ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

Download Punjabi Fonts English Shahmukhi Devnagri

 ਅਜੋਕਾ ਵਾਧਾ:: 26 January, 2010

   ਮੁੱਖਪੰਨਾ

             ਲੇਖ/ਆਲਾ-ਦੁਆਲਾ/ਜਾਣਕਾਰੀ/ਵਿਚਾਰ

 

(33) ਕਿਉਂ ਸਨਮਾਨ ਦੀ ਤਾਂਘ ਹੈ ਰਹਿੰਦੀ ਹਰ ਇੱਕ ਦਿਲ ਦੇ ਅੰਦਰ
 ਸ਼ਾਮ ਸਿੰਘ (ਅੰਗ-ਸੰਗ), ਚੰਡੀਗੜ੍ਹ, ਪੰਜਾਬ-

 
ਵਿਕਸਤ ਭਾਸ਼ਾਵਾਂ ਦੇ ਲੇਖਕ ਅਤੇ ਮਿਆਰੀ ਲਿਖਤਾਂ ਦੇ ਕਲਮਕਾਰ ਇਨਾਮਾਂ-ਸਨਮਾਨਾਂ ਮਗਰ ਨਹੀਂ ਦੌੜਦੇ ਸਗੋਂ ਇਨਾਮ-ਸਨਮਾਨ ਉਨ੍ਹਾਂ ਦਾ ਪਿੱਛਾ ਨਹੀਂ ਛੱਡਦੇ। ਸੋਭਦਾ ਵੀ ਏਹੀ ਹੈ ਕਿ ਚੰਗੀਆਂ, ਉਸਾਰੂ ਤੇ ਮਿਆਰੀ ਲਿਖਤਾਂ ਸਿਰ ਹੀ ਕਲਗੀ ਲੱਗੇ।
 ਉਨ੍ਹਾਂ ਦੀ ਏਨੀ ਚਰਚਾ ਹੋਵੇ ਕਿ ਹਰ ਕੋਈ ਉਨ੍ਹਾਂ ਨੂੰ ਪੜ੍ਹਨ ਲਈ ਤਿਆਰ ਹੋ ਜਾਵੇ। ਅਜਿਹੀਆਂ ਰਚਨਾਵਾਂ ਪਾਠਕਾਂ 'ਤੇ ਅਸਰ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਉਸਾਰੂ ਸੇਧ ਦੇਣ ਤੋਂ ਵੀ ਦੂਰ ਨਹੀਂ ਰਹਿੰਦੀਆਂ।

ਚੰਗੀ ਕਿਤਾਬ ਨੂੰ ਇਨਾਮ ਨਾਲ ਸਨਮਾਨੇ ਜਾਣ 'ਤੇ ਲੇਖਕ ਵੀ ਖੁਸ਼ ਹੁੰਦੇ ਹਨ ਅਤੇ ਪਾਠਕ ਵੀ। ਦੋਹਾਂ ਨੂੰ ਹੀ ਲੱਗਦਾ ਹੈ ਕਿ ਕੋਈ ਵੱਡਾ ਮਾਰ੍ਹਕਾ ਮਾਰਿਆ ਗਿਆ ਹੈ, ਜਿਸ ਨਾਲ ਭਾਸ਼ਾ ਦਾ ਕੱਦ ਵੀ ਵਧਿਆ ਹੈ ਅਤੇ ਸਨਮਾਨੀ ਗਈ ਲਿਖਤ ਦਾ ਵੀ। ਅਜਿਹੀ ਭਾਸ਼ਾ ਅਤੇ ਲਿਖਤ ਵਾਲੇ ਲੇਖਕ ਦਾ ਤਾਂ ਕੱਦ ਛੋਟਾ ਰਹਿ ਹੀ ਨਹੀਂ ਸਕਦਾ ਕਿਉਂਕਿ ਉਸ ਨੇ ਹੀ ਤਾਂ ਕੀਤੀ ਹੁੰਦੀ ਹੈ ਲਿਖਤ ਵਿਚ ਮਿਆਰੀ ਕਰਾਮਾਤ। ਜਿਹੜੀ ਲਿਖਤ ਆਸਰਾ ਬਣਦੀ ਹੋਵੇ, ਚਾਨਣਾ ਬਿਖੇਰਦੀ ਹੋਵੇ ਅਤੇ ਸਭ ਲਈ ਪੈੜਾਂ ਉਲੀਕਦੀ ਹੋਵੇ ਉਸ ਦੀ ਸਲਾਹੁਤਾ ਨਾ ਕੀਤੀ ਜਾਵੇ ਤਾਂ ਹੋਰ ਕੀ ਕੀਤਾ ਜਾਵੇ।

ਅੰਗਰੇਜ਼ੀ ਨੂੰ ਛੱਡ ਵੀ ਲਈਏ ਤਾਂ ਰੂਸੀ ਸਾਹਿਤ, ਬੰਗਲਾ, ਤਮਿਲ, ਤੈਲਗੂ, ਹਿੰਦੀ ਅਤੇ ਕਈ ਹੋਰ ਭਾਰਤੀ ਭਾਸ਼ਾਵਾਂ ਵਿਚ ਲਿਖਿਆ ਜਾ ਰਿਹਾ ਮਿਆਰੀ ਅਤੇ ਉਚਾਈਆਂ ਛੋਂਹਦਾ ਸਾਹਿਤ ਬਾਕੀ ਭਾਸ਼ਾਵਾਂ ਦੇ ਲੇਖਕਾਂ ਵਾਸਤੇ ਉਤਸ਼ਾਹ ਦਾ ਸੋਮਾ ਵੀ ਹੈ ਅਤੇ ਰਾਹ-ਦਸੇਰਾ ਵੀ। ਪਰ ਹੈ ਉਨ੍ਹਾਂ ਲਈ ਜਿਹੜੇ ਪੜ੍ਹਦੇ ਵੀ ਹਨ ਅਤੇ ਗੁੜ੍ਹਦੇ ਵੀ। ਜਾਗਰਤ ਪਾਠਕ ਜਦ ਅਜਿਹਾ ਸਾਹਿਤ ਪੜ੍ਹਦਾ ਹੈ ਤਾਂ ਉਹ ਉਸ ਦੇ ਅੰਦਰਲੇ ਸੰਸਾਰ ਵਿਚ ਵਿਚਰਦਾ ਵੀ ਹੈ ਅਤੇ ਮੋਹਿਆ ਵੀ ਜਾਂਦਾ ਹੈ। ਏਹੀ ਕਾਰਨ ਹੈ ਕਿ ਚੰਗੇ ਪਾਠਕ ਨੂੰ ਉਚੇਰੀਆਂ ਸਿਖਰਾਂ ਵਾਲੀ ਕਿਤਾਬ ਪੜ੍ਹੇ ਬਿਨਾ ਚੈਨ ਨਹੀਂ ਆਉਂਦਾ ਅਤੇ ਮੁਕਾ ਕੇ ਹੀ ਲੈਂਦਾ ਹੈ ਸਾਹ।

ਪੰਜਾਬੀ ਭਾਸ਼ਾ ਵਿਚ ਮਾਨ-ਸਨਮਾਨਾਂ ਦਾ ਖੇਤਰ ਚੰਗਾ ਨਹੀਂ ਰਿਹਾ- ਗੰਧਲਾ ਗਿਆ। ਬਹੁਤਾ ਲੇਖਕ-ਵਰਗ ਇਨਾਮਾਂ ਮਗਰ ਏਨੀ ਤੇਜ਼ੀ ਨਾਲ ਦੌੜ ਪਿਆ ਕਿ ਲਿਖਤ ਅਤੇ ਇਸ ਦੇ ਮਿਆਰ ਕਿਤੇ ਪਿੱਛੇ ਹੀ ਖੜ੍ਹੇ ਰਹਿ ਗਏ। ਲੇਖਕ ਇਨਾਮਾਂ ਉਤੇ ਆਪਣਾ ਹੱਕ ਆਪ ਹੀ ਸਮਝਣ ਲੱਗ ਪਿਆ। ਦੂਜਿਆਂ ਦੀ ਰਾਏ ਉਡੀਕਣ ਲਈ ਉਸ ਕੋਲ ਸਬਰ-ਸੰਤੋਖ ਹੀ ਨਹੀਂ। ਦੂਜੇ ਲੇਖਕ, ਸੀਨੀਅਰ ਲੇਖਕ ਅਤੇ ਪਾਠਕ ਵਰਗ ਕਿਸੇ ਲਈ ਇਨਾਮ ਦੀ ਸਿਫਾਰਸ਼ ਕਰੇ ਤਾਂ ਠੀਕ ਹੈ ਪਰ ਆਪ ਹੀ ਆਪਣੇ ਹੱਕ ਵਿਚ ਡਫਲੀ ਵਜਾਉਣਾ ਕਤੱਈ ਠੀਕ ਨਹੀਂ।

ਆਪਣੇ ਤੋਂ ਪਿੱਛੋਂ ਲਿਖਣ ਵਾਲਿਆਂ ਨੂੰ ਇਨਾਮ ਮਿਲ ਜਾਣ 'ਤੇ ਸੀਨੀਅਰ ਲੇਖਕ ਦੁਖੀ ਹੁੰਦਾ ਹੈ ਅਤੇ ਮਿੱਤਰਾਂ ਕੋਲ ਸਵਾਲ ਵੀ ਉਠਾਉਂਦਾ ਹੈ ਪਰ ਸਭ ਬੇਕਾਰ। ਉਸ ਦੀ ਸੀਨੀਆਰਤਾ ਤਾਂ ਉਸ ਦੇ ਸਿਰ ਦਾ ਤਾਜ ਬਣੀ ਰਹਿੰਦੀ ਹੈ ਪਰ ਸਨਮਾਨ ਕਰਨ ਵਾਲੇ ਉਸ ਦਾ ਕੋਈ ਖਿਆਲ ਨਹੀਂ ਕਰਦੇ। ਉਸ ਦਾ ਦੁੱਖ ਆਪਣੀ ਥਾਂ ਠੀਕ ਹੋ ਸਕਦਾ ਹੈ, ਪਰ ਉਸ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਲਿਖਣ ਵਿਚ ਲਿਖਣ-ਪ੍ਰਕਿਰਿਆ ਦੇ ਕੇਵਲ ਸਾਲ ਗਿਣਨੇ ਹੀ ਕਾਫ਼ੀ ਨਹੀਂ ਹੁੰਦੇ, ਸਗੋਂ ਗਿਣਿਆਂ ਜਾਣਾ ਚਾਹੀਦਾ ਹੈ ਰਚਨਾ ਦੀ ਉਚਾਈ ਤੇ ਮਿਆਰ। ਲਿਖਤ ਦੇ ਮਿਆਰ ਨੂੰ ਅੱਖੋਂ ਓਹਲੇ ਕਰਨਾ ਆਸਾਨ ਨਹੀਂ ਹੁੰਦਾ। ਜਦ ਮਿਆਰੀ ਲਿਖਤ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ ਤਾਂ ਇਨਾਮ ਸਨਮਾਨ ਦੇਣ ਵਾਲੇ ਵੀ ਲੇਖਕ ਅਤੇ ਪਾਠਕ ਵਰਗ ਦੀ ਤਿੱਖੀ ਆਲੋਚਨਾ ਤੋਂ ਨਹੀਂ ਬਚ ਸਕਦੇ। ਇਨਾਮਾਂ ਸਨਮਾਨਾਂ ਵਿਚ ਲਾਬੀਆਂ ਨੂੰ ਨਹੀਂ ਆਉਣਾ ਚਾਹੀਦਾ। ਜਦ ਆ ਜਾਂਦੀਆਂ ਹਨ ਤਾਂ ਇਨਸਾਫ਼ ਨਹੀਂ ਹੁੰਦਾ। ਕੱਚ-ਘਰੜ ਰਿਵੀਊਕਾਰਾਂ ਵੱਲੋਂ ਕੀਤੇ ਜਾਂਦੇ ਰਿਵੀਊ ਵੀ ਬਹੁਤੀ ਵਾਰ ਅਜਿਹੇ ਹੁੰਦੇ ਹਨ ਜਿਹੜੇ ਕਿਤਾਬ ਦੇ ਕੱਦ ਨੂੰ ਛੋਟਾ-ਵੱਡਾ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਬਹੁਤੀ ਵਾਰ ਤਾਂ ਇਹ ਵੀ ਹੁੰਦਾ ਹੈ ਕਿ ਰਿਵੀਊਕਾਰ ਨੂੰ ਕਿਤਾਬ ਦੇ ਸੰਸਾਰ ਦੀ ਪਕੜ ਨਹੀਂ ਹੁੰਦੀ ਤੇ ਰਿਵੀਊ ਦੇ ਦਾਇਰੇ ਦਾ ਪਤਾ ਨਹੀਂ ਹੁੰਦਾ। ਛੋਟੇ ਪੱਧਰ 'ਤੇ ਵਿਚਰਦੇ ਲੇਖਕਾਂ ਨੂੰ ਮੂੰਹ-ਮੁਲਾਹਜ਼ੇ ਕਾਰਨ ਜਦ ਕੌਮੀ-ਕੌਮਾਂਤਰੀ ਕਾਰਨਫਰੰਸਾਂ ਵਿਚ ਬੁਲਾ ਲਿਆ ਜਾਂਦਾ ਹੈ ਤਾਂ ਉਨ੍ਹਾਂ ਦਾ ਆਪਣਾ ਆਪ ਕਾਬੂ ਵਿਚ ਹੀ ਨਹੀਂ ਰਹਿੰਦਾ। ਉਹ ਆਪਣੇ ਕੱਦ ਬਾਰੇ ਭਰਮ ਪਾਲ ਲੈਂਦੇ ਹਨ ਜਿਸ ਕਾਰਨ ਉਨ੍ਹਾਂ ਦੀ ਰਚਨਾ ਵਿਚ ਨਾ ਤਾਂ ਨਵਾਂਪਨ ਹੁੰਦਾ ਹੈ ਅਤੇ ਨਾ ਹੀ ਵੱਡਾਪਨ। ਆਪਣੀ ਸ਼ੋਹਰਤ ਵਧਾਉਣ ਲਈ, ਰਚਨਾ ਦਾ ਕੱਦ ਉਚਾ ਕਰਨ ਲਈ ਅਤੇ ਚਰਚਾ ਦੀ ਹਵਾ 'ਤੇ ਸਵਾਰ ਹੋਣ ਲਈ ਮਾਨ-ਸਨਮਾਨ ਦੀ ਤਾਂਘ ਲੇਖਕ ਦੇ ਅੰਦਰ ਬਣੀ ਰਹਿੰਦੀ ਹੈ ਅਤੇ ਜਦ ਤੱਕ ਪੂਰੀ ਨਹੀਂ ਹੁੰਦੀ ਉਹ ਤਾਂਘ ਦੀ ਧੂਣੀ ਨੂੰ ਬੁਝਣ ਨਹੀਂ ਦਿੰਦਾ।
****

(8 ਮਈ 2009) ਯੂਨੀਕੋਡ

ਸ਼ਾਮ ਸਿੰਘ  (ਅੰਗ-ਸੰਗ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ >>>>>

 

ਲਿਖਾਰੀ
Likhari

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.