ਬਦਲ ਗਈ ਇਹ ਦੁਨੀਆਂ
ਤੇ ਬਦਲ ਗਏ ਦਸਤੂਰ,
ਅੱਜ ਹਰ ਰਿਸ਼ਤਾ ਹੈ ਆਪਣੀ ਪ੍ਰੀਭਾਸ਼ਾ ਤੋਂ ਬਹੁਤ
ਦੂਰ।
ਪਿਤਾ ਦੀ ਸੋਚ
ਪਹਿਲਾਂ ਆਪ, ਫਿਰ ਪਤਨੀ ਤੇ ਫਿਰ ਬੱਚੇ,
ਪਹਿਲੇ ਦਿਨ ਤੋਂ ਪੁੱਤ ਧੀ ਤੇ ਵਿਸ਼ਵਾਸ਼ ਦੀ ਘਾਟ,
ਔਲਾਦ ਹੈ ਇੱਕ ਹੋਰ ਜਾਇਦਾਦ,
ਦੇਣ ਲਈ ਸ਼ਰਤਾਂ ਬਸ ਵਾਦਵਿਵਾਦ।
ਮਾਂ ਦੀ ਮਮਤਾ
ਬੱਚਿਆ ਦੀ ਮਾਂ ਘੱਟ,
ਪਤੀ ਦੀ ਪਤਨੀ ਜਿਆਦਾ,
ਲਾਭ ਹਾਨੀ ਦੀ ਸਹੂਲਤ ਅਨੁਸਾਰ,
ਪੁੱਤ ਨਾਲ ਪਿਆਰ,
ਪਰ ਫਿਰ ਵੀ ਪਹਿਲੀ ਹੱਕਦਾਰ।
ਪੁੱਤਰ ਤਾਂ ਹੁਣ,
ਸ਼ਾਦੀ ਤੋਂ ਪਹਿਲਾਂ ਇਛਾਵਾਂ ਦੀ ਜਿਦ ਕਰਨ ਵਾਲੇ,
ਮਾਤਾ ਪਿਤਾ ਦਾ ਫਰਜ਼ ਯਾਦ ਕਰਵਾਉਣ ਵਾਲੇ,
ਸ਼ਾਦੀ ਤੋਂ ਬਾਦ ਮਜ਼ਬੂਰ ਇਨਸਾਨ,
ਸਭ ਦਾ ਵਧੀਆ ਆਖਾਣ,
'ਹੁਣ ਅਸੀਂ ਕੀ ਕਰੀਏ'
'ਤੁਹਾਡੀ ਗੱਲ ਹੋਰ ਸੀ'।
ਧੀ ਵੀ ੳਹਿ ਨਹੀਂ ਰਹੀ,
ਪਹਿਲੇ ਦਿਨੋਂ ਬੇਗਾਨੀ,
ਸਹੁਰੇ ਘਰ ਦੀ ਅਮਾਨਤ,
ਬੇਗਾਨੀ ਹੋ ਕੇ ਵੀ ਪੁੱਛੇ ਤਾਂ ਜ਼ਮਾਨੇ ਦੀ
ਤੋਹਮਤ,
ਨਾਂ ਪੁੱਛੇ ਤਾਂ ਪੁੱਤਾਂ ਵਰਗੀ,
ਪਰ ਕਈ ਵਾਰ,
ਹੱਕ ਲਈ ਬਰਾਬਰ, ਫ਼ਰਜਾਂ ਲਈ 'ਵਿਚਾਰੀ'।
ਭਰਾ ਕਹਿੰਦੇ ਮੂੰਹ ਭਰ ਆਏ,
ਲੋੜ ਦੇ ਮਾਂ ਜਾਏ,
ਸੁੱਖ ਦੇ ਭਾਈਵਾਲ,
ਦੁੱਖ ਵਿੱਚ 'ਅਸੀਂ ਕੀ ਕਰ ਸਕਦੇ ਹਾਂ' ਦਾ ਸਵਾਲ,
ਸੁਆਰਥ ਲਈ ਦੁਸ਼ਮਨ,
ਕਾਮਯਾਬ ਭਰਾ ਦੇ ਸ਼ਰੀਕ,
ਕਮਜੋਰ ਲਈ ਤਾਹਨਿਆਂ ਦੀ ਤਸਦੀਕ।
ਭੈਣ ਭਰਾ ਤੋਂ ਨਾਂ ਵੱਖ,
ਮਾਂ-ਪਿਓ ਤੇ ਸਭ ਤੋਂ ਵੱਧ ਹੱਕ,
ਭਰਾ ਲਈ ਸੁੱਖ ਸੁੱਖਣ ਵਾਲੀ,
ਫਾਇਦੇ ਵਾਲੇ ਭਰਾ ਦੀ ਭੈਣ ਨਿਰਾਲੀ,
ਲੈਣ ਦੀ ਹੱਕਦਾਰ, ਦੇਣ ਵੇਲੇ ਅਹਿਸਾਨ ।
ਰਿਸ਼ਤੇਦਾਰ ਬਿਨ ਸਤਿਕਾਰ,
ਸਵਾਦ ਲੈਣ ਲਈ ਤਤਪਰ,
ਦਿਲ ਤੋੜਨ ਵਿੱਚ ਮਾਹਰ,
ਡਿੱਗਦੇ ਤੇ ਖੁਸ਼ ਚੜ੍ਹਦੇ ਤੇ ਦੁੱਖ,
ਨੀਵਾਂ ਦਿਖਾਉਣ ਤੇ ਆਤਮਾ ਖੁਸ਼,
ਅਮੀਰ ਦੇ ਨੇੜੇ ਦੇ, ਗਰੀਬ ਲਈ ਦੂਰ ਦੇ।
ਦੋਸਤ ਜੀਵਨ ਦਾ ਫਰਿਸ਼ਤਾ,
ਪਰ ਆਰਜ਼ੀ ਰਿਸ਼ਤਾ,
ਫਾਇਦੇ ਲਈ ਸਕੇ-ਭਰਾ,
ਜਿੰਮੇਵਾਰੀ ਲਈ ਲਾਪਰਵਾਹ,
ਦੁੱਖ-ਸੁੱਖ ਦੇ ਬਨਾਉਟੀ ਭਾਈਵਾਲ,
ਮੁਸੀਬਤ ਚ' ਗਾਇਬ ਮਾਈ ਦਾ ਲਾਲ,
ਲਾਭ ਖਤਮ ਰਿਸ਼ਤਾ ਖਤਮ,
ਧੋਖਾ ਦੇਣ ਤੇ ਕੈਸੀ ਸ਼ਰਮ ।
ਰਿਸ਼ਤਿਆਂ ਦਾ ਸੱਚ,
ਹਰ ਪਲ, ਹਰ ਪਾਸੇ, ਹਰ ਮੌਕੇ, ਹਰ ਜਗਹ,
ਸਭ ਦੀਆਂ ਅੱਖਾਂ ਦੇ ਸਾਹਮਣੇ, ਹੇ ਮੇਰੇ ਮੌਲਾ।
ਸੁਰਿੰਦਰ ਭਾਰਤੀ ਤਿਵਾੜੀ,
ਫਰੀਦਕੋਟ
tiwarisur@yahoo.co.in
+9198889-0
22
ਅਪਰੈਲ 2009 (ਯੂਨੀਕੋਡ)