ਸਨਿਚਰਵਾਰ ਨੂੰ ਸਵੇਰੇ ਦਸ ਵਜੇ ਅਸੀ ਨਾਸ਼ਤੇ ਦਾ ਕੰਮ ਮੁਕਾਇਆ ਤਾਂ ਮਲਕੀਤ
ਨੇ ਕਿਹਾ, “ ਚਲੋ ਤਿਆਰ ਹੋਈਏ। ਗੱਡੀਆਂ ਬੱਸਾਂ ਬਦਲਦਿਆਂ ਜਾਣਾ ਪੈਣਾ, ਇਸ
ਲਈ ਜਿੰਨੀ ਛੇਤੀ ਤੁਰ ਪਈਏ ਉੰਨਾ ਹੀ ਚੰਗਾ” । ਤਿਆਰ ਹੁੰਦਿਆਂ ਕਰਦਿਆਂ
ਬਾਰਾਂ ਵੱਜ ਗਏ। ਅਸੀਂ ਬੱਸਾਂ ਗੱਡੀਆਂ ਬਦਲਦੇ ਤਿੰਨ ਵਜੇ ਵੈਨਜ਼ਬਰੀ ਪੁੱਜ
ਗਏ।
ਵੈਨਜ਼ਬਰੀ ਦੀ ਬ੍ਰਿਜ ਸਟਰੀਟ
ਵਿਚ ਜਿਹੜੇ ਬੱਸ ਸਟਾਪ ‘ ਤੇ ਬੱਸ ਰੁਕੀ, ਉਹਦੇ ਐਨ ਸਾਹਮਣੇ ਉਹ ਘਰ ਸੀ,
ਜਿਹਦੇ ਵਿਚ ਮੇਰੇ ਪਿਤਾ ਜੀ ਰਹਿੰਦੇ ਸਨ। ਅਸੀਂ ਬੱਸ ਤੋਂ ਉੱਤਰ ਕੇ ਸੜਕ
ਪਾਰ ਕੀਤੀ ਹੀ ਸੀ ਕਿ ਮਲਕੀਤ ਨੇ ਕਿਹਾ, “ ਲੈ ਆ ਗਏ ਮਾਸੜ ਜੀ!” ਮੈਂ
ਦੇਖਿਆ, ਸਾਹਮਣੇ ਇੱਕ ਬਜ਼ੁਰਗ ਬਾਹਾਂ ਖੋਲ੍ਹੀ ਮੇਰੇ ਵਲ ਹੀ ਵਧਿਆ ਆ ਰਿਹਾ
ਸੀ। ਉਹ ਮੇਰੇ ਪਿਤਾ ਜੀ ਤੋਂ ਬਿਨਾ ਹੋਰ ਕੌਣ ਹੋ ਸਕਦੇ ਸਨ? ਮੈਂ ਉਹਨਾਂ
ਦੀ ਜਿਹੜੀ ਸ਼ਕਲ ਬੱਚਪਨ ਤੋਂ ਹੀ ਮਨ ਵਿਚ ਵਸਾਈ ਹੋਈ ਸੀ, ਉਹ ਤਾਂ ਸਾਡੇ
ਘਰ ਦੀ ਕੰਧ ‘ਤੇ ਲੱਗੀ ਫੋਟੋ ਵਰਗੀ ਸੀ। ਉਹ ਫੋਟੋ ਤਾਂ ੩੦ ਕੁ ਸਾਲ ਦੀ
ਉਮਰ ਦੇ ਬੰਦੇ ਦੀ ਸੀ, ਉੱਚੇ ਲੰਮੇ ਕੱਦ ਤੇ ਕੁਤਰੀ ਹੋਈ ਕਾਲੀ ਦਾਹੜੀ
ਵਾਲ਼ੇ ਸ਼ੌਕੀਨ ਜੇਹੇ ਬੰਦੇ ਦੀ। ਜਿਹੜਾ ਬਜ਼ੁਰਗ ਮੇਰੇ ਵਲ ਬਾਹਾਂ ਖੋਲ੍ਹੀ
ਆ ਰਿਹਾ ਸੀ, ਉਹ ਤਾਂ ਸਫਾ-ਚੱਟ ਸੀ ਤੇ ਆਪਣੀ ੬੦ ਕੁ ਸਾਲ ਦੀ ਉਮਰ ਨਾਲੋਂ
ਵੀ ਕਿਤੇ ਵੱਧ ਕਮਜ਼ੋਰ ਤੇ ਸਿਆਣਾ ਲੱਗ ਰਿਹਾ ਸੀ। ਜੇ ਮਲਕੀਤ ਨਾਲ ਨਾ
ਹੁੰਦਾ ਤਾਂ ਨਾ ਮੈਂ ਉਹਨਾਂ ਨੂੰ ਪਛਾਣਨਾ ਸੀ ਤੇ ਨਾ ਉਹਨਾਂ ਮੈਨੂੰ।
ਜਾਪਦਾ ਸੀ ਉਹ ਘਰ ਦੀ ਤਾਕੀ ਵਿਚੋਂ ਸਾਡਾ ਹੀ ਰਾਹ ਦੇਖ ਰਹੇ ਸਨ। ਉਹ
ਮਲਕੀਤ ਨੂੰ ਤਾਂ ਜਾਣਦੇ ਪਛਾਣਦੇ ਸਨ, ਮੈਨੂੰ ਉਹਦੇ ਨਾਲ ਤੁਰਿਆ ਆਉਂਦਾ
ਦੇਖ ਕੇ ਅੰਦਾਜ਼ਾ ਲਾ ਲਿਆ ਹੋਣਾ ਕਿ ਉਹਦੇ ਨਾਲ ਇਹ ਪੱਗ ਦਾੜ੍ਹੀ ਵਾਲਾ
ਬੰਦਾ ਹੋਰ ਹੋ ਹੀ ਕੋਈ ਨਹੀਂ ਸੀ ਸਕਦਾ ਸਵਾਏ ਉਹਨਾਂ ਦੇ ਪੁਤ ਤੋਂ, ਤਾਂ
ਹੀ ਤਾਂ ਉਹ ਸਾਨੂੰ ਆਉਂਦਿਆਂ ਦੇਖ ਕੇ ਘਰ ਤੋਂ ਬਾਹਰ ਨਿਕਲ ਆਏ ਸਨ ਤੇ
ਬਾਂਹਾਂ ਖੋਲ੍ਹੀ ਮੇਰੇ ਵਲ ਆ ਰਹੇ ਸਨ। ਮੈਂ ਨੇੜੇ ਆਇਆਂ ਦੇ ਉਹਨਾਂ ਦੇ
ਪੈਰਾਂ ਵਲ ਝੁਕਿਆ ਤੇ ਉਹਨਾਂ ਨੇ ਮੈਨੂੰ ਜੱਫੀ ਵਿਚ ਘੁੱਟ ਲਿਆ। ਨਾ ਉਹ
ਕਿੰਨਾ ਚਿਰ ਕੁਝ ਕਹਿ ਸਕੇ ਨਾ ਮੈਂ। ਉਹਨਾਂ ਦੇ ਮੂੰਹ ਵਿਚੋਂ ਯਤਨ ਕਰਨ
‘ਤੇ ਵੀ ਕੋਈ ਸ਼ਬਦ ਨਾ ਨਿਕਲਿਆ ਤੇ ਹਾਲ ਮੇਰਾ ਵੀ ਅਜੇਹਾ ਹੀ ਸੀ। ਆਖਰ
ਪਿਉ ਪੁੱਤ ੩੦ ਸਾਲ ਪਿੱਛੋਂ ਇੱਕ ਦੂਜੇ ਨੂੰ ਮਿਲੇ ਸਾਂ। ਮੈਂ ਦੇਖਿਆ
ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਚਮਕ ਰਹੇ ਸਨ ਤੇ ਮੇਰੀਆਂ ਅੱਖਾਂ ਵੀ
ਸੁੱਕੀਆਂ ਨਹੀਂ ਸਨ। ਫੇਰ ਉਨ੍ਹਾਂ ਨੇ ਮਸਾਂ ਘਿਗਆਈ ਜਿਹੀ ਅਵਾਜ਼ ਕੱਢੀ ਤੇ
ਕਿਹਾ, “ ਚਲੋ ਘਰ ਨੂੰ, ਬੈਠ ਕੇ ਗੱਲਾਂ ਕਰਦੇ ਆਂ।”
ਸਾਹਮਣੇ ਹੀ ਦੋਹਰੇ ਅਗਵਾੜ
ਵਾਲਾ ਬੜਾ ਸਾਰਾ ਘਰ ਸੀ ੬੫ ਨੰਬਰ। ਇਸ ਘਰ ਦਾ ਮਾਲਕ ਪੰਜਾਬੀ ਭਾਈਬੰਦ
ਲਖਬੀਰ ਸਿੰਘ ਸੀ। ਤਿੰਨ ਮੰਜ਼ਲੇ ਘਰ ਦੀਆਂ ਦੋ ਮੰਜ਼ਲਾਂ ਧਰਤੀ ਤੋਂ ਉਪਰ
ਸਨ ਤੇ ਇੱਕ ਧਰਤੀ ਤੋਂ ਹੇਠਾਂ। ਬਸ ਕਮਰੇ ਹੀ ਕਮਰੇ ਸਨ। ਸਾਰਾ ਘਰ
ਕਰਾਏਦਾਰਾਂ ਨਾਲ ਤੂੜਿਆ ਪਿਆ ਸੀ। ਘਰ ਦਾ ਮਾਲਕ ਮੰਝਲੀ ਮੰਜ਼ਲ ‘ਤੇ ਇੱਕ
ਕਮਰੇ ਵਿਚ ਆਪਣੇ ਟੱਬਰ ਸਮੇਤ ਰਹਿੰਦਾ ਸੀ। ਬਾਹਰਲਾ ਦਰਵਾਜ਼ਾ ਲੰਘਿਦਆਂ ਹੀ
ਖੱਬੇ ਪਾਸੇ ਮੇਰੇ ਪਿਤਾ ਜੀ ਦਾ ਕਮਰਾ ਸੀ। ਅਸੀਂ ਅੰਦਰ ਵੜੇ ਹੀ ਸਾਂ ਕਿ
ਛੋਟੇ ਜਿਹੇ ਕੱਦ ਦੀ ਸਾਂਵਲੇ ਰੰਗ ਦੀ ਬਜ਼ੁਰਗ ਇਸਤ੍ਰੀ ਨੇ ਮੈਨੂੰ ਜੱਫੀ
ਵਿਚ ਲੈ ਕੇ ਹੰਝੂਆਂ ਦੀ ਝੜੀ ਲਾ ਦਿੱਤੀ। ਰੋਂਦੀ ਰੋਂਦੀ ਦੇ ਮੂੰਹੋਂ ਮਸਾਂ
ਇਹ ਸ਼ਬਦ ਨਿਕਲੇ, “ਲੈ ਪੁੱਤ! ਲੰਮੀ ਉਡੀਕ ਪਿੱਛੋਂ ਤਰਸਦਿਆਂ ਇਹ ਦਿਨ
ਆਇਆ। ਮੈਂ ਤਾਂ ਜੀਉਂਦੀ ਹੀ ਇਸ ਲਈ ਸੀ ਕਿ ਤੁਹਾਨੂੰ ਤੁਹਾਡੇ ਪਿਤਾ ਜੀ
ਨੂੰ ਸੰਭਾਲ ਕੇ ਮਰਾਂ, ਹੁਣ ਤੂੰ ਆ ਗਿਆਂ, ਮੈਂ ਸੁਖਾਲੀ ਮਰ ਸਕਾਂਗੀ।” ਇਹ
ਬਜ਼ੁਰਗ ਇਸਤ੍ਰੀ ਮੇਰੀ ਮਤ੍ਰੇਈ ਮਾਂ ਸੀ।
ਮਾਈ ਮੈਨੂੰ ਛੱਡ ਕੇ ਚਾਹ
ਬਣਾਉਣ ਚਲੀ ਗਈ। ਕੁਝ ਚਿਰ ਪਿੱਛੋਂ ਸਾਡੇ ਸਾਹਮਣੇ ਚਾਹ ਦੇ ਨਾਲ ਕੁਝ ਖਾਣ
ਵਾਲੀਆਂ ਚੀਜ਼ਾਂ ਵੀ ਪਈਆਂ ਸਨ। ਚਾਹ ਪੀਣ ਪਿੱਛੋਂ ਮਲਕੀਤ ਨੇ ਕਿਹਾ,
“ਚੰਗਾ ਮਾਸੜ ਜੀ! ਮੈਂ ਚਲਦਾਂ। ਮੈਂ ਇੱਥੇ ਵਾਲਸਾਲ ਵਿਚ ਆਪਣੇ ਇੱਕ ਮਿੱਤਰ
ਨੂੰ ਮਿਲਣਾ। ਕੱਲ ਨੂੰ ਮੈਂ ਇਕ ਵਜੇ ਆਵਾਂਗਾ। ਹਰਬਖਸ਼ ਤਿਆਰ ਰਹੇ।”
ਉਹ ਸਾਰਿਆਂ ਨੂੰ ‘ ਸਤਿ ਸ੍ਰੀ ਅਕਾਲ’ ਬੁਲਾ ਕੇ ਤੁਰ ਗਿਆ।
ਇਸ ਕਮਰੇ ਵਿਚ ਡਬਲ ਬੈੱਡ ਤੋਂ
ਬਿਨਾਂ ਇਕ ਬੈੱਡ-ਸੈੱਟੀ ਸੀ ਤੇ ਇੱਕ ਕੁਰਸੀ। ਮੈਂ ਤੇ ਮੇਰੇ ਪਿਤਾ ਜੀ
ਸੈੱਟੀ ‘ ਤੇ ਬੈਠੇ ਗੱਲੀਂ ਜੁੱਟੇ ਰਹੇ ਤੇ ਮਾਈ ਬੈੱਡ ‘ਤੇ ਬੈਠੀ ਕਿਤੇ
ਕਿਤੇ ਸਾਡੀਆਂ ਗੱਲਾਂ ਵਿਚ ਟੋਰਾ ਲਾਉਂਦੀ ਰਹੀ। ਗੱਲਾਂ ਕਰਦਿਆਂ ਨੂੰ
ਸਾਨੂੰ ਸਾਢੇ ਪੰਜ ਕੁ ਵਜ ਗਏ ਤਾਂ ਇੱਕ ਲੰਮੀਆਂ ਤੇ ਭਾਰੀਆਂ ਮੁੱਛਾਂ ਵਾਲਾ
ਤੇ ਗੋਰੇ ਰੰਗ ਦਾ ਮਧਰਾ ਜੇਹਾ ਬੰਦਾ ਆ ਗਿਆ। ਉਹਦੀ ਦਾੜ੍ਹੀ ਸਫਾਚੱਟ ਸੀ
ਤੇ ਪੱਗ ਬੰਨ੍ਹੀ ਹੋਈ ਸੀ। ਇਹ ਮਾਲਕ ਮਕਾਨ ਲਖਬੀਰ ਸਿੰਘ ਸੀ । ਉਹਨੇ
ਆਉਂਦਿਆਂ ਹੀ ਕਿਹਾ, “ਭਾਈਆ! ਚਲੋ ਗਲਾਸ ਮਾਰ ਆਈਏ ਤੇ ਨਾਲੇ ਭਾਈ ਸਾਹਿਬ
ਨੂੰ ਵਲੈਤੀ ਦੁਨੀਆ ਦਿਖਾਲ਼ ਲਿਆਈਏ” ਤੇ ਫੇਰ ਮੈਨੂੰ ਸੰਬੋਧਨ ਹੁੰਦਿਆਂ
ਕਿਹਾ, “ਭਾਈ ਸਾਹਿਬ ਸਾ'ਸਰੀਕਾਲ! ਹੋਰ ਕਿੱਦਾਂ ਪਿੱਛੇ ਸਾਰੇ ਰਾਜ਼ੀ
ਬਾਜ਼ੀ ਸੀ ਤੇ ਹੋਰ ਸੁਣਾ ਸਫਰ ਕਿੱਦਾਂ ਰਿਹਾ?” ਮੈ ਸੰਖੇਪ ਵਿਚ ਉੱਤਰ
ਦਿਤਾ, “ਸਭ ਠੀਕ ਸੀ” । ਮੇਰੇ ਪਿਤਾ ਜੀ ਨੇ ਉਠ ਕੇ ਝੋਲੇ ਵਿਚ ਵਿਸਕੀ ਦੀ
ਬੋਤਲ ਪਾਈ ਤੇ ਕਿਹਾ, “ਚਲੋ ਚੱਲੀਏ।” ਮੈਂ ਚੁੱਪ ਕੀਤਾ ਬਿਨਾ ਹੀਲ
ਹੁੱਜਤ ਉਨ੍ਹਾਂ ਦੇ ਨਾਲ ਤੁਰ ਪਿਆ। ਮੈਂ ਇਹ ਤਾਂ ਸਮਝ ਗਿਆ ਸਾ ਕਿ ਅਸੀਂ
ਪੱਬ ਨੂੰ ਚਲੇ ਸਾਂ, ਇਹ ਨਹੀਂ ਸਮਝਿਆ ਸੀ, ਵਿਸਕੀ ਦੀ ਬੋਤਲ ਕਾਹਦੇ ਵਾਸਤੇ
ਲੈ ਚਲੇ ਸਨ।
੧੦ ਕੁ ਮਿੰਟ ਤੁਰਨ ਪਿੱਛੌਂ
ਅਸੀਂ ਆਪਣੇ ਨਿਸ਼ਾਨੇ ‘ ਤੇ ਪਹੁੰਚ ਗਏ। ਪੱਬ ਸਾਡੇ ਦੇਸੀ ਭਾਈਬੰਦਾਂ ਨਾਲ
ਤੂੜਿਆ ਪਿਆ ਸੀ। ਗੋਰਾ ਕੇਵਲ ਇਕ ਸੀ ਭਰਵੇਂ ਸਰੀਰ ਤੇ ਮੱਧਰੇ ਜੇਹੇ ਕੱਦ
ਦਾ। ਉਹ ਇੱਕ ਮੇਜ਼ ਦੇ ਸਾਹਮਣੇ ਇੱਕਲਾ ਹੀ ਬੈਠਾ ਸੀ। ਸਾਨੂੰ ਦੇਖਿਦਆਂ ਹੀ
ਇਕ ਦੇਸੀ ਭਾਈਬੰਦ ਉਠ ਕੇ ਕਾਊਂਟਰ ਤੇ ਗਿਆ ਤੇ ਸਾਡੇ ਕੁਝ ਕਹਿਣ ਤੋਂ
ਪਹਿਲਾਂ ਹੀ ਸਾਡੇ ਲਈ ਬੀਰ ਦੇ ਪੈਂਟ ਭਰਾ ਲਿਆਇਆ। ਅਸੀਂ ਇੱਕ ਮੇਜ਼ ਦੇ
ਦੁਆਲੇ ਤਿੰਨੇ ਜਣੇ ਬਹਿ ਗਏ। ਗਲਾਸ ਵਿਚੋਂ ਦੋ ਕੁ ਘੁਟ ਭਰ ਕੇ ਮੇਰੇ ਪਿਤਾ
ਜੀ ਉਠੇ ਤੇ ਉਸ ਗੋਰੇ ਕੋਲ ਜਾ ਕੇ ਉਹਨੂੰ ਸੁਲਾਹ ਮਾਰੀ। ਫੇਰ ਉਹਦੇ ਕਹਿਣ
ਅਨੁਸਾਰ ਉਹਦੇ ਲਈ ਕਾਊਂਟਰ ਤੋਂ ਗਲਾਸ ਲਿਆ ਕੇ ਉਹਦੇ ਅੱਗੇ ਰੱਖ ਕੇ ਸਾਡੇ
ਕੋਲ ਆ ਬੈਠੇ।
ਸਾਡੇ ਪੰਜਾਬੀ ਭਾਈਬੰਦਾਂ ਦੀ
ਪ੍ਰਾਹੁਣਚਾਰੀ ਵੀ ਦੇਖਣ ਵਾਲੀ ਸੀ। ਹਰ ਕੋਈ ਮੇਰੇ ਕੋਲ ਆ ਕੇ ਹਾਲ ਚਾਲ
ਪੁੱਛਦਾ ਤੇ ਮੇਰੇ ਲਈ ਬਿਨਾ ਪੁੱਛੇ ਗਲਾਸ ਭਰਾ ਕੇ ਲਿਆ ਰੱਖਦਾ। ਮੈਂ ਤਾਂ
ਦੋ ਗਲਾਸਾਂ ਤੋਂ ਪਿੱਛੋਂ ਹੀ ‘ਨਾਹ ਨਾਹ’ ਕਹੀ ਜਾ ਰਿਹਾ ਸਾਂ। ਕੋਣ ਸੁਣਦਾ
ਸੀ ਮੇਰੀ ‘ ਨਾਹ ਨਾਹ’ ਨੂੰ। ਮੇਰੇ ਅੱਗੇ ਰੋਕਦਿਆਂ ਰੋਕਦਿਆਂ ਵੀ ਪੰਜ ਕੁ
ਗਲਾਸ ਜਮ੍ਹਾਂ ਹੋ ਗਏ। ਮੈਂ ਤਾਂ ਦੋ ਹੀ ਪੀ ਸਕਿਆ। ਮੇਰੇ ਪਿਤਾ ਜੀ ਨੇ ਤੇ
ਲਖਬੀਰ ਸਿੰਘ ਨੇ ਰਲ ਕੇ ਬਾਕੀ ਦੇ ਮਸਾਂ ਮੁਕਾਏ। ਸਾਡੇ ਪੰਜਾਬੀ ਭਾਈ ਬੰਦਾ
ਦਾ ਰੌਲਾ ਵੀ ਐਨ ਇਸਤਰ੍ਹਾਂ ਸੀ, ਜਿਵੇਂ ਕਬੱਡੀ ਦਾ ਮੈਚ ਹੋ ਰਿਹਾ ਹੋਵੇ।
ਸਾਰੇ ਆਪਣੇ ਆਪਣੇ ਮਨ ਦੀ ਭੜਾਸ ਕੱਢ ਰਹੇ ਸਨ। ਇੱਕ ਨੇ ਕੰਨ ਤੇ ਹੱਥ ਰੱਖ
ਕੇ ‘ ਚੜ੍ਹਦੇ ਮਿਰਜ਼ੇ ਖਾਨ ਨੂੰ’ ਦੀ ਹੇਕ ਲਾ ਦਿੱਤੀ। ਇੱਕ ਹੋਰ ਨੇ ਉਹਦੇ
ਬੈਠਣ ਪਿੱਛੋਂ ਗੰਦੀ ਜੇਹੀ ਬੋਲੀ ਦੇ ਬੋਲ ਚੁੱਕ ਲਏ। ਕੋਲੋਂ ਕਿਸੇ ਹੋਰ ਨੇ
ਕਿਹਾ, “ਯਾਰ ਕੋਲ ਬੈਠੇ ਭਾਈਏ ਦੀ ਤਾਂ ਸ਼ਰਮ ਕਰੋ” । ਭਾਈਏ ਨੇ ਹੱਸ ਕੇ
ਕਿਹਾ, “ਆਪਣਾ ਜੀਅ ਖੁਸ਼ ਕਰੀ ਚਲੋ, ਮੈਨੂੰ ਨਹੀਂ ਸੁਣਦਾ।”
ਦਸ ਵਜ ਗਏ ਸਨ। ਲਖਬੀਰ ਸਿੰਘ
ਨੇ ਕਿਹਾ, “ਭਾਈ ਸਾਹਬ ਹੋਰ ਨਹੀਂ ਪੀਣੀ ਤਾਂ ਫੇਰ ਚਲੋ ਚੱਲੀਏ। ਮੇਰਾ ਤਾਂ
ਸਵੇਰ ਨੂੰ ਸੰਢਾ(ਐਤਵਾਰ) ਵੀ ਲਗਣਾ।” ਮੇਰੇ ਪਿਤਾ ਜੀ ਨੇ ਉਠ ਕੇ ਨਾਲ
ਲਿਆਂਦੀ ਵਿਸਕੀ ਦੀ ਬੋਤਲ ਕੱਢ ਕੇ ਗੋਰੇ ਨੂੰ ਫੜਾ ਦਿੱਤੀ ਤੇ ਉਹ ‘ਥੈਂਕ
ਯੂ’ ਕਹਿ ਕੇ ਸਾਡੇ ਨਾਲ ਹੀ ਪੱਬ ਵਿਚੋਂ ਨਿਕਲ ਕੇ ਆਪਣੇ ਰਾਹੇ ਪੈ ਗਿਆ।
ਘਰ ਨੂੰ ਤੁਰੇ ਆਉਂਦਿਆਂ ਲਖਬੀਰ ਸਿੰਘ ਨੇ ਕਿਹਾ, “ਲੈ ਬਈ ਭਾਈਆ ! ਸਮਝ ਲੈ
ਕੰਮ ਬਣ ਗਿਆ। ਸੋਮਵਾਰ ਕੰਮ ਤੇ ਆਉਣ ਲੱਗਾ ਭਾਈ ਸਾਹਬ ਨੂੰ ਨਾਲ ਹੀ ਲੈ
ਆਵੀਂ। ਸਾਰੀ ਗੱਲ ਗਿਣੀ ਗੱਠੀ ਹੈ। ਜਾਂਦਾ ਹੀ ਬਕਸੇ ਭਰਨ ‘ਤੇ ਲੱਗ
ਜਾਵੇਗਾ। ਮੈਂ ਸੋਚੀਂ ਪੈ ਗਿਆ, “ਤਾਂ ਫਿਰ ਉਹ ਗੋਰਾ ਉਸ ਫੌਂਡਰੀ ਦਾ ਵਰਕ
ਮੈਨੇਜਰ ਹੈ, ਜਿੱਥੇ ਇਹ ਦੋਵੇਂ ਕੰਮ ਕਰਦੇ ਹਨ ਤੇ ਉਹ ਗੋਰੇ ਨੂੰ ਵਿਸਕੀ
ਦੀ ਬੋਤਲ ਇਸੇ ਕੰਮ ਲਈ ਦਿੱਤੀ ਹੈ। ਮੈਂ ਤਾਂ ਸੁਣਿਆਂ ਸੀ, ਮਿਡਲੈਂਡਜ਼
ਵਿਚ ਬਹੁਤੇ ਕੰਮ ਫੌਂਡੀਰੀਆਂ ਵਿਚ ਹੀ ਮਿਲਦੇ ਹਨ। ਇਹਦਾ ਮਤਲਬ ਤਾਂ ਇਹ
ਹੋਇਆ ਕਿ ਮੈਂ ਵੀ ਸੋਮਵਾਰ ਸਵੇਰੇ ਬਲ਼ਦੀ ਦੇ ਬੂਥੇ ਆ ਜਾਵਾਂਗਾ।”
ਘਰ ਪੁੱਜ ਕੇ ਰੋਟੀ ਖਾਂਦਿਆਂ
ਮੈਂ ਗੱਲ ਸ਼ੁਰੂ ਕੀਤੀ, “ਪਿਤਾ ਜੀ! ਉਂਝ ਤਾਂ ਜਿੱਦਾਂ ਤੁਸੀਂ ਕਹੋਂ, ਮੈਂ
ਕਰਨ ਨੂੰ ਤਿਆਰ ਹਾਂ। ਮੈਨੂੰ ਪਤਾ ਲੱਗਾ ਹੈ ਸਾਊਥਾਲ ਵਲ ਸੁਖਾਲੇ ਕੰਮ ਮਿਲ
ਜਾਂਦੇ ਹਨ ਤੇ ਪੜ੍ਹੇ ਲਿਖਿਆਂ ਦੇ ਕਰਨ ਵਾਲੇ ਵੀ। ਮੈਂ ਸੋਚਦਾਂ ਉੱਧਰ ਹੀ
ਕੰਮ ਲੱਭ ਲਵਾਂ। ਜੇ ਨਾ ਹੀ ਮਿਲਿਆ ਤਾਂ ਇੱਧਰ ਤੁਹਾਡੇ ਕੋਲ ਆ ਜਾਵਾਂਗਾ।
ਅੱਗੇ ਜਿਵੇਂ ਤੁਸੀਂ ਕਹੋਂ?”
ਕੁਝ ਚਿਰ ਚੁੱਪ ਰਹਿਣ ਪਿੱਛੋਂ
ਉਹਨੇ ਬੜੀ ਉਦਾਸ ਜੇਹੀ ਸੁਰ ਵਿਚ ਕਿਹਾ, “ਚੰਗਾ ਜਿੱਦਾਂ ਤੇਰੀ ਮਰਜ਼ੀ।
ਮੈਂ ਤਾਂ ਸੋਚਦਾ ਸੀ, ਮਸਾਂ ਤਾਂ ਤੂੰ ਆਇਆ ਹੈਂ। ਸਾਡੇ ਕੋਲ ਰਹਿੰਦਾ ਤਾਂ
ਚੰਗਾ ਸੀ। ਉੱਦਾਂ ਤੇਰੀ ਗੱਲ ਵੀ ਠੀਕ ਆ। ਜੇ ਉੱਧਰ ਸੁਖਾਲਾ ਕੰਮ ਮਿਲਦਾ
ਤਾਂ ਇੱਥੇ ਫੌਂਡਰੀ ਵਿਚ ਕਾਹਨੂੰ ਔਖੇ ਹੋਣਾ। ਉੱਦਾਂ ਅਸੀ ਤਾਂ ਤੇਰੇ ਕੰਮ
ਦਾ ਬੰਦੋਬਸਤ ਕਰ ਵੀ ਲਿਆ ਸੀ।” ਉਹਦੇ ਚਿਹਰੇ ‘ਤੇ ਛਾਈ ਹੋਈ ਉਦਾਸੀ ਤੇ
ਨਿਰਾਸ਼ਾ ਸਾਫ ਝਲਕਦੀ ਦਿਸ ਰਹੀ ਸੀ।
ਉਦਾਸ ਤਾਂ ਮੈਂ ਵੀ ਸਾਂ। ਮਸੀਂ
ਤਾਂ ਤੀਹਾਂ ਸਾਲਾਂ ਪਿੱਛੋਂ ਪਿਤਾ ਜੀ ਦਾ ਮੂੰਹ ਦੇਖਣਾ ਨਸੀਬ ਹੋਇਆ ਸੀ।
ਪਰ ਕਰ ਵੀ ਕੀ ਸਕਦਾ ਸਾਂ? ਮੈਂ ਤਾਂ ਸਖਤ ਕੰਮ ਕਦੇ ਕੀਤਾ ਹੀ ਨਹੀਂ ਸੀ।
ਸਦਾ ਪੜ੍ਹਦਾ ਪੜ੍ਹਾਉਂਦਾ ਹੀ ਰਿਹਾ ਸਾਂ। ਮੈਂ ਕੁਝ ਚਿਰ ਚੁੱਪ ਰਹਿਣ
ਪਿੱਛੋਂ ਕਿਹਾ, “ਜੇ ਉੱਧਰ ਕੰਮ ਮਿਲ ਗਿਆ, ਤਾਂ ਮੈਂ ਤੁਹਾਨੂੰ ਯਕੀਨ
ਦੁਆਉਂਦਾ ਹਾਂ, ਹਰ ਦੂਜੇ ਹਫਤੇ ਜ਼ਰੂਰ ਮਿਲ ਜਾਇਆ ਕਰਾਂਗਾ।”
“ਚੰਗਾ ਪੁੱਤ! ਅਸੀਂ ਵੀ ਤੇਰੀ
ਖੁਸ਼ੀ ਵਿਚ ਖੁਸ਼ ਹਾਂ, ਸਾਨੂੰ ਮਿਲ ਜ਼ਰੂਰ ਜਾਇਆ ਕਰੀਂ,” ਪਿਤਾ ਜੀ ਨੇ
ਉਦਾਸ ਜੇਹੀ ਸੁਰ ਵਿਚ ਕਿਹਾ।
ਰਾਤ ਦੇ ਗਿਆਰਾਂ ਵਜ ਚੁੱਕੇ ਸਨ
ਤੇ ਸੌਣ ਦਾ ਸਮਾਂ ਹੋ ਗਿਆ ਸੀ। ਮਾਈ ਬੈੱਡ ਸੈੱਟੀ ਤੇ ਪੈ ਗਈ ਤੇ ਮੈਂ
ਆਪਣੇ ਪਿਤਾ ਜੀ ਨਾਲ ਪੈ ਗਿਆ। ਮਸਾਂ ਤਾਂ ਪਿਉ ਦੀ ਛਾਤੀ ਦਾ ਨਿਘ ਮਿਲਿਆ
ਸੀ। ਪਤਾ ਵੀ ਨਾ ਲੱਗਾ ਕਦ ਨੀਂਦ ਆ ਗਈ।
ਸਵੇਰੇ ੯ ਵਜੇ ਜਾਗ ਆਈ। ਉਸ
ਵੇਲੇ ਤੱਕ ਮਾਈ ਚਾਹ ਦੇ ਨਾਲ ਕੁਝ ਖਾਣ ਦਾ ਸਮਾਨ ਵੀ ਲਿਆ ਕੇ ਮੇਜ਼ ਤੇ
ਰੱਖ ਚੁੱਕੀ ਸੀ। ਅਸੀਂ ਨਾਲੇ ਚਾਹ ਪੀਂਦੇ ਰਹੇ ਨਾਲੇ ਗੱਲਾਂ ਕਰਦੇ ਰਹੇ।
ਬਹੁਤ ਗੱਲਾਂ ਸਨ ਮੇਰੇ ਅੰਦਰ ਤੇ ਉਹਨਾਂ ਅੰਦਰ ਵੀ ਘੱਟ ਨਹੀਂ ਸਨ। ਬਚਪਨ
ਪਿਤਾ ਜੀ ਦੀ ਛਾਂ ਤੋਂ ਬਿਨਾਂ ਹੀ ਲੰਘਿਆ ਸੀ। ਬੜਾ ਕੁਝ ਸੁਣਿਆ ਸੀ ਆਪਣੇ
ਪਿਤਾ ਜੀ ਵਾਰੇ, ਚੰਗਾ ਵੀ ਤੇ ਮਾੜਾ ਵੀ। ਚੰਗਾ ਮੈਨੂੰ ਸਦਾ ਚੰਗਾ ਚੰਗਾ
ਲਗਦਾ ਰਿਹਾ ਸੀ ਤੇ ਮਾੜੇ ਦਾ ਮੈਨੂੰ ਕਦੀ ਯਕੀਨ ਨਹੀਂ ਆਇਆ ਸੀ ਜਾਂ ਮੈਂ
ਯਕੀਨ ਕਰਨਾ ਹੀ ਨਹੀ ਚਾਹਿਆ ਸੀ। ਅੱਜ ਉਹ ਮੇਰੇ ਪਿਤਾ ਜੀ ਮੇਰੇ ਸਾਹਮਣੇ
ਸਨ ਬੀਮਾਰੀ ਤੇ ਤੰਗਦਸਤੀ ਦੇ ਭੰਨੇ ਹੋਏ। ਸੋਚਦਾ ਸਾਂ, ਇੰਨਾ ਚਿਰ
ਪਰਦੇਸੀਂ ਰੁਲ਼ਣ ਦਾ ਕੀ ਲਾਭ ਹੋਇਆ? ਜੇ ਸਿਹਤ ਚੰਗੀ ਨਹੀਂ ਰਹਿੰਦੀ ਸੀ
ਤਾਂ ਵਾਪਸ ਕਿਉਂ ਨਾ ਆਏ? ਅੱਜ ਮੈਂ ਦਿਲ ਦੀਆਂ ਕਰ ਵੀ ਸਕਦਾ ਸਾਂ ਤੇ ਸੁਣ
ਵੀ ਸਕਦਾ ਸਾਂ। ਮੈਂ ਕਿਹਾ, “ਪਿਤਾ ਜੀ! ਇੰਨਾ ਲੰਮਾ ਸਮਾਂ ਤੁਸੀਂ ਪਰਦੇਸ
ਵਿਚ ਰਹੇ, ਕਦੇ ਜੀਅ ਨਾ ਕੀਤਾ ਮੁੜ ਸਾਨੂੰ ਦੇਖਣ ਲਈ?” ਮੇਰੀ ਗੱਲ ਸੁਣ ਕੇ
ਉਹ ਕਿੰਨਾ ਚਿਰ ਚੁੱਪ ਰਹੇ। ਮੈਂ ਉਹਨਾਂ ਦੀਆਂ ਅੱਖਾਂ ਵਲ ਦੇਖਿਆ। ਅੱਖਾਂ
ਵਿਚੋਂ ਹੰਝੂ ਵਗ ਰਹੇ ਸਨ। ਫੇਰ ਉਹਨਾਂ ਨੇ ਘਗਿਆਈ ਜੇਹੀ ਅਵਾਜ਼ ਵਿਚ ਮਸਾਂ
ਕਿਹਾ, “ਆਉਣਾ ਵੀ ਚਾਹੁੰਦਾ ਸੀ, ਜੀਅ ਵੀ ਕਰਦਾ ਸੀ, ਪਰ ਆਉਂਦਾ ਕਿੱਦਾ?
ਕੋਲ ਤਾਂ ਮੇਰੇ ਧੇਲਾ ਵੀ ਨਹੀਂ ਸੀ। ਜਾਂਦਾ ਹੀ ਬੀਮਾਰ ਰਹਿਣ ਲੱਗ ਪਿਆ
ਸੀ। ਇਹ ਹੀ ਸੋਚਦਾ ਰਿਹਾ, ਚਾਰ ਪੈਸੇ ਹੋ ਜਾਣ, ਫੇਰ ਜਾਵਾਂ। ਨਾ ਪੈਸੇ
ਹੋਏ, ਨਾ ਗਿਆ। ਜੇ ਖਾਲੀ ਹੱਥ ਚਲਾ ਜਾਂਦਾ ਤਾਂ ਤੁਹਾਡੀ ਤੰਗੀ ਵਿਚ ਵਾਧਾ
ਹੀ ਹੋਣਾ ਸੀ। ਇਸ ਲਈ ਭਲੇ ਸਮੇਂ ਦੀ ਉਡੀਕ ਕਰਦਾ ਰਿਹਾ, ਨਾ ਭਲਾ ਸਮਾਂ
ਆਇਆ, ਨਾ ਜਾ ਸਕਿਆ। ਇਹ ਤਾਂ ਇਸ ਭਲੀ ਲੋਕ ਦੀ ਸੇਵਾ ਹੀ ਸਮਝ ਕਿ ਮੈਂ
ਜੀਂਦਾ ਤੇਰੇ ਸਾਹਮਣੇ ਆਂ, ਨਹੀਂ ਤਾਂ ਕਦੋਂ ਦਾ ਮਰ ਮੁਕ ਗਿਆ ਹੁੰਦਾ।”
ਮੇਰੇ ਅੰਦਰੋਂ ਉਹ ਸਭ ਕੁਝ ਧੋਤਾ ਗਿਆ, ਜਿਹੜਾ ਮਾੜਾ ਮੋਟਾ ਮੇਰੇ ਪਿਤਾ ਜੀ
ਦੇ ਤੇ ਮੇਰੀ ਮਤ੍ਰੇਈ ਮਾਂ ਦੇ ਵਰੁਧ ਸੀ। ਮੈਂ ਕਿਹਾ, “ਚਲੋ ਜੋ ਹੋਣਾ ਸੀ,
ਸੋ ਹੋ ਗਿਆ, ਹੁਣ ਤੁਹਾਨੂੰ ਛੇਤੀ ਹੀ ਦੇਸ ਜਾਣ ਲਈ ਤਿਆਰ ਹੋਣਾ ਪੈਣਾ।
ਮੈਥੋਂ ਤੁਰਨ ਲੱਗੇ ਤੋਂ ਮੇਰੇ ਤਾਏ ਨੇ ਵਾਇਦਾ ਲਿਆ ਸੀ ਕਿ ਮੈਂ ਛੇਤੀ ਹੀ
ਤੁਹਾਡਾ ਮੇਲ ਕਰਾ ਦੇਵਾਂ”।
“ਹੁਣ ਤੂੰ ਆ ਗਿਆਂ, ਚਲਾ
ਜਾਵਾਂਗਾ, ਇੱਕ ਦੋ ਸਾਲ ਹੋਰ ਲਾ ਕੇ ਕੁਝ ਪੈਸੇ ਹੋ ਜਾਣ,” ਉਨ੍ਹਾਂ ਨੇ
ਡੂੰਘੀ ਸੋਚ ਵਿਚ ਉੱਤਰਦਿਆਂ ਕਿਹਾ।
“ਇਹ ਗੱਲ ਨਹੀਂ ਹੋਣੀ,
ਤੁਹਾਨੂੰ ਛੇਤੀ ਜਾਣਾ ਪੈਣਾ। ਮੇਰਾ ਤਾਇਆ ਹੁਣ ਨਦੀ ਕਿਨਾਰੇ ਰੁੱਖੜਾ, ਜੇ
ਛੇਤੀ ਤੁਰ ਗਿਆ, ਮੈਂ ਆਪਣੇ ਵਾਇਦੇ ਤੋਂ ਝੂਠਾ ਹੋ ਜਾਵਾਂਗਾ। ਜਿੱਥੋਂ ਤੱਕ
ਪੈਸਿਆਂ ਦਾ ਸਵਾਲ ਹੈ, ਮੈਂ ਵਥੇਰੇ ਭੇਜ ਦਿਆਂਗਾ, ਤੁਸੀਂ ਬਸ ਤਿਆਰੀ ਕਰ
ਲਵੋ।”
“ਚੰਗਾ ਜਿੱਦਾਂ ਤੂੰ ਕਹਿੰਦਾਂ,
ਕਰ ਲਵਾਂਗੇ, ਉੱਦਾਂ ਮੇਰੇ ਕੋਲ ਤਾਂ ਹਾਲੀਂ ਫੁੱਟੀ ਕੌਡੀ ਵੀ ਨਹੀਂ। ਜਾਣ
ਵੇਲੇ ਕੁਝ ਤਾਂ ਕੋਲ ਹੋਣਾ ਚਾਹੀਦਾ”, ਉਨ੍ਹਾਂ ਨੇ ਮੇਰੇ ਨਾਲ ਸਹਿਮਤ
ਹੁੰਦਿਆਂ ਕਿਹਾ।
“ਮੈਂ ਝੱਟ ਉੱਤਰ ਦਿਤਾ,
“ਤੁਸੀਂ ਜਾਣ ਲਈ ਤਿਆਰ ਹੋਵੋ, ਜਦ ਤੱਕ ਪੈਸੇ ਵੀ ਹੋ ਜਾਣਗੇ। ਮੈਂ ਜਿਉਂ
ਹਾਂ ਪੈਸੇ ਕਮਾਉਣ ਲਈ। ਜੱਦ ਤੱਕ ਤੁਹਾਡੀ ਤਿਆਰੀ ਹੋਣੀ ਆ, ਉਦ ਤੱਕ ਵਥੇਰੇ
ਪੈਸੇ ਕਮਾ ਲੈਣੇ ਆਂ,” ਮੈਂ ਆਪਣੇ ਵਲੋਂ ਗੱਲ ਮੁਕਾਉਂਦਿਆਂ ਕਿਹਾ।
ਮਲਕੀਤ ਐਨ ਡੇਢ ਵਜੇ ਆ ਗਿਆ। ਕੁਝ ਚਿਰ ਬੈਠਿਆ, ਗੱਲਾਂ ਕੀਤੀਆਂ, ਫੇਰ
ਮੈਨੂੰ ਕਿਹਾ, “ਚੰਗਾ ਹੁਣ ਤਿਆਰ ਹੋ ਜਾ, ਬਸ ਆਉਣ ਵਾਲੀ ਆ।” ਤਿਆਰ ਹੋਣ
ਨੂੰ ਕਿਹੜੇ ਮੈਂ ਘੋੜੇ ਬੀੜਨੇ ਸਨ। ਤਿਆਰ ਤਾਂ ਪਹਿਲਾਂ ਹੀ ਸਾਂ, ਸਿਰ ਤੇ
ਪੱਗ ਰੱਖਣੀ ਸੀ ਤੇ ਕੋਟ ਪਾ ਕੇ ਤੁਰ ਪੈਣਾ ਸੀ। ਮਾਈ ਨੇ ਛੇਤੀ ਖਾਣਾ ਬਣਾ
ਕੇ ਲਿਆ ਰੱਖਿਆ। ਮੈਂ ਛੇਤੀ ਛੇਤੀ ਖਾਣ ਦਾ ਕੰਮ ਨਬੇੜਿਆ ਤੇ ਸਿਰ ਤੇ ਪੱਗ
ਰੱਖ ਕੇ ਕੋਟ ਪਾ ਕੇ ਤਿਆਰ ਹੋ ਗਿਆ। ਮੈਂ ਮਾਈ ਦੇ ਪੈਰਾਂ ਵਲ ਝੁਕਿਆ ਤੇ
ਤੁਰ ਪਿਆ।
ਮੇਰੇ ਪਿਤਾ ਜੀ ਸਾਡੇ ਨਾਲ ਹੀ
ਬਸ ਸਟੌਪ ਤੱਕ ਜਾਣ ਲਈ ਪਹਿਲਾਂ ਹੀ ਤਿਆਰ ਖੜ੍ਹੇ ਸਨ। ਬਸ ਸਟੌਪ ਕਿਹੜਾ
ਦੂਰ ਸੀ, ਘਰ ਦੇ ਮੋਹਰੇ ਹੀ ਤਾਂ ਸੀ। ਬਸ ਸਟਾਪ ‘ਤੇ ਪੁੱਜਣ ‘ਤੇ ਬਸ ਛੇਤੀ
ਹੀ ਆ ਗਈ। ਮੈਂ ਆਪਣੇ ਪਿਤਾ ਜੀ ਦੇ ਪੈਰਾਂ ਵਲ ਝੁਕਿਆ ਤਾਂ ਉਨ੍ਹਾਂ ਨੇ
ਜੱਫੀ ਪਾ ਕੇ ਇੰਨਾ ਹੀ ਕਿਹਾ, ''ਚੰਗਾ ਆਪਣਾ ਖਿਆਲ ਰੱਖੀ। ਹਰ
ਦੂਜੇ ਤੀਜੇ ਫੂਨ ਕਰਦਾ ਰਹੀਂ ਤੇ ਦੋ ਹਫਿਤਆ ਵਿਚ ਇਕ ਵੇਰ ਜ਼ਰੂਰ ਆ ਜਾਇਆ
ਕਰੀਂ।” ਮੈਂ ‘‘ਜਿਵੇਂ ਤੁਹਾਡਾ ਹੁਕਮ’ ਕਹਿ ਕੇ ਬਸ ਵਿਚ ਚੜ੍ਹ
ਗਿਆ।
*****
(9 ਮਾਰਚ 2009)