪਹਿਲ ਵਾਲੀ
ਜਿੰਦਗੀ ਤੋਂ ਲੈ ਕੇ ਹਨੇਰੀਆਂ ਅਤੇ ਡਰਾਉਂਣੀਆਂ ਰਾਹਾਂ ਤੱਕ ਦਾ ਸਫ਼ਰ ਉਸਦੀ
ਹਯਾਤੀ ਵਿੱਚ ਭਰਿਆ ਪਿਆ ਹੈ ਜੋ ਉਸਦੀਆਂ ਰਚਨਾਵਾਂ ਵਿੱਚ ਵੀ ਸ਼ਾਮਿਲ ਹੈ।
ਗੁਰਪ੍ਰਤਾਪ ਦੀਆਂ ਰਚਨਾਵਾਂ ਦਰਸ਼ਨ
ਸ਼ਾਸਤਰ ਵਾਂਗ ਜਿੰਦਗੀ ਦੀ ਸੱਚਾਈ ਨੂੰ ਹਕੀਕਤ ਵਿੱਚ ਪੇਸ਼ ਕਰਦੀਆਂ ਹਨ। ਬੌਧਿਕ
ਪੱਖ ਤੋਂ ਉਸ ਦੀਆਂ ਕਈਂ ਰਚਨਾਵਾਂ ਵਿਦਿਆਰਥੀ ਵਰਗ ਲਈ ਡਾਢੀਆਂ ਫਾਇਦੇਮੰਦ ਵੀ
ਹਨ। ਜਿੰਦਗੀ ਵਿੱਚ ਵਿਦਿਆਰਥੀ ਬਣ ਕੇ ਵਿਚਰਣਾ, ਸਿੱਖਣ ਦੀ ਖਾਹਿਸ਼ ਰੱਖਣਾ, ਤੇ
ਹਮੇਸਾਂ ਮੌਸ਼ਮਾਂ ਦੀ ਬਹਾਰ ਨੂੰ ਮਾਨਣਾ ਬੋਧਿਕ ਤੇ ਵਿਕਸਿਤ ਦਿਮਾਗ ਦਾ ਕਾਰਜ ਹੈ
।
ਗੁਰਪ੍ਰਤਾਪ ਨੇ ਕੁਦਰਤ ਨੂੰ ਬਹੁਤ
ਨੇੜੇ ਤੋਂ ਮਾਣਿਆਂ ਹੈ। ਉਹ ਬਨਾਉਟੀ ਤੇ ਨਕਲੀ ਜਿੰਦਗੀ ਨੂੰ ਪਛਾੜ ਕੇ ਕੁਦਰਦ
ਦੇ ਸੁਹੱਪਣ ਸੰਘ ਬਿਤਾਈ ਹਯਾਤ ਦੀ ਹਾਮੀ ਭਰਦਾ ਹੈ। ਕੁਦਰਤ ਦੇ ਨਜਾਰਿਆਂ ਤੇ
ਕੁਦਰਤ ਦੀ ਸਾਇੰਸ ਦਾ ਪ੍ਰਸੰਗਿਤ ਗਿਆਨ ਉਸਦੀਆਂ ਰਚਨਾਵਾਂ ਵਿੱਚ ਥਾਂ ਥਾਂ ਤੇ
ਨਜ਼ਰ ਆੳਂਦਾ ਹੈ। ਜਿੰਦਗੀ ਦੇ ਬਦਲਦੇ ਸਮੀਕਰਣ, ਸਮਾਜਿਕ ਤੇ ਆਰਥਿਕ
ਉਤਾਰ-ਚੜ੍ਹਾਅ, ਰਿਸ਼ਤਿਆਂ ਵਿੱਚ ਪੈ ਰਹੀਆਂ ਦਰਾੜਾਂ ਦਾ ਦੁਖਦਾਈ ਵਿਮੋਚਣ
ਰਚਨਾਵਾਂ ਦੇ ਸਮਾਜਕ ਪਹਿਲੂਆਂ ਨੂੰ ਵੀ ਉਜਾਗਰ ਕਰਦੈ ਅਤੇ ਬਦਲਾਵ ਦੀ ਚੇਸ਼ਟਾ ਵੀ
ਕਿਧਰੇ ਸਮੋਈ ਬੈਠੀ ਲਗਦੀ ਹੈ। ਰਚਨਾਵਾਂ ਪੜ੍ਹਦੇ ਸਮੇਂ ਕਈਂ ਵਾਰ ਇੰਝ ਲਗਦੈ ਕੇ
ਬੰਦਾ ਸਮਾਧੀ ਵਿੱਚ ਚਲਾ ਜਾਵੇ। ਉਸਨੂੰ ਜੀਵਨ ਦੇ ਰਿਹੱਸਮਈ ਫਲਸਫੇ ਦਾ ਡੂੰਘਾ
ਗਿਆਨ ਹੈ। ਰੁਹਾਨੀ ਅਨੁਭਵ ਤੋਂ ਇਲਾਵਾ ਉਸਨੂੰ ਜੀਵਨ ਦੇ ਦਾਰਸ਼ਨਿਕ ਪਹਿਲੂਆਂ
ਬਾਰੇ ਵੀ ਖਾਸੀ ਜਾਣਕਾਰੀ ਹੈ। ਉਹ ਜੀਵਨ ਨੂੰ ਰਹੱਸ-ਮਈ ਨਾ ਸਮਝ ਕੇ ਤਰਕ ਅਤੇ
ਹਕੀਕਤ ਦੀ ਕਸੋਟੀ 'ਤੇ ਪਰਖ ਸਕਣ ਦੇ ਕਾਬਿਲ ਹੈ।
ਕਿਸੇ ਵੀ ਹੁਨਰ ਦਾ ਹੋਣਾ ਕਲਾ
ਅਖਵਾਉਂਦਾ ਹੈ ਤੇ ਇਸ ਕਲਾ ਵਿੱਚ ਨਿਪੁੱਨ ਹੋਣਾ ਉਸਦੀ ਸਿਖਰ ਨੂੰ ਪ੍ਰਾਪਤ ਕਰਨਾ
ਉਨਾਂ ਹੀ ਔਖਾ ਕਾਰਜ ਹੈ ਜਿਨਾਂ ਅਸਾਨ ਕਹਿ ਲੈਣਾ। ਮੰਜਿਲਾਂ ਅਸਾਨ ਤਾਂ ਹੀ
ਬਣਦੀਆਂ ਹਨ ਜੇਕਰ ਕਾਹਲ ਨੂੰ ਮਨਫੀ ਕਰਕੇ ਸਲੀਕੇ ਅਤੇ ਵਿਉਂਤਬੰਦੀ ਨਾਲ ਵਿਚਰਿਆ
ਜਾਵੇ। ਗੁਰਪ੍ਰਤਾਪ ਇੱਕ ਅਜਿਹੀ ਰੂਹ ਹੈ ਜਿਸਦੀ ਮੰਜਿਲ ਵੀ ਸੂਰਜ ਹੈ, ਪਰ ਉਹ
ਉਸਦੇ ਨਾਲ ਨਾਲ ਵੀ ਚੱਲਣਾ ਲੋਚਦੈ। ਭਾਵੇਂ ਕੇ ਤਪਸ਼ ਦੀ ਹੋਂਦ ਤੀਬਰ ਹੋਣ ਕਾਰਨ
ਉਸਦੇ ਪੈਰਾਂ ਵਿੱਚ ਛਾਲੇ ਅਦ੍ਰਿਸ਼ ਹਨ ਪਰ ਆਪਣੇ ਮਿੱਥੇ ਉਦੇਸ਼ਾਂ ਦੀ ਪ੍ਰਾਪਤੀ
ਲਈ ਉਹ ਹਰ ਚਨੌਤੀ ਦਾ ਸਾਹਮਣਾ ਕਰਨ ਲਈ ਤਤਪਰ ਦਿਖਾਈ ਦਿੰਦਾ ਹੈ। ਉਸਦੀ ਇਛਾ ਨਾ
ਸਿਰਫ ਜਿੰਦਗੀ ਨੂੰ ਮੁਸਾਫਿਰ ਬਣ ਕੇ ਮਾਨਣ ਦੀ ਹੈ ਸਗੋਂ ਇਸ ਤੋਂ ਵੀ ਵੱਧ
ਜਿੰਦਗੀ ਦੀ ਰਾਮ ਲੀਲਾ ਨੂੰ 'ਰਾਮ' ਬਣ ਕੇ ਵੇਖਣ ਤੱਕ ਦੀ ਵੀ ਹੈ। ਉਸਦੀਆਂ ਕਈਂ
ਰਚਨਾਵਾਂ ਵਿੱਚ ਸੁਹਜਨਾਤਮਿਕ, ਰਮਜਾਂ ਦੀ ਵੀ ਭਰਮਾਰ ਹੈ। ਸੁਹਜ ਤੇ ਸਲੀਕੇ ਦੀ
ਧਾਰਨਾ, ਜੀਵਨ ਦਾ ਅਧਾਰ ਬਣ ਕੇ, ਖੁਸ਼ੀਆਂ ਤੇ ਸ਼ਾਂਤੀ ਦਾ ਪ੍ਰੀਤਕ ਬਣਦੀ ਹੈ।
ਗੁਰਪ੍ਰਤਾਪ ਇਸ ਧਾਰਨਾ ਦਾ ਵੀ ਹਾਮੀ
ਹੈ ਕਿ ਪਿਆਰ ਵਿੱਚ ਸਫਲ ਰਹਿਣ ਨਾਲ ਕਦੀ ਕਵਿਤਾਵਾਂ ਨਹੀਂ ਰਚੀਆਂ ਜਾ ਸਕਦੀਆਂ
ਸਗੋਂ ਨਾ-ਕਾਮ ਪਿਆਰ ਹੀ ਕਹਾਣੀਆਂ ਦਾ ਰੂਪ ਧਾਰਦਾ ਹੈ ਅਤੇ ਇਤਿਹਾਸ ਦਾ ਹਿੱਸਾ
ਬਣਦਾ ਹੈ। ਉਸਦੀਆਂ ਰਚਨਾਵਾਂ ਵਿੱਚ ਪਿਆਰ ਦੀ ਨਕਾਮੀ ਦਾ ਜਿਕਰ ਤੇ ਹੈ ਹੀ ਨਾਲ
ਹੀ ਸੁਖਦ ਮਿਲਾਪ ਤੇ ਦੁਖਦਾਈ ਵਿਛੋੜਿਆਂ ਦਾ ਮਿਲਿਆ ਜੁਲਿਆ ਪ੍ਰਤੀਕਰਮ ਵੀ
ਸ਼ਾਮਿਲ ਹੈ। ਇਸ਼ਕ ਨੂੰ ਰੱਜ ਕੇ ਨਾ ਹੰਢਾ ਸਕਣ ਦਾ ਪਛਤਾਵਾ, ਮਹਿਬੂਬ ਦਾ ਨਾ
ਮੁੱਕਣ ਵਾਲਾ ਇੰਤਜਾਰ ਉਸਦੀਆਂ ਅੱਖਾਂ ਤੋਂ ਇਲਾਵਾ ਉਸਦੀਆਂ ਰਚਨਾਵਾਂ ਵਿੱਚ ਵੀ
ਮੌਜੂਦ ਹੈ।
''ਸੂਰਜ ਦੇ ਨਾਲ ਨਾਲ'' ਗੁਰਪ੍ਰਤਾਪ
ਦਾ ਪਹਿਲਾ ਨਿਬੰਧ/ਲੇਖ ਸੰਗ੍ਰਹਿ ਹੈ, ਜਿਸ ਵਿੱਚ ਪਾਠਕਾਂ ਨੂੰ ਜੀਵਨ ਦੇ ਹਰ
ਪਹਿਲੂ ਤੇ ਜਾਣਕਾਰੀ ਭਰਪੂਰ ਲਿਖਤਾਂ ਦੇ ਰੂ-ਬ-ਰੂ ਹੋਣ ਦਾ ਮੌਕਾ ਮਿਲੇਗਾ। ਮੈਂ
ਇਸ ਹਥਲੀ ਕਿਤਾਬ ਦੇ ਸਾਹਿਤ ਜਗਤ ਵਿੱਚ ਸ਼ਾਮਲ ਹੋਣ ਤੇ ਨਿਹਾਇਤ ਖੁਸ਼ੀ ਮਹਿਸੂਸ
ਕਰਦਿਆਂ ਨਿੱਘਾ ਇਸਤਕਬਾਲ ਵੀ ਕਰਦਾ ਹਾਂ ਅਤੇ ਨਾਲ ਹੀ ਇਹ ਦੁਵਾਵਾਂ ਵੀ ਕਰਦਾਂ
ਕਿ 'ਸੂਰਜ਼ ਦੇ ਨਾਲ ਨਾਲ' ਤੁਰਨ ਦਾ ਜਿਹੜਾ ਉਦਮ ਗੁਰਪ੍ਰਤਾਪ ਸਿੰਘ ਕਾਹਲੋਂ ਨੇ
ਕੀਤੈ, ਇਸ ਵਿੱਚ ਉਹ ਕਦੇ ਥੱਕੇ ਨਾ ਅਤੇ ਆਪਣੇ ਮਿੱਥੇ ਉਦੇਸ਼ਾਂ ਦੀ ਪ੍ਰਾਪਤੀ ਲਈ
ਦਿਨ ਰਾਤ ਮਿਹਨਤ ਕਰਦਾ ਰਹੇ ਅਤੇ ਮਿਆਰੀ ਲਿਖਤਾਂ ਪਾਠਕਾਂ ਦੀ ਝੋਲੀ ਪਾਉਂਦਾ
ਰਹੇ। ਆਮੀਨ......
ਰੋਜ਼ੀ ਸਿੰਘ
ਫਤਿਹਗੜ ਚੂੜੀਆਂ
ਗੁਰਦਾਸਪੁਰ
***********************
(26 ਫਰਵਰੀ 2009) ਯੂਨੀਕੋਡ-ਸੂਰਜ
ਰੋਜ਼ੀ ਸਿੰਘ ਦੀਆਂ ਲਿਖਾਰੀ ਵਿੱਚ ਪ੍ਰਕਾਸ਼ਿਤ
ਸਾਰੀਆਂ ਰਚਨਾਵਾਂ
ਪੜ੍ਹਨ ਲਈ ਕਲਿੱਕ ਕਰੋ