
ਚਾਰਲਸ ਰਾਬਰਟ ਡਾਰਵਿਨ
ਚਾਰਲਸ ਰਾਬਰਟ ਡਾਰਵਿਨ ਉਨ੍ਹੀਵੀਂ
ਸਦੀ ਦਾ ਸਿਰਕੱਢ ਵਿਗਿਆਨੀ ਹੋਇਆ ਹੈ। ਉਸ ਨੇ ਆਪਣੇ 'ਵਿਕਾਸਵਾਦ' (ਐਵੋਲਿਊਸ਼ਨ)
ਸਿਧਾਂਤ ਅਨੁਸਾਰ ਸਿੱਧ ਕੀਤਾ ਕਿ ਜ਼ਿੰਦਗੀ ਦੀਆਂ ਸਾਰੀਆਂ ਨਸਲਾਂ ਦਾ ਵਿਕਾਸ
ਆਪਣੇ ਸਾਂਝੇ ਪੁਰਖਿਆਂ ਤੋਂ ਸਹਿਜੇ-ਸਹਿਜੇ ਚਿਰਕਾਲ ਦੌਰਾਨ ਕੁਦਰਤੀ ਚੋਣ (ਨੈਚਰਲ
ਸੀਲੈਕਸ਼ਨ) ਦੁਆਰਾ ਹੋਇਆ ਹੈ। ਡਾਰਵਿਨ ਦਾ ਇਹ ਵਿਗਿਆਨਕ ਸਿਧਾਂਤ ਬਿਆਲੋਜੀ
(ਜੀਵ ਵਿਗਿਆਨ) ਦਾ ਅਧਾਰ ਬਣ ਗਿਆ ਕਿਉਂਕਿ ਇਹ ਜੀਵਨ ਦੀ ਵਿਭਿੰਨਤਾ ਲਈ
ਇਕਰੂਪੀ ਬਾਦਲੀਲ ਵਿਆਖਿਆ ਕਰਦਾ ਹੈ।
ਜੀਵ-ਜੰਤੂਆਂ ਦੀ ਉਤਪਤੀ ਅਤੇ
ਵਿਕਾਸ ਸੰਬੰਧ ਵਿੱਚ ਜੀਵ-ਵਿਗਿਆਨੀਆਂ (ਬਿਆਲੋਜਿਸਟਸ) ਵਿੱਚ ਡਾਰਵਿਨ ਦਾ
ਥਾਂ ਪਹਿਲੇ ਨੰਬਰ 'ਤੇ ਹੈ। ਡਾਰਵਿਨ 'ਕੁਦਰਤੀ ਚੋਣ' ਦੇ ਸਿਧਾਂਤ ਦਾ
ਜਨਮਦਾਤਾ ਸੀ।
ਇਹ ਉਹ ਸਮਾਂ ਸੀ ਜਦੋਂ ਮਨੁੱਖੀ
ਇਤਿਹਾਸ ਵਿੱਚ ਵਿਗਿਆਨਕ ਕਾਢਾਂ ਦਾ ਆਦਰ ਹੋਣ ਲੱਗ ਪਿਆ ਸੀ। ਸਮਾਜ ਦੇ ਹਰ
ਖੇਤਰ ਵਿੱਚ ਵਿਗਿਆਨਕ ਮਿਹਨਤ ਨੂੰ ਯੋਗ ਮਾਨਤਾ ਮਿਲਣੀ ਸ਼ੁਰੂ ਹੋ ਗਈ ਸੀ
ਬੇਸ਼ੱਕ ਮਜ਼੍ਹਬੀ ਕੱਟੜਵਾਦ ਹਾਲੇ ਵੀ ਆਪਣੀ ਜੀਭ ਤਿੱਖੀ ਰੱਖਦਾ ਸੀ।
ਡਾਰਵਿਨ ਦੀਆਂ ਸਭ ਨਾਲੋਂ
ਮਸ਼ਹੂਰ ਕਿਤਾਬਾਂ 'ਦ ਆਰਿਜਿਨ ਆਫ਼ ਸਪੀਸ਼ੀਜ਼ ਬਾਈ ਮੀਨਜ਼ ਆਫ਼ ਨੈਚਰਲ ਸੀਲੈਕਸ਼ਨ'
(ਕੁਦਰਤੀ ਚੋਣ ਦੁਆਰਾ ਨਸਲਾਂ ਦੀ ਉਤਪਤੀ) ਸੰਨ 1859 ਵਿੱਚ ਅਤੇ 'ਦ
ਡਿਸੈਂਟ ਆਫ਼ ਮੈਨ' (ਮਨੁੱਖ ਦੀ ਉਤਪਤੀ) ਸੰਨ 1871 ਵਿੱਚ ਪ੍ਰਕਾਸ਼ਤ ਹੋਈਆਂ।
ਡਾਰਵਿਨ ਦੀਆਂ ਕਿਤਾਬਾਂ ਵਿੱਚ
ਦਿੱਤੇ 'ਵਿਕਾਸਵਾਦ' (ਐਵੋਲਿਊਸ਼ਨਿਜ਼ਮ) ਦੇ ਸਿਧਾਂਤ ਨੇ ਵਿਸ਼ਵ ਭਰ ਵਿੱਚ ਇੱਕ
ਨਵੇਂ ਦੌਰ ਨੂੰ ਜਨਮ ਦਿੱਤਾ। ਉਸ ਦੀਆਂ ਲਿਖਤਾਂ ਦੇ ਵਿਰੁੱਧ ਚਰਚ ਅਤੇ ਕਈ
ਵਿਗਿਆਨੀਆਂ ਵੱਲੋਂ ਜ਼ਬਰਦਸਤ ਵਿਰੋਧ ਖੜ੍ਹਾ ਕੀਤਾ ਗਿਆ ਜਿਸ ਦਾ ਢੁੱਕਵੇ
ਢੰਗ ਨਾਲ ਉੱਤਰ ਦਿੱਤਾ ਗਿਆ। ਇਹ ਵਿਰੋਧ ਹਾਲੇ ਤੱਕ ਵੀ ਜਾਰੀ ਹੈ।
ਪ੍ਰਮੁੱਖ ਤੌਰ 'ਤੇ ਇੱਕ ਧੜਾ ਰਚਨਾਵਾਦੀਆਂ (ਥਿਓਰੀ ਆਫ਼ ਕਰੀਏਸ਼ਨ) ਹੈ ਅਤੇ
ਦੂਜਾ ਧੜਾ ਵਿਕਾਸਵਾਦੀਆਂ (ਥਿਓਰੀ ਆਫ਼ ਐਵੋਲਿਊਸ਼ਨ) ਦਾ ਹੈ। ਰਚਨਾਵਾਦੀਆਂ
ਦਾ ਕਹਿਣਾ ਹੈ ਕਿ ਜੀਵ-ਜੰਤੂ ਦੀ ਰਚਨਾ ਪ੍ਰੱਭੂ ਨੇ ਕੀਤੀ ਹੈ। ਵਿਕਾਸਵਾਦੀ
ਕਹਿੰਦੇ ਹਨ ਸਭ ਜੀਵ-ਜੰਤੂ ਸਣੇ ਮਨੁੱਖ ਦੇ ਅਰਬਾਂ-ਖਰਬਾਂ ਸਾਲਾਂ ਦੌਰਾਨ
ਕੁਦਰਤੀ ਚੋਣ ਦੁਆਰਾ ਵਿਕਾਸ ਉਤਪਤੀ ਦਾ ਸਿੱਟਾ ਹਨ।
ਚਾਰਲਸ ਡਾਰਵਿਨ ਸ਼ਰਿਊਜ਼ਬਰੀ,
ਸ਼ਰਾਪਸ਼ਾਇਰ, ਇੰਗਲੈਂਡ ਵਿੱਚ 12 ਫ਼ਰਵਰੀ 1809 ਨੂੰ ਆਪਣੇ ਮਾਤਾ-ਪਿਤਾ ਦੇ
ਪਰਵਾਰਕ ਘਰ, 'ਮਾਊਂਟ' ਵਿੱਚ ਪੈਦਾ ਹੋਇਆ। ਉਹ ਆਪਣੇ ਛੇ ਭੈਣ-ਭਰਾਵਾਂ
ਵਿੱਚ ਪੰਜਵੇਂ ਨੰਬਰ ਉੱਤੇ ਸੀ। ਪਰਵਾਰ ਅਮੀਰ ਘਰਾਣੇ ਨਾਲ ਸੰਬੰਧ ਰੱਖਦਾ
ਸੀ। ਪਿਤਾ ਦਾ ਨਾਂ ਰਾਬਰਟ ਵਾਰਿੰਗ ਡਾਰਵਿਨ ਅਤੇ ਮਾਤਾ ਦਾ ਨਾਂ ਸੁਜ਼ੈਨਾ
ਵੈੱਜਵੁੱਡ ਸਨ। ਰਾਬਰਟ ਵਾਰਿੰਗ ਡਾਰਵਿਨ ਇੱਕ ਡਾਕਟਰ ਸੀ। ਸੁਜ਼ੈਨਾ ਦੇ ਮਾਪੇ
ਵੈੱਜਵੁੱਡ ਪਰਵਾਰ ਸਨ। ਦਾਦੇ ਦਾ ਨਾਂ ਇਰੈਜ਼ਮਸ ਡਾਰਵਿਨ ਅਤੇ ਦਾਦੀ ਦਾ ਨਾਂ
ਜੋਸਾਇਆ ਵੈੱਜਵੁੱਡ ਸਨ। ਦੋਨੋਂ ਪਰਵਾਰ ਇੱਕ-ਈਸ਼ਵਰਵਾਦੀ ਸਿਧਾਂਤ ਵਿੱਚ
ਵਿਸ਼ਵਾਸ ਰੱਖਦੇ ਸਨ। ਚਾਰਲਸ ਦੇ ਪਿਤਾ ਰਾਬਰਟ ਵਾਰਿੰਗ ਡਾਰਵਿਨ
ਖੁੱਲ੍ਹ-ਖ਼ਿਆਲੀਆ ਸਨ। ਸੰਨ 1817 ਵਿੱਚ ਚਾਰਲਸ ਡਾਰਵਿਨ ਦੀ ਮਾਤਾ ਦਾ
ਦਿਹਾਂਤ ਹੋ ਗਿਆ।
ਚਾਰਲਸ ਡਾਰਵਿਨ ਦੀ ਉਮਰ ਅੱਠ
ਸਾਲ ਦੀ ਹੀ ਸੀ ਜਦੋਂ ਤੋਂ ਉਸ ਨੇ ਪ੍ਰਕਿਰਤਕ ਇਤਿਹਾਸ ਵੱਲ ਰੁਚੀ ਲੈਣੀ
ਸ਼ੁਰੂ ਕਰ ਦਿੱਤੀ। ਅਸਲ ਵਿੱਚ ਡਾਰਵਿਨ ਜਮਾਂਦਰੂ ਪ੍ਰਕਿਰਤੀਵਾਦੀ ਸੀ। ਜਦੋਂ
ਕਦੇ ਉਹ ਬਾਹਰ ਸੈਰ ਕਰਨ ਨਿਕਲਦਾ, ਉਹ ਭਿੰਨ-ਭਿੰਨ ਪੰਛੀਆਂ ਨੂੰ ਦੇਖਦਾ।
ਉਸ ਨੂੰ ਪੱਥਰ, ਸ਼ੈੱਲ, ਸਿੱਕੇ ਅਤੇ ਖਣਿਜ ਪਦਾਰਥ ਮਤਲਬ ਧਾਤਾਂ ਇਕੱਠੇ ਕਰਨ
ਦਾ ਸ਼ੌਕ ਸੀ। ਬਗ਼ੀਚੇ ਵਿੱਚ ਬਾਗ਼ਬਾਨੀ ਕਰਨੀ ਅਤੇ ਪੌਦਿਆਂ ਨਾਲ ਸਾਂਝ ਪਾਉਣੀ
ਉਸ ਦੀ ਦਿਲਚਸਪੀ ਸੀ। ਜੇ ਕਿਤੇ ਉਹ ਆਪਣੇ ਪਿਤਾ ਨਾਲ ਬਾਹਰ ਗਿਆ ਤਾਂ ਵੀ
ਜੰਗਲੀ ਜਾਨਵਰਾਂ ਵੱਲ ਦੇਖਦਾ ਅਤੇ ਨੇੜਿਓਂ ਹੋ ਕੇ ਉਹਨਾਂ ਜਾਨਵਰਾਂ ਦੀਆਂ
ਆਦਤਾਂ ਦਾ ਨਿਰੀਖਣ ਕਰਨ ਦੀ ਕੋਸ਼ਸ਼ ਕਰਦਾ। ਕੋਈ ਨਹੀਂ ਜਾਣਦਾ ਸੀ ਕਿ
ਵਿਗਿਆਨ ਦੇ ਖੇਤਰ ਵਿੱਚ ਇੱਕ ਕੋਂਪਲ ਉੱਗ ਰਹੀ ਹੈ ਅਤੇ ਸਮੇਂ ਦੀ ਗਰਦਸ਼
ਵਿਸ਼ਵ ਭਰ ਵਿੱਚ ਇੱਕ ਉੱਤਮ ਵਿਗਿਆਨੀ ਨੂੰ ਜਨਮ ਦੇਵੇਗੀ ਜਿਸ ਦੀ ਕਾਢ ਦਾ
ਅਨੋਖਾ ਸਿਧਾਂਤ ਦੁਨੀਆ ਨੂੰ ਹਿਲਾ ਕੇ ਰੱਖ ਦੇਵੇਗਾ ਅਤੇ ਰਚਨਾਵਾਦੀਆਂ ਦੀਆਂ
ਜੜ੍ਹਾਂ ਵਿੱਚ ਤਰਥੱਲੀ ਮਚਾ ਦੇਵੇਗਾ।
ਚਾਰਲਸ ਆਪਣੀ ਸਵੈ ਜੀਵਨੀ ਵਿੱਚ
ਲਿਖਦਾ ਹੈ ਕਿ ਸਕੂਲ ਸਮੇਂ ਦੌਰਾਨ ਸਕੂਲ ਦੇ ਮਾਸਟਰ ਅਤੇ ਉਸ ਦਾ ਆਪਣਾ ਪਿਤਾ
ਉਸ ਨੂੰ ਲਿਆਕਤ ਵਿੱਚ ਇੱਕ ਆਮ ਜਿਹਾ ਮੁੰਡਾ ਹੀ ਮੰਨਦੇ ਸਨ। ਉਹ ਉਸ ਨੂੰ
ਅਕਲ ਵਿੱਚ ਘਟੀਆ ਵੀ ਸਮਝਦੇ ਸਨ। ਇੱਕ ਵਾਰ ਡਾਰਵਿਨ ਦੇ ਪਿਤਾ ਨੇ ਉਸ ਨੂੰ
ਕਿਹਾ, ''ਤੈਨੂੰ ਕੁੱਤਿਆਂ ਮਗਰ ਫਿਰਨ ਅਤੇ ਚੂਹੇ ਫੜਨ ਤੋਂ ਬਿਨਾਂ ਹੋਰ
ਕੋਈ ਕੰਮ ਹੀ ਨਹੀਂ! ਤੂੰ ਆਪਣੇ ਲਈ ਹੀ ਨਹੀਂ ਬਲਕਿ ਪਰਵਾਰ ਲਈ ਵੀ ਕਲੰਕ
ਸਾਬਤ ਹੋਵੇਂਗਾ।'' ਡਾਰਵਿਨ ਲਿਖਦਾ ਹੈ: ਮੇਰਾ ਪਿਤਾ ਜੀ ਬਹੁਤ ਦਿਆਲੂ ਸਨ
ਅਤੇ ਮੈਂ ਉਹਨਾਂ ਨਾਲ ਬਹੁਤ ਪਿਆਰ ਕਰਦਾ ਸੀ। ਹੋ ਸਕਦਾ ਮੇਰੇ ਪਿਤਾ ਜੀ
ਜ਼ਰੂਰ ਕਿਸੇ ਗੱਲ ਕਾਰਨ ਗੁੱਸੇ ਵਿੱਚ ਹੋਣਗੇ ਜਦੋਂ ਉਹਨਾਂ ਨੇ ਮੇਰੇ ਲਈ ਇਹ
ਸ਼ਬਦ ਵਰਤੇ।
ਚਾਰਲਸ ਦਾ ਪਿਤਾ ਚਾਰਲਸ ਨੂੰ
ਡਾਕਟਰ ਬਣਾਉਣਾ ਚਾਹੁੰਦਾ ਸੀ। ਇਸ ਵਾਸਤੇ ਚਾਰਲਸ ਨੂੰ ਸੰਨ 1825 ਵਿੱਚ
ਡਾਕਟਰੀ ਦੀ ਪੜ੍ਹਾਈ ਕਰਨ ਵਾਸਤੇ ਸਕਾਟਲੈਂਡ ਵਿੱਚ ਐਡਨਬਰਗ਼ ਯੂਨੀਵਰਸਿਟੀ
ਵਿੱਚ ਦਾਖ਼ਲ ਕਰਵਾ ਦਿੱਤਾ। ਉਹ ਡਾਕਟਰੀ ਦੀ ਪੜ੍ਹਾਈ ਵਿੱਚ ਕੋਈ ਰੁਚੀ ਨਹੀਂ
ਰੱਖਦਾ ਸੀ ਅਤੇ ਡਾਕਟਰੀ ਦੀ ਪੜ੍ਹਾਈ ਵਿੱਚ ਅਕੇਵਾਂ ਮਹਿਸੂਸ ਕਰਦਾ ਸੀ। ਉਹ
ਵਗਦੇ ਖ਼ੂਨ ਦੇ ਦ੍ਰਿਸ਼ ਨੂੰ ਦੇਖ ਕੇ ਸਹਿਨ ਨਹੀਂ ਕਰਦਾ ਸੀ ਅਤੇ ਉਸ ਨੂੰ
ਨਫ਼ਰਤ ਆਉਂਦੀ ਸੀ। ਉਸ ਦੀ ਰੁਚੀ ਜ਼ਿਆਦਾ ਅੱਡ-ਅੱਡ ਪੌਦਿਆਂ ਅਤੇ ਜੀਵ-ਜੰਤੂਆਂ
ਦੀਆਂ ਨਸਲਾਂ ਵਿੱਚ ਸੀ।
ਚਾਰਲਸ ਚਮੜੇ ਨੂੰ
ਜਿਉਂਦੀ-ਜਾਗਦੀ ਸੂਰਤ ਵਾਂਗ ਭਰਨਾ ਵੀ ਪਸੰਦ ਕਰਦਾ ਸੀ। ਉਸ ਨੇ ਇਸ ਕਲਾ ਦੀ
ਸਿੱਖਿਆ ਜਾਹਨ ਐਡਮਨਸਟੋਨ ਤੋਂ ਲਈ। ਜਾਹਨ ਐਡਮਨਸਟੋਨ ਪਹਿਲਾਂ ਕਦੇ ਗ਼ੁਲਾਮ
ਰਿਹਾ ਸੀ।
ਡਾਕਟਰੀ ਦੀ ਦੂਜੇ ਸਾਲ ਦੀ
ਪੜ੍ਹਾਈ ਦੌਰਾਨ ਚਾਰਲਸ 'ਪਲੀਨੀਅਨ' (ਬਜ਼ੁਰਗ, ਗਇਅਸ ਪਲੀਨੀਅਸ ਸੈਕੰਡਸ
23-79 ਏ.ਡੀ. ਵਿੱਚ ਰੋਮਨ ਪ੍ਰਕਿਰਤੀਵਾਦੀ, ਵਿਸ਼ਵਕੋਸ਼ੀ, ਅਤੇ ਲੇਖਕ ਹੋਇਆ
ਹੈ) ਸੁਸਾਇਟੀ ਦਾ ਮੈਂਬਰ ਬਣ ਗਿਆ। ਇਹ ਕਲੱਬ ਪ੍ਰਕਿਰਤੀਵਾਦੀਆਂ ਦੀ ਸੀ।
ਉਹ ਬੌਧਕ (ਬੁੱਧੀ ਨਾਲ ਸੰਬੰਧਤ, ਡੂੰਘੇ ਵਿਚਾਰ) ਬਹਿਸਾਂ ਵਿੱਚ ਹਿੱਸਾ
ਲੈਂਦਾ ਸੀ। ਏਥੇ ਇਹ ਵਿਚਾਰ ਉਭਰਦਾ ਸੀ ਕਿ ਮਨੁੱਖ ਦੀ ਉਤਪਤੀ ਰੱਬ ਨੇ ਨਹੀਂ
ਕੀਤੀ ਬਲਕਿ ਵਰਤਮਾਨ ਮਨੁੱਖੀ ਸ਼ਕਲ ਅਨਾਦਿ ਕਾਲ ਤੋਂ ਹੋ ਰਹੀਆਂ
ਸਹਿਜੇ-ਸਹਿਜੇ ਤਬਦੀਲੀਆਂ ਦਾ ਸਿੱਟਾ ਹੈ। ਇਹ ਵਿਚਾਰ ਰਚਨਾਵਾਦੀਆਂ ਦੇ
ਵਿਚਾਰ ਨਾਲੋਂ ਬਿਲਕੁਲ ਉਲਟ ਸੀ। ਰਚਨਾਵਾਦੀਆਂ ਅਨੁਸਾਰ ਬ੍ਰਹਿਮੰਡੀ ਰਚਨਾ
ਵਿੱਚ ਮਨੁੱਖ ਦੀ ਉਤਪਤੀ ਰੱਬ ਨੇ ਕੀਤੀ ਹੈ। ਡਾਰਵਿਨ ਨੇ ਇਸ ਸੁਸਾਇਟੀ
ਵਿੱਚ ਬਹੁਤ ਦਿਲਚਸਪੀ ਲਈ। ਉਹ ਬਾਕਾਇਦਾ ਇਸ ਸੁਸਾਇਟੀ ਵਿੱਚ ਜਾਂਦਾ ਸੀ ਅਤੇ
ਉਸ ਵਿੱਚ ਹੁੰਦੀਆਂ ਮੀਟਿੰਗਾਂ ਵਿੱਚ ਹਿੱਸਾ ਲੈਂਦਾ ਸੀ। ਇਹਨਾਂ ਵਿਚਾਰਾਂ
ਨੇ ਉਸ ਅੰਦਰ ਇੱਕ ਜੋਸ਼ ਭਰ ਦਿੱਤਾ।
ਏਥੇ ਹੀ ਯੂਨੀਵਰਸਿਟੀ ਵਿੱਚ
ਚਾਰਲਸ ਦਾ ਮੇਲ ਰਾਬਰਟ ਗਰਾਂਟ ਨਾਲ ਹੋਇਆ। ਰਾਬਰਟ ਗਰਾਂਟ ਇੱਕ ਜੰਤੂ
ਵਿਗਿਆਨੀ (ਜ਼ੂਆਲੋਜਿਸਟ) ਸੀ। ਹੁਣ ਚਾਰਲਸ ਫਾਸਿਲ (ਪਥਰਾਟੀ, ਪ੍ਰਾਚੀਨ ਕਾਲ
ਦੀ ਕੋਈ ਚੀਜ਼, ਪਿੰਜਰ ਆਦਿ ਪੱਥਰ ਬਣੀ ਹੋਈ) ਇਕੱਠੇ ਕਰਨ ਲੱਗ ਪਿਆ ਸੀ ਅਤੇ
ਜੀਵ-ਜੰਤੂਆਂ ਦੇ ਜੀਵਨ ਬਾਰੇ ਹੋਰ ਰੁਚੀ ਲੈਣ ਲੱਗ ਪਿਆ ਸੀ। ਕਿਹਾ ਜਾਂਦਾ
ਹੈ ਕਿ ਰਾਬਰਟ ਗਰਾਂਟ ਪਹਿਲਾ ਆਦਮੀ ਸੀ ਜਿਸ ਦੁਆਰਾ ਚਾਰਲਸ 'ਵਿਕਾਸ
ਸਿਧਾਂਤ' ਵੱਲ ਰੁਚਿਤ ਹੋਇਆ। 'ਵਿਕਾਸ ਸਿਧਾਂਤ' ਇੱਕ ਵਿਚਾਰ ਹੈ ਕਿ ਜੀਵ
ਸਮੇਂ ਨਾਲ ਹੌਲੀ-ਹੌਲੀ ਬਦਲਦੇ ਹਨ। ਉਹ ਆਪਣੇ-ਆਪ ਨੂੰ ਵਾਤਾਵਰਨ ਅਨੁਸਾਰ
ਢਾਲਦੇ ਹਨ ਅਤੇ ਜੀਵਨ ਬਚਾਉਂਦੇ ਹੋਏ ਨਸਲਾਂ ਦਾ ਵਿਕਾਸ ਕਰਦੇ ਹਨ।
ਇੱਕ ਫ਼ਰਾਂਸੀਸੀ ਜੰਤੂ ਵਿਗਿਆਨੀ
ਜੀਨ-ਬੈਪਟਿਸਟ ਲੈਮਾਰਕ ਸੀ। ਉਸ ਦੀਆਂ ਲਿਖਤਾਂ ਦਾ ਵੀ ਚਾਰਲਸ ਦੇ ਵਿਚਾਰਾਂ
ਉੱਤੇ ਪ੍ਰਭਾਵ ਪਿਆ।
ਚਾਰਲਸ ਦੇ ਮਾਪਿਆਂ ਨੇ ਸਮਝ
ਲਿਆ ਕਿ ਚਾਰਲਸ ਡਾਕਟਰੀ ਦੀ ਪੜ੍ਹਾਈ ਦੇ ਯੋਗ ਨਹੀਂ ਹੈ। ਉਹ ਇਸ ਪੜ੍ਹਾਈ
ਵਿੱਚ ਦਿਲਚਸਪੀ ਨਹੀਂ ਲੈਂਦਾ ਹੈ। ਇਸ ਕਾਰਨ ਓਹਨਾਂ ਨੇ ਚਾਰਲਸ ਨੂੰ ਪਾਦਰੀ
ਦੀ ਪੜ੍ਹਾਈ ਕਰਵਾਉਣ ਦਾ ਫ਼ੈਸਲਾ ਕੀਤਾ। ਉਸ ਨੂੰ ਸੰਨ 1827 ਵਿੱਚ ਕੈਂਬਰਿਜ
ਯੂਨੀਵਰਸਿਟੀ ਵਿੱਚ ਦਾਖ਼ਲ ਕਰਵਾ ਦਿੱਤਾ। ਏਥੇ ਵੀ ਚਾਰਲਸ ਡਾਰਵਿਨ ਨੇ ਸਮਝ
ਲਿਆ ਕਿ ਉਸ ਦਾ ਸਮਾਂ ਫ਼ਜ਼ੂਲ ਗਵਾਇਆ ਜਾ ਰਿਹਾ ਹੈ। ਉਹ ਬਾਈਬਲ ਪੜ੍ਹਨ ਦੀ
ਬਜਾਏ ਬੀਂਡੇ ਇਕੱਠੇ ਕਰਦਾ ਸੀ।
ਕੈਂਬਰਿਜ ਯੂਨੀਵਰਸਿਟੀ ਵਿੱਚ
ਇੱਕ ਗੱਲ ਚੰਗੀ ਹੋਈ। ਡਾਰਵਿਨ ਬਨਸਪਤੀ ਵਿਗਿਆਨ (ਬਾਟਨੀ) ਦੇ ਪ੍ਰੋਫ਼ੈਸਰ
ਜਾਹਨ ਐੱਸ. ਹੈਂਸਲੋ ਦਾ ਮਿੱਤਰ ਬਣ ਗਿਆ। ਬਾਟਨੀ (ਬਨਸਪਤੀ ਵਿਗਿਆਨ),
ਐਂਟੋਮਾਲੋਜੀ (ਕੀਟ-ਪਤੰਗ ਵਿਗਿਆਨ), ਕੈਮਿਸਟਰੀ (ਰਸਾਇਣ ਵਿਗਿਆਨ),
ਮਿਨਰਾਲੋਜੀ (ਖਣਿਜ/ਧਾਤ ਵਿਗਿਆਨ) ਅਤੇ ਜੀਆਲੋਜੀ (ਭੂ ਵਿਗਿਆਨ) ਵਿੱਚ
ਪ੍ਰੋਫ਼ੈਸਰ ਹੈਂਸਲੋ ਦਾ ਗਿਆਨ ਕਮਾਲ ਦਾ ਸੀ। ਡਾਰਵਿਨ ਹੈਂਸਲੋ ਦੇ ਲੈਕਚਰ
ਬੜੀ ਦਿਲਚਸਪੀ ਨਾਲ ਸੁਣਦਾ ਸੀ। ਪ੍ਰੋ. ਹੈਂਸਲੋ ਆਪਣੇ ਸ਼ਗਿਰਦਾਂ ਅਤੇ
ਯੂਨੀਵਰਸਿਟੀ ਦੇ ਪੁਰਾਣੇ ਮੈਂਬਰਾਂ ਨੂੰ ਦੂਰ-ਦੂਰ ਥਾਵਾਂ ਉੱਤੇ ਜਾਂ ਕਿਸੇ
ਦਰਿਆ ਉੱਤੇ ਲੈ ਜਾਂਦਾ ਸੀ। ਓਥੇ ਦੁਰਲੱਭ ਪੌਦੇ ਅਤੇ ਜਾਨਵਰ ਹੁੰਦੇ ਸਨ।
ਉਹ ਓਹਨਾਂ ਉੱਤੇ ਲੈਕਚਰ ਕਰਦਾ ਸੀ। ਉਸ ਦੇ ਲੈਕਚਰਾਂ ਵਿੱਚ ਸਪਸ਼ਟਤਾ ਹੁੰਦੀ
ਸੀ। ਮਿਸਾਲਾਂ ਸਮੇਤ ਵਿਆਖਿਆ ਹੁੰਦੀ ਸੀ। ਬਹੁਤ ਵਾਰ ਡਾਰਵਿਨ ਪ੍ਰੋਫ਼ੈਸਰ
ਹੈਂਸਲੋ ਨਾਲ ਖਾਣਾ ਖਾਂਦਾ ਸੀ। ਉਸ ਨੂੰ ਬਹੁਤ ਚੰਗਾ ਲੱਗਦਾ ਸੀ। ਉਹ ਬਹੁਤ
ਉਤਸ਼ਾਹ ਨਾਲ ਬਨਸਪਤੀ ਗਿਆਨ ਹਾਸਲ ਕਰਨ ਲਈ ਮਿਹਨਤ ਕਰਦਾ ਸੀ। ਇਸ ਤਰ੍ਹਾਂ
ਏਥੇ ਉਸ ਦੇ ਜੀਵਨ ਵਿੱਚ ਬਹੁਤ ਕੀਮਤੀ ਮੋੜ ਆਇਆ। ਉਸ ਦੀਆਂ ਪ੍ਰੋ. ਹੈਂਸਲੋ
ਨਾਲ ਲੰਮੀਆਂ-ਲੰਮੀਆਂ ਗੱਲਾਂ ਹੁੰਦੀਆਂ ਸਨ। ਬਾਟਨੀ (ਬਨਸਪਤੀ ਵਿਗਿਆਨ) ਉਸ
ਦਾ ਮਨ-ਭਾਉਂਦਾ ਵਿਸ਼ਾ ਬਣ ਗਿਆ। ਉਸ ਦੇ ਪ੍ਰਕਿਰਤਕ ਇਤਿਹਾਸ ਦੇ ਗਿਆਨ ਵਿੱਚ
ਬਹੁਤ ਵਾਧਾ ਹੋਇਆ।
ਡਾਰਵਿਨ ਨੇ ਸੰਨ 1831 ਵਿੱਚ
ਪਾਦਰੀ ਦੀ ਪੜ੍ਹਾਈ ਪੂਰੀ ਕਰ ਲਈ। ਉਹ ਹੁਣ ਪਾਦਰੀ ਬਣਨ ਦੇ ਯੋਗ ਹੋ ਗਿਆ
ਸੀ ਪਰ ਪ੍ਰੋ. ਹੈਂਸਲੋ ਨੇ ਡਾਰਵਿਨ ਨੂੰ ਸਮਝਾਇਆ ਕਿ ਉਹ ਜਿਆਲੋਜੀ (ਭੂ
ਵਿਗਿਆਨ) ਪੜ੍ਹਨਾ ਸ਼ੁਰੂ ਕਰੇ।
ਉਸ ਸਮੇਂ ਡਾਰਵਿਨ ਪ੍ਰੋ. ਐਡਮ
ਸੈੱਜਵਿਕ ਦੇ ਜੀਆਲੋਜੀ (ਭੂ ਵਿਗਿਆਨ, ਧਰਤੀ ਸਬੰਧੀ) ਉੱਤੇ ਲੈਕਚਰ ਸੁਣਦਾ
ਸੀ। ਪਹਿਲਾਂ ਡਾਰਵਿਨ ਜੀਆਲੋਜੀ ਦੀ ਪੜ੍ਹਾਈ ਤੋਂ ਨਫ਼ਰਤ ਕਰਦਾ ਸੀ ਪਰ ਪ੍ਰੋ.
ਸੈੱਜਵਿਕ ਆਪਣੇ ਲੈਕਚਰਾਂ ਵਿੱਚ ਜਾਨ ਪਾ ਦਿੰਦਾ ਸੀ। ਉਹ ਹੁਣ ਜੀਆਲੋਜੀ
ਵੱਲ ਪੂਰੀ ਤਰ੍ਹਾਂ ਖਿੱਚਿਆ ਗਿਆ ਅਤੇ ਉਸ ਉੱਤੇ ਪ੍ਰੋ. ਸੈੱਜਕਿ ਦਾ ਪੂਰਾ
ਪ੍ਰਭਾਵ ਪਿਆ।
ਪ੍ਰੋ. ਸੈੱਜਵਿਕ ਨਾਰਥ ਵੇਲਜ਼
ਵਿੱਚ ਅਗਸਤ ਦੇ ਸ਼ੁਰੂ ਵਿੱਚ ਪੁਰਾਣੀਆਂ ਚਟਾਨਾਂ ਦੀ ਭੂ ਵਿਗਿਆਨਕ ਖੋਜ ਲਈ
ਜਾਣ ਦੀ ਤਿਆਰੀ ਕਰ ਰਿਹਾ ਸੀ। ਪ੍ਰੋ. ਹੈਂਸਲੋ ਨੇ ਪ੍ਰੋ. ਸੈਜਵਿਕ ਨੂੰ
ਕਿਹਾ ਕਿ ਉਹ ਡਾਰਵਿਨ ਨੂੰ ਨਾਲ਼ ਲੈ ਕੇ ਜਾਏ। ਇਸ ਕਾਰਨ ਪ੍ਰੋ. ਸੈੱਜਵਿਕ
ਡਾਰਵਿਨ ਨੂੰ ਮਿਲਣ ਲਈ ਡਾਰਵਿਨ ਦੇ ਪਿਤਾ ਦੇ ਘਰ ਆਇਆ ਅਤੇ ਰਾਤ ਲਈ ਠਾਹਰ
ਕੀਤੀ।
ਅਗਲੇ ਦਿਨ ਉਹ ਯਾਤਰਾ ਲਈ ਚੱਲ
ਪਏ। ਇਸ ਯਾਤਰਾ ਵਿੱਚ ਡਾਰਵਿਨ ਨੇ ਦੇਸ ਦਾ ਭੂ ਵਿਗਿਆਨ ਤਿਆਰ ਕਰਨਾ
ਸਿੱਖਿਆ। ਪ੍ਰੋ. ਸੈੱਜਵਿਕ ਕਈ ਵਾਰ ਡਾਰਵਿਨ ਨੂੰ ਪੱਥਰਾਂ ਦੇ ਨਮੂਨੇ ਇਕੱਠੇ
ਕਰਨ ਵਾਸਤੇ ਆਪਣੇ ਨਾਲ ਦੇ ਇਲਾਕੇ ਵਿੱਚ ਭੇਜ ਦਿੰਦਾ ਸੀ। ਸੈੱਜਵਿਕ ਦਾ
ਡਾਰਵਿਨ ਨੂੰ ਕਹਿਣਾ ਸੀ ਕਿ ਉਹ ਨਕਸ਼ੇ ਉੱਤੇ ਚਟਾਨਾਂ ਦੀ ਤਹਿਬੰਦੀ ਦੇ
ਨਿਸ਼ਾਨ ਲਾਵੇ। ਡਾਰਵਿਨ ਕਈ ਵਾਰ ਇਕੱਲਾ ਹੀ ਨਿਕਲ ਜਾਂਦਾ ਅਤੇ ਰਸਤੇ ਲਈ
ਕੰਪਸ ਦੀ ਮਦਦ ਲੈਂਦਾ। ਇਸ ਤਰ੍ਹਾਂ ਉਹ ਅਜੀਬ ਜੰਗਲੀ ਥਾਵਾਂ ਉੱਤੇ ਜਾ ਕੇ
ਆਪਣੀ ਯਾਤਰਾ ਦਾ ਅਨੰਦ ਲੈਂਦਾ ਸੀ। ਹੈਂਸਲੋ ਦੀ ਰਾਹਨੁਮਾਈ ਕਾਰਨ ਇਹ ਯਾਤਰਾ
ਡਾਰਵਿਨ ਲਈ ਵਰਦਾਨ ਸਾਬਤ ਹੋਈ।
ਡਾਰਵਿਨ ਜਦੋਂ ਨਾਰਥ ਵੇਲਜ਼ ਦੀ
ਭੂ ਵਿਗਿਆਨਕ ਯਾਤਰਾ ਤੋਂ ਵਾਪਸ ਆਇਆ ਤਾਂ ਉਸ ਨੂੰ ਹੈਂਸਲੋ ਦੀ ਆਈ-ਪਈ
ਚਿੱਠੀ ਮਿਲੀ। ਇਸ ਚਿੱਠੀ ਵਿੱਚ ਹੈਂਸਲੋ ਨੇ ਲਿਖਿਆ ਸੀ ਕਿ ਬ੍ਰਿਟਿਸ਼
ਸਰਕਾਰ ਦਾ ਬੀਗਲ ਜਹਾਜ਼ ਸਾਰੇ ਸੰਸਾਰ ਦੁਆਲੇ ਸਰਵੇ ਦੇ ਮੰਤਵ ਨਾਲ ਸਫ਼ਰ ਉੱਤੇ
ਜਾਣ ਦੀ ਤਿਆਰੀ ਕਰ ਰਿਹਾ ਹੈ। ਜਹਾਜ਼ ਦੇ ਕੈਪਟਨ ਫਿਟਜ਼ਰਾਏ ਨੇ ਇਲਾਨ ਕੀਤਾ
ਹੈ ਕਿ ਉਹ ਕਿਸੇ ਵੀ ਨੌਜਵਾਨ ਨੂੰ ਆਪਣੀ ਕੈਬਨ ਵਿੱਚ ਥਾਂ ਦੇਣ ਨੂੰ ਤਿਆਰ
ਹੈ ਜੇ ਉਹ ਬਿਨਾਂ ਤਨਖ਼ਾਹ ਦੇ ਪ੍ਰਕਿਰਤੀਵਾਦੀ ਦੇ ਤੌਰ 'ਤੇ ਜਾਣਾ ਚਾਹੇ।
ਡਾਰਵਿਨ ਫ਼ੌਰਨ ਤਿਆਰ ਹੋ ਗਿਆ। ਪਰ ਡਾਰਵਿਨ ਦੇ ਪਿਤਾ ਨੇ ਡਾਰਵਿਨ ਦੀ ਇਸ
ਯੋਜਨਾ ਦੀ ਵਿਰੋਧਤਾ ਕੀਤੀ। ਇਸ ਕਾਰਨ ਡਾਰਵਿਨ ਨੇ ਹੈਂਸਲੋ ਨੂੰ ਜਵਾਬ
ਦਿੱਤਾ ਕਿ ਉਹ ਨਹੀਂ ਜਾ ਸਕਦਾ।
ਅਗਲੇ ਦਿਨ ਪਹਿਲੀ ਅਗਸਤ 1831
ਨੂੰ ਜਦੋਂ ਡਾਰਵਿਨ ਸ਼ਿਕਾਰ ਉੱਤੇ ਗਿਆ ਹੋਇਆ ਸੀ, ਡਾਰਵਿਨ ਦੇ ਮਾਮਾ
ਜੋਸੀਆਹ ਨੇ ਡਾਰਵਿਨ ਨੂੰ ਸੱਦ ਭੇਜਿਆ ਕਿ ਉਹ ਸ਼ਰਿਊਜ਼ਬਰੀ ਪਹੁੰਚੇ। ਜੋਸੀਆਹ
ਨੇ ਡਾਰਵਿਨ ਦੇ ਪਿਤਾ ਕੋਲ ਉਪਰੋਕਤ ਯਾਤਰਾ ਦਾ ਸਵਾਲ ਉਠਾਇਆ। ਇਸ ਤਰ੍ਹਾਂ
ਜੋਸੀਆਹ ਦੇ ਦਖ਼ਲ ਦੇਣ ਨਾਲ ਡਾਰਵਿਨ ਨੂੰ ਉਸ ਦੇ ਪਿਤਾ ਵੱਲੋਂ ਸਹਿਮਤੀ ਮਿਲ
ਗਈ। ਡਾਰਵਿਨ ਦੇ ਪਿਤਾ ਨੇ ਸਫ਼ਰ ਦੌਰਾਨ ਡਾਰਵਿਨ ਦਾ ਸਾਰਾ ਖ਼ਰਚਾ ਸਹਿਣ ਕਰਨ
ਦਾ ਵੀ ਇਕਰਾਰ ਕੀਤਾ।
ਅਗਲੇ ਦਿਨ ਡਾਰਵਿਨ ਕੈਂਬਰਿਜ
ਵਿੱਚ ਪ੍ਰੋ. ਹੈਂਸਲੋ ਨੂੰ ਮਿਲਣ ਤੁਰ ਪਿਆ। ਇਸ ਪਿੱਛੋਂ ਉਹ ਬੀਗਲ ਜਹਾਜ਼
ਦੇ ਕੈਪਟਨ ਫਿਟਜ਼ਰਾਏ ਨੂੰ ਮਿਲਿਆ। ਡਾਰਵਿਨ ਨੂੰ ਬੀਗਲ ਦੀ ਯਾਤਰਾ ਵਿੱਚ
ਜਾਣ ਦੀ ਮਨਜ਼ੂਰੀ ਮਿਲ ਗਈ। ਬੀਗਲ ਨੇ 27 ਦਸੰਬਰ 1831 ਨੂੰ ਤੁਰਨਾ ਸੀ। ਇਹ
ਯਾਤਰਾ 2 ਅਕਤੂਬਰ 1836 ਨੂੰ ਖ਼ਤਮ ਹੋਈ ਸੀ।
ਬੀਗਲ ਦੀ ਕਰੀਬ ਪੰਜ ਸਾਲਾਂ ਦੀ
ਯਾਤਰਾ ਨੇ ਡਾਰਵਿਨ ਦਾ ਭਵਿਖ ਰੋਸ਼ਨ ਕਰ ਦਿੱਤਾ। ਉਹ ਵਿਸ਼ਵ ਦੇ ਮਹਾਨ
ਵਿਗਿਆਨੀਆਂ ਦੀ ਪਾਲ਼ ਵਿੱਚ ਆ ਖੜ੍ਹਾ ਹੋ ਗਿਆ। ਉਸ ਨੇ ਬੀਗਲ ਯਾਤਰਾ ਦੌਰਾਨ
ਅਫ਼ਰੀਕਾ ਦੇ ਪੱਛਮੀ ਤੱਟ ਨਾਲ ਲਗਦੇ ਟਾਪੂਆਂ, ਅਫ਼ਰੀਕਾ ਅਤੇ ਦੱਖਣੀ ਅਮਰੀਕਾ
ਵਿਚਾਲੇ ਅੰਧ ਮਹਾਂਸਾਗਰ ਦੇ ਟਾਪੂਆਂ, ਦੱਖਣੀ ਅਮਰੀਕਾ ਵਿੱਚ ਬ੍ਰਾਜ਼ੀਲ,
ਯੂਰੋਗੁਏ ਅਰਜਨਟਾਇਨਾ, ਦੱਖਣੀ ਅਮਰੀਕਾ ਦੀ ਦੱਖਣੀ ਨੋਕ ਕੇਪ ਹਾਰਨ, ਦੱਖਣੀ
ਅਮਰੀਕਾ ਦੇ ਪੱਛਮੀ ਤੱਟ ਨਾਲ ਲੱਗਦੇ ਦੇਸ ਚਿੱਲੀ, ਬੁਲੀਵੀਆ, ਪੀਰੂ ਅਤੇ
ਐਕੁਆਡੋਰ ਦੇ ਪ੍ਰਸਿੱਧ ਟਾਪੂਆਂ ਗਲੱਪਾਗੋਸ, ਨਿਓਜ਼ੀਲੈਂਡ, ਆਸਟ੍ਰੇਲੀਆ,
ਹਿੰਦ ਮਹਾਸਾਗਰ ਦੇ ਟਾਪੂਆਂ, ਕੇਪ ਆਫ਼ ਗੁੱਡ ਹੋਪ ਦਾ ਭਰਮਣ ਕਰਦਿਆ ਸਾਰੀ
ਦੁਨੀਆ ਦਾ ਚੱਕਰ ਲਾਇਆ ਕੀਤਾ।
ਡਾਰਵਿਨ ਨੇ ਆਪਣੀ ਯਾਤਰਾ
ਦੌਰਾਨ ਚੱਟਾਨਾਂ, ਜਾਨਵਰਾਂ, ਪੰਛੀਆਂ, ਪਸ਼ੂਆਂ, ਦੁਧਾਧਾਰੀ ਜਾਨਵਰਾਂ,
ਸਮੁੰਦਰੀ ਜੀਵਾਂ, ਸੱਪਾਂ, ਪੌਦਿਆਂ, ਸ਼ੈੱਲਾਂ, ਖਣਿਜ ਪਦਾਰਥਾਂ, ਫਾਸਿਲਾਂ,
ਹੱਡੀਆਂ, ਜੰਗਲਾਂ, ਪਠਾਰਾਂ, ਜੁਆਲਾ-ਮੁਖੀ ਪਹਾੜਾਂ ਅਤੇ ਉਹਨਾਂ ਦੇ ਲਾਵਿਆਂ
ਆਦਿ ਦਾ ਨਿਰੀਖਣ ਕੀਤਾ। ਇਸ ਸਫ਼ਰ ਦੌਰਾਨ ਉਸ ਨੇ ਬਹੁਤ ਸਾਰੀ ਉਪਰੋਕਤ ਕਿਸਮ
ਦੀ ਸਮਗਰੀ ਇਕੱਠੀ ਕੀਤੀ ਅਤੇ ਸਮੇਂ-ਸਮੇਂ ਇਸ ਸਮਗਰੀ ਦੇ ਕੰਟੇਨਰ ਭਰ ਕੇ
ਪ੍ਰੋ. ਹੈਂਸਲੋ ਨੂੰ ਭੇਜਦਾ ਰਿਹਾ।
ਬੀਗਲ ਯਾਤਰਾ ਤੋਂ ਵਾਪਸ ਆ ਕੇ,
ਡਾਰਵਿਨ ਕਈ ਵਾਰ ਸ਼ਰਿਊਜ਼ਬਰੀ, ਮਾਇਰ, ਕੈਂਬਰਿਜ ਅਤੇ ਲੰਡਨ ਆਉਂਦਾ-ਜਾਂਦਾ
ਰਿਹਾ। ਆਖ਼ਰ ਉਹ 13 ਦਸੰਬਰ 1836 ਨੂੰ ਕੈਂਬਰਿਜ ਵਿੱਚ ਰਹਿਣ ਲੱਗ ਪਿਆ। ਉਸ
ਦੀ ਭੇਜੀ ਸਮਗਰੀ ਪ੍ਰੋ. ਹੈਂਸਲੋ ਕੋਲ ਕੈਂਬਰਿਜ ਪਈ ਸੀ।
ਡਾਰਵਿਨ ਦਾ ਸਿਧਾਂਤ
ਡਾਰਵਿਨ ਨੇ ਇੰਗਲੈਂਡ ਪਹੁੰਚ
ਕੇ ਆਪਣਾ ਕੰਮ ਫ਼ੌਰਨ ਅਰੰਭ ਕਰ ਦਿੱਤਾ। ਮਾਰਚ 1837 ਨੂੰ ਉਸ ਨੇ ਲੰਡਨ
ਵਿੱਚ ਗਰੇਟ ਮਾਰਲਬਰੋ ਸਟਰੀਟ ਵਿੱਚ ਰਿਹਾਇਸ਼ ਅਖ਼ਤਿਆਰ ਕਰ ਲਈ। ਉਹ ਓਥੇ
ਕਰੀਬ ਦੋ ਸਾਲ ਰਿਹਾ। ਉਸ ਨੇ ਇਕੱਠੇ ਕੀਤੇ ਫਾਸਿਲਾਂ ਅਤੇ ਹੋਰ ਸਮਗਰੀ ਨੂੰ
ਇੱਕ ਤਰਤੀਬ ਦਿੱਤੀ। ਦੋਸਤਾਂ-ਮਿੱਤਰਾਂ ਅਤੇ ਵਿਗਿਆਨੀਆਂ ਨਾਲ ਚਿੱਠੀ-ਪੱਤਰ
ਕੀਤੇ। ਕਈ ਅਜਾਇਬਘਰਾਂ ਵਿੱਚ ਪਏ ਫਾਸਲਾਂ ਦਾ ਨਿਰੀਖਣ ਕੀਤਾ।
ਡਾਰਵਿਨ ਨੇ ਮਈ 1837 ਨੂੰ
ਰਾਇਲ ਜੀਆਲੋਜੀਕਲ ਸੁਸਾਇਟੀ ਨੂੰ ਆਪਣਾ ਪਰਚਾ ਪੇਸ਼ ਕੀਤਾ। ਇਸ ਪਰਚੇ ਵਿੱਚ
ਉਸ ਨੇ ਮੂੰਗੇ ( ਜੀਵਾਂ ਦਾ ਸਮੂਹ ਅਜਿਹੇ ਪਦਾਰਥ ਪੈਦਾ ਕਰਦਾ ਹੈ ਜਿਹੜੇ
ਅਕਸਰ ਇਕੱਠੇ ਹੋ ਕੇ ਗਰਮ ਸਮੁੰਦਰਾਂ ਵਿੱਚ ਚਟਾਨਾਂ ਬਣਾ ਦਿੰਦੇ ਹਨ ਜਾਂ
ਟਾਪੂ ਬਣਾ ਦਿੰਦੇ ਹਨ) ਦੁਆਰਾ ਚਟਾਨਾਂ ਬਣਨ ਅਤੇ ਫਿਰ ਟਾਪੂਆਂ ਦੇ ਰੂਪ
ਧਾਰਨ ਦੀ ਜਾਣਕਾਰੀ ਦਿੱਤੀ। ਉਸ ਨੇ ਇਸ ਗੱਲ ਉੱਤੇ ਵੀ ਚਾਨਣ ਪਾਇਆ ਕਿ
ਦੱਖਣੀ ਅਮਰੀਕਾ ਬੀਤੇ ਚਿਰਕਾਲ ਦੀਆਂ ਭੂ-ਗਤੀਵਿਧੀਆਂ (ਧਰਤੀ ਦੀਆਂ ਹਰਕਤਾਂ)
ਦਾ ਸਿੱਟਾ ਹੈ ਅਤੇ ਓਥੇ ਜਾਨਵਰਾਂ ਦੀਆਂ ਸਥਾਨਕ ਨਸਲਾਂ ਨਵੇਂ ਵਾਤਾਵਰਨ
ਅਨੁਸਾਰ ਢਲਦੀਆਂ ਗਈਆਂ।
ਇਹਨਾਂ ਦੋ ਸਾਲਾਂ ਵਿੱਚ
ਡਾਰਵਿਨ ਜਿਆਲੋਜੀਕਲ ਸੁਸਾਇਟੀ ਦੇ ਸਕੱਤਰਾਂ ਵਿੱਚੋਂ ਇੱਕ ਸਕੱਤਰ ਬਣ ਗਿਆ।
ਹੁਣ ਉਸ ਦੀਆਂ ਮਿਲਣੀਆਂ ਪ੍ਰੋ. ਲ਼ਾਇਲ ਨਾਲ ਵੱਧ ਗਈਆਂ। ਪ੍ਰੋ. ਲ਼ਾਇਲ
ਡਾਰਵਿਨ ਦੇ ਕੰਮ ਵਿੱਚ ਬਹੁਤ ਦਿਲਚਸਪੀ ਲੈਂਦਾ ਸੀ।
ਅਕਤੂਬਰ ਸੰਨ 1838 ਵਿੱਚ ਡਾਰਵਿਨ ਨੇ ਜਨ-ਸੰਖਿਆ ਦੇ ਵਿਸ਼ੇ ਉੱਤੇ ਮਾਲਥਿਊਜ਼
(17661834) ਦੇ ਸਿਧਾਂਤ ਨੂੰ ਸ਼ੌਕ ਨਾਲ ਪੜ੍ਹਿਆ। ਮਾਲਥਿਊਜ਼ ਦਾ ਸਿਧਾਂਤ
ਸੀ ਕਿ ਵਿਸ਼ਵ ਵਿੱਚ ਖ਼ੁਰਾਕ 3, 5, 7, 9, 11, 13... ਅਨੁਪਾਤ ਅਨੁਸਾਰ
ਵਧਦੀ ਹੈ ਜਦੋਂ ਕਿ ਜਨਸੰਖਿਆ 1, 3, 9, 27, 81 ਅਨੁਪਾਤ ਅਨੁਸਾਰ ਵਧਦੀ
ਹੈ। ਇਸ ਤਰ੍ਹਾਂ ਖ਼ੁਰਾਕ ਅਤੇ ਜਨਸੰਖਿਆ ਦੇ ਅਨੁਪਾਤ (ਰੇਸ਼ੋ) ਵਿੱਚ ਬੇਅੰਤ
ਪਾੜਾ ਪੈ ਜਾਂਦਾ ਹੈ। ਜਨਸੰਖਿਆ ਦੇ ਮੁਕਾਬਲੇ ਵਿੱਚ ਖ਼ੁਰਾਕ ਬਹੁਤ ਘੱਟ ਰਹਿ
ਜਾਂਦੀ ਹੈ। ਨਤੀਜਾ ਇਹ ਨਿਕਲਦਾ ਹੈ ਕਿ ਜੀਵਾਂ ਨੂੰ ਆਪਣੀ ਹੋਂਦ ਕਾਇਮ
ਰੱਖਣ ਲਈ ਘੋਲ ਕਰਨਾ ਪੈਂਦਾ ਹੈ। ਸੁਰਵਾਈਵਲ ਇਜ਼ ਦ ਫਿੱਟੈਸਟ/ਯੋਗਤਮ ਦੀ ਜੈ
ਦਾ ਅਖਾਣ ਸਿੱਧ ਹੋ ਜਾਂਦਾ ਹੈ। ਸਾਦਾ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ
ਵਾਤਾਵਰਨ ਅਨੁਸਾਰ ਮੁਕਾਬਲਾ ਕਰਨ ਵਿੱਚ ਜਿਹੜਾ ਤਕੜਾ ਹੁੰਦਾ ਹੈ, ਉਹ
ਜਿਉਂਦਾ ਰਹਿੰਦਾ ਹੈ ਪਰ ਮਾੜਾ ਮਰ ਜਾਂਦਾ ਹੈ।
ਮਾਲਥਿਊਜ਼ ਪੜ੍ਹ ਕੇ ਡਾਰਵਿਨ
ਨੂੰ ਬਹੁਤ ਉਤਸ਼ਾਹ ਮਿਲਿਆ। ਮਾਲਥਿਊਜ਼ ਦਾ ਸਿਧਾਂਤ ਉਸ ਦੀ ਸੋਚ ਨੂੰ ਬਲ
ਦਿੰਦਾ ਸੀ। ਪਸ਼ੂਆਂ ਅਤੇ ਪੌਦਿਆਂ ਦੀਆਂ ਚਿਰਕਾਲੀ ਰੁਚੀਆਂ ਦੇ ਨਿਰੀਖਣ ਦੇ
ਅਧਾਰ ਉੱਤੇ ਉਹ ਨਤੀਜਾ ਕੱਢਦਾ ਸੀ ਕਿ ਬਦਲੇ ਵਾਤਾਵਰਨ ਅਨੁਸਾਰ ਤਕੜੇ
ਜਿਉਂਦੇ ਰਹਿੰਦੇ ਹਨ ਅਤੇ ਮਾੜੇ ਮਰ ਜਾਂਦੇ ਹਨ। ਇਸ ਤਰ੍ਹਾਂ ਨਵੀਆਂ ਨਸਲਾਂ
ਦਾ ਵਿਕਾਸ ਹੁੰਦਾ ਹੈ।
ਡਾਰਵਿਨ ਨੇ ਆਪਣੀ ਖੋਜ ਜਾਰੀ
ਰੱਖੀ। ਉਹ ਨੇ ਇਕੱਠੇ ਕੀਤੇ ਫਾਸਿਲਾਂ ਅਤੇ ਨਮੂਨਿਆਂ ਤੋਂ ਇੱਕ ਨਵਾਂ
ਸਿਧਾਂਤ ਕੱਢਿਆ ਕਿ ਜਾਤੀਆਂ ਇੱਕ ਦੂਜੇ ਤੋਂ ਅਲੱਗ-ਅਲੱਗ ਕਿਸਮਾਂ ਵਿੱਚ
ਕਿਵੇਂ ਉਸਰਦੀਆਂ ਹਨ?
ਬੀਗਲ ਦੇ ਸਫ਼ਰ ਦੌਰਾਨ ਡਾਰਵਿਨ
ਅੱਡ-ਅੱਡ ਕਿਸਮ ਦੀਆਂ ਚਿੜੀਆਂ (ਫਿੰਚਿਜ਼) ਦੀਆਂ ਤੇਰਾਂ ਨਸਲਾਂ ਲਿਆਇਆ ਸੀ।
ਉਹ ਗਲੱਪਾਗੋਸ (ਦੱਖਣੀ ਅਮਰੀਕਾ ਦੇ ਪੱਛਮੀ ਤੱਟ ਕੋਲ ਸ਼ਾਂਤ ਮਹਾਂਸਾਗਰ
ਵਿੱਚ ਟਾਪੂਆਂ ਦਾ ਸਮੂਹ ਹੈ ਜਿਹੜਾ ਐਕੁਆਡੋਰ ਦੇਸ ਨਾਲ ਸੰਬੰਧ ਰੱਖਦਾ ਹੈ)
ਦੇ ਕਰੀਬ ਬਾਰਾਂ ਟਾਪੂਆਂ ਵਿੱਚ ਫੈਲੀਆਂ ਹੋਈਆਂ ਸਨ। ਉਹਨਾਂ ਵਿੱਚ ਇੱਕ
ਨਸਲ ਦੀ ਚਿੜੀ ਦੀ ਚੁੰਝ ਦੂਜੀ ਨਸਲ ਦੀ ਚਿੜੀ ਦੀ ਚੁੰਝ ਨਾਲ ਨਹੀਂ ਮਿਲਦੀ
ਸੀ। ਚੁੰਝਾਂ ਅੱਡ-ਅੱਡ ਬਣਤਰ ਦੀਆਂ ਸਨ। ਡਾਰਵਿਨ ਇਹ ਸਮਝਣਾ ਚਾਹੁੰਦਾ ਸੀ
ਕਿ ਇਹ ਪ੍ਰਤੱਖ ਫ਼ਰਕ ਕਿਉਂ ਹੈ?
ਡਾਰਵਿਨ ਨੇ ਇਹ ਸਿੱਟਾ ਕੱਢਿਆ
ਕਿ ਇਹਨਾਂ ਚਿੜੀਆਂ ਦਾ ਸੰਬੰਧ ਗਲੱਪਾਗੋਸ ਦੇ ਅੱਡ-ਅੱਡ ਟਾਪੂਆਂ ਵਿੱਚ
ਰਹਿਣ ਕਾਰਨ ਹੈ। ਉਸ ਨੂੰ ਸਮਝ ਪਈ ਕਿ ਕਿਸੇ ਨਸਲ ਦੀਆਂ ਚਿੜੀਆਂ ਮਹਾਂਦੀਪ
ਤੋਂ ਉੱਡ ਕੇ ਸੈਂਕੜੇ ਮੀਲ ਦੂਰ ਇਹਨਾਂ ਟਾਪੂਆਂ ਵਿੱਚ ਰਹਿਣ ਲੱਗ ਪਈਆਂ।
ਇਹ ਚਿੜੀਆਂ ਉੱਡ ਕੇ ਕਿਉਂ ਆਈਆਂ? ਜਵਾਬ ਸਾਫ਼ ਸੀ। ਜਦੋਂ ਕਿਸੇ ਕਾਰਨ ਕਿਸੇ
ਥਾਂ ਉੱਤੇ ਖ਼ੁਰਾਕ ਘੱਟ ਜਾਂਦੀ ਹੈ ਅਤੇ ਖਾਣ ਵਾਲਿਆਂ ਦੀ ਸੰਖਿਆ ਵੱਧ ਜਾਂਦੀ
ਹੈ ਤਾਂ ਉਸ ਥਾਂ ਦੀ ਮਾੜੀ ਨਸਲ ਮਰ ਜਾਂਦੀ ਹੈ ਪਰ ਤਕੜੀ ਨਸਲ ਉੱਡ ਕੇ ਆਪਣੀ
ਖ਼ੁਰਾਕ ਲੱਭਣ ਲਈ ਨਵੀਂ ਥਾਂ ਉੱਤੇ ਆ ਵਸਦੀ ਹੈ। ਬੱਸ ਇਹੀ ਕਾਰਨ ਹੋ ਸਕਦਾ
ਸੀ ਕਿ ਤਕੜੀਆਂ ਚਿੜੀਆਂ ਉੱਡ ਕੇ ਇਹਨਾਂ ਟੱਪੂਆਂ ਵਿੱਚ ਆ ਗਈਆਂ। ਹਰੇਕ
ਟਾਪੂ ਦਾ ਆਪਣਾ-ਆਪਣਾ ਵਾਤਾਵਰਨ ਸੀ। ਉਹਨਾਂ ਚਿੜੀਆਂ ਨੇ ਉਸ ਵਾਤਾਵਰਨ
ਅਨੁਸਾਰ ਆਪਣੇ-ਆਪ ਨੂੰ ਢਾਲਿਆ। ਲੰਮੇ ਸਮੇਂ ਦੇ ਬੀਤਣ ਨਾਲ ਅੱਡ-ਅੱਡ
ਟਾਪੂਆਂ ਵਿੱਚ ਉਹਨਾਂ ਦੀ ਆਪਣੀ-ਆਪਣੀ ਨਸਲ ਬਣ ਗਈ। ਚੁੰਝਾਂ ਦੀ ਬਣਤਰ ਇਸ
ਕਾਰਨ ਬਦਲੀ ਕਿਉਂਕਿ ਉਹਨਾਂ ਦੇ ਆਪਣੇ ਲਈ ਖ਼ੁਰਾਕ ਹਾਸਲ ਕਰਨ ਦੇ ਤੌਰ-ਤਰੀਕੇ
ਆਪਣੇ-ਆਪਣੇ ਵਾਤਾਵਰਨ ਵਿੱਚ ਵੱਖਰੇ-ਵੱਖਰੇ ਸਨ। ਇਸ ਲਈ ਉਹਨਾਂ ਦੀਆਂ ਚੁੰਝਾਂ
ਸਮੇਂ ਦੇ ਗੁਜ਼ਰਨ ਨਾਲ ਖ਼ੁਰਾਕ ਇਕੱਠੀ ਕਰਨ ਦੀ ਲੋੜ ਅਨੁਸਾਰ ਢੱਲ਼ ਗਈਆਂ। ਇਸ
ਤਰ੍ਹਾਂ ਇੱਕ ਨਸਲ ਦੀਆਂ ਚਿੜੀਆਂ ਅੱਡ-ਅੱਡ ਨਸਲਾਂ ਵਿੱਚ ਵਿਕਾਸ ਕਰ ਗਈਆਂ।
ਇਹ ਸੀ ਚਿੜੀਆਂ ਦੇ ਨਸਲ ਦੀ ਕੁਦਰਤੀ ਚੋਣ ਅਤੇ ਅੱਡ-ਅੱਡ ਨਸਲਾਂ ਵਿੱਚ ਬਦਲੀ।
ਦੋਗਲਾਪਣ ਵੀ ਅਲੱਗ ਨਸਲ ਬਣਨ
ਦਾ ਇੱਕ ਹੋਰ ਕਾਰਨ ਬਣਦਾ ਹੈ।
ਡਾਰਵਿਨ ਨੇ ਬੀਗਲ ਦੀ ਯਾਤਰਾ
ਸਮੇਂ ਦੌਰਾਨ ਕਈ ਨੋਟਬੁੱਕਾਂ ਲਿਖੀਆਂ ਸਨ। ਉਸ ਨੇ ਆਪਣੀ ਪਹਿਲੀ ਨੋਟ ਬੁੱਕ
ਕੱਢੀ ਅਤੇ 'ਆਰਿਜਿਨ ਆਫ਼ ਸਪੀਸ਼ੀਜ਼' ਦੀ ਤਿਆਰੀ ਲਈ ਨੋਟਬੁੱਕ ਵਿੱਚੋਂ ਤੱਥਾਂ
ਦੀ ਮਦਦ ਲੈਣੀ ਸ਼ੁਰੂ ਕੀਤੀ। ਉਹ ਅਗਲੇ ਵੀਹ ਸਾਲ ਇਸ ਕਿਤਾਬ ਦੀ ਤਿਆਰੀ ਉੱਤੇ
ਕੰਮ ਕਰਦਾ ਰਿਹਾ।
ਇਸ ਸਮੇਂ ਦੌਰਾਨ ਡਾਰਵਿਨ
ਵਰਡਜ਼ਵਰਥ, ਕਾਲਰਿਜ ਅਤੇ ਮਿਲਟਨ ਦੀ ਕਵਿਤਾ ਸ਼ੌਕ ਨਾਲ ਪੜ੍ਹਦਾ ਸੀ। ਉਸ ਨੂੰ
ਮਿਲਟਨ ਦਾ 'ਪੈਰਾਡਾਈਸ ਲਾਸਟ' ਖ਼ਾਸ ਤੌਰ 'ਤੇ ਬਹੁਤ ਪਸੰਦ ਸੀ।
ਡਾਰਵਿਨ ਦਾ ਵਿਆਹ
1838 ਦਾ ਸਾਲ ਚੱਲ ਰਿਹਾ ਸੀ।
ਡਾਰਵਿਨ ਕਈ ਮਹੀਨਿਆਂ ਤੋਂ ਆਪਣੀ ਮਾਮੇ ਦੀ ਕੁੜੀ ਐਮਾ ਵੈੱਜਵੁੱਡ ਨਾਲ
ਪਿਆਰ ਭਰੀਆਂ ਡੋਰਾਂ ਪੈਦਾ ਕਰ ਰਿਹਾ ਸੀ ਅਤੇ ਉਹਨਾਂ ਦੀ ਨੇੜਤਾ ਵੱਧ ਰਹੀ
ਸੀ। ਜਦੋਂ ਘਰ ਵਿੱਚ ਵਿਆਹ ਦੀ ਗੱਲ ਤੁਰੀ ਤਾਂ ਡਾਰਵਿਨ ਦੇ ਪਿਤਾ ਨੇ
ਚਿਤਾਵਨੀ ਦਿੱਤੀ ਕਿ ਐਮਾ ਇੱਕ ਐਸੇ ਪਰਵਾਰ ਨਾਲ਼ ਸੰਬੰਧ ਰੱਖਦੀ ਹੈ ਜਿਹੜਾ
ਚਰਚ-ਕੱਟੜਪੰਥੀ ਹੈ। ਉਹ ਪਰਵਾਰ ਉਸ ਦੇ ਸਿਧਾਂਤਾਂ ਨੂੰ ਬਰਦਾਸ਼ਤ ਨਹੀਂ ਕਰ
ਸਕੇਗਾ। ਉਹਨਾਂ ਲਈ ਉਸ ਦੇ ਸਿਧਾਂਤ ਕਾਫ਼ਰਾਨਾ ਸਮਝੇ ਜਾਣਗੇ। ਡਾਰਵਿਨ ਦਾ
ਪਿਆਰ ਐਮਾ ਨਾਲ਼ ਬਹੁਤ ਗੂੜ੍ਹਾ ਬਣ ਚੁੱਕਿਆ ਸੀ। ਉਸ ਨੇ ਆਪਣੇ ਪਿਤਾ ਦੀ
ਨਸੀਹਤ ਦੀ ਕੋਈ ਪਰਵਾਹ ਨਾ ਕੀਤੀ। ਉਸ ਨੇ ਐਮਾ ਨੂੰ ਮਜ਼੍ਹਬ ਅਤੇ ਕੁਦਰਤ
ਦੀਆਂ ਆਪਸੀ ਧਾਰਨਾਵਾਂ ਬਾਰੇ ਦੱਸਿਆ। ਐਮਾ ਨੇ ਇਸ ਵਿਚਾਰ ਨੂੰ ਬਹੁਤ ਚੰਗੀ
ਤਰ੍ਹਾਂ ਸਮਝਿਆ।
ਆਖ਼ਰ ਡਾਰਵਿਨ ਨੇ 11 ਨਵੰਬਰ
1838 ਨੂੰ ਐਮਾ ਕੋਲ਼ ਵਿਆਹ ਦੀ ਤਜਵੀਜ਼ ਰੱਖੀ। ਇਸ ਤਜਵੀਜ਼ ਨੂੰ ਦੋਵੇਂ
ਪਰਵਾਰਾਂ ਨੇ ਬਹੁਤ ਖ਼ੁਸ਼ੀ ਨਾਲ਼ ਮੰਨ ਲਿਆ। ਡਾਰਵਿਨ ਨੂੰ 24 ਜਨਵਰੀ ਸੰਨ
1839 ਨੂੰ ਰਾਇਲ ਸੁਸਾਇਟੀ ਦਾ ਫੈਲੋ ਚੁਣ ਲਿਆ ਗਿਆ। ਡਾਰਵਿਨ ਅਤੇ ਐਮਾ ਦਾ
ਵਿਆਹ 29 ਜਨਵਰੀ ਸੰਨ 1839 ਨੂੰ ਹੋ ਗਿਆ। ਜੋੜੇ ਨੇ ਲੰਡਨ ਵਿੱਚ ਉਸ ਘਰ
ਵਿੱਚ ਰਹਿਣਾ ਅਰੰਭ ਕਰ ਦਿੱਤਾ ਜਿਹੜਾ ਪਹਿਲਾਂ ਹੀ ਵਿਗਿਆਨਕ ਸਮਗਰੀ ਨਾਲ਼
ਤੂੜਿਆ ਪਿਆ ਸੀ।
ਡਾਰਵਿਨ ਦਾ ਪਰਵਾਰ ਇੱਕ ਖ਼ੁਸ਼
ਪਰਵਾਰ ਸੀ। ਉਸ ਦੀ ਸਿਹਤ ਆਮ ਖ਼ਰਾਬ ਰਹਿੰਦੀ ਸੀ। ਐਮਾ ਹਮੇਸ਼ਾਂ ਉਸ ਦੀ ਸੇਵਾ
ਕਰਦੀ ਸੀ। ਉਹ ਡਾਰਵਿਨ ਲਈ ਵਰਦਾਨ ਸੀ। ਉਹ ਡਾਰਵਿਨ ਦੀ ਸਲਾਹਕਾਰ ਵੀ ਸੀ।
ਉਸ ਨੇ ਪਰਵਾਰ ਦੇ ਹਰੇਕ ਮੈਂਬਰ ਨੂੰ ਪਿਆਰ-ਮੁਹੱਬਤ ਦਿੱਤੀ। ਡਾਰਵਿਨ ਪੰਜ
ਬੱਚਿਆਂ ਦਾ ਪਿਤਾ ਸੀ। ਡਾਰਵਿਨ ਲਿਖਦਾ ਹੈ ਕਿ ਉਸ ਦੇ ਕਿਸੇ ਬੱਚੇ ਨੇ ਉਸ
ਨੂੰ ਕਦੇ ਕੋਈ ਤਕਲੀਫ਼ ਨਹੀਂ ਦਿੱਤੀ।
ਵਿਗਿਆਨਕ ਗਤੀਵਿਧੀਆਂ
ਡਾਰਵਿਨ ਨੇ ਮਈ 1839 ਵਿੱਚ 'ਨੈਰਿਟਿਵ
ਆਫ਼ ਦ ਸਰਵੇਇੰਗ ਵਾਇਜ ਆਫ਼ ਐੱਚ.ਐੱਮ.ਐੱਸ. ਐਡਵੈਂਚਰ ਐਂਡ ਬੀਗਲ' (ਐੱਚ.
ਐੱਮ. ਐੱਸ. ਮੁਹਿੰਮ ਐਂਡ ਬੀਗਲ ਦੇ ਸਰਵੇ ਕਰਨ ਦੇ ਸਫ਼ਰ ਦਾ ਬਿਰਤਾਂਤ) ਦੀ
ਕਿਤਾਬ ਪ੍ਰਕਾਸ਼ਤ ਕੀਤੀ ਜਿਸ ਨਾਲ਼ ਬੀਗਲ ਦੇ ਸਫ਼ਰ ਦਾ ਦਿਨ ਮਨਾਇਆ ਗਿਆ।
ਓਸੇ ਸਾਲ ਸੰਨ 1839 ਵਿੱਚ ਇਸ
ਸਫ਼ਰ ਦੇ ਬਿਰਤਾਂਤ ਨੂੰ ਇੱਕ ਹੋਰ ਲੜੀ ਵਿੱਚ ਫਿਰ ਛਾਪਿਆ ਗਿਆ ਜਿਸ ਨੂੰ
ਪਹਿਲੀਆਂ ਕਿਰਤਾਂ ਨਾਲੋਂ ਜ਼ਿਆਦਾ ਚੰਗਾ ਹੁੰਗਾਰਾ ਮਿਲਿਆ।
ਡਾਰਵਿਨ ਨੇ ਕਰਾਸਬਰੀਡਿੰਗ (ਦੋਗਲੇਪਣ) ਅਤੇ ਟ੍ਰਾਂਸਮਿਊਟੇਸ਼ਨ (ਇੱਕ ਨਸਲ
ਦਾ ਦੂਜੀ ਨਸਲ ਵਿੱਚ ਬਦਲਣਾ) ਦੀ ਖੋਜ ਜਾਰੀ ਰੱਖੀ।
ਇੱਕ ਅੰਗਰੇਜ਼ ਬਨਸਪਤੀ ਵਿਗਿਆਨੀ
(ਬਾਟਨਿਸਟ) ਡੈਲਟਨ ਹੂਕਰ (1817-1911) ਸੀ। ਡਾਰਵਿਨ ਦੀ ਉਸ ਨਾਲ਼
ਮਿੱਤ੍ਰਤਾ ਹੋ ਗਈ। ਡਾਰਵਿਨ ਨੇ ਉਸ ਨੂੰ ਟੀਅਰਾ ਡੈੱਲ ਫੁਈਗੋ ਤੋਂ ਲਿਆਂਦੇ
ਪੌਦਿਆਂ ਦੇ ਨਮੂਨੇ ਨਿਰੀਖਣ ਕਰਨ ਵਾਸਤੇ ਦਿੱਤੇ। ਡਾਰਵਿਨ ਨੂੰ ਬਹੁਤ ਖ਼ੁਸ਼ੀ
ਹੋਈ ਜਦੋਂ ਹੂਕਰ ਨੇ ਡਾਰਵਿਨ ਦੇ ਵਿਕਾਸ ਸਿਧਾਂਤ ਦੀ ਬੜੀ ਗਰਮਜੋਸ਼ੀ ਨਾਲ਼
ਪ੍ਰੋੜ੍ਹਤਾ ਕੀਤੀ।
ਡਾਰਵਿਨ ਨੇ ਨਸਲ ਬਦਲੀ ਦੇ
ਸਿਧਾਂਤ ਨੂੰ ਲਿਖਿਆ। ਉਸ ਨੇ ਆਪਣੀ ਲਿਖਤ ਵਿੱਚ ਇਹ ਦੱਸਣ ਦੀ ਕੋਸ਼ਸ਼ ਕੀਤੀ
ਕਿ ਨਸਲਾਂ ਓਦੋਂ ਤੱਕ ਨਹੀਂ ਬਦਲਦੀਆਂ ਜਿੰਨਾ ਚਿਰ ਤੱਕ ਕੁਦਰਤੀ ਵਾਤਾਵਰਨ
ਵਿੱਚ ਤਬਦੀਲੀ ਨਹੀਂ ਆ ਜਾਂਦੀ। ਮਿਸਾਲ ਦੇ ਤੌਰ 'ਤੇ ਭੁਚਾਲ ਨਸਲ ਬਦਲੀ ਦੇ
ਕਾਰਨ ਬਣਦੇ ਹਨ ਕਿਉਂਕਿ ਧਰਤੀ ਵਿੱਚ ਤਬਦੀਲੀ ਆ ਜਾਂਦੀ ਹੈ ਅਤੇ ਸਮੁੱਚਾ
ਵਾਤਾਵਰਨ ਪ੍ਰਭਾਵਤ ਹੋ ਜਾਂਦਾ ਹੈ। ਇਹ ਨਸਲਾਂ ਉਹ ਹੁੰਦੀਆਂ ਹਨ ਜਿਹੜੀਆਂ
ਭੁਚਾਲ਼ ਵਰਗੀਆਂ ਮੁਸੀਬਤਾਂ ਤੋਂ ਬੱਚ ਰਹਿੰਦੀਆਂ ਹਨ। ਉਹ ਨਵੇ ਬਦਲੇ
ਵਾਤਾਵਰਨ ਵਿੱਚ ਆਪਣੇ-ਆਪ ਨੂੰ ਢਾਲ਼ ਲੈਂਦੀਆਂ ਹਨ ਅਤੇ ਚਿਰਕਾਲ ਤੱਕ
ਜਿਉਂਦੀਆਂ ਰਹਿੰਦੀਆਂ ਹਨ। ਇਸ ਸਿਧਾਂਤ ਨਾਲ਼ ਇਹ ਸਿੱਧ ਹੁੰਦਾ ਸੀ ਕਿ ਨਸਲਾਂ
ਵਿੱਚ ਭਿੰਨਤਾ ਕਿਉਂ ਆ ਜਾਂਦੀ ਹੈ?
ਡਾਰਵਿਨ ਨੇ 14 ਮਈ 1856 ਨੂੰ
'ਨੈਚਰਲ ਸੀਲੈਕਸ਼ਨ' (ਕੁਦਰਤੀ ਚੋਣ) ਦੇ ਵਿਸ਼ੇ ਉੱਤੇ ਲਿਖਣਾ ਸ਼ੁਰੂ ਕੀਤਾ।
ਉਸ ਨੂੰ ਇਹ ਵਿਸ਼ਾ ਬਹੁਤ ਉਤਸ਼ਾਹਿਤ ਕਰਦਾ ਸੀ। ਨੈਚਰਲ ਸੀਲੈਕਸ਼ਨ ਇੱਕ ਨਸਲ
ਦੀ ਦੂਜੀ ਨਸਲ ਨਾਲੋਂ ਬੱਚ ਕੇ ਜੀਵਨ ਬਚਾ ਲੈਣ ਦੀ ਯੋਗਤਾ ਨੂੰ ਕਹਿੰਦੇ ਹਨ
ਕਿਉਂਕਿ ਉਹ ਨਸਲ ਆਪਣੇ-ਆਪ ਨੂੰ ਨਵੇਂ ਵਾਤਾਵਰਨ ਅਨੁਸਾਰ ਕਿਵੇਂ ਚੰਗੀ
ਤਰ੍ਹਾਂ ਢਾਲ ਲੈਂਦੀ ਹੈ? ਡਾਰਵਿਨ ਨੂੰ ਇਸ ਵਿਸ਼ੇ ਤੋਂ ਮਹਿਸੂਸ ਹੋਇਆ ਕਿ
ਇਹ ਵਿਸ਼ਾ ਇੱਕ ਕਿਤਾਬ ਦੀ ਸ਼ਕਲ ਅਖ਼ਤਿਆਰ ਕਰੇਗਾ।
ਡਾਰਵਿਨ ਇਸ ਵਿਸ਼ੇ ਉੱਤੇ ਸੰਨ
1857 ਵਿੱਚ ਵੀ ਲਿਖਦਾ ਰਿਹਾ। ਵਿਸ਼ਾ ਲੰਮੇ ਤੋਂ ਲੰਮਾ ਹੁੰਦਾ ਗਿਆ ਅਤੇ
ਬਹੁਤ ਵੱਡਾ ਆਕਾਰ ਧਾਰ ਗਿਆ। ਡਾਰਵਿਨ ਨੇ ਆਪਣੇ ਦੋਸਤਾਂ ਕੋਲ ਮੰਨਿਆ ਕਿ
ਉਹ 'ਮੈਨ'ਜ਼ ਆਰਿਜਿਨਜ਼' (ਮਨੁੱਖ ਦੀਆਂ ਉਤਪਤੀਆਂ) ਦੇ ਵਿਸ਼ੇ ਉੱਤੇ ਕਰੀਬ
ਵੀਹ ਸਾਲਾਂ ਤੋਂ ਕੰਮ ਕਰ ਰਿਹਾ ਹੈ ਪਰ ਉਹ ਸਾਥੀ-ਪ੍ਰਕਿਰਤੀਵਾਦੀਆਂ ਤੋਂ
ਬਿਨਾਂ ਕਿਸੇ ਹੋਰ ਨਾਲ ਗੱਲ ਨਹੀਂ ਕਰਦਾ ਹੈ।
ਡਾਰਵਿਨ ਦਾ ਸਮਾਂ ਉਨ੍ਹੀਵੀਂ
ਸਦੀ ਦਾ ਸੀ। ਉਸ ਸਮੇਂ ਜਿਹੜਾ ਵੀ ਕੋਈ ਵਿਅਕਤੀ ਰਚਨਾਵਾਦ ਦੇ ਖ਼ਿਲਾਫ਼ ਬੋਲਦਾ
ਸੀ, ਉਸ ਨੂੰ ਕਾਫ਼ਰ ਕਹਿ ਕੇ ਭੰਡਿਆ ਜਾਂਦਾ ਸੀ। ਫਿਰ ਵੀ ਬਹੁਤ ਸਾਰੇ
ਵਿਗਿਆਨੀ ਰਚਨਾਵਾਦੀ ਸਿਧਾਂਤ 'ਤੇ ਸ਼ੰਕਾ ਕਰਨ ਲੱਗ ਪਏ ਸਨ। ਉਹ ਹੈਰਾਨ ਸਨ
ਕਿ ਕਿਸੇ ਮੌਕੇ ਦੁਨੀਆ ਵਿੱਚ ਡਾਇਨਾਸੋਰ ਜਾਨਵਰ ਦਾ ਬੋਲ ਬਾਲਾ ਸੀ। ਉਹ
ਜਾਨਵਰ ਕਿਉਂ ਉੱਕਾ ਹੀ ਖ਼ਤਮ ਹੋ ਗਿਆ ਜਦੋਂ ਕਿ ਉਸ ਇਲਾਕੇ ਦੇ ਹੋਰ
ਜੀਵ-ਜੰਤੂ ਬਚੇ ਰਹੇ? ਇਸ ਲਈ ਉਹ ਆਪਣੀਆਂ ਸ਼ੰਕਾਵਾਂ ਦੇ ਜਵਾਬ ਲੱਭਣ ਲਈ
ਤਤਪਰ ਹੋ ਗਏ। ਓਹਨਾਂ ਆਪਣੀਆਂ ਕੋਸ਼ਸ਼ਾਂ ਜਾਰੀ ਰੱਖੀਆਂ। ਡਾਰਵਿਨ ਵੀ ਉਹਨਾਂ
ਵਿੱਚ ਇੱਕ ਸੀ।
ਡਾਰਵਿਨ ਨੇ ਆਪਣੀ ਲਿਖਤ ਦੇ
ਖਰੜੇ ਦੀ ਕਾਂਟ-ਸ਼ਾਂਟ ਕੀਤੀ। ਆਖ਼ਰ ਮਾਰਚ 1859 ਨੂੰ ਉਸ ਨੇ ਇਹ ਖਰੜਾ ਜਾਹਨ
ਮੂਰੇ ਪਬਲਿਸ਼ਰਜ਼ ਦੇ ਹਵਾਲੇ ਕੀਤਾ।
ਇਹ ਖਰੜਾ ਲਿਖਣ ਦੌਰਾਨ ਡਾਰਵਿਨ
ਆਪਣੀ ਪੁਰਾਣੀ ਬੀਮਾਰੀ ਕਾਰਨ ਬਹੁਤ ਵਾਰ ਸਖ਼ਤ ਬੀਮਾਰ ਹੁੰਦਾ ਰਿਹਾ। ਕਮਜ਼ੋਰੀ
ਵੀ ਬਹੁਤ ਮਹਿਸੂਸ ਕਰਦਾ ਸੀ। ਕਿਤਾਬ ਦਾ ਖਰੜਾ ਦੇਣ ਪਿੱਛੋਂ ਉਹ ਆਪਣੇ
ਪਰਵਾਰ ਨਾਲ ਯਾਰਕਸ਼ਾਇਰ ਚਲਿਆ ਗਿਆ। ਓਥੇ ਉਹ ਆਪਣੀ ਬੀਮਾਰੀ ਦਾ ਇਲਾਜ
ਕਰਵਾਉਂਦਾ ਸੀ। ਇਸ ਤਰ੍ਹਾਂ ਉਹ ਲੰਡਨ ਤੋਂ ਦੂਰ ਰਿਹਾ। ਇਸ ਦਾ ਡਾਰਵਿਨ
ਨੂੰ ਫ਼ਾਇਦਾ ਹੋਇਆ ਕਿਉਂਕਿ ਇਸ ਕਿਤਾਬ ਦੇ ਪ੍ਰਕਾਸ਼ਨ ਨਾਲ ਬਹੁਤ ਰੌਲਾ-ਗੌਲਾ
ਪੈਣਾ ਸੀ। ਰਚਨਾਵਾਦੀਆਂ ਨੇ ਡਾਰਵਿਨ ਦੇ ਸਿਧਾਂਤ ਨੂੰ ਕਾਫ਼ਰਾਨਾ ਕਹਿਣਾ ਸੀ
ਅਤੇ ਡਾਰਵਿਨ ਨੂੰ ਸਹਿਣ ਕਰਨਾ ਮੁਸ਼ਕਲ ਹੋ ਜਾਣਾ ਸੀ। ਇਸ ਦਾ ਵੀ ਅਸਰ ਉਸ
ਦੀ ਸਿਹਤ ਉੱਤੇ ਜ਼ਰੂਰ ਪੈਣਾ ਸੀ।
ਨਵੰਬਰ 1859 ਨੂੰ ਡਾਰਵਿਨ ਨੂੰ
ਇਸ ਕਿਤਾਬ ਦੀ ਇੱਕ ਤਿਆਰ ਕਾਪੀ ਮਿਲੀ। ਕਿਤਾਬ ਦਾ ਨਾਂ ਸੀ 'ਆਨ ਦ ਆਰਿਜਿਨ
ਆਫ਼ ਸਪੀਸ਼ੀਜ਼ ਬਾਈ ਮੀਨਜ਼ ਆਫ਼ ਨੈਚਰਲ ਸੀਲੈਕਸ਼ਨ, ਆਰ ਦ ਪਰੀਜ਼ਰਵੇਸ਼ਨ ਆਫ਼ ਫੇਵਰਡ
ਰੇਸਿਜ਼ ਇਨ ਦ ਸਟਰੱਗਲ ਫਾਰ ਲਾਈਫ਼' (ਕੁਦਰਤੀ ਚੋਣ ਦੁਆਰਾ ਨਸਲਾਂ ਦੀ ਉਤਪਤੀ
ਬਾਰੇ, ਜਾਂ ਜੀਵਨ ਨੂੰ ਬਚਾਉਣ ਦੇ ਘੋਲ ਵਿੱਚ ਅਨੁਕੂਲ ਨਸਲਾਂ ਦੀ ਸਥਾਪਤੀ)।
ਆਖ਼ਰ ਡਾਰਵਿਨ ਦੀ ਵੀਹ ਸਾਲਾਂ ਦੀ ਖੋਜ ਸਾਕਾਰ ਹੋਈ। ਉਸ ਨੇ ਆਪਣੇ ਸਿਧਾਂਤਾਂ
ਨੂੰ ਦੁਨੀਆ ਸਾਮ੍ਹਣੇ ਰੱਖਿਆ।
ਵਾਦ-ਵਿਵਾਦ ਨੇ ਖੜ੍ਹਾ ਤਾਂ
ਹੋਣਾ ਹੀ ਸੀ। ਇਹ ਗੱਲ ਕੁਦਰਤੀ ਸੀ। ਇਤਿਹਾਸ ਗਵਾਹ ਹੈ ਕਿ ਵਿਸ਼ਵ ਦੇ ਬਹੁਤ
ਸਾਰੇ ਵਿਗਿਆਨੀਆਂ ਨੂੰ ਮਜ਼੍ਹਬੀ ਕੱੜਪੰਥੀਆਂ ਦੀ ਵਿਰੋਧਤਾ ਦਾ ਸਾਮ੍ਹਣਾ
ਕਰਨਾ ਪਿਆ। ਏਥੋਂ ਤੱਕ ਕਿ ਜਾਨ ਤੋਂ ਵੀ ਹੱਥ ਧੋਣੇ ਪਏ ਪਰ 'ਸਾਂਚ ਕੋ ਆਂਚ'
ਨਹੀਂ। ਸੱਚ ਦੀ ਹਮੇਸ਼ਾ ਜੈ ਹੁੰਦੀ ਹੈ। ਮਜ਼੍ਹਬ ਅਕਾਰਨ ਸਾਇੰਸ ਦੇ ਖੇਤਰ
ਵਿੱਚ ਹੱਥ ਪਾਉਂਦਾ ਹੈ।
ਆਇਨਸਟਾਇਨ ਅਨੁਸਾਰ ਵਿਗਿਆਨੀ
ਅਸਲੀ ਸਿਰੜੀ ਭਗਤ ਹੁੰਦੇ ਹਨ ਕਿਉਂਕਿ ਉਹ ਕੁਦਰਤ ਦੇ ਅਟਲ ਨਿਯਮਾਂ ਉੱਤੇ
ਪੂਰਨ ਵਿਸ਼ਵਾਸ ਰੱਖਦੇ ਹਨ ਅਤੇ ਆਪਣਾ ਕੰਮ ਪੂਰੀ ਲਗਨ ਨਾਲ ਕਰਦੇ ਹਨ।
ਬਾਵਜੂਦ ਅਨੇਕ ਨਾਕਾਮਯਾਬੀਆਂ ਦੇ ਉਹ ਕਦੇ ਵੀ ਕੁਦਰਤ ਦੇ ਨਿਯਮਾਂ ਉੱਤੇ
ਕਿੰਤੂ-ਪਰੰਤੂ ਨਹੀਂ ਕਰਦੇ ਅਤੇ ਆਪਣੇ ਕੰਮ ਉੱਤੇ ਸਾਰੀ ਜ਼ਿੰਦਗੀ ਅਰਪਣ ਕਰ
ਦਿੰਦੇ ਹਨ। ਡਾਰਵਿਨ ਵੀ ਅਜਿਹਾ ਹੀ ਸਿਰੜੀ ਭਗਤ ਵਿਗਿਆਨੀ ਸੀ।
ਨਵੰਬਰ 1859 ਵਿੱਚ 'ਆਨ ਦ
ਆਰਿਜਿਨ ਆਫ਼ ਸਪੀਸ਼ੀਜ਼' (ਨਸਲਾਂ ਦੀ ਉਤਪਤੀ ਬਾਰੇ) ਕਿਤਾਬ ਵਿਕਣ ਵਾਸਤੇ
ਮਾਰਕੀਟ ਵਿੱਚ ਆਈ। ਇਸ ਕਿਤਾਬ ਦੇ ਐਡੀਸ਼ਨ ਦੀਆਂ ਛਪੀਆਂ ਕੁੱਲ 1250 ਕਾਪੀਆਂ
ਸਨ ਜਿਹੜੀਆਂ ਫਟਾ-ਫਟ ਵਿਕ ਗਈਆਂ। ਡਾਰਵਿਨ ਨੇ ਦੂਜੀ ਐਡੀਸ਼ਨ ਲਈ ਕੁਝ ਸੋਧਾਂ
ਕੀਤੀਆਂ। ਫਿਰ ਜਾਹਨ ਮੂਰੇ ਨੇ ਦਸੰਬਰ ਵਿੱਚ 3000 ਕਾਪੀ ਛਾਪੀ। ਇਸ ਕਿਤਾਬ
ਦਾ ਜਰਮਨ ਜ਼ਬਾਨ ਵਿੱਚ ਉਲਥਾ ਹੋਇਆ। ਇਸ ਤਰ੍ਹਾਂ ਡਾਰਵਿਨ ਦਾ ਸਿਧਾਂਤ ਯੂਰਪ
ਵਿੱਚ ਫੈਲ ਗਿਆ।
ਨਸਲਾਂ ਦਾ ਸਹਿਜੇ-ਸਹਿਜੇ ਵਿਕਾਸ (ਐਵੋਲੀਊਸ਼ਨ ਆਫ਼ ਦ
ਸਪੀਸ਼ੀਜ਼)
ਡਾਰਵਿਨ ਨੇ 'ਆਰਿਜਿਨ ਆਫ਼
ਸਪੀਸ਼ੀਜ਼' ਵਿੱਚ 'ਕੁਦਰਤੀ ਚੋਣ ਅਤੇ ਨਸਲਾਂ ਵਿੱਚ ਤਬਦੀਲੀ' ਦੇ ਸਿਧਾਂਤ
ਨੂੰ ਵਿਕਾਸ ਦੀ ਪ੍ਰਕਿਰਿਆ ਦੇ ਸੰਦਰਭ ਵਿੱਚ ਖੋਲ੍ਹ ਕੇ ਬਿਆਨ ਕੀਤਾ।
ਜਿਉਂਦੇ ਜੀਵ-ਜੰਤੂ ਬਦਲਦੇ ਵਾਤਾਵਰਨ ਵਿੱਚ ਆਪਣੇ-ਆਪ ਨੂੰ ਬਚਾਉਣ ਖ਼ਾਤਰ
ਆਪਣੇ ਸਰੀਰ ਨੂੰ ਢਾਲਦੇ ਹਨ। ਜਿਹੜੇ ਜੀਵ-ਜੰਤੂ ਆਪਣੇ-ਆਪ ਨੂੰ ਬਹੁਤ ਚੰਗੀ
ਤਰ੍ਹਾਂ ਢਾਲ ਲੈਂਦੇ ਹਨ, ਉਹ ਬਚੇ ਰਹਿਣ ਲਈ ਸਭ ਨਾਲੋਂ ਯੋਗ ਹੁੰਦੇ ਹਨ।
ਪਰੰਤੂ ਜਿਹੜੇ ਜੀਵ-ਜੰਤੂ ਆਪਣੇ-ਆਪ ਨੂੰ ਨਵੇਂ ਵਾਤਾਵਰਨ ਵਿੱਚ ਢਾਲ ਨਹੀਂ
ਸਕਦੇ, ਆਖ਼ਰ ਉਹ ਮਰ ਜਾਂਦੇ ਹਨ ਅਤੇ ਆਪਣੇ ਜੀਵਨ ਦੇ ਲੱਛਣ ਅੱਗੇ ਨਹੀਂ ਵਧਾ
ਸਕਦੇ।
ਡਾਰਵਿਨ ਦਾ ਵਿਸ਼ਵਾਸ ਸੀ ਕਿ
ਜਿਉਂਦੇ ਜੰਗਲੀ ਜੀਵ-ਜੰਤੂਆਂ ਵਿੱਚ ਅੰਤਰ ਨਵੇਂ ਵਾਤਾਵਰਨਾਂ ਵਿੱਚ ਢਲਨ ਦਾ
ਨਤੀਜਾ ਹੁੰਦਾ ਹੈ। ਉਸ ਨੇ ਇਸ ਪ੍ਰਕਿਰਿਆ ਦੀ ਇੱਕ ਮਿਸਾਲ ਦਿੱਤੀ:
ਵਿਗਿਆਨੀ ਵਿਸ਼ਵਾਸ ਕਰਦੇ ਹਨ ਕਿ
ਇੱਕ ਕੇਤੂ/ਟੁਟਦਾ ਤਾਰਾ (ਮੀਟੀਅਰ) ਕਰੀਬ ਚੌਦਾਂ ਸੌ ਚਾਲੀ ਲੱਖ ਸਾਲ ਪਹਿਲਾਂ
ਡਾਇਨਾਸੋਰ ਦੇ ਜ਼ਮਾਨੇ ਧਰਤੀ 'ਤੇ ਆ ਕੇ ਵੱਜਿਆ ਸੀ। ਉਸ ਨੇ ਵਾਯੂਮੰਡਲ ਨੂੰ
ਗਰਦੋ-ਗ਼ੁਬਾਰ ਨਾਲ ਭਰ ਦਿੱਤਾ ਅਤੇ ਆਲ਼ੇ-ਦੁਆਲ਼ੇ ਕੁਝ ਨਜ਼ਰ ਨਹੀਂ ਪੈਂਦਾ ਸੀ।
ਵਾਤਾਵਰਨ ਵਿੱਚ ਬਹੁਤ ਵੱਡੀ ਤਬਦੀਲੀ ਆਈ। ਡਾਇਨਾਸੋਰ ਇੱਕ ਬਹੁਤ ਵੱਡਾ
ਖ਼ੂਨ-ਖ਼ਾਰ ਜਾਨਵਰ ਸੀ। ਉਹ ਇਸ ਨਵੇਂ ਵਾਤਾਵਰਨ ਵਿੱਚ ਆਪਣੇ-ਆਪ ਨੂੰ ਢਾਲ ਨਾ
ਸਕਿਆ। ਉਸ ਨੂੰ ਆਪਣਾ ਢਿੱਡ ਭਰਨ ਲਈ ਖ਼ੁਰਾਕ ਨਾ ਮਿਲੀ। ਇਸ ਕਾਰਨ ਉਸ ਦੀ
ਨਸਲ ਮਰ ਗਈ। ਪਰੰਤੂ ਇਸ ਦੇ ਉਲਟ ਛੋਟੇ ਜੀਵ-ਜੰਤੂ ਜਿਨ੍ਹਾਂ ਨੂੰ ਬਹੁਤ
ਘੱਟ ਖ਼ੁਰਾਕ ਅਤੇ ਪਾਣੀ ਦੀ ਲੋੜ ਸੀ ਬਚੇ ਰਹੇ ਅਤੇ ਆਪਣੀ ਨਸਲ ਵਧਾਉਂਦੇ ਰਹੇ।
ਇਹ ਛੋਟੇ ਜੀਵ-ਜੰਤੂ ਨਵੇਂ ਵਾਤਾਵਰਨ ਦੇ ਬਹੁਤ ਯੋਗ ਸਨ। ਗੱਲ ਇਸ ਅਖਾਣ
ਨਾਲ ਪੂਰੀ ਹੁੰਦੀ ਹੈ,
''ਸੁਰਵਾਈਵਲ ਇਜ਼ ਦ ਫਿੱਟੈਸਟਟ/
ਯੋਗਤਮ ਦੀ ਜੈ ਭਾਵ ਬਚੇ ਰਹਿਣ ਵਾਲੇ ਸਭ ਨਾਲੋਂ ਜ਼ਿਆਦਾ ਯੋਗ ਹੁੰਦੇ ਹਨ।''
ਬਚੀਆਂ ਹੋਈਆਂ ਨਸਲਾਂ
ਹੌਲੀ-ਹੌਲੀ ਆਪਸ ਵਿੱਚ ਅੰਤਰ ਪਾਉਂਦੀਆਂ ਜਾਂਦੀਆਂ ਹਨ ਪਰੰਤੂ ਇਹ
ਪ੍ਰਕਿਰਿਆ ਬਹੁਤ ਧੀਮੀ ਗਤੀ ਨਾਲ ਚੱਲਦੀ ਹੈ। ਡਾਰਵਿਨ ਧੀਮੀ ਗਤੀ ਨਾਲ
ਹੁੰਦੀ ਤਬਦੀਲੀ ਨੂੰ ਟ੍ਰਾਂਸਮਿਊਟੇਸ਼ਨ (ਨਸਲਾਂ ਵਿੱਚ ਤਬਦੀਲੀ) ਕਹਿੰਦਾ
ਹੈ। ਇੱਕੋ ਨਸਲ ਵਿੱਚ ਕੋਈ ਜਸਮਾਨੀ ਤੌਰ ਉੱਤੇ ਜ਼ਿਅਦਾ ਤਾਕਤਵਰ ਹੋ ਸਕਦਾ
ਹੈ ਅਤੇ ਕੋਈ ਕਮਜ਼ੋਰ। ਕੋਈ ਹਮਲਾਆਵਰ ਨਾਲ ਜ਼ਿਆਦਾ ਚੰਗੀ ਤਰ੍ਹਾਂ ਲੜ ਸਕਦਾ
ਹੈ ਅਤੇ ਕੋਈ ਨਹੀਂ। ਇਹ ਜਸਮਾਨੀ ਤਬਦੀਲੀਆਂ ਸਹਿਜੇ-ਸਹਿਜੇ ਚਿਰਕਾਲ ਦੌਰਾਨ
ਹੁੰਦੀਆਂ ਹਨ। ਜੀਵ-ਜੰਤੂ ਅਤੇ ਪੌਦੇ ਆਪਣੇ-ਆਪ ਦੇ ਜੀਵਨ ਨੂੰ ਬਚਾਉਣ ਦੇ
ਗੁਣ ਆਪਣੀਆਂ ਅਗਲੀਆਂ ਪੁਸ਼ਤਾਂ ਨੂੰ ਦਿੰਦੇ ਰਹਿੰਦੇ ਹਨ। ਇਹ ਗੁਣ ਅਗਲੀਆਂ
ਨਸਲਾਂ ਨੂੰ ਨਵੇਂ ਵਾਤਾਵਰਨ ਨਾਲ ਘੋਲ਼ ਕਰਨ ਦੇ ਕਾਬਲ ਬਣਾਉਂਦੇ ਹਨ।
ਆਪਣੇ-ਆਪ ਨੂੰ ਬਚਾਉਣ ਦੀ ਯੋਗਤਾ ਹੀ ਕੁਦਰਤੀ ਚੋਣ ਕਹਾਉਂਦੀ ਹੈ।
ਲੋਕਾਂ ਅਤੇ ਵਿਗਿਆਨੀਆਂ ਵਿੱਚ ਇਸ ਸਿਧਾਂਤ ਦਾ
ਪ੍ਰਤਿਕਰਮ
ਆਮ ਲੋਕਾਂ ਵਿੱਚ ਡਾਰਵਿਨ ਦੀਆਂ
ਲਿਖਤਾਂ ਦੀ ਕਿਸੇ ਨੂੰ ਸਮਝ ਪਈ ਅਤੇ ਕਿਸੇ ਨੂੰ ਨਾ ਪਈ। ਆਮ ਲੋਕ ਤਾਂ ਆਪਣੇ
ਮਜ਼੍ਹਬੀ ਵਿਚਾਰਾਂ ਨਾਲ ਹੀ ਚਿੰਬੜੇ ਰਹੇ।
ਵਿਗਿਆਨੀਆਂ ਵਿੱਚ ਕੁਝ ਵਿਗਿਆਨੀ
ਡਾਰਵਿਨ ਦੇ ਹੱਕ ਵਿੱਚ ਸਨ ਅਤੇ ਕੁਝ ਖ਼ਿਲਾਫ਼। ਹੱਕ ਵਿੱਚ ਕੁਝ ਨਾਵਾਂ ਵਿੱਚ
ਥਾਮਸ ਹੈਨਰੀ ਹਕਸਲੇ ਅਤੇ ਹੂਕਰ ਆਦਿ ਦਾ ਜ਼ਿਕਰ ਆਉਂਦਾ ਹੈ। ਹਕਸਲੇ ਨੇ
ਡਾਰਵਿਨ ਦੇ ਸਿਧਾਂਤ ਦਾ ਨਾਂ ਹੀ 'ਡਾਰਵਿਨਿਜ਼ਮ' ਘੜ ਦਿੱਤਾ। ਹਕਸਲੇ ਨੇ
ਆਪਣੇ-ਆਪ ਨੂੰ ਡਾਰਵਿਨ ਦਾ 'ਬੁੱਲਡਾਗ' (ਸਾਹਸੀ ਅੜੀਅਲ ਆਦਮੀ) ਕਿਹਾ। ਉਹ
ਡਾਰਵਿਨ ਦੇ ਸਿਧਾਂਤ ਦੀ ਬੜੀ ਕਰੂਰਤਾ ਨਾਲ ਪੁਸ਼ਟੀ ਕਰਦਾ ਸੀ।
ਵਿਰੋਧੀਆਂ ਵਿੱਚ ਰਿਚਰਡ ਓਵਨ
ਨੇ ਡਾਰਵਿਨ ਸਿਧਾਂਤ ਉੱਤੇ ਸਖ਼ਤ ਹਮਲੇ ਕੀਤੇ। ਉਸ ਨੇ ਕਿਹਾ ਡਾਰਵਿਨ ਦੇ
ਸਿਧਾਂਤ ਵਿੱਚ ਮਜ਼੍ਹਬ ਦੀਆਂ ਕਦਰਾਂ-ਕੀਮਤਾ ਅਲੋਪ ਹਨ। ਇਸ ਤਰ੍ਹਾਂ ਤਾਂ
ਸਮਾਜ ਸਾਰਾ ਖ਼ਤਰੇ ਵਿੱਚ ਪੈ ਜਾਏਗਾ।
ਕੁਝ ਹੀ ਮਹੀਨਿਆਂ ਵਿੱਚ
ਡਾਰਵਿਨ ਦਾ ਸਿਧਾਂਤ ਸਾਰੀ ਦੁਨੀਆ ਵਿੱਚ ਫੈਲ ਗਿਆ ਜਿਸ ਨੇ ਬਹੁਤ ਤੇਜ਼
ਬਹਿਸਾਂ ਛੇੜ ਦਿੱਤੀਆਂ।
ਨਿਊਯਾਰਕ ਯੂਨੀਵਰਸਿਟੀ ਦੇ
ਕਮਿਸਟਰੀ ਦੇ ਪ੍ਰੋਫੈਸਰ ਵਿਲੀਅਮ ਡਰੇਪਰ ਨੇ 'ਬ੍ਰਿਟਿਸ਼ ਐਸੋਸੀਏਸ਼ਨ ਫ਼ਾਰ ਦੀ
ਐਡਵਾਂਸਮੈਂਟ ਆਫ਼ ਸਾਇੰਸ' ਵਿੱਚ ਬੋਲਦਿਆਂ ਕਿਹਾ, ''ਡਾਰਵਿਨ ਦੇ ਸਿਧਾਂਤਾਂ
ਨੇ ਸਮਾਜਕ ਉਨਤੀ ਉੱਤੇ ਪ੍ਰਭਾਵ ਪਾਇਆ ਹੈ। ਉਸ ਦੇ 'ਵਿਕਾਸਵਾਦ ਸਿਧਾਂਤ'
ਨੇ ਮਨੁੱਖ ਨੂੰ ਵਿਸ਼ਵ ਵਿੱਚ ਮਨੁੱਖਤਾ ਦੀ ਥਾਂ ਬਾਰੇ ਮਜ਼੍ਹਬ ਨਾਲੋਂ ਜ਼ਿਆਦਾ
ਸੂਝ ਦਿੱਤੀ ਹੈ।''
ਵਿਕਾਸਵਾਦ ਦੇ ਸਿਧਾਂਤ ਉੱਤੇ
ਬਹਿਸਾਂ ਜਾਰੀ ਰਹੀਆਂ। ਡਾਰਵਿਨ ਆਪਣੀ ਪੁਰਾਣੀ ਬੀਮਾਰੀ ਕਾਰਨ ਕਮਜ਼ੋਰ ਹੋ
ਚੁੱਕਿਆ ਸੀ। ਉਹ ਨਵੰਬਰ 1964 ਵਿੱਚ ਬਹੁਤ ਮੁਸ਼ਕਲ ਨਾਲ ਬਾਹਰ ਨਿਕਲਿਆ। 'ਰਾਇਲ
ਸੁਸਾਇਟੀ ਆਫ਼ ਲੰਡਨ' ਨੇ ਸਭ ਨਾਲੋਂ ਉੱਚਾ ਕਾਪਲੀ ਮੈਡਲ ਡਾਰਵਿਨ ਨੂੰ
ਪ੍ਰਦਾਨ ਕੀਤਾ।
ਅੰਤ ਡਾਰਵਿਨ ਦੀ ਹਾਲਤ ਬੀਮਾਰੀ
ਕਾਰਨ ਬਹੁਤ ਖ਼ਰਾਬ ਹੋ ਗਈ ਜਿਸ ਕਾਰਨ ਉਹ 19 ਅਪਰੈਲ ਸੰਨ 1882 ਨੂੰ ਇਸ
ਜਹਾਨ 'ਚੋਂ ਕੂਚ ਕਰ ਗਿਆ। ਉਸ ਨੂੰ ਉਸ ਦੇ ਮਾਣ ਵਿੱਚ ਇੱਕ ਇਨਕਲਾਬੀ
ਅੰਗਰੇਜ਼ ਵਿਗਿਆਨੀ ਇਜ਼ਕ ਨਿਊਟਨ ਦੀ ਕਬਰ ਕੋਲ ਵੈਸਟਮਿੰਸਟਰ ਐਬੇ ਵਿਖੇ
ਦਫ਼ਨਾਇਆ ਗਿਆ।
ਹੋਰ ਲਿਖਤਾਂ ਤੋਂ
ਇਲਾਵਾ ਡਾਰਵਿਨ ਦੀਆਂ ਚਾਰ ਕਿਤਾਬਾਂ ਮਸ਼ਹੂਰ ਹਨ:
1. ਦ ਆਰਿਜਿਨ ਆਫ਼ ਸਪੀਸ਼ੀਜ਼
2. ਦ ਡਿਸੈਂਟ ਆਫ਼ ਮੈਨ
3. ਵਾਇਜ ਆਫ਼ ਦ ਬੀਗਲ
4. ਦ ਆਟੋਬਾਇਓਗਰਾਫੀ ਆਫ਼ ਚਾਰਲਸ ਡਾਰਵਿਨ
ਡਾਰਵਿਨ ਦਾ ਮਜ਼੍ਹਬ ਬਾਰੇ ਵਿਚਾਰ
ਜਿੱਥੋਂ ਤੱਕ ਮਜ਼੍ਹਬ ਦਾ
ਸਬੰਬੰਧ ਸੀ ਡਾਰਵਿਨ ਵਿਸ਼ਵਾਸ ਰੱਖਦਾ ਸੀ ਕਿ ਜੀਵਾਂ ਦਾ ਕੁਦਰਤੀ ਚੋਣ ਦੁਆਰਾ
ਧੀਰੇ-ਧੀਰੇ ਵਿਕਾਸ ਹੋਇਆ ਹੈ ਜਾਂ ਇਉਂ ਕਹਿ ਲਵੋ ਕਿ ਯੋਗਤਮ ਦੀ ਜੈ ਹੋਈ
ਹੈ (ਸੁਰਵਾਈਵਲ ਇਜ਼ ਦ ਫਿੱਟੈਸਟ)। ਉਹਨਾਂ ਜੀਵਾਂ ਨੇ ਹਾਲਾਤ ਅਨੁਸਾਰ
ਆਪਣੀਆਂ ਆਦਤਾਂ ਢਾਲੀਆਂ ਅਤੇ ਜਿਉਂਦੇ ਰਹਿਣ ਲਈ ਕੁਦਰਤ ਦਾ ਮੁਕਾਬਲਾ ਕੀਤਾ
ਤਾਂਕਿ ਉਹ ਆਪਣੀ ਨਸਲ ਵਧਾ ਸਕਣ। ਜੀਵਾਂ ਨੇ ਉਹ ਰਾਹ ਅਖ਼ਤਿਆਰ ਕੀਤਾ ਜਿਸ
ਨਾਲ ਉਹਨਾਂ ਦੀਆਂ ਨਸਲਾਂ ਨੂੰ ਫ਼ਾਇਦਾ ਪਹੁੰਚੇ। ਉਹਨਾਂ ਨੇ ਭੁੱਖ, ਤੇਹ,
ਡਰ ਆਦਿ ਸਹੇ। ਉਹਨਾਂ ਖਾਣ-ਪੀਣ ਦੇ ਮੌਜ-ਮੇਲੇ ਕੀਤੇ। ਉਹਨਾਂ ਨੇ ਆਪਣੇ ਲਈ
ਆਪਣੀ ਖਾਧ-ਖ਼ੁਰਾਕ ਦੀ ਭਾਲ ਕੀਤੀ ਅਤੇ ਆਪਣੀ ਨਸਲ ਵਿੱਚ ਵਾਧਾ ਕੀਤਾ। ਸਿੱਟਾ
ਇਹ ਨਿਕਲਦਾ ਹੈ ਕਿ ਸੁਚੇਤ ਜੀਵਾਂ ਦਾ ਕੁਦਰਤੀ ਚੋਣ ਦੁਆਰਾ ਇਸ ਤਰ੍ਹਾਂ
ਵਿਕਾਸ ਹੋਇਆ ਜਿਸ ਵਿੱਚ ਉਹਨਾਂ ਦੇ ਪਰਸੰਨ ਭਾਵਾਂ ਨੇ ਉਹਨਾਂ ਦੀ
ਰਾਹਨੁਮਾਈ ਕੀਤੀ। ਅਸਲ ਵਿੱਚ ਜ਼ਿੰਦਗੀ ਅਨੰਦ ਹੀ ਹੈ ਜਿਹੜਾ ਜੀਵਾਂ ਨੂੰ
ਦੁੱਖਾਂ ਉੱਤੇ ਜਿੱਤ ਹਾਸਲ ਕਰਵਾਉਂਦਾ ਹੈ। ਕਸ਼ਟ ਦੇ ਮੌਕੇ ਕੁਦਰਤੀ ਚੋਣ ਦੇ
ਸਿਧਾਂਤ ਨਾਲ ਮੇਲ ਖਾਂਦੇ ਹਨ। ਇਹ ਕਸ਼ਟ ਦੇ ਮੌਕੇ ਐਨੇ ਪੂਰਨ ਨਹੀਂ ਹੁੰਦੇ।
ਸੁਚੇਤ ਜੀਵ ਦੁਜੀਆਂ ਨੀਵੀਂਆਂ ਨਸਲਾਂ ਨਾਲ ਅਜੀਬ ਗੁੰਝਲਦਾਰ, ਕਸ਼ਟ ਭਰੇ
ਬਦਲੇ ਹਾਲਾਤ ਵਿੱਚ ਜ਼ਿੰਦਗੀ ਦੀ ਲੜਾਈ ਵਿੱਚ ਕਾਮਯਾਬ ਹੁੰਦੇ ਹਨ।
ਕੋਈ ਇਨਸਾਨ ਇਸ ਗੱਲ ਤੋਂ ਇਨਕਾਰੀ ਨਹੀਂ ਹੋ ਸਕਦਾ ਕਿ ਦੁਨੀਆ ਵਿੱਚ ਦੁੱਖ
ਬਹੁਤ ਹਨ। ਕਈ ਲੋਕਾਂ ਨੇ ਮਨੁੱਖ ਨੂੰ ਮੁੱਖ ਰੱਖ ਕੇ ਇਹ ਗੱਲ ਕਹੀ ਹੈ।
ਉਹਨਾਂ ਦਾ ਕਹਿਣਾ ਹੈ ਕਿ ਦੁੱਖ ਇਨਸਾਨ ਦੀ ਨੈਤਕ ਤਰੱਕੀ ਦੇ ਸੂਚਕ ਹਨ।
ਪਰੰਤੂ ਵਿਸ਼ਵ ਵਿੱਚ ਮਨੁੱਖ ਦੀ ਸੰਖਿਆ ਦੂਜੇ ਜੀਵ-ਜੰਤੂਆਂ ਨਾਲੋਂ ਬਹੁਤ
ਘੱਟ ਹੈ। ਦੂਜੇ ਜੀਵ-ਜੰਤੂ ਕਿਸੇ ਨੈਤਕ ਤਰੱਕੀ ਤੋਂ ਬਿਨਾਂ ਬਹੁਤ ਦੁੱਖ
ਝੱਲਦੇ ਹਨ। ਡਾਰਵਿਨ ਲਿਖਦਾ ਹੈ, ''ਮਨੁੱਖ ਰੱਬ ਵਾਂਗ ਜਿਹੜਾ ਸਾਰੇ
ਬ੍ਰਹਿਮੰਡ ਨੂੰ ਰਚ ਸਕਦਾ ਹੈ, ਦੀ ਤਰ੍ਹਾਂ ਆਪਣੇ-ਆਪ ਨੂੰ ਬਹੁਤ ਬਲਵਾਨ ਅਤੇ
ਗਿਆਨਵਾਨ ਸਮਝਦਾ ਹੈ। ਉਹ ਆਪਣੇ-ਆਪ ਨੂੰ ਆਪਣੇ ਸੀਮਤ ਮਨਾਂ ਦੇ ਮੁਕਬਲੇ
ਵਿੱਚ ਸਰਬਸ਼ਕਤੀਮਾਨ ਅਤੇ ਸਰਬਗਿਆਤਾ ਸਮਝਦਾ ਹੈ। ਇਹ ਗੱਲ ਸਾਡੀ ਸਮਝ ਤੋਂ
ਬਾਹਰ ਹੈ ਜਦੋਂ ਮਨੁੱਖ ਇਹ ਕਹਿ ਕੇ ਫ਼ਰਜ਼ ਕਰ ਲੈਂਦਾ ਹੈ ਕਿ ਅਨਾਦਿ ਕਾਲ
ਤੋਂ ਨੀਵੀਂ ਨਸਲ ਦੇ ਕਰੋੜਾਂ ਜੀਵਾਂ ਦੇ ਦੁੱਖ ਝੱਲਣ ਨਾਲ ਕੀ ਫ਼ਰਕ ਪੈਂਦਾ
ਹੈ? ਸੁਚੇਤ ਜੀਵ ਦੇ ਦੁਖਾਂ ਦੀ ਹੋਂਦ ਦੇ ਮੁਕਾਬਲੇ ਵਿੱਚ ਸਰਬ-ਵਿਆਪਕ
ਦੁੱਖ ਦੇ ਹੋਂਦ ਦੀ ਦਲੀਲ ਜ਼ਿਆਦਾ ਬਲਵਾਨ ਲੱਗਦੀ ਹੈ। ਸਰਬ-ਵਿਆਪਕ ਦੁੱਖ ਦਾ
ਬਹੁਤ ਹੋਣਾ ਇਸ ਧਾਰਨਾ ਨੂੰ ਬਲ ਦਿੰਦਾ ਹੈ ਕਿ ਸਾਰੇ ਜੀਵ-ਜੰਤੂਆਂ ਨੇ
ਭਿੰਨਤਾ ਵਿੱਚ ਅਤੇ ਕੁਦਰਤੀ ਚੋਣ ਰਾਹੀਂ ਵਿਕਾਸ ਕੀਤਾ ਹੈ।''
ਡਾਰਵਿਨ ਦਾ ਕਹਿਣਾ ਹੈ ਕਿ
ਵਰਤਮਾਨ ਕਾਲ ਵਿੱਚ ਸੁਚੇਤ ਰੱਬ ਦੀ ਹੋਂਦ ਬਾਰੇ ਬਹੁਤ ਸਾਰੇ ਲੋਕਾਂ ਨੇ
ਆਪਣੇ ਅੰਦਰੂਨੀ ਨਿਸਚੇ ਅਤੇ ਇਹਸਾਸਾਂ ਦੇ ਅਧਾਰ ਉੱਤੇ ਦਲੀਲ ਦਿੱਤੀ ਹੈ।
ਇਸ ਤਰ੍ਹਾਂ ਹਿੰਦੂਆਂ ਅਤੇ ਮੁਸਲਮਾਨਾਂ ਦੀਆਂ ਆਪਣੀਆਂ-ਆਪਣੀਆਂ ਦਲੀਲਾਂ ਹਨ
ਜਿਨ੍ਹਾਂ ਦੇ ਅਧਾਰ ਉੱਤੇ ਬਹੁ-ਦੇਵਵਾਦ ਜਾਂ ਇੱਕ ਰੱਬ ਦੀ ਹੋਂਦ ਜਾਂ ਬੁੱਧ
ਦੇ 'ਕੋਈ ਰੱਬ ਨਹੀਂ' 'ਤੇ ਵੀ ਸ਼ੱਕ ਨਹੀਂ ਕੀਤਾ ਜਾ ਸਕਦਾ। ਇਓਂ ਬਹੁਤ ਸਾਰੇ
ਜਾਂਗਲੀ ਕਬੀਲੇ ਹਨ ਜਿਨ੍ਹਾਂ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਹਨਾਂ
ਕੋਲ ਸਚਾਈ ਜਾਂ ਵਿਸ਼ਵਾਸ ਬਾਰੇ ਕੋਈ ਧਾਰਨਾ ਨਹੀਂ ਜਿਸ ਨੂੰ ਰੱਬ ਕਿਹਾ
ਜਾਂਦਾ ਹੈ। ਉਹ ਲੋਕ ਭੂਤ-ਪਰੇਤਾਂ ਉੱਤੇ ਵਿਸ਼ਵਾਸ ਰੱਖਦੇ ਹਨ। ਸੋ ਡਾਰਵਿਨ
ਆਪਣੀ ਸਵੈ-ਜੀਵਨੀ ਵਿੱਚ ਲਿਖਦਾ ਹੈ, ''ਇਸ ਵਾਸਤੇ ਮੈਂ ਅਜਿਹੇ ਕਿਸੇ
ਅੰਦਰੂਨੀ ਵਿਸ਼ਵਾਸ ਅਤੇ ਇਹਸਾਸਾਂ ਦੀਆਂ ਦਲੀਲਾਂ ਨੂੰ ਸਬੂਤ ਨਹੀਂ ਮਨ ਸਕਦਾ
ਕਿ ਅਸਲੀਅਤ ਵਿੱਚ ਹੋਂਦ ਵਿੱਚ ਕੀ ਹੈ?''
ਡਾਰਵਿਨ ਨੇ ਆਪਣੇ 'ਜਰਨਲ'
ਵਿੱਚ ਲਿਖਿਆ ਕਿ ਬ੍ਰਾਜ਼ੀਲ ਦੇ ਜੰਗਲਾਂ ਦੀ ਸ਼ਾਨ ਵਿੱਚ ਖੜ ਕੇ 'ਅਸਚਰਜਤਾ,
ਵਡਿਆਈ ਅਤੇ ਸ਼ਰਧਾ ਦੇ ਉੱਚਤਰ ਇਹਸਾਸ ਜਿਹੜੇ ਮਨ ਨੂੰ ਭਰਦੇ ਸਨ ਅਤੇ ਅਗੰਮੀ
ਬੁਲੰਦੀ ਉੱਤੇ ਪਹੁੰਚਾਉਂਦੇ ਸਨ, ਨੂੰ ਢੁੱਕਵੇਂ ਢੰਗ ਨਾਲ ਬਿਆਨ ਕਰਨਾ
ਸੰਭਵ ਨਹੀਂ ਹੈ'। ਮਾਨਸਿਕਤਾ ਦੀ ਇਹ ਸਥਿਤੀ ਜਿਹੜੀ ਰੱਬ ਦੇ ਵਿਸ਼ਵਾਸ ਨਾ
ਜੁੜੀ ਹੋਈ ਹੈ, ਜ਼ਰੂਰੀ ਨਹੀਂ ਕਿ ਇਹ ਉਸ ਧਾਰਨਾਂ ਨਾਲੋਂ ਅਸਹਿਮਤ ਹੈ ਜਿਸ
ਨੂੰ ਆਮ ਕਰ ਕੇ ਗੌਰਵਤਾ ਦਾ ਇਹਸਾਸ ਕਿਹਾ ਜਾਂਦਾ ਹੈ। ਇਸ ਇਹਸਾਸ ਦੇ ਮੂਲ
ਰੂਪ ਨੂੰ ਬਿਆਨ ਕਰਨਾ ਕਿੰਨਾ ਵੀ ਮੁਸ਼ਕਲ ਹੋਵੇ ਪਰ ਇਸ ਇਹਸਾਸ ਨੂੰ ਰੱਬ ਦੀ
ਹੋਂਦ ਬਾਰੇ ਦਲੀਲ ਦੇ ਤੌਰ 'ਤੇ ਪੇਸ਼ ਨਹੀਂ ਕੀਤਾ ਜਾ ਸਕਦਾ ਹੈ। ਅਜਿਹੇ
ਇਹਸਾਸ ਰਾਗ ਰਾਹੀਂ ਵੀ ਬਲਵਾਨ ਰੂਪ ਵਿੱਚ ਉਤਪੰਨ ਹੁੰਦੇ ਹਨ ਬੇਸ਼ੱਕ ਧੁੰਦਲੇ
ਰੂਪ ਵਿੱਚ ਹੀ ਕਿਉਂ ਨਾ ਹੋਣ?'
ਅਮਰ ਜੀਵਨ ਬਾਰੇ ਡਾਰਵਿਨ ਦੇ
ਵਿਚਾਰ ਸਨ ਕਿ ਭੌਤਕ ਵਿਗਿਆਨੀਆਂ ਅਨੁਸਾਰ ਸੂਰਜ ਹੌਲੀ-ਹੌਲੀ ਠੰਡਾ ਹੋ
ਜਾਏਗਾ ਜੇ ਕਿਤੇ ਇਸ ਤੋਂ ਕੋਈ ਵੱਡੀ ਬਾਡੀ (ਪਿੰਡ) ਉਸ ਵਿੱਚ ਆ ਕੇ ਟਕਰਾ
ਨਹੀਂ ਜਾਂਦੀ ਅਤੇ ਉਸ ਨੂੰ ਨਵੀਂ ਜ਼ਿੰਦਗੀ ਦੇ ਨਹੀਂ ਜਾਂਦੀ। ਇਹ ਵੀ
ਵਿਸ਼ਵਾਸ ਕੀਤਾ ਜਾਂਦਾ ਹੈ ਕਿ ਚਿਰਕਾਲ ਨੂੰ ਮਨੁੱਖ ਹੁਣ ਨਾਲੋਂ ਹੋਰ ਪੂਰਨ
ਹੋ ਜਾਏਗਾ। ਇੱਕ ਇਹ ਵੀ ਨਾ ਮੰਨਣਯੋਗ ਵਿਸ਼ਵਾਸ ਹੈ ਕਿ ਹੌਲੀ-ਹੌਲੀ ਵਿਕਾਸ
ਨਾਲ ਮਨੁੱਖ ਇੱਕ ਦਿਨ ਪੂਰਾ ਨਾਸ਼ ਹੋ ਜਾਏਗਾ। ਇਹ ਵੀ ਵਿਸ਼ਵਾਸ ਹੈ ਕਿ
ਮਨੁੱਖੀ ਰੂਹ ਅਮਰ ਹੈ ਪਰ ਦੁਨੀਆ ਦੀ ਪਰਲੋ ਐਨੀ ਖ਼ੌਫ਼ਨਾਕ ਨਹੀਂ ਹੋਵੇਗੀ।
ਡਾਰਵਿਨ ਇਹ ਗੱਲ ਮੰਨਦਾ ਹੈ ਕਿ
ਸਾਰੀਆਂ ਗੱਲਾਂ ਦੇ ਮੁੱਢਾਂ ਦੇ ਭੇਦ ਜਾਣਨਾ ਗੁੰਝਲਦਾਰ ਮਾਮਲਾ ਹੈ। ਉਹ
ਆਪਣੇ ਆਪ ਨੂੰ ਐਗਨਾਸਟਿਕ (ਸ਼ੰਕਾਵਾਦੀ/ਅਗਿਆਨਵਾਦੀ) ਕਹਿੰਦਾ ਹੈ ਮਤਲਬ ਇਹ
ਕਿ ਉਸ ਨੂੰ ਇਹਨਾਂ ਗੱਲਾਂ ਬਾਰੇ ਕੁਝ ਨਹੀਂ ਪਤਾ।
ਮਨੁੱਖ ਦੀ ਇੱਕ ਰੁਚੀ ਬਣੀ
ਹੁੰਦੀ ਹੈ ਜਿਸ ਅਨੁਸਾਰ ਉਹ ਰੱਬ ਦੀ ਹੋਂਦ ਦੇ ਵਿਚਾਰ ਉੱਤੇ ਚੱਲਦਾ ਹੈ।
ਮਨੁੱਖ ਇਹ ਰੁਚੀ ਬਚਪਣ ਤੋਂ ਆਪਣੇ ਘਰ ਵਿੱਚੋਂ, ਆਪਣੇ ਆਲੇ-ਦੁਆਲੇ ਤੋਂ,
ਮਹਾਂ ਪੁਰਖਾਂ ਦੇ ਬੋਲਾਂ ਤੋਂ ਅਤੇ ਅਨੇਕ ਹੋਰ ਸਾਧਨਾਂ ਰਾਹੀਂ ਗ੍ਰਹਿਣ
ਕਰਦਾ ਹੈ। ਇਸ ਰੁਚੀ ਅਨੁਸਾਰ ਉਹ ਪੁੰਨ-ਪਾਪ ਅਤੇ ਫਲ ਦੀ ਵਿਆਖਿਆ ਕਰਦਾ
ਹੈ। ਰੱਬ ਦੀ ਹੋਂਦ ਲਈ ਦਲੀਲਾਂ ਪੇਸ਼ ਕਰਦਾ ਹੈ। ਉਹ ਇਸ ਰੁਚੀ ਦਾ ਆਦੀ ਬਣ
ਜਾਂਦਾ ਹੈ। ਉਸ ਲਈ ਉਸ ਨੂੰ ਆਪਣੀ ਰੁਚੀ ਦੇ ਵਿਰੁੱਧ ਜਾਣਾ ਅਸੰਭਵ ਹੋ
ਜਾਂਦਾ ਹੈ। ਬੇਸ਼ੱਕ ਕਈ ਵਾਰ ਉਹ ਤਰਕਵਾਦੀ ਵੀ ਬਣਦਾ ਹੈ ਪਰ ਉਸ ਅੰਦਰ ਘੜੀ
ਪੱਕੀ ਧਾਰਨਾ ਉਸ ਦਾ ਖਹਿੜਾ ਨਹੀਂ ਛੱਡਦੀ ਅਤੇ ਉਸ ਵਿੱਚ ਆਈ ਤਰਕ ਉਸ ਲਈ
ਕੁਝ ਨਹੀਂ ਕਰ ਸਕਦੀ। ਉਹ ਮਾਨਸਿਕ ਆਦਤ ਦਾ ਗ਼ੁਲਾਮ ਬਣ ਕੇ ਮਜਬੂਰ ਹੋ ਜਾਂਦਾ
ਹੈ।
ਡਾਰਵਿਨ ਦੀ ਆਪਣੇ ਨਿੱਜ ਬਾਰੇ ਟਿੱਪਣੀ
ਡਾਰਵਿਨ ਆਪਣੇ ਨਿੱਜ ਬਾਰੇ
ਕਹਿੰਦਾ ਹੈ ਕਿ ਉਸ ਨੇ ਹੌਲੀ-ਹੌਲੀ ਆਪਣਾ ਜੀਵਨ ਵਿਗਿਆਨ ਦੇ ਖੇਤਰ ਵਿੱਚ
ਲਾ ਦਿੱਤਾ। ਉਹ ਜ਼ਿੰਦਗੀ ਦੇ ਪਿਛਲੇ ਪੱਖ ਵਿੱਚ ਸ਼ੰਕਾਵਾਦੀ ਬਣ ਗਿਆ ਅਤੇ
ਤਰਕਵਾਦ (ਦਲੀਲ-ਅਧਾਰਤ) ਉਸ ਦਾ ਸਾਥੀ।
ਡਾਰਵਿਨ ਲਿਖਦਾ ਹੈ ਕਿ ਵਿਗਿਆਨੀ
ਦੇ ਤੌਰ 'ਤੇ ਉਹ ਆਪਣੇ ਵਿੱਚ ਗੁੰਝਲਦਾਰ, ਬਹੁਭਾਂਤੀ ਮਾਨਸਿਕ ਗੁਣ ਅਤੇ
ਅਵਸਥਾਵਾਂ ਰੱਖਦਾ ਸੀ ਜਿਹੜੇ ਉਸ ਦੀ ਕਾਮਯਾਬੀ ਦਾ ਰਾਜ਼ ਬਣੇ। ਇਹਨਾਂ ਗੁਣਾਂ
ਵਿੱਚ ਵਿਗਿਆਨ ਲਈ ਪਿਆਰ, ਕਿਸੇ ਵਿਸ਼ੇ ਉੱਤੇ ਅਤੀਅੰਤ ਲੰਮਾ ਸਬਰ, ਤੱਥ
ਇਕੱਠੇ ਕਰਨ ਅਤੇ ਨਿਰੀਖਣ ਕਰਨ ਵਿੱਚ ਪੂਰੀ ਲਗਨ ਅਤੇ ਮਿਹਨਤ, ਕਿਸੇ ਕਾਢ
ਨੂੰ ਕੱਢਣ ਲਈ ਆਮ ਸਮਝ ਦਾ ਯੋਗਦਾਨ ਸਨ। ਅੱਗੇ ਡਾਰਵਿਨ ਹੋਰ ਕਹਿੰਦਾ ਹੈ
ਕਿ ਉਸ ਦੀਆਂ ਇਹਨਾਂ ਸਧਾਰਨ ਯੋਗਤਾਵਾਂ ਦੇ ਕਾਰਨ ਉਸ ਦੇ ਕਈ ਮਹੱਤਵ ਪੂਰਨ
ਨੁਕਤਿਆਂ ਨੇ ਪ੍ਰਸਿੱਧ ਵਿਗਿਆਨੀਆਂ ਦੇ ਵਿਸ਼ਵਾਸਾਂ ਉੱਤੇ ਪ੍ਰਭਾਵ ਪਾਇਆ।
ਮਹਾਨ ਵਿਗਿਆਨੀ, ਡਾਰਵਿਨ
ਡਾਰਵਿਨ, ਉਨ੍ਹੀਵੀਂ ਸਦੀ ਦਾ
ਮਹਾਨ ਵਿਗਿਆਨੀ, ਵਿਸ਼ਵ ਭਰ ਲਈ ਇੱਕ ਰੋਸ਼ਨ ਮੀਨਾਰ ਹੈ ਜਿਹੜਾ ਮਜ਼੍ਹਬੀ
ਕੱਟੜਵਾਦ ਨੂੰ ਆਪਣੇ ਵਿਗਿਆਨਕ ਸਿਧਾਂਤ ਦੁਆਰਾ ਇੱਕ ਦਲੇਰਾਨਾ ਚਣੌਤੀ ਦੇ
ਗਿਆ ਕਿ ਵਿਗਿਆਨ ਦਾ ਖੇਤਰ ਮਜ਼੍ਹਬ ਦੇ ਖੇਤਰ ਵਿੱਚ ਨਹੀਂ ਆਉਂਦਾ। 'ਕੁਦਰਤੀ
ਚੋਣ ਦੁਆਰਾ ਵਿਕਾਸਵਾਦ' ਉਸ ਦਾ ਵਿਸ਼ਵ ਪ੍ਰਸਿੱਧ ਸਿਧਾਂਤ ਹੈ।
ਦਲਜੀਤ ਸਿੰਘ, ਐਡਮਿੰਟਨ
ਫ਼ੋਨ: (780) 989 2977
27
ਮਾਰਚ 2009