ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

Download Punjabi Fonts English Shahmukhi Devnagri

 ਅਜੋਕਾ ਵਾਧਾ:: 26 January, 2010

ਮੁੱਖ ਪੰਨਾ

          -ਲੇਖ/ਜਾਣਕਾਰੀ -

ਲਿਖਾਰੀ

ਬੀਬੀ ਕਾ ਮਕਬਰਾ
-ਸੁਖਦੇਵ ਸਿੱਧੂ-
 


ਦਰਵਾਜ਼ਿਆਂ ਦਾ ਸ਼ਹਿਰ ਔਰੰਗਾਬਾਦ ਮਹਾਰਾਸ਼ਟਰ ਸੂਬੇ ਵਿਚ ਪੈਂਦਾ ਹੈ। ਏਥੇ ਪਹਿਲਾਂ ਖਦਕੀ ਨਾਂ ਦਾ ਨੱਗਰ ਵਸਦਾ ਸੀ। ਏਸੇ ਦਾ ਨਾਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਅਪਣੇ ਨਾਂ ’ਤੇ ਧਰਿਆ - ਔਰੰਗਾਬਾਦ। ਸਿੱਖਾਂ ਵਿਚ ਔਰੰਗੇ ਦੀ ਕਦਰ ਦਾ ਸਭ ਨੂੰ ਪਤਾ ਹੀ ਹੈ। ਇਹਦਾ ਸਾਲਮ ਨਾਂ ਅਲ-ਸੁਲਤਾਨ ਅਲ-ਅਜ਼ਮ ਵਲ ਖ਼ਾਕ਼ਾਨ ਅਲ-ਮੁਕੱਰਮ ਅਬੁਲ ਮੁਸੱਫ਼ਰ ਮੁਹੀਉੱਦੀਨ ਮੁਹੰਮਦ ਔਰੰਗਜ਼ੇਬ ਬਹਾਦਰ ਆਲਮਗੀਰ ਪਾਦਸ਼ਾਹ ਗ਼ਾਜ਼ੀ ਸੀ। ਰੇਲ ਗੱਡੀਏ ਚ ਜਾਈਏ, ਤਾਂ ਔਰੰਗਾਬਾਦ ਤੋਂ ਸਤਵਾਂ-ਅੱਠਵਾਂ ਸਟੇਸ਼ਨ ਨੰਦੇੜ ਹਜ਼ੂਰ ਸਾਹਿਬ ਦਾ ਹੀ ਆਉਂਦਾ ਹੈ।

ਸ਼ਾਹ ਜਹਾਨ ਨੇ ਦੱਖਣੀ ਭਾਰਤ ਸਰ ਕਰਨ ਲਈ ਔਰੰਗਜ਼ੇਬ ਨੂੰ 1634 ਈਸਵੀ ਚ ਖਦਕੀ ਦਾ ਸੂਬਾ (ਗਵਰਨਰ) ਬਣਾ ਕੇ ਘੱਲਿਆ ਸੀ। ਇਹ 10 ਸਾਲ ਏਥੇ ਮੁਗ਼ਲ ਰਾਜਭਾਗ ਫੈਲਾਉਂਦਾ ਰਿਹਾ। ਅਚਾਨਕ ਸ਼ਾਹ ਜਹਾਨ ਦੀ ਲਾਡਲ਼ੀ ਧੀ ਜਹਾਨ ਆਰਾ ਬੇਗਮ ਨੂੰ ਅੱਗ ਲਗ ਗਈ ਅਤੇ 1644 ਈਸਵੀ ਨੂੰ ਔਰੰਗਜ਼ੇਬ ਦਿੱਲੀ ਨੂੰ ਮੁੜ ਆਇਆ। ਪਰ ਸਮੇਂ ਸਿਰ ਦਿੱਲੀ ਨਾ ਪਹੁੰਚਣ ਹਿਤ ਅਪਣੇ ਬਾਪ ਦੀ ਨਾਰਾਜ਼ਗੀ ਖੱਟ ਬੈਠਾ। ਜਦੋਂ ਸ਼ਾਹ ਜਹਾਨ ਦੀ ਨਾਰਾਜ਼ਗੀ ਰਤਾ ਮੱਠੀ ਹੋਈ, ਤਾਂ ਇਹਨੂੰ ਫਿਰ ਪਹਿਲਾਂ ਗੁਜਰਾਤ ਤੇ ਬਾਅਦ ਚ ਬਲਖ਼, ਬਦਾਖਸ਼ਾਨ ਤੇ ਮੁਲਤਾਨ ਦੀਆਂ ਗਵਰਨਰੀਆਂ ਸੌਪੀਆਂ। ਸ਼ਾਹ ਜਹਾਨ ਨੇ 1652 ਈਸਵੀ ਵਿਚ ਇਹਨੂੰ ਫਿਰ ਦੱਖਣ ਦਾ ਗਵਰਨਰ ਲਾਇਆ; ਸੰਨ 1657 ਵਿਚ ਸ਼ਾਹ ਜਹਾਨ ਬੀਮਾਰ ਪੈ ਗਿਆ। ਅਫ਼ਵਾਹ ਸੀ ਕਿ ਬਾਦਸ਼ਾਹ ਅੱਲ੍ਹਾ ਨੂੰ ਪਿਆਰਾ ਹੋ ਗਿਆ ਹੈ। ਔਰੰਗਜ਼ੇਬ ਅਪਣੇ ਭਰਾਵਾਂ ਨੂੰ ਭਜਾ ਕੇ ਮਾਰ ਕੇ ਤੇ ਸ਼ਾਹ ਜਹਾਨ ਨੂੰ ਬੰਦੀ ਬਣਾ ਕੇ ਬਾਦਸ਼ਾਹ ਬਣ ਗਿਆ; ਇਹਨੇ ਸ਼ਾਹ ਜਹਾਨ ਨੂੰ ਦੋ ਵਾਰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਅਖ਼ੀਰ ਇਹ 1681 ਈਸਵੀ ਨੂੰ ਔਰੰਗਾਬਾਦ ਮੁੜ ਆਇਆ ਤੇ ਅਪਣੀ ਮੌਤ ਤਕ ਏਥੇ ਹੀ ਰਿਹਾ।

ਔਰੰਗਜ਼ੇਬ ਦੀ ਪਹਿਲੀ ਰਾਣੀ ਦਿਲਰਸ ਬਾਨੋ ਬੇਗਮ ਮੁਗ਼ਲ ਵਜ਼ੀਰ ਮਿਰਜ਼ਾ ਸ਼ਾਹਨਵਾਜ਼ ਸਫ਼ਾਵਿਦ ਦੀ ਧੀ ਸੀ। ਇਹਦੇ ਤੋਂ ਔਰੰਗਜ਼ੇਬ ਦੀਆਂ ਤਿੰਨ ਧੀਆਂ ਤੇ ਦੋ ਪੁੱਤ ਹੋਏ। ਵੱਡੀ ਧੀ ਸੂਫ਼ੀਆਨਾ ਸ਼ਾਇਰੀ ਕਰਦੀ ਸੀ। ਬਾਅਦ ਵਿਚ ਇਹਦਾ ਸੂਫ਼ੀਆਂ ਚ ਨਾਂ ਹੋਇਆ। ਔਰੰਗਜ਼ੇਬ ਨੂੰ ਭਲਾ ਇਹ ਕਿੱਥੋਂ ਭਾਉਣੀ ਸੀ। ਇਹਨੇ 82 ਸਾਲ ਦੀ ਉਮਰ ਪਾਈ ਤੇ ਕੁਆਰੀ ਰਹੀ। ਲਹੌਰ ਦੇ ਸ਼ਾਇਰ ਗਵਰਨਰ ਅਕ਼ੀਲ ਖ਼ਾਨ ਨਾਲ਼ ਇਹਦੇ ਇਸ਼ਕ਼ ਦੇ ਚਰਚੇ ਰਹੇ। ਦੂਸਰੀਆਂ ਧੀਆਂ ਨਾਮਲੂਮ ਹੀ ਰਹੀਆਂ। ਦੂਸਰੇ ਪੁੱਤ ਨੇ ਔਰੰਗਜ਼ੇਬ ਦੇ ਖ਼ਿਲਾਫ਼ ਬਗ਼ਾਵਤ ਕੀਤੀ; ਫੇਲ ਹੋ ਗਿਆ; ਤੇ ਡਰਦਾ ਈਰਾਨ ਨੂੰ ਭੱਜ ਗਿਆ। ਔਰੰਗਜ਼ੇਬ ਦੇ ਪਿਛਲੇ ਪਹਿਰੇ ਸ਼ਾਹ ਅਜ਼ਮ ਹੀ ਦੱਖਣ ਦਾ ਕਰਤਾ-ਧਰਤਾ ਹੋਇਆ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਸ਼ਾਹ ਅਜ਼ਮ ਨੇ ਵੀ ਸਲਤਨਤ ਨੂੰ ਹੱਥ ਪਾਇਆ। ਓਧਰ ਬਹਾਦਰ ਸ਼ਾਹ ਪਹਿਲਾ (ਜ਼ਫ਼ਰ ਨਹੀਂ) ਵੀ ਏਸੇ ਤਾਕ ਵਿਚ ਸੀ। ਮਾਮੂਲੀ ਮੁੱਠ-ਭੇੜ ਤੋਂ ਬਾਅਦ ਬਹਾਦਰ ਸ਼ਾਹ ਗੱਦੀ ਦਾ ਹੱਕ਼ਦਾਰ ਬਣ ਗਿਆ। ਇਹਨੂੰ ਗੁਰੂੁ ਗੋਬਿੰਦ ਸਿੰਘ ਦੀ ਹਿਮਾਇਤ ਸੀ। ਮਰਾਠੇ ਸਰਦਾਰ ਵੀ ਇਹਦੇ ਨਰਮ ਵਤੀਰੇ ਕਰਕੇ ਇਹਨੂੰ ਚੰਗਾ ਸਮਝਦੇ ਰਹੇ। ਜ਼ਫ਼ਰ ਦੀ ਮਾਂ ਰਾਜ ਬਾਈ ਬੇਗਮ ਵੀ ਰਾਜਪੂਤਾਂ ਦੀ ਧੀ ਸੀ। ਇਹਦੇ ਤੋਂ ਔਰੰਗਜ਼ੇਬ ਦੇ ਦੋ ਪੁਤ ਤੇ ਇਕ ਧੀ ਸੀ। ਮੁਗ਼ਲਾਂ ਦੇ ਆਖ਼ਿਰੀ ਬਾਦਸ਼ਾਹ ਦਾ ਨਾਂ ਵੀ ਬਹਾਦਰ ਸ਼ਾਹ ਸੀ ਪਰ ਇਹ ਸ਼ਾਇਰ ਬਹਾਦਰ ਸ਼ਾਹ ਜ਼ਫਰ ਸੀ।

ਔਰੰਗਜ਼ੇਬ ਦੇ ਮਗਰਲੇ ਸਾਲਾਂ ਦੀਆਂ ਤਸਵੀਰਾਂ ਦੱਸਦੀਆਂ ਨੇ ਕਿ ਅਪਣੇ ਅਖ਼ਰੀਲੇ ਸਮਿਆਂ ਵਿਚ ਇਹ ਸਿਰ ਨਿਵਾਕੇ ਜੀਵਿਆ। ਪਹਿਲਾਂ ਇਹਦਾ ਸਾਰਾ ਤਾਣ ਧੱਕੇ ਨਾਲ਼ ਇਸਲਾਮ ਫੈਲਾਉਣ ਲਈ ਲੱਗਿਆ ਰਿਹਾ। ਇਹ ਵਾਧੂ ਖ਼ਰਚੇ ਦੇ ਹੱਕ ਚ ਨਹੀਂ ਸੀ। ਖ਼ੁਲਦਾਬਾਦ ਚ ਇਹਦੀ ਅਪਣੀ ਕ਼ਬਰ ਵੀ ਸਾਦਾ-ਜਿਹੀ ਹੈ।

ਇਹਦੇ ਪੁੱਤ ਸ਼ਾਹ ਅਜ਼ਮ ਨੇ ਅਪਣੀ ਮਾਂ ਦੀ ਯਾਦ ਵਿਚ ‘ਬੀਬੀ ਕਾ ਮਕਬਰਾ’ ਉਸਾਰਿਆ। ਔਰੰਗਜ਼ੇਬ ਇਹਦੇ ਹੱਕ਼ ਵਿਚ ਨਹੀਂ ਸੀ; ਪਰ ਪੁੱਗੀ ਇਹਦੇ ਪੁੱਤ ਦੀ। ਏਨਾ ਜ਼ਰੂਰ ਹੋਇਆ ਕਿ ਇਸ ਇਮਾਰਤ ਤੇ ਖ਼ਰਚਾ ਬਹੁਤ ਘੱਟ ਹੋਇਆ; ਬੀਬੀ ਦਾ ਮਕਬਰਾ ਵਧੀਆ ਇਮਾਰਤ ਹੈ; ਇਹਦੀ ਜ਼ਿਆਦਾ ਬੇਕ਼ਦਰੀ ਤਾਜ ਮਹਿਲ ਨਾਲ਼ ਮੁਕ਼ਾਬਿਲਾ ਹੋਣ ਕਰਕੇ ਹੁੰਦੀ ਹੈ। ਸ਼ਾਹ ਆਜ਼ਮ ਦੀ ਤਾਜ ਦੇ ਮੁਕ਼ਾਬਿਲੇ ਤੇ ਅਪਣੀ ਮਾਂ ਦੀ ਯਾਦਗਾਰ ਤਾਜ ਮਹਿਲ ਦੀ ਨਕ਼ਲ ਹੋ ਕੇ ਰਹਿ ਗਈ।

ਦਿਲਰਸ ਬਾਨੋ ਬੇਗਮ ਦਾ ਨਾਂ ਰਾਬੀਆ ਉਲ ਦੁਰਾਨੀ ਵੀ ਸੀ। ਬਹੁਤਾ ਇਹ ਪੱਥਰ ਦਾ ਬਣਿਆ ਹੈ ਤੇ ਸਿਰਫ਼ ਗੁੰਬਦ ਅਤੇ ਕ਼ਬਰ ’ਤੇ ਹੀ ਮਹਿੰਗਾ ਚਿੱਟਾ ਸੰਗਮਰਮਰ ਲੱਗਿਆ ਹੈ। ਕੰਧਾਂ ਨੂੰ ਚਿੱਟਾ ਘਸਮੈਲ਼ਾ ਪਲਸਤਰ ਕੀਤਾ ਹੋਇਆ ਹੈ; ਏਸ ਕਰਕੇ ਵੀ ਇਹ ਓਨਾ ਨਹੀਂ ਉੱਠਿਆ। ਮਕਬਰੇ ਦੇ ਐਨ ਵਿਚਕਾਰ ਦਿਲਰਸ ਬਾਨੋ ਬੇਗਮ ਦੀ ਇਕੱਲੀ ਕ਼ਬਰ ਹੈ।

ਮਕ਼ਬਰੇ ਨੂੰ ਦੱਖਣ ਵਾਲੇ ਪਾਸਿਓਂ ਜਾਈਦਾ ਹੈ। ਪਿੱਤਲ਼ ਤੇ ਉੱਕਰੇ ਫੁੱਲ ਪੱਤੀਆਂ ਦੇ ਨਮੂਨੇ ਸੋਭਦੇ ਹਨ। ਅੱਗੇ ਪਾਣੀ ਦਾ ਛੋਟਾ ਤਲਾਅ ਹੈ ਤੇ ਇਹਦੇ ਐਨ ਵਿਚਕਾਰ ਕਰਕੇ ਫ਼ੁਆਰੇ। ਇਹਦੇ ਦੋਹੀਂ ਪਾਸੀ ਮਧਰੀਆਂ ਕੰਧਾਂ ਦੀ ਚਾਰ-ਦੀਵਾਰੀ ਹੈ। ਨਮੂਨੇ ਦੇ ਮੁਗ਼ਲ ਚਾਰ ਬਾਗ਼ ਇਹਦੀ ਸੋਭਾ ਵਿਚ ਬੜਾਵਾ ਕਰਦੇ ਹਨ। ਦੇਹਰਾ, ਚੌਰਸ ਥੜੇ ’ਤੇ ਬਣਿਆ ਹੈ ਤੇ ਇਹਦੇ ਚੌਹਾਂ ਖੂੰਜਿਆਂ ਤੇ ਮੀਨਾਰ ਹਨ। ਮਕ਼ਬਰੇ ਨੂੰ ਤਿੰਨ ਪਾਸਿਓਂ ਪੌੜੀਆਂ ਜਾਂਦੀਆਂ ਹਨ। ਹੇਠਾਂ ਰਾਬੀਆ ਉਲ ਦੁਰਾਨੀ ਦੀ ਕਬਰ ਸੰਗਮਰਮਰ ਦੀਆਂ ਛੋਟੀ ਚਾਰਦੀਵਾਰੀ ਤੇ ਉੱਕਰੇ ਫੁੱਲਾਂ ਵਿਚਕਾਰ ਸਜੀ ਹੋਈ ਹੈ। ਬਾਹਰੋਂ ਦੇਖਿਆਂ ਮਕਬਰੇ ਦਾ ਬੈਠਵਾਂ ਗੁੰਬਦ ਅਨੋਖੀ ਆਭਾ ਦਿੰਦਾ ਹੈ। ਇਹ ਵੀ ਇਹਦਾ ਤਾਜ ਮਹਿਲ ਨਾਲ਼ੋਂ ਵਖਰੇਵਾਂ ਕਰਦਾ ਹੈ; ਤਾਜ ਮਹਿਲ ਦਾ ਗੁੰਬਦ ਉੱਠਵਾਂ ਹੈ।

ਇਹਦੇ ਮੱਥੇ ਤੇ ਲਿਖੀ ਇਬਾਰਤ ਮੂਜਬ ਇਹਦਾ ਨਕਸ਼ਾ ਕਿਸੇ ਈਰਾਨੀ ਅਤਾਅ ਉੱਲੇ ਨੇ ਬਣਾਇਆ ਸੀ ਤੇ ਉਸਾਰੀ ਹੰਸਪਤ ਰਾਏ ਨੇ ਕੀਤੀ ਸੀ। ਏਹਨੂੰ ਬਣਨ ਨੂੰ ਦਸ ਸਾਲ ਲੱਗੇ ਦੱਸੇ ਜਾਂਦੇ ਹਨ।


ਫ਼ਰਾਂਸੀਸੀ ਸੈਲਾਨੀ ਤਵੱਰਨੀਏ ਨੇ 1653 ਵਿਚ ਇੱਥੋ ਦੀ ਲੰਘਦਿਆਂ ਸੰਗਰਮਰ ਦੇ ਲੱਦੇ 300 ਗੱਡੇ ਦੇਖੇ ਸੀ। ਪੁੱਛਣ ’ਤੇ ਇਹਨੂੰ ਪਤਾ ਲੱਗਾ ਕਿ ਇਹ ਸਾਰਾ ਸਾਮਾਨ ਬੀਬੀ ਦੇ ਮਕਬਰੇ ਲਈ ਜਾ ਰਿਹਾ ਹੈ। ਇਹਦੇ ਮੂਜਬ ਬੀਬੀ ਦਾ ਮਕਬਰਾ ਛੇ ਸਾਲਾਂ ਵਿਚ ਮੁਕੰਮਲ ਹੋਇਆ ਤੇ ਕੁਲ ਖ਼ਰਚਾ ਸਾਢੇ ਛੇ ਲੱਖ ਰੁਪਏ ਆਇਆ ਸੀ। ਇਹਦੇ ਮੁਕਾਬਿਲੇ ਤਾਜ ਮਹਿਲ ਨੂੰ 22 ਸਾਲ ਤੇ 22 ਲੱਖ ਰੁਪਏ ਲੱਗੇ ਸੀ। ਗ਼ੁਲਾਮ ਮੁਸਤਫ਼ੇ ਨੇ ਤਵਾਰੀਖ਼ਨਾਮੇ ਵਿਚ ਲਿਖਿਆ ਹੈ ਕਿ ਇਹ ਦਸਾਂ ਸਾਲਾਂ ਵਿਚ ਪੂਰਾ ਹੋਇਆ ਤੇ ਕੁਲ ਖ਼ਰਚਾ ਛੇ ਲੱਖ ਅਠ੍ਹਾਟ ਹਜ਼ਾਰ ਦੋ ਸੌ ਤਿੰਨ ਰੁਪਏ ਤੇ ਛੇ ਆਨੇ ਆਇਆ। ਇਹਦਾ ਨਮੂਨਾ ਤਾਜ ਨਾਲ਼ ਮੇਲ਼ ਖਾਂਦਾ ਹੈ ਤੇ ਇਸੇ ਕਰਕੇ ਇਹਨੂੰ ਦੱਖਣ ਦਾ ਤਾਜ ਕਿਹਾ ਜਾਂਦਾ ਹੈ; ਕਈ ਇਹਨੂੰ ਗ਼ਰੀਬ ਦਾ ਤਾਜ ਵੀ ਕਹਿੰਦੇ ਹਨ – ਸ਼ਾਹ ਜਹਾਨ ਨੇ ਦਿਲ ਖੋਲ੍ਹ ਖ਼ਰਚ ਕੀਤਾ ਸੀ। ਬੜੇ ਚਿਰ ਮਗਰੋਂ ਬੀਬੀ ਦੇ ਮਾਣ ਵਿਚ ਮਕਬਰੇ ਦੇ ਪੱਛਮੀ ਹਿੱਸੇ ਵਿਚ ਨਿਜ਼ਾਮ ਹੈਦਰਾਬਾਦ ਦੀ ਉਸਾਰੀ ਹੋਈ ਛੋਟੀ-ਜਿਹੀ ਮਸੀਤ ਵੀ ਹੈ।

ਸ਼ਾਹ ਜਹਾਨ ਤੋਂ ਬਾਅਦ ਬੇਮਿਸਾਲ ਮੁਗ਼ਲੀਆ ਇਮਾਰਤਸਾਜ਼ੀ ਦੀ ਚੜ੍ਹਾਈ ਦਾ ਅੰਤ ਸ਼ੁਰੂ ਹੋ ਗਿਆ ਸੀ।

(ਯੂਨੀਕੋਡ) 3 ਅਪਰੈਲ 2009

ਸੁਖਦੇਵ ਸਿੱਧੂ ਦੀਆਂ ਲਿਖਾਰੀ ਵਿੱਚ ਪ੍ਰਕਾਸ਼ਿਤ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

e-mail:
ਲਿਖਾਰੀ
Likhari

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.