ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

Download Punjabi Fonts English Shahmukhi Devnagri

 ਅਜੋਕਾ ਵਾਧਾ:: 26 January, 2010

-ਲੇਖ/ਆਲੋਚਨਾ/ਪਠਨ/ਰੀਵੀਊ/ਵਿਚਾਰ

ਰਵਿੰਦਰ ਕੌਰ

ਇਸਟੈਬਲਿਸ਼ਮੈਂਟ ਵਲੋਂ ਮਨੁੱਖ ਨੂੰ ਸਪਾਈਨਲੈੱਸ ਕਰਨ ਦੀ ਗਾਥਾ : ਹਾਸ਼ੀਏ
ਰਵਿੰਦਰ ਕੌਰ


ਦਰਸ਼ਨ ਸਿੰਘ ਧੀਰ ਪਰਵਾਸੀ ਪੰਜਾਬੀ ਸਾਹਿਤ ਵਿਚ ਗੁਣਾਤਮਕ ਅਤੇ ਗਿਣਾਤਮਕ ਪੱਖੋਂ ਵਾਧਾ ਕਰਨ ਵਾਲਾ ਇਕ ਅਜਿਹਾ ਸਥਾਪਿਤ ਹੋ ਚੁੱਕਾ ਨਾਵਲਕਾਰ ਹੈ ਜਿਸ ਕੋਲ ਪਰਵਾਸ ਦਾ ਵਿਸ਼ਾਲ ਅਤੇ ਗਹਿਰਾ ਅਨੁਭਵ ਹੈ। ਦਰਸ਼ਨ ਸਿੰਘ ਧੀਰ ਪਰਵਾਸੀ ਜੀਵਨ ਦੀ ਤਹਿ ਵਿਚ ਕਾਰਜਸ਼ੀਲ ਅਨੇਕਾਂ ਅੰਤਰ-ਵਿਰੋਧਾਂ ਨੂੰ ਪੂਰਬ ਤੇ ਪੱਛਮ ਦੇ ਪ੍ਰਸੰਗ ਵਿਚ ਸਿਰਜਦਾ ਹੋਇਆ, ਪਰਵਾਸੀ ਮਨੁੱਖ ਦੀ ਮਾਨਸਿਕਤਾ ਨੂੰ ਸਮਝਦਾ ਹੋਇਆ ਪਰਵਾਸੀ ਮਨੁੱਖ ਦੇ ਧੁਰ ਅੰਦਰਲੇ ਅਵਚੇਤਨ ਨੂੰ ਪੇਸ਼ ਕਰਦਾ ਹੈ। ਆਪਣੇ ਸਮੁੱਚੇ ਪਰਵਾਸੀ ਪੰਜਾਬੀ ਸਾਹਿਤ ਵਿਚ ਦਰਸ਼ਨ ਸਿੰਘ ਧੀਰ ਨੇ ਪੰਜਾਬ ਤੇ ਬਰਤਾਨੀਆ ਦੀ ਧਰਤੀ ਉੱਪਰ ਵਿਚਰ ਰਹੇ ਪੰਜਾਬੀਆਂ ਦੀਆਂ ਆਰਥਿਕ, ਸਮਾਜਿਕ, ਰਾਜਨੀਤਿਕ ਅਤੇ ਮਨੋਵਿਗਿਆਨਕ ਸਮੱਸਿਆਵਾਂ ਦੀ ਪੇਸ਼ਕਾਰੀ ਕੀਤੀ ਹੈ। ਪਰ ਹੁਣ ਦਰਸ਼ਨ ਸਿੰਘ ਧੀਰ ਦੀਆਂ ਰਚਨਾਵਾਂ ਦਾ ਖੇਤਰ ਸਿਰਫ਼ ਏਸ਼ੀਅਨਜ਼ ਜਾਂ ਪਰਵਾਸੀ ਪੰਜਾਬੀਆਂ ਦਾ ਨਾ ਹੋ ਕੇ, ਸਮੁੱਚੇ ਬਰਤਾਨਵੀ ਸਮਾਜ ਦੇ ਨਾਲ ਨਾਲ ਅੰਤਰ-ਰਾਸ਼ਟਰੀ ਪੱਧਰ ਦਾ ਬਣ ਗਿਆ ਹੈ।

ਦਰਸ਼ਨ ਸਿੰਘ ਧੀਰ ਦਾ 2008 ਵਿਚ ਨਵ ਪ੍ਰਕਾਸਿ਼ਤ ਨਾਵਲ ‘ਹਾਸ਼ੀਏ‘ ਭਾਵੇਂ ਪਰਵਾਸੀ ਪੰਜਾਬੀਆਂ ਦੇ ਜੀਵਨ ਨਾਲ ਸੰਬੰਧਿਤ ਨਸਲਵਾਦ ਵਰਗੀ ਸਮੱਸਿਆ ਦੇ ਗਲਪੀ-ਚਿੱਤਰ ਨੂੰ ਪੇਸ਼ ਕਰਦਾ ਪ੍ਰਤੀਤ ਹੁੰਦਾ ਹੈ ਪਰ ਅਸਲੀਅਤ ਵਿਚ ਇਹ ਨਸਲਵਾਦ ਤੋਂ ਅਗਾਂਹ ਬਹੁਤ ਕੁਝ ਹੋਰ ਵੀ ਕਹਿ ਜਾਂਦਾ ਹੈ। ਇਸ ਨਾਵਲ ਵਿਚ ਲੇਖਕ ਨੇ ਬਰਤਾਨਵੀ ਇਸਟੈਬਲਿਸ਼ਮੈਂਟ (ਪ੍ਰਬੰਧਕੀ ਢਾਂਚੇ) ਦੇ ਚਰਿੱਤਰ ਨੂੰ ਪੇਸ਼ ਕਰਕੇ ਵਿਸ਼ਵ-ਪੱਧਰ ਦੀ ਇਸਟੈਬਲਿਸ਼ਮੈਂਟ ਦੇ ਚਰਿੱਤਰ ਨੂੰ ਆਮ ਸਾਧਾਰਣ ਲੋਕਾਂ ਦੇ ਸਾਹਮਣੇ ਲਿਆਂਦਾ ਹੈ।

ਅਸਲ ਵਿਚ ਇਸ ਨਾਵਲ ਦਾ ਮੁੱਖ ਮਸਲਾ ਨਸਲਵਾਦ ਵਰਗੀ ਸਮੱਸਿਆ ਤੋਂ ਅਗਾਂਹ ਕਿਸੇ ਵੀ ਦੇਸ਼ ਦੀ ਇਸਟੈਬਲਿਸ਼ਮੈਂਟ ਦੁਆਰਾ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਆਪਣੇ ਪ੍ਰਤੀਨਿਧ ਤੇ ਅਹੁਦੇਦਾਰਾਂ ਨੂੰ ਸਪਾਈਨਲੈੱਸ ਕਰਨ ਨਾਲ ਹੈ। (ਜਾਂ ਉਹਨਾਂ ਵਿਚੋਂ ਗੌਰਵ ਨਾਂ ਦੀ ਚੀਜ਼ ਕੱਢਣ ਨਾਲ ਹੈ)। ਜਿਹੜੀ ਹੋਂਦ ਕਿਸੇ ਵੀ ਕੌਮ ਨੇ ਸਦੀਆਂ ਦੀ ਘਾਲਣਾ ਦੁਆਰਾ ਸਥਾਪਿਤ ਕੀਤੀ ਹੁੰਦੀ ਹੈ, ਜੇਕਰ ਕੋਈ ਪ੍ਰਤੀਨਿਧ ਜਾਂ ਅਹੁਦੇਦਾਰ ਇਸਟੈਬਲਿਸ਼ਮੈਂਟ ਅੱਗੇ ਸਿਰ ਚੁੱਕਣ ਦੀ ਕੋਸਿ਼ਸ਼ (ਹਿੰਮਤ) ਕਰਦਾ ਹੈ ਤਾਂ ਉਸ ਵਿਚੋਂ ਇਸਟੈਬਲਿਸ਼ਮੈਂਟ ਦੁਆਰਾ ਸਪਾਈਨ ਕੱਢ ਦਿੱਤੀ ਜਾਂਦੀ ਹੈ ਜਾਂ ਸਪਾਈਨ ਕੱਢਣ ਦੀ ਕੋਸਿ਼ਸ਼ ਕੀਤੀ ਜਾਂਦੀ ਹੈ ਜਾਂ ਫਿਰ ਉਸਨੂੰ ਮਿਟਾ ਹੀ ਦਿੱਤਾ ਜਾਂਦਾ ਹੈ। ਇਸਟੈਬਲਿਸ਼ਮੈਂਟ ਦੁਆਰਾ ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਤੋਂ ਮੁਲਕ (ਦੇਸ਼) ਦੇ ਸਿਸਟਮ ਨੂੰ ਕੋਈ ਖ਼ਤਰਾ ਨਾ ਹੋਵੇ ਅਤੇ ਆਉਣ ਵਾਲੀ ਨਵੀਂ ਪੀੜ੍ਹੀ ਸਿਸਟਮ ਦੇ ਮੁੱਲ ਵਿਧਾਨ ਅਨੁਸਾਰ ਚੱਲ ਕੇ ਇਸਟੈਬਲਿਸ਼ਮੈਂਟ ਦੀ ਹੋਂਦ ਨੂੰ ਹਮੇਸ਼ਾ ਕਾਇਮ ਰੱਖ ਸਕੇ। ਇਸ ਤਰ੍ਹਾਂ ਇਹ ਨਾਵਲ ਇਸਟੈਬਲਿਸ਼ਮੈਂਟ ਦੁਆਰਾ ‘ਕੇਂਦਰ‘ ਦੀ ਥਾਂ ‘ਹਾਸ਼ੀਏ‘ ‘ਤੇ ਵਿਚਰਦੇ ਘੱਟ ਗਿਣਤੀ ਨਾਲ ਸੰਬੰਧਿਤ ਗੌਰਵਸ਼ਾਲੀ ਮਨੁੱਖ ਦੇ ਸੰਘਰਸ਼ ਭਰੇ ਜੀਵਨ ਦੇ ਕਥਾ- ਬਿਰਤਾਂਤ ਦੀ ਉਸਾਰੀ ਕਰਦਾ ਹੈ।

ਨਾਵਲ ਵਿਚਲੀ ਕਥਾ- ਵਸਤੂ ਦੇ ਘਟਨਾ ਕ੍ਰਮ ਅਨੁਸਾਰ ਇਸ ਨਾਵਲ ਦਾ ਮੁੱਖ ਪਾਤਰ ਹਿਰਦੇਪਾਲ ਆਪਣੇ ਭਵਿੱਖ-ਮੁੱਖੀ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੇ ਵਿਦਿਆਰਥੀ ਜੀਵਨ ਕਾਲ ਦੌਰਾਨ ਹੱਦ ਤੋਂ ਵੱਧ ਮਿਹਨਤ ਕਰਕੇ, ਚੰਗੇ ਗਰੇਡ ਪ੍ਰਾਪਤ ਕਰਕੇ ਆਸਟਿਨ ਯੂਨੀਵਰਸਿਟੀ ਵਿਚੋਂ ਸਾਲਿਸਟਰ ਦਾ ਕੋਰਸ ਫਸਟ ਡਵੀਜ਼ਨ ਵਿਚ ਪਾਸ ਕਰਕੇ ਸੀ.ਪੀ.ਐੱਸ.ਡਿਪਾਰਟਮੈਂਟ ਦੀ ਮਿਡਲੈਂਡ ਡਿਵੀਜ਼ਨ, ਬਰਮਿੰਘਮ ਵਿਚ ਪਬਲਿਕ ਪਰੋਸੀਕਿਊਟਰ ਦੀ ਪਦਵੀ (ਪੋਸਟ) ਲਈ ਅਪਲਾਈ ਕਰਦਾ ਹੈ। ਇਸਦਾ ਕਾਰਨ ਹਿਰਦੇਪਾਲ ਨੂੰ ਡਿਵੀਜ਼ਨ ਦੇ ਚੀਫ਼ ਡੇਵਿਡ ਫੋਸਟਰ ‘ਤੇ ਲੋਹੜੇ ਦਾ ਭਰੋਸਾ ਹੈ, ਕਿਉਂਕਿ ਡੇਵਿਡ ਫੋਸਟਰ ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਨੂੰ ਦਿੱਤੇ ਭਾਸ਼ਣਾਂ ਵਿਚ ਆਪਣੇ ਆਪ ਨੂੰ ਰੰਗ, ਨਸਲ, ਸੈਕਸ ਆਦਿ ਵਰਗੇ ਭੇਦ-ਭਾਵਾਂ ਤੋਂ ਉੱਪਰ ਉੱਠਿਆ ਦੱਸਦਾ ਹੈ। ਦੂਜਾ ਹਿਰਦੇਪਾਲ ਨੂੰ ਬਰਤਾਨਵੀ ਇਸਟੈਬਲਿਸ਼ਮੈਂਟ ਉੱਪਰ ਵੀ ਹੱਦ ਤੋਂ ਵੱਧ ਭਰੋਸਾ ਹੈ। ਬਰਤਾਨਵੀ ਇਸਟੈਬਲਿਸ਼ਮੈਂਟ ਉੱਪਰ ਹੱਦ ਤੋਂ ਵੱਧ ਭਰੋਸਾ ਹੋਣ ਦੇ ਬਾਵਜੂਦ ਹਿਰਦੇਪਾਲ ਵਿਦਿਆਰਥੀ ਜੀਵਨ ਕਾਲ ਦੌਰਾਨ ਆਪਣੇ ਭਾਰਤੀ ਮੂਲ ਦੇ ਅਧਿਆਪਕ ਦਿਲਬੀਰ ਅਤੇ ਪ੍ਰੋ. ਮੁਹੰਮਦ ਰਜ਼ਾ ਦੁਆਰਾ ਦਿੱਤੇ ਸੁਝਾਵਾਂ ਤੋਂ ਪ੍ਰੇਰਿਤ ਹੋ ਕੇ ਵੀ ਭਵਿੱਖ ਵਿਚ ਡਿਸਕਰੀਮੀਨੇਸ਼ਨ (ਨਸਲੀ ਭੇਦ-ਭਾਵ) ਦੇ ਵਿਰੁੱਧ ਲੜਾਈ ਲੜਨ ਲਈ ਤਿਆਰ ਰਹਿੰਦਾ ਹੈ।

ਬਰਤਾਨਵੀ ਸਰਕਾਰ ਦੀ ਡਿਸਕਰੀਮੀਨੇਸ਼ਨ ਦੀ ਨੀਤੀ ਪਿੱਛੇ ਛੁਪੇ ਅਸਲੀ ਹਿਡਨ ਏਜੰਡੇ ਨੂੰ ਲੇਖਕ ਨੇ ਆਪਣੇ ਨਾਵਲ ਦੇ ਸ਼ੁਰੂ ਵਿਚ ਹੀ ਭਾਰਤੀ ਮੂਲ ਦੇ ਅਧਿਆਪਕ ਦਿਲਬੀਰ ਅਤੇ ਹਿਰਦੇਪਾਲ ਦੇ ਵਾਰਤਾਲਾਪ ਦੁਆਰਾ ਪਾਠਕਾਂ ਦੇ ਰੂ-ਬ-ਰੂ ਕਰਕੇ ਆਪਣੇ ਨਾਵਲ ਦੀ ਮੁੱਖ-ਕਥਾ (ਮੁੱਖ-ਮਸਲੇ) ਜਾਂ ਮੁੱਖ ਸਮੱਸਿਆ ਵੱਲ ਸੰਕੇਤ ਕੀਤਾ ਹੈ ਕਿ ਨਸਲਵਾਦੀ ਵਿਤਕਰੇ ਵਰਗੇ ਭੇਦਭਾਵ ਨੂੰ ਤਾਂ ਇਸਟੈਬਲਿਸ਼ਮੈਂਟ ਸਿਰਫ਼ ਆਪਣੇ ਫਾਇਦੇ ਲਈ ਹਥਿਆਰ ਦੇ ਤੌਰ ‘ਤੇ ਹੀ ਵਰਤਦੀ ਹੈ ਜਦਕਿ ਇਸਟੈਬਲਿਸ਼ਮੈਂਟ ਦੀ ਅਸਲ ਨੀਤੀ : “ਜੇ ਇਸਟੈਬਲਿਸ਼ਮੈਂਟ ਦੀ ਪਰਿਭਾਸ਼ਾ ਕਰਨੀ ਹੋਵੇ ਤਾਂ ਮੈਂ ਕਹਾਂਗਾ ਕਿ ਉਹ ਬੁੱਤ-ਪੂਜਕ ਹੁੰਦੀ ਹੈ। ਦੂਜੇ ਸ਼ਬਦਾਂ ‘ਚ ਉਹ ਆਪਣੇ ਤੋਂ ਵੱਡੇ ਸ਼ਾਸ਼ਕ ਜਾਂ ਲੀਡਰ ਦੀ ਪੂਜਾ ਕਰਦੀ ਏ ਤੇ ਛੋਟੇ ਕੋਲੋਂ ਕਰਵਾਉਂਦੀ ਏ। ਇਸ ਮੰਤਵ ਲਈ ਉਹ ਅਜਿਹੇ ਹਥਿਆਰਾਂ ਦੀ ਖੁੱਲ੍ਹ ਕੇ ਵਰਤੋਂ ਕਰਦੀ ਏ।”1

ਜਦ ਹਿਰਦੇਪਾਲ ਨੂੰ ਹੈੱਡ ਆਫਿਸ ਦੀ ਥਾਂ ਸਟੋਕ-ਓਨ-ਟ੍ਰੈਂਟ ਬ੍ਰਾਂਚ ਵਿਚ ਪਰੋਸੀਕਿਊਟਰ ਬਣਾ ਦਿੱਤਾ ਜਾਂਦਾ ਹੈ ਤਾਂ ਉਹ ਆਪਣੀ ਮਿਹਨਤ,ਇਮਾਨਦਾਰੀ ਅਤੇ ਕਾਬਲੀਅਤ ਸਦਕਾ ਬ੍ਰਾਂਚ ਦਾ ਇਕ ਕਾਬਿਲ ਵਕੀਲ ਹੁੰਦਾ ਹੈ। ਦੂਸਰਾ ਹਿਰਦੇਪਾਲ ਆਪਣੇ ਅਫ਼ਸਰਾਂ ਦੀ ਖੁਸ਼ਾਮਦ ਕਰਨ ਦੀ ਥਾਂ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਿਚ ਵਿਸ਼ਵਾਸ਼ ਰੱਖਦਾ ਹੈ। ਹਿਰਦੇਪਾਲ ਦੇ ਮੈਨੇਜਰ ਐਡਵਰਡ ਰੀਵਜ਼ ਨੂੰ ਪਹਿਲਾਂ ਪਹਿਲ ਤਾਂ ਹਿਰਦੇਪਾਲ ਦਾ ਅਜਿਹਾ ਕਰਨਾ ਸਭ ਕੁਝ ਠੀਕ ਲਗਦਾ ਹੈ ਪਰ ਥੋੜ੍ਹੇ ਸਮੇਂ ਬਾਅਦ ਐਡਵਰਡ ਰੀਵਜ਼ ਦੇ ਨਾਲ-ਨਾਲ ਹੈੱਡ ਆਫਿਸ ਦੇ ਮੈਨੇਜਰ ਫੋਸਟਰ ਨੂੰ ਵੀ ਹਿਰਦੇਪਾਲ ਵਰਗੇ ਕਾਬਿਲ ਪਰੋਸੀਕਿਊਟਰ ਕਾਰਨ ਆਪਣੀ ਕੁਰਸੀ ਖੁਸਣ ਦਾ ਡਰ ਮਨ ਹੀ ਮਨ ਸਤਾਉਣ ਲਗਦਾ ਹੈ। ਇਹ ਦੋਵੇਂ ਅੰਗਰੇਜ਼ ਅਫਸਰ ਹਿਰਦੇਪਾਲ ਨੂੰ ਕਿਸੇ ਵੀ ਤਰ੍ਹਾਂ ਸਪਾਈਨਲੈੱਸ ਕਰਕੇ ਤਰੱਕੀ ਦੀ ਪੌੜੀ ਚੜ੍ਹਨ ਤੋਂ ਰੋਕਣ ਲਈ ਹਰ ਤਰ੍ਹਾਂ ਦੇ ਹੱਥ ਕੰਡੇ ਅਪਣਾਉਣੇ ਸ਼ੁਰੂ ਕਰ ਦਿੰਦੇ ਹਨ। ਜਿਵੇਂ ਐਡਵਰਡ ਰੀਵਜ਼ ਦੁਆਰਾ ਹਿਰਦੇਪਾਲ ਨਾਲ ਜੁੜੇ ਯੂਨੀਅਰ ਪਰੋਸੀਕਿਊਟਰਾਂ ਨੂੰ ਤੋੜਨਾ, ਹਿਰਦੇਪਾਲ ਦੀਆਂ ਰਿਪੋਰਟਾਂ ਘਟੀਆ ਲਿਖਣਾ ਤੇ ਉਸ ਨੂੰ ਸੀ ਗਰੇਡ ਦੇਣਾ, ਹਿਰਦੇਪਾਲ ਨੂੰ ਹਰ ਤਰ੍ਹਾਂ (ਪੈਸੇ ਆਦਿ) ਦਾ ਲਾਲਚ ਦੇਣਾ ਆਦਿ। ਪਰ ਹਿਰਦੇਪਾਲ ਅੰਦਰ ਗੌਰਵ ਨਾਂ ਦੀ ਚੀਜ਼ ਹੋਣ ਕਾਰਨ ਐਡਵਰਡ ਰੀਵਜ਼ ਦੀਆਂ ਇਨ੍ਹਾਂ ਘਿਨੌਣੀਆਂ ਹਰਕਤਾਂ ਦੀ ਪਰਵਾਹ ਨਾ ਕਰਦੇ ਹੋਏ ਦਿੱਤੇ ਜਾਂਦੇ ਕਿਸੇ ਵੀ ਤਰ੍ਹਾਂ ਦੇ ਲਾਲਚ ਨੂੰ ਸਵੀਕਾਰ ਨਹੀਂ ਕਰਦਾ।

ਇੱਥੇ ਲੇਖਕ ਨੇ ਹਿਰਦੇਪਾਲ ਨੂੰ ਐਡਵਰਡ ਰੀਵਜ਼ ਦੁਆਰਾ ਦਿੱਤੇ ਜਾਂਦੇ ਕਿਸੇ ਵੀ ਤਰ੍ਹਾਂ ਦੇ ਲਾਲਚ ਨੂੰ ਸਵੀਕਾਰ ਨਾ ਕਰਨ ਵਾਲਾ ਦ੍ਰਿਸ਼ ਸਿਰਜ ਕੇ ਇੰਡੀਅਨ ਲੋਕਾਂ ਪ੍ਰਤੀ ਇੰਗਲੈਂਡ ਦੇ ਮੂਲ ਨਿਵਾਸੀਆਂ ਦੇ ਮਨ ਅੰਦਰ ਪਲਦੇ ਭਰਮ-ਭਾਰਤੀਆਂ ਦੀ ਪੈਸੇ ਅਤੇ ਤੀਵੀਂ ਪ੍ਰਤੀ ਭੁੱਖ ਆਦਿ ਨੂੰ ਟੁੱਟਦਿਆਂ ਵੀ ਦਿਖਾਇਆ ਹੈ।

ਜਦ ਐਡਵਰਡ ਰੀਵਜ਼ ਹਿਰਦੇਪਾਲ ਦੀ ਥਾਂ ਸਪਾਈਨਲੈੱਸ,ਨਿਕੰਮੇ ਅਤੇ ਯੂਨੀਅਰ ਪਰੋਸੀਕਿਊਟਰ ਐਂਡਰੀਊ ਸਮਿੱਥ ਨੂੰ ਸੀਨੀਅਰ ਪਰੋਸੀਕਿਊਟਰ ਬਣਾ ਦਿੰਦਾ ਹੈ ਤਦ ਹਿਰਦੇਪਾਲ ਦਾ ਬਰਤਾਨਵੀ ਇਸਟੈਬਲਿਸ਼ਮੈਂਟ ਵਿਚ ਬਣਿਆ ਵਿਸ਼ਵਾਸ਼ ਟੁੱਟਣ ਦੇ ਨਾਲ ਹੀ ਯੂਨੀਅਨ (ਜਿਸ ਦਾ ਹਰ ਮੈਂਬਰ/ ਪ੍ਰਤੀਨਿਧ ਤੇ ਅਹੁਦੇਦਾਰ ਮੈਨੇਜਮੈਂਟ ਦੁਆਰਾ ਹੀ ਚੁਣਿਆ ਜਾਂਦਾ ਹੈ) ਅਤੇ ਮੈਨੇਜਮੈਂਟ ਵੀ ਇੱਕੋ ਸਿੱਕੇ ਦੇ ਪੁੱਠ-ਸਿੱਧ ਜਾਪਦੇ ਹਨ ਕਿਉਂਕਿ ਹਿਰਦੇਪਾਲ ਦੁਆਰਾ ਆਪਣੇ ਨਾਲ ਹੋਈ ਨਾ-ਇਨਸਾਫੀ ਦੀ ਸਿ਼ਕਾਇਤ ਯੂਨੀਅਨ ਦੇ ਸੌਪ-ਸਟੂਅਰਡ ਕ੍ਰਿਸਟ ਕਲੌਜ ਨੂੰ ਕਰਨ ‘ਤੇ ਉਹ ਕੁਝ ਵੀ ਨਾ ਕਰ ਸਕਣ ਦੀ ਲਾਚਾਰੀ ਪ੍ਰਗਟਾਉਂਦਾ ਹੈ। ਹਿਰਦੇਪਾਲ ਆਪਣੇ ਇਸ ਕੇਸ ਬਾਰੇ ਹਰਮੀਤ ਨਾਲ ਗੱਲ ਕਰਦਾ ਹੈ ਤਾਂ ਉਹ ਵੀ ਹਰ ਦੇਸ਼ ਦੀ ਇਸਟੈਬਲਿਸ਼ਮੈਂਟ ਦੇ ਕਿਰਦਾਰ ਤੋਂ ਹਿਰਦੇਪਾਲ ਨੂੰ ਜਾਣੂ ਕਰਵਾਉਂਦੀ ਹੋਈ ਆਖਦੀ ਹੈ :-
“ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਇੰਨਾ ਸਿਆਣਾ ਹੋ ਕੇ ਵੀ ਤੂੰ ਇਹ ਗੱਲ ਕਿਸ ਤਰ੍ਹਾਂ ਭੁੱਲ ਗਿਆ ਕਿ ਇਸਟੈਬਲਿਸ਼ਮੈਂਟ, ਇਸਟੈਬਲਿਸ਼ਮੈਂਟ ਹੀ ਹੁੰਦੀ ਏ। ਉਹਦਾ ਨਾ ਕੋਈ ਧਰਮ ਹੁੰਦਾ, ਨਾ ਰੰਗ, ਨਾ ਦੇਸ਼ ਤੇ ਨਾ ਕੋਈ ਰੂਪ। ਦੁਨੀਆਂ ਦੇ ਹਰ ਮੁਲਕ, ਹਰ ਖਿੱਤੇ ‘ਚ ਉਹਦਾ ਇਕੋ ਰੰਗ ਹੀ ਹੁੰਦਾ ਏ, ਇਕੋ ਹੀ ਸੁਭਾਅ ਏ। ਇਕੋ ਹੀ ਰੂਪ ਏ। ਤੇ ਉਹ ਏ, ਆਪਣੇ ਆਲੇ-ਦੁਆਲੇ ਜੁੜੇ ਬੰਦਿਆਂ ਨੂੰ ਸਪਾਈਨਲੈੱਸ ਕਰਨਾ। ਕੁਰਸੀ ਦੀ ਪੂਜਾ ਕਰਨੀ, ਕਰਵਾਉਣੀ। ਬੱਸ।”2

ਹਿਰਦੇਪਾਲ ਐਂਡਰੀਊ ਸਮਿੱਥ ਦੁਆਰਾ ਫੋਨ ਅਤੇ ਖ਼ਤਾਂ ਰਾਹੀਂ ਹਰ ਤਰ੍ਹਾਂ ਦੀ ਧਮਕੀ ਦੇਣ ਦੇ ਬਾਵਜੂਦ ਐਡਵਰਡ ਰੀਵਜ਼ ਦੁਆਰਾ ਦਿੱਤੀ ਜਾਂਦੀ ਕਿਸੇ ਵੀ ਤਰ੍ਹਾਂ ਦੀ ਪੇਸ਼ਕਸ਼ ਨੂੰ ਠੁਕਰਾ ਕੇ ਆਪਣੇ ਕੇਸ ਨੂੰ ਇੰਪਲਾਇਮੈਂਟ ਕੋਰਟ ਵਿਚ ਲਿਜਾਣ ਬਾਰੇ ਯੂਨੀਅਨ ਦੇ ਸੌਪ-ਸਟੂਅਰਡ ਕ੍ਰਿਸਟ ਕਲੋਜ ਨਾਲ ਸਲਾਹ ਕਰਦਾ ਹੈ ਤਾਂ ਕ੍ਰਿਸਟ ਕਲੋਜ ਵੀ ਇਸਟੈਬਲਿਸ਼ਲਮੈਂਟ ਦਾ ਹੀ ਇੱਕ ਅੰਗ ਹੋਣ ਕਾਰਨ ਆਪਣੇ ਮੂੰਹੋਂ ਕੁਝ ਨਾ ਕਹਿ ਕੇ ਮਨ ਹੀ ਮਨ ਹਿਰਦੇਪਾਲ ਨੂੰ ਸੰਸਾਰ ਪੱਧਰ ਦੀ ਇਸਟੈਬਲਿਸ਼ਲਮੈਂਟ ਦੇ ਅਸਲੀ ਮੰਤਵ ਬਾਰੇ ਸਮਝਾਉਂਦਾ ਹੈ :-
“ਮਿਸਟਰ ਡਿਲਨ, ਤੂੰ ਵਕੀਲ ਠੀਕ ਬੜਾ ਵਧੀਆ ਏਂ। ਪਰ ਜਾਪਦਾ ਏ, ਤੈਨੂੰ ਇਸਟੈਬਲਿਸਲਮੈਂਟ ਦੀ ਖਾਸੀਅਤ ਦੀ ਏ. ਬੀ. ਸੀ. ਵੀ ਨਹੀਂ ਆਉਂਦੀ। ਇਹ ਬਰਤਾਨਵੀ ਇਸਟੈਬਲਿਸ਼ਮੈਂਟ ਦੀ ਖਾਸੀਅਤ ਹੀ ਨਹੀਂ, ਸੰਸਾਰ ਦੀ ਹਰ ਇਸਟੈਬਲਿਸ਼ਟਮੈਂਟ ਦਾ ਇਹੀ ਖਾਸਾ ਹੈ। ਉਹ ਬੇਸ਼ੱਕ ਸਿਆਸੀ ਇਸਟੈਬਲਿਸ਼ਮੈਂਟ ਹੋਵੇ, ਚਾਹੇ ਸਮਾਜਿਕ ਜਾਂ ਕਿਸੇ ਕਿਸਮ ਦੀ ਕੋਈ ਹੋਵੇ ਉਹਦਾ ਮਨੋਰਥ ਬੰਦੇ ‘ਚੋਂ ਗੌਰਵ ਨਾਂ ਦੀ ਚੀਜ਼ ਕੱਢਣਾ ਤੇ ਉਹਨੂੰ ਮਸ਼ੀਨ ਬਣਾਉਣਾ ਹੁੰਦਾ ਏ। ਤੂੰ ਬੰਦੇ ਨੂੰ ਸਪਾਈਨਲੈੱਸ ਕਰਨਾ ਵੀ ਕਹਿ ਸਕਦਾ ਏਂ।”3

ਐਡਵਰਡ ਰੀਵਜ਼ ਨਾਲੋਂ ਵੀ ਵੱਧ ਫੋਸਟਰ ਦੇ ਮਨ ਅੰਦਰ ਹਿਰਦੇਪਾਲ ਦੁਆਰਾ ਕੁਰਸੀ ਖੋਹ ਲਏ ਜਾਣ ਵਾਲੇ ਡਰ ਕਾਰਨ ਅਤੇ ਹਿਰਦੇਪਾਲ ਨੂੰ ਕੇਂਦਰ ਦੀ ਥਾਂ ਹਾਸ਼ੀਏ ‘ਤੇ ਰੱਖਣ ਵਾਲੀ ਆਪਣੀ ਸਾਜਿਸ਼ ਮੁਤਾਬਿਕ ਫੋਸਟਰ ਹਿਰਦੇਪਾਲ ਨੂੰ ਬ੍ਰਾਂਚ ਵਿਚੋਂ ਆਪਣੇ ਹੈੱਡ ਆਫਿਸ ਤਾਂ ਲੈ ਜਾਂਦਾ ਹੈ। ਪਰ ਅੱਠ-ਨੌਂ ਮਹੀਨੇ ਬੀਤ ਜਾਣ ਦੇ ਬਾਅਦ, ਹੈੱਡ ਆਫਿਸ ਵਿਚ ਸੀਨੀਅਰ ਪਰੋਸੀਕਿਊਟਰ ਦੀ ਆਸਾਮੀ ਖਾਲੀ ਹੋਣ ਦੇ ਬਾਵਜੂਦ ਵੀ ਫੋਸਟਰ ਹਿਰਦੇਪਾਲ ਨੂੰ ਸੀਨੀਅਰ ਪਰੋਸੀਕਿਊਟਰ ਨਹੀਂ ਬਣਾਉਂਦਾ। ਤਦ ਹਿਰਦੇਪਾਲ ਯੂਨੀਅਨ ਦੇ ਨਵੇਂ ਸੌਪ-ਸਟੂਅਰਡ ਰੋਨ ਫਰੇਜਰ ਕੋਲੋਂ ਆਪਣਾ ਕੇਸ ਇੰਪਲਾਇਮੈਂਟ ਕੋਰਟ ਵਿਚ ਲਿਜਾਣ ਦੀ ਸਲਾਹ ਲੈਂਦਾ ਹੈ ਤਾਂ ਉਹ ਵੀ ਉਸ ਦੇ ਇਸ ਕੇਸ ਪਿੱਛੇ ਕਿਸੇ ਇੱਕ ਬੰਦੇ ਦਾ ਨਹੀਂ ਸਗੋਂ ਪੂਰੀ ਇਸਟੈਬਲਿਸ਼ਮੈਂਟ ਦਾ ਹੱਥ ਹੋਣ ਵੱਲ ਸੰਕੇਤ ਕਰਦਾ ਹੋਇਆ ਕਹਿੰਦਾ ਹੈ :-“ਫੋਸਟਰ ਇੱਕ ਬੰਦਾ ਨਹੀਂ, ਮਿਸਟਰ ਡਿਲਨ। ਜੇ ਉਹ ਇੱਕ ਹੁੰਦਾ ਤਾਂ ਤੁਸੀਂ ਉਹਦੇ ਨਾਲ ਲੜ ਸਕਦੇ ਸੀ।”4

“ਉਹ ਇੱਕ ਬੰਦਾ ਨਹੀਂ ਸਗੋਂ ਬਰਤਾਨਵੀ ਇਸਟੈਬਲਿਸ਼ਮੈਂਟ ਦਾ ਪ੍ਰਤੀਕ ਏ, ਮਿਸਟਰ ਡਿਲਨ।”5

ਰੋਨ ਫਰੇਜ਼ਰ ਇਸਟੈਬਲਿਸ਼ਮੈਂਟ ਦਾ ਅੰਗ ਹੋਣ ਦੇ ਬਾਵਜੂਦ ਹਿਰਦੇਪਾਲ ਨੂੰ ਲੇਬਰ ਸਰਕਾਰ ਦੁਆਰਾ ਸਥਾਪਿਤ ਕੀਤੀ ਕਮਿਸ਼ਨ ਫੋਰ ਰੇਸ਼ੀਅਲ ਇਕੁਅਲਟੀ (ਸੀ. ਆਰ. ਈ.) ਦੀ ਮੱਦਦ ਨਾਲ ਆਪਣਾ ਕੇਸ ਲੜਨ ਦੀ ਸਲਾਹ ਦਿੰਦਾ ਹੈ ਅਤੇ ਲੋੜ ਪੈਣ ‘ਤੇ ਹਰ ਤਰ੍ਹਾਂ ਦੀ ਸਹਾਇਤਾ ਕਰਨ ਦਾ ਵਾਅਦਾ ਵੀ ਕਰਦਾ ਹੈ। ਇੱਧਰ ਐਡਵਰਡ ਰੀਵਜ਼ ਅਤੇ ਫੋਸਟਰ ਆਪਣੀ ਸਾਜਿਸ਼ ਮੁਤਾਬਿਕ ਕੋਰਟ ਵਿਚ ਨਸਲਵਾਦ ਵਰਗੇ ਭੇਦ-ਭਾਵ ਦੇ ਸਬੂਤ ਨੂੰ ਮਿਟਾਉਣ ਲਈ ਕਮਜ਼ੋਰ ਸਪਾਈਨ ਵਾਲੇ ਅਖ਼ਤਰ ਕਾਸਮੀ ਨੂੰ ਬ੍ਰਾਂਚ ਦਾ ਸੀਨੀਅਰ ਪਬਲਿਕ ਪਰੋਸੀਕਿਊਟਰ ਬਣਾਉਂਦੇ ਹਨ। ਉੱਧਰ ਹਿਰਦੇਪਾਲ ਦਾ ਦੋਸਤ ਟੀ. ਵੀ. ਚੈਨਲ ਰਿਪੋਰਟਰ ਟੌਮ ਸਟੀਵਨਜ਼ ਇੰਗਲੈਂਡ ਦੀ ਨਿਆਂ ਪ੍ਰਣਾਲੀ ਦੀ ਸੁੱਚਤਾ ਸੰਬੰਧੀ ਭੁਲੇਖਾ ਜੋ ਹਿਰਦੇਪਾਲ ਵਰਗੇ ਆਮ ਸਾਧਾਰਣ ਲੋਕਾਂ ਦੇ ਮਨ ਵਿਚ ਬਣਿਆ ਹੋਇਆ ਹੈ ਕਿ ਇੰਗਲੈਂਡ ਦਾ ਕਾਨੂੰਨੀ-ਪ੍ਰਬੰਧ ਕਿਸੇ ਵੀ ਸੱਤਾਧਾਰੀ (ਸਿਆਸੀ ਤੇ ਗੈਰ-ਸਿਆਸੀ) ਪ੍ਰੈਸ਼ਰ ਦੀ ਪ੍ਰਵਾਹ ਨਾ ਕਰਦਾ ਹੋਇਆ ਆਮ ਸਾਧਾਰਣ ਲੋਕਾਂ ਦੇ ਹੱਕ ਵਿਚ ਹੀ ਖੜ੍ਹਦਾ ਹੈ, ਨੂੰ ਦੂਰ ਕਰਦਾ ਹੋਇਆ ਦੇਸ਼ ਦੀ ਆਮ ਜਨਤਾ ਨੂੰ ਇਸ ਸੰਬੰਧ ਵਿਚ ਸੁਚੇਤ ਕਰਦਾ ਹੈ ਕਿ ਇੰਗਲੈਂਡ ਦਾ ਕਾਨੂੰਨੀ-ਪ੍ਰਬੰਧ ਹਿਰਦੇਪਾਲ ਵਰਗੇ ਸਾਧਾਰਣ ਮਨੁੱਖ ਲਈ ਮਹਿੰਗਾ ਹੋਣ ਦੇ ਨਾਲ-ਨਾਲ ਸੱਤਾਧਾਰੀ ਅਮੀਰ ਵਰਗ ਦੇ ਹੱਥਾਂ ਦੀ ਕੱਠਪੁਤਲੀ ਬਣ ਕੇ ਉਨ੍ਹਾਂ ਦੇ ਹੱਕਾਂ ਦੀ ਹੀ ਤਰਜ਼ਮਾਨੀ ਕਰਦਾ ਹੈ।

ਟੌਮ ਸਟੀਵਨਜ਼ ਰੋਨ ਫਰੇਜ਼ਰ ਦੀ ਮੌਜੂਦਗੀ ਵਿਚ ਹਿਰਦੇਪਾਲ ਨੂੰ ਇੰਗਲੈਂਡ ਦੀ ਕਾਨੂੰਨੀ ਵਿਵਸਥਾ ਕੁਰੱਪਟਡ (ਭ੍ਰਿਸ਼ਟ) ਹੋਣ ਕਾਰਨ ਆਪਣਾ ਕੇਸ ਬਰੌਡਕਾਸਟ ਕਰਨ ਦੀ ਸਲਾਹ ਦਿੰਦਾ ਹੈ ਤਾਂ ਸੌਪ-ਸਟੂਅਰਡ ਰੋਨ ਫਰੇਜ਼ਰ ਰਿਪੋਰਟਰ ਸਟੀਵਨਜ਼ ਨੂੰ ਇਸਟੈਬਲਿਸ਼ਮੈਂਟ ਦੇ ਅਸਲੀ ਮੰਤਵ ਬਾਰੇ ਸਮਝਾਉਂਦਾ ਹੈ ਕਿ ਇਸਟੈਬਲਿਸ਼ਮੈਂਟ ਨੂੰ ਰੰਗ, ਨਸਲ ਜਾਂ ਸੈਕਸ ਵਰਗੇ ਭੇਦ-ਭਾਵ ਜਾਂ ਕਿਸੇ ਹੋਰ ਚੀਜ਼ ਨਾਲ ਕੋਈ ਮਤਲਬ ਨਹੀਂ ਹੁੰਦਾ। ਉਸਨੂੰ ਤਾਂ ਸਿਰਫ਼ ਪਾਵਰ ਹਥਿਆਉਣ ਲਈ ਬੰਦੇ ਦੀ ਸਪਾਈਨ (ਗੌਰਵ) ਨਾਲ ਹੀ ਮਤਲਬ ਹੁੰਦਾ ਹੈ।

“ਮੈਂ ਗਲਤ ਵੀ ਹੋ ਸਕਦਾ ਹਾਂ। ਪਰ ਮੇਰੇ ਖਿਆਲ ‘ਚ ਇਸਟੈਬਲਿਸ਼ਮੈਂਟ ਪਾਵਰ ਨੂੰ ਜੱਫੀ ਮਾਰੀ ਰੱਖਣਾ ਚਾਹੁੰਦੀ ਹੈ। ਉਹਦੇ ਹੈੱਡ ਨੂੰ ਜਿਸ ਬੰਦੇ ਕੋਲੋਂ ਵੀ ਕਿਸੇ ਕਿਸਮ ਦਾ ਖ਼ਤਰਾ ਦਿਸਦਾ, ਉਹ ਉਹਨੂੰ ਸਪਾਈਨਲੈੱਸ ਕਰ ਦੇਣਾ ਚਾਹੁੰਦਾ ਏ ਜਾਂ ਕਿਸੇ ਢੰਗ-ਤਰੀਕੇ ਨਾਲ ਆਪਣੇ ਦਾਇਰੇ ‘ਚੋਂ ਕੱਢ ਦੇਣਾ ਲੋੜਦਾ ਏ। ਜੇ ਪੋਲ ਫੋਸਟਰ ਦੀ ਥਾਂ ਹੁੰਦਾ ਤਾਂ ਸ਼ਾਇਦ ਇਹ ਵੀ ਇਹੀ ਕੁਝ ਕਰਦਾ ਜੋ ਕੁਝ ਫੋਸਟਰ ਕਰ ਰਿਹਾ ਏ।”6

ਟੀ. ਵੀ. ਰਿਪੋਰਟਰ ਟੌਮ ਸਟੀਵਨਜ਼ ਜਿਸ ਕੋਲ ਮਨੁੱਖਤਾ, ਸਪਾਈਨ ਅਰਥਾਤ ਗੌਰਵ ਵਰਗੀਆਂ ਸਭ ਚੀਜ਼ਾਂ ਹਨ ਦੁਆਰਾ ਹਿਰਦੇਪਾਲ ਦੇ ਕੇਸ ਨੂੰ (ਹਿਰਦੇਪਾਲ ਦਾ ਨਾਂ ਮੈਨਸ਼ਨ ਕੀਤੇ ਬਿਨਾਂ) ਬਰੌਡਕਾਸਟ ਕਰਨ ਉਪਰੰਤ ਉਥੋਂ ਦੀ ਇਸਟੈਬਲਿਸ਼ਮੈਂਟ ਦੇ ਮੈਂਬਰ (ਅਟਾਰਨੀ ਜਨਰਲ, ਡਾਇਰੈਕਟਰ ਅਤੇ ਚੀਫ ਮੈਨੇਜਰ ਆਦਿ) ਸਭ ਇਸਨੂੰ ਆਪਣੀ ਅਰਥਾਤ ਆਪਣੀ ਇਸਟੈਬਲਿਸ਼ਮੈਂਟ ਦੀ ਇੱਜ਼ਤ ਮੀਡੀਏ ਦੇ ਹੱਥਾਂ ਵਿਚ ਜਾਣ ‘ਤੇ ਹੋਈ ਬੇਇੱਜ਼ਤੀ ਦਾ ਬਦਲਾ ਲੈਣ ਲਈ ਵੱਡੇ-ਵੱਡੇ ਰਾਜਨੀਤਿਕ ਲੀਡਰਾਂ ਤੋਂ ਦਬਾਅ ਪੁਆ ਕੇ ਸਟੀਵਨਜ਼ ਵਰਗੇ ਗੌਰਵਸ਼ਾਲੀ ਬੰਦੇ ਨੂੰ ਨੌਕਰੀ ਤੋਂ ਸਸਪੈਂਡ ਕਰਵਾ ਕੇ, ਉਸਨੂੰ ਹੱਦ ਤੋਂ ਵੱਧ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਕੇ ਪਾਗਲ ਹੋਣ ਦੀ ਸਥਿਤੀ ਤੱਕ ਪਹੁੰਚਾ ਦਿੰਦੇ ਹਨ।

ਨਾਵਲ ਵਿਚ ਟੌਮ ਸਟੀਵਨਜ਼ ਦੇ ਪਾਗਲ ਹੋਣ ਵਾਲੀ ਸਥਿਤੀ ਸਿਰਜ ਕੇ ਵੀ ਬਿਰਤਾਂਤਕਾਰ ਨੇ ਕਿਸੇ ਵੀ ਦੇਸ਼ ਦੀ ਇਸਟੈਬਲਿਸ਼ਮੈਂਟ ਦੇ ਕਰੂਰ ਯਥਾਰਥ ਨੂੰ ਹੀ ਪੇਸ਼ ਕੀਤਾ ਹੈ ਕਿ ਇਸਟੈਬਲਿਸ਼ਮੈਂਟ ਕਿਸੇ ਵੀ ਅਜਿਹੇ ਮਨੁੱਖ ਜਿਸ ਵਿਚ ਮਨੁੱਖਤਾ ਅਤੇ ਗੌਰਵ ਵਰਗੀ ਚੀਜ਼ ਹੋਵੇ ਜਾਂ ਜਿਸ ਕੋਲੋਂ ਉਸ ਨੂੰ ਖ਼ਤਰਾ ਮਹਿਸੂਸ ਹੋਵੇ ਅਤੇ ਜਿਹੜਾ ਮਨੁੱਖ ਇਸਟੈਬਲਿਸ਼ਮੈਂਟ ਦਾ ਅਸਲੀ ਚਿਹਰਾ (ਅਸਲੀ ਤਸਵੀਰ) ਆਮ ਜਨਤਾ ਸਾਹਮਣੇ ਲਿਆਉਣ ਦੀ ਕੋਸਿ਼ਸ਼ ਕਰੇ ਜਾਂ ਹਿੰਮਤ ਰੱਖਦਾ ਹੋਵੇ ਤਾਂ ਇਸਟੈਬਲਿਸ਼ਮੈਂਟ ਦੁਆਰਾ ਅਜਿਹੇ ਮਨੁੱਖ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ।

ਉਪਰੋਕਤ ਸਥਿਤੀ ਇਹ ਵੀ ਬਿਆਨ ਕਰਦੀ ਹੈ ਕਿ ਬਰਤਾਨਵੀ ਸਟੇਟ ਦੀਆਂ ਕਰੂਰ ਨੀਤੀਆਂ ਤੋਂ ਦੂਜੇ ਲੋਕ ਹੀ ਨਹੀਂ ਉਸਦੇ ਆਪਣੇ ਲੋਕ ਵੀ ਦੁਖੀ ਹਨ।

ਇਸਟੈਬਲਿਸ਼ਮੈਂਟ ਦੁਆਰਾ ਕਿਸੇ ਵੀ ਸਪਾਈਨ ਜਾਂ ਗੌਰਵ ਵਾਲੇ ਮਨੁੱਖ ਨੂੰ ਖ਼ਤਮ ਕਰ ਦਿੱਤੇ ਜਾਣ ਜਾਂ ਕੇਂਦਰ ਦੀ ਥਾਂ ਹਾਸ਼ੀਏ ‘ਤੇ ਰੱਖਣ ਵਾਲੀ ਨੀਤੀ ਤੋਂ ਜਾਣੂ ਹੋ ਚੁੱਕਾ ਅਤੇ ਆਪਣੇ ਗੌਰਵ ਜਾਂ ਸਪਾਈਨ ਨੂੰ ਬਰਕਰਾਰ ਰੱਖਣ ਲਈ ਹਿਰਦੇਪਾਲ, ਫੋਸਟਰ ਵੱਲੋਂ ਦਿੱਤੀ ਜਾਂਦੀ ਕਿਸੇ ਵੀ ਤਰ੍ਹਾਂ ਦੀ ਪੇਸ਼ਕਸ਼ ਨੂੰ ਸਵੀਕਾਰ ਨਹੀਂ ਕਰਦਾ ਤਾਂ ਫੋਸਟਰ ਹਿਰਦੇਪਾਲ ਦੇ ਕੇਸ ਨਾਲ ਜੁੜੇ ਹਰ ਮਨੁੱਖ (ਜਿਸ ਤੋਂ ਇਸਟੈਬਲਿਸ਼ਮੈਂਟ ਦੀ ਇੱਜ਼ਤ ਜਾਂ ਹੋਂਦ ਨੂੰ ਖ਼ਤਰਾ ਹੋਵੇ) ਡਰਾ-ਧਮਕਾ ਕੇ ਜਾਂ ਲਾਲਚ ਦੇ ਕੇ ਤੋੜਦਾ ਹੈ। ਪਰ ਕੁਝ ਇੱਕ ਇਨਸਾਨੀ ਹੈਸੀਅਤ ਦੇ ਮਾਲਕ ਸੈ਼ਰਨ ਕੈਲੀ ਵਰਗੇ ਪਾਤਰ ਜਿਨ੍ਹਾਂ ਕੋਲ ਇਨਸਾਨੀਅਤ ਅਤੇ ਮਨੁੱਖਤਾ ਨਾਂ ਦੀ ਚੀਜ਼ ਹੈ ਕਿਸੇ ਵੀ ਸਥਿਤੀ ਵਿਚ ਅਨਿਆਂ ਦੇ ਵਿਰੁੱਧ ਲੜਨ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ ਅਤੇ ਹਰ ਹੀਲੇ ਹਿਰਦੇਪਾਲ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਹਨ। ਪਰ ਫੋਸਟਰ ਵਰਗੇ ਗੈਰਤਮੰਦ ਇਨਸਾਨ ਅਜਿਹੇ ਪਾਤਰਾਂ ਵਿਚੋਂ ਇਨਸਾਨੀ ਹੈਸੀਅਤ ਖਤਮ ਕਰਨ ਦੇ ਨਜ਼ਰੀਏ ਨਾਲ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਹੀ ਤੱਤਪਰ ਰਹਿੰਦੇ ਹਨ।

ਹਿਰਦੇਪਾਲ ਦਾ ਬੈਰਿਸਟਰ ਕੌਲਿਨ ਮੌਰਿਸ ਜਿਹੜਾ ਕਿ ਇਸਟੈਬਲਿਸ਼ਮੈਂਟ ਦਾ ਹੀ ਅੰਗ ਹੈ ਅਟਾਰਨੀ ਜਨਰਲ ਰਿਚਰਡ ਗਿਲਮੌਰ ਵਰਗੇ ਲੀਡਰਾਂ ਦੁਆਰਾ ਕਰਾਊਨ ਕੋਰਟ ਦਾ ਜੱਜ ਬਣਾਉਣ ਦੀ ਕੀਤੀ ਪੇਸ਼ਕਸ਼ ਸਵੀਕਾਰ ਕਰ ਲੈਂਦਾ ਹੈ ਅਤੇ ਕੇਸ ਦੀ ਅਗਲੀ ਪੇਸ਼ੀ ਵਿਚ ਕੌਲਿਨ ਮੌਰਿਸ ਆਪਣੇ ਵਿਰੋਧੀ ਵਕੀਲ (ਫੋਸਟਰ ਦਾ ਵਕੀਲ) ਟੋਨੀ ਚੈਡਮੈਨ ਦੇ ਸਵਾਲ ਕੱਟਣੋਂ ਹੱਟ ਜਾਂਦਾ ਹੈ। ਇੰਪਲਾਇਮੈਂਟ ਕੋਰਟ ਦਾ ਚੇਅਰਮੈਨ ਵੀ ਵਿਰੋਧੀ ਵਕੀਲ ਟੋਨੀ ਚੈਡਮੈਨ ਨੂੰ ਸਵਾਲ ਪੁੱਛਣੋਂ ਹੱਟ ਜਾਂਦਾ ਹੈ। ਟੋਨੀ ਚੈਡਮੈਨ ਹਿਰਦੇਪਾਲ ਦੇ ਇਸ ਕੇਸ ਨੂੰ ਡਿਸਮਿਸ ਕਰਨ ਅਤੇ ਸੀ. ਪੀ. ਐੱਸ. ਡਿਪਾਰਟਮੈਂਟ ਨੂੰ ਹਿਰਦੇਪਾਲ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦੀ ਸਿਫਾਰਸ਼ ਜੱਜ ਅੱਗੇ ਰੱਖਦਾ ਹੈ।

ਇਸ ਤੋਂ ਬਾਅਦ ਫੋਸਟਰ ਨੂੰ ਸੌ ਪ੍ਰਤੀਸ਼ਤ ਜਿੱਤ ਪ੍ਰਾਪਤ ਹੋਣ ਦੇ ਬਾਵਜੂਦ ਉਸਨੂੰ ਆਪਣੇ ਮਨ ਅੰਦਰਲਾ ਇਹ ਡਰ ਕਿ ਜੇਕਰ ਇੰਪਲਾਇਮੈਂਟ ਕੋਰਟ ਦੇ ਜੱਜ ਨੇ ਹਿਰਦੇਪਾਲ ਨੂੰ ਨੌਕਰੀ ਤੋਂ ਬਰਖ਼ਾਸਤ ਨਾ ਕੀਤਾ, ਪਰੇਸ਼ਾਨ ਕਰਦਾ ਹੈ। ਅਜਿਹੀ ਸਥਿਤੀ ਵਿਚ ਫੋਸਟਰ ਹਿਰਦੇਪਾਲ ਦੀ ਯੂਨੀਵਰਸਿਟੀ ਪੜ੍ਹਦੇ ਸਮੇਂ ਦੀ ਕਲਾਸਫੈਲੋ ਜੈਕਮਿਲਬੋਰਨ ਕੋਲੋਂ ਉਸ ਉੱਪਰ ਪਹਿਲਾਂ ਰੇਪ ਕੇਸ ਪਰ ਡੀ. ਐੱਨ. ਏ. ਵਰਗੇ ਟੈਸਟ ਦੇ ਡਰ ਕਾਰਨ ਬਾਅਦ ਵਿਚ ਸੈਕਸੁਅਲੀ ਅਸੌਲਟ ਦਾ ਝੂਠਾ ਕੇਸ ਪੁਆਉਣ ਦਾ ਵਾਅਦਾ ਲੈ ਕੇ ਹਿਰਦੇਪਾਲ ਨੂੰ ਹੈੱਡ ਆਫਿਸ ਵਿਚੋਂ ਕੱਢਣ ਦੀ ਸਾਜਿਸ਼ ਜੈਕਮਿਲਬੋਰਨ ਦੀ ਸਹਾਇਤਾ ਨਾਲ ਘੜ੍ਹਦਾ ਹੈ। ਇਸ ਸਮੇਂ ਜੈਕਮਿਲਬੋਰਨ ਦੁਆਰਾ ਫੋਸਟਰ ਨੂੰ ਇਹ ਸਵਾਲ ਪੁੱਛੇ ਜਾਣ ‘ਤੇ ਕਿ ਇਸਟੈਬਲਿਸ਼ਮੈਂਟ ਨੂੰ ਹਿਰਦੇਪਾਲ ਕੋਲੋਂ ਖ਼ਤਰਾ ਕਿਸ ਤਰ੍ਹਾਂ ਹੋ ਸਕਦਾ ਹੈ ਤਾਂ ਫੋਸਟਰ ਜੈਕਮਿਲਬੋਰਨ ਨੂੰ ਇਸਟੈਬਲਿਸ਼ਮੈਂਟ ਦੀ ਹੋਂਦ ਸਥਾਪਤੀ ਦੇ ਜ਼ਰੂਰੀ ਕਾਰਨ ਦਲੀਲਾਂ ਦੇ ਕੇ ਸਮਝਾਉਂਦਾ ਹੋਇਆ ਇਸ ਦਾ ਕਾਰਨ ਹਿਰਦੇਪਾਲ ਦੀ ਸਪਾਈਨ ਨੂੰ ਹੀ ਦੱਸਦਾ ਹੈ :-
“ਮਤਲਬ, ਤੈਨੂੰ ਉਹਦੇ ਰੰਗ ਨਾਲ ਨਹੀਂ, ਉਹਦੀ ਸਪਾਈਨ ਨਾਲ ਦੁਸ਼ਮਣੀ ਏ? ਜੈਕਮਿਲਬੋਰਨ ਨੇ ਸਿੱਧਾ ਪ੍ਰਸ਼ਨ ਕੀਤਾ।”
“ਬੜੀ ਹੱਦ ਤੱਕ।”7

ਇੰਪਲਾਇਮੈਂਟ ਕੋਰਟ ਵਿਚ ਫੈਸਲੇ ਦੀ ਸੁਣਵਾਈ ਉਪਰੰਤ ਸਭ ਸਬੂਤਾਂ ਅਤੇ ਗਵਾਹਾਂ ਆਦਿ ਦਾ ਹਿਰਦੇਪਾਲ ਦੇ ਹੱਕ ਵਿਚ ਹੋਣ ਦੇ ਬਾਵਜੂਦ ਕੋਰਟ ਦੇ ਜੱਜ ਦੁਆਰਾ ਫੈਸਲਾ ਹਿਰਦੇਪਾਲ ਦੇ ਵਿਰੁੱਧ ਅਰਥਾਤ ਉਸ ਨਾਲ ਕਿਸੇ ਵੀ ਤਰ੍ਹਾਂ ਦਾ ਅਨਿਆਂ ਅਤੇ ਡਿਸਕਰੀਮੀਨੇਸ਼ਨ ਵਰਗਾ ਭੇਦਭਾਵ ਨਹੀਂ ਹੋਇਆ, ਸੁਣਾ ਦਿੱਤਾ ਜਾਂਦਾ ਹੈ। ਪਰ ਕੋਰਟ ਦੇ ਜੱਜ ਦੁਆਰਾ ਹਿਰਦੇਪਾਲ ਨੂੰ ਨੌਕਰੀ ਤੋਂ ਬਰਖ਼ਾਸਤ ਨਹੀਂ ਕੀਤਾ ਜਾਂਦਾ।

ਨਾਵਲ ਵਿਚ ਇੰਪਲਾਇਮੈਂਟ ਕੋਰਟ ਦੇ ਜੱਜ ਦੁਆਰਾ ਹਿਰਦੇਪਾਲ ਨੂੰ ਡਿਪਾਰਟਮੈਂਟ ਵਿਚੋਂ ਨਾ ਕੱਢਣ ਵਾਲੀ ਸਥਿਤੀ ਵੀ ਇਸੇ ਗੱਲ ਵੱਲ ਸੰਕੇਤ ਕਰਦੀ ਹੈ ਕਿ ਇਸ ਨਾਵਲ ਦਾ ਮੂਲ ਮਸਲਾ ਨਸਲਵਾਦ ਵਰਗੀ ਸਮੱਸਿਆ ਨਾ ਹੋ ਕੇ ਕਿਸੇ ਵੀ ਦੇਸ਼ ਦੀ ਇਸਟੈਬਲਿਸ਼ਮੈਂਟ ਦੁਆਰਾ ਆਪਣੀ ਹੋਂਦ ਨੂੰ ਕਾਇਮ ਰੱਖਣ ਦੀ ਲੜਾਈ ਨਾਲ ਹੀ ਹੈ। ਇੱਥੇ ਇਸਟੈਬਲਿਸ਼ਮੈਂਟ ਨੇ ਨਸਲਵਾਦ ਵਰਗੇ ਭੇਦ-ਭਾਵ ਨੂੰ ਆਪਣੇ ਫਾਇਦੇ ਲਈ ਸਿਰਫ਼ ਇੱਕ ਹਥਿਆਰ ਦੇ ਤੌਰ ‘ਤੇ ਹੀ ਵਰਤਿਆ ਹੈ।

ਹਿਰਦੇਪਾਲ ਦੁਆਰਾ ਕੇਸ ਹਾਰ ਜਾਣ ਵਰਗੀ ਨਾਜ਼ੁਕ ਸਥਿਤੀ ਵਿਚ ਰੋਨ ਫਰੇਜਰ, ਸ਼ੈਰਨ ਕੈਲੀ ਅਤੇ ਹਰਮੀਤ, ਹਿਰਦੇਪਾਲ ਨੂੰ ਹੌਂਸਲਾ ਹੀ ਨਹੀਂ ਦਿੰਦੇ ਸਗੋਂ ਉਸ ਨੂੰ ਆਪਣੀ ਲੜਾਈ ਜਾਰੀ ਰੱਖਣ ਲਈ ਉਤਸ਼ਾਹਿਤ ਕਰਦੇ ਹੋਏ ਕਿਸੇ ਵੀ ਤਰ੍ਹਾਂ ਦੀ ਸਥਿਤੀ ਵਿਚ ਉਸ ਦਾ ਸਾਥ ਦੇਣ ਲਈ ਵੀ ਤਿਆਰ ਰਹਿੰਦੇ ਹਨ ਅਤੇ ਜਾਤੀ ਹਿੱਤਾਂ ਤੋਂ ਵੱਧ ਆਪਣੇ-ਆਪਣੇ ਹਿੱਤਾਂ ਦੀ ਲੜਾਈ ਸਮਝ ਕੇ ਤਦ ਤੱਕ ਲੜਾਈ ਜਾਰੀ ਰੱਖਣ ਦਾ ਪ੍ਰਣ ਕਰਦੇ ਹਨ ਜਦ ਤੱਕ ਟੁੱਟ ਕੇ ਬਿਖ਼ਰ ਨਹੀਂ ਜਾਂਦੇ।

“ਮੇਰੀ ਤੇਰੀ ਲੜਾਈ ਜਾਤੀ ਹਿੱਤਾਂ ਨਾਲੋਂ ਕਿਤੇ ਵੱਡੀ ਏ। ਤੂੰ ਆਪਣੇ ਹਿੱਤਾਂ ਲਈ ਲੜ ਰਿਹਾਂ ਏਂ, ਮੈਂ ਆਪਣਿਆਂ ਲਈ। ਫਿਰ ਗਿਲਾ-ਸਿ਼ਕਵਾ ਕਾਹਦਾ ਤੇ ਕਿਸ ਗੱਲ ਦਾ? ਤੂੰ ਮੈਥੋਂ ਤਾਕਤਵਰ, ਲੰਮੀਆਂ ਬਾਹਾਂ ਵਾਲਾ ਤੇ ਚਲਾਕ ਸੀ, ਜਿੱਤ ਗਿਆਂ ਏਂ। ਪਰ ਹੁਣ ਦੇਖਣਾ ਇਹ ਹੈ ਕਿ ਤੂੰ ਕਦ ਤੱਕ ਜਿੱਤਦਾ ਰਹੇਂਗਾ ਤੇ ਮੈਂ ਹਾਰਦਾ। ਇਹ ਲੜਾਈ ਤਦ ਤੱਕ ਇਸੇ ਤਰ੍ਹਾਂ ਚਲਦੀ ਰਹਿਣੀ ਏ ਜਦ ਤੱਕ ਮੈਂ ਜਿੱਤਦਾ ਨਹੀਂ ਜਾਂ ਟੁੱਟ ਕੇ ਬਿਖ਼ਰ ਨਹੀਂ ਜਾਂਦਾ।”8

ਨਾਵਲ ਦੇ ਅੰਤ ਵਿਚ ਹਿਰਦੇਪਾਲ ਦੁਆਰਾ ਟੁੱਟ ਕੇ ਬਿਖ਼ਰ ਜਾਣ ਤੱਕ ਲੜਾਈ ਜਾਰੀ ਰੱਖਣ ਦੀ ਹਿੰਮਤ ਨੂੰ ਦੇਖਦੇ ਹੋਏ ਇਸ ਨਾਵਲ ਦੇ ਕੈਨਵਸ ‘ਹਾਸ਼ੀਏ‘ ਨੂੰ ਮਾਰਟਿਨ ਹਾਈਡੈਗਰ ਦੁਆਰਾ ਸੀਮਾਵਰਤੀ ਸਥਿਤੀ ਬਾਰੇ ਦਿੱਤੇ ਵਿਚਾਰ ਅਨੁਸਾਰ ਵੀ ਪਰਿਭਾਸਿ਼ਤ ਕੀਤਾ ਜਾ ਸਕਦਾ ਹੈ। ਮਾਰਟਿਨ ਹਾਈਡੈਗਰ ਨੇ ਸੀਮਾਵਰਤੀ ਸਥਿਤੀ ਨੂੰ ਯੂਨਾਨੀਆਂ ਦੇ ਸੰਦਰਭ ਵਿਚ ਵਿਚਾਰਦਿਆਂ ਲਿਖਿਆ ਹੈ :-
“ਸੀਮਾ ਰੇਖਾ ਦੀ ਅਵਸਥਾ ਉਹ ਨਹੀਂ ਹੁੰਦੀ ਜੋ ਕਿਸੇ ਵਿਆਕਤੀ ਨੂੰ ਰੋਕ ਰੁਕਾ ਦਿੰਦੀ ਹੈ। ਸਗੋਂ ਯੂਨਾਨੀਆਂ ਦੇ ਕਹਿਣ ਵਾਂਗ ਸੀਮਾਵਰਤੀ ਰੇਖਾ ਦੇ ਉਸ ਰੂਪ ਨੂੰ ਨਿਰਧਾਰਤ ਕੀਤਾ ਜਾ ਸਕਦਾ ਹੈ ਜਿਸ ਰੂਪ ਤੋਂ ਕੋਈ ਆਪਣੇ ਅਨੁਭਵਾਂ ਜਾਂ ਪ੍ਰਗਟਾਵਾਂ ਦਾ ਆਰੰਭ ਕਰਦਾ ਹੈ।”9

“ਹੋਮੀ ਭਾਵਾ ਇਸੇ ਨੂੰ ਨਵੀਂ ਨਸਲ ਦੀ ਲਹਿਰ ਦਰਸਾਉਂਦਾ ਹੈ, ਜਿਹੜੀ ਪ੍ਰੰਪਰਾਗਤ ਰਸਮਾਂ-ਰਿਵਾਜਾਂ ਦੇ ਕੇਂਦਰ ਨੂੰ ਉੱਥਲ-ਪੁੱਥਲ ਕਰ ਦਿੰਦੀ ਹੈ।”10

ਉਪਰੋਕਤ ਸਮੁੱਚੀਆਂ ਪ੍ਰਸਥਿਤੀਆਂ ਅਤੇ ਵੇਰਵਿਆਂ ਤੋਂ ਬਿਨਾਂ ਇਸ ਨਾਵਲ ਵਿਚ ਨਾਵਲਕਾਰ ਦੁਆਰਾ ਡੇਵਿਡ ਫੋਸਟਰ ਦੇ ਜੀਵਨ ਸੰਬੰਧੀ ਵੇਰਵਾ ਦੇਣ ਦਾ ਮਕਸਦ ਵੀ ਇਸਟੈਬਲਿਸ਼ਮੈਂਟ ਦੇ ਅਸਲੀ ਚਰਿੱਤਰ ਨੂੰ ਡੂੰਘਾਈ ਤੱਕ ਫਰੋਲ ਕੇ ਆਮ ਸਾਧਾਰਣ ਜਨਤਾ ਸਾਹਮਣੇ ਪੇਸ਼ ਕਰਨਾ ਹੀ ਹੈ। ਇਸ ਦਾ ਅੰਦਾਜ਼ਾ ਫਰੈਂਕ ਫੋਸਟਰ ਵੱਲੋਂ ਆਪਣੇ ਪੁੱਤਰ ਡੇਵਿਡ ਫੋਸਟਰ ਨੂੰ ਜੀਵਨ ਵਿਚ ਤਰੱਕੀ ਦੀ ਪੌੜੀ ਚੜ੍ਹਨ ਤੋਂ ਪਹਿਲਾਂ ਹੀ ਦਿੱਤੀਆਂ ਜਾਣ ਵਾਲੀਆਂ ਨਸੀਹਤਾਂ ਸਮੇਂ, ਉਨ੍ਹਾਂ ਦੇ ਆਪਸੀ ਵਾਰਤਾਲਾਪ ਤੋਂ ਲਗਾਇਆ ਜਾ ਸਕਦਾ ਹੈ :-
“ਤੈਨੂੰ ਇਹ ਗੱਲ ਸਦਾ ਪੱਲੇ ਬੰਨ੍ਹ ਕੇ ਰੱਖਣੀ ਚਾਹੀਦੀ ਏ ਕਿ ਇਸਟੈਬਲਿਸ਼ਮੈਂਟ ‘ਚ ਉੱਪਰ ਉੱਠਣ ਲਈ ਯੋਗਤਾ ਨਾਲੋਂ ਹਮੇਸ਼ਾ ਜੀ-ਹਜ਼ੂਰੀਆਂ ਤੇ ਠੀਕ ਟਾਈਮ ‘ਤੇ ਠੀਕ ਮੌਕਾ ਸੰਭਾਲਣ ਵਾਲਾ ਬੰਦਾ ਕਿਤੇ ਵੱਧ ਮੱਲਾਂ ਮਾਰਦਾ ਏ। ਇਸਟੈਬਲਿਸ਼ਮੈਂਟ ‘ਚ ਇਹ ਮੌਕੇ ਹੀ ਨੇ ਜਿਹੜੇ ਕਿਸੇ ਨੂੰ ਕੀ ਦਾ ਕੀ ਬਣਾ ਦਿੰਦੇ ਹਨ। ਇਕੋ ਜਿਹੀ ਕੁਆਲੀਫੀਕੇਸ਼ਨ ਹੋਣ ਦੇ ਬਾਵਜੂਦ ਇਕ ਆਰਡਰ ਦੇਣ ਵਾਲਾ ਤੇ ਦੂਜਾ ਲੈਣਯੋਗਾ ਬਣ ਕੇ ਰਹਿ ਜਾਂਦਾ। ਇਕ ਕੰਮ ਕਰਵਾਉਣ ਵਾਲਾ, ਦੂਜਾ ਉਹਦੇ ਲਈ ਕਰਨ ਵਾਲਾ ਬਣ ਜਾਂਦਾ ਏ।”

ਤੁਸੀਂ ਕਹਿਣਾ ਚਾਹੁੰਦੇ ਹੋ ਕਿ ਇਸਟੈਬਲਿਸ਼ਮੈਂਟ ‘ਚ ਤਰੱਕੀ ਕਰਨ ਲਈ ਬੰਦੇ ਨੂੰ ਆਪਣੀ ਰੀੜ੍ਹ ਦੀ ਹੱਡੀ ਕੱਢ ਦੇਣੀ ਚਾਹੀਦੀ ਏ?”
“ਆਪ ਕੱਢ ਲਓ ਜਾਂ ਆਪਣੇ ਹੈੱਡ ਤੋਂ ਕਢਵਾ ਲਓ।”11

ਪਿਤਾ- ਪੁੱਤਰ ਦਾ ਉਪਰੋਕਤ ਵਾਰਤਾਲਾਪ ਇਸ ਸੰਬੰਧ ਵਿਚ ਵੀ ਵਿਚਾਰਿਆ ਜਾ ਸਕਦਾ ਹੈ ਕਿ ਕਿਸੇ ਵੀ ਦੇਸ਼ ਦੀ ਇਸਟੈਬਲਿਸ਼ਮੈਂਟ ਆਪਣੀ ਹੋਂਦ ਨੂੰ ਬਚਾਉਣ ਲਈ ਅਤੇ ਪਾਵਰ ਹਥਿਆਉਣ ਲਈ ਆਪਣੀ ਆਉਣ ਵਾਲੀ ਨਵੀਂ ਪੀੜ੍ਹੀ (ਜਾਂ ਆਉਣ ਵਾਲੀ ਨਵੀਂ ਨਸਲ) ਨੂੰ ਸ਼ੁਰੂ ਤੋਂ ਹੀ ਸਪਾਈਨਲੈੱਸ (ਗੌਰਵ ਰਹਿਤ) ਰਹਿਣ ਲਈ ਤਿਆਰ ਕਰਨਾ ਸ਼ੁਰੂ ਕਰ ਦਿੰਦੀ ਹੈ ਤਾਂ ਕਿ ਨਵੀਂ ਨਸਲ (ਨਵੀਂ ਪੀੜ੍ਹੀ) ਤੋਂ ਦੇਸ਼ ਦੀ ਇਸਟੈਬਲਿਸ਼ਮੈਂਟ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਖ਼ਤਰਾ ਨਾ ਹੋਵੇ।

ਉਪਰੋਕਤ ਵਿਚਾਰਾਂ ਦੀ ਰੌਸ਼ਨੀ ਵਿਚ ਇਸ ਸਿੱਟੇ ‘ਤੇ ਪਹੁੰਚਿਆ ਜਾ ਸਕਦਾ ਹੈ ਕਿ ਦਰਸ਼ਨ ਸਿੰਘ ਧੀਰ ਦੇ ਇਸ ਨਾਵਲ ਦਾ ਮੂਲ ਮਸਲਾ (ਮੁੱਖ ਵਿਸ਼ਾ) ਕਿਸੇ ਵੀ ਦੇਸ਼ ਦੀ ਇਸਟੈਬਲਿਸ਼ਮੈਂਟ ਦੀ ਸਥਿਤੀ ਅਤੇ ਚਰਿੱਤਰ ਨੂੰ ਆਮ ਸਾਧਾਰਣ ਜਨਤਾ ਸਾਹਮਣੇ ਪੇਸ਼ ਕਰਨ ਨਾਲ ਸੰਬੰਧਿਤ ਹੈ ਅਤੇ ਇਨ੍ਹਾਂ ਹੀ ਸਿੱਟਿਆਂ ਦੇ ਆਧਾਰ ‘ਤੇ ਨਸਲਵਾਦੀ ਵਿਤਕਰੇ ਸੰਬੰਧੀ ਲੇਖਕ ਦੇ ਇੰਟਰਵਿਊ ਵਿਚ ਪੇਸ਼ ਆਪਣੇ ਵਿਚਾਰ ਹੋਰ ਵੀ ਡੂੰਘੇ ਅਰਥ ਗ੍ਰਹਿਣ ਕਰ ਲੈਂਦੇ ਹਨ :

“ਇਸ ਗੱਲ ਦਾ ਇਹ ਅਰਥ ਬਿਲਕੁਲ ਨਹੀਂ ਕਿ ਹੁਣ ਇੰਲੈਂਡ ਵਿਚ ਡਿਸਕਰੀਮੀਨੇਸ਼ਨ ਖ਼ਤਮ ਹੋ ਗਿਆ ਹੈ। ਨਸਲੀ ਮੱਤਭੇਦ ਤਾਂ ਅਜੇ ਵੀ ਹੈ ਪਰ ਹੁਣ ਇਹ ਪਹਿਲਾਂ ਵਾਂਗ ਡਾਇਰੈਕਟਨਹੀਂ ਰਿਹਾ। ਇਨਡਾਇਰੈਕਟ ਹੋ ਗਿਆ ਹੈ। ਹੁਣ ਜੇ ਕੋਈ ਇੰਪਲਾਇਰ ਆਪਣੇ ਇੰਪਲਾਇ ਨਾਲ ਉਹਦੇ ਰੰਗ ਜਾਂ ਨਸਲ ਕਰਕੇ ਮੱਤਭੇਦ ਕਰਦਾ ਹੈ ਤਾਂ ਉਹ ਆਪਣੇ ਇੰਪਲਾਇਰ ਨੂੰ ਇੰਪਲਾਇਮੈਂਟ ਕੋਰਟ ਵਿਚ ਲਿਜਾ ਸਕਦਾ ਹੈ ਤੇ ਕੋਰਟ ਉਸ ਨੂੰ ਹਰਜਾਨਾ ਦੁਆ ਸਕਦੀ ਹੈ, ਬਣਦੀ ਤਰੱਕੀ ਦੁਆ ਸਕਦੀ ਹੈ ਤੇ ਵਿਤਕਰੇ ਕਰਨ ਵਾਲੇ ਮਾਲਕ ਜਾਂ ਅਫਸਰ ਨੂੰ ਸਜ਼ਾ ਦੁਆ ਸਕਦੀ ਹੈ।”12

ਪੂਰਬੀ ਅਵਚੇਤਨ (ਫਿਊਡਲ ਸਿਸਟਮ) ਵਿਚ ਟਿਕੀਆਂ ਕਦਰਾਂ-ਕੀਮਤਾਂ ਅਤੇ ਪੱਛਮੀ ਅਵਚੇਤਨ ਵਿਚ ਆਪਣੇ ‘ਸਵੈ‘ ਪ੍ਰਤੀ ਨਿਰਧਾਰਤ ਕੀਤਾ ਚੌਖਟਾ ਜਦੋਂ ਸੰਵਾਦ ਵਿਚ ਪੈਂਦਾ ਹੈ (ਜਾਂ ਸੰਵਾਦ ਰਾਹੀਂ ਰੂਪਮਾਨ ਹੁੰਦਾ ਹੈ) ਤਾਂ ਪਰਵਾਸੀ ਸਥਿਤੀ ਦੀਆਂ ਅਨੇਕਾਂ ਪਰਤਾਂ ਉਜਾਗਰ ਹੋ ਉੱਠਦੀਆਂ ਹਨ।

ਇਸ ਨਾਵਲ ਦੀ ਨਾਇਕਾ ਹਰਮੀਤ ਦੇ ਮਾਂ-ਬਾਪ (ਅਮਰ ਕੌਰ-ਜਗਜੀਤ ਸੰਘੇੜਾ) ਭਾਰਤੀ ਜਾਗੀਰੂ ਕਦਰਾਂ-ਕੀਮਤਾਂ ਦੀ ਤਰਜਮਾਨੀ ਕਰਦੇ ਹੋਏ ਆਪਣੀ ਧੀ ਹਰਮੀਤ ਦੀ ਹਰ ਰਹਕਤ ਉੱਪਰ ਇਸ ਕਰਕੇ ਨਜ਼ਰ ਰੱਖਦੇ ਹਨ ਕਿਉਂਕਿ ਭਾਰਤੀ ਜਾਗੀਰੂ ਰੁਚੀਆਂ ਕਾਰਨ ਉਨ੍ਹਾਂ ਦੀ ਮਾਨਸਿਕਤਾ ਵਿਚ ‘ਧੀ ਪਰਾਏ ਧਨ‘ ਵਾਲੀਆਂ ਕਦਰਾਂ-ਕੀਮਤਾਂ ਘਰ ਕਰ ਚੁੱਕੀਆਂ ਹਨ। ਜਿਸ ਕਾਰਨ ਉਹ ਹਰਮੀਤ ਨੂੰ ਕਿਸੇ ਵੀ ਅੰਗਰੇਜ਼ ਜਾਂ ਇੰਡੀਅਨ ਬੱਚਿਆਂ ਖਾਸ ਕਰ ਮੁੰਡਿਆਂ ਨਾਲ ਖੇਡਣ ਤੇ ਬੋਲਣ ਤੋਂ ਵੀ ਰੋਕਦੇ ਹਨ। ਸਕੂਲ ਆਉਣ-ਜਾਣ ਸਮੇਂ ਉਸ ਉੱਪਰ ਪੂਰੀ ਨਿਗਰਾਨੀ ਰੱਖਦੇ ਹਨ ਅਤੇ ਲੜਕੀ ਹੋਣ ਕਾਰਨ ਘਰ ਤੋਂ ਦੂਰ ਕਿਸੇ ਯੂਨੀਵਰਸਿਟੀ ਵਿਚ ਜਾ ਕੇ ਪੜ੍ਹਨ ‘ਤੇ ਵੀ ਇਤਰਾਜ਼ ਕਰਦੇ ਹਨ। ਆਪਣੇ ਮਾਂ-ਬਾਪ ਦੀਆਂ ਅਜਿਹੀਆਂ ਹਰਕਤਾਂ ਤੋਂ ਤੰਗ ਆ ਕੇ ਪੱਛਮੀ ਜੀਵਨ-ਸ਼ੈਲੀ ਤੋਂ ਪ੍ਰਭਾਵਿਤ ਹਰਮੀਤ ਪੱਛਮੀ-ਪ੍ਰਬੰਧ ਦੁਆਰਾ ਦਿੱਤੇ ਜਾਣ ਵਾਲੇ ਸੁਤੰਤਰਤਾ ਦੇ ਅਧਿਕਾਰ ਨੂੰ ਪ੍ਰਾਪਤ ਕਰਨ ਲਈ, ਪੂਰੀ ਆਜ਼ਾਦੀ ਵਾਲਾ ਜੀਵਨ ਜੀਊਣ ਲਈ ਅਸਿੱਧੇ ਢੰਗ-ਤਰੀਕਿਆਂ ਨੂੰ ਵਰਤਣ ਬਾਰੇ ਸੋਚਣਾ ਸ਼ੁਰੂ ਕਰ ਦਿੰਦੀ ਹੈ। ਜਿਵੇਂ ਕਿ ਉਹ ਕਨੂੰਨ ਦੀ ਡਿਗਰੀ ਕਰਨ ਲਈ ਘਰ ਤੋਂ ਦੂਰ ਪੈਂਦੀ ਮਾਨਚੈਸਟਰ ਯੂਨੀਵਰਸਿਟੀ ਵਿਚ ਦਾਖਲਾ ਲੈਣ ਲਈ ਮਨ ਹੀ ਮਨ ਸਕੀਮ ਤਿਆਰ ਕਰਦੀ ਹੈ ਤਾਂ ਜੋ ਉਹ ਆਪਣੇ ਮਾਂ-ਬਾਪ ਤੋਂ ਦੂਰ ਰਹਿ ਕੇ ਆਜ਼ਾਦੀ ਭਰਿਆ ਜੀਵਨ ਜੀਅ ਸਕੇ।

“ਘਰ ਦੀ ਨੇੜਲੀ ਕਿਸੇ ਵੀ ਯੂਨੀਵਰਸਿਟੀ ‘ਚੋਂ ਕਾਨੂੰਨ ਦੀ ਡਿਗਰੀ ਨਹੀਂ ਕਰਨੀ। ਕਿਸੇ ਦੂਰ ਦੇ ਸ਼ਹਿਰ ‘ਚ ਪੜ੍ਹਨ ਜਾਵਾਂਗੀ। ਹੋਵੇਗੀ ਤਾਂ ਉਹ ਬਹਾਨੇਬਾਜ਼ੀ, ਪਰ ਆਪਣੀ ਸੁਤੰਤਰਤਾ ਲਈ ਬੰਦੇ ਨੂੰ ਹਰ ਗੱਲ ਕਰਨ ਦਾ ਅਧਿਕਾਰ ਹੁੰਦਾ। ਇਸ ਗੱਲ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੋ ਸਕਦਾ।”13

ਹਰਮੀਤ ਦੁਆਰਾ ਘਰ ਤੋਂ ਦੂਰ ਯੂਨੀਵਰਸਿਟੀ ਵਿਚ ਦਾਖਲਾ ਲੈਣ ‘ਤੇ ਘਰ ਵਿਚ ਪੈਦਾ ਹੋਣ ਵਾਲੇ ਤਨਾਓ ਦੀ ਸਥਿਤੀ ਨੂੰ ਬਿਰਤਾਂਤਕਾਰ ਨੇ ਜਿਹੜੀ ਮੁਹਾਵਰੇਦਾਰ ਭਾਸ਼ਾ ਵਰਤ ਕੇ ਬੜੀ ਹੀ ਭਾਵਪੂਰਤ ਅਤੇ ਢੁੱਕਵੀਂ ਸ਼ੈਲੀ ਰਾਹੀਂ, ਬੜੇ ਹੀ ਘੱਟ ਸ਼ਬਦਾਂ ਵਿਚ ਬਿਆਨ ਕੀਤਾ ਹੈ ਉਸ ਤੋਂ ਬਿਰਤਾਂਤਕਾਰ ਦੀ ਪ੍ਰਮਾਣਿਕਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ:-
“ਉਸ ਦਿਨ ਤੋਂ ਮਗਰੋਂ ਘਰ ‘ਚ ਠੰਡੀ ਜੰਗ ਛਿੜ ਪਈ ਜਿਹੜੀ ਕਈ ਦਿਨ ਮੰਡਰਾਉਂਦੀ ਰਹੀ ਤੇ ਆਪਣੇ ਬੇਰਹਿਮ-ਤਿੱਖੇ ਪੰਜਿਆਂ ਨਾਲ ਪਰਿਵਾਰ ਦੇ ਜੀਆਂ ਦੀ ਖੁਸ਼ੀ ‘ਚ ਝਰੀਟਾਂ ਪਾਉਂਦੀ ਰਹੀ; ਲਹੂ ਲੁਹਾਨ ਕਰਦੀ ਰਹੀ; ਲਾਲ ਲਾਲ ਅੱਖਾਂ ਕੱਢ ਕੱਢ ਡਰਾਉਂਦੀ ਰਹੀ। ਪਰਿਵਾਰ ਦੇ ਜੀਅ ਉਸ ਦਰਦ ਨਾਲ ਤੜਪਦੇ ਰਹੇ, ਵਿਲਕਦੇ ਰਹੇ, ਹਾਉਕੇ ਭਰਦੇ ਰਹੇ ਪਰ ਉਹਦੇ ਕੋਲੋਂ ਛੁੱਟਕਾਰੇ ਦਾ ਕੋਈ ਰਾਹ ਨਾ ਲੱਭ ਸਕੇ।”14

ਇਸ ਨਾਵਲ ਵਿਚ ਦੋ ਪੀੜ੍ਹੀਆਂ (ਦੂਜੀ ਤੇ ਤੀਜੀ ਪੀੜ੍ਹੀ) ਦੇ ਟਕਰਾਉ ਨੂੰ ਪੇਸ਼ ਕਰਨ ਲਈ ਅਤੇ ਉਨ੍ਹਾਂ ਦੇ ਜੀਵਨ-ਮੁੱਲਾਂ ਵਿਚਲੇ ਅੰਤਰ ਨੂੰ ਤਰਕਸ਼ੀਲਤਾ ਦੇ ਆਧਾਰ ‘ਤੇ ਪੇਸ਼ ਕਰਨ ਲਈ ਨਾਵਲਕਾਰ ਨੇ ਹਰਮੀਤ ਦੇ ਭਰਾ ਗੁਰਪ੍ਰਤਾਪ ਨੂੰ ਵੀ ਮਾਂ-ਬਾਪ ਦੇ ਵਿਰੁੱਧ ਭੈਣ ਹਰਮੀਤ ਦੇ ਪੱਖ ਵਿਚ ਹੀ ਖੜ੍ਹਾ ਕੀਤਾ ਹੈ।

ਘਰ ਤੋਂ ਦੂਰ ਮਾਨਚੈਸਟਰ ਯੂਨੀਵਰਸਿਟੀ ਵਿਚ ਦਾਖਲੇ ਉਪਰੰਤ ਸਿਸਟਮ ਦੁਆਰਾ ਬਣਾਈਆਂ ਕਦਰਾਂ-ਕੀਮਤਾਂ (ਨਿਯਮਾਂ) ਦੀ ਪ੍ਰਵਾਹ ਨਾ ਕਰਦੇ ਹੋਏ ਹਰਮੀਤ ਅੰਗਰੇਜ਼ ਲੜਕੇ ਐਂਡਰੀਊ ਸਮਿੱਥ ਨਾਲ ਵਿਆਹ ਕਰਵਾਉਣ ਦੀ ਥਾਂ ਉਸਨੂੰ ‘ਪਾਰਟਨਰਸਿ਼ਪ‘ ਦੇ ਤੌਰ ‘ਤੇ ਸਵੀਕਾਰ ਕਰਦੀ ਹੈ। ਇਸੇ ਦੌਰਾਨ ਹਰਮੀਤ ਐਂਡਰੀਊ ਸਮਿੱਥ ਤੋਂ ਇੱਕ ਬੱਚੀ ਨੂੰ ਜਨਮ ਦਿੰਦੀ ਹੈ।

ਹਰਮੀਤ ਦੇ ਅਵਚੇਤਨ ਵਿਚ ਵੀ ਕਿਧਰੇ ਭਾਰਤੀ ਸੰਸਕਾਰ ਪਏ ਹੋਣ ਕਾਰਨ ਅਤੇ ਆਪਣੀ ਭਾਈਚਾਰੇ ਦੇ ਹਿੱਤਾਂ ਪ੍ਰਤੀ ਜਾਗ੍ਰਿਤ ਹੋਣ ਕਾਰਨ ਐਂਡਰੀਊ ਸਮਿੱਥ ਦੁਆਰਾ ਹਿਰਦੇਪਾਲ ਨੂੰ ਪਾਕੀ, ਗੰਦ ਦੇ ਕੀੜ੍ਹੇ ਵਰਗੀਆਂ ਗਾਲ੍ਹਾਂ ਕੱਢਣ ‘ਤੇ ਆਪਣੀ ਅਤੇ ਆਪਣੀ ਧੀ ਅਨੀਤਾ ਦੀ ਜਿ਼ੰਦਗੀ ਨੂੰ ਇਕ ਪਾਸੇ ਰੱਖ ਕੇ ਭਾਰਤੀ ਕਮਿਊਨਟੀ ਦੀ ਇੱਜ਼ਤ (ਹਿੱਤਾਂ) ਨੂੰ ਪਹਿਲ ਦਿੰਦੀ ਹੋਈ ਹਰਮੀਤ ਐਂਡਰੀਊ ਸਮਿੱਥ ਤੋਂ ਹਮੇਸ਼ਾਂ ਲਈ ਅਲੱਗ ਹੋ ਜਾਂਦੀ ਹੈ।

ਹਰਮੀਤ ਯਾਦਾਂ ਨੂੰ ਹੀ ਜੀਵਨ ਦਾ ਸਹਾਰਾ ਨਾ ਸਮਝ ਕੇ ਇਨ੍ਹਾਂ ਨੂੰ ਜੀਵਨ ਦਾ ਪਰਛਾਵਾਂ ਮਾਤਰ ਸਮਝਦੀ ਹੋਈ ਮੁੜ ਹਿਰਦੇਪਾਲ ਨਾਲ ਆ ਜੁੜਦੀ ਹੈ। ਹਿਰਦੇਪਾਲ ਸਮਾਜ ਤੋਂ ਪਰਵਾਨਗੀ ਅਤੇ ਸਤਿਕਾਰ ਲੈਣ ਲਈ ਹਰਮੀਤ ਨੂੰ ਵਿਆਹ ਦੀ ਪੇਸ਼ਕਸ਼ ਕਰਦਾ ਹੈ। ਪਰ ਇੱਥੇ ਵੀ ਹਰਮੀਤ ਸਮਾਜ ਦੀਆਂ ਸਿਰਜੀਆਂ ਕਦਰਾਂ-ਕੀਮਤਾਂ ਤੇ ਰਹੁ-ਰੀਤਾਂ ਦੀ ਪ੍ਰਵਾਹ ਨਾ ਕਰਦੀ ਹੋਈ, ਸਭ ਕੁਝ ਗੁਆ ਕੇ ਵੀ ਪਾਰਟਨਰਸਿ਼ਪ ਦੇ ਤੌਰ ‘ਤੇ ਜਿ਼ੰਦਗੀ ਜੀਊਣ ਅਤੇ ਸਮਾਜ ਦੀ ਪ੍ਰਵਾਨਗੀ ਅਤੇ ਸਤਿਕਾਰ ਪ੍ਰਾਪਤ ਕਰਨ ਦੀ ਥਾਂ ਅਸੂਲਾਂ ‘ਤੇ ਪਹਿਰਾ ਦੇਣ ਨੂੰ ਹੀ ਪਹਿਲ ਦਿੰਦੀ ਹੈ :-
“ਮੈਂ ਆਪਣੇ ਵੱਲੋਂ ਤਾਂ ਠੀਕ ਸਮਝ ਕੇ ਹੀ ਇਸ ਰਾਹੇ ਤੁਰੀ ਸੀ, ਡਿਅਰ। ਜੇ ਮੈਂ ਵਿਆਹ ਕਰਵਾਉਣ ਦੀ ਥਾਂ ਪਾਰਟਨਰਸਿ਼ਪ ਦੇ ਤੌਰ ‘ਤੇ ਜਿ਼ੰਦਗੀ ਜੀਊਣ ਨੂੰ ਠੀਕ ਨਾ ਸਮਝਦੀ ਤਾਂ ਮਾਪਿਆਂ ਦੇ ਆਖੇ ਲੱਗ ਕੇ ਵਿਆਹ ਨਾ ਕਰਵਾ ਲੈਂਦੀ? ਨਾ ਮਾਪਿਆਂ ਨੂੰ ਦੁੱਖ ਝੱਲਣੇ ਪੈਂਦੇ, ਨਾ ਸਾਡੇ ਸਮਾਜ ਨੂੰ ਦੁੱਖੀ ਹੋਣਾ ਪੈਂਦਾ ਤੇ ਨਾ ਹੀ ਮੈਨੂੰ ਆਪਣਿਆਂ ਤੋਂ ਤਰਿਸਕਾਰ ਭਰੀ ਨਫ਼ਰਤ ਸਹਿਣੀ ਪੈਂਦੀ।”15

ਦਰਸ਼ਨ ਸਿੰਘ ਧੀਰ ਦੁਆਰਾ ਸਿਰਜਤ ਪਰਵਾਸੀ ਪੰਜਾਬੀ ਔਰਤ ਦੇ ਰੂਪ ਵਿਚ ਇਸ ਨਾਵਲ ਦੀ ਨਾਇਕਾ ਹਰਮੀਤ ਭਾਰਤੀ ਸਮਾਜਿਕ ਮਰਿਯਾਦਾ ਨੂੰ ਤੱਜਦੀ ਹੋਈ ਅਤੇ ਨਿੱਜ ਅਧਾਰਿਤ ਕੀਤੇ ਫੈਸਲਿਆਂ ਦੇ ਪ੍ਰਤੀਫਲ ਵਜੋਂ ਮਿਲੇ ਸਿੱਟਿਆਂ ਤੋਂ ਬੇਬਸੀ ਦੇ ਆਲਮ ਵਿਚ ਤਾਂ ਵਿਚਰਦੀ ਹੈ ਪਰ ਫਿਰ ਵੀ ਹਿੰਮਤ ਤੇ ਹੌਂਸਲਾ ਨਹੀਂ ਹਾਰਦੀ। ਬੇਬਸੀ ਦੇ ਪਲਾਂ ਵਿਚ ਵੀ ਉਹ ਤਰਸ ਜਾਂ ਹਮਦਰਦੀ ਦੀ ਮੰਗ ਕਿਸੇ ਤੋਂ ਨਹੀਂ ਕਰਦੀ। ਬੇਸ਼ੱਕ ਮਰਦ ਉਸਦੀ ਜਿ਼ੰਦਗੀ ਵਿਚ ਮੂਲ ਧੁਰੇ ਵਜੋਂ ਸ਼ਾਮਿਲ ਹੈ, ਪਰ ਉਹ ਮਰਦ ਦੁਆਰਾ ਵਰਤਣ ਵਾਲੀ ਚੀਜ਼ (ਸ਼ੈਅ) ਬਣ ਕੇ ਨਹੀਂ ਵਿਚਰਦੀ। ਉਹ ਸਮਾਜਿਕ ਮੁੱਲ- ਵਿਧਾਨ ਦੇ ਘੇਰੇ ਤੋਂ ਬਾਹਰ ਹੋ ਕੇ ਆਪਣੇ ਅਸਤਿਤਵ ਨੂੰ ਉਘਾੜਨ ਲਈ ਯਤਨਸ਼ੀਲ ਹੈ।

ਹਿਰਦੇਪਾਲ ਦੇ ਹਰਮੀਤ ਦੀ ਜ਼ਿੰਦਗੀ ਵਿਚ ਆਉਣ ਤੋਂ ਬਾਅਦ ਤਿੰਨ ਸਾਲ ਦੀ ਧੀ ਅਨੀਤਾ ਦੇ ਮੂੰਹੋਂ ਆਪਣੀ ਮਾਂ ਨੂੰ ਆਪਣੇ ਪਿਤਾ ਐਂਡਰੀਊ ਸਮਿੱਥ ਅਤੇ ਹਿਰਦੇਪਾਲ ਦੇ ਸੰਬੰਧ ਵਿਚ ਸਿਆਣਿਆਂ ਵਰਗੇ ਵੱਡੇ-ਵੱਡੇ ਪ੍ਰਸ਼ਨ (ਸਵਾਲ) ਅਖਵਾ ਕੇ ਲੇਖਕ ਨੇ ਇਸ ਗੱਲ ਵੱਲ ਸੰਕੇਤ ਕੀਤਾ ਹੈ ਕਿ ਭਵਿੱਖ ਵਿਚ ਸਾਡੀ ਆਉਣ ਵਾਲੀ ਨਵੀਂ ਜਨਰੇਸ਼ਨ ਦੀ ਤਰਕਸੰਗਤ ਸੋਚ ਜਾਂ ਇੰਨਟੈਲੀਜੈਂਸੀ ਸਾਡੇ ਨਾਲੋਂ ਕਿੰਨੇ ਗੁਣਾਂ ਅੱਗੇ ਹੋ ਸਕਦੀ ਹੈ। ਇਸ ਦਾ ਅੰਦਾਜ਼ਾ ਅਨੀਤਾ ਦੁਆਰਾ ਮਾਂ ਨੂੰ ਕੀਤੇ ਸਵਾਲਾਂ ‘ਤੇ ਪੈਦਾ ਹੋਈ ਹਰਮੀਤ ਦੀ ਅਸਚਰਜਤਾ (ਹੈਰਾਨੀ) ਤੋਂ ਲਗਾਇਆ ਜਾ ਸਕਦਾ ਹੈ :-“ਇਹ ਇੰਨੀ ਸਿਆਣੀ ਹੋ ਗਈ! ਮੈਂ ਤਾਂ ਕਦੀ ਇਹ ਗੱਲ ਕਿਆਸੀ ਵੀ ਨਹੀਂ ਸੀ ਕਿ ਇਹ ਇਸ ਉਮਰ ‘ਚ ਹੀ ਏਦਾਂ ਦੀਆਂ ਗੱਲਾਂ ਕਰਨ ਲੱਗ ਪਵੇਗੀ। ਏਦਾਂ ਦੀਆਂ ਗੱਲਾਂ ਤਾਂ ਬਹੁਤੀਆਂ ਮੁਟਿਆਰਾਂ ਵੀ ਨਹੀਂ ਕਰਦੀਆਂ ਜਿੱਦਾਂ ਦੀਆਂ ਇਹ ਕਰਦੀ ਤੇ ਪੁੱਛਦੀ ਐ!”16

ਅਨੀਤਾ ਦੇ ਜਵਾਨ ਹੋਣ ‘ਤੇ ਹਰਮੀਤ ਦੇ ਮਨ ਵਿਚ ਮਤਰੇਏ ਪਿਉ ਵਾਲੇ ਡਰ ਦੀ ਸਥਿਤੀ ਸਿਰਜ ਕੇ ਅਤੇ ਹਿਰਦੇਪਾਲ ਦੀ ਮਾਨਸਿਕ ਸਥਿਤੀ (ਹਿਰਦੇਪਾਲ ਦੇ ਸਾਹਮਣੇ ਅਨੀਤਾ ਕਦੇ ਧੀ ਅਤੇ ਕਦੇ ਸਿਰਫ਼ ਇਕ ਔਰਤ ਦੇ ਰੂਪ ਵਿਚ) ਸਿਰਜਣ ਸੰਬੰਧੀ ਲੇਖਕ ਦਾ ਮਨੋਰਥ ਇੱਕ ਅਜਿਹੇ ਸਮਾਜਿਕ ਯਥਾਰਥ ਦੀ ਸਚਾਈ ਨੂੰ ਪੇਸ਼ ਕਰਨ ਨਾਲ ਹੈ ਜਿਹੜੀ ਸਮਾਜ ਵਿਚ ਰਹਿੰਦਿਆਂ ਪ੍ਰਾਕ੍ਰਿਤਕ ਜ਼ਜ਼ਬੇ ਅਧੀਨ ਕਿਸੇ ਵੀ ਮਨੁੱਖ ਨਾਲ ਕਿਸੇ ਵੀ ਸਮੇਂ ਵਾਪਰ ਸਕਦੀ ਹੈ। ਵਰਤਮਾਨ ਅਤੇ ਭਵਿੱਖ ਦਾ ਸਿਰਜਨ ਕਰਦੀ ਹੋਈ ਇਸ ਨਾਵਲ ਦੀ ਕਹਾਣੀ ਬੱਚੇ ਦੇ ਤਿੰਨ ਸਾਲ ਤੋਂ ਅਠਾਰਾਂ ਸਾਲ ਤੱਕ ਪਹੁੰਚਣ ‘ਤੇ ਉਸਦੇ ਮਾਨਸਿਕ ਵਿਕਾਸ ਨੂੰ ਬਹੁਤ ਹੀ ਸੂਖ਼ਮ ਦ੍ਰਿਸ਼ਟੀ ਨਾਲ ਪੇਸ਼ ਕਰਦੀ ਹੈ। ਵਾਰਤਾਲਾਪ ਸਮੇਂ ਧੀ ਦੇ ਵਿਚਾਰ ਮਾਂ ਨੂੰ ਜਗ੍ਹਾ-ਜਗ੍ਹਾ (ਥਾਂ-ਪੁਰ-ਥਾਂ) ਹੈਰਾਨ ਕਰਦੇ ਹਨ। ਇੰਗਲੈਂਡ ਦੇ ਵਿਦਿਅਕ ਢਾਂਚੇ ਦੇ ਪ੍ਰਭਾਵ ਅਧੀਨ ਬੱਚੇ ਦੇ ਸੁਭਾਅ ਦੀ ਅਸਚਰਜਤਾ ਪਾਠਕ ਨੂੰ ਵੀ ਚੌਂਕਾ ਦਿੰਦੀ ਹੈ।

ਇਸ ਨਾਵਲ ਵਿਚ ਜੇਕਰ ਨਸਲੀ ਵਿਤਕਰੇ ਵਰਗੇ ਮਸਲੇ ਸੰਬੰਧੀ ਗੱਲ ਕਰਨੀ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਬਿਰਤਾਂਤਕਾਰ ਨੇ ਇਸ ਮਸਲੇ ਨੂੰ ਨਫ਼ਰਤ ਦੇ ਪ੍ਰਸੰਗ ਵਿਚ ਪੇਸ਼ ਕਰਨ ਦੇ ਨਾਲ ਨਾਲ, ਇਸ ਅਮਾਨਵੀ ਭੇਦ-ਭਾਵ ਨੂੰ ਸਭਿਆਚਾਰਕ ਪ੍ਰਸੰਗ ਅਤੇ ਪੂਰਬੀ ਲੋਕਾਂ ਬਾਰੇ ਪੱਛਮੀ ਲੋਕਾਂ ਦੀ ਮਿੱਥ ਨੂੰ ਸਿਰਜਾਣਤਮਕ ਆਧਾਰ ਬਣਾ ਕੇ ਪੂਰਬ ਅਤੇ ਪੱਛਮ ਦੋਹਾਂ ਸਮਾਜਾਂ ਦੇ ਸੰਦਰਭ ਵਿਚ ਪੇਸ਼ ਕਰਨ ਦਾ ਯਤਨ ਕੀਤਾ ਹੈ।

ਅੰਤਰ-ਨਸਲੀ ਔਰਤ-ਮਰਦ (ਹਰਮੀਤ ਅਤੇ ਐਂਡਰੀਊ ਸਮਿੱਥ) ਸੰਬੰਧਾਂ ਤੋਂ ਪੈਦਾ ਹੋਈ ਹਰਮੀਤ ਦੀ ਧੀ ਅਨੀਤਾ ਪ੍ਰਾਇਮਰੀ ਸਕੂਲ ਦੀ ਪੜ੍ਹਾਈ ਤੱਕ ਤਾਂ ਹਮੇਸ਼ਾਂ ਟੌਪ ਕਰਦੀ ਹੈ। ਪਰ ਮਾਨਚੈਸਟਰ ਦੇ ਸੇਂਟ ਐਂਡਰਸਨ ਹਾਈ ਸਕੂਲ ਵਿਚ ਉਸਨੂੰ ਆਪਣੇ ਕਾਲੇ ਤੇ ਘੁੰਗਰਾਲੇ ਵਾਲਾਂ ਕਾਰਨ ਗੋਰੇ ਅਤੇ ਇੰਡੀਅਨ ਬੱਚਿਆਂ ਦੀ ਨਫ਼ਰਤ ਦਾ ਸਿ਼ਕਾਰ ਹੋਣਾ ਪੈਂਦਾ ਹੈ। ਅੰਗਰੇਜ਼ ਬੱਚੇ ਉਸਨੂੰ ‘ਹਾਫ-ਕਾਸਟ‘ ਅਤੇ ਇੰਡੀਅਨ ਮੂਲ ਦੇ ਬੱਚੇ ‘ਤਰੜੀ‘ ਵਰਗੇ ਸ਼ਬਦਾਂ ਨਾਲ ਬਲਾਉਂਦੇ ਹਨ। ਬੱਚਿਆਂ ਦੇ ਅਜਿਹੇ ਵਿਵਹਾਰ ਦਾ ਅਸਰ ਉਸਦੀ ਪੜ੍ਹਾਈ ਦੇ ਨਾਲ-ਨਾਲ ਉਸਦੀ ਮਾਨਸਿਕਤਾ ‘ਤੇ ਵੀ ਪੈਂਦਾ ਹੈ। ਪ੍ਰਾਇਮਰੀ ਸਕੂਲ ਦੀ ਹੀਰੋ ਅਨੀਤਾ ਹਾਈ ਸਕੂਲ ਵਿਚ ਸਾਥੀ ਬੱਚਿਆਂ ਦੇ ਨਫ਼ਰਤ ਭਰੇ ਵਿਵਹਾਰ ਕਾਰਨ ਜ਼ੀਰੋ ਹੋ ਜਾਂਦੀ ਹੈ। ਉਸ ਦੇ ਮਨ ਅੰਦਰ ਹੀਣ ਭਾਵਨਾ ਪੈਦਾ ਹੋਣ ਕਾਰਨ ਉਹ ਇੱਕਲਤਾ ਮਹਿਸੂਸ ਕਰਦੀ ਹੈ ਅਤੇ ਅਜਿਹੇ ਸਕੂਲ ਵਿਚ ਪੜ੍ਹਨਾ ਹੀ ਪਸੰਦ ਨਹੀਂ ਕਰਦੀ।

ਇਸੇ ਵਿਚਕਾਰ ਹਾਈ ਸਕੂਲ ਦੀ ਪੜ੍ਹਾਈ ਦੌਰਾਨ ਅਨੀਤਾ ਦੁਆਰਾ ਕੰਪਿਊਟਰ ‘ਤੇ ਇੰਟਰਨੈੱਟ ਦੀ ਵਰਤੋਂ ਵਾਲਾ ਦ੍ਰਿਸ਼ ਸਿਰਜਣ ਤੋਂ ਲੇਖਕ ਦਾ ਸਿੱਧਾ ਮਨੋਰਥ ਅੰਤਰ-ਰਾਸ਼ਟਰੀ ਪੱਧਰ ‘ਤੇ ਸਮਾਜ ਨੂੰ ਇਹ ਸੇਧ ਦੇਣ ਦੀ ਕੋਸਿ਼ਸ਼ ਕਰਨਾ ਹੈ ਕਿ ਕੰਪੀਊਟਰ ਅਤੇ ਇੰਟਰਨੈੱਟ ਦਾ ਬੱਚਿਆਂ ਉੱਪਰ ਚੰਗਾ ਪ੍ਰਭਾਵ ਪੈਣ ਦੇ ਨਾਲ-ਨਾਲ ਮਾੜਾ ਪ੍ਰਭਾਵ ਵੀ ਪੈਂਦਾ ਹੈ। ਕੁਝ ਲੋਕ ਇੰਟਰਨੈੱਟ ਦੇ ਜ਼ਰੀਏ ਗਲਤ ਢੰਗਾਂ ਦੀ ਵਰਤੋਂ ਕਰਕੇ ਪਹਿਲਾਂ ਅੱਲੜ ਉਮਰ ਦੀਆਂ ਲੜਕੀਆਂ ਨੂੰ ਉਕਸਾਉਂਦੇ ਹਨ ਫਿਰ ਉਨ੍ਹਾਂ ਦੀ ਜਿ਼ੰਦਗੀ ਬਰਬਾਦ ਕਰਦੇ ਹਨ। ਅਜਿਹੀ ਸਥਿਤੀ ਨੂੰ ਲੇਖਕ ਨੇ ਪੁਲਿਸ ਅਫਸਰ ਸਰਜੈਂਟ ਲਿੰਕਨ ਗਰੀਨ ਅਤੇ ਹਰਮੀਤ ਦੇ ਵਾਰਤਾਲਾਪ ਰਾਹੀਂ ਬਿਆਨ ਕੀਤਾ ਹੈ :-
“ਇਹ ਇਸ ਬੰਦੇ ਦਾ ਅਸਲੀ ਨਾਂ ਨਹੀਂ, ਮੈਡਮ। ਇਹਦਾ ਅਸਲੀ ਨਾਂ ਹੈਰੀ ਵੁੱਡ ਏ। ਸਾਨੂੰ ਕਾਫ਼ੀ ਦੇਰ ਤੋਂ ਇਸ ਬੰਦੇ ਦੀ ਭਾਲ ਏ। ਫਰ ਇਹ ਸਾਡੇ ਕਾਬੂ ਨਹੀਂ ਸੀ ਆ ਰਿਹਾ। ਹੁਣ ਤੱਕ ਇਹ ਕਈਆਂ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰ ਚੁੱਕਾ ਏ। ਤੁਸੀਂ ਥਾਣੇ ਆ ਕੇ ਤੇ ਉਹਦੀ ਫੋਟੋ ਦੇ ਕੇ ਸਾਡੀ ਬੜੀ ਮੱਦਦ ਕੀਤੀ ਐ। ਅਸੀਂ ਤੁਹਾਡੇ ਬੜੇ ਧੰਨਵਾਦੀ ਹਾਂ।”17

ਨਸਲੀ ਵਿਤਕਰੇ ਵਰਗੇ ਅਮਾਨਵੀ ਭੇਦ-ਭਾਵ ਨੂੰ ਗੋਰੇ ਲੋਕਾਂ ਦੇ ਪ੍ਰਸੰਗ ਵਿਚ ਪੇਸ਼ ਕਰਨ ਦੇ ਨਾਲ-ਨਾਲ ਦਰਸ਼ਨ ਸਿੰਘ ਧੀਰ ਅਜਿਹੀ ਸਮੱਸਿਆ ਨੂੰ ਪੰਜਾਬੀ ਭਾਈਚਾਰੇ ਦੇ ਅਵਚੇਤਨ ਵਿਚ ਪਏ ਬਸਤੀਵਾਦੀ ਤਰਕ ਨੂੰ ਵੀ ਪੇਸ਼ ਕਰਦਾ ਹੈ। ਗੋਰੇ ਲੋਕਾਂ ਦੇ ਪ੍ਰਸੰਗ ਵਿਚ ਅਜਿਹੇ ਭੇਦ-ਭਾਵ ਨੂੰ ਦਰਸਾਉਣ ਲਈ ਬਿਰਤਾਂਤਕਾਰ ਪਿਉ-ਧੀ ਦੇ ਵਾਰਤਾਲਾਪ ਦਾ ਸਹਾਰਾ ਲੈਂਦਾ ਹੋਇਆ ਦੱਸਦਾ ਹੈ ਕਿ ਇੱਕ ਦਿਨ ਅਨੀਤਾ ਮਾਨਚੈਸਟਰ ਸ਼ਹਿਰ ਦੇ ਰੇਨਬੋ ਕੈਫ਼ੇ ਵਿਚ ਆਪਣੇ ਪਿਤਾ ਐਂਡਰੀਊ ਸਮਿੱਥ ਨੂੰ ਮਿਲਣ ਉਪਰੰਤ ਆਪਣੀ ਮਾਂ ਹਰਮੀਤ ਤੋਂ ਅਲੱਗ ਹੋਣ ਦੇ ਕਾਰਨਾਂ ਬਾਰੇ ਪੁੱਛਦੀ ਹੈ ਤਾਂ ਉਹ ਇਸ ਦਾ ਸਭ ਤੋਂ ਵੱਡਾ ਕਾਰਨ ਅਲੱਗ ਕਲਚਰ (ਵੱਖਰੇ ਸਭਿਆਚਾਰਾਂ) ਦੀ ਥਾਂ ਆਪਣੇ ਅਵਚੇਤਨ ਵਿਚ ਪਏ ਏਸ਼ੀਅਨ ਲੋਕਾਂ ਪ੍ਰਤੀ ਨਫ਼ਰਤ (ਮਾੜੀ ਭਾਵਨਾ) ਨੂੰ ਹੀ ਦੱਸਦਾ ਹੈ :-
“ਸ਼ਾਇਦ ਮੇਰੇ ਅਵਚੇਤਨ ‘ਚ ਏਸ਼ੀਅਨ ਲੋਕਾਂ ਪ੍ਰਤੀ ਕਿਤੇ ਨਾ ਕਿਤੇ ਮਾੜੀ ਭਾਵਨਾ ਪਈ ਹੋਈ ਏ। ਪਰ ਮੈਨੂੰ ਇਸ ਗੱਲ ਬਾਰੇ ਪਤਾ ਨਹੀਂ ਸੀ।”18

ਪੰਜਾਬੀ ਭਾਈਚਾਰੇ ਦੇ ਪ੍ਰਸੰਗ ਵਿਚ ਇਹ ਨਫ਼ਰਤ ਉਸ ਸਮੇਂ ਦੇਖੀ ਜਾ ਸਕਦੀ ਹੈ ਜਦੋਂ ਪੰਜਾਬੀ ਪਰਵਾਸੀਆਂ ਦੀ ਦੂਜੀ ਪੀੜ੍ਹੀ ਨਾਲ ਸੰਬੰਧਿਤ ਜਗਪ੍ਰੀਤ ਦੇ ਮਾਂ-ਬਾਪ (ਮਨਿੰਦਰ ਤੇ ਦਵਿੰਦਰ) ਜਿਨ੍ਹਾਂ ਦੀ ਮਾਨਸਿਕਤਾ ਵਿਚ ਭਾਰਤੀ ਪ੍ਰੰਪਰਿਕ ਕਦਰਾਂ-ਕੀਮਤਾਂ ਵਾਲੇ ਸੰਸਕਾਰ ਮੌਜੂਦ ਪਏ ਹਨ ਆਪਣੇ ਬੇਟੇ ਜਗਪ੍ਰੀਤ ਨੂੰ ਅਨੀਤਾ ਨਾਲ ਵਿਆਹ ਕਰਵਾਉਣ ਦੀ ਇਜ਼ਾਜਤ ਇਸ ਕਰਕੇ ਨਹੀਂ ਦਿੰਦੇ ਕਿਉਂਕਿ ਅਨੀਤਾ ਦਾ ਪਿਤਾ ਇੱਕ ਅੰਗਰੇਜ਼ ਹੈ ਅਤੇ ਮਾਂ ਇੰਡੀਅਨ। ਅਰਥਾਤ ਉਹ ਅੰਤਰ-ਨਸਲੀ ਸੰਬੰਧਾਂ ਤੋਂ ਪੈਦਾ ਹੋਈ ਔਲਾਦ ਹੈ। ਅਨੀਤਾ ਦੁਆਰਾ ਇੰਡੀਅਨ ਕਲਚਰ ਨੂੰ ਜਾਨਣ ਅਤੇ ਪਿਆਰ ਕਰਨ ਦੇ ਬਾਵਜੂਦ ਅੰਤਰ-ਨਸਲੀ ਸੰਬੰਧਾਂ ਤੋਂ ਉਪਜੀ ਔਲਾਦ ਹੋਣ ਕਾਰਨ ਉਨ੍ਹਾਂ ਦੀ ਨਜ਼ਰ ਵਿਚ ਹੁਣ ਉਹ ਇੱਕ ਮਿਸ਼ਰਤ ਨਸਲ ਦੀ ਹੀ ਲੜਕੀ ਹੈ। ਜਗਪ੍ਰੀਤ ਦੇ ਮਾਂ-ਬਾਪ ਜਗਪ੍ਰੀਤ ਨੂੰ ਅਨੀਤਾ ਨਾਲ ਵਿਆਹ ਕਰਵਾਉਣ ਤੋਂ ਰੋਕਦੇ ਹੀ ਨਹੀਂ ਸਗੋਂ ਇਸ ਤੋਂ ਵੀ ਵੱਧ ਉਸ ਲਈ ‘ਤਰੜੀ‘ ਅਤੇ ‘ਹਾਫ-ਕਾਸਟ‘ ਵਰਗੇ ਸ਼ਬਦਾਂ ਦੀ ਵਰਤੋਂ ਕਰਦੇ ਹਨ। ਇਸ ਸਭ ਦੇ ਬਾਵਜੂਦ ਇੰਗਲੈਂਡ ਵਿਚ ਜੰਮੀ-ਪਲੀ ਤੀਜੀ ਪੀੜ੍ਹੀ ਦੀ ਪ੍ਰਤੀਨਿਧਤਾ ਕਰਦਾ ਜਗਪ੍ਰੀਤ ਮਾਪਿਆਂ ਦੁਆਰਾ ਸਖ਼ਤ ਵਿਰੋਧ ਕਰਨ ‘ਤੇ ਵੀ ਅਨੀਤਾ ਦਾ ਹੀ ਸਾਥ ਦਿੰਦਾ ਹੈ।

ਇੱਥੇ ਲੇਖਕ ਨੇ ਪੱਛਮੀ ਪ੍ਰਭਾਵ ਸਦਕਾ ਪਰਵਾਸੀ ਪੰਜਾਬੀਆਂ ਦੀ ਜੀਵਨ ਵਿਧੀ ਵਿਚ ਆ ਰਹੇ ਪਰਿਵਰਤਨ ਨੂੰ ਵੀ ਅੰਕਿਤ ਕੀਤਾ ਹੈ ਕਿ ਅਜੋਕੇ ਯੁੱਗ ਵਿਚ ਇੰਗਲੈਂਡ ਵਿਚ ਜੰਮੀ-ਪਲੀ ਤੇ ਪੜ੍ਹੀ-ਲਿਖੀ ਨਵੀਂ ਪੀੜ੍ਹੀ ਪੁਰਾਤਨ ਰੀਤੀ-ਰਿਵਾਜ਼ਾਂ ਤੇ ਪ੍ਰੰਪਰਿਕ ਪਰਿਸਥਿਤੀਆਂ ਨਾਲ ਸਮਝੌਤਾ ਨਹੀਂ ਕਰਦੀ ਸਗੋਂ ਟੱਕਰ ਲੈਣ ਦੀ ਠਾਣਦੀ ਹੈ। ਇਸ ਨਾਵਲ ਵਿਚ ਪੁਰਾਣੀ ਮਾਨਸਿਕਤਾ ਤੇ ਨਵੀਂ ਸੰਵੇਦਨਾ ਵਿਚਲੇ ਦਵੰਦ ਨੂੰ ਵੀ ਲੇਖਕ ਨੇ ਬੜੀ ਕਲਾਮਈ ਸ਼ੈਲੀ ਰਾਹੀਂ ਪੇਸ਼ ਕੀਤਾ ਹੈ। ਲੇਖਕ ਇਸ ਪਰਿਵਰਤਨ ਨੂੰ ਬਹੁਤ ਹੀ ਸਹਿਜ ਸੁਭਾਵਿਕ ਅਤੇ ਸੂਖ਼ਮ ਰੂਪ ਵਿਚ ਸਿਰਜਦਾ ਹੋਇਆ ਇੰਗਲੈਂਡ ਵਿਚ ਜੰਮੀ-ਪਲੀ ਨਵੀਂ ਪੀੜ੍ਹੀ ਦੇ ਉਸ ਪੱਖ ਨੂੰ ਵੀ ਪੇਸ਼ ਕਰਦਾ ਹੈ ਜਿਸ ਵਿਚ ਨਵੀਂ ਪੀੜ੍ਹੀ ਨਸਲ-ਪ੍ਰਸਤੀ ਵਰਗੇ ਭੇਦ-ਭਾਵ ਤੋਂ ਉੱਪਰ ਉੱਠ ਕੇ ਇੱਕ ਨਸਲ ਰਹਿਤ ਸਮਾਜ ਦੀ ਸਿਜਰਣਾ ਕਰਨੀ ਚਾਹੁੰਦੀ ਹੈ। ਪਰ ਸਿਸਟਮ ਦੁਆਰਾ ਸਥਾਪਿਤ ਕੀਤੀਆਂ ਕਦਰਾ-ਕੀਮਤਾਂ ਉਨ੍ਹਾਂ ਦੇ ਰਾਹ ਵਿਚ ਰੁਕਾਵਟ ਖੜ੍ਹੀ ਕਰਦੀਆਂ ਹਨ। ਅਰਥਾਤ ਦੂਜੀ ਪੀੜ੍ਹੀ ਦੀ ਭਾਰਤੀ ਕਦਰਾਂ-ਕੀਮਤਾਂ ਵਾਲੀ ਜਾਗੀਰੂ ਮਾਨਸਿਕਤਾ ਉਨ੍ਹਾਂ ਨੂੰ (ਨਵੀਂ ਪੀੜ੍ਹੀ) ਅਜਿਹਾ ਸੋਚਣ ਲਈ ਵੀ ਮਜ਼ਬੂਰ ਕਰਦੀ ਹੈ। ਜਿਵੇਂ ਜਗਪ੍ਰੀਤ ਦੇ ਮਾਂ-ਬਾਪ ਦਾ ਆਪਣੇ ਪ੍ਰਤੀ ਘਟੀਆ ਵਿਵਹਾਰ ਦੇਖ ਕੇ ਅਨੀਤਾ ਨੂੰ ਮਨ ਹੀ ਮਨ ਆਪਣੇ ਪਿਤਾ ਐਂਡਰੀਊ ਸਮਿੱਥ ਦੀ ਇੰਡੀਅਨ ਲੋਕਾਂ ਪ੍ਰਤੀ ਆਖੀ ਗੱਲ ਠੀਕ ਜਾਪਣ ਲੱਗਦੀ ਹੈ :-

“ਡੈਡ! ਤੂੰ ਠੀਕ ਹੀ ਇਨ੍ਹਾਂ ਲੋਕਾਂ ਨੂੰ ਪਾਕੀ ਸੱਦਦਾਂ ਏਂ! ਇਹ ਹਨ ਹੀ ਪਾਕੀ ਅਖਵਾਉਣ ਦੇ ਲਾਈਕ! ਉਹ ਲੋਕ ਹੋਰ ਕਿਸ ਗੱਲ ਦੇ ਹੱਕਦਾਰ ਹੋ ਸਕਦੇ ਜਿਹੜੇ ਮਨੁੱਖ ਨੂੰ ਮਨੁੱਖ ਸਮਝਣ ਦੀ ਥਾਂ ਉਹਦੇ ਬਾਰੇ ਇੰਨੇ ਘਟੀਆ ਵਿਚਾਰ ਰੱਖਦੇ ਹੋਣ! ਜਿਹੋ ਜਿਹੇ ਇਹ ਆਪ ਪਾਕੀ ਆ, ਉਹੋ ਜਿਹਾ ਹੀ ਇਨ੍ਹਾਂ ਦਾ ਕਲਚਰ ਪਾਕੀ ਹੋਣਾ!”19 ਦਿੱਖ ਅਤੇ ਰਹਿਣ-ਸਹਿਣ ਤੋਂ ਸਭਿਅਕ ਦਿਖਣ ਵਾਲੇ ਜਗਪ੍ਰੀਤ ਦੇ ਮਾਂ-ਬਾਪ ਦੇ ਬੁਰੇ ਅਤੇ ਘਟੀਆ ਵਿਵਹਾਰ ਤੋਂ ਹੀ ਅਨੀਤਾ ਇੰਡੀਅਨ ਕਲਚਰ ਦੇ ਘਟੀਆ ਹੋਣ ਬਾਰੇ ਅੰਦਾਜ਼ਾ ਲਗਾ ਲੈਂਦੀ ਹੈ ਅਤੇ ਇੰਡੀਆ ਜਾ ਕੇ ਆਪਣੀ ਮਾਂ ਦੀਆਂ ਜੜ੍ਹਾਂ ਜਾਨਣ ਦੀ ਇੱਛਾ ਅਤੇ ਭਾਰਤੀ ਸੰਸਕ੍ਰਿਤੀ ਨੂੰ ਜਾਨਣ ਦਾ ਵਿਚਾਰ ਆਪਣੇ ਮਨ ਵਿਚੋਂ ਹਮੇਸ਼ਾਂ ਲਈ ਤਿਆਗ ਦਿੰਦੀ ਹੈ। ਇੱਥੇ ਹੀ ਜਗਪ੍ਰੀਤ ਦੇ ਘਰੋਂ ਦੁਖੀ ਹੋ ਕੇ ਅਨੀਤਾ ਦਾ ਆਪਣੀ ਮਾਂ ਦੇ ਘਰ ਜਾਣ ਦੀ ਬਜਾਏ ਪਿਤਾ ਐਂਡਰੀਊ ਸਮਿੱਥ ਦੇ ਘਰ ਨੂੰ ਜਾਣਾ ਠੀਕ ਸਮਝਣਾ ਵੀ ਇਸ ਗੱਲ ਵੱਲ ਹੀ ਸੰਕੇਤ ਕਰਦਾ ਹੈ ਕਿ ਦੂਜੀ ਪੀੜ੍ਹੀ ਦੀਆਂ ਜਾਗੀਰੂ ਕਦਰਾਂ-ਕੀਮਤਾਂ ਵਾਲੇ ਬੁਰੇ ਵਿਵਹਾਰ ਕਾਰਨ ਅਨੀਤਾ ਨੂੰ ਅਚੇਤ ਹੀ ਆਪਣੀ ਮਾਂ ਦੀ ਭਾਰਤੀ ਸੰਸਕ੍ਰਿਤੀ ਘਟੀਆ ਅਤੇ ਆਪਣੇ ਬਾਪ ਐਂਡਰੀਊ ਸਮਿੱਥ ਦੀ ਸੰਸਕ੍ਰਿਤੀ ਵੱਧ ਚੰਗੀ ਅਤੇ ਬਿਹਤਰ ਲੱਗਣ ਲੱਗ ਪੈਂਦੀ ਹੈ। ਨਾਵਲ ਵਿਚ ਬਿਰਤਾਂਤਕਾਰ ਨੇ ਦੂਜੀ ਪੀੜ੍ਹੀ ਦੀ ਪ੍ਰਤੀਨਿਧਤਾ ਕਰਦੇ ਜਗਪ੍ਰੀਤ ਦੇ ਮਾਂ-ਬਾਪ ਦਾ ਅਜਿਹਾ ਵਿਵਹਾਰ ਸਿਰਜ ਕੇ ਗੋਰੇ ਸਮਾਜ ਦੇ ਨਾਲ-ਨਾਲ ਪੰਜਾਬੀ ਭਾਈਚਾਰੇ ਦੇ ਅਵਚੇਤਨ ਵਿਚ ਵੀ ਪਈ ਨਸਲੀ ਵਿਤਕਰੇ ਵਰਗੀ ਨਫ਼ਰਤ ਨੂੰ ਤਰਕ ਦੇ ਆਧਾਰ ‘ਤੇ ਸਿਰਜ ਕੇ, ਪੂਰਬ ਅਤੇ ਪੱਛਮ ਦੋਹਾਂ ਹੀ ਸਮਾਜਾਂ ਦੇ ਸੰਦਰਭ ਵਿਚ ਪੇਸ਼ ਕਰਨ ਦਾ ਯਤਨ ਕੀਤਾ ਹੈ। ਨਾਵਲਕਾਰ ਨੇ ਹਰਮੀਤ-ਐਂਡਰੀਊ ਸਮਿੱਥ ਪਾਤਰਾਂ ਰਾਹੀਂ ਅੰਤਰ-ਨਸਲੀ ਔਰਤ-ਮਰਦ ਦੇ ਸੰਬੰਧਾਂ ਤੋਂ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦੇ ਯਥਾਰਥ ਨੂੰ ਵੀ ਸਿਰਜਣ ਦਾ ਯਤਨ ਕੀਤਾ ਹੈ ਅਤੇ ਇਨ੍ਹਾਂ ਜੋੜਿਆਂ ਤੋਂ ਪੈਦਾ ਹੋਣ ਵਾਲੀ ਨਸਲ (ਔਲਾਦ) ਦੇ ਭਵਿੱਖ ਦੀਆਂ ਸੰਭਾਵਨਾਵਾਂ ਉਜਾਗਰ ਕਰਕੇ ਸਥਿਤੀ ਨੂੰ ਜਟਿਲਤਾ ਨਾਲ ਪੇਸ਼ ਕਰਨ ਦਾ ਯਤਨ ਕੀਤਾ ਹੈ ਕਿ ਅਜਿਹੇ ਜੋੜਿਆਂ ਤੋਂ ਪੈਦਾ ਹੋਈ ਔਲਾਦ ਨੂੰ ਉਮਰ ਭਰ ਸਮਾਜ ਦੇ ਜਲਾਲਤ ਭਰੇ ਵਿਤਕਰੇ ਦਾ ਸਿ਼ਕਾਰ ਹੋਣਾ ਪੈਂਦਾ ਹੈ। ਨਾਵਲਕਾਰ ਨੇ ਦੋਹਾਂ ਸੰਸਕ੍ਰਿਤੀਆਂ ਦੇ ਵਿਰੋਧੀ ਮੁੱਲਾਂ ਨੂੰ ਵੀ ੳਜਾਗਰ ਕੀਤਾ ਹੈ। ਹਰਮੀਤ ਅਤੇ ਐਂਡਰੀਊ ਸਮਿੱਥ ਦੇ ਜੀਵਨ ਵਿਚ ਉਪਜੇ ਤਨਾਓ ਦੇ ਸਿਰਜੇ ਹੋਏ ਕਾਰਨ ਵੀ ਇਸ ਨਾਵਲ ਨੂੰ ਪ੍ਰਮਾਣਿਕ ਰਚਨਾ ਬਣਾਉਂਦੇ ਹੋਏ ਪਰਵਾਸੀ ਜੀਵਨ ਦੇ ਬਹੁਪਰਤੀ ਯਥਾਰਥ ਨੂੰ ਪੇਸ਼ ਕਰਦੇ ਹਨ। ਹਰਮੀਤ ਦੇ ਮਾਂ-ਬਾਪ (ਅਮਰ ਕੌਰ ਤੇ ਜਗਜੀਤ ਸੰਘੇੜਾ) ਅਤੇ ਜਗਪ੍ਰੀਤ ਦੇ ਮਾਂ-ਬਾਪ (ਮਨਿੰਦਰ ਤੇ ਦਵਿੰਦਰ) ਜੋ ਪਰਵਾਸੀ ਪੰਜਾਬੀਆਂ ਦੀ ਦੂਜੀ ਪੀੜ੍ਹੀ ਦੀ ਪ੍ਰਤੀਨਿਧਤਾ ਕਰਦੇ ਹਨ, ਵਰਗੇ ਪਾਤਰਾਂ ਦੇ ਪ੍ਰੰਪਰਿਕ ਭਾਰਤੀ ਸੰਸਕਾਰਾਂ ਅਤੇ ਵਿਕਸਤ ਸਾਮਰਾਜੀ ਦੇਸ਼ ਦੀ ਵਿਵਸਥਾ ਤੋਂ ਉਤਪੰਨ ਹੋਈ ਸਥਿਤੀ ਕਾਰਨ ਪੈਦਾ ਹੋਏ ਮਾਨਸਿਕ ਦਵੰਦਾਂ ਨੂੰ ਵੀ ਲੇਖਕ ਨੇ ਸਜੀਵ ਰੂਪ ਵਿਚ ਪੇਸ਼ ਕੀਤਾ ਹੈ।

ਇਸ ਨਾਵਲ ਦੇ ਇੱਕ ਹੋਰ ਮਹੱਤਵਪੂਰਨ ਪੱਖ ਨੂੰ ਨਾਵਲਕਾਰ ਨੇ ਮਾਂ-ਧੀ (ਹਰਮੀਤ-ਅਨੀਤਾ) ਦੇ ਵਾਰਤਾਲਾਪ ਦੁਆਰਾ ਪਾਠਕਾਂ ਨੂੰ ਜਾਣੂ ਕਰਵਾਉਣ ਦਾ ਯਤਨ ਕੀਤਾ ਹੈ ਕਿ ਕਿਸੇ ਵੀ ਸਮਾਜ ਦੁਆਰਾ ਬਣਾਏ ਸਿਸਟਮ ਵਿਚ ਗੁਣ-ਦੋਸ਼ਾਂ ਦੇ ਨਾਲ ਉਨ੍ਹਾਂ ਦੇ ਪਿੱਛੇ ਕੰਮ ਕਰ ਰਿਹਾ ਹਿੰਡਨ ਏਜੰਡਾ (ਲੁਕਿਆ ਉਦੇਸ਼) ਜ਼ਰੂਰ ਹੁੰਦਾ ਹੈ।। ਜਿਸ ਤੋਂ ਆਮ ਸਾਧਾਰਣ ਮਨੁੱਖ ਜਾਣੂ ਨਹੀਂ ਹੁੰਦਾ। ਇਸ ਦੇ ਨਾਲ ਹੀ ਸਭਾ-ਸੋਸਾਇਟੀਆਂ ਦਾ ਮਨੁੱਖ ਦੇ ਜੀਵਨ ਵਿਚ ਜੋ ਰੋਲ (ਭੂਮਿਕਾ) ਹੁੰਦੀ ਹੈ ਉਸ ਵੱਲ ਵੀ ਸੰਕੇਤ ਕੀਤਾ ਹੈ।

ਹਰਮੀਤ ਦੀ ਧੀ ਅਨੀਤਾ ਕਾਰਡਿਫ਼ ਯੂਨੀਵਰਸਿਟੀ ਵਿਚ ‘ਨਵਚੇਤਨਾ‘ ਨਾਂ ਦੀ ਸਾਹਿਤਕ- ਸਭਿਆਚਾਰਕ ਸਭਾ ਦੁਆਰਾ ਕਰਵਾਏ ਗਏ ਸਲਾਨਾ ਸਮਾਗਮ ਵਿਚ ਪ੍ਰੋ. ਹਰਜਿੰਦਰ ਦੇ ਭਾਸ਼ਣ ਤੋਂ ਏਨਾ ਪ੍ਰਭਾਵਿਤ ਹੁੰਦੀ ਹੈ ਕਿ ਉਹ ਯੂਨੀਵਰਸਿਟੀ ਤੋਂ ਆਪਣੇ ਘਰ ਮਾਨਚੈਸਟਰ ਆ ਕੇ ਆਪਣੀ ਮਾਂ ਦੇ ਸਾਹਮਣੇ ਉਸ ਦੀਆਂ ਜੜ੍ਹਾਂ ਅਤੇ ਭਾਰਤੀ ਕਲਚਰ ਨੂੰ ਜਾਨਣ ਦੀ ਇੱਛਾ ਪ੍ਰਗਟਾਉਣ ਦੇ ਨਾਲ-ਨਾਲ ਮਾਂ ਨੂੰ ਭਾਰਤ ਆਉਣ ਲਈ ਵੀ ਤਿਆਰ ਕਰਦੀ ਹੈ। ਘਰ ਆ ਕੇ ਅਨੀਤਾ ਮਾਂ ਨੂੰ ਉਨ੍ਹਾਂ ਦੇ ਗੁਆਂਢ ਵਿਚ ਇੱਕ ਇੰਡੀਅਨ ਫੈਮਲੀ ਦੁਆਰਾ ਆਪਣੀ ਧੀ ਨੂੰ ਘਰੋਂ ਕੱਢਣ ਬਾਰੇ ਦੱਸਦੀ ਹੈ ਕਿਉਂਕਿ ਉਨ੍ਹਾਂ ਦੀ ਧੀ ਇੱਕ ਗੋਰੇ ਕਲਾਸਫੈਲੋ ਨਾਲ ਸ਼ਾਦੀ ਕੀਤੇ ਬਿਨਾਂ ਰਹਿਣ ਲੱਗ ਪਈ ਸੀ। ਇੱਥੇ ਹੀ ਨਾਵਲਕਾਰ ਨੇ ਮਾਂ-ਧੀ ਦੇ ਵਾਰਤਾਲਾਪ ਦੁਆਰਾ ਨਾਵਲ ਦੇ ਉਪਰੋਕਤ ਦੱਸੇ ਮਹੱਤਵਪੂਰਨ ਪੱਖ (ਸਰਮਾਏਦਾਰੀ ਤੇ ਫਿਊਡਲ ਸਿਸਟਮ ਦੇ ਗੁਣ-ਦੋਸ਼ਾਂ ਬਾਰੇ) ਨੂੰ ਪਾਤਰਾਂ ਦੇ ਰੂ-ਬ-ਰੂ ਕਰਦੇ ਹੋਏ ਦੱਸਿਆ ਹੈ ਕਿ ਸਰਮਾਏਦਾਰੀ ਸਿਸਟਮ ਮਨੁੱਖ ਨੂੰ ਨਿੱਜੀ ਆਜ਼ਾਦੀ ਦੀ ਗਰੰਟੀ ਦਿੰਦਾ ਹੈ, ਮਨੁੱਖ ਨੂੰ ਮਨੁੱਖ ਸਮਝਣ ਦੀ ਸੂਝ ਦਿੰਦਾ ਹੈ। ਇਸ ਸਿਸਟਮ ਨੇ ਹੀ ਮਨੁੱਖ ਨੂੰ ਐਡਵਾਂਸ ਟੈਕਨੋਲੋਜੀ ਪ੍ਰਦਾਨ ਕੀਤੀ ਹੈ। ਪਰ ਇਸ ਦੇ ਨਾਲ ਹੀ ਇਸ ਨੇ ਮਨੁੱਖ ਨੂੰ ਸੈਲਫ਼ ਸਟੈਂਡਰਡ ਬਣਾ ਦਿੱਤਾ ਹੈ ਅਤੇ ਇਸੇ ਸਿਸਟਮ ਅਧੀਨ ਮਨੁੱਖ ਨੇ ਆਪਣੇ ਮੁਨਾਫ਼ੇ ਲਈ ਕੁਦਰਤ ਦਾ ਸ਼ੋਸ਼ਣ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਇਸ ਸਿਸਟਮ ਦਾ ਸਭ ਤੋਂ ਵੱਡਾ ਔਗੁਣ ਮਨੁੱਖ ਨੂੰ ਸਮਾਜ ਨਾਲੋਂ ਤੋੜਨਾ ਹੈ। ਇਸ ਸਿਸਟਮ ਦੇ ਮਨੁੱਖ ਨੂੰ ਸਮਾਜ ਨਾਲੋਂ ਤੋੜਨ ਪਿੱਛੇ ਜਿਹੜਾ ਹਿੰਡਨ ਏਜੰਡਾ ਕੰਮ ਕਰਦਾ ਹੈ ਉਸ ਨੂੰ ਨਾਵਲਕਾਰ ਨੇ ਹਰਮੀਤ ਦੀ ਜ਼ੁਬਾਨੀ ਇਸ ਤਰ੍ਹਾਂ ਬਿਆਨ ਕੀਤਾ ਹੈ :-
“ਬੰਦੇ ਤੇ ਸਮਾਜ ‘ਚ ਦੀਵਾਰ ਖੜ੍ਹੀ ਹੋ ਜਾਣ ਨਾਲ ਨਾ ਸ਼ੋਸ਼ਤ ਹੋ ਰਹੇ ਲੋਕ ਇਕੱਠੇ ਹੋਣ ਤੇ ਨਾ ਉਹ ਸ਼ੋਸ਼ਤ ਕਰਨ ਵਾਲਿਆਂ ਕੋਲੋਂ ਇਸ ਗੱਲ ਬਾਰੇ ਪੁੱਛਣ, ਨਾ ਆਪਣੀਆਂ ਜਾਇਜ਼ ਮੰਗਾਂ ਮੰਗਣ ਤੇ ਨਾ ਸਰਮਾਏਦਾਰਾਂ ਨੂੰ ਉਨ੍ਹਾਂ ਕੋਲੋਂ ਕਿਸੇ ਕਿਸਮ ਦਾ ਖ਼ਤਰਾ ਹੋਵੇ। ਇਸ ਗੱਲ ਨਾਲੋਂ ਵੱਧ ਭਲਾ ਹੋਰ ਸਰਮਾਏਦਾਰਾਂ ਨੂੰ ਕੀ ਬੈਨੀਫਿਟ ਹੋਣਾ ਚਾਹੀਦਾ ਏ?”20

ਇਸ ਦੇ ਉਲਟ ਫਿਊਡਲ ਸਿਸਟਮ (ਜਾਗੀਰਦਾਰੀ ਪ੍ਰਬੰਧ) ਮਨੁੱਖ ਨੂੰ ਨਿੱਜੀ ਆਜ਼ਾਦੀ ਦੀ ਗਰੰਟੀ ਨਹੀਂ ਦਿੰਦਾ। ਇਸ ਸਿਸਟਮ ਅਧੀਨ ਮਨੁੱਖ ਦੀ ਨਿੱਜੀ ਜ਼ਿੰਦਗੀ ਵਿਚ ਸਮਾਜ ਦਾ ਦਖ਼ਲ ਹੁੰਦਾ ਹੈ। ਇਹ ਸਿਸਟਮ ਸਿਰਫ਼ ਆਪਣਾ ਲੁੱਕ ਆਫਟਰ ਕਰਨ ਦੀ ਥਾਂ ਦੂਜਿਆਂ ਲਈ ਵੀ ਕੁਝ ਕਰਨ ਲਈ ਪ੍ਰੇਰਦਾ ਹੈ। ਇਸ ਸਿਸਟਮ ਦਾ ਸਭ ਤੋਂ ਵੱਡਾ ਗੁਣ ਮਨੁੱਖ ਨੂੰ ਮਨੁੱਖ ਨਾਲੋਂ ਤੋੜਨ ਦੀ ਥਾਂ ਮਨੁੱਖ ਨੂੰ ਮਨੁੱਖ ਨਾਲ ਜੋੜਨਾ ਹੈ। ਸਿਰਫ਼ ਕਦਰਾਂ-ਕੀਮਤਾਂ ਲਈ ਮਨੁੱਖ ਨੂੰ ਕੁਰਬਾਨ ਕਰਨਾ ਇਸ ਸਿਸਟਮ ਦਾ ਔਗੁਣ ਵੀ ਹੈ। ਜਾਗੀਰਦਾਰੀ ਪ੍ਰਬੰਧ ਵਾਲਾ ਸਮਾਜ ਬੰਦੇ ਨੂੰ ਆਪਣੀ ਮਰਜ਼ੀ ਅਨੁਸਾਰ ਜ਼ਿੰਦਗੀ ਜੀਣ ਦਾ ਹੱਕ ਵੀ ਨਹੀਂ ਦਿੰਦਾ।

ਦੋਹਾਂ ਸਿਸਟਮਾਂ ਦੇ ਆਪਣੇ-ਆਪਣੇ ਗੁਣ-ਦੋਸ਼ਾਂ ਦੇ ਬਾਵਜੂਦ ਭਾਰਤ ਜਾਂ ਪੰਜਾਬ ਦੇ ਪਿੰਡਾਂ ਦੁਆਰਾ ਬੜੀ ਤੇਜ਼ੀ ਨਾਲ ਸਰਮਾਏਦਾਰੀ ਸਿਸਟਮ ਦੀਆਂ ਕਦਰਾਂ-ਕੀਮਤਾਂ ਨੂੰ ਅਪਣਾਉਣ ਕਾਰਨ ਭਾਰਤ ਦੇ ਪਿੰਡਾਂ ਵਿਚ ਆ ਰਹੀ ਅਤੇ ਆਉਣ ਵਾਲੀ ਤਬਦੀਲੀ ਨੂੰ ਵੀ ਲੇਖਕ ਨੇ ਮਾਂ-ਧੀ ਦੇ ਵਾਰਤਾਲਾਪ ਰਾਹੀਂ ਹੀ ਸਪੱਸ਼ਟ ਕੀਤਾ ਹੈ :-

“ਇਸ ਤਬਦੀਲੀ ਦੇ ਕਈ ਕਾਰਨ ਹੋ ਸਕਦੇ ਨੇ ਪਰ ਮੈਨੂੰ ਸਭ ਤੋਂ ਵੱਡੀ ਵਜ੍ਹਾ ਵਿਦਿਆ ਦਾ ਪ੍ਰਸਾਰ ਲਗਦਾ। ਦੂਜਾ ਹੁਣ ਇੰਡੀਅਨ ਸੋਸਾਇਟੀ ਵੀ ਬੜੀ ਤੇਜ਼ੀ ਨਾਲ ਫਿਊਡਲ ਸਿਸਟਮ ਨੂੰ ਛੱਡੀ ਜਾ ਰਹੀ ਤੇ ਸਰਮਾਏਦਾਰੀ ਪ੍ਰਬੰਧ ਨੂੰ ਅਪਣਾਈ ਜਾ ਰਹੀ ਆ। ਇਸ ਕਰਕੇ ਹੁਣ ਪੰਜਾਬੀ ਜਾਂ ਕਹਿ ਲੈ ਇੰਡੀਅਨ ਸਮਾਜ ਵੀ ਬੜੀ ਤੇਜ਼ੀ ਨਾਲ ਸਰਮਾਏਦਾਰੀ ਸਿਸਟਮ ਦੀਆਂ ਕਦਰਾਂ-ਕੀਮਤਾਂ ਅਪਣਾਈ ਜਾ ਰਿਹਾ ਏ।”21

ਭਾਰਤ ਦੁਆਰਾ ਫਿਊਡਲ ਸਿਸਟਮ ਨੂੰ ਛੱਡਣ ਅਤੇ ਸਰਮਾਏਦਾਰੀ ਸਿਸਟਮ ਨੂੰ ਅਪਣਾਉਣ ਦਾ ਸੰਕੇਤ ਕਾਰਡਿਫ਼ ਯੂਨੀਵਰਸਿਟੀ ਵਿਚ ਪ੍ਰੋ. ਮੋਹਨ ਲਾਲ ਅਹੂਜਾ ਦੁਆਰਾ ਲੈਕਚਰ ਦੇਣ ਸਮੇਂ ਅਨੀਤਾ ਦੁਆਰਾ ਪ੍ਰੋ. ਅਹੂਜਾ ਨੂੰ ਕੀਤੇ ਪ੍ਰਸ਼ਨ ਦੇ ਜਵਾਬ ਵਿਚੋਂ ਵੀ ਮਿਲਦਾ ਹੈ :-

“ਉਸ ਵੇਲੇ ਭਾਰਤ ਵਿਚ ਫਿਊਡਲ ਪ੍ਰਬੰਧ ਦਾ ਬੋਲਬਾਲਾ ਸੀ ਤੇ ਹੁਣ ਅਰਧ ਸਰਮਾਏਦਾਰੀ ਸਿਸਟਮ ਹੈ ਸਗੋਂ ਹੁਣ ਇੰਡੀਆ ਬੜੀ ਤੇਜ਼ੀ ਨਾਲ ਸਰਮਾਏਦਾਰੀ ਪ੍ਰਬੰਧ ਨੂੰ ਅਪਣਾਈ ਜਾ ਰਿਹਾ ਏ। ਇਸ ਲਈ ਹੁਣ ਇੰਡੀਆ ਦਾ ਸਾਹਿਤ ਵੀ ਯਥਾਰਥਵਾਦੀ ਹੁੰਦਾ ਜਾ ਰਿਹਾ ਹੈ।”22

ਸਮਾਜ ਦੁਆਰਾ ਸਥਾਪਿਤ ਕਦਰਾਂ-ਕੀਮਤਾਂ ਨੂੰ ਆਮ ਸਾਧਾਰਣ ਲੋਕਾਂ ਦੁਆਰਾ ਅਪਣਾਉਣ ਪਿੱਛੇ ਜਿਹੜੀ ਮਜਬੂਰੀ ਹੁੰਦੀ ਹੈ ਜਾਂ ਜਿਹੜੇ ਕਾਰਨ ਕਾਰਜਸ਼ੀਲ ਹੁੰਦੇ ਹਨ। ਉਹ ਵੀ ਇਸ ਨਾਵਲ ਵਿਚ ਮਾਂ-ਧੀ ਦੇ ਵਾਰਤਾਲਾਪ ਦੁਆਰਾ ਸਿਰਜੇ ਗਏ ਹਨ :-

“ਦਰਅਸਲ ਸਧਾਰਨ ਬੰਦਾ ਸਮਾਜ ਦੀਆਂ ਸਥਾਪਿਤ ਕਦਰਾਂ ਕੀਮਤਾਂ ਦੇ ਅਨੁਸਾਰ ਇਸ ਤਰ੍ਹਾਂ ਢਲ ਜਾਂਦਾ ਹੈ ਕਿ ਉਹ ਉਨ੍ਹਾਂ ਤੋਂ ਬਿਨਾਂ ਕਿਸੇ ਹੋਰ ਤਰ੍ਹਾਂ ਸੋਚ ਵੀ ਨਹੀਂ ਸਕਦਾ। ਇਸ ਗੱਲ ਦਾ ਇਹ ਮਤਲਬ ਹੋਇਆ ਕਿ ਬੰਦੇ ਦੀ ਸੋਚ ਉਸ ਸਿਸਟਮ ਅਨੁਸਾਰ ਢਲ ਜਾਂਦੀ ਐ ਜਿਸ ‘ਚ ਉਹ ਜੰਮਦਾ, ਪਲਦਾ, ਪੜ੍ਹਦਾ ਤੇ ਪਰਵਾਨ ਚੜ੍ਹਦਾ। ਉਹ ਨਾ ਉਸ ਤੋਂ ਬਿਨਾਂ ਹੋਰ ਕਿਸੇ ਤਰ੍ਹਾਂ ਸੋਚ ਸਕਦਾ ਏ, ਨਾ ਦੇਖ ਸਕਦਾ ਤੇ ਨਾ ਕਰ ਸਕਦਾ। ਤੂੰ ਉਹਨੂੰ ਪਈ ਲੀਕ ‘ਤੇ ਚਲਣਾ ਵੀ ਕਹਿ ਸਕਦੀ ਏ।”23

ਇਸ ਤੋਂ ਇਲਾਵਾ ਇਸ ਨਾਵਲ ਵਿਚ ਸਾਨੂੰ ਕਾਰਡਿਫ਼ ਯੂਨੀਵਰਸਿਟੀ ਵਿਚ ਨਵਚੇਤਨਾ ਸੁਸਾਇਟੀ ਦੁਆਰਾ ਕਰਵਾਏ ਗਏ ਸਲਾਨਾ ਸਮਾਗਮ ਵਿਚ ਡਾ. ਮੋਹਨ ਲਾਲ ਅਹੂਜਾ ਦੇ ਲੈਕਚਰ ਦੁਆਰਾ ਏਸ਼ੀਅਨ ਅਤੇ ਬਰਤਾਨਵੀ ਕਲਚਰ ਦੇ ਬਹੁਤ ਸਾਰੇ ਪਹਿਲੂ ਦੇਖਣ ਨੂੰ ਵੀ ਮਿਲਦੇ ਹਨ। ਇਸਦੇ ਨਾਲ ਹੀ ਸਮਾਜ ਦੁਆਰਾ ਬਣਾਈਆਂ ਸਭਾ-ਸੋਸਾਇਟੀਆਂ ਦੀ ਮਨੁੱਖ ਦੇ ਜੀਵਨ ਵਿਚ ਕਿੰਨੀ ਅਹਿਮ ਭੂਮਿਕਾ ਹੁੰਦੀ ਹੈ, ਨਾਵਲਕਾਰ ਨੇ ਹਰਮੀਤ ਦੀ ਸੋਚ ਦੁਆਰਾ ਇਸ ਪੱਖ ਵੱਲ ਵੀ ਧਿਆਨ ਦੁਆਇਆ ਹੈ :-

“ਇਹ ਸਭਾ-ਸੋਸਾਇਟੀਆਂ ਵੀ ਮਨੁੱਖ ਦੇ ਜੀਵਨ ‘ਚ ਕਿੰਨਾ ਅਹਿਮ ਰੋਲ ਅਦਾ ਕਰਦੀਆਂ ਹਨ! ਚੜ੍ਹਦੀ ਜਵਾਨੀ ‘ਚ ਤਾਂ ਇਹ ਬੰਦੇ ਦੀ ਸੋਚ ਨੂੰ, ਉਹਦੀ ਜੀਵਨ-ਧਾਰਾ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੰਦੀਆਂ ਨੇ! ਪਹਿਲਾਂ ‘ਇਸਤਰੀ ਦੀ ਸੁਤੰਤਰ ਹੋਂਦ‘ ਨਾਂ ਦੀ ਸੋਸਾਇਟੀ ਨੇ ਮੈਨੂੰ ਇੰਡੀਅਨ ਕਲਚਰ ਨਾਲੋਂ ਤੋੜਿਆ ਸੀ ਤੇ ਹੁਣ ਨਵਚੇਤਨਾ ਨਾਂ ਦੀ ਇਹ ਸੋਸਾਇਟੀ ਮੇਰੀ ਧੀ ਨੂੰ ਉਸ ਨਾਲ ਜੋੜ ਰਹੀ ਐ! ਕਿੰਨੀ ਅਨੋਖੀ ਤੇ ਅਜੀਬ ਗੱਲ ਏ!”24

ਉਪਰੋਕਤ ਸਾਰੀ ਵਿਚਾਰ ਚਰਚਾ ਤੋਂ ਬਾਅਦ ਨਾਵਲ ‘ਹਾਸ਼ੀਏ‘ ਦੇ ਸੰਬੰਧ ਵਿਚ ਇਸ ਸਿੱਟੇ ‘ਤੇ ਪਹੁੰਚਿਆ ਜਾ ਸਕਦਾ ਹੈ ਕਿ ਦਰਸ਼ਨ ਸਿੰਘ ਧੀਰ ਪਰਵਾਸੀ ਜੀਵਨ ਦੀਆਂ ਪ੍ਰਸਥਿਤੀਆਂ ਤੇ ਗੁੰਝਲਾਂ ਨੂੰ ਪੇਸ਼ ਕਰਨ ਦੀ ਵਿਧੀ ਦਾ ਉਸਤਾਦ ਹੋਣ ਕਾਰਨ ਉਹ ਪਰਵਾਸੀ ਪ੍ਰਸਥਿਤੀਆਂ ਨੂੰ ਆਪਣੀ ਮੌਲਿਕ ਦ੍ਰਿਸ਼ਟੀ ਤੋਂ ਵੇਖਦਾ, ਪਰਖਦਾ ਤੇ ਪਹਿਚਾਣਦਾ ਹੈ। ਬਿਰਤਾਂਤਕ ਸਥਿਤੀਆਂ ਦੀ ਸਿਰਜਣਾ ਕਰਦੇ ਸਮੇਂ ਉਸਦੇ ਦ੍ਰਿਸ਼ ਜੀਵੰਤ ਰੂਪ ਧਾਰਨ ਕਰ ਲੈਂਦੇ ਹਨ। ਦਰਸ਼ਨ ਸਿੰਘ ਧੀਰ ਦੀ ਖੂਬੀ ਇਹ ਹੈ ਉਹ ਪਰਵਾਸੀ ਪੰਜਾਬੀਆਂ ਨੂੰ ਦਰਪੇਸ਼ ਸਮੱਸਿਆਵਾਂ ਦੀ ਨਿਸ਼ਾਨਦੇਹੀ ਕਰਦਾ ਹੋਇਆ ਉਨ੍ਹਾਂ ਦੀ ਪਿੱਠ- ਭੂਮੀ ਵਿਚ ਵਿਚ ਪਏ ਤਮਾਮ ਵੇਰਵਿਆਂ ਨੂੰ ਵੀ ਬਿਰਤਾਂਤ ਦਾ ਹਿੱਸਾ ਬਣਾਉਂਦਾ ਹੈ। ਪਾਤਰਾਂ ਦਾ ਮਨੋਵਿਸ਼ਲੇਸ਼ਣ ਕਰਦੇ ਸਮੇਂ ਉਹ ਉਨ੍ਹਾਂ ਦੇ ਅੰਤਰੀਵ ਜਗਤ (ਅਰਥਾਤ ਅੰਦਰੂਨੀ ਮਾਨਸਿਕਤਾ) ਵਿਚ ਏਨਾ ਡੂੰਘਾ ਉਤਰ ਜਾਂਦਾ ਹੈ ਕਿ ਉਨ੍ਹਾਂ ਨਾਲ ਇਕਮਿਕ ਹੋਇਆ ਜਾਪਦਾ ਹੈ ਪਰ ਕਲਾਤਮਿਕ ਪੱਖੋਂ ਉਹ ਆਪਣੇ ਪਾਤਰਾਂ ਨਾਲ ਇੱਕ ਵਿੱਥ ਵੀ ਕਾਇਮ ਰੱਖਦਾ ਹੈ। ਨਾਵਲਕਾਰ ਭਾਸ਼ਾ ਦੇ ਸੁਹਜ ਬਾਰੇ ਵੀ ਕਾਫ਼ੀ ਚੇਤੰਨ ਹੈ। ਨਾਵਲ ਵਿਚਲੇ ਪਾਤਰ ਵਿੱਦਿਆ, ਕਿੱਤੇ, ਇਲਾਕੇ ਤੇ ਮਾਹੌਲ ਅਨੁਸਾਰ ਬੜੀ ਸਰਲ ਭਾਸ਼ਾ ਬੋਲਦੇ ਹਨ। ਉਨ੍ਹਾਂ ਦੀ ਵਾਰਤਾਲਾਪ ਦੀ ਭਾਸ਼ਾ ਬਰਤਾਨੀਆ ਦੀ ਰਲ਼ੀ-ਮਿਲ਼ੀ ਅੰਗਰੇਜ਼ੀ-ਪੰਜਾਬੀ ਹੈ। ਨਾਵਲਕਾਰ ਨੇ ਆਪਣੇ ਇਸ ਨਾਵਲ ਵਿਚ ਪਾਤਰਾਂ ਦੀਆਂ ਮਨੋਸਥਿਤੀਆਂ ਨੂੰ ਬੜੀ ਬਾਰੀਕੀ ਨਾਲ ਉਲੀਕਿਆ ਹੈ। ਉਹ ਜਦੋਂ ਤਾਂ ਘਟਨਾਵਾਂ ਵਿਚ ਵਿਚਰ ਰਹੇ ਹੁੰਦੇ ਹਨ ਤੇ ਆਪਸੀ ਵਾਰਤਾਲਾਪ ਕਰ ਰਹੇ ਹੁੰਦੇ ਹਨ, ਬੜੇ ਸੁਭਾਵਿਕ ਤੇ ਜੀਊਂਦੇ-ਜਾਗਦੇ ਪਾਤਰ ਜਾਪਦੇ ਹਨ। ਇਸ ਨਾਵਲ ਵਿਚਲੇ ਮਨੁੱਖੀ ਭਾਵਨਾਵਾਂ ਨਾਲ ਭਰਪੂਰ ਪਾਤਰ (ਹਿਰਦੇਪਾਲ, ਹਰਮੀਤ, ਸ਼ੈਰਨ ਕੈਲੀ, ਟੌਮ ਸਟੀਵਨਜ਼ ਤੇ ਸੌਪ-ਸਟੂਅਰਡ ਰੋਨ ਫਰੇਜ਼ਰ) ਭਾਵੇਂ ਕਿਸੇ ਵੀ ਅਣਮਨੁੱਖੀ ਸਥਿਤੀ ਵਿਚ ਹੋਣ ਉਨ੍ਹਾਂ ਦਾ ਵਿਕਾਸ ਅੱਗੇ ਵੱਲ ਹੁੰਦਾ ਹੈ। ਇਹ ਪਾਤਰ ਭਵਿੱਖ ਵੱਲ ਵਿਕਾਸ ਕਰਦੇ ਹਨ ਤੇ ਅਤੀਤ ਵੱਲ ਨਹੀਂ ਮੁੜਦੇ।

ਇਸ ਨਾਵਲ ਦੀ ਵਿਧੀ ਪੱਖੋਂ ਵਿਲੱਖਣਤਾ ਇਹ ਹੈ ਕਿ ਇਸ ਦੀ ਕਹਾਣੀ ਥਾਂ-ਪੁਰ-ਥਾਂ ਪਾਠਕਾਂ ਦੇ ਸਨਮੁੱਖ ਹੋ ਕੇ ਕਈ ਨਵੇਂ ਗੁੱਝੇ ਭੇਦ ਖੋਲਦੀ ਹੈ। ਇਸ ਪ੍ਰਕਾਰ ਦਰਸ਼ਨ ਸਿੰਘ ਧੀਰ ਦਾ ਇਹ ਨਾਵਲ ਕਲਾ ਪੱਖੋਂ ਵੀ ਉਨਾਂ ਹੀ ਪ੍ਰਭਾਵਸ਼ਾਲੀ ਹੈ ਜਿੰਨਾ ਕਿ ਵਿਸ਼ੇ ਪੱਖੋਂ। ਕਿਉਂਕਿ ਨਾਵਲ ਦੇ ਅੰਤ ਤੋਂ ਨਾਵਲਕਾਰ ਦੀ ਲਿਖਣ ਸਮਰੱਥਾ ਤੇ ਪ੍ਰਮਾਣਿਕਤਾ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਦਰਸ਼ਨ ਸਿੰਘ ਧੀਰ ਦੇ ਇਸ ਨਾਵਲ ਦੇ ਪ੍ਰਭਾਵਸ਼ਾਲੀ ਅੰਤ (ਸਮਾਪਤੀ) ਨੂੰ ਹਿੰਦੀ ਦਾ ਪ੍ਰਸਿੱਧ ਸਮਾਲੋਚਕ ਨੇਮੀ ਚੰਦਰ ਜੈਨ ਆਪਣੇ ਸ਼ਬਦਾਂ ਵਿਚ ‘ਲੇਖਕ ਦੀ ਬੌਧਿਕਤਾ ਦੀ ਪਰਖ‘ ਦਾ ਨਾਂ ਦਿੰਦਾ ਹੈ।

ਇਸ ਪ੍ਰਕਾਰ ‘ਹਾਸ਼ੀਏ‘ ਨਾਵਲ ਦਾ ਬਿਰਤਾਂਤ ਨਾਵਲ ਦੀ ਬਹੁਮੁੱਖੀ ਦ੍ਰਿਸ਼ਟੀ ਨੂੰ ਸਿਰਜਣ ਦੇ ਮਨੋਰਥ ਹਿੱਤ ਨਾਵਲੀ ਲੋੜਾਂ ਅਨੁਸਾਰ ਨਵੇਂ ਰੂਪ ਵਾਲਾ ਹੈ ਅਤੇ ਪਰਵਾਸੀ ਜੀਵਨ ਦੇ ਅਗਲੇਰੇ ਪੜਾਅ ਦੇ ਸਰੋਕਾਰਾਂ ਨੂੰ ਸਿਰਜਣ ਵੱਲ ਯਤਨਸ਼ੀਲ ਹੈ। ਪਰਵਾਸੀ ਜੀਵਨ ਨਾਲ ਸੰਬੰਧਿਤ ਨਸਲਵਾਦ, ਸਭਿਆਚਾਰਕ ਤਣਾਓ, ਭੂ-ਹੇਰਵੇ ਅਤੇ ਪੀੜ੍ਹੀ-ਪਾੜੇ ਆਦਿ ਵਰਗੀਆਂ ਸਮੱਸਿਆਵਾਂ ਤੋਂ ਅਗਾਂਹ ਇਸਟੈਬਸਿ਼ਮੈਂਟ ਨਾਲ ਸੰਬੰਧਿਤ ਇਸ ਨਾਵਲ ਦਾ ਮੁੱਖ ਵਿਸ਼ਾ ਅਤੁ ਕੁਝ ਹੋਰ ਉਪ-ਵਿਸ਼ੇ ਜਿਵੇਂ ‘ਇੰਟਰਨੈੱਟ ਦੀ ਵਰਤੋਂ‘ ਆਦਿ ਦਰਸ਼ਨ ਸਿੰਘ ਧੀਰ ਦੀ ਇਸ ਰਚਨਾ ਨੂੰ ਅੰਤਰ-ਰਾਸ਼ਟਰੀ ਪੱਧਰ ਦੀ ਰਚਨਾ ਹੋਣ ਦਾ ਰੁਤਬਾ ਪ੍ਰਦਾਨ ਕਰਦੇ ਹਨ। ਦੂਜਾ ਸ਼ਾਇਦ ਹੀ ਕਿਸੇ ਸਾਹਿਤਕਾਰ ਨੇ ਅਜਿਹੇ ਵਿਸ਼ੇ ਨੂੰ ਆਪਣੀ ਰਚਨਾ ਦਾ ਆਧਾਰ ਬਣਾਇਆ ਹੈ ਜਿਸ ਵਿਚ ਸ਼ੋਸਿ਼ਤ ਵਰਗ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕਿਸੇ ਵੀ ਦੇਸ਼ ਦੀ ਇਸਟੈਬਲਿਸ਼ਮੈਂਟ ਦੇ ਅਸਲੀ ਯਥਾਰਥ (ਅਸਲੀ ਚਰਿੱਤਰ) ਤੋਂ ਆਮ ਸਾਧਾਰਣ ਜਨਤਾ ਨੂੰ ਏਨੀ ਡੂੰਘਾਈ ਵਿਚ ਜਾ ਕੇ ਜਾਣੂ ਕਰਵਾਇਆ ਹੋਵੇ। ਉਪਰੋਕਤ ਸਭ ਵਿਚਾਰਾਂ ਦੇ ਆਧਾਰ ‘ਤੇ ਕਿਹਾ ਜਾ ਸਕਦਾ ਹੈ ਕਿ ਦਰਸ਼ਨ ਸਿੰਘ ਧੀਰ ਦਾ ਇਹ ਨਾਵਲ, ਨਾਵਲ ਦੀ ਤਕਨੀਕ ਅਤੇ ਵਿਸ਼ੇ ਪੱਖੋਂ ਪੰਜਾਬੀ ਸਾਹਿਤ ਵਿਚ ਮਹੱਤਵਪੂਰਨ ਵਾਧਾ ਹੈ।

ਹਵਾਲੇ ਟਿੱਪਣੀਆਂ

1. ਦਰਸ਼ਨ ਸਿੰਘ ਧੀਰ, ਹਾਸ਼ੀਏ, ਪੰਨਾ-15.
2. ਉਹੀ, ਪੰਨਾ-161.
3. ਉਹੀ, ਪੰਨਾ-243.
4. ਉਹੀ, ਪੰਨਾ-253.
5. ਉਹੀ, ਪੰਨਾ-254.
6. ਉਹੀ, ਪੰਨਾ-278.
7. ਉਹੀ, ਪੰਨਾ-335.
8. ਉਹੀ, ਪੰਨਾ-344.
9. ਸੁਰਿੰਦਰ ਸਿੰਘ, ‘ਪਰਵਾਸੀ ਸਾਹਿਤ ਦਾ ਕਾਵਿ ਸ਼ਾਸ਼ਤਰ‘, ਰੂਪਾਂਤਰ, ਅੰਕ-31, ਜਨਵਰੀ-ਮਾਰਚ 2002, ਪੰਨਾ- 39-40.
10. ਉਹੀ, ਪੰਨਾ-40.
11. ਦਰਸ਼ਨ ਸਿੰਘ ਧੀਰ, ਹਾਸ਼ੀਏ, ਪੰਨਾ-27.
12. ਕਿਰਨਜੀਤ ਕੌਰ ਅਤੇ ਗੁਰਮੀਤ ਕੌਰ ਸੰਧੂ, ਦਰਸ਼ਨ ਸਿੰਘ ਧੀਰ ਦਾ ਗਲਪ ਪ੍ਰਬੰਧ, ਪੰਨਾ-108-109.
13. ਦਰਸ਼ਨ ਸਿੰਘ ਧੀਰ, ਹਾਸ਼ੀਏ, ਪੰਨਾ-21.
14. ਉਹੀ, ਪੰਨਾ-23.
15. ਉਹੀ, ਪੰਨਾ- 104.
16. ਉਹੀ, ਪੰਨਾ-78.
17. ਉਹੀ, ਪੰਨਾ-221.
18. ਉਹੀ, ਪੰਨਾ-137.
19. ਉਹੀ, ਪੰਨਾ-229.
20. ਉਹੀ, ਪੰਨਾ-171.
21. ਉਹੀ, ਪੰਨਾ-172.
22. ਉਹੀ, ਪੰਨਾ-178-179.
23. ਉਹੀ, ਪੰਨਾ-175.
24. ਉਹੀ, ਪੰਨਾ-187.

(ਪਿੰਡ ਤੇ ਡਾਕਖਾਨਾ : ਸ਼ੇਰਗੜ੍ਹ, ਜਿ਼ਲ੍ਹਾ ਹੁਸਿ਼ਆਰਪੁਰ-146001 ਪੰਜਾਬ (ਇੰਡੀਆ)

8 ਅਪਰੈਲ 2009--ਯੂਨੀਕੋਡ

*******

 ਰਵਿੰਦਰ ਕੌਰ ਦੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

 

ਲਿਖਾਰੀ
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.