ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

Download Punjabi Fonts English Shahmukhi Devnagri

 ਅਜੋਕਾ ਵਾਧਾ:: 26 January, 2010

ਲੇਖ/ਖੋਜ/ਵਿਚਾਰ/ਰੀਵੀਊ/ਆਲੋਚਨਾ

 

 ਆਧੁਨਿਕ ਪ੍ਰਗਤੀਵਾਦ ਦਾ ਸਰੂਪ: ਬੰਸਰੀ
-ਹਰਬਖ਼ਸ਼ ਸਿੰਘ ਮਕਸੂਦਪੁਰੀ-


ਭੁਪਿੰਦਰ ਪੁਰੇਵਾਲ ਦਾ ਪਹਿਲਾ ਕਾਵਿ ਸੰਗ੍ਰਹਿ ''ਮਿੱਟੀ ਦਾ ਰੰਗ'' 1982 ਵਿੱਚ ਛਪਿਆ ਸੀ। ਉਸ ਵੇਲੇ ਕੁਝ ਸਾਹਿਤ ਸਮੀਖਿਆਕਾਰਾਂ ਨੇ ਉਸਦੀ ਪ੍ਰਤਿਭਾਸ਼ਾਲੀ ਕਵੀ ਦੇ ਤੌਰ ਤੇ ਪਛਾਣ ਕੀਤੀ ਸੀ। ਉਸ ਸੰਗ੍ਰਹਿ ਦੀ ਭੂਮਿਕਾ ਵਿਚ ਮੈਂ ਉਸਦੀ ਆਧੁਨਕ ਪ੍ਰਗਤੀਸ਼ੀਲ ਕਵੀ ਦੇ ਤੌਰ ਤੇ ਪਛਾਣ ਕੀਤੀ ਸੀ, ਕਿਉਂਕਿ ਜਿੱਥੇ ਉਹ ਕਲਾ ਤੇ ਦ੍ਰਿਸ਼ਟੀ ਦੇ ਪੱਖ ਤੋਂ ਆਧੁਨਕ ਸੀ , ਉੱਥੇ ਉਹ ਆਪਣੇ ਮੂਲ ਕਾਵਿਕ ਸਰੋਕਾਰਾਂ ਦੇ ਪੱਖ ਤੋਂ ਪ੍ਰਗਤੀਸ਼ੀਲ ਸੀ। ਉਸਨੇ ਮੁਢਲੇ ਪ੍ਰਗਤੀਵਾਦੀਆਂ ਵਾਂਗ ਪ੍ਰਗਤੀਸ਼ੀਲਤਾ ਨੂੰ ਰੁਮਾਂਟਿਕ ਦ੍ਰਿਸ਼ਟੀ ਤੋਂ ਨਹੀਂ, ਸਗੋਂ ਯਥਾਰਥਕ ਦ੍ਰਿਸ਼ਟੀ ਤੋਂ ਅਪਣਾਇਆ ਸੀ। ਉਸਦੇ ਉਸ ਕਾਵਿ-ਸੰਗ੍ਰਹਿ ਦੇ ਪ੍ਰਕਾਸ਼ਤ ਹੋਣ ਉਪ੍ਰੰਤ ਪਿਛਲੇ ਕੁਝ ਸਾਲਾਂ ਵਿਚ ਇੰਨਾ ਕੁਝ ਬਦਲ ਗਿਆ ਹੈ ਕਿ ਦਸ ਕੁ ਸਾਲ ਪਹਿਲਾਂ ਦੀ ਪਛਾਣ ਹੁਣ ਗੁੰਮ ਹੋ ਗਈ ਲਗਦੀ ਹੈ। ਸਮਾਜਵਾਦੀ ਪ੍ਰਬੰਧ ਦੇ ਢਹਿ ਢੇਰੀ ਹੋਣ ਉਪਰੰਤ ਨਿਰਾਸ਼ਾ ਦੀ ਇੱਕ ਲਹਿਰ ਚਲ ਪਈ ਹੈ। ਸਾਰੇ ਪੂਰਬ ਨਿਸਚਿਤ ਤੇ ਬਣੇ ਬਣਾਏ ਸਿਧਾਂਤ ਹੁਣ ਖੋਖਲੇ ਸਿੱਧ ਹੋ ਰਹੇ ਹਨ। ਇਸ ਨਿਰਾਸ਼ਾਜਨਕ ਵਾਤਾਵਰਨ ਵਿੱਚ ਕੁਝ ਲੋਕਾਂ ਨੇ ਤਾਂ ਧਾਰਮਕ ਮੂਲਵਾਦ ਵਿਚ ਸ਼ਰਨ ਲੈਣ ਵਿੱਚ ਹੀ ਕਲਿਆਣ ਦਾ ਰਾਹ ਸਮਝ ਲਿਆ ਹੈ ਅਤੇ ਕੁਝ ਲੋਕ ਪੂੰਜੀਵਾਦ ਵਿੱਚ ਹੀ ਇਤਹਾਸ ਦਾ ਅੰਤ ਦੇਖਣ ਲੱਗ ਪਏ ਹਨ। ਨਿਊਕਲਿਅਰ ਹਥਿਆਰਾਂ ਦਾ ਸਰਬਨਾਸਕ ਖਤਰਾ, ਸਾਡੀ ਧਰਤੀ ਦੇ ਪੁਲਾੜ ਦੇ ਦਿਨ ਪੁਰ ਦਿਨ ਦੂਸ਼ਤ ਹੋਣ ਅਤੇ ਅਜ਼ੋਨ ਤਹਿ ਦੇ ਖੰਡਤ ਹੋਣ ਦਾ ਖਤਰਾ, ਮਨੁੱਖੀ ਨਸਲ ਦੇ ਭਵਿਖ ਤੇ ਪ੍ਰਸ਼ਨ ਚਿੰਨ੍ਹ ਲਾਉਂਦੇ ਜਾਪਦੇ ਹਨ। ਦੂਜੇ ਪਾਸੇ ਯਾਤਾਯਾਤ ਅਤੇ ਸੰਚਾਰ ਸਾਧਨਾਂ ਵਿਚ ਹੋਈ ਹੈਰਾਨਕੁਨ ਉਨਤੀ ਨੇ ਸਮੁੱਚੇ ਸੰਸਾਰ ਨੂੰ ਇਕ ਗਲੋਬਲ ਪਿੰਡ ਵਿਚ ਪ੍ਰੀਵਰਤਤ ਕਰ ਦਿੱਤਾ ਹੈ। ਚਕਿਸਤਕ ਵਿਗਿਆਨ ਵਿਚ ਉਨਤੀ, ਜੀਨਜ਼ ਦੀ ਖੋਜ ਅਤੇ ਭੌਤਕ ਵਿਗਿਆਨ ਵਿੱਚ ਹੋਈਆਂ ਨਵੀਆਂ ਖੋਜਾਂ ਨੇ ਪੁਰਾਣੇ ਬਹੁਤੇ ਅੰਦਾਜ਼ਿਆਂ ਉਤੇ ਪ੍ਰਸ਼ਨ ਚਿੰਨ੍ਹ ਲਾ ਦਿੱਤੇ ਹਨ। ਹੁਣ ਕੋਈ ਵੀ ਪੁਰਾਣਾ ਸਿਧਾਂਤ ਲਾਗੂ ਹੋਣ ਯੋਗ ਨਹੀਂ ਦਿਸਦਾ। ਕੋਈ ਨਵਾਂ ਸਿਧਾਂਤ ਲਾਗੂ ਕਰਨ ਤੋਂ ਪਹਿਲਾਂ, ਇੰਨਾ ਕੁਝ ਬਦਲ ਜਾਂਦਾ ਹੈ ਕਿ ਨਵਾਂ ਸਿਧਾਂਤ ਨਿਰਾਰਥਕ ਬਣ ਕੇ ਰਹਿ ਜਾਂਦਾ ਹੈ। ਭੁਪਿੰਦਰ ਪੁਰੇਵਾਲ ਦੀਆਂ ਨਵੀਆਂ ਕਵਿਤਾਵਾਂ ਉਪ੍ਰੋਕਤ ਨਵੇਂ ਸਰੋਕਾਰਾਂ ਨੂੰ ਤਾਂ ਛੁਹੰਦੀਆਂ ਹੀ ਹਨ, ਪਰ ਉਸਨੇ ਆਪਣਾ ਆਧੁਨਕ ਪ੍ਰਗਤੀਸ਼ੀਲ ਰੂਪ ਵੀ ਕਾਇਮ ਰਖਿਆ ਹੈ।

ਬੰਸਰੀ ਕਾਵਿ-ਸੰਗ੍ਰਹਿ ਦੇ ਪਾਠ ਉਪ੍ਰੰਤ ਅਸੀਂ ਦੇਖਦੇ ਹਾਂ ਕਿ ਭੂਪਿੰਦਰ ਦਾ ਅਤੀਤ ਦੀਆਂ ਭੂਪਵਾਦੀ ਕਦਰਾਂ ਕੀਮਤਾਂ ਤੋਂ ਮੋਹ ਭੰਗ ਹੋ ਗਿਆ ਹੈ। ਇਸ ਸੰਗ੍ਰਹਿ ਦੀਆਂ ਤਿੰਨ ਕਵਿਤਾਵਾਂ ''ਕੱਲਰ ਜ਼ਮੀਨ'', ''ਜੰਗਾਲੇ ਜੰਦਰੇ'' ਤੇ ''ਪਰਤਵੀਂ ਅਵਾਜ਼'' ਇਸ ਸੰਧਰਵ ਵਿੱਚ ਪੇਸ਼ ਕੀਤੀਆਂ ਜਾ ਸਕਦੀਆਂ ਹਨ। ''ਕੱਲਰ ਜ਼ਮੀਨ'' ਵਿਚੋਂ ਇਹ ਸਤਰਾਂ ਧਿਆਨ ਦੇਣ ਯੋਗ ਹਨ:-

ਮੈਂ ਉਤਰਦਾ ਹਾਂ ਆਪਣੀ ਗੁਆਚੀ ਹੋਈ
ਸ਼ਹਿਨਸ਼ਾਹੀ ਜ਼ਮੀਨ ਦੇ ਕੱਲਰ ਤੇ
ਲਭਦਾ ਹਾਂ ਪਹਿਚਾਣ ਲਈ ਗੁੰਝਲਾਂ ਰਹਿਤ ਸ਼ਬਦ
ਬਿਸਾਖੀਆਂ ਰਹਿਤ ਅਰਥ
ਲਭਦਾ ਹਾਂ ਉਹ ਰੁੱਖ
ਜੋ ਹਾਲੀਂ ਛਾਂਗੇ ਨਹੀਂ ਗਏ
ਉਹ ਆਲ੍ਹਣੇ ਜਿਨ੍ਹਾਂ 'ਚ ਪੰਛੀ
ਆਪਣੀ ਚੋਗ ਬਾਅਦ ਪਰਤਦੇ ਨੇ

ਇਨ੍ਹਾਂ ਸਤਰਾਂ ਵਿਚ ਸ਼ਹਿਨਸ਼ਾਹੀ ਜ਼ਮੀਨ ਦੇ ਪ੍ਰਤੀਕ ਦਾ ਉਹੀ ਅਰਥ ਹੈ, ਜੋ ''ਜੱਟ ਆਪਣੀ ਜ਼ਮੀਨ ਵਿੱਚ ਬਾਦਸ਼ਾਹ'' ਦਾ ਹੁੰਦਾ ਸੀ। ਭੁਪਿੰਦਰ ਜਾਣਦਾ ਹੈ ਕਿ ਇਹ ਸ਼ਹਿਨਸ਼ਾਹੀ ਜ਼ਮੀਨ ਹੁਣ ਉਪਜਾਊ ਨਹੀਂ ਰਹੀ। ਇਸ ਕਲਰ ਜ਼ਮੀਨ ਅਰਥਾਤ ਅਤੀਤ ਦੀਆਂ ਭੂਪਵਾਦੀ ਕਦਰਾਂ ਕੀਮਤਾਂ ਵਿੱਚੋਂ ਉਸਨੂੰ ਜਾਤਾਂ ਗੋਤਾਂ ਅਤੇ ਧਾਰਮਕ ਸੰਸਕਾਰਾਂ ਨਾਲ ਸੰਬੰਧਤ ਅਰਥ ਗੁਆ ਚੁੱਕੇ ਸ਼ਬਦ ਹੀ ਮਿਲਦੇ ਹਨ। ਪਰ ਉਹ ਤਾਂ ਅਜੇਹੇ ਸ਼ਬਦਾਂ ਦੀ ਭਾਲ ਵਿੱਚ ਹੈ ਜਿਨ੍ਹਾਂ ਦੇ ਅਰਥ ਅਤੀਤ ਦੀਆਂ ਬਿਸਾਖੀਆਂ ਸਹਾਰੇ ਨਾ ਖੜੇ ਹੋਣ। ਅਤੀਤ ਵਿੱਚ ਕੁਝ ਚੰਗਾ ਵੀ ਹੁੰਦਾ ਸੀ; ਜਿਵੇਂ ਰਿਸ਼ਤਿਆਂ ਦਾ ਮੋਹ ਅਤੇ ਸਾਂਝੇ ਟਬਰ ਦੇ ਸਾਂਝੇ ਘਰ ਦੀ ਸੁਰੱਖਿਆ। ਪਰ ਉਹ ਰੁੱਖ ਹੁਣ ਛਾਂਗ ਦਿਤੇ ਗਏ ਹਨ। ਹੁਣ ਉਹ ਰਿਸ਼ਤੇ ਨਾਉਂ ਦੇ ਹੀ ਰਹਿ ਗਏ ਹਨ। ਸਾਂਝੇ ਘਰ ਹੁਣ ਉਜੜੇ ਆਲ੍ਹਣਿਆਂ ਵਰਗੇ ਬਣ ਗਏ ਹਨ। ਹੁਣ ਉੱਥੋਂ ਉਹ ਸਭ ਕੁਝ ਗੁੰਮ ਹੋ ਗਿਆ ਹੈ, ਜਿਹੜਾ ਕੁਝ ਅਤੀਤ ਵਿੱਚ ਉੱਥੇ ਸਾਰਥਕ ਵੀ ਸੀ:-

ਉਹ ਅਸੀਸਾਂ ਦਿੰਦੇ ਝੁਰੜਾਏ ਹੱਥ
ਉਹ ਜੋ ਚੇਤਿਆਂ ਵਿੱਚ ਪੁੰਗਰਦੇ ਰਹੇ
ਇੱਥੇ ਕਿਤੇ ਹੋਣੀ ਹੈ ਸਵੇਰਿਆਂ ਦੀ ਬੰਸਰੀ
ਦੁਪਿਹਰ ਦੀ ਅੰਬੀ ਦੀ ਛਾਂ
ਧੁਆਂਖੀ ਸ਼ਾਮ
ਰਾਤ ਸਿਤਾਰਿਆ ਵਾਲੀ
ਤੇ ਹੁਣ ਉੱਥੇ ਜੋ ਕੁਝ ਰਹਿ ਗਿਆ ਹੈ, ਉਹ ਇਹ ਹੈ:-
ਹਰ ਵਾਰ ਲੰਘਦੀ ਹੈ
ਚਿੱਟੀ ਚੁੰਨੀ ਲੈ ਕੋਈ ਪਰਛਾਈਂ
ਵਿਹੜੇ ਦੇ ਚੁਰਮਰਾਉਂਦੇ ਪੱਤਿਆਂ ਤੋਂ

ਚਿੱਟੀ ਚੁੰਨੀ ਮਾਤਮ ਦੀ ਨਿਸ਼ਾਨੀ ਹੀ ਤਾਂ ਹੈ। ਜਿੱਥੇ ਕਦੀਂ ਰੌਣਕਾਂ ਹੁੰਦੀਆਂ ਸਨ, ਹੁਣ ਸਿਵਾਏ ਘੋਰ ਉਦਾਸੀ ਤੋਂ ਉੱਥੇ ਕੁੱਝ ਨਹੀਂ ਲਭਦਾ। ਇਸ ਕਵਿਤਾ ਵਿੱਚ ਭੁਪਿੰਦਰ ਆਪਣੇ ਬਚਪਨ ਦੀਆਂ ਯਾਦਾਂ ਤਾਜ਼ਾ ਕਰਦਾ ਹੈ। ਫੇਰ ਵੀ ਉਸਦੀ ਯਥਾਰਥਕ ਸੋਚ ਉਸਨੂੰ ਅਤੀਤ ਬਾਰੇ ਰੁਮਾਂਟਕ ਨਹੀਂ ਹੋਣ ਦਿੰਦੀ ਤੇ ਉਸਨੂੰ ਅਤੀਤ ਵਿੱਚ ਕਿੰਨਾ ਕੁੱਝ ਨਫਰਤ ਯੋਗ ਯਾਦ ਆ ਜਾਂਦਾ ਹੈ:-
ਤਪਦੀਆਂ ਲੂਆਂ
ਪਿੰਡੇ ਲੂੰਹਦੀਆਂ ਧੁੱਪਾਂ
ਮੱਖੀਆਂ ਮੱਛਰਾਂ ਦੀ ਭਰਮਾਰ
ਪਾਟੇ ਲੀਰਾਂ ਕਪੜੇ
ਗ਼ੁਰਬਤ
ਨੀਵੀਆਂ ਧੌਣਾਂ
ਉਹ ਸੋਚਦਾ ਹੈ ਕਿ ਅਤੀਤ ਵਿੱਚ ਕਿੰਨਾ ਕੁਝ ਨਫਰਤ ਦੇ ਯੋਗ ਸੀ ਅਤੇ ਕਿੰਨਾ ਕੁੱਝ ਮੁਹੱਬਤ ਦੇ ਯੋਗ। ਜਿੱਥੇ ਉਹ ਨਫਰਤ ਦੇ ਯੋਗ ਨੂੰ ਮੁੜ ਦੇਖਣਾ ਨਹੀਂ ਚਾਹੁੰਦਾ, ਉੱਥੇ ਉਹ ਮੁਹੱਬਤ ਯੋਗ ਨੂੰ ਭੁੱਲ ਵੀ ਨਹੀਂ ਸਕਦਾ। ਉਹ ਅਨੁਭਵ ਕਰਦਾ ਹੈ ਕਿ ਉਹ ਅਤੀਤ ਦੇ ਇੱਕ ਖਾਸ ਖੋਲ ਵਿੱਚ ਬੰਦ ਹੋ ਗਿਆ ਹੈ। ਸਮਾਂ ਕਦੀਂ ਵੀ ਇਕ ਥਾਂ ਉੱਤੇ ਖਲੋਂਦਾ ਨਹੀਂ। ਆਪਣੇ ਦੇਸ਼ ਦੇ ਕੱਲਰ ਬਣ ਚੁੱਕੇ ਸਮਾਜਕ ਢਾਂਚੇ ਲਈ ਉਹ ਸਾਰਥਕ ਕਦਰਾਂ ਕੀਮਤਾਂ ਦੀ ਤੇ ਉਸ ਬੀਜ ਦੀ ਪਹਿਚਾਣ ਦੀ ਕਾਮਨਾ ਕਰਦਾ ਹੈ, ਜਿਹੜਾ ਬੀਜ ਇਸ ਕਲਰ ਜ਼ਮੀਨ ਵਰਗੇ ਸਮਾਜਕ ਢਾਂਚੇ ਨੂੰ ਮੁੜ ਉਪਜਾਊ ਬਣਾ ਸਕੇ ਤੇ ਸਾਰਥਕ ਕਦਰਾਂ ਕੀਮਤਾਂ ਨੂੰ ਜਨਮ ਦੇ ਸਕੇ। ਉਹ ਚਾਹੁੰਦਾ ਹੈ ਕਿ ਸਾਡੇ ਸਭਿਆਚਾਰ ਵਿੱਚ ਜੋ ਕੁੱਝ ਚੰਗਾ ਹੈ, ਉਹ ਗ਼ੁਮ ਨਾ ਹੋਵੇ। ਉਹ ਕਹਿੰਦਾ ਹੈ:-
ਬੀਜ ਤੋਂ ਪਹਿਲਾਂ
ਮੈਨੂੰ ਮੇਰੀ ਪਹਿਚਾਣ ਦਿਓ
ਇਹ ਜੋ ਮੈਨੂੰ ਛੱਡ ਕੇ ਜਾ ਰਿਹਾ
ਇਸਨੂੰ ਅੰਦਰ ਆਉਣ ਦਿਓ
ਉਨਤੀ ਦਾ ਠੀਕ ਇਹੀ ਰਾਹ ਹੈ ਕਿ ਉਹ ਸਭ ਕੁੱਝ ਸਾਡੇ ਕੋਲ ਰਹੇ ਜੋ ਚੰਗਾ ਹੈ। ਇਸ ਲਈ ਨਵੇਂ ਖਿਆਲ ਅਤੇ ਨਵੇਂ ਸਮਾਜਕ ਅਤੇ ਆਰਥਕ ਪ੍ਰਬੰਧ ਨੂੰ ਅਪਣਾਉਣ ਤੋਂ ਪਹਿਲਾਂ ਸਾਨੂੰ ਆਪਣੀ ਪਹਿਚਾਣ ਨੂੰ ਕਾਇਮ ਰੱਖਣ ਦਾ ਵੀ ਅਵਸ਼ ਪ੍ਰਬੰਧ ਕਰ ਲੈਣਾ ਚਾਹੀਦਾ ਹੈ।
ਭੁਪਿੰਦਰ ਦੀ ਕਵਿਤਾ ''ਜੰਗਾਲੇ ਜੰਦਰੇ'' ਵਿੱਚ ਵੀ ਇਹੀ ਅਤੀਤ ਤੇ ਵਰਤਮਾਨ ਦਾ ਦਵੰਦ ਹੈ। ਉਹ ਜੋ ਬੀਤ ਗਿਆ ਹੈ, ਉਹ ਜੋ ਮਰ ਚੁੱਕਾ ਹੈ, ਉਸਨੂੰ ਬਹੁਤਾ ਚਿਰ ਸਾਂਭ ਕੇ ਨਹੀਂ ਰਖਿਆ ਜਾ ਸਕਦਾ। ਇਸ ਕਵਿਤਾ ਵਿੱਚ ਲਾਸ਼ ਤਾਂ ਉਹ ਸਭ ਕੁੱਝ ਹੈ, ਜੋ ਸਮਾਂ ਵਿਹਾ ਚੁਕਾ ਹੈ ਤੇ ਜਿਹੜਾ ਹੁਣ ਸਾਂਭਣ ਯੋਗ ਨਹੀਂ। ਜੰਗਾਲੇ ਜੰਦਰੇ ਉਹ ਸੰਸਕਾਰ ਹਨ, ਜਿਹੜੇ ਸਮਾਂ ਵਿਹਾ ਚੁੱਕੀਆਂ ਅਤੀਤ ਦੀਆਂ ਰਸਮਾਂ ਰੀਤਾਂ ਨਾਲ ਸਾਨੂੰ ਜ਼ਬਰਨ ਜੋੜੀ ਰਖਦੇ ਹਨ। ਇਨ੍ਹਾਂ ਜੰਗਾਲੇ ਜੰਦਰਿਆਂ ਨੂੰ ਤੋੜੇ ਬਿਨਾ ਸਮਾਜਕ ਉਨਤੀ ਦੀ ਆਸ ਨਹੀਂ ਰੱਖੀ ਜਾ ਸਕਦੀ। ਅੱਜ ਦੇ ਵਿਗਿਆਨਕ ਯੁਗ ਵਿੱਚ ਇਸ ਲਾਸ਼ ਨੂੰ ਆਪਣੇ ਨਾਲ ਚੁਕੀ ਫਿਰਨ ਦੀ ਗੁੰਜਾਇਸ਼ ਨਹੀਂ ਰਹਿ ਗਈ। ਭੁਪਿੰਦਰ ਦੇ ਕਹਿਣ ਅਨੁਸਾਰ:-
ਡਰ ਹੈ ਕਿਧਰੇ ਲਾਸ਼
ਉਠ ਨਾ ਪਵੇ
ਅਤੇ ਮੇਰੇ ਨਾਲ ਤੁਰਨ ਦੀ
ਅਵੱਗਿਆ ਨਾ ਕਰ ਬੈਠੇ
ਆਪਣਾ ਜੀਵਨ ਫੇਰ
ਸ਼ੁਰੂ ਕਰਨ ਦੀ ਜ਼ਿਦ ਨਾ ਕਰੇ
ਨਵੀਂ ਸਮਾਜਕ ਵਿਵੱਸਥਾ ਵਿੱਚ ਇਨ੍ਹਾਂ ਲਾਸ਼ ਬਣ ਚੁੱਕੇ ਵਿਚਾਰਾਂ ਤੇ ਸੰਸਕਾਰਾਂ ਨੂੰ ਨਾਲ ਲੈ ਕੇ ਤੁਰਿਆ ਨਹੀਂ ਜਾ ਸਕਦਾ। ਜੇ ਇਨ੍ਹਾਂ ਨੂੰ ਨਹੀਂ ਤਿਆਗੋਗੇ, ਤਾਂ ਇਹ ਸਮਾਜਕ ਉਨਤੀ ਦੇ ਰਾਹ ਵਿੱਚ ਅਵੱਸ਼ ਵਾਧਕ ਬਣ ਖਲੋਣਗੇ।

ਭੁਪਿੰਦਰ ਦੀ ਕਵਿਤਾ ''ਪਰਤਵੀਂ ਅਵਾਜ਼'' ਅਵਾਸ ਧਾਰਨ ਕਰ ਚੁੱਕੇ ਹਰ ਵਿਅਕਤੀ ਦੀ ਮਾਨਸਕ ਸਥਿਤੀ ਨੂੰ ਪਰਗਟ ਕਰਦੀ ਹੈ। ਅਵਾਸੀ ਨੂੰ ਆਪਣੀ ਜਨਮ ਭੂਮੀ ਦੀ ਖਿਚ ਤਾਂ ਮਹਿਸੂਸ ਹੁੰਦੀ ਹੀ ਹੈ, ਪਰ ਉਹ ਉਸਦੀ ਅਵਾਜ਼ ਸੁਣ ਸਕਣ ਦੇ ਯੋਗ ਨਹੀਂ ਰਹਿ ਗਿਆ ਹੁੰਦਾ। ਪੂਰਨ ਭਗਤ ਦੀ ਕਹਾਣੀ ਨੂੰ ਬਿੰਬ ਦੇ ਤੌਰ ਤੇ ਵਰਤ ਕੇ ਉਹ ਪੂਰਨ ਦੀ ਮਾਂ ਇੱਛਰਾਂ ਦੇ ਮੂੰਹੋਂ ਕਹਾਉਂਦਾ ਹੈ:-
ਪਰ ਤੂੰ ਕਿਹੜੇ ਬੋਲੇਪਨ ਵਿੱਚ ਗ਼ੁਮ ਗਿਆਂ
ਮੇਰੀ ਅਵਾਜ਼ ਸੁੱਕੇ ਖੂਹ ਤੋਂ
ਵਾਪਸ ਪਰਤ ਆਉਂਦੀ ਹੈ

ਅਵਾਸੀ ਬਣ ਚੁੱਕੇ ਮਨੁੱਖ ਸੱਚ ਮੁੱਚ ਅਜੇਹੇ ਸੁੱਕੇ ਖੂਹ ਵਿੱਚ ਲੱਥ ਚੁੱਕੇ ਹੁੰਦੇ ਹਨ ਕਿ ਉਨ੍ਹਾਂ ਨੂੰ ਬਾਹਰ ਦੀ ਅਵਾਜ਼ ਸੁਣਨੀ ਬੰਦ ਹੋ ਜਾਂਦੀ ਹੈ। ਭੁਪਿੰਦਰ ਇਸ ਜਲਾਵਤਨੀ ਦੇ ਕਾਰਨਾਂ ਨੂੰ ਵੀ ਜਾਣਦਾ ਹੈ। ਉਸਦੇ ਕਹਿਣ ਅਨੁਸਾਰ ਜਲਾਵਤਨੀ ਤਾਂ ਇੱਕ ਸਦੀਵੀ ਵਰਤਾਰਾ ਹੈ। ਇਸ ਕਵਿਤਾ ਵਿੱਚ ਉਹ ਇੱਛਰਾਂ ਦੇ ਮੂੰਹੋਂ ਇਸਤਰ੍ਹਾਂ ਕਹਾਉਂਦਾ ਹੈ:-

ਤੂੰ ਭਾਵੇਂ ਦਿੱਲੀ ਨੂੰ ਆਪਣਾ ਸ਼ਹਿਰ ਆਖ
ਜਾਂ ਲੰਡਨ ਦੀਆਂ ਸੜਕਾਂ ਨਾਲ ਮੋਹ ਜੋੜ ਲੈ
ਲੂਣਾ ਤਾਂ ਕੇਵਲ ਭੁੱਖ ਦਾ ਦੂਜਾ ਨਾਉਂ ਹੈ
ਅਤੇ ਸਲਵਾਨ ਦੀ ਖੇਡ

ਤੂੰ ਕਿਹੜੇ ਤਾਰੇ ਉੱਤੇ ਸ਼ਹਿਰ ਬਸਾਏਂਗਾ
ਕਿਹੜੇ ਸ਼ਹਿਰ ਤੋਂ ਕਿਹੜੇ ਸ਼ਹਿਰ ਵਲ ਦੌੜੇਂਗਾ

ਠੀਕ ਹੀ ਇਸ ਜਲਾਵਤਨੀ ਦਾ ਮੁੱਖ ਕਾਰਨ ਤਾਂ ਗ਼ਰੀਬੀ ਅਤੇ ਭੁੱਖ ਹੈ ਅਤੇ ਦੂਜਾ ਕਾਰਨ ਹੈ ਰਾਜ ਕਰਨ ਵਾਲੀ ਧਿਰ। ਇਹ ਵੀ ਯਾਦ ਰਖਣ ਵਾਲੀ ਗੱਲ ਹੈ ਕਿ ਇਹ ਭੁਖ ਸਦਾ ਰੋਟੀ ਦੀ ਭੁਖ ਹੀ ਨਹੀਂ ਹੁੰਦੀ, ਆਪਣੇ ਸਮਾਜਕ ਰੁਤਬੇ ਨੂੰ ਸਥਿਰ ਰਖਣ ਦੀ ਭੁੱਖ ਵੀ ਹੁੰਦੀ ਹੈ। ਇਹ ਭੁਖ ਅਤੇ ਰਾਜ ਕਰਨ ਵਾਲੀ ਧਿਰ ਹਰ ਮੁਲਕ ਵਿਚ ਹਰ ਥਾਂ ਹੁੰਦੀ ਹੈ। ਉਹ ਲੋਕ ਜਿਹੜੇ ਸੱਤਾ ਤੇ ਕੰਟਰੋਲ ਰਖਦੇ ਹਨ ਤੇ ਜਿਨ੍ਹਾਂ ਦੀ ਜਕੜ ਦੇਸ਼ ਦੀ ਆਰਥਕਤਾ ਤੇ ਹੁੰਦੀ ਹੈ, ਉਨ੍ਹਾਂ ਲਈ ਪਹਿਲਾਂ ਉਨ੍ਹਾਂ ਦੇ ਆਰਥਕ ਹਿੱਤ ਹੁੰਦੇ ਹਨ ਤੇ ਫੇਰ ਹੋਰ ਸਭ ਕੁੱਝ। ਦੇਸ ਤੇ ਪਰਦੇਸ ਦੋਹੀਂ ਥਾਵੀਂ ਇਹ ਵਰਤਾਰਾ ਇੱਕੋ ਜੇਹਾ ਹੀ ਹੁੰਦਾ ਹੈ। ਭੁਪਿੰਦਰ ਪੁਰੇਵਾਲ ਸੁੰਦਰਾਂ ਨੂੰ ਇਸੇ ਸੱਤਾਧਾਰੀ ਸ਼੍ਰੇਣੀ ਦੇ ਬਿੰਬ ਦੇ ਤੌਰ ਤੇ ਵਰਤਦਾ ਹੈ। ਇਹ ਸੁੰਦਰਾਂ ਪੂਰਨ ਦੀ ਸੁੰਦਰਾ ਨਾਲੋਂ ਬਿਲਕੁਲ ਵਖਰੀ ਭਾਂਤ ਦੀ ਸੁੰਦਰਾਂ ਹੈ:-

ਤੂੰ ਭਾਵੇਂ ਸੁੰਦਰਾਂ ਦੇ ਮਹਿਲੀਂ ਅਲਖ ਜਗਾ
ਉਹ ਮੋਤੀਆਂ ਦਾ ਭਰਿਆ ਥਾਲ ਲੈ
ਤੈਨੂੰ ਭਿਖਿਆ ਨਹੀਂ ਪਾਏਗੀ
ਨਾ ਮੁਹੱਬਤ ਦੇ ਇਜ਼ਹਾਰ ਲਈ
ਮਹਲ ਤੋਂ ਡਿਗ ਕੇ ਖੁਦਕੁਸ਼ੀ ਕਰੇਗੀ।

ਇੱਛਰਾਂ ਦੇ ਮੂੰਹੋਂ ਕਹਾਈਆਂ ਇਹ ਸਤਰਾਂ ਇਹ ਹੀ ਜ਼ਾਹਰ ਕਰਦੀਆਂ ਹਨ ਕਿ ਸਤਾਧਾਰੀ ਸ਼੍ਰੇਣੀ ਤੋਂ ਕਿਸੇ ਕਿਸਮ ਦੀ ਹਮਦਰਦੀ ਦੀ ਆਸ ਰਖਣੀ ਬੇਅਰਥ ਹੈ।
ਇਹ ਅਵਾਸੀ ਮਾਨਵ ਜਦੋਂ ਵੀ ਕਦੀਂ ਆਪਣੀ ਮਾਤ ਭੂਮੀ ਦੀ ਅਵਾਜ਼ ਸੁਣ ਕੇ ਦੇਸ ਪਰਤਦਾ ਹੈ , ਤਾਂ ਉੱਥੇ ਉਹ ਸਭ ਕੁਝ ਨਾ ਪਾ ਕੇ, ਜਿਹੜਾ ਕੁੱਝ ਉਹ ਉੱਥੇ ਛੱਡ ਕੇ ਗਿਆ ਸੀ, ਇਸ ਤਰ੍ਹਾਂ ਕੁਰਲਾ ਉਠਦਾ ਹੈ:-
ਮਾਂ ਮੈਂ ਪਰਤਿਆ ਤਾਂ
ਭੱਜ ਚੁੱਕੀਆਂ ਸਨ ਬਾਹਵਾਂ
ਕਬਰੀਂ ਜਾ ਸੁੱਤੀਆਂ ਸਨ ਛਾਵਾਂ
ਉਡ ਗਿਆ ਸੀ ਚਿੜੀਆਂ ਦਾ ਚੰਬਾ
ਬਦਲ ਗਿਆ ਸੀ ਸਰਨਾਮਾ
ਤੁਰ ਗਿਆ ਰੁਖ ਦੂਰ ਦੁਰਾਡੇ
ਮੈਨੂੰ ਦੇ ਕੇ ਚੋਰ ਭੁਲਾਵਾ

ਉਪ੍ਰੋਕਤ ਸਤਰਾਂ ਵਿੱਚ ''ਭੱਜ ਚੁੱਕੀਆਂ ਸਨ ਬਾਹਵਾਂ'' ਦੇ ਅਰਥ ਸਪਸ਼ਟ ਹਨ ਕਿ ਹੁਣ ਉਸਦੇ ਆਪਣੇ ਹਾਣੀ, ਆਪਣੇ ਭਰਾ ਇਸ ਦੁਨੀਆ ਵਿੱਚ ਨਹੀਂ ਰਹੇ ਸਨ ਜਾਂ ਭਰਾਵਾਂ ਵਿੱਚ ਭਰਾਵਾਂ ਵਾਲਾ ਮੋਹ ਬਾਕੀ ਨਹੀਂ ਰਹਿ ਗਿਆ ਸੀ। ਮਾਵਾਂ ਠੰਡੀਆਂ ਛਾਵਾਂ ਵੀ ਕਬਰੀਂ ਜਾ ਸੁਤੀਆਂ ਸਨ ਜਾਂ ਮਮਤਾ ਦਾ ਹੀ ਅਭਾਵ ਹੋ ਗਿਆ ਸੀ। ਚਿੜੀਆਂ ਦਾ ਚੰਬਾ ਅਰਥਾਤ ਹਾਣੀਆਂ ਹਮਜੋਲੀਆਂ ਦੀਆਂ ਟੋਲੀਆਂ ਵੀ ਗੁੰਮ ਹੋ ਗਈਆਂ ਸਨ ਅਤੇ ਰੁੱਖਾਂ ਵਰਗੇ ਬਜ਼ੁਰਗਾਂ ਦੀ ਛਾਂ ਵੀ ਸਿਰ ਤੋਂ ਉਠ ਗਈ ਸੀ ਜਾਂ ਮਾਪਿਆਂ ਦੇ ਦਿਲਾਂ ਵਿੱਚੋਂ ਵੀ ਪਹਿਲਾਂ ਵਾਲਾ ਪਿਆਰ ਖਤਮ ਹੋ ਗਿਆ ਸੀ। ਜਿਹੜਾ ਉਦਯੋਗਕ ਪੂੰਜੀਵਾਦੀ ਪ੍ਰਬੰਧ ਹੁਣ ਪੰਜਾਬ ਦੇ ਪਿੰਡਾਂ ਤੱਕ ਵੀ ਪੁਜ ਗਿਆ ਹੈ, ਉਸਦਾ ਲਾਜ਼ਮੀ ਸਿੱਟਾ ਇਹੀ ਹੋਣਾ ਸੀ ਕਿ ਸਮੂਹਕ ਕਦਰਾਂ ਕੀਮਤਾਂ ਦੀ ਥਾਂ ਵਿਅਕਤੀਗਤ ਕਦਰਾਂ ਕੀਮਤਾਂ ਪ੍ਰਚਲਤ ਹੋ ਜਾਂਦੀਆਂ। ਇਸ ਨਵੀਂ ਅਰਥ-ਵਿਵਸਥਾ ਦੇ ਪ੍ਰਭਾਵ ਥੱਲੇ ਬਾਹਰਮੁਖੀ ਹਾਲਾਤ ਤਾਂ ਬਦਲਦੇ ਹੀ ਹਨ, ਇਸ ਦੇ ਨਾਲ ਹੀ ਮਨੁੱਖ ਦਾ ਆਪਣਾ ਸਰਨਾਮਾ ਵੀ ਗੁੰਮ ਹੋ ਜਾਂਦਾ ਹੈ। ਕਵੀ ਦੀ ਸੰਵੇਦਨਾ ਉਸ ਗੁੰਮ ਗਏ ਚੰਗੇ ਕੁਝ ਨੂੰ ਵਾਪਸ ਤਾਂ ਨਹੀਂ ਲਿਆ ਸਕਦੀ ਪਰ ਹੂਕ ਬਣ ਕੇ ਉਸਦੇ ਹੋਠਾਂ ਉੱਤੇ ਤਾਂ ਆ ਸਕਦੀ ਹੈ:-

ਅੱਜ ਬੋਲ ਬੋਲ ਮੇਰੇ ਕੋਠੇ
ਬੋਲ ਚੰਦਰਿਆ ਕਾਵਾਂ
ਤੁਰ ਗਏ ਜੇ ਇਕ ਪਲ ਲਈ ਆਵਣ
ਤੇਰੀ ਸੋਨੇ ਚੁੰਜ ਮੜ੍ਹਾਵਾਂ

ਇਹ ਹੂਕ ਹੀ ਆਪਣੇ ਆਪ ਵਿੱਚ ਗਵਾਹ ਹੈ ਕਿ ਜੋ ਬੀਤ ਗਿਆ ਹੈ, ਉਸਨੇ ਹੁਣ ਵਾਪਸ ਨਹੀਂ ਆਉਣਾ। ਉਹ ਪਿਆਰ, ਸਾਂਝਾਂ, ਭਰਾਤਰੀਅਤਾ, ਸਮੂਹਕਤਾ, ਦੁੱਖਾਂ ਸੁੱਖਾਂ ਨੂੰ ਆਪਸ ਵਿੱਚ ਵੰਡ ਲੈਣ ਵਾਲਾ ਸਮਾਜਕ ਵਰਤਾਰਾ, ਜਿਹੜਾ ਪੰਜਾਬ ਦੇ ਪਿੰਡਾਂ ਦਾ ਸੁਜੀਵ ਤੇ ਅਨਿੱਖੜ ਅੰਗ ਸੀ, ਉਸਨੂੰ ਪੂੰਜੀਵਾਦੀ ਅਰਥ-ਵਿਵੱਸਥਾ ਨੇ ਖਤਮ ਕਰ ਦਿੱਤਾ ਹੇ। ਖਤਮ ਹੋ ਚੁੱਕੀ ਅਰਥ-ਵਿਵੱਸਥਾ ਹੁਣ ਵਾਪਸ ਨਹੀਂ ਆ ਸਕਦੀ, ਨਾ ਹੀ ਕੋਈ ਸੂਝਵਾਨ ਪੁਰਸ਼ ਇਸਨੂੰ ਵਾਪਸ ਲਿਆਣਾ ਚਾਹੇਗਾ। ਫੇਰ ਨਵੀਂ ਅਰਥ-ਵਿਵੱਸਥਾ ਵਿੱਚ ਮਨੁੱਖ ਹੱਥੋਂ ਹੋ ਰਹੀ ਮਨੁੱਖ ਦੀ ਲੁੱਟ ਖਸੁਟ ਨੂੰ ਕਿਵੇਂ ਖਤਮ ਕੀਤਾ ਜਾਵੇ? ਕਿਵੇਂ ਮਨੁੱਖੀ ਭਾਈਚਾਰੇ ਵਿੱਚ ''ਏਕ ਪਿਤਾ ਏਕਸ ਕੇ ਹਮ ਬਾਰਕ'' ਵਾਲਾ ਅਸੂਲ ਲਾਗੂ ਕੀਤਾ ਜਾਵੇ ?

ਮਾਨਵ ਜਾਤਿ ਦਾ ਇਹ ਸੁਪਨਾ ਸਾਕਾਰ ਹੁੰਦਾ ਜਾਪਿਆ ਸੀ ਮਾਰਕਸਵਾਦੀ ਵਿਚਾਰਾਂ ਦੀ ਅਗਵਾਈ ਹੇਠ ਉਸਰੇ ਸਮਾਜਵਾਦੀ ਪ੍ਰਬੰਧ ਹੇਠ। ਹੁਣ ਜਦੋਂ ਸੋਵੀਅਤ ਯੂਨੀਅਨ ਅਤੇ ਸਮਾਜਵਾਦੀ ਬਲਾਕ ਦੇ ਪਤਨ ਨਾਲ ਇਹ ਸੁਪਨਾ ਵੀ ਛਾਈਂ ਮਾਈਂ ਹੋ ਗਿਆ ਹੈ ਤਾਂ ਹੁਣ ਇਸ ਪ੍ਰਬੰਧ ਦੇ ਵਿਰੋਧੀ ਹੋਰ ਵੀ ਉੱਚੀ ਸੁਰ ਵਿਚ ਪੂੰਜੀਵਾਦੀ ਪ੍ਰਬੰਧ ਦੇ ਗੁਣ ਗਾਉਣ ਲੱਗ ਪਏ ਹਨ। ਸਮਾਜਵਾਦੀ ਪ੍ਰਬੰਧ ਦੇ ਹਾਮੀਆਂ ਵਿੱਚ ਵੀ ਇਸ ਪਤਨ ਦੇ ਅਸਲ ਕਾਰਨਾਂ ਦਾ ਸਹੀ ਨਿਰਨਾ ਕਰਨ ਵਾਲੇ ਬਹੁਤ ਘੱਟ ਦਿਸਦੇ ਹਨ। ਕੁੱਝ ਲੋਕ ਤਾਂ ਇਸ ਪਤਨ ਦੀ ਜ਼ਿਮੇਵਾਰੀ ਸਾਮਰਾਜੀ ਸਾਜ਼ਸ਼ਾਂ ਦੇ ਸਿਰ ਪਾਉਂਦੇ ਹਨ। ਉਨ੍ਹਾਂ ਦੇ ਖਿਆਲ ਅਨੁਸਾਰ ਸਾਮਰਾਜ ਦੇ ਖਰੀਦੇ ਹੋਏ ਸੋਧਵਾਦੀ ਲੀਡਰ ਸੋਵੀਅਤ ਯੂਨੀਅਨ ਦੇ ਪਤਨ ਦਾ ਕਾਰਨ ਬਣੇ। ਉਨ੍ਹਾਂ ਅਨੁਸਾਰ ਸਤਾਲਨਵਾਦ ਤੋਂ ਮੂੰਹ ਮੋੜਨਾ ਹੀ ਇਸ ਪਤਨ ਦਾ ਮੂਲ ਕਾਰਨ ਸੀ। ਅਜੇਹੀ ਸੋਚ ਨਾਲ ਬੱਝੇ ਆਦਮੀ ਹਾਲੀਂ ਤੱਕ ਵੀ ਸਤਾਲਨ ਦੀ ਕਿਸੇ ਵੀ ਗ਼ਲਤੀ ਨੂੰ ਮੰਨਣ ਲਈ ਤਿਆਰ ਨਹੀਂ। ਦੂਜੇ ਪਾਸੇ ਅਜੇਹੇ ਚਿੰਤਕ ਵੀ ਹਨ, ਜਿਹੜੇ ਕਹਿੰਦੇ ਹਨ ਕਿ ਸਮਾਜਵਾਦੀ ਪ੍ਰਬੰਧ ਦੇ ਅਰੰਭ ਵਿੱਚ ਹੀ ਇਸਨੂੰ ਲਾਗੂ ਕਰਨ ਦੇ ਢੰਗ ਵਿੱਚ ਉਕਾਈਆਂ ਹੁੰਦੀਆਂ ਰਹੀਆਂ ਸਨ ਅਤੇ ਸਤਾਲਨ ਦੀ ਵਿਅਕਤੀ ਪੂਜਾ ਦੇ ਦੌਰ ਵਿੱਚ ਇਨ੍ਹਾਂ ਉਕਾਈਆਂ ਨੂੰ ਬੇਰੋਕ ਟੋਕ ਵਿਸਥਾਰ ਮਿਲ ਗਿਆ। ਭੁਪਿੰਦਰ ਆਪਣੀਆਂ ਕਵਿਤਾਵਾਂ ''ਤ੍ਰਿਕੋਨ'' ਤੇ ''ਸੂਰਜ ਅਤੇ ਬੱਚਾ'' ਵਿੱਚ ਦਰੁਸਤ ਨਿਰਣਾ ਪੇਸ਼ ਕਰਦਾ ਹੈ। ਜ਼ਰਾ ਦੇਖੋ:-

ਤੁਸੀਂ ਹੀ ਤਾਂ ਉਸਦੇ ਹੱਥ ਚਾਬਕ ਫੜਾਇਆ ਸੀ
ਤੁਸੀਂ ਘੋੜੇ ਤੋਂ ਪਾਲਤੂ ਕਤੂਰੇ
ਪਰ ਤੁਹਾਡੇ ਪਾਸ ਭੌਂਕਣ ਦਾ ਹੁਨਰ ਕਿੱਥੇ ਸੀ
ਫਿਰ ਤੁਸੀਂ ਹੌਲੀ ਹੌਲੀ ਖਰਗੋਸ਼ ਬਣ ਗਏ
ਤੁਹਾਡੀਆਂ ਲੱਤਾਂ ਇੱਕ ਦੂਜੀ ਨਾਲ
ਵਫਾ ਪਾਲਣ ਤੋਂ ਅਸਮ੍ਰੱਥ
ਤੁਸੀਂ ਆਪੇ ਤੇ ਵਿਸ਼ਵਾਸ਼ ਨਾਮ ਵਰਗੀ ਸ਼ੈ ਨੂੰ
ਬਰਫ 'ਚ ਦੱਬ ਆਏ

ਜਮਹੂਰੀ ਕੇਂਦਰੀਵਾਦ ਜਦੋਂ ਥੱਲਿਉਂ ਉਪਰ ਨੂੰ ਦੀ ਥਾਂ, ਕੇਵਲ ਉਪਰੋਂ ਥੱਲੇ ਨੂੰ ਲਾਗੂ ਕੀਤਾ ਜਾਂਦਾ ਹੈ, ਤਾਂ ਇਨਸਾਨ ਨਹੀਂ ਮਖੌਟੇ ਪੈਦਾ ਕਰਦਾ ਹੈ, ਜਿਹੜੇ ਸਰਬ-ਸਮ੍ਰਥ ਆਗੂ ਦੀ ਜੈ ਜੈ ਕਾਰ ਦਾ ਅਜੇਹਾ ਮਾਹੌਲ ਪੈਦਾ ਕਰ ਦਿੰਦੇ ਹਨ ਕਿ ਆਗੂ ਸੱਚ ਮੁੱਚ ਆਪਣੇ ਆਪ ਨੂੰ ਸਰਬ-ਸਮ੍ਰੱਥ ਈਸ਼ਵਰ ਸਮਝਣ ਲੱਗ ਪੈਂਦਾ ਹੈ। ਇਹੀ ਕੁੱਝ ਸਤਾਲਨ ਨਾਲ ਵਾਪਰ ਗਿਆ ਸੀ। ਸੋਵੀਅਤ ਯੂਨੀਅਨ ਦੇ ਲੋਕ ਪਹਿਲਾਂ ਸਰਬ-ਸਮ੍ਰੱਥ ਲੀਡਰ ਦੇ ਚਾਬਕ ਨਾਲ ਚਲਣ ਵਾਲੇ ਘੋੜੇ ਬਣੇ, ਫੇਰ ਕਤੂਰੇ ਤੇ ਉਸ ਤੋਂ ਪਿੱਛੋਂ ਖਰਗੋਸ਼ ਬਣ ਗਏ। ਫੇਰ ਇਨ੍ਹਾਂ ਲੋਕਾਂ ਤੋਂ ਬੋਲਣ ਦਾ ਹੱਕ ਵੀ ਖੋਹ ਲਿਆ ਗਿਆ:-

ਉਸਨੇ ਇੱਕ ਨਵੀਂ ਬੋਲੀ ਸਿਰਜੀ
ਚੁੱਪ ਦੀ ਬੋਲੀ
ਅਤੇ ਜੀਭਾਂ ਤੁਸੀਂ ਖੁਦ
ਅਜਾਇਬ ਘਰ ਵਿੱਚ ਛੱਡ ਆਏ

ਅਨ੍ਹੇਰੇ ਵਿੱਚ ਰਹਿਣ ਵਾਲੇ ਇਸਦੇ ਇੰਨੇ ਆਦੀ ਹੋ ਜਾਂਦੇ ਹਨ ਕਿ ਉਨ੍ਹਾਂ ਦੀਆਂ ਅੱਖਾਂ ਮਾੜੀ ਮੋਟੀ ਰੌਸ਼ਨੀ ਵੀ ਸਹਿ ਨਹੀਂ ਸਕਦੀਆਂ। ਜਦੋਂ ਵੀ ਕਿਸੇ ਨੇ, ਕਿਸੇ ਸੁਹਿਰਦ ਕਮਊਨਿਸਟ ਨੇ ਇਸ ਅਨ੍ਹੇਰੇ ਦੀ ਵਿਰੋਧਤਾ ਕੀਤੀ, ਤਾਂ ਉਸਨੂੰ ਗ਼ਦਾਰੀ ਦਾ ਫਤਵਾ ਲਾ ਕੇ ਖਤਮ ਕਰ ਦਿੱਤਾ ਗਿਆ। ਭੁਪਿੰਦਰ ਦੀਆਂ ਇਹ ਸਤਰਾਂ ਧਿਆਨ ਦੇਣ ਯੋਗ ਹਨ:-

ਕਿਸੇ ਨੇ ਕਿਹਾ ਸੂਰਜ ਬਾਲ਼ ਦੇਵਾਂ
ਰੌਸ਼ਨੀ ਲਈ ਲੱਖਾਂ ਮੈਗਾਟਨ ਬਿਜਲੀਆਂ
ਤੁਸੀਂ ਆਖਿਆ ਅਨ੍ਹੇਰਾ ਹੀ ਰਹਿਣ ਦੇਵੋ
ਰੌਸ਼ਨੀ ਵਿੱਚ ਕੁਰੂਪਤਾ ਨਜ਼ਰ ਆਵੇਗੀ
ਐਵੇਂ ਰੋਹ ਵਰਗੀ ਸ਼ੈ ਜਾਗੇਗੀ
ਵੱਢੀਆਂ ਟੁੱਕੀਆਂ ਨਾੜਾਂ ਸੋਚਣ ਦੀ
ਜੁਰਅਤ ਨਾ ਕਰ ਲੈਣ

ਜਦੋਂ ਅਜੇਹੇ ਪ੍ਰਬੰਧ ਦੀਆਂ ਅੰਦਰੂਨੀ ਵਿਰੋਧਤਾਈਆਂ ਨੇ ਇਸਨੂੰ ਖੋਖਲਾ ਕਰ ਦਿੱਤਾ, ਤਾਂ ਕੱਲ ਦੇ ਉੱਚਤਮ ਕਮਊਨਿਸਟ ਲੀਡਰ , ਪੌਲਿਟ ਬਿਉਰੋ ਦੇ ਮੈਂਬਰ ਸਮਾਜਵਾਦੀ ਪ੍ਰਬੰਧ ਦੇ ਵਿਰੋਧੀ ਬਣ ਗਏ। ਅਸੀਂ ਜਿਹੜੇ ਵਿਕਸਤ ਪੂੰਜੀਵਾਦੀ ਪ੍ਰਬੰਧ ਵਿੱਚ ਰਹਿ ਰਹੇ ਹਾਂ ਤੇ ਇਸ ਪ੍ਰਬੰਧ ਦੀਆਂ ਕਰੂਰ ਕਦਰਾਂ ਕੀਮਤਾਂ ਨੂੰ ਜਾਣਦੇ ਹਾਂ, ਉਨ੍ਹਾਂ ਨੂੰ ਇਹ ਪੂੰਜੀਵਾਦ ਦੇ ਨਵੇਂ ਸਜੇ ਢੰਡੋਰਚੀ ਨਹੀਂ ਜਾਣ ਸਕਦੇ। ਭੁਪਿੰਦਰ ਇਨ੍ਹਾਂ ਢੰਡੋਰਚੀਆਂ ਨੂੰ ਇਸਤਰ੍ਹਾਂ ਸੰਬੋਧਤ ਹੁੰਦਾ ਹੈ:-

ਤੁਸੀਂ ਸਾਨੂੰ ਪੁਛਦੇ ਤਾਂ ਦਸਦੇ
ਅਸੀਂ ਕਿਵੇਂ ਘਰਾਂ ਵਿੱਚ ਬੇਘਰ ਹਾਂ
ਤੁਹਾਨੂੰ ਦਸਦੇ ਆਦਮੀ ਜ਼ੀਰੋ ਕਦੋਂ ਹੁੰਦਾ ਹੈ
ਸ਼ਾਮ ਨੂੰ ਸ਼ੀਸ਼ੇ ਦੇ ਸਾਹਮਣੇ ਆਉਣ ਤੋਂ
ਕਿਉਂ ਡਰਦਾ ਹੈ
ਅੱਗ ਜਾ ਕੇ ਉਹ ਲਿਖਦਾ ਹੈ:-
ਅਸੀਂ ਕਦੇ ਲੋਹਾ
ਕਦੇ ਲਕੜੀ
ਕਦੇ ਇੱਟਾਂ
ਅਤੇ ਕਈ ਵਾਰ ਸੋਚਹੀਣ ਕੰਮਪਿਊਟਰ
ਹੁੰਦੇ ਹਾਂ
ਜੀਉਂਦਾ ਜਾਗਦਾ
ਸਾਹ ਲੈਂਦਾ
ਧੜਕਦਾ ਆਦਮੀ
ਕਿਧਰੇ ਗੁਆਚ ਗਿਆ ਹੈ

ਭੁਪਿੰਦਰ ਪੁਰੇਵਾਲ ਪਹਿਲਾਂ ਵੀ ਸਮਾਜਵਾਦੀ ਵਿਚਾਰਾਂ ਦਾ ਧਾਰਨੀ ਸੀ ਤੇ ਹੁਣ ਵੀ ਹੈ, ਇਸੇ ਕਰਕੇ ਉਸਨੂੰ ਸਮਾਜਵਾਦ ਦੇ ਪਤਨ ਦਾ ਦੁੱਖ ਹੈ। ਇਸ ਪਤਨ ਦਾ ਵਿਕਸਤ ਪੂੰਜੀਵਾਦੀ ਦੇਸ਼ਾਂ ਦੀ ਮਜ਼ਦੂਰ ਜਮਾਤ ਤੇ ਕੀ ਅਸਰ ਹੋਇਆ ਹੈ ? ਉਸਦੀ ਇਸੇ ਕਵਿਤਾ ਦੀਆਂ ਇਹ ਸਤਰਾਂ ਪੜ੍ਹੋ:-

ਪਰ ਹੁਣ ਮਨ ਚਾਹੁੰਦਾ
ਤੇਰੇ ਅਪਰਾਧੀ ਦੀ ਕਬਰ ਵਲ ਜਾਵਾਂ
ਉਸਦੀ ਮਿੱਟੀ ਨੂੰ ਪਰਨਾਮ ਕਰਾਂ
ਅਨੇਕ ਰੋਸੇ ਤੇ ਸ਼ਿਕਾਇਤਾਂ-
ਕਿ ਤੇਰੇ ਖਰਗੋਸ਼ ਰਾਤੀਂ
ਮੇਰੇ ਸੁਪਨਿਆਂ ਦਾ ਖੇਤ ਉਜਾੜ ਗਏ
ਦੇਖ ਇਨ੍ਹਾਂ ਨਵੇਂ ਅਪ੍ਰਾਧੀ ਨੂੰ
ਅਪ੍ਰਾਧ ਲਈ ਤਿਆਰ ਕਰ ਲਿਆ
ਅਤੇ ਉਸ ਨਾਲ ਯਾਰੀ ਦਾ ਦੱਮ ਭਰ ਲਿਆ

ਇਸ ਨਵੇਂ ਅਪ੍ਰਾਧੀ ਨਾਲ ਯਾਰੀ ਨੇ ਰੂਸ ਦਾ ਤਾਂ ਜੋ ਕੁੱਝ ਕਰਨਾ ਸੀ ਕਰ ਹੀ ਦਿੱਤਾ ਹੈ। ਇਹ ਯਾਰੀ ਪੂੰਜੀਵਾਦੀ ਦੇਸਾਂ ਵਿੱਚ ਰਹਿੰਦੇ ਲੋਕਾਂ ਦੇ ਸੁਪਨਿਆਂ ਦਾ ਵੀ ਘਾਣ ਕਰ ਰਹੀ ਹੈ। ਭੁਪਿੰਦਰ ਦੀ ''ਕਵਿਤਾ ਸੂਰਜ ਬੱਚਾ ਅਤੇ ਮੈਂ'' ਉਸਦੀ ਸਮਾਜਵਾਦ ਵਿੱਚ ਨਿਸ਼ਟਾ ਨੂੰ ਅਤੇ ਇਸਦੇ ਪਤਨ ਨਾਲ ਪੈਦਾ ਹੋਏ ਹਾਲਾਤ ਨੂੰ ਹੋਰ ਵੀ ਸਪੱਸ਼ਟ ਸ਼ਬਦਾਂ ਵਿੱਚ ਪਰਗਟ ਕਰਦੀ ਹੈ। ਸਮਾਜਵਾਦ ਲਈ ਉਹ ਸੂਰਜ ਦਾ ਪ੍ਰਤੀਕ ਵਰਤਦਾ ਹੈ, ਜਿਹੜਾ ਬੱਚੇ ਦੇ ਹੱਥ ਆ ਗਿਆ ਤੇ ਉਸਨੇ ਇਸਨੂੰ ਫਰਸ਼ ਤੇ ਸੁਟ ਕੇ ਤੋੜ ਦਿੱਤਾ। ਉਹ ਲਿਖਦਾ ਹੈ:-

ਸੂਰਜ ਸੀ ਤਾਂ ਸ਼ੇਰ ਹਾਥੀਆਂ ਦੀ ਪਹਿਚਾਣ ਸੀ
ਜਦੋਂ ਕੀੜੀਆਂ ਪੰਡਾਂ ਚੁੱਕੀ
ਧੌਣ ਉਠਾ ਕੇ ਤੁਰਦੀਆਂ ਸਨ
ਜਦੋਂ ਚਿੜੀਆਂ ਤੇ ਝਪਟਣ ਤੋਂ ਪਹਿਲਾਂ
ਬਾਜ਼ ਦੀ ਅੱਖ ਧੁਪ ਦੀ ਲਿਸ਼ਕੋਰ ਨਾਲ
ਚੁੰਧਿਆ ਜਾਂਦੀ ਸੀ

ਉਪ੍ਰੋਕਤ ਸਤਰਾਂ ਦੀ ਸਚਾਈ ਹੁਣ ਸਾਫ ਨਜ਼ਰ ਆਉਣ ਲੱਗ ਪਈ ਹੈ, ਜਦੋਂ ਸੋਵੀਅਤ ਯੂਨੀਅਨ ਦੇ ਪਤਨ ਪਿੱਛੋਂ ਅਮ੍ਰੀਕਨ ਸਾਮਰਾਜ ਨੂੰ ਹਰ ਛੋਟੇ ਮੋਟੇ ਮੁਲਕ ਤੇ ਧੌਂਸ ਜਮਾਉਣ ਦੀ ਖੁਲ੍ਹ ਮਿਲ ਗਈ ਹੈ। ਇਸ ਧੌਂਸ ਦੇ ਵਿਰੁਧ ਹੁਣ ਕੋਈ ਕਿਵੇਂ ਲੜੇ, ਜਦੋਂ ਭੁਪਿੰਦਰ ਦੀ ਇਸ ਕਵਿਤਾ ਦੀਆਂ ਇਨ੍ਹਾਂ ਸਤਰਾਂ ਅਨੁਸਾਰ:-

ਹੁਣ ਤਲਵਾਰ ਦੇ ਦਸਤੇ ਨੂੰ ਫੜਨ ਬਾਅਦ
ਇਸ ਦੇ ਅਰਥ ਹੀ ਬਦਲ ਜਾਂਦੇ ਹਨ

ਭੁਪਿੰਦਰ ਪੁਰੇਵਾਲ ਦੀ ਸਮਾਜਵਾਦ ਵਿੱਚ ਨਿਸ਼ਟਾ ਖਤਮ ਨਹੀਂ ਹੋਈ, ਨਾ ਹੀ ਉਹ ਸਮਾਜਵਾਦੀ ਪ੍ਰਬੰਧ ਵਿੱਚ ਪਏ ਵਿਗਾੜਾਂ ਤੋਂ ਅੱਖਾਂ ਮੀਟਦਾ ਹੈ। ਉਸਦਾ ਨਿਸਚਾ ਹੈ ਕਿ ਸਮਾਜਵਾਦ ਅਵੱਸ਼ ਮੁੜ ਸਥਾਪਤ ਹੋਵੇਗਾ, ਪਰ ਹੋਵੇਗਾ ਆਪਣੇ ਨਵੇਂ ਰੂਪ ਲੋਕ ਤੰਤਰਕ ਸਮਾਜਵਾਦ ਦੇ ਰੂਪ ਵਿੱਚ। ਇਸ ਨਿਸਚੇ ਦੇ ਹੋਰ ਵੀ ਪਰਪੱਕ ਹੋਣ ਪਿੱਛੇ ਉਸਦੀ ਪੂੰਜੀਵਾਦੀ ਪ੍ਰਬੰਧ ਦੇ ਵਿਗਾੜਾਂ ਅਤੇ ਵਿਕਾਰਾਂ ਬਾਰੇ ਤੀਬਰ ਸੂਝ ਹੈ। ਉਹ ਜਾਣਦਾ ਹੈ ਕਿ ਪੂੰਜੀਵਾਦੀ ਪ੍ਰਬੰਧ ਆਦਮੀ ਨੂੰ ਮਸ਼ੀਨਾਂ ਦਾ ਅਤੇ ਪੂੰਜੀਵਾਦੀ ਆਰਥਕ ਅਦਾਰਿਆਂ ਦਾ ਗੁਲਾਮ ਬਣਾ ਦਿੰਦਾ ਹੈ। ਇਸ ਗ਼ੁਲਾਮੀ ਤੋਂ ਛੁਟਕਾਰੇ ਦਾ ਹਰ ਯਤਨ ਬਿੰਦੂ ਤੋੜ ਕੇ ਬਿੰਦੂ ਸਿਰਜਣ ਵਰਗੀ ਗੱਲ ਹੈ। ਹੁਣ ਆਦਮੀ ਵਸਤਾਂ ਦੀ ਵਰਤੋਂ ਨਹੀਂ ਕਰਦਾ, ਸੱਗੋਂ ਵਸਤਾਂ ਆਦਮੀ ਦੀ ਵਰਤੋਂ ਕਰਦੀਆਂ ਹਨ। ਇਸ ਸੰਗ੍ਰਹਿ ਦੀਆਂ ਬਹੁਤੀਆਂ ਕਵਿਤਾਵਾਂ ਆਦਮੀ ਦੀ ਇਸ ਬੇਬਸੀ ਵਲ ਧਿਆਨ ਦੁਆਉਂਦੀਆਂ ਹਨ। ਇਸ ਸੰਗ੍ਰਹਿ ਦੀ ਪਹਿਲੀ ਕਵਿਤਾ ''ਮੁਕਤਾਂਜਲੀ'' ਵਿੱਚ ਹੀ ਉਹ ਇਸ ਅਰਥ-ਵਿਵੱਸਥਾ ਵਿੱਚ ਰਹਿ ਰਹੇ ਮਨੁੱਖ ਦੀ ਹੋਣੀ ਵਲ ਸੰਕੇਤ ਕਰ ਦਿੰਦਾ ਹੈ:-

ਇੱਕ ਚੀਕ ਸੁੰਗੜ ਕੇ ਕਿਣਕੇ ਦਾ ਰੂਪ
ਧਾਰਨ ਕਰ ਚੁੱਕੀ
ਸੁਪਨਿਆਂ 'ਚ ਪਿਆਸ
ਪਰਾਂ ਬਿਨ ਪਰਿੰਦੇ

ਜੇ ਇਨਸਾਨ ਦੀ ਚੀਕ ਵੀ ਕਿਣਕੇ ਦਾ ਰੂਪ ਧਾਰਨ ਕਰ ਗਈ ਹੈ ਤੇ ਉਹ ਪਰਾਂ ਬਿਨ ਪਰਿੰਦਾ ਬਣ ਗਿਆ ਹੈ, ਤਾਂ ਉਹ ਕਿੰਨਾ ਕੁ ਜੀਉਂਦਾ ਜਾਗਦਾ ਇਨਸਾਨ ਰਹਿ ਗਿਆ ਹੈ?

ਪੂੰਜੀਵਾਦੀ ਪ੍ਰਬੰਧ ਦਾ ਲਾਜ਼ਮੀ ਸਿੱਟਾ ਵਿਅਕਤੀਵਾਦੀ ਸਭਿਆਚਾਰ ਵਿੱਚ ਨਿਕਲਦਾ ਹੈ। ਟੱਬਰ ਦਾ ਸੰਕਲਪ ਹੀ ਬਦਲ ਜਾਂਦਾ ਹੈ। ਟੱਬਰ ਇੱਕ ਟੱਬਰ ਕਿਵੇਂ ਰਹਿ ਜਾਵੇ ਜਿਸਦਾ ਹਰ ਜੀਅ ਆਪਣੀ ਹੀ ਵਿਅਕਤੀਗਤ ਸੁਤੰਤਰਤਾ ਲਈ ਟੱਬਰ ਦੇ ਕਿਸੇ ਵੀ ਹੋਰ ਜੀਅ ਦੀ ਪਰਵਾਹ ਨਾ ਕਰੇ। ਵਿਅਕਤੀਵਾਦ ਨੇ ਅੱਜ ਇਸ ਪੂੰਜੀਵਾਦੀ ਸਮਾਜ ਨੂੰ ਕਿੱਥੇ ਪੁਜਾ ਦਿੱਤਾ ਹੈ, ਅਸੀਂ ਆਪਣੇ ਦੁਆਲੇ ਝਾਤ ਮਾਰ ਕੇ ਭਲੀ ਭਾਂਤ ਜਾਣ ਸਕਦੇ ਹਾਂ। ਬਿਨਾਂ ਵਿਆਹ ਤੋਂ ਪੈਦਾ ਹੋਏ ਬੱਚੇ, ਜਿਨ੍ਹਾਂ ਦਾ ਨਾ ਪਿਉ ਜ਼ਿੰਮੇਵਾਰ ਹੈ ਨਾ ਮਾਂ। ਬੱਚਿਆਂ ਤੋਂ ਵਿਛੜੇ ਮਾਪੇ, ਕੁੱਤਿਆਂ ਬਿੱਲੀਆ ਨਾਲ ਦਿਨ ਕਟੀ ਕਰਦੇ ਹਨ। ਜੇ ਕੋਈ ਟੱਬਰ ਕਾਇਮ ਵੀ ਹੈ, ਮਾਂ ਪਿਉ ਅਤੇ ਬੱਚੇ ਇੱਕ ਛੱਤ ਥੱਲੇ ਰਹਿੰਦੇ ਵੀ ਹਨ ਤਾਂ ਭੁਪਿੰਦਰ ਦੀ ਕਵਿਤਾ ''ਦੀਵਾਰਾਂ'' ਵਰਗਾ ਹਾਲ ਹੁੰਦਾ ਹੈ, ਜਿੱਥੇ ਘਰ ਦੇ ਸਾਰੇ ਜੀਅ ਇੱਕ ਦੂਜੇ ਨਾਲੋਂ ਟੁੱਟ ਕੇ ਆਪਣੇ ਆਪਣੇ ਕੋਨੇ ਸਿਰਜ ਲੈਂਦੇ ਹਨ। ਘਰ ਦਾ ਮਾਲਕ ਰੋਟੀ ਕਮਾਉਣ ਵਾਲਾ ਮਹਿਸੂਸ ਕਰਦਾ ਹੈ ਕਿ ਉਹ ਘਰ ਵਿੱਚ ਹੀ ਬਣਵਾਸੀ ਬਣ ਗਿਆ ਹੈ। ਉਹ ਭਰੇ ਮੇਲੇ ਵਿੱਚ ਬਾਲ ਵਾਂਗ ਉਂਗਲ ਨਾਲੋਂ ਵਿਛੜ ਗਿਆ ਹੈ। ਉਸਨੂੰ ਆਪਣਾ ਹੀ ਘਰ ਗ਼ੁਮ ਹੋ ਗਿਆ ਲਗਦਾ ਹੈ। ਇਸ ਕਵਿਤਾ ਵਿੱਚ ਉਸਦਾ ਪੁੱਤਰ ਕਹਿੰਦਾ ਹੈ:-

ਮੈਂ ਕਿਉਂ ਬਿਸਾਖੀਆਂ ਬਣਾ
ਤੁਹਾਡੀ ਪਗਡੰਡੀ ਦੀਆਂ ਪੈੜਾਂ ਤੇ
ਕਿਉਂ ਪੈਰ ਧਰਾਂ
ਮੈਂ ਆਪੇ ਨੂੰ ਜਵਾਬਦੇਹ ਹੋਣਾ ਹੈ
ਮੇਰੇ ਪੱਲ ਮੇਰੇ ਛਿੰਨ ਮੇਰੇ ਹਨ
ਇਹ ਕਿਸੇ ਦੇ ਲੇਖੇ ਨਹੀਂ ਲਾਏ ਜਾ ਸਕਦੇ
ਇੱਥੇ ਤਾਂ ਆਪਣਾ ਸਿਬਾ ਵੀ ਆਪ ਬਾਲਣਾ ਪੈਂਦਾ

ਉਪ੍ਰੋਕਤ ਸ਼ਬਦ ਵਿਅਕਤੀਵਾਦੀ ਸਮਾਜ ਦੇ ਨਮੂਨੇ ਦੇ ਇੱਕ ਪੁੱਤਰ ਦੇ ਹਨ। ਕਿਸੇ ਵੀ ਜਵਾਨ ਹੋ ਰਹੇ ਪੁੱਤਰ ਨਾਲ ਗੱਲ ਕਰ ਕੇ ਦੇਖ ਲਵੋ, ਉੱਤਰ ਥੋੜੇ ਬਹੁਤੇ ਫਰਕ ਨਾਲ ਅਜੇਹਾ ਹੀ ਹੋਵੇਗਾ। ਹੈ ਵੀ ਠੀਕ। ਪ੍ਰਾਪਤ ਹਾਲਾਤ ਵਿੱਚ ਪੁੱਤਰ ਨੂੰ ਪਿਉ ਕੋਲੋਂ ਵਿਰਾਸਤ ਵਿੱਚ, ਹੁਨਰ, ਵਿੱਦਿਆ ਜਾਂ ਕਾਰੋਬਾਰ ਤਾਂ ਮਿਲਣਾ ਨਹੀਂ। ਜੇ ਉਸਨੇ ਆਪਣਾ ਚੰਗਾ ਮੰਦਾ ਭਵਿਖ ਆਪ ਹੀ ਬਣਾਉਣਾ ਹੈ ਅਤੇ ਆਪ ਹੀ ਆਪਣੀ ਸਫਲਤਾ ਜਾਂ ਅਸਫਲਤਾ ਦਾ ਜ਼ਿੰਮੇਵਾਰ ਬਣਨਾ ਹੈ, ਤਾਂ ਕਿਉਂ ਉਹ ਆਪਣੇ ਪਿਉ ਦੇ ਅਦੇਸ਼ਾਂ ਅਨੁਸਾਰ ਚੱਲੇ। ਇਸ ਵਿਅਕਤੀਵਾਦੀ ਸਭਿਆਚਾਰ ਵਿਚ ਮਾਪੇ ਵੀ ਆਪਣੀ ਔਲਾਦ ਦੀ ਕਿੰਨੀ ਕੁ ਪਰਵਾਹ ਕਰਦੇ ਹਨ ? ਮਾਪੇ ਵੀ ਤਾਂ ਉਸੇ ਸਭਿਆਚਾਰ ਦੀ ਪੈਦਾਵਾਰ ਹੁੰਦੇ ਹਨ, ਜਿਸ ਵਿੱਚ ਮਰਨ ਤੋਂ ਪਹਿਲਾਂ ਹਰ ਬੰਦੇ ਨੂੰ ਇਹ ਫਿਕਰ ਲਗਿਆ ਹੁੰਦਾ ਹੈ ਕਿ ਉਸਦੇ ਅੰਤਮ ਕਿਰਿਆ-ਕਰਮ ਲਈ ਖਰਚਾ ਕਿੱਥੋਂ ਆਵੇਗਾ ? ਉਪਰੋਕਤ ਸਤਰਾਂ ਅਨੁਸਾਰ ਤਾਂ ਉਨ੍ਹਾਂ ਨੂੰ ਆਪਣਾ ਸਿਬਾ ਵੀ ਆਪ ਬਾਲਣਾ ਪੈਂਦਾ ਹੈ। ਹੁਣ ਇਸ ਪੂੰਜੀਵਦੀ ਸਮਾਜ ਵਿੱਚ ਲੋਕੀਂ ਆਪਣੇ ਕਿਰਿਆ-ਕਰਮ ਦੇ ਖਰਚ ਲਈ ਆਪ ਹੀ ਆਪਣਾ ਬੀਮਾ ਕਰਵਾ ਲੈਂਦੇ ਹਨ। ਜਦੋਂ ਪਤਨੀ ਤੇ ਬੱਚੇ ਆਪਣੇ ਹੀ ਸੁਖ ਨੂੰ ਮੁੱਖ ਰਖਣ ਤਾਂ ਘਰ ਦੇ ਕਮਾਊ ਮਾਲਕ ਦੀ ਹਾਲਤ ਕੁੱਝ ਇਸਤਰ੍ਹਾਂ ਦੀ ਹੋ ਜਾਂਦੀ ਹੈ:-

ਘਰ ਦੇ ਭਰੇ ਬਾਜ਼ਾਰ ਵਿੱਚ ਦੀਵਾਰਾਂ ਹੀ ਦੀਵਾਰਾਂ ਹਨ
ਕੋਈ ਰੁੱਖ ਨਹੀਂ ਜਿਸਦੇ ਗਲ ਲੱਗ ਕੇ ਵਿਲਕ ਸਕਾਂ
ਕੋਈ ਪਰਛਾਵਾਂ ਤੱਕ ਨਹੀਂ ਜਿਸ ਪਾਸ ਬੈਠ
ਆਪਣੀ ਬੇਬਸੀ ਦਾ ਰੁਦਨ ਕਰਾਂ
.....................................
ਮੈਂ ਨਵਾਂ ਗ਼ੁਲਾਮ
ਜਿਸਨੂੰ ਵਸਤਾਂ ਇੱਥੋਂ ਚੁੱਕ ਉੱਥੇ ਵੇਚ ਦਿੰਦੀਆਂ
ਇੱਕੋ ਵਕਤ ਸਭ ਦਿਸ਼ਾਵਾਂ ਨੂੰ ਦੌੜ ਰਿਹਾਂ
ਅਤੇ ਮੈਂ ਸ਼ਹਿਰ ਨੂੰ ਇੱਕੋ ਵਕਤ
ਨਫਰਤ ਤੇ ਮੁਹਬਤ ਕਰਦਾਂ
ਕਿੱਥੋਂ ਹੋਰ ਸ਼ਹਿਰ ਲੱਭਾਂ

ਪੂੰਜੀਵਾਦੀ ਆਰਥਕ ਪ੍ਰਬੰਧ ਮਨੁੱਖ ਦੀ ਸਮਝ, ਇਛਾਵਾਂ, ਲੋੜਾਂ ਅਤੇ ਖਾਹਸ਼ਾਂ ਆਦਿ ਉੱਤੇ ਇਸਤਰ੍ਹਾਂ ਕਬਜ਼ਾ ਜਮਾ ਲੈਂਦਾ ਹੈ ਕਿ ਉਹ ਇਸ ਤੋਂ ਛੁਟਕਾਰੇ ਦੀ ਸੋਚ ਨੂੰ ਹੀ ਤਿਆਗ ਦਿੰਦਾ ਹੈ। ਉਸਦੀ ਸੋਚ ਕਿਸਤਰ੍ਹਾਂ ਇਸ ਪ੍ਰਬੰਧ ਦੀ ਗ਼ੁਲਾਮ ਹੋ ਜਾਂਦੀ ਹੈ। ਜ਼ਰਾ ਭੁਪਿੰਦਰ ਦੇ ਸ਼ਬਦਾ ਵਿੱਚ ਹੀ ਦੇਖੋ:-

ਇਹ ਸ਼ਹਿਰ ਫੈਲ ਚੁੱਕੇ ਹਨ ਸਾਡੇ ਹਾਸਿਆ 'ਚ
ਸਾਡੇ ਰੋਸਿਆ 'ਚ
ਰੋਮ ਰੋਮ 'ਚ ਧਸ ਚੁੱਕਾ ਹੈ ਸ਼ਹਿਰ

ਪੂੰਜੀਵਾਦੀ ਪ੍ਰਬੰਧ ਵਿਅਕਤੀ ਨੂੰ ਆਪਣੀ ਝੂਠੀ ਚਮਕਾਹਟ ਨਾਲ ਇਸ ਤਰ੍ਹਾਂ ਫਾਹ ਲੈਂਦਾ ਹੈ ਕਿ ਉਹ ਉਸਦੇ ਆਪਣੇ ਵਿਰੁਧ ਲੜੀ ਜਾ ਰਹੀ ਜੰਗ ਵਿੱਚ ਆਪ ਵੀ ਸ਼ਾਮਲ ਹੋ ਜਾਂਦਾ ਹੈ:-

ਸ਼ਹਿਰ ਕੋਲ ਰਿਸ਼ਤਿਆਂ ਦੀ ਤਾਣੀ ਹੈ
ਆਕਰਸ਼ਤ ਕੱਚ ਦੀਆਂ ਦੀਵਾਰਾਂ ਹਨ
ਪਲੇਟ 'ਚ ਬਾਸੀ ਰੋਟੀ ਦਾ ਟੁਕੜਾ ਹੈ
ਇਵੇਂ ਮੈਂ ਖੁਦ ਹੀ ਆਪਣੇ ਆਪ ਖਿਲਾਫ
ਲਗਤਾਰ ਲੜੀ ਜਾ ਰਹੀ
ਜੰਗ ਵਿੱਚ ਸ਼ਾਮਲ ਹਾਂ

ਭੁਪਿੰਦਰ ਦੀਆਂ ਕਵਿਤਾਵਾਂ ''ਜੰਗਲੀ ਕੁੱਤੇ'', ''ਹੋਰ ਕੋਈ ਜੰਗ'', ''ਮੈਨੂੰ ਏਨਾ ਦੱਸੋ'', ''ਅੱਗ'', ''ਤਿੜਕਿਆ ਸ਼ੀਸ਼ਾ'', ''ਤਿੜਕਣ ਤੋਂ ਪਹਿਲਾਂ'', ''ਆਪਣਾ ਕਮਰਾ ਪਰਾਇਆ ਕਮਰਾ'' ਅਤੇ ''ਨਵੇਂ ਰਿਸ਼ਤੇ'' ਇਸ ਪ੍ਰਬੰਧ ਦੇ ਗ਼ੁਲਾਮ ਬਣ ਚੁੱਕੇ ਮਨੁੱਖ ਦੀ ਹੋਣੀ ਨੂੰ ਖਾਸੀ ਕਲਾ ਪਰਵੀਨਤਾ ਨਾਲ ਪ੍ਰਦਰਸ਼ਤ ਕਰਦੀਆਂ ਹਨ।

ਪੂੰਜੀਵਾਦੀ ਅਰਥ-ਵਿਵੱਸਥਾ ਕਿਸਤਰ੍ਹਾਂ ਵਿਅਕਤੀ ਦੀ ਅਜ਼ਾਦ ਸੋਚ ਦੇ ਸੂਰਜ ਨੂੰ ਡੋਬ ਕੇ ਉਸਦੀ ਸੋਚ ਨੂੰ ਨਕਲੀ ਛਲਾਵੀ ਸੋਚ ਨਾਲ ਭਰ ਦਿੰਦੀ ਹੈ, ਭੁਪਿੰਦਰ ਦੀ ਕਵਿਤਾ ''ਮੈਂ ਕਦੋਂ ਚਾਹਿਆ ਸੀ'' ਦੀਆਂ ਇਹ ਸਤਰਾਂ ਸਪਸ਼ਟ ਕਰ ਦਿੰਦੀਆਂ ਹਨ:-

ਤੁਸੀਂ ਮੇਰੀ ਪਿੱਠ ਤੇ ਅਣਗਿਣਤ
ਟੁੱਟੇ ਤਾਰੇ ਚਿਪਕਾ ਦਿੱਤੇ
ਮੇਰੇ ਮਸਤਕ ਦਾ ਸੂਰਜ
ਫਰਸ਼ ਤੇ ਤਿੜਕ ਗਿਆ ਹੈ

ਇਹ ਅਰਥ-ਵਿਵੱਸਥਾ ਕਿਵੇਂ ਸਦੀਆਂ ਵਿੱਚ ਉਸਰੇ ਸਭਿਆਚਾਰ ਨੂੰ ਧੁੰਦਲਾ ਕਰ ਕੇ ਆਪਣੀ ਕੁਟਲ ਨੀਤੀ ਤੇ ਅਧਾਰਤ, ਪੂੰਜੀਵਾਦੀ ਲੁੱਟ ਦੇ ਹਾਣ ਦਾ ਕਰੂਰ ਸਭਿਆਚਾਰ ਉਸਾਰ ਕੇ ਨਵੀਆਂ ਪੀੜ੍ਹੀਆਂ ਨੂੰ ਕੁਰਾਹੇ ਪਾਉਂਦੀ ਹੈ, ਭੁਪਿੰਦਰ ਦੀ ਕਵਿਤਾ ''ਜੰਗਲੀ ਕੁੱਤੇ'' ਪੜ੍ਹਨ ਨਾਲ ਸਪਸ਼ਟ ਹੋ ਜਾਂਦਾ ਹੈ:-

ਇਹ ਜੰਗਲੀ ਕੁੱਤੇ
ਘਰਾਂ ਦੀਆਂ ਸਰਦਲਾਂ ਟੱਪ ਆਉਂਦੇ ਹਨ
ਸਾਨੂੰ ਬੰਦਗੀ ਕਰਨੀ ਸਿਖਾਉਂਦੇ
ਆਪਣੇ ਦੇਵਤਿਆਂ ਦੇ ਨਾਮ ਦੱਸਦੇ
ਸਾਨੂੰ ਦੱਸਦੇ ਕਿਵੇਂ ਉਠਣਾ ਬੈਠਣਾ
ਤੁਰਨਾ ਤੇ ਸਾਹ ਲੈਣਾ
ਅਤੇ ਫੇਰ:-
ਸਾਨੂੰ ਇਹ ਵੀ ਸਿਖਾ ਦੇਣਗੇ
ਹੂ ਹੂ ਦਾ ਜਾਪ ਕਰਨਾ
ਨਹੀਂ ਤਾਂ ਸਾਡੇ ਵਿਹੜੇ ਦੀ ਕਲੀ ਨੂੰ
ਜਿਸਨੇ ਹੁਣੇ ਸੋਲਵੀਂ ਮੋਮਬੱਤੀ ਨੂੰ
ਫੂਕ ਮਾਰੀ ਹੈ
ਉਸਨੂੰ ਮੋਮਬੱਤੀ ਵਾਂਗ ਬੁਝਾ ਦੇਣਗੇ

ਉਹ ਇਸੇ ਕਵਿਤਾ ਵਿੱਚ ਕਹਿੰਦਾ ਹੈ- ''ਇਨ੍ਹਾਂ ਜੰਗਲੀ ਕੁਤਿਆਂ ਦੀਆਂ ਕੱਟੀਆਂ, ਦੁੱਧੀਆਂ ਚੋਂ ਬੱਚੇ ਦੁੱਧ ਦੀ ਥਾਂ ਖੂਨ ਦੀ ਧਾਰਾ ਪੀਣਗੇ ਤੇ ਇਸਤਰ੍ਹਾਂ ਜੰਗਲੀ ਕੁੱਤਿਆਂ ਵਾਲੀ ਬੋਲੀ ਸਿੱਖ ਜਾਣਗੇ''। ਇਹੋ ਜੇਹਾ ਘਿਨਾਉਣਾ ਪ੍ਰਭਾਵ ਹੈ ਇਸ ਪ੍ਰਬੰਧ ਦਾ ਕਿ ਜੀਣ ਲਈ, ਜਵਾਨੀ ਚੜ੍ਹਨ ਲਈ ਇਨ੍ਹਾਂ ਜੰਗਲੀ ਕੁੱਤਿਆਂ ਦੇ ਸਾਥ ਤੇ ਹੁਕਮ ਵਿੱਚ ਰਹਿਣਾ ਪੈਂਦਾ ਹੈ।

ਕਹਿੰਦੇ ਹਨ ਕਿ ਚਿਹਰਾ ਦਿੱਲ ਦਾ ਸ਼ੀਸ਼ਾ ਹੁੰਦਾ ਹੈ। ਅਜ਼ਾਦ ਸੋਚ ਵਾਲਾ ਚਿਹਰਾ ਫੇਰ ਗ਼ੁਲਾਮ ਸੋਚ ਵਾਲੇ ਚਿਹਰੇ ਨਾਲ ਕਿਵੇਂ ਮਿਲ ਸਕਦਾ ਹੈ। ਭੁਪਿੰਦਰ ਆਪਣੀ ਕਵਿਤਾ '' ਹੋਰ ਕੋਈ'' ਵਿੱਚ ਇਸੇ ਅਹਿਸਾਸ ਨੂੰ ਪਰਗਟ ਕਰਦਾ ਹੈ। ਜਦੋਂ ਉਸਨੂੰ ਸ਼ੀਸ਼ੇ ਵਿੱਚ ਪਹਿਲਾਂ ਵਰਗਾ ਆਪਣਾ ਨਿਰਛਲ ਚਿਹਰਾ ਨਹੀਂ ਦਿਸਦਾ ਤਾਂ ਉਹ ਕਹਿੰਦਾ ਹੈ:-

ਜੇ ਕਿਧਰੇ ਮਿਲੇ ਤਾਂ ਆਖਣਾ
ਮੈਂ ਉਸ ਬਿਨ ਉਦਾਸ ਰਹਿੰਦਾ ਹਾਂ

ਗੁਆਚ ਗਏ ਆਪਣੇ ਅਸਲੀ ਚਿਹਰੇ ਲਈ ਇਹ ਹੇਰਵਾ ਕੁਦਰਤੀ ਹੈ। ਕਿਉਂਕਿ ਉਸਨੂੰ ਇੱਕ ਨਕਲੀ ਚਿਹਰੇ ਨਾਲ ਜੀਣਾ ਪੈ ਰਿਹਾ ਹੈ। ਭੁਪਿੰਦਰ ਨੂੰ ਆਸ ਹੈ ਕਿ:-

ਗਿਲੇ ਸ਼ਿਕਵਿਆਂ ਦਾ ਕਿਧਰੇ ਤਾਂ ਹੱਲ ਹੋਵੇਗਾ
ਇਸੇ ਲਈ ਉਹ ਕਹਿੰਦਾ ਹੈ:-
ਸਭ ਹਵਾਵਾਂ ਪੂਰਬ ਤੋਂ ਪੱਛਮ ਵਲ ਨਹੀਂ ਚਲਦੀਆਂ
ਇੱਥੇ ਉੱਤਰ ਤੇ ਦਖਣ ਵੀ ਹਨ

ਇਸ ਘੋਰ ਨਿਰਾਸ਼ਾ ਵਿੱਚ ਵੀ ਆਸ ਦੀ ਕਿਰਨ ਹਾਲੀਂ ਵੀ ਮਿਲ ਸਕਦੀ ਹੈ ਪਰ ਉਸਨੂੰ ਇਹ ਵੀ ਪਤਾ ਹੈ ਕਿ ਵੀਤ ਗਿਆ ਸਮਾਂ ਮੁੜ ਕੇ ਵਾਪਸ ਨਹੀਂ ਆਉਂਦਾ। ਇਸੇ ਲਈ ਉਹ ਕਹਿੰਦਾ ਹੈ:-

ਸ਼ਹਿਰ ਨੇ ਫੈਲਣਾ ਹੈ
ਇਮਾਰਤਾਂ ਨੇ ਉਸਰਨਾ ਹੈ
ਭੀੜ ਨੇ ਵਧਣਾ ਹੈ

ਉਹ ਜਾਣਦਾ ਹੈ ਕਿ ਉਸਦੀ ਮਾਸੂਮੀਅਤ ਅਤੇ ਨਿਰਛਲਤਾ ਮੁੜਕੇ ਨਹੀਂ ਮਿਲਣੇ, ਕਿਉਂਕਿ ਜੇ ਪ੍ਰਾਪਤ ਹਾਲਾਤ ਵਿੱਚ ਇਹ ਸੰਭਵ ਹੁੰਦਾ ਤਾ ਉਹ ਵਖਰੀ ਭਾਂਤ ਦਾ ਗ਼ੁਲਾਮ ਕਿਸਮ ਦਾ ਇਨਸਾਨ ਬਣਦਾ ਹੀ ਕਿਉਂ। ਜੋ ਕੁੱਝ ਉਸ ਨਾਲ ਵਾਪਰ ਗਿਆ ਹੈ, ਉਹ ਪੂੰਜੀਵਾਦੀ ਅਰਥ-ਵਿਵੱਸਥਾ ਦਾ ਲਾਜ਼ਮੀ ਸਿੱਟਾ ਹੈ। ਭੁਪਿੰਦਰ ਦੀ ਇਸੇ ਕਵਿਤਾ ਦੀਆਂ ਇਨ੍ਹਾਂ ਸਤਰਾਂ ਅਨੁਸਾਰ:-

ਉਸਦੇ ਜ਼ਿਹਨ 'ਚ ਸ਼ਹਿਰ ਦੀਆਂ ਸੜਕਾਂ
ਦੇ ਕਿੱਲ ਖੁੱਭੇ ਹੋਣਗੇ
ਪਰ ਉਸਨੂੰ ਈਸਾ ਕਿਸੇ ਨਹੀਂ ਆਖਣਾ

ਇਹੀ ਤਾਂ ਇਸ ਨਵੇਂ ਗ਼ੁਲਾਮ ਮਨੁੱਖ ਦੀ ਹੋਣੀ ਹੈ ਕਿ ਉਹ ਇਸ ਅਰਥ-ਵਿਵੱਸਥਾ ਦੇ ਸ਼ਕੰਜੇ ਵਿੱਚ ਜਕੜਿਆ ਬੁਰੀ ਤਰ੍ਹਾਂ ਪੀੜਤ ਵੀ ਹੈ ਤੇ ਉਸਦੀ ਇਸ ਪੀੜਾ ਦਾ ਕਿਸੇ ਮੁੱਲ ਵੀ ਨਹੀਂ ਪਾਉਣਾ। ਇਸ ਸਾਰੀ ਜਦੋਜਿਹਦ ਦੀ ਪ੍ਰਾਪਤੀ ਕੀ ਹੈ? ਮਨੁੱਖ ਵਿੱਚੋਂ ਅਸਲੀ ਮਨੁੱਖ ਖਾਰਜ ਹੋ ਜਾਂਦਾ ਹੈ। ਇਸ ਕਵਿਤਾ ਦੇ ਅੰਤ ਵਿੱਚ ਭੁਪਿੰਦਰ ਕਹਿੰਦਾ ਹੈ:-

ਸੱਚ ਤਾਂ ਇਹ ਹੈ
ਉਸਦੇ ਪਿੰਡੇ ਵਿੱਚ
ਕੋਈ ਬਾਹਰਲਾ ਆਦਮੀ ਰਹਿੰਦਾ
ਜੋ ਛੈਂਟਾ ਲੈ ਕੇ ਰੋਜ਼ ਉਸਨੂੰ ਦੁੜਾਉਂਦਾ
ਉਸਦੇ ਚਿਹਰੇ ਤੇ ਪਊਡਰ ਦੇ ਧੱਬੇ ਲਾਉਂਦਾ

ਇਹ ਆਮ ਮਨੁੱਖ ਵਿਰੁਧ ਲੜੀ ਜਾ ਰਹੀ ਜੰਗ ਬੜੀ ਗੁੰਜਲਦਾਰ ਹੁੰਦੀ ਹੈ। ਭੁਪਿੰਦਰ ਦੇ ਕਹਿਣ ਅਨੁਸਾਰ-'' ਤੁਸੀਂ ਤੇ ਮੈਂ ਜਿਸ ਹਵਾ ਵਿੱਚ ਸਾਹ ਲੈ ਰਹੇ ਹਾਂ, ਉਹ ਬਿਨਾਂ ਦਸਤਕ ਦਿਤਿਆਂ ਸਾਡੇ ਜਿਸਮਾਂ ਰਾਹੀਂ ਅੰਦਰ ਲੰਘ ਆਉਂਦੀ ਹੈ, ਆਪਣੇ ਜਰਾਸੀਮਾਂ ਸਮੇਤ। ਇਵੇਂ ਰੋਗਾਂ ਦਾ ਸਿਲਸਲਾ ਸ਼ੁਰੂ ਹੁੰਦਾ ਹੈ''। ਹੋਣੀ ਦਾ ਵਿਅੰਗ ਇਹ ਹੈ ਕਿ ਅਸੀਂ ਆਪ ਵੀ ਆਪਣੇ ਵਿਰੁਧ ਲੜੀ ਜਾ ਰਹੀ ਜੰਗ ਵਿੱਵ ਸ਼ਾਮਲ ਹੁੰਦੇ ਹਾਂ। ਸਾਡੇ ਦੁਸ਼ਮਣਾਂ ਦੀ ਜਿਤ ਵਿੱਚ ਹੀ ਸਾਡੇ ਜੀਉਂਦੇ ਰਹਿਣ ਦੀ ਆਸ ਰਹਿੰਦੀ ਹੈ। ਇੱਕ ਸੰਵੇਦਨਸ਼ੀਲ ਮਨੁੱਖ ਕਿਵੇਂ ਇਹ ਡਬਲ ਰੋਲ ਕਰ ਸਕਦਾ ਹੈ, ਜੇ ਕਰਦਾ ਹੈ ਤਾਂ ਉਸਨੂੰ ਆਪਣੇ ਚਿਹਰੇ ਲਈ ਮਖੌਟੇ ਦੀ ਲੋੜ ਪੈ ਜਾਂਦੀ ਹੈ। ਉਹ ਆਪਣੇ ਹੀ ਚਿਹਰੇ ਨੂੰ ਸ਼ੀਸ਼ੇ ਵਿੱਚ ਦੇਖਣ ਦੇ ਯੋਗ ਨਹੀਂ ਰਹਿ ਜਾਂਦਾ। ਭੁਪਿੰਦਰ ਇਸ ਕਵਿਤਾ ਵਿੱਚ ਕਹਿੰਦਾ ਹੈ:-

ਮੈਂ ਇੱਥੇ ਸੜਕ ਤੋਂ ਗੁਜ਼ਰਨਾ ਹੈ
ਇਸ ਦੁਕਾਨ ਦੇ ਸ਼ੀਸ਼ਿਆਂ 'ਚ
ਆਪਣਾ ਚਿਹਰਾ ਦੇਖ ਘਬਰਾ ਜਾਵਾਂਗਾ

ਪੂੰਜੀਵਾਦੀ ਅਰਥ-ਵਿਵੱਸਥਾ ਕਿਵੇਂ ਆਮ ਬੰਦੇ ਨੂੰ ਉਸਦੇ ਆਪਣੇ ਵਿਰੁਧ ਜੰਗ ਵਿੱਚ ਸ਼ਾਮਲ ਕਰਨ ਲਈ ਗੁਪਤ ਚਾਲਾਂ ਚਲਦੀ ਹੈ, ਭੁਪਿੰਦਰ ਦੀ ਕਵਿਤਾ ''ਜੰਗ'' ਦੀਆਂ ਇਹ ਸਤਰਾਂ ਪੜ੍ਹ ਕੇ ਸਪੱਸ਼ਟ ਹੋ ਜਾਂਦਾ ਹੈ:-

ਅਸੀਂ ਉਸ ਵਕਤ ਕਿੱਥੇ ਸੀ
ਜਦੋਂ ਜੰਗ ਸਾਡੀਆਂ ਰਸੋਈਆਂ 'ਚ
ਸਾਨੂੰ ਬਿਨ ਦਸਿਆਂ ਲੜੀ ਗਈ
ਜਦੋਂ ਸਾਨੂੰ ਬਿਨ ਜੇਬੋਂ ਕੋਟ ਦਿੱਤੇ ਗਏ
ਦੂਤਕ ਭਾਸ਼ਾ
ਅਤੇ ਮੁਸਕਰਾਹਟ ਲਈ ਪਾਲਸ਼ ਕੀਤੇ ਦੰਦ

''ਦੂਤਕ ਭਾਸ਼ਾ'' ਅਤੇ ''ਮੁਸਕ੍ਰਾਹਟ ਲਈ ਪਾਲਸ ਕੀਤੇ ਦੰਦ'' ਵਰਗੀਆਂ ਭਾਸ਼ਕ ਬਣਤਰਾਂ ਰਾਹੀਂ ਭੁਪਿੰਦਰ ਇਸ ਅਰਥ-ਵਿਵੱਸਥਾ ਦੇ ਚਿਹਰੇ ਤੋਂ ਮਖੌਟਾ ਲਾਹੁੰਦਾ ਹੈ ਤੇ ਨਾਲ ਹੀ ਇਸ ਜੰਗ ਦੇ ਹੋਰ ਵਖਰੇ ਰੂਪਾਂ ਦਾ ਭੇਦ ਵੀ ਖੋਲ੍ਹਦਾ ਹੇ:-

ਸੂਰਜ ਨਾਲ ਅੱਖ ਮਿਲਾ ਕੇ
ਮੁਸਕਰਾਉਣ ਦਾ ਨਾਉਂ ਵੀ ਜੰਗ ਹੈ
ਬਿਸਤਰ 'ਚ ਪਿੱਠ ਦੇ ਕੇ
ਸੌਂ ਜਾਣ ਦਾ ਨਾਉਂ ਵੀ ਜੰਗ ਹੈ
ਜੰਗ ਕੇਵਲ ਮੈਦਾਨਾਂ ਵਿੱਚ ਹੀ ਨਹੀਂ
ਜੰਗ ਬੇਰੁਜ਼ਗਾਰੀ ਦੇ ਵੱਧਦੇ ਹਿੰਦਸਿਆਂ
ਵਿੱਚ ਵੀ ਹੁੰਦੀ ਹੈ
ਜੰਗ ਅਖਬਾਰ 'ਚ ਪੜ੍ਹੇ
ਦੀਵਾਲੀਆਪਨ ਦੇ ਇਸ਼ਤਿਹਾਰਾਂ ਵਿੱਚ ਵੀ ਹੁੰਦੀ ਹੈ
ਜੰਗ ਟੈਲੀ ਦੇ ਸਕ੍ਰੀਨ ਤੇ ਹੀ ਨਹੀਂ
ਜੰਗ ਜਿਸਮ ਦੇ ਰੋਮ ਰੋਮ ਵਿੱਚ ਹੁੰਦੀ ਹੈ

ਤੇ ਇਸ ਜੰਗ ਦਾ ਸਿੱਟਾ ਕੀ ਨਿਕਲਦਾ ਹੈ ? ਇਸ ਮਾਇਆ ਜਾਲ ਵਿੱਚ ਫਸਿਆ ਬੰਦਾ ਮਹਿਸੂਸ ਕਰਦਾ ਹੈ ਕਿ ਉਸਦੇ ਚੰਨ ਨਾਲੋਂ ਕੋਈ ਗਰਾਹੀ ਤੋੜ ਕੇ ਲੈ ਗਿਆ ਹੈ। ਉਸਦੇ ਸੁਪਨਿਆਂ ਵਿੱਚ ਉਸਨੂੰ ਉਜਾੜਾਂ ਦੇ ਸੁੱਕੇ ਜੰਡ ਦਿਸਦੇ ਹਨ। ਉਹ ਮਹਿਸੂਸ ਕਰਦਾ ਹੈ ਕਿ ਕਿਸੇ ਨੇ ਉਸਦੀ ਰੀੜ੍ਹ ਦੀ ਹੱਡੀ ਵਿੱਚ ਪਾਣੀ ਭਰ ਦਿੱਤਾ ਹੈ। ਭੁਪਿੰਦਰ ਆਪਣੀ ਕਵਿਤਾ ''ਮੈਨੂੰ ਇੰਨਾ ਦੱਸੋ'' ਵਿੱਚ ਇਸ ਸਿੱਟੇ ਤੇ ਪੁੱਜਦਾ ਹੈ:-

ਇਸਤਰ੍ਹਾਂ ਦੇ ਸਮਿਆਂ ਵਿੱਚ ਜਦ ਸਭ ਕੁੱਝ
ਬਹੁਤ ਹੀ ਤੇਜ਼ੀ ਨਾਲ ਅਗਾਂਹ ਲੰਘ ਜਾਵੇ
ਤਾਂ ਮੇਰਾ ਰੇਸ਼ਮ ਦਾ ਕੀੜਾ ਹੋਣਾ ਅਚੰਭਾ ਨਹੀਂ
ਪਰ ਜੇ ਇਸ ਦੀਆਂ ਤੰਦਾ ਵਿੱਚ ਉਲਝਿਆ
ਇਸ ਦੀ ਤਾਰ ਤਾਰ ਨੂੰ ਮੁਹੱਬਤ ਕਰਨ ਲੱਗਾਂ
ਤਾਂ ਤੁਸੀਂ ਹੈਰਾਨ ਨਾ ਹੋਣਾ

ਰੇਸ਼ਮ ਦੇ ਕੀੜੇ ਦਾ ਪ੍ਰਤੀਕ ਕੀ ਦਰਸਾਉਂਦਾ ਹੈ ? ਰੇਸ਼ਮ ਦਾ ਕੀੜਾ ਮਾਲਕ ਲਈ ਰੇਸ਼ਮ ਪੈਦਾ ਕਰਦਾ ਹੈ ਪਰ ਇਸ ਪ੍ਰਕਿਰਿਆ ਵਿੱਚ ਉਸਦੀ ਮੌਤ ਯਕੀਨੀ ਹੁੰਦੀ ਹੈ। ਭਾਵ ਇਸ ਅਰਥ-ਵਿਵੱਸਥਾ ਦਾ ਪੁਰਜ਼ਾ ਬਣ ਕੇ ਇਨਸਾਨ ਆਪਣੀ ਹੋਂਦ ਅਵੱਸ਼ ਗੁਆ ਲੈਂਦਾ ਹੈ। ਇਸ ਮਾਨਸ ਤੋਂ ਪੁਰਜ਼ਾ ਬਣਨ ਦੀ ਪ੍ਰਕਿਰਿਆ ਦਾ ਅਰੰਭ ਸਤਰੰਗੀ ਪੀਂਘ ਦੇ ਸੁਪਨੇ ਤੋਂ ਹੁੰਦਾ ਹੈ। ਸਤਰੰਗੀ ਪੀਂਘ ਦਾ ਆਪਣਾ ਕੁੱਝ ਨਹੀਂ ਹੁੰਦਾ, ਜਲ ਕਣਾਂ ਵਿੱਚੋਂ ਲੰਘਦੀਆਂ ਸੂਰਜੀ ਕਿਰਨਾਂ ਸਤਰੰਗੀ ਪੀਂਘ ਦਾ ਭਰਮ ਪੈਦਾ ਕਰਦੀਆਂ ਹਨ। ਭੁਪਿੰਦਰ ਆਪਣੀ ਕਵਿਤਾ ''ਤਿੜਕਿਆ ਸ਼ੀਸ਼ਾ'' ਵਿੱਚ ਇਸ ਭਰਮ ਜਾਲ ਨੂੰ ਇਸਤਰ੍ਹਾਂ ਤੋੜਦਾ ਹੈ:-

ਸਤਰੰਗੀ ਪੀਂਘ ਦਾ ਟੋਟਾ
ਮੈਨੂੰ ਕਤਲ ਕਰਨ ਦੀ ਸਾਜ਼ਿਸ਼ ਵਿੱਚ
ਪੂਰੇ ਦਾ ਪੂਰਾ ਸ਼ਾਮਿਲ ਹੈ

ਅਸਲ ਮਨੁੱਖ ਨੂੰ ਤਾਂ ਇਹ ਭਰਮ ਜਾਲ ਕਤਲ ਕਰ ਦਿੰਦਾ ਹੈ , ਰਹਿ ਜਾਂਦਾ ਹੈ ਇੱਕ ਮਸ਼ੀਨੀ ਪੁਰਜ਼ਾ, ਇੱਕ ਪਿੰਜਰੇ ਪਿਆ ਪੰਛੀ। ਪਿੰਜਰੇ ਦਾ ਜੀਵਨ ਪੰਛੀ ਦੀ ਪ੍ਰਕਿਰਤੀ ਤੋਂ ਉਲਟ ਹੁੰਦਾ ਹੈ ਅਤੇ ਪ੍ਰਕਿਰਤੀ ਤੋਂ ਉਲਟ ਜੀਣਾ ਅਵਸ ਮੌਤ ਨਾਲੋਂ ਵੀ ਭੈੜਾ ਹੁੰਦਾ ਹੈ।

ਪੂੰਜੀਵਾਦੀ ਅਰਥ-ਵਿਵੱਸਥਾ ਦੀਆਂ ਕਰੂਰ ਕਦਰਾਂ ਕੀਮਤਾਂ ਇਨਸਾਨ ਨੂੰ ਕਿਵੇਂ ਪਸੂ ਵਰਗਾ ਬਣਾ ਦਿੰਦੀਆਂ ਹਨ? ਕਿਵੇਂ ਸਾਰੇ ਮਾਨਵੀ ਰਿਸ਼ਤੇ ਟੁੱਟ ਭੱਜ ਜਾਂਦੇ ਹਨ? ਤੇ ਫਿਰ ਨਵੇਂ ਰਿਸ਼ਤੇ ਕੇਹੋ ਜੇਹੇ ਪੈਦਾ ਹੁੰਦੇ ਹਨ? ਭੁਪਿੰਦਰ ਦੀ ਕਵਿਤਾ ''ਨਵੇਂ ਰਿਸਤੇ'' ਵਿੱਚ ਇੱਕ ਧੀ ਆਪਣੀ ਮਾਂ ਨੂੰ ਪੁਛਦੀ ਹੈ:-

ਤੇਰੇ ਅਣਚਾਹੇ ਭੋਗ ਦੇ ਸੁਪਨੇ ਵਿੱਚ
ਕੌਣ ਸ਼ਾਮਿਲ ਸੀ
ਜਾਂ ਕੌਨਡੌਮ ਵਿੱਚ ਸੂਈਆਂ ਨਾਲ ਛੇਕ
ਭਲਾ ਕਿਸਦੀ ਸ਼ਰਾਰਤ ਸੀ

ਸਪੱਸ਼ਟ ਹੈ ਕਿ ਧੀ ਨੂੰ ਪਤਾ ਨਹੀਂ ਜਾਂ ਯਕੀਨ ਨਹੀਂ ਕਿ ਉਸਦਾ ਪਿਉ ਕੌਣ ਹੈ। ਫੇਰ ਉਹੀ ਕੁੜੀ ਆਪਣੇ ਮਤ੍ਰਏ ਪਿਉ ਨੂੰ ਕਹਿੰਦੀ ਹੈ:-

ਮੇਰੀ ਕੁੱਖ ਵਿੱਚ ਤੇਰਾ ਵੀਰਜ
ਜੇ ਆਖੇਂ ਤਾਂ ਆਪਣੀ ਆਂਦਰ 'ਚ
ਬਲੇਡ ਲੈ ਉੱਤਰ ਜਾਵਾਂ
ਤੇਰੇ ਸੂਰਜ ਨੂੰ ਉਸਦੇ ਹੋਣ ਤੋਂ ਪਹਿਲਾ
ਕੋਈ ਤਲਾਅ ਤੇਜ਼ਾਬ ਦਾ ਪੇਸ਼ ਕਰਾਂ
ਪੇਟ 'ਚ ਪਲ ਰਹੇ ਤੇਰੇ ਵੀਰਜ ਨੂੰ
ਰਿਸ਼ਤੇ ਦਾ ਨਾਮ ਦੇਣ ਲਈ
ਸ਼ਬਦ ਕੋਸ਼ ਦੀ ਭਾਲ ਕਰਾਂ

ਜਦੋਂ ਸਦੀਆਂ ਤੋਂ ਪ੍ਰਚੱਲਤ ਸਭਿਆਚਾਰਕ ਮਿਆਰ ਵਿਅਕਤੀਵਾਦੀ ਸਭਿਆਚਾਰ ਦੀ ਚਕਾਚੌਂਦ ਵਿੱਚ ਗੁਆਚ ਜਾਣ ਤਾਂ ਉਪਰੋਕਤ ਕੁਝ ਵਰਗਾ ਅਵਸ਼ ਵਾਪਰਦਾ ਹੈ।

ਉਹ ਕਵਿਤਾ ਜਿਹੜੀ ਉੱਤਰ-ਆਧੁਨਕਤਾ ਦੇ ਖਾਨੇ ਵਿੱਚ ਰੱਖ ਕੇ ਵਿਚਾਰੀ ਜਾਂਦੀ ਹੈ, ਵਰਤਮਾਨ ਅਤੇ ਭਵਿਖ ਦੋਹਾਂ ਤੋਂ ਨਿਰਾਸ਼ਾ ਵਿੱਚੋਂ ਪੈਦਾ ਹੁੰਦੀ ਹੈ। ਵਰਤਮਾਨ ਤੋਂ ਨਿਰਾਸ਼ਾ ਦੀ ਸੁਰ ਤਾਂ ਭੁਪਿੰਦਰ ਦੀਆਂ ਕਵਿਤਾਵਾਂ ਵਿੱਚ ਥਾਂ ਪੁਰ ਥਾਂ ਦੇਖੀ ਜਾ ਸਕਦੀ ਹੈ। ਇਸ ਨਿਰਾਸ਼ਾ ਦਾ ਪੈਦਾ ਹੋਣਾ ਪ੍ਰਾਪਤ ਹਾਲਾਤ ਵਿੱਚ ਕੁਦਰਤੀ ਗੱਲ ਹੈ, ਜਦੋਂ ਉਸਦੀ ਕਵਿਤਾ ''ਸਿਫਰ'' ਅਨੁਸਾਰ ਮਨੁੱਖ ਦਾ ਹਰ ਯਤਨ ਸਿਫਰ ਤੋਂ ਤੁਰ ਕੇ ਸਿਫਰ ਤੱਕ ਪੁਜਣ ਵਿੱਚ ਹੀ ਖਤਮ ਹੋ ਜਾਂਦਾ ਹੈ। ਇਹ ਘੋਰ ਨਿਰਾਸ਼ਾ ਪੂੰਜੀਵਾਦੀ ਅਰਥ-ਵਿਵੱਸਥਾ ਦੀ ਸਾਰਥਕਤਾ ਉੱਤੇ ਹਰ ਪੱਖ ਤੋਂ ਪ੍ਰਸ਼ਨ ਚਿੰਨ ਲਾਉਂਦੀ ਹੈ। ਭੁਪਿੰਦਰ ਦੀ ਕਵਿਤਾ ਦੀ ਇਹੀ ਮੁੱਖ ਪ੍ਰਾਪਤੀ ਹੈ।

ਉਪ੍ਰੋਕਤ ਸਾਰੇ ਵਿਚਾਰ ਪਿੱਛੋਂ ਸਿੱਟਾ ਇਹੀ ਨਿਕਲਦਾ ਹੈ ਕਿ ਭੁਪਿੰਦਰ ਵਰਤਮਾਨ ਤੋਂ ਨਿਰਾਸ ਹੋ ਕੇ ਅਤੀਤ ਵਲ ਨਹੀਂ ਦੇਖਦਾ, ਸੱਗੋਂ ਸਮਾਜਵਾਦ ਵਿੱਚ ਆਪਣੀ ਨਿਸ਼ਟਾ ਪਰਗਟ ਕਰ ਕੇ ਭਵਿਖਤ ਵਿੱਚ ਆਸ ਦੀ ਕਿਰਨ ਦਿਖਾਉਂਦਾ ਹੈ। ਇਸ ਲਈ ਅੱਜ ਵੀ ਅਸੀਂ ਉਸਨੂੰ ਆਧੁਨਕ ਪ੍ਰਗਤੀਵਾਦੀ ਕਵੀ ਕਹਿ ਸਕਦੇ ਹਾਂ।

***********************
(29 ਅਪਰੈਲ 2009) ਯੂਨੀਕੋਡ

ਹਰਬਖ਼ਸ਼ ਸਿੰਘ ਮਕਸੂਦਪੁਰੀ ਦੀਆਂ ਲਿਖਾਰੀ ਵਿੱਚ ਪ੍ਰਕਾਸ਼ਿਤ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

e-mail:
ਲਿਖਾਰੀ

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.