ਮੈਂ ਪਿੰਡ ਦਾ ਜੰਮਪਲ ਹਾਂ। ਸਕੂਲੀ ਸਿੱਖਿਆ ਮੈਂ ਪਿੰਡ ਵਿਚ ਰਹਿ ਕੇ ਹਾਸਲ ਕੀਤੀ
ਹੈ। ਮੇਰੀ ਮਾਂ ਬੋਲੀ ਭਾਵੇਂ ਪੰਜਾਬੀ ਹੈ ਪਰ ਫੇਰ ਵੀ ਮੈਂ ਜ਼ਿਆਦਾਤਰ ਹਿੰਦੀ ਵਿਚ ਹੀ
ਲਿਖਦਾ ਰਿਹੈਂ ਅਤੇ ਹੈਲਥ ਬਾਰੇ ਤਾਂ ਹਿੰਦੀ ਤੋਂ ਇਲਾਵਾ ਅੰਗ੍ਰੇਜ਼ੀ ਵਿਚ ਹੀ ਜ਼ਿਆਦਾ
ਲਿਖਿਆ। ਉਂਜ ਵੇਖਿਆ ਜਾਵੇ ਤਾਂ ਹਿੰਦੀ ਜਾਂ ਅੰਗ੍ਰੇਜ਼ੀ ਵਿਚ ਲਿਖਣ ਨਾਲ ਇਕ ਆਰਟੀਕਲ
ਦੀ ਹੀ ਐਨੀ ਪੇਮੇਂਟ ਹੋ ਜਾਂਦੀ ਹੈ ਜਿੰਨੀ ਸ਼ਾਇਦ ਪੰਜਾਬੀ ਵਿਚ ਪੂਰੀ ਕਿਤਾਬ ਲਿਖਣ
ਤੇ ਵੀ ਨਾ ਮਿਲੇ (ਜੇ ਭਲਾ ਪੰਜਾਬੀ ਵਿਚ ਲਿਖਣ ਦੇ ਕੋਈ ਪੈਸੇ ਦੇਂਦਾ ਹੋਇਆ, ਤਾਂ)।
ਇਹ ਨਹੀਂ
ਕਿ ਮੈਂ ਪੰਜਾਬੀ ਵਿਚ ਉੱਕਾ ਹੀ ਨਹੀਂ ਲਿਖਿਆ। ਪੰਜਾਬੀ ਵਿਚ ਵੀ ਮੇਰੀਆਂ ਕਈ ਕਿਤਾਬਾਂ
ਛਪੀਆਂ ਹਨ ਪਰ ਹਿੰਦੀ 'ਚ ਛਪੀਆਂ ਕਿਤਾਬਾਂ ਦੀ ਤੁਲਨਾ ਵਿਚ ਕਾਫੀ ਘੱਟ ਹਨ। ਕਈ ਵਾਰੀ
ਮੈਂ ਸੋਚਦਾ ਹਾਂ ਕਿ ਪੰਜਾਬੀ ਵਿਚ ਲਿਖਣਾ ਤਾਂ ਘਾਟੇ ਦਾ ਸੌਦਾ ਹੀ ਹੈ।ਜੇ ਕਿਸ ਚੰਗੇ
ਰਿਸਾਲੇ ਨੂੰ ਕਹਾਣੀ ਜਾਂ ਲੇਖ ਭੇਜ ਦਈਏ, ਤਾਂ ਉਸ ਰਚਨਾ ਬਦਲੇ ਕਿਸੇ ਨੇ ਕੁਝ ਦੇਣਾ
ਤਾਂ ਇਕ ਪਾਸੇ ਰਿਹਾ ਸਗੋਂ ਮੂੰਹ ਚੌੜਾ ਕਰਕੇ ਆਖਣਗੇ-''ਅਸੀਂ ਤਾਂ ਜੀ ਉਨ੍ਹਾਂ ਦੀਆਂ
ਲਿਖਤਾਂ ਈ ਛਾਪਦੇ ਆਂ ਜਿਹੜੇ ਸਾਡੇ ਪਰਚੇ ਲਈ ਚੰਦਾ ਭੇਜੇ..ਤੇ ਉਹ ਵੀ ਘੱਟੋ ਘੱਟ ਦੋ
ਸਾਲ ਦਾ''।
ਪਰ ਪਿੱਛੇ
ਜਹੇ ਅਖਬਾਰਾਂ 'ਚ ਖਬਰਾਂ ਪੜ੍ਹ ਕੇ ਮੇਰਾ ਦਿਲ ਵਲੂੰਦਰਿਆ ਗਿਆ। ਖਬਰ ਹੀ ਦਿਲ ਨੂੰ
ਟੁੰਬਣ ਵਾਲੀ ਸੀ। ਵਿਦਵਾਨਾਂ ਨੇ ਯੂਨੇਸਕੋ ਦਾ ਹਵਾਲਾ ਦੇ ਕੇ ਦੱਸਿਆ ਸੀ ਕਿ ਪੰਜਾਹ
ਸਾਲਾਂ ਮਗਰੋਂ ਸਾਡੀ ਮਾਂ ਬੋਲੀ ਪੰਜਾਬੀ ਇਸ ਫਾਨੀ ਦੁਨੀਆਂ ਤੋਂ ਕੂਚ ਕਰ ਜਾਵੇਗੀ।
ਰੱਬਾ ਮਿਹਰ ਕਰੀਂ। ਸਾਨੂੰ ਅਜਿਹਾ ਦਿਨ ਨਾ ਵਿਖਾਈਂ। ਮੈਂ ਸੋਚੀਂ ਪੈ ਗਿਆ। ਰੱਬਾ
ਤੂੰ ਤਾਂ ਪਹਿਲਾਂ ਹੀ, ਨਾ ਸਿਰਫ਼ ਮੇਰੀ ਮਾਂ ਸਗੋਂ ਮੇਰੇ ਬਚਿੱਆਂ ਦੀ ਮਾਂ ਵੀ ਆਪਣੇ
ਕੋਲ ਸੱਦ ਲਈ ਐ। ਕੀ ਹੁਣ ਉਨ੍ਹਾਂ ਵਾਂਗ ਮਾਂ ਬੋਲੀ ਪੰਜਾਬੀ ਵੀ ਮੁੜ ਕਦੇ ਨਾ ਪਰਤਣ
ਵਾਲੀ ਰਾਹ ਪੈ ਜਾਵੇਗੀ? ਸੋਚਦਿਆਂ ਸੋਚਦਿਆਂ ਮੇਰੇ ਹੌਲ ਜਿਹਾ ਪੈਣ ਲੱਗਦਾ।
ਉਂਜ ਤਾਂ
ਪੰਜਾਬੀ ਜ਼ੁਬਾਨ ਵਿਚ ਮੇਰੀਆਂ ਕਿਤਾਬਾਂ ਪਹਿਲਾਂ ਵੀ ਛਪੀਆਂ ਸਨ ਪਰ ਇਸ ਵਾਰ ਮੈਂ
ਜਿਵੇਂ ਯੁੱਧ-ਸਤਰ ਤੇ ਕੰਮ ਸ਼ੁਰੂ ਕਰ ਦਿੱਤਾ। ਪੰਜਾਬੀ ਵਿਚ ਆਪਣੀਆਂ ਕਹਾਣੀਆਂ ਦਾ
ਖਰੜਾ ਤਿਆਰ ਕਰਕੇ ਇਕ ਪ੍ਰਕਾਸ਼ਕ ਦੇ ਦੁਆਰੇ ਜਾ ਪੁੱਜਾ। ਉਸ ਖਰੜੇ ਵੱਲ ਸਰਸਰੀ ਝਾਤ
ਮਾਰਦਿਆਂ ਆਖਿਆ-''ਤੁਸੀਂ ਤਾਂ ਐਨੇ ਮਸ਼ਹੂਰ ਹੋ ਤੇ ਨਾਲੇ ਸ਼੍ਰੋਮਣੀ ਅਵਾਰਡ ਨਾਲ
ਨਿਵਾਜ਼ੇ ਲੇਖਕ ਹੋ, ਮੈਂ ਪੜ੍ਹ ਕੇ ਕੀ ਵੇਖਣੈ---ਛਾਪ
ਦੇਵਾਂਗਾ।''
''ਤੇ ਛਾਪ ਦਿਓ ਫੇਰ---ਦੇਰ
ਕਾਦ੍ਹੀ ਐ---?''
ਉਸ ਇਕ ਵਾਰ
ਮੇਰੇ ਚਿਹਰੇ ਵੱਲ ਤੱਕਿਆ ਤੇ ਫੇਰ ਇਕ ਦੋ ਪਲ ਸੋਚ ਕੇ ਕਹਿਣ ਲੱਗਾ-''ਗੱਲ ਇਸ
ਤਰਾ੍ਹਂ ਐ ਜੀ..ਕਿ ਪੰਜਾਬੀ ਵਿਚ ਤਾਂ ਉੱਕਾ ਈ ਕਿਤਾਬ ਨੀ ਵਿਕਦੀ। ਹਿੰਦੀ 'ਚ ਹੁੰਦੀ
ਤਾਂ ਹੋਰ ਗੱਲ ਸੀ''।
''ਹਿੰਦੀ
'ਚ ਤਾਂ ਜੀ ਮੈਨੂੰ ਛਾਪਣ ਵਾਲੇ ਬਥੇਰੇ ਨੇ---''ਮੈਂ
ਆਖਿਆ, ''ਪਰ ਮੈਂ ਤਾਂ ਪੰਜਾਬੀ ਵਿਚ ਈ ਕਿਤਾਬ ਛਪਵਾਉਣੀ ਐ।''
''ਫੇਰ ਤਾਂ ਜੀ ਥੋਨੂੰ ਦੋ ਸੌ ਕਾਪੀਆਂ ਖਰੀਦਣੀਆਂ ਪੈਣਗੀਆਂ'' ਉਸ ਆਪਣੇ ਵੱਲੋਂ
ਤੁਰਤ ਫੈਸਲਾ ਸੁਣਾ ਦਿੱਤਾ।
''ਪਰ ਮੈਂ ਐਨੀਆਂ ਕਿਤਾਬਾਂ ਦਾ ਕੀ ਕਰਾਂਗਾ?''
''ਯਾਰਾਂ ਦੋਸਤਾਂ ਨੂੰ ਭੇਟ ਕਰ ਦਈਓ।''
ਮੈਂ ਸੋਚੀਂ
ਪੈ ਗਿਆ ਪਰ ਮਾਂ ਬੋਲੀ ਪੰਜਾਬੀ ਲਈ ਆਪਣੀ ਸ਼ਰਧਾ ਸਦਕਾ ਇਹ ਕੌੜਾ ਘੁੱਟ ਭਰ ਹੀ ਲਿਆ।
----ਤੇ ਹੁਣ ਮੇਰੇ ਮੂਹਰੇ ਦੋ ਸੌ ਕਿਤਾਬਾਂ ਦਾ ਢੇਰ
ਲੱਗਿਆ ਹੋਇਐ। ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਕਿਸ ਕਿਸ ਨੂੰ ਕਿਤਾਬ ਦੀ ਕਾਪੀ
ਦੇਵਾਂ। ਮੁਫ਼ਤ ਵਿਚ ਕਿਤਾਬ ਵੰਡਣੀ ਵੀ ਮੇਰੇ ਲਈ ਮੁਸੀਬਤ ਬਣ ਗਈ ਜਾਪਦੀ ਹੈ।
ਮੈਂ ਮੁੜ
ਸੋਚੀਂ ਪੈ ਗਿਆ। ਕੁਝ ਸਮਾਂ ਪਹਿਲਾਂ ਮੇਰੀ ਕਿਤਾਬ 'ਡਾਕਟਰ ਬੀਜੀ ਅਤੇ ਹੋਰ ਵਿਗਿਆਨਕ
ਬਾਲ ਨਾਟਕ'' ਛਪੀ ਸੀ ਤੇ ਇਸ ਕਿਤਾਬ ਤੇ ਅਵਾਰਡ ਵੀ ਮਿਲਿਆ ਸੀ। ਏਸ ਕਿਤਾਬ ਦੀਆਂ
ਮੈਂ ਡੇਢ ਸੌ ਤੋਂ ਵੱਧ ਕਾਪੀਆਂ ਭੇਟ ਕੀਤੀਆਂ ਸਨ ਪਰ ਮੈਨੂੰ ਡੇਢ ਤਾਂ ਕੀ ਕਿਸੇ ਇਕ
ਵਿਦਵਾਨ ਨੇ ਵੀ ਉਸ ਕਿਤਾਬ ਬਾਰੇ ਨਾ ਤਾਂ ਆਪਣੀ ਪ੍ਰਤੀਕ੍ਰਿਆ ਦੀ ਚਿੱਠੀ ਹੀ ਲਿਖੀ
ਤੇ ਨਾ ਹੀ ਉਹਨਾਂ ਦਾ ਕੋਈ ਸੁਨੇਹਾ ਹੀ ਆਇਆ।
ਇੱਕ ਵਾਰੀ
ਮੈਂ ਇਕ ਮਸ਼ਹੂਰ ਲੇਖਕ ਨੂੰ ਪੁੱਛ ਹੀ ਲਿਆ-''ਸਰ ਮੈਂ ਆਪ ਜੀ ਨੂੰ ਆਪਣੀ ਕਿਤਾਬ ਭੇਟ
ਕੀਤੀ ਸੀ ..ਕਿਵੇਂ ਦੀ ਲੱਗੀ?'' ਕੁਝ ਪਲ ਲਈ ਤਾਂ ਉਹ ਸੋਚੀਂ ਪੈ ਗਿਆ। ਫੇਰ ਇਕਦਮ
ਬੋਲ ਪਿਆ, ''ਉਹ ਹਾਂ ਯਾਰ..ਤੇਰੀਆਂ ਕਹਾਣੀਆਂ ਬਹੁਤ ਵਧੀਆ ਸਨ....''
ਮੈਂ ਸੋਚੀ ਪੈ ਗਿਆ। ਮੈਂ ਤਾਂ ਇਨ੍ਹਾਂ ਨੂੰ ਨਾਟਕਾਂ ਦੀ ਕਿਤਾਬ ਭੇਟ ਕੀਤੀ ਸੀ।
''ਸਰ
ਤੁਸੀਂ ਕਿਹੜੀ ਕਿਤਾਬ ਦੀ ਗੱਲ ਕਰਦੇ ਓ..?'' ਮੈਂ ਰਤਾ ਝਿਝਕਦਿਆਂ ਝਿਝਕਦਿਆਂ
ਪੁੱਛਿਆ।
''ਉਹ
ਯਾਰ--- ਕੀ ਨਾਂਅ ਸੀ ਤੇਰੀ ਕਿਤਾਬ ਦਾ?---ਹਾਂ--ਹਾਂ --ਚੇਤੇ ਆਇਆ--'ਡਾਕਟਰ
ਬੀਬੀ', ਏਹੋ ਨਾਂਅ ਸੀ ਨਾ ਤੇਰੀ ਕਿਤਾਬ ਦਾ---ਬਈ ਕਮਾਲ ਏ--ਬੜੀਆਂ ਸੋਹਣੀਆਂ
ਕਹਾਣੀਆਂ ਲਿਖੀਆਂ ਤੂੰ--.''
ਹੁਣ ਮੇਰੇ
ਕੋਲ ਬੋਲਣ ਲਈ ਕੀ ਰਹਿ ਗਿਆ ਸੀ ਤੁਸੀਂ ਖੁਦ ਹੀ ਸਮਝ ਸਕਦੇ ਹੋ।
000
ਮੈਨੂੰ
ਅੰਗ੍ਰੇਜ਼ੀ ਵਿਚ ਕਿਸੇ ਦੀ ਈ-ਮੇਲ ਆਈ ਕਿ ''ਮੈਂ ਬਾਲ ਨਾਟਕਾਂ ਤੇ ਪੀ-ਐਚਡੀ. ਕਰ ਰਹੀ
ਆਂ। ਮੇਰਾ ਥੀਸਿਸ ਲੱਗਪੱਗ ਤਿਆਰ ਐ। ਤੁਹਾਡੀ ਕਿਤਾਬ 'ਡਾਕਟਰ ਬੀ ਜੀ ..' ਮੇਰੇ ਕੋਲ
ਪਈ ਐ, ਪਰ ਮੇਰੇ ਕੋਲ ਏਸ ਵੇਲੇ ਇਸ ਨੂੰ ਪੜ੍ਹਨ ਦੀ ਵਿਹਲ ਨਹੀਂ। ਤੁਸੀਂ ਆਪਣੇ ਬਾਲ
ਨਾਟਕਾਂ ਬਾਰੇ ਸੰਖੇਪ ਵਿਚ ਲਿਖ ਕੇ ਮੈਨੂੰ ਭੇਜ ਦਿਓ ਤਾਂ ਜੋ ਮੈਂ ਆਪਣੇ ਥੀਸਿਸ ਵਿਚ
ਸ਼ਾਮਿਲ ਕਰ ਸਕਾਂ।'' ਪਰ ਮੈਂ ਜਵਾਬ ਵਿਚ ਲਿਖ ਦਿੱਤਾ: ''ਥੀਸਿਸ ਤਾਂ ਥੋਡਾ ਤਿਆਰ ਐ।
ਤੁਸੀਂ ਹੁਣ ਇਸ ਦੇ ਮੰਡੀਕਰਣ ਦਾ ਫਿਕਰ ਕਰੋ। ਪੀ-ਐਚ.ਡੀ. ਦੀ ਡਿਗਰੀ ਤਾਂ ਤੁਹਾਨੂੰ
ਮੇਰੇ ਨਾਟਕਾਂ ਬਾਰੇ ਨਾ ਲਿਖਣ ਨਾਲ ਵੀ ਮਿਲ ਜਾਣੀ ਐ। ਇਸ ਲਈ ਪਹਿਲਾਂ ਥੀਸਿਸ
ਸਬਮਿੱਟ ਕਰ ਦੇਵੇ। ਮੇਰੀ ਕਿਤਾਬ ਫੇਰ ਕਦੇ ਪੜ੍ਹ ਲਈਓ ਜੇ ਸਮਾਂ ਲੱਗਿਆ ਜਾਂ ਤੁਹਾਡਾ
ਮਨ ਕੀਤਾ ਤਾਂ।''
000
ਮੇਰੀ
ਕਹਾਣੀਆਂ ਦੀ ਇਕ ਕਿਤਾਬ ਨੂੰ ਅਵਾਰਡ ਮਿਲਿਆ ਸੀ। ਉਸ ਸਮਾਗਮ ਵਿਚ ਕਾਲੇਜ 'ਚ ਐਮ.ਏ
ਕਰਨ ਵਾਲੇ ਕਾਫੀ ਵਿਦਿਆਰਥੀ ਸਨ। ਅਵਾਰਡ ਲੈਣ ਮਗਰੋਂ ਮੈਂ ਸਟੇਜ ਤੇ ਬੋਲਦਿਆਂ ਆਖਿਆ
ਕਿ ਜਿਹੜਾ ਵੀ ਅਧਿਆਪਕ ਜਾਂ ਵਿਦਿਆਰਥੀ ਮੇਰੀ ਏਸ ਕਿਤਾਬ ਨੂੰ ਪੜਨਾ ਚਾਹੁੰਦੈ ਉਹ
ਸਮਾਗਮ ਮਗਰੋਂ ਮੈਥੋਂ ਕਿਤਾਬ ਦੀ ਕਾਪੀ ਲੈ ਸਕਦੈ।
ਮੈਨੂੰ, ਉਸ ਨੂੰ ਕਿਤਾਬ ਭੇਂਟ
ਕਰਕੇ ਖੁਸ਼ੀ ਹੋਵੇਗੀ।ਪਰ ਸਮਾਗਮ ਮਗਰੋਂ ਕੋਈ ਇਕ ਜਣਾ ਵੀ ਮੈਥੋਂ ਕਿਤਾਬ ਲੈਣ ਨਹੀਂ
ਆਇਆ।
000
ਕਿਸੇ ਨੇ
ਮੈਨੂੰ 'ਮਾਂ ਬੋਲੀ ਵਿਚ ਡਾਕਟਰੀ ਕੀਤੇ' ਇਕ ਡਾਕਟਰ ਸਾਹਿਬ ਮਿਲਾਏ ਸਨ। ਉਹਨਾਂ ਬਾਲ
ਨਾਟਕਾਂ ਤੇ ਪੀ-ਐਚ.ਡੀ ਕੀਤੀ ਹੋਈ ਸੀ। ਮੈਨੂੰ ਜਾਪਿਆ ਕਿ ਏਹ ਡਾਕਟਰ ਸਾਹਿਬ ਮੇਰੇ
ਲਈ ਰਾਹ ਦਸੇਰਾ ਹੋ ਸਕਦੇ ਨੇ। ਮੈਂ ਤਾਂ ਇਕ ਵਿਗਿਆਨੀ ਹਾਂ। ਇਹੋ ਜਹੇ ਵਿਦਵਾਨ ਬੰਦੇ
ਮੇਰੇ ਸਾਹਿਤਕ ਸ਼ੌਕ ਨੂੰ ਸਹੀ ਦਿਸ਼ਾ ਦੇ ਸਕਦੇ ਨੇ। ਮੈਂ ਖੁਸ਼ੀ ਖੁਸ਼ੀ ਉਹਨਾਂ ਨੂੰ
ਆਪਣੀ ਬਾਲ ਨਾਟਕਾਂ ਦੀ ਕਿਤਾਬ ਭੇਟ ਕੀਤੀ ਅਤੇ ਉਚੇਚੇ ਤੌਰ ਤੇ ਬੇਨਤੀ ਵੀ ਕੀਤੀ ਕਿ
ਏਸ ਕਿਤਾਬ ਨੂੰ ਪੜ੍ਹ ਕੇ ਮੇਰੀਆਂ ਖਾਮੀਆਂ ਬਾਰੇ ਜਰੂਰ ਦੱਸੀਓ। ਪਰ ਕਈ ਮਹੀਨੇ ਲੰਘ
ਗਏ। ਜਦੋਂ ਵੀ ਉਹਨਾਂ ਨੂੰ ਏਸ ਬਾਰੇ ਫੋਨ ਕੀਤਾ ਤਾਂ ਇਹੋ ਜਵਾਬ ਮਿਲਿਐ ਕਿ ਹਾਲੇ
ਕਿਤਾਬ ਪੜ੍ਹਨ ਦੀ ਵਿਹਲ ਹੀ ਨਹੀਂ ਮਿਲੀ।
ਪਿੱਛੇ ਜਹੇ
ਇਕ ਵਿਦਵਾਨ ਦਾ ਪੰਜਾਬੀ ਬੋਲੀ ਦੀ ਮੱਹਤੱਤਾ ਬਾਰੇ ਲੱਛੇਦਾਰ ਭਾਸ਼ਣ ਸੁਣਿਆ ਸੀ। ਪਰ
ਇਕ ਦਿਨ ਉਹਨਾਂ ਦੇ ਘਰ ਜਾਣ ਤੇ ਅੱਖਾਂ ਟੱਡੀਆਂ ਹੀ ਰਹਿ ਗਈਆਂ। ਉਹ ਆਪਣੇ ਨਿਆਣਿਆਂ
ਨੂੰ ਘਰ ਵਿਚ ਪੰਜਾਬੀ ਵਿਚ ਗਲੱਾਂ ਕਰਨ ਤੇ ਝਿੜਕਾਂ ਮਾਰ ਰਹੇ ਸਨ। ਬੱਚੇ ਕਿਉਂਕਿ
ਕੌਨਵੈਂਟ ਸਕੂਲ ਵਿਚ ਪੜ੍ਹਦੇ ਸਨ ਇਸ ਲਈ ਘਰ ਵਿਚ ਹੀ ਅੰਗ੍ਰੇਜ਼ੀ ਬੋਲਣ ਨਾਲ ਚੰਗਾ
ਅਭਿਆਸ ਹੋ ਜਾਣਾ ਸੀ।
ਮੈਥੋਂ
ਜਿਵੇਂ ਬਰਦਾਸ਼ਤ ਨਾ ਹੋਇਆ ਤੇ ਮੈਂ ਉਹਨਾਂ ਨੂੰ ਆਖ ਹੀ ਦਿੱਤਾ: ''ਤੁਸੀਂ ਤਾਂ
ਪੰਜਾਬੀ ਨੂੰ ਬਚਾਉਣ ਬਾਰੇ ...'' ਪਰ ਉਹਨਾਂ ਮੇਰੀ ਗੱਲ ਪੂਰੀ ਵੀ ਨਾ ਹੋਣ ਦਿੱਤੀ।
ਉਹਨਾਂ ਆਖਿਆ: ''ਨਾ ਪੰਜਾਬੀ ਨੇ ਇਹਨਾਂ ਦੀ ਮੈਡੀਕਲ ਅਤੇ ਇੰਜਨੀਅਰਿੰਗ 'ਚ ਐਡਮੀਸ਼ਨ
ਤਾਂ ਨੀ ਕਰਵਾ ਦੇਣੀ।''
ਮੈਂ ਸੋਚਦੈਂ ਕਿ
ਲੰਮੇ-ਚੌੜੇ ਭਾਸ਼ਣ ਜਾਂ ਸੈਮੀਨਾਰ ਕਰਨ ਨਾਲ ਤਾਂ ਪੰਜਾਬੀ ਦਾ ਭਲਾ ਨਹੀਂ ਹੋਣ ਲੱਗਿਆ।
ਆਪਣੇ ਨਿਆਣੇ ਤਾਂ ਪੜ੍ਹਾਉਣੇ ਨੇ ਅੰਗ੍ਰੇਜ਼ੀ ਸਕੂਲਾਂ ਵਿਚ ਤੇ ਦੂਜਿਆਂ ਨੂੰ ਮੱਤਾਂ
ਦੇਣੀਆਂ ਕਿ ਪੰਜਾਬੀ ਭਾਸ਼ਾ ਦਾ ਸਤਿਕਾਰ ਕਰੋ। ਜੇ ਪੰਜਾਬੀ ਬੋਲੀ ਬਚਾਉਣੀ ਐ ਤਾਂ
ਪਹਿਲਾਂ ਆਪਣੇ-ਆਪਣੇ ਘਰਾਂ 'ਚ ਪੰਜਾਬੀ ਬੋਲਣੀ ਸ਼ੁਰੂ ਕਰੋ। ਪੰਜਾਬੀ ਦੀਆਂ ਕਿਤਾਬਾਂ
ਖੁਦ ਵੀ ਪੜ੍ਹੋ ਤੇ ਬੱਚਿਆਂ ਨੂੰ ਵੀ ਪੜ੍ਹਾਓ।
ਤੇ ਆਮ ਗੱਲ ਬਾਤ ਵਿਚ ਵੀ ਅੰਗ੍ਰਜ਼ੀ ਨੂੰ ਮੂੰਹ ਮਾਰਨ ਨਾਲੋਂ ਪੰਜਾਬੀ ਵਿਚ ਹੀ ਗੱਲ
ਕਰਕੇ ਫ਼ਖਰ ਮਹਿਸੂਰ ਕਰੋ।
ਤੇ ਮੁੜ
ਮੇਰਾ ਧਿਆਨ ਮੂਹਰੇ ਪਈਆਂ ਦੋ ਸੌ ਕਿਤਾਬਾਂ ਦੇ ਢੇਰ ਵੱਲ ਚਲਾ ਜਾਂਦਾ ਹੈ। ਤੇ ਮੈਂ
ਫੇਰ ਸੋਚੀਂ ਪੈ ਜਾਂਦਾ ਹਾਂ ਕਿ ਇਨ੍ਹਾਂ ਦੋ ਸੌ ਕਿਤਾਬਾਂ ਦਾ ਕਿਵੇਂ ਨਿਬਟਾਰਾ
ਕਰਾਂ? ਮੇਰੀ ਮਾਂ ਬੋਲੀ ਪੰਜਾਬੀ ਦੇ ਸਿਰ ਤੇ ਜਿਹਨਾਂ ਵਿਦਵਾਨਾਂ ਦੀ ਰੋਜੀ ਰੋਟੀ
ਚੱਲਦੀ ਐ, ਉਹਨਾਂ ਨੂੰ ਨਾ ਤਾਂ ਪੜ੍ਹਨ ਦਾ ਸ਼ੌਕ ਐ ਅਤੇ ਨਾ ਹੀ ਉਹਨਾਂ ਕੋਲ ਪੜ੍ਹਨ
ਲਈ ਸਮਾਂ ਹੀ ਹੈ। ਜੇ ਅਧਿਆਪਕਾਂ ਦਾ ਏਹ ਹਾਲ ਹੈ ਤਾਂ ਵਿਦਿਆਰਥੀ ਵਿਚਾਰੇ ਕੀ
ਕਰਨਗੇ? ਉਹਨਾਂ ਨੂੰ ਪੜ੍ਹਨ-ਲਿਖਣ ਦੀ ਚੇਟਕ ਤਾਂ ਪੰਜਾਬੀ ਵਿਚ ਐਡੀਆਂ
ਵੱਡੀਆਂ-ਵੱਡੀਆਂ ਡਿਗਰੀਆਂ ਹਾਸਲ ਕਰਨ ਵਾਲੇ ਪੈਰੋਕਾਰਾਂ ਨੇ ਹੀ ਲਾਉਣੀ ਐ।
ਮੈਂ ਕਈ
ਵਾਰੀ ਸੋਚਦਾ ਹਾਂ ਕਿ ਭਾਸ਼ਾ ਦੇ ਇਹਨਾਂ ਅਲੰਬਰਦਾਰਾਂ ਨਾਲੋਂ ਤਾਂ ਆਮ ਪਾਠਕ ਫੇਰ ਵੀ
ਕਿਤਾਬਾਂ ਅਤੇ ਰਿਸਾਲੇ ਪੜ੍ਹ ਲੈਂਦੇ ਹਨ। ਰਿਸਾਲਿਆਂ ਅਤੇ ਅਖਬਾਰਾਂ ਵਿਚ ਛਪੀਆਂ
ਮੇਰੀਆਂ ਲਿਖਤਾਂ ਪੜ੍ਹ ਕੇ ਅਤੇ ਮੇਰੀਆਂ ਕਿਤਾਬਾਂ ਪੜ੍ਹ ਕੇ ਕਈ ਪਾਠਕਾਂ ਦੇ ਫੋਨ
ਜਾਂ ਖਤ ਜ਼ਰੂਰ ਆਉਂਦੇ ਹਨ। ਪਰ ਇਹੋ ਜਹੇ ਆਮ ਪਾਠਕਾਂ ਤੱਕ ਕਿਤਾਬ ਪਹੁੰਚਾਉਣੀ ਵੀ
ਸੌਖੀ ਨਹੀਂ। ਡੇਢ ਸੌ ਰੁਪਏ ਦੀ ਕਿਤਾਬ ਤੇ 35-40 ਰੁਪਏ ਡਾਕ ਖਰਚ ਆ ਜਾਣਾ ਸੁਭਾਵਕ
ਐ। ਪਰ ਫੇਰ ਕੀਤਾ ਕੀ ਜਾਵੇ? ਦੋ ਸੌ ਕਿਤਾਬਾਂ ਰੱਦੀ ਵਿਚ ਤਾਂ ਨਹੀਂ ਵੇਚੀਆਂ ਜਾ
ਸਕਦੀਆਂ!
ਅਚਾਨਕ
ਮੈਨੂੰ ਖਿਆਲ ਆਉਂਦੈ ਕਿ ਮੇਰੇ ਘਰ ਦੇ ਲਾਗੇ ਹਰ ਐਤਵਾਰ ਨੂੰ ਸਬਜੀ ਮੰਡੀ ਲੱਗਦੀ ਐ।
ਕਿਉਂ ਨਾ ਆਲੂ ਪਿਆਜ ਵੇਚਣ ਵਾਲੀ ਰੇਹੜੀ ਕੋਲ ਖਲ੍ਹੋ ਜਾਵਾਂ ਤੇ ਜਿਹੜਾ ਵੀ ਪੰਜ
ਕਿੱਲੋ ਪਿਆਜ਼ ਲੈਂਦੈ ਉਸ ਨੂੰ ਕਿਤਾਬ ਦੀ ਇਕ ਕਾਪੀ ਭੇਂਟ ਕਰ ਦੇਵਾਂ। ਸ਼ਾਇਦ ਏਸ
ਬਹਾਨੇ ਮੇਰੀ ਮਾਂ ਬੋਲੀ 'ਚ ਛਪੀ ਏਸ ਕਿਤਾਬ ਦੀ ਕੋਈ ਕਦਰ ਪਾ ਲਵੇ ਕਿਉਂਕਿ ਮੈਨੂੰ
ਉਮੀਦ ਐ ਇਹਨਾਂ ਆਮ ਲੋਕਾਂ ਵਿਚ ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਸਤਿਕਾਰ ਕਰਨ ਵਾਲੇ
ਕਈ ਪਾਠਕ ਜ਼ਰੂਰ ਮਿਲ ਜਾਣਗੇ।
230-ਸੀ,ਭਾਈ ਰਣਧੀਰ ਸਿੰਘ ਨਗਰ ,ਲੁਧਿਆਣਾ-141012
ਮੋਬਾਈਲ 98153-59222
fcshuklaldh@yahoo.co.in
fcshuklaldh@gmail.com
(1 ਮਾਰਚ 2009)