ਦੋ ਸ਼ਬਦ
ਕੇਹਰ ਸ਼ਰੀਫ਼
(ਜਰਮਨੀ) ਦੀਆਂ 'ਲਿਖਾਰੀ' ਵਿੱਚ ਹੁਣ ਤੱਕ 47 ਰਚਨਾਵਾਂ ਪ੍ਰਕਾਸ਼ਿਤ ਹੋ
ਚੁੱਕੀਆਂ ਹਨ । 'ਕੁੱਜੇ ਵਿੱਚ ਸਮੁੰਦਰ ਬੰਦ' ਕਰਨ ਵਾਂਗ ਆਪ ਦੀਆਂ ਰਚਨਾਵਾਂ,
ਤਿੱਖਾ, ਦਿੱਲ ਨੂੰ ਟੁੰਬਵਾਂ, ਸੰਖੇਪ ਪਰ ਸਦ ਰਹਿਣਾ ਪ੍ਰਭਾਵ ਛੱਡਦੀਆਂ ਹਨ।
ਸਾਰੀਆਂ ਹੀ ਰਚਨਾਵਾਂ ਨੂੰ ਪਾਠਕਾਂ/ਲੇਖਕਾਂ ਵਲੋਂ ਬਹੁਤ ਹੀ ਭਰਵਾਂ ਹੁੰਗਾਰਾਂ
ਮਿਲਿਆ ਹੈ।
ਕੇਹਰ ਸ਼ਰੀਫ ਦੀ ਲਿਖੀ ਇੱਕ ਹੋਰ ਰਚਨਾ:
ਲੋੜ ਹੈ ਇਕ
ਸੱਭਿਆਚਾਰਕ ਇਨਕਲਾਬ ਦੀ
ਡਾ: ਅਸਗਰ ਵਜਾਹਤ ਨਾਲ ਮਧੂਲਤਾ
ਅਰੋਰਾ ਦੀ ਗੱਲਬਾਤ'
ਪਾਠਕਾਂ ਗੋਚਰੇ
ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।'---ਲਿਖਾਰੀ
***
ਲੋੜ ਹੈ ਇਕ
ਸੱਭਿਆਚਾਰਕ ਇਨਕਲਾਬ ਦੀ
ਡਾ: ਅਸਗਰ ਵਜਾਹਤ ਨਾਲ ਮਧੂਲਤਾ ਅਰੋਰਾ ਦੀ ਗੱਲਬਾਤ
- ਪੰਜਾਬੀ ਰੂਪ – ਕੇਹਰ ਸ਼ਰੀਫ਼ –
?
ਅਸਗਰ ਜੀ, ਪਹਿਲਾਂ ਤਾਂ ਤੁਹਾਨੂੰ ‘ਇੰਦੂ ਸ਼ਰਮਾ ਕਥਾ ਸਨਮਾਨ’ ਮਿਲਣ ਦੀ ਬਹੁਤ
ਵਧਾਈ। ਇਕ ਗੱਲ ਦੱਸੋ ਕਿ ਜਦੋਂ ਤੁਹਾਨੂੰ ਇਸ ਸਨਮਾਨ ਵਾਸਤੇ ਚੁਣਿਆਂ ਗਿਆ ਅਤੇ
ਤੁਹਾਨੂੰ ਸੂਚਿਤ ਕੀਤਾ ਗਿਆ ਤਾਂ ਤੁਸੀਂ ਕੀ ਮਹਿਸੂਸ ਕੀਤਾ? ਕਿਰਪਾ ਕਰਕੇ ਆਪਣੀ ਉਸ
ਭਾਵਨਾ ਨੂੰ ਸਾਡੇ ਨਾਲ ਸਾਂਝੀ ਕਰੋ।
- ਤੁਹਾਨੂੰ ਸ਼ਾਇਦ ਨਹੀਂ ਪਤਾ ਕਿ ਇਸ ਨਾਵਲ ਦੀ ਸਮੀਖਿਆ ਬਹੁਤ ਭੈੜੀ ਛਪੀ ਸੀ। ਇਹ
ਵੀ ਕਿਹਾ ਗਿਆ ਸੀ ਕਿ ਇਸ ਨਾਵਲ ਵਿਚ ਸਭ ਬਕਵਾਸ ਹੈ। ਅਜਿਹੀ ਸਥਿਤੀ ਵਿਚ ਮੇਰੇ ਲਈ
ਇਹ ਕਾਫੀ ਹੈਰਾਨ ਕਰਨ ਵਾਲੀ ਖਬਰ ਸੀ ਕਿ ਇਸ ਨਾਵਲ ਨੂੰ ਲੋਕਾਂ, ਲੇਖਕਾਂ ਅਤੇ
ਆਲੋਚਕਾਂ ਨੇ ਕਾਫੀ ਪਸੰਦ ਕੀਤਾ ਹੈ ਅਤੇ ਇਨਾਮ ਦੇ ਰਹੇ ਹਨ। ਜਰੂਰੀ ਹੈ ਕਿ ਇਨ੍ਹਾਂ
ਲੋਕਾਂ ਨੇ ਵੀ ਇਹ ਨੈਗੇਟਿਵ ਆਲੋਚਨਾ ਪੜ੍ਹੀ ਹੋਵੇਗੀ। ਪਰ ਇਨ੍ਹਾਂ ਲੋਕਾਂ ’ਤੇ ਉਸਦਾ
ਅਸਰ ਨਹੀਂ ਹੋਇਆ, ਆਪਣੇ ਦਿਮਾਗ ਨਾਲ ਕੰਮ ਕੀਤਾ। ਇਹ ਮੇਰੇ ਲਈ ਖੁਸ਼ੀ ਦੀ ਗੱਲ ਸੀ
ਅਤੇ ਹੈ। ਇਸ ਫੈਸਲੇ ਨਾਲ ਮੇਰਾ ਵਿਸ਼ਵਾਸ ਹੋਰ ਪੱਕਾ ਹੋ ਗਿਆ ਕਿ ਚੰਗੀ ਰਚਨਾ ਨੂੰ
ਲੰਬੇ ਸਮੇਂ ਤੱਕ ਦਬਾਇਆ ਨਹੀਂ ਜਾ ਸਕਦਾ। ਮੈਨੂੰ ਇਹ ਵੀ ਮਹਿਸੂਸ ਹੋਇਆ ਕਿ ਸਚਾਈ ਤੇ
ਈਮਾਨਦਾਰੀ ਨਾਲ ਸੋਚਣ ਵਾਲੇ ਲੋਕ ਵੀ ਹਨ। ਇਹ ਸੋਚ ਕੇ ਖੁਸ਼ੀ ਹੋਈ ਕਿ ਮੇਰੀਆਂ
ਲਿਖਤਾਂ ਨਾਲ ਜੁੜਨ ਵਾਲੇ ਲੋਕ ਵੱਡੀ ਗਿਣਤੀ ਵਿਚ ਹਨ।
? ਬਚਪਨ ਦੀਆਂ ਘਟਨਾਵਾਂ, ਯਾਦਾਂ, ਮਹੱਤਵਪੂਰਨ ਖਾਹਿਸ਼ਾਂ ਅਤੇ ਉਨ੍ਹਾਂ ਸਪੁਨਿਆਂ ਦਾ
ਟੁੱਟਣਾਂ ਇਹ ਸਾਰੀਆਂ ਸਥਿਤੀਆਂ ਹਰ ਲੇਖਕ ਦੀ ਲਿਖਤ ਵਿਚ ਵਾਰ ਵਾਰ ਆਉਂਦੀਆਂ ਹਨ,
ਤੁਸੀਂ ਇਨ੍ਹਾਂ ਨੂੰ ਕਿਹੜੇ ਰੂਪ ਵਿਚ ਵੇਖਦੇ ਹੋ?
- ਅਤੀਤ ਕਦੇ ਵੀ ਪਿੱਛਾ ਨਹੀਂ ਛੱਡਦਾ। ਇਹ ਜਾਣੇ-ਅਣਜਾਣੇ ਸਭ ਦੇ ਅੰਦਰ ਜਗਮਗਾਉਂਦਾ
ਰਹਿੰਦਾ ਹੈ। ਜਿੱਥੋਂ ਤੱਕ ਮੇਰਾ ਸਵਾਲ ਹੈ ਮੈਂ ਇਕ ਅਜਿਹੀ ਪੀੜ੍ਹੀ ਵਿਚੋਂ ਹਾਂ
ਜਿਸਦਾ ਆਪਣਾ ਘਰ ਹੁੰਦਾ ਸੀ, ਆਪਣਾ ਮੁਹੱਲਾ ਹੁੰਦਾ ਸੀ, ਆਪਣਾ ਸ਼ਹਿਰ ਹੁੰਦਾ ਸੀ,
ਕਸਬਾ ਹੁੰਦਾ ਸੀ। ਹੁਣ ਅਜਿਹਾ ਨਹੀਂ ਹੈ, ਭਾਵ ਅੱਜ ਦੀ ਨੌਜੁਆਨ ਪੀੜ੍ਹੀ ਜਾਂ ਉਸ
ਵਿਚੋਂ ਬਹੁਤ ਸਾਰੇ ਲੋਕ ਇਸ ਆਪਣੇਪਨ ਤੋਂ ਖਾਲੀ ਹਨ। ਬਚਪਨ ਤੇ ਲੜਕਪਨ ਨਾ ਸਿਰਫ ਵਾਰ
ਵਾਰ ਰਚਨਾਵਾਂ ਵਿਚ ਝਾਕਦਾ ਹੈ ਸਗੋਂ ਇਹ ਸ਼ਖਸੀਅਤ ਦਾ ਹਿੱਸਾ ਬਣ ਜਾਂਦਾ ਹੈ ਅਤੇ ਇਸ
ਤਰ੍ਹਾਂ ਲੇਖਕ ਦੀਆਂ ਰਚਨਾਵਾਂ ਵਿਚ ਸਦਾ ਹਾਜ਼ਰ ਰਹਿੰਦਾ ਹੈ। ਮੈਂ ਤੁਹਾਨੂੰ ਆਪਣੀ
ਮਿਸਾਲ ਦੇ ਕੇ ਦੱਸਾਂ, ਆਪਣੀਆਂ ਸਾਰੀਆਂ ਬੁਰਾਈਆਂ-ਇਛਾਈਆਂ ਦੇ ਨਾਲ ਮੈਂ ਆਪਣੇ ਆਪ
ਨੂੰ ਇਕ ਅਜਿਹਾ ਆਦਮੀ ਮੰਨਦਾ ਹਾਂ ਜੋ ਅਰਾਜਕ ਤਾਂ ਨਹੀਂ ਹੈ ਪਰ ਪੂਰੀ ਤਰ੍ਹਾਂ
ਯੋਜਨਾ ਰਹਿਤ ਹਾਂ। ਵਿਉਂਤਬੰਦੀ ਮੇਰੇ ਸੁਭਾਅ ਵਿਚ ਨਹੀਂ, ਕਿਉਂਕਿ ਮੇਰਾ ਬਚਪਨ ਅਤੇ
ਜੁਆਨੀ ਜਿਸ ਮਹੌਲ ਵਿਚ ਬੀਤਿਆ ਉੱਥੇ ਇਹ ਨਹੀਂ ਸੀ। ਉੱਥੇ ਬੇ-ਫਿਕਰੀ ਅਤੇ ਮਸਤੀ ਸੀ।
ਉੱਥੇ ਭਵਿੱਖ ਦਾ ਡਰ ਨਹੀਂ ਸੀ। ਉੱਥੇ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਕਿ ਕਦੀਂ
ਮਾੜੇ ਦਿਨ ਵੀ ਆ ਸਕਦੇ ਹਨ। ਉੱਥੇ ਜਿੰਨਾ ਪੈਸਾ ਆਉਂਦਾ ਸੀ, ਅਨਾਜ ਆਉਂਦਾ ਸੀ, ਫਲ਼
ਆਉਂਦੇ ਸਨ ਉਹ ਸਭ ਖਾ ਲਏ ਜਾਂਦੇ ਸਨ ਜਾਂ ਵੰਡ ਦਿੱਤੇ ਜਾਂਦੇ ਸਨ ਕਿਉਂਕਿ ਇਹ ਪੱਕਾ
ਵਿਸ਼ਵਾਸ ਸੀ ਕਿ ਆਉਂਦੇ ਹੀ ਰਹਿਣਗੇ।
ਇਕ ਮਜ਼ੇਦਾਰ ਗੱਲ ਇਹ ਦੱਸਾਂ ਕਿ ਮੇਰੇ
ਪਿਤਾ ਜੀ ਨੂੰ ਜਦੋਂ ਉਨ੍ਹਾਂ ਦੇ ਕਿਸੇ ਕੰਮ, ਜਾਇਦਾਦ ਜਾਂ ਖੇਤੀਬਾੜੀ ਤੋਂ ਪੈਸੇ
ਮਿਲਦੇ ਸਨ ਅਤੇ ਉਨ੍ਹਾਂ ਦਾ ਕੋਈ ਕਾਮਾ ਜਾਂ ਨੌਕਰ ਉਨ੍ਹਾਂ ਦੇ ਹੱਥਾਂ ’ਚ ਪੈਸੇ
ਦਿੰਦਾ ਸੀ ਤਾਂ ਉਹ ਬਹੁਤ ਨਰਾਜ਼ ਹੁੰਦੇ ਸਨ। ਕਾਰਨ ਇਹ ਸੀ ਕਿ ਉਨ੍ਹਾਂ ਨੂੰ ਪੈਸੇ
ਗਿਣਨੇ ਪੈਂਦੇ ਸਨ ਤੇ ਅੱਬਾ ਹਿਸਾਬ-ਕਿਤਾਬ ਵਿਚ ਹੀ ਨਹੀਂ ਸਗੋਂ ਗਿਣਤੀ ਕਰਨ ਵਿਚ
ਬਹੁਤ ਕਮਜ਼ੋਰ ਸਨ ਅਤੇ ਉਨ੍ਹਾਂ ਨੂੰ ਇਸ ਵਾਸਤੇ ਕਰੜੀ ਮਿਹਨਤ ਕਰਨੀ ਪੈਂਦੀ ਸੀ ਇਸ
ਕਰਕੇ ਉਹ ਆਮਦਨੀ ਹੋਣ ’ਤੇ, ਪੈਸੇ ਦਿੱਤੇ ਜਾਣ ’ਤੇ ਨਰਾਜ਼ ਹੋ ਜਾਂਦੇ ਸਨ। ਜੋ ਪੈਸੇ
ਦਿੰਦਾ ਸੀ ਜਾਂ ਲਿਆਉਂਦਾ ਸੀ ਉਹਨੂੰ ਹੀ ਕਹਿੰਦੇ ਸਨ ਗਿਣੋਂ। ਇਸਦਾ ਅਸਰ ਤੁਸੀਂ
ਮੰਨੋਂ ਜਾਂ ਨਾ ਮੰਨੋਂ ਮੇਰੇ ਉੱਪਰ ਇਸ ਤਰ੍ਹਾਂ ਪਿਆ ਹੈ ਕਿ ਮੈਂ ਲਗਾਤਾਰ
ਦਸ-ਪੰਦਰਾਂ ਮਿੰਟ ਤੱਕ ਪੈਸੇ ਜਾਂ ਕੁੱਝ ਹੋਰ ਗਿਣਨ ਦਾ ਕੰਮ ਨਹੀਂ ਕਰ ਸਕਦਾ ਜਾਂ
ਨਹੀਂ ਕਰਨਾ ਚਾਹੁੰਦਾ। ਪਿੱਛੇ ਜਹੇ ਈਰਾਨ ਗਿਆ ਸਾਂ। ਉੱਥੇ ਏਅਰਪੋਰਟ ’ਤੇ ਪੰਜਾਹ
ਡਾਲਰ ਚੇਂਜ ਕਰਵਾਏ ਤਾਂ ਬੈਂਕ ਵਾਲੇ ਨੇ ਨੋਟ੍ਹਾਂ ਦੀ ਇਕ ਥੱਬੀ ਫੜਾ ਦਿੱਤੀ, ਮੈਂ
ਹੈਰਾਨ ਰਹਿ ਗਿਆ। ਪਰ ਸਮਝ ਗਿਆ ਕਿ ਪੈਸੇ ਐਕਸਚੇਂਜ ਰੇਟ ਦੇ ਹਿਸਾਬ ਨਾਲ ਹੀ ਦਿੱਤੇ
ਹਨ। ਪਰ ਮੈਂ ਸੱਚ ਦੱਸਾਂ ਕਿ ਬੈਂਕ ਦੇ ਕਾਊਂਟਰ ਜਾਂ ਪਿੱਛੇ ਪਈਆਂ ਕੁਰਸੀਆਂ ਉੱਪਰ
ਬੈਠ ਕੇ ਸਾਰੇ ਨੋਟ੍ਹ ਗਿਣਨ ਦਾ ਕਸ਼ਟ ਮੈਂ ਨਹੀਂ ਕੀਤਾ ਅਤੇ ਮੰਨ ਲਿਆ ਕਿ ਯਾਰ ਜੋ
ਦਿੱਤਾ ਹੈ ਠੀਕ ਹੀ ਹੋਵੇਗਾ।
ਸੁਭਾਅ ਵਿਚਲੀ ਬੇ-ਫਿਕਰੀ, ਮਸਤੀ,
ਉਗੜਦੁਗੜਾਪਨ ਅਤੇ ਲੋਕਾਂ ਤੇ ਚੀਜ਼ਾਂ ਉੱਤੇ ਪੱਕਾ ਵਿਸ਼ਵਾਸ ਲਿਖਤ ਵਿਚ ਵੀ ਤਾਂ
ਝਲਕਦਾ ਹੋਵੇਗਾ ਕਿਉਂਕਿ ਉਹ ਸੁਭਾਅ ਦਾ ਹਿੱਸਾ ਬਣ ਚੁੱਕਿਆ ਹੈ।
ਛੋਟੀ ਉਮਰ ਦਾ ਇਕ ਸੁਪਨਾ ਸਾਕਾਰ ਕਰਨ
ਦੀ ਕੋਸਿ਼ਸ਼ ਵਿਚ ਲੱਗਾ ਹੋਇਆ ਹਾਂ। ਇਹ ਸੁਪਨਾ ਹੈ ਦੁਨੀਆਂ ਦੇਖਣ ਦਾ ਸੁਪਨਾ। ਲਗਦਾ
ਇੰਜ ਹੈ ਕਿ ਅਜੇ ਕੁੱਝ ਨਹੀਂ ਦੇਖਿਆ। ਕਦੀਂ ਕਦੀਂ ਦੋਸਤਾਂ ਨੂੰ ਮਜ਼ਾਕ ਵਿਚ ਕਹਿੰਦਾ
ਹਾਂ ਕਿ ਮੇਰੀ ਇਕ ਛੋਟੀ ਜਹੀ ਇੱਛਾ ਹੈ। ਉਹ ਇਹ ਕਿ ਸੰਸਾਰ ਵਿਚ ਜਿੰਨੀਆਂ ਵੀ ਥਾਵਾਂ
ਹਨ ਉਨ੍ਹਾਂ ਨੂੰ ਦੇਖ ਲਵਾਂ ਅਤੇ ਜਿੰਨੇ ਵੀ ਲੋਕ ਹਨ ਉਨ੍ਹਾਂ ਨੂੰ ਮਿਲ ਲਵਾਂ।
ਸੁਪਨਿਆਂ ਦਾ ਟੁੱਟਣਾਂ- ਸਭ ਤੋਂ
ਪਹਿਲਾਂ ਸਭ ਤੋਂ ਵੱਡੇ ਸੁਪਨੇ ਦੇ ਟੁੱਟਣ ਬਾਰੇ ਦੱਸਾਂ। ਇਹ ਸੁਪਨਾ ਸੀ ਆਪਣੇ ਸਮਾਜ,
ਲੋਕਾਂ ਅਤੇ ਦੇਸ਼ ਦੇ ਬਾਰੇ ਵਿਚ। ਸੋਚਿਆ ਸੀ ਸਭ ਕੁੱਝ ਚੰਗਾ ਹੋਵੇਗਾ। ਇਕ
‘ਭੈਅਮੁਕਤ’ ਸਮਾਜ ਅਤੇ ਦੇਸ਼ ਬਣੇਗਾ। ਸੋਚਿਆ ਸੀ ਗਰੀਬੀ ਘਟੇਗੀ, ਅਸਮਾਨਤਾ ਦੂਰ
ਹੋਵੇਗੀ, ਲੋਕ ਸਿਹਤਮੰਦ ਤੇ ਸਿੱਖਿਅਤ ਹੋਣਗੇ। ਅਪਰਾਧ ਘੱਟ ਹੋਣਗੇ...... ਜੀਵਨ
ਪੱਧਰ ਉੱਚਾ ਹੋਵੇਗਾ। ਪਰ, ਰਾਜਨੇਤਾਵਾਂ, ਨੌਕਰਸ਼ਾਹਾਂ ਅਤੇ ਸਰਮਾਏਦਾਰਾਂ ਨੇ ਮਿਲ
ਕੇ ਸਾਡੀ ਪੀੜ੍ਹੀ ਦੇ ਇਸ ਸੁਪਨੇ ਨੂੰ ਹਾਲੇ ਤੱਕ ਤਾਂ ਚਕਨਾਚੂਰ ਕਰ ਦਿੱਤਾ ਹੈ।
ਇਕ ਹੋਰ ਸੁਪਨਾ ਸੀ ਹਿੰਦੀ ਭਾਸ਼ਾ ਤੇ
ਸਾਹਿਤ ਸਬੰਧੀ। ਉਹ ਇਹ ਸੀ ਕਿ ਹਿੰਦੀ ਖੇਤਰ ਵਿਚ ਭਾਵ ਪੰਜਾਹ-ਸੱਠ ਕਰੋੜ ਲੋਕਾਂ ਦੀ
ਭਾਸ਼ਾ ਦੇ ਖੇਤਰ ਵਿਚ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਵਧੇ-ਫੁਲੇਗਾ। ਪਰੰਤੂ ਅੱਜ
ਸਥਿਤੀ ਇਹ ਹੈ ਕਿ ਹਿੰਦੀ ਦੀਆਂ ਕਿਤਾਬਾਂ ਕੁੱਝ ਹਜ਼ਾਰ ਵੀ ਨਹੀਂ ਵਿਕਦੀਆਂ। ਹਿੰਦੀ
ਵਿਚ ਅਨੁਵਾਦਿਤ ਸਾਹਿਤ, ਵਿਸ਼ਵ ਸਾਹਿਤ ਅਤੇ ਭਾਰਤੀ ਸਾਹਿਤ ਕਿੰਨਾ ਹੈ? ਸ਼ਬਦਕੋਸ਼
ਅਤੇ ਵਿਸ਼ਵਕੋਸ਼ ਕਿੰਨੇ ਹਨ? ਸਮਾਜ ਵਿਗਿਆਨ ਜਾਂ ਵਿਗਿਆਨ ਦੇ ਖੇਤਰ ਵਿਚ ਹਿੰਦੀ
ਕਿੱਥੇ ਹੈ? ਅੱਜ ਤਾਂ ਹਿੰਦੀ ਦੇ ਸਮਾਚਾਰ ਪੱਤਰ ਵੀ ਆਪਣੇ ਆਪ ਨੂੰ ਹਿੰਦੀ ਖੇਤਰ ਦੀ
ਸੰਵੇਦਨਾ ਤੋਂ ਅਲੱਗ ਕਰ ਰਹੇ ਹਨ। ਹਿੰਦੀ ਅਖਬਾਰਾਂ ਅੰਗਰੇਜ਼ੀ ਦੀ ਧੂਆਂਧਾਰ ਨਕਲ
ਵਿਚ ਅਜੀਬ ਕਿਸਮ ਨਾਲ ਹਾਸੇ ਅਤੇ ਤਰਸ ਦੇ ਵਿਸ਼ੇ ਬਣ ਗਏ ਹਨ। ਹਿੰਦੀ ਦੇ ਨਾਂ ’ਤੇ
ਕਰੋੜਾਂ-ਅਰਬਾਂ ਰੁਪਏ ਹਰ ਸਾਲ ਬਰਬਾਦ ਹੋ ਜਾਂਦੇ ਹਨ ....... ਇਹ ਵੀ ਇਕ ਸੁਪਨੇ ਦਾ
ਟੁੱਟਣਾ ਹੀ ਤਾਂ ਹੈ।
ਮੇਰੇ ਖਿਆਲ ਵਿਚ ਸਭ ਤੋਂ ਦੁੱਖ ਭਰਿਆ
ਆਪਣੇ ਆਪ ਨੂੰ ਸਹਾਇਤਾ ਹੀਣ, ਮਜਬੂਰ ਅਤੇ ਬੇਬਸ ਸਮਝਣਾ ਹੀ ਹੁੰਦਾ ਹੈ। ਹਿੰਦੀ ਖੇਤਰ
ਦੇ ਸਬੰਧ ਵਿਚ ਮੈਂ ਅਜਿਹਾ ਹੀ ਮਹਿਸੂਸ ਕਰਦਾ ਹਾਂ। ਇਹ ਉਹ ਹੀ ਖੇਤਰ ਹੈ ਜਿੱਥੇ
ਸੰਸਾਰ ਦੇ ਸਭ ਤੋਂ ਵੱਡੇ ਸਾਮਰਾਜ ਦੀ ਨੀਂਹ ਉਖਾੜ ਦਿੱਤੀ ਗਈ ਸੀ। ਜਿੱਥੇ ਏਕਤਾ,
ਦੇਸ਼ ਲਈ ਆਪਾ ਵਾਰਨ ਅਤੇ ਕੁਰਬਾਨੀ ਦੀ ਭਾਵਨਾ ਆਪਣੇ ਸਿਖਰ ’ਤੇ ਸੀ। ਜਿੱਥੇ ਸਮਾਜਕ
ਅਤੇ ਸੱਭਿਆਚਾਰਕ ਜਾਗ੍ਰਿਤੀ ਦਾ ਡੰਕਾ ਵੱਜਦਾ ਸੀ। ਉੱਥੇ ਅੱਜ ਕੀ ਹੈ? ਭਿਆਨਕ ਅਤੇ
ਹਮਲਾਵਰ ਧਾਰਮਕ ਕੱਟੜਤਾ। ਫ੍ਰਿਕਾਪ੍ਰਸਤੀ, ਜਾਤੀਵਾਦ, ਹਿੰਸਾ ਅਤੇ ਉਧਾਲ਼ੇ,
ਭਰਿਸ਼ਟਾਚਾਰ, ਲੋਕਤੰਤਰੀ ਕਦਰਾਂ ਦਾ ਘਾਣ, ਨਗਰ-ਸਮਾਜ ਦਾ ਅਸਲੋਂ ਪਤਨ। ਇਹ ਸਭ ਕਿੰਜ
ਹੋਇਆ? ਕਿਉਂ ਹੋਇਆ? ਕਿਸਨੇ ਕੀਤਾ? ਅਸੀਂ ਕੀ ਕਰ ਰਹੇ ਸੀ ਜਦੋਂ ਇਹ ਸਭ ਕੁੱਝ ਹੋ
ਰਿਹਾ ਸੀ? ਹੁਣ ਕੀ ਅਸੀਂ ਆਪਣੇ ਆਪ ਨੂੰ ਇਸਦੇ ਸਾਹਮਣੇ ਮਜਬੂਰ ਸਮਝਦੇ ਹਾਂ? ਇਹ
ਸੁਪਨਿਆਂ ਦਾ ਟੁੱਟਣਾ ਹੈ ...... ਇਹ ਹੀ ਸਥਿਤੀ ਅਤੇ ਇਨ੍ਹਾਂ ਦੇ ਵੱਖੋ-ਵੱਖਰੇ
ਸਰੂਪ ਮੇਰੀ ਲਿਖਤ ਦੇ ਪ੍ਰਤੀਨਿਧ ਹੁੰਦੇ ਹਨ।
ਮਾਫ ਕਰਨਾ ਮੈਂ ਇੰਨਾ ਦਾਰਸ਼ਨਿਕ ,
ਕਲਾਸਿਕ, ਕਲਾਆਤਮਕ, ਪਾਰਦਰਸ਼ੀ ਤੇ ਗਤੀਸ਼ੀਲ ਨਹੀਂ ਹੋਣਾ ਚਾਹੁੰਦਾ ਕਿ ਉਸ ਵਿਚ
ਮੇਰੀ ਲਿਖਤ ਗੁਆਚ ਜਾਵੇ ਜਾਂ ਫੇਰ ਇਹ ਸਿਰਫ ਬੌਧਿਕ ਪ੍ਰਵਚਨ ਬਣ ਜਾਵੇ।
? “ਕੈਸੀ ਆਗ ਲਗਾਈ?” ਵਿਚ ਤੁਸੀਂ ਇਕ ਵਿਦਿਆਰਥੀ ਦੇ ਰਾਹੀਂ ਰਾਜਨੀਤੀ, ਵਿਦਿਆਰਥੀ
ਅੰਦੋਲਨ, ਸੁਪਨੇ ਆਦਿ ਦੇ ਰਾਹੀਂ ਸੱਤਵੇਂ ਦਹਾਕੇ ਦੇ ਸਮੇਂ ਨੂੰ ਸਾਹਮਣੇ ਰੱਖਿਆ ਹੈ।
ਇਸ ਸਮੇਂ ਦੇ ਅੱਗੇ-ਪਿੱਛੇ ਦੀਆਂ ਕੜੀਆਂ ਦੇ ਬਾਰੇ ਵਿਚ ਤੁਸੀਂ ਕੀ ਕਹਿਣਾ ਚਾਹੋਗੇ?
- ‘ਕੈਸੀ ਆਗ ਲਗਾਈ’ ਨਾਵਲ ਤ੍ਰੈ-ਲੜੀ ਦਾ ਪਹਿਲਾ ਭਾਗ ਹੈ। ਇਹ ਸੁਪਨੇ ਦੇਖਣ,
ਉਨ੍ਹਾਂ ਦੇ ਟੁੱਟਣ ਅਤੇ ਉਨ੍ਹਾਂ ਨੂੰ ਜੋੜਨ ਦੀ ਖਾਹਿਸ਼ ਦੀ ਤ੍ਰੈ-ਲੜੀ ਹੋਵੇਗੀ।
ਪਹਿਲਾ ਭਾਗ ਇਕ ਪਿੱਠਭੂਮੀ ਹੈ, ਜਿਸ ਵਿਚ ਜੀਵਨ ਆਪਣੇ ਵੱਖੋ-ਵੱਖਰੇ ਰੰਗਾਂ ਸਹਿਤ
ਵਿਦਿਆਰਥੀ ਜੀਵਨ ਅਤੇ ਸੁਪਨਿਆਂ ਦੇ ਟੁੱਟਣ ਦਾ ਜਿ਼ਕਰ ਹੈ। ਇਹ ਹਿੱਸਾ ਇਕ ਤਰ੍ਹਾਂ
ਜੀਵਨ ਦਾ ਆਰੰਭ ਹੈ। ‘ਅੱਗ’ ਪ੍ਰਤੀਕ ਹੈ ਜੋ ਜੀਵਨ ਦੀ ਪਹਿਲੀ ਸ਼ਰਤ ਹੈ। ਇਹ ਅੱਗ ਇਕ
ਜੀਵਨ ਨੂੰ ਜਨਮ ਦਿੰਦੀ ਹੈ ਜੋ ਨਿਰੰਤਰ ਅੱਗੇ ਵਧਦਾ ਹੈ। ਸਾਡੀ ਪੀੜ੍ਹੀ ਦੇ ਸੁਪਨੇ
ਬਣਦੇ ਹਨ ਤੇ ਟੁੱਟਦੇ ਹਨ। ਸੁਪਨੇ ਟੁੱਟਣ ਦਾ ਜੋ ਸਿਲਸਿਲਾ ‘ਕੈਸੀ ਆਗ ਲਗਾਈ’ ਦੇ
ਆਖਰੀ ਹਿੱਸਿਆਂ ਵਿਚ ਸ਼ੁਰੂ ਹੁੰਦਾ ਹੈ ਉਹ ਦੂਸਰੇ ਭਾਗ ਵਿਚ ਆਪਣੀ ਸਿਖਰ ’ਤੇ
ਪਹੁੰਚਦਾ ਹੈ। ਤੀਸਰਾ ਭਾਗ ਉਸ ਟੁੱਟੇ ਸੁਪਨੇ ਨੂੰ ਫੇਰ ਤੋਂ ਸਥਾਪਤ ਕਰਨ ਦਾ ਜਤਨ
ਕਰੇਗਾ, ਅਤੇ ਇਸ ਪ੍ਰਕ੍ਰਿਆ ਵਿਚ ਪਿਛਲੇ ਅਤੇ ਆਉਣ ਵਾਲੇ ਸਾਲਾਂ ਨੂੰ ਸਾਕਾਰ ਕਰਨ ਦਾ
ਜਤਨ ਕੀਤਾ ਜਾਵੇਗਾ। ਇਹ ਤ੍ਰੈ-ਲੜੀ ਅਜਾਦੀ ਤੋਂ ਅਜਾਦੀ ਤੱਕ ਦੀ ਤ੍ਰੈ-ਲੜੀ ਕਹੀ ਜਾ
ਸਕਦੀ ਹੈ। ਪਹਿਲੀ ਅਜਾਦੀ ਸਾਨੂੰ ਸਾਮਰਾਜਵਾਦ ਤੋਂ ਮਿਲੀ ਸੀ ਅਤੇ ਦੂਸਰੀ ਲੜਾਈ ਬਹੁਤ
ਹੀ ਗੁੰਝਲਦਾਰ ਹੈ ਜੋ ਬਹੁ-ਪੱਖੀ ਹੈ ਤੇ ਜੋ ਜਿਆਦਾ ਲੰਬੀ ਚੱਲਣ ਵਾਲੀ ਹੈ। ਇਹ
‘ਅਜਾਦੀ’ ਦੀ ਲੜਾਈ ਆਪਣੀ ਚੇਤਨਾਹੀਣਤਾ ਨਾਲ ਵੀ ਹੈ। ਫਿਰਕੂਪੁਣੇ ਨਾਲ ਹੈ, ਜਾਤੀਵਾਦ
ਨਾਲ ਹੈ। ਇਲਾਕਾਵਾਦ ਨਾਲ ਹੈ, ਅੰਧ-ਵਿਸ਼ਵਾਸਾਂ ਨਾਲ ਹੈ ਹਿੰਸਾ ਅਤੇ ਅਪਰਾਧ ਨਾਲ ਹੈ
ਅਤੇ ਦੂਸਰੇ ਪਾਸੇ ਇਹ ਲੜਾਈ ਨਵ-ਸਾਮਰਾਜਵਾਦ ਨਾਲ ਹੈ, ਇਹ ਲੜਾਈ ਵਿਸ਼ਵੀਕਰਨ ਅਤੇ
ਬਜ਼ਾਰਵਾਦ ਨਾਲ ਹੈ। ਇਹ ਲੜਾਈ ਲੋਕ ਤੰਤਰ ਦੇ ਉਸ ਰੂਪ ਨਾਲ ਵੀ ਹੈ ਜੋ ‘ਵੋਟਾਂ’
ਵਾਸਤੇ ਸਾਨੂੰ ਵੰਡਦਾ ਹੈ ਅਤੇ ਸਾਡਾ ਸੋਸ਼ਣ ਕਰਦਾ ਆ ਰਿਹਾ ਹੈ।
ਇਸ ਤਰ੍ਹਾਂ ਇਹ ਤ੍ਰੈ-ਲੜੀ ਅਤੀਤ ਅਤੇ
ਭਵਿੱਖ ਨੂੰ ਆਪਣੇ ਅੰਦਰ ਸਮੇਟਣ ਦਾ ਕੰਮ ਕਰੇਗੀ।
? ਤੁਸੀਂ ਇਕ ਬਹੁਤ ਹੀ ਸਫਲ ਮਿੰਨ੍ਹੀ ਕਹਾਣੀਕਾਰ, ਕਹਾਣੀਕਾਰ , ਨਾਟਕਕਾਰ ਅਤੇ
ਨਾਵਲਕਾਰ ਹੋ, ਇਨ੍ਹਾਂ ਵਿਚੋਂ ਕਿਸ ਵਿਧਾ ਵਿਚ ਜਿ਼ਆਦਾ ਸਹਿਜ ਮਹਿਸੂਸ ਕਰਦੇ ਹੋ?
- ਦੇਖੋ ਮੁੱਖ ਗੱਲ ਇਹ ਹੈ ਕਿ ਵਿਸਾ਼-ਵਸਤੂ ਲੇਖਕ ਨੂੰ ਕਿਹੜੇ ‘ਰੂਪ’ ਵਿਚ ਵੱਧ
ਸੰਤੁਸ਼ਟ ਕਰਦਾ ਹੈ। ਮੈਨੂੰ ਲਗਦਾ ਹੈ ਕਿ ਕੁੱਝ ਵੀ ਲਿਖਦੇ ਹੋਏ ਸਭ ਤੋਂ ਪਹਿਲਾਂ
ਲੇਖਕ ਨੂੰ ਹੀ ਇਹ ਮਹਿਸੂਸ ਹੋਣਾ ਚਾਹੀਦਾ ਹੈ ਕਿ ਲਿਖ ਕੇ ਉਹਦੀ ਤਸੱਲੀ ਹੋ ਰਹੀ ਹੈ।
ਤਸੱਲੀ ਹੋਣ ਤੋਂ ਮੇਰਾ ਭਾਵ ਇਹ ਹੈ ਕਿ ਲੇਖਕ ਜੋ ਕਹਿਣਾ ਚਾਹੁੰਦਾ ਹੈ ਉਹ ਕਹਿ ਸਕਿਆ
ਜਾਂ ਨਹੀਂ? ਇਸ ਤਰ੍ਹਾਂ ਹੀ ਹਰ ਇਕ ਵਿਸ਼ਾ ਆਪਣੇ ਵਾਸਤੇ ਖੁਦ ‘ਫੌਰਮ’ ਨੂੰ ਚੁਣ
ਲੈਂਦਾ ਹੈ। ਕਦੀਂ-ਕਦਾਈਂ ਇਸ ਵਿਚ ਗਲਤੀ ਵੀ ਹੋ ਸਕਦੀ ਹੈ। ਪਰ ਅਕਸਰ ਹੁੰਦਾ ਇੰਜ ਹੀ
ਹੈ। ‘ਰੂਪ’ ਬਦਲਣ ਦਾ ਦਬਾਉ ਬਾਹਰਲੀਆਂ ਸਥਿਤੀਆਂ ਵੀ ਪੈਦਾ ਕਰਦੀਆਂ ਹਨ। ਐਮਰਜੈਂਸੀ
ਦੇ ਦੌਰਾਨ ਮੈਨੂੰ ਲੱਗਿਆ ਕਿ ਪਹਿਲਾਂ ਜਿਵੇਂ ਕਹਾਣੀਆਂ ਲਿਖਿਆ ਕਰਦਾ ਸੀ ਉਹੋ ਜਹੀ,
ਉਸ ਤਰ੍ਹਾਂ ਦੀ, ਉਸ ਸ਼ੈਲੀ ਵਿਚ ਨਹੀਂ ਲਿਖੀ ਜਾ ਸਕਦੀ। ਇਸ ਕਰਕੇ ਸ਼ੈਲੀ ਅਤੇ ਰੂਪ
ਵਿਚ ਤਬਦੀਲੀ ਆਈ ਸੀ । ਪ੍ਰਤੀਕਆਤਮਕ ਕਹਾਣੀਆਂ ਲਿਖੀਆਂ ਸਨ, ਲਘੂ-ਪੰਚਤੰਤਰ ਸ਼ੈਲੀ
ਦੀਆਂ ਕਹਾਣੀਆਂ ਲਿਖੀਆਂ ਸਨ।
? ਚਾਰ ਕਹਾਣੀ ਸੰਗ੍ਰਹਿ, ਤਿੰਨ ਨਾਵਲ ਅਤੇ ਛੇ ਨਾਟਕ ਲਿਖ ਕੇ ਤੁਸੀਂ ਕਿਸ ਸਥਾਨ ’ਤੇ
ਹੋ, ਇੱਥੇ ਪਹੁੰਚਣ ’ਤੇ ਤੁਸੀ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ?
- ਇਹ ਤਾਂ ਬੜਾ ਖਤਰਨਾਕ ਸਵਾਲ ਹੈ ਜੋ ਬੇਚੈਨ ਕਰਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ
ਮੈਂ ਬਹੁਤਾ ਨਹੀਂ ਲਿਖਿਆ। ਇਸ ਤੋਂ ਵੀ ਪਹਿਲੀ ਗੱਲ ਕਿ ਮੈਂ ਥੋੜ੍ਹਾ ਪੜ੍ਹਿਆ ਅਤੇ
ਦੇਖਿਆ ਸੁਣਿਆ, ਸਮਝਿਆ ਤੇ ਜਾਣਿਆ ਹੈ। ਇਸ ਕਰਕੇ ਮੈਂ ਆਪਣੇ ਆਪ ਤੋਂ ਬਿਲਕੁੱਲ
ਸੰਤੁਸ਼ਟ ਨਹੀਂ ਹਾਂ ਅਤੇ ਇਹ ਮੰਨਦਾ ਵੀ ਨਹੀਂ ਕਿ ਮੈਂ ਕਿਸੇ ‘ਮੁਕਾਮ’ ਤੇ ਖੜ੍ਹਾ
ਹਾਂ। ਆਪਣਾ ਲਿਖਿਆ ਅਕਸਰ ਅੱਧਾ-ਅਧੂਰਾ ਅਤੇ ਬਚਕਾਨਾ ਜਿਹਾ ਲਗਦਾ ਹੈ। ਇਸ ਕਰਕੇ ਮੈਂ
ਅਸੰਤੁਸ਼ਟ ਹਾਂ ਅਤੇ ਚਾਹੁੰਦਾ ਹਾਂ ਕਿ ਕੁੱਝ ਅਜਿਹਾ ਕਰਾਂ ਜਿਸ ਨਾਲ ਕੁੱਝ
ਸੰਤੁਸ਼ਟੀ ਮਿਲੇ ....... ਨਾਵਲ ਦੀ ਤ੍ਰੈ-ਲੜੀ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਹਾਂ।
ਦੂਸਰੇ ਭਾਗ ਦਾ ਪਹਿਲਾ ਖਰੜਾ ਤਿਆਰ ਕੀਤਾ ਹੈ ਪਰ ਉਹਦੇ ਵਿਚ ਬਹੁਤ ਢਿੱਲਾਪਣ, ਘਾਟਾਂ
ਅਤੇ ਖਾਮੀਆਂ ਹਨ। ਦੇਖੋ ਕੀ ਹੁੰਦਾ ਹੈ। ਕਦੇ ਕਦੇ ਤਾਂ ਲਗਦਾ ਹੈ ਕਿ ਲਿਖਣ ਕ੍ਰਿਆ
ਆਪਣੇ ਆਪ ਵਿਚ ਹੀ ਬੇਚੈਨ, ਅਸੰਤੁਸ਼ਟ ਅਤੇ ਕਦੀਂ ਨਾ ਖਤਮ ਹੋਣ ਵਾਲੇ ਸਵਾਲਾਂ ਦਾ
ਸਿਲਸਿਲਾ ਹੈ।
? ਤੁਹਾਡੀ ਲਿਖਤ ਦੀ ਸਭ ਤੋਂ ਵੱਡੀ ਸਿਫਤ ਤੁਹਾਡੀ ਭਾਸ਼ਾ ਦੀ ਸਾਦਗੀ ਅਤੇ ਕਹਾਣੀ
ਕਹਿਣ ਵਿਚ ਮੁਹਾਰਤ ਹੈ, ਇਹਨੂੰ ਕਿਵੇਂ ਨਜਿੱਠਦੇ ਹੋ?
- ਸਾਦਗੀ ਅਤੇ ਕਿੱਸਾ ਗੋਈ ਮੈਨੂੰ ਪਸੰਦ ਹੈ ਕਿਉਂਕਿ ਇਹਦੇ ਸੰਸਕਾਰ ਮੈਨੂੰ ਮਿਲਦੇ
ਰਹੇ ਹਨ ਤੇ ਮੇਰੇ ਵਰਗੇ ਅਨਪੜ੍ਹ ਅਤੇ ਅੰਤਰਮੁਖੀ ਵਿਅਕਤੀ ਦੇ ਸੁਭਾਅ ਨਾਲ ਮੇਲ
ਖਾਂਦੇ ਹਨ। ਮੈਂ ਤੁਹਾਡੇ ਨਾਲ ਕੋਈ ਬੌਧਿਕ ਬਹਿਸ ਨਹੀਂ ਕਰ ਸਕਦਾ ਸਿਰਫ ਕਹਾਣੀ ਸੁਣਾ
ਸਕਦਾ ਹਾਂ, ਤਾਂ ਕੀ ਕਰਾਂਗਾ? ਕਹਾਣੀ ਹੀ ਸੁਣਾਵਾਂਗਾ? ਮੇਰੇ ਅੰਦਰ ਝੂਠ ਬੋਲਣ,
ਸਹਿਣ ਅਤੇ ਸਾਂਭ ਕੇ ਰੱਖਣ ਦੀ ਤਾਕਤ ਨਹੀਂ ਹੈ। ਹਾਂ, ਥੋੜਾ-ਬਹੁਤ ਦਿਲ ਰੱਖਣ ਵਾਸਤੇ
ਤਾਂ ਚੱਲਦਾ ਹੈ ਪਰੰਤੂ ਉਸ ਤੋਂ ਜਿ਼ਆਦਾ ਝੂਠ ਕਾਫੀ ਮੁਸ਼ਕਲ ਹੋ ਜਾਂਦਾ ਹੈ। ਇਸ
ਕਰਕੇ ਚਾਹੁੰਦਾ ਹਾਂ ਕਿ ਲਿਖਣ ਵਿਚ ਤਾਂ ਸੱਚ ਦਾ ਮਜ਼ਾ ਲਵਾਂ ਤੇ ਦੂਸਰਿਆਂ ਨੂੰ
ਦੇਵਾਂ, ਬਸ! ਇਹ ਹੀ ਗੱਲ ਹੈ।
? ਤੁਸੀਂ ਬਹੁਤ ਯਾਤਰਾਵਾਂ ਕਰਦੇ ਹੋ, ਕੀ ਲਿਖਤ ਵਿਚ ਉਨ੍ਹਾਂ ਯਾਤਰਾਵਾਂ ਦੀ ਕੋਈ
ਭੂਮਿਕਾ ਹੁੰਦੀ ਹੈ?
- ਯਾਤਰਾਵਾਂ ਮੈਂ ਕਲਪਨਾ ਵਿਚ ਵੀ ਕਰਦਾ ਹਾਂ। ਹਰ ਸਮੇਂ ਕਿਸੇ ਵੀ ਯਾਤਰਾ ਲਈ ਤਿਆਰ
ਰਹਿੰਦਾ ਹਾਂ। ਪਿਆਰੇ ਅਜੀਜ਼ ਦੋਸਤ ਅਤੇ ਉਰਦੂ ਦੇ ਬਹੁਤ ਬੜੇ ਕਵੀ ਸ਼ਹਿਰਯਾਰ ਦਾ
ਸ਼ੇਅਰ ਹੈ :
ਹਰ ਵਾਰ ਯਹੀ ਘਰ ਕੋ ਪਲਟਤੇ ਹੂਏ ਸੋਚਾ
ਏ ਕਾਸ਼ ਕਿਸੀ ਲੰਬੇ ਸਫਰ ਕੋ ਗਏ ਹੋਤੇ
ਮੈਂ ਜਦੋਂ ਬੱਚਾ ਸੀ ਤਾਂ ਮੇਰੀ ਦੁਨੀਆਂ ਬੜੀ ਸੀਮਤ ਸੀ। ਬੱਚਿਆਂ ’ਤੇ ਸਖਤੀ ਇਹ ਸੀ
ਕਿ ਘਰ ( ਜੋ ਅਸਲ ਵਿਚ ਘਰ ਸੀ ਉਹੋ ਜਹੇ ਘਰ ਹੁਣ ਨਹੀਂ ਹੁੰਦੇ) ਤੋਂ ਬਾਹਰ ਇਕੱਲੇ
ਨਹੀਂ ਜਾਣਾ। ਵੱਡੇ ਹੋਣ ’ਤੇ ਵੀ ਸੂਰਜ ਡੁੱਬਣ ਤੋਂ ਪਹਿਲਾਂ ਘਰ ਪਰਤਣਾ ਜਰੂਰੀ ਸੀ।
ਮੈਂ ਕੁੱਝ ਕੁੱਝ ਸਮਝਣ ਲੱਗਾ ਸਾਂ ਕਿ ਦੁਨੀਆਂ ਬਹੁਤ ਵੱਡੀ ਹੈ ਹਾਲਾਂਕਿ ਮੇਰਾ
ਸਾਧਾਰਨ ਜਿਹਾ ਗਿਆਨ ਬਹੁਤ ਸੀਮਤ ਸੀ ਅਤੇ ਹੈ ਵੀ ਪਰ ਇਸਦੇ ਬਾਵਜੂਦ ਲਗਦਾ ਸੀ ਕਿ
ਕੁੱਝ ਹਜ਼ਾਰ ਕਿਲੋਮੀਟਰ ਦੂਰ ਨਵਾਂ ਹੋਵੇਗਾ। ਟਰੇਨਾਂ ਤੇ ਟਰੱਕਾਂ ਨੂੰ
ਆਉਂਦੇ-ਜਾਂਦੇ ਦੇਖਦਾ ਸੀ ਤਾਂ ਮਨ ਵਿਚ ਅਜੀਬ ਕਿਸਮ ਦਾ ਅਨੰਦ ਭਰ ਜਾਂਦਾ ਸੀ ਕਿ
ਅੱਛਾ ਬੰਗਾਲ ਕਿਹੋ ਜਿਹਾ ਹੋਵੇਗਾ? ਕਲਕੱਤਾ ਸ਼ਹਿਰ ਕਿਹੋ ਜਿਹਾ ਹੋਵੇਗਾ? ਲੋਕ ਕਿਹੋ
ਜਹੇ ਹੋਣਗੇ? ਬਜ਼ਾਰ ਕਿਵੇਂ ਦੇ ਹੋਣਗੇ? ਜਿ਼ੰਦਗੀ ਕਿਹੋ ਜਹੀ ਹੋਵੇਗੀ?
ਜਦੋਂ ਅਲੀਗੜ੍ਹ ਯੂਨੀਵਰਸਿਟੀ ਵਿਚ ਆਇਆ ਤਾਂ ਆਪਣੇ ਕੋਰਸ ਦੀਆਂ ਕਿਤਾਬਾਂ ਤੋਂ
ਜਿ਼ਆਦਾ ਮੈਂ ਵਿਦੇਸ਼ਾਂ ’ਤੇ ਛਪੀਆਂ ਕਿਤਾਬਾਂ ਦੇ ਸਫੇ ਪਰਤ ਕੇ ਤਸਵੀਰਾਂ ਦੇਖਿਆ
ਕਰਦਾ ਸੀ। ਅੰਗੂਰਾਂ ਦੇ ਬਾਗਾਂ ਵਿਚ ਆਪਣੀਆਂ ਰਵਾਇਤੀ ਪੌਸ਼ਾਕਾਂ ਪਾਈ ਸੁੰਦਰ
ਲੜਕੀਆਂ ਤੇ ਪਿੱਠਭੂਮੀ ਵਿਚ ਘਾਹ ਦੇ ਹਰੇ ਹਰੇ ਪਹਾੜ ਮੇਰੇ ਉੱਪਰ ਜਾਦੂ ਕਰ ਦਿੰਦੇ
ਸਨ ਅਤੇ ਮੈਂ ਸੋਚਦਾ ਸੀ ਕਿ ਸਭ ਕੁੱਝ ਛੱਡਕੇ ਚਲੇ ਜਾਵਾਂ ....... ਪਰ ਉਸ ਸਮੇਂ
ਤੱਕ ਪਾਸਪੋਰਟ, ਵੀਜ਼ਾ ਬਗੈਰਾ ਦੀ ਜਾਣਕਾਰੀ ਮਿਲ ਚੁੱਕੀ ਸੀ। ਪਰ ਉਹ ਕਿਤਾਬਾਂ ਵੀ
ਦੇਖਦਾ ਰਹਿੰਦਾ ਸੀ। ਉੱਥੇ ਹੀ ਇਹ ਸੁਪਨਾ ਦੇਖਿਆ ਸੀ ਕਿ ਸਾਰੀ ਦੁਨੀਆਂ ਦਾ ਭ੍ਰਮਣ
ਕਰਾਂਗਾ। ਇਹ ਸੁਪਨਾ ਪੂਰਾ ਨਹੀਂ ਹੋ ਸਕਿਆ।
ਦਰਅਸਲ ਘੁੰਮਦੇ ਸਮੇਂ ਮੇਰੇ ਧਿਆਨ ਵਿਚ ਇਹ ਨਹੀਂ ਹੁੰਦਾ ਕਿ ਇਹ ਅਨੁਭਵ ਕਹਾਣੀ,
ਨਾਵਲ ਵਿਚ ਕਿਸ ਤਰ੍ਹਾਂ ਸ਼ਾਮਲ ਹੋਣਗੇ ਪਰ ਸਮਾਂ ਆਉਣ ’ਤੇ ਉਨ੍ਹਾਂ ਦਾ ਕਿਧਰੇ ਨਾ
ਕਿਧਰੇ ਉਪਯੋਗ ਹੋ ਜਾਂਦਾ ਹੈ। ਵੀਹ-ਪੰਝੀ ਸਾਲ ਪਹਿਲਾਂ ਦੇਖੀਆਂ ਥਾਵ੍ਹਾਂ, ਗੱਲਾਂ,
ਲੋਕ ਅਚਾਨਕ ਕਹਾਣੀ ਦਾ ਵਿਸ਼ਾ ਬਣ ਜਾਂਦੇ ਹਨ। ਯਾਤਰਾਵਾਂ ਕਈ ਅਰਥਾਂ ਵਿਚ ਤਾਜ਼ਾ ਕਰ
ਦਿੰਦੀਆਂ ਹਨ। ਇਹ ਤਾਜ਼ਗੀ ਲਿਖਤ ਦੇ ਲਈ ਹੀ ਨਹੀਂ ਜੀਊਣ ਲਈ ਵੀ ਜ਼ਰੂਰੀ ਹੈ।
? ਇਕ ਅਜਿਹੇ ਦੌਰ ਵਿਚ ਜਦੋਂ ਪਾਠਕ ਅਤੇ ਪੜ੍ਹਿਆ ਜਾਣਾ ਘੱਟੋ ਘੱਟ ਹਿੰਦੀ ਸਮਾਜ ਵਿਚ
ਬਿਲਕੁੱਲ ਹਾਸ਼ੀਏ ਤੇ ਚਲਾ ਗਿਆ ਹੈ ਤਾਂ ਲਿਖਣ ਦੇ ਭਵਿੱਖ ਨੂੰ ਲੈ ਕੇ ਤੁਹਾਨੂੰ ਕੀ
ਮਹਿਸੂਸ ਹੁੰਦਾ ਹੈ?
- ਫੇਰ ਗੱਲ ਆ ਗਈ ਹਿੰਦੀ ਸਮਾਜ ਦੀ। ਇਸ ਤੋਂ ਪਹਿਲਾਂ ਮੈਂ ਇਸ ’ਤੇ ਹੰਝੂ ਬਹਾ
ਚੁੱਕਾ ਹਾਂ ਇੱਥੇ ਇਹ ਸਪਸ਼ਟ ਕਰ ਦੇਵਾਂ ਕਿ ਮੈਂ ਹਿੰਦੀ ਸਮਾਜ ਦੇ ਮਹੱਤਵ ਅਤੇ ਉਸਦੀ
ਇਤਿਹਾਸਕ ਭੁਮਿਕਾ ਨੂੰ ਮੰਨਦਾ ਅਤੇ ਆਦਰ ਕਰਦਾਂ ਹਾਂ ਅਤੇ ‘ਬੀਮਾਰ’ ਪ੍ਰਦੇਸ਼ਾਂ
ਵਾਲੀ ਧਾਰਨਾ ਨੂੰ ਅਸਵੀਕਾਰ ਕਰਦਾ ਹਾਂ । ਬਹੁਤ ਸਾਲਾਂ ਤੋਂ ਇਹ ਸੋਚ ਰਿਹਾ ਸੀ ਕਿ
ਹਿੰਦੀ ਪ੍ਰਦੇਸ਼ਾਂ ਵਿਚ ਉਹੋ ਜਹੀ ਸੱਭਿਆਚਾਰਕ ਜਾਗ੍ਰਤਿ ਕਿਉਂ ਨਹੀਂ ਹੈ ਜਿਵੇਂ
ਬੰਗਾਲ, ਕਰਨਾਟਕ, ਕੇਰਲ ਤੇ ਤਾਮਿਲਨਾਡੂ ਵਿਚ ਹੈ। ਭਾਸ਼ਾ ਨੂੰ ਹੀ ਲੈ ਲਵੋ,
ਪੜ੍ਹਿਆ-ਲਿਖਿਆ ਬੰਗਾਲੀ ਸਾਹਿਤ ਅਤੇ ਸੰਗੀਤ ਵਿਚ ਦਿਲਚਸਪੀ ਲੈਂਦਾ ਹੈ। ਨਾਟਕ ਦੇਖਦਾ
ਹੈ। ਪਰ ਹਿੰਦੀ ਖੇਤਰ ਦਾ ਪੜ੍ਹਿਆ-ਲਿਖਿਆ ਆਦਮੀ ਹਿੰਦੀ ਭਾਸ਼ਾ, ਸਾਹਿਤ ਤੇ
ਸੱਭਿਆਚਾਰ ਤੋਂ ਬੇਮੁੱਖ ਹੋ ਜਾਂਦਾ ਹੈ। ਤੁਸੀਂ ਉਸਦੇ ਘਰ ਵਿਚ ਹਿੰਦੀ ਦੀ ਇਕ ਵੀ
ਕਿਤਾਬ ਨਹੀਂ ਦੇਖ ਸਕੋਗੇ। ਅਜਿਹਾ ਕਿਉਂ ਹੁੰਦਾ ਹੈ?
ਇਸ ਮਸਲੇ ’ਤੇ ਸੋਚਦਿਆਂ ਇਕ ਕਾਰਨ ਸਮਝ ਵਿਚ ਆਇਆ। ਤੁਹਾਡੇ ਨਾਲ ‘ਸ਼ੇਅਰ’ ਕਰ ਸਕਦਾ
ਹਾਂ। ਮੇਰੇ ਖਿਆਲ ’ਚ ਹਿੰਦੀ ਪ੍ਰਦੇਸ਼ਾਂ ਵਿਚ ਸੱਭਿਆਚਾਰਕ ਉਦਾਸੀਨਤਾ ਦੇ ਕਾਰਨ ਜਾਂ
ਬੀਜ 1857 ਦੀ ਅਸਫਲ ਕ੍ਰਾਂਤੀ ਵਿਚ ਛਿਪੇ ਹੋਏ ਹਨ। ਤੁਸੀਂ ਜਾਣਦੇ ਹੋ ਕਿ 1857 ਵਿਚ
ਹਿੰਦੀ ਖੇਤਰ ਦੀ ਪ੍ਰਮੁੱਖ ਭੂਮਿਕਾ ਸੀ। ਤੁਸੀਂ ਇਹ ਵੀ ਜਾਣਦੇ ਹੋ ਕਿ ਅੰਗਰੇਜ਼ਾਂ
ਦੇ ਰਾਜ ਨੂੰ ਸਮਾਪਤ ਕਰ ਦੇਣ ਦੀ ਯੋਜਨਾ ਬਹੁਤ ਲੰਬੇ ਸਮੇਂ ਤੋਂ ਬਣਾਈ ਜਾ ਰਹੀ ਸੀ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਲੜਾਈ ਵਿਚ ਰਾਜੇ, ਨਵਾਬ, ਮੌਲਵੀ, ਪੰਡਿਤ, ਕਿਸਾਨ,
ਮਜ਼ਦੂਰ/ਦਸਤਕਾਰ ਅਤੇ ਇੱਥੋਂ ਤੱਕ ਕਿ ਵੇਸਵਾਵਾਂ ਵੀ ਸ਼ਾਮਲ ਸਨ ਜੋ ਕੰਪਨੀ ਦੇ
ਸ਼ਾਸਨ ਤੋਂ ਬਹੁਤ ਦੁਖੀ ਸਨ। ਇਸਦਾ ਮਤਲਬ ਇਹ ਹੋਇਆ ਕਿ ਹਿੰਦੀ ਖੇਤਰ ਨੇ ਬਹੁਤ ਵੱਡਾ
ਸੁਪਨਾ ਦੇਖਿਆ ਸੀ। ਸੌ ਸਾਲ ਬਾਅਦ ਭਾਵ 1757 ਵਿਚ ਹੋਈ ਪਲਾਸੀ ਦੀ ਲੜਾਈ ਤੋਂ ਸੌ
ਸਾਲ ਬਾਅਦ ਇਹ ਖੇਤਰ ਗੁਲਾਮੀ ਤੋਂ ਅਜਾਦ ਹੋਇਆ ਚਾਹੁੰਦਾ ਸੀ। ਤੁਸੀਂ ਜਾਣਦੇ ਹੋ ਕਿ
ਵੱਡੀ ਲੜਾਈ ਲੜਨ ਵਾਸਤੇ ਪੂਰਾ ਜ਼ੋਰ ਲਾ ਦਿੱਤਾ ਜਾਂਦਾ ਹੈ ਅਤੇ ਸਭ ਤੋਂ ਵੱਡੀ ਤਾਕਤ
ਹੁੰਦੀ ਹੈ- ਨੈਤਿਕ ਤਾਕਤ। ਇਸ ਲੜਾਈ ਵਿਚ ਬਹੁਤ ਨੈਤਿਕ ਤਾਕਤ ਲਾ ਦਿੱਤੀ ਗਈ। ਨੈਤਿਕ
ਤਾਕਤ ਦਾ ਕੇਂਦਰ ਸੀ “ਅਸੀਂ ਸਹੀ ਹਾਂ, ਸਾਡੀ ਲੜਾਈ ਜਾਇਜ਼ ਹੈ, ਇਸ ਕਰਕੇ ਜਿੱਤ
ਸਾਡੀ ਹੀ ਹੋਵੇਗੀ।”
ਕਾਰਨ ਜੋ ਵੀ ਰਹੇ ਹੋਣ। ਅਸੀਂ ਲੜਾਈ ਹਾਰ ਗਏ।
ਹੁਣ ਸਿ਼ਆਮ ਬੈਨੇਗਲ ਦੀ ਫਿਲਮ ‘ਜਨੂਨ’ ਦਾ ਉਹ ਦ੍ਰਿਸ਼ ਚੇਤੇ ਕਰੋ ਕ੍ਰਾਂਤੀਕਾਰੀ
ਨਸੀਰੂਦੀਨ ਸ਼ਾਹ ਲੜਾਈ ਦੇ ਮੋਰਚੇ ਤੋਂ ਹਾਰ ਕੇ ਘਰ ਆਉਂਦਾ ਹੈ ਅਤੇ ਆਪਣੇ ਭਰਾ ਸ਼ਸੀ
ਕਪੂਰ ਦੇ ਕਬੂਤਰਾਂ ਨੂੰ ਚੁੱਕ ਚੁੱਕ ਕੇ ਸੁੱਟਣ ਅਤੇ ਉਡਾਉਣ ਲਗਦਾ ਹੈ। ਗੁੱਸੇ ਹੋ
ਕੇ ਕਹਿ ਰਿਹਾ ਹੈ ਕਿ ਅਸੀਂ ਅੰਗਰੇਜਾਂ ਤੋਂ ਇਸ ਕਰਕੇ ਹਾਰ ਗਏ ਕਿ ਅਸੀਂ ਕਬੂਤਰ
ਬਾਜ਼ੀ, ਸ਼ਤਰੰਜਬਾਜ਼ੀ, ਪਤੰਗਬਾਜ਼ੀ ਵਿਚ ਵਿਅਸਥ ਸਾਂ..... ’
ਥੋੜ੍ਹਾ ਵਿਚਾਰ ਕਰੋ। ਮਨੋਰੰਜਨ ਦੇ ਸਾਧਨ ਤਾਂ ਹਰ ਸਮਾਜ ਵਿਚ ਹੁੰਦੇ ਹਨ। ਕੀ ਉਨ੍ਹਾ
ਕਾਰਨਾਂ ਕਰਕੇ ਕੋਈ ਹਾਰ ਸਕਦਾ ਹੈ? ਦਰਅਸਲ ਇਸ ਸੰਵਾਦ ਦੇ ਪਿੱਛੇ ਜੋ ਉਜਾਗਰ ਹੋ
ਰਿਹਾ ਹੈ ਉਹ “ਸੱਭਿਆਚਾਰਕ” ਹਾਰ ਹੈ। ਤੁਸੀਂ ਦੇਖੋਗੇ ਕਿ 1857 ਦੀ ਅਸਫਲ ਕ੍ਰਾਂਤੀ
ਦੇ ਬਾਅਦ ਬੜੇ ਹੀ ਗਿਣੇ-ਮਿੱਥੇ ਢੰਗ ਨਾਲ ਇਹ ਪ੍ਰਚਾਰ ਕੀਤਾ ਗਿਆ ਕਿ ਹਿੰਦੁਸਤਾਨ
(ਹਿੰਦੀ ਖੇਤਰ) ਦੀ ਭਾਸ਼ਾ ਅਤੇ ਸੱਭਿਆਚਾਰ ਪਤਨਸ਼ੀਲ ਹੈ। ਇਸ ਤੋਂ ਵੱਖ ਹੋ ਜਾਣਾ ਹੀ
ਠੀਕ ਹੈ। ਇਹ ਅਖੌਤੀ ਲਹਿਰ ਸੌ ਸਾਲ ਤੱਲ ਚੱਲੀ ਅਤੇ ਇਸ ਨੇ ਸਾਨੂੰ ਗੈਰ ਸੱਭਿਆਚਾਰਕ
ਕਰ ਦਿੱਤਾ।ਇਹ ਹੀ ਕਾਰਨ ਹੈ ਕਿ ਅੱਜ ਹਿੰਦੀ ਪ੍ਰਦੇਸ਼ਾਂ ਵਿਚ ਸੱਭਿਆਚਾਰਕ ਅੰਦੋਲਨ
ਦੀ ਲੋੜ ਹੈ।
ਸੱਭਿਆਚਾਰ ਦੇ ਪ੍ਰਤੀ ਉਦਾਸੀਨ ਸਮਾਜ ਵਿਚ ਕਿਤਾਬਾਂ ਦੀ ਕੀ ਸਥਿਤੀ ਹੋ ਸਕਦੀ ਹੈ,
ਤੁਸੀਂ ਸਮਝ ਸਕਦੇ ਹੋ। ਇਹ ਗੱਲ ਨਿਸਚਤ ਰੂਪ ਵਿਚ ਲੇਖਕ ਨੂੰ ਚੁਭਦੀ ਹੈ। ਪਰ ਭਵਿੱਖ
ਦੇ ਪ੍ਰਤੀ ਮੈਂ ਆਸਵੰਦ ਹਾਂ। ਸਥਿਤੀ ਬਦਲ ਰਹੀ ਹੈ ਤੇ ਬਦਲੇਗੀ।
? ਤੁਹਾਡੇ ਲਿਖਣ ਪ੍ਰਤੀ ਤੁਹਾਡੇ ਘਰ-ਪਰਿਵਾਰ ਦੀ ਕੀ ਭੁਮਿਕਾ ਰਹੀ ਹੈ?
- ਘਰ ਵਾਲਿਆਂ ਵਲੋਂ ਹਰ ਸੰਭਵ ਸਹਿਯੋਗ ਮਿਲਦਾ ਹੈ।
? ਉਹ ਕੀ ਹੈ ਜੋ ਅਜੇ ਲਿਖਿਆ ਜਾਣਾ ਬਾਕੀ ਹੈ?
- ਪੂਰੀ ‘ਰਾਮਕਥਾ’ ਹੈ ਜੋ ਅਜੇ ਲਿਖਣੀ ਬਾਕੀ ਹੈ।
? ਤੁਹਾਡੀ ਨਜ਼ਰ ’ਚ ਲਿਖਣ ਵਿਚ ਸਨਮਾਨ ਜਾਂ ਪੁਰਸਕਾਰ ਕੀ ਭੂਮਿਕਾ ਅਦਾ ਕਰਦੇ ਹਨ?
- ਸਨਮਾਨ ਜਾਂ ਪੁਰਸਕਾਰ ਜੇ ਈਮਾਨਦਾਰੀ ਨਾਲ ਦਿੱਤੇ ਜਾਣ ਤਾਂ ਉਨ੍ਹਾਂ ਦੀ
ਮਹੱਤਵਪੂਰਨ ਭੂਮਿਕਾ ਹੈ। ਉਹ ਲੇਖਕ ਅਤੇ ਪਾਠਕ ਦੋਹਾਂ ਨੂੰ ਉਤਸ਼ਾਹਿਤ ਕਰਦੇ ਹਨ।
? ਇਕ ਵਿਧਾ ਦੇ ਰੂਪ ਵਿਚ ਆਤਮਕਥਾ ਅਧਾਰਤ ਨਾਵਲ ਨੂੰ ਦੂਸਰੇ ਨਾਵਲਾਂ ਤੋਂ ਕਿਵੇਂ
ਵੱਖ ਕਰੋਗੇ?
- ਮੇਰੇ ਵਿਚਾਰ ਵਿਚ ਆਤਮਕਥਾ ਅਧਾਰਤ ਹੋਣ ਦੇ ਕਾਰਨ ਕੋਈ ਨਾਵਲ ਹੋਰ ਨਾਵਲਾਂ ਤੋਂ
ਭਾਵ ਗੈਰ-ਆਤਮਕਥਾ ਨਾਵਲਾਂ ਤੋਂ ਚੰਗਾ ਜਾਂ ਬੁਰਾ ਨਹੀਂ ਹੋ ਸਕਦਾ। ਦੋਵੇਂ ਕਿਸਮ ਦੇ
ਨਾਵਲਾਂ ਵਾਸਤੇ ਕਸੌਟੀ ਇਕ ਹੀ ਹੁੰਦੀ ਹੈ।
? ਤੁਸੀਂ ਲੇਖਕ ਨਾ ਹੁੰਦੇ ਤਾਂ ਕੀ ਹੁੰਦੇ?
- ਮੈਂ ਲੇਖਕ ਨਾ ਹੁੰਦਾ ਤਾਂ ਸਫਾਈ ਕਰਮਚਾਰੀ ਹੁੰਦਾ ਜਾਂ ਹੁੱਨਰੀ ਕਾਰੀਗਰ ਹੁੰਦਾ।
***
(18
ਅਪਰੈਲ 2009) ਯੂਨੀਕੋਡ