ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

Download Punjabi Fonts English Shahmukhi Devnagri

 ਅਜੋਕਾ ਵਾਧਾ:: 26 January, 2010

ਮੁੱਖ ਪੰਨਾ

ਅੱਖਰ ਅੱਖਰ ਸੱਚ ਕਹਾਣੀਆਂ/ਸਵੈ-ਕਥਨ/ਚੇਤੇ ਦੀ ਚੰਗੇਰ

ਲਿਖਾਰੀ


ਡਾ: ਹਰੀਸ਼ ਮਲਹੋਤਰਾ

ਅੱਖਰ ਅੱਖਰ ਸੱਚ, ਸੱਚੀਆਂ ਕਹਾਣੀਆਂ: ਰਿਸ਼ਤਿਆਂ ਦਾ ਕਤਲ (3)

ਪਾਪੀ ਅਤੇ ਜ਼ਾਲਮ ਬਾਪ
ਡਾ. ਹਰੀਸ਼ ਮਲਹੋਤਰਾ, ਬਰਮਿੰਘਮ

ਦੋ ਸ਼ਬਦ

ਡਾ: ਹਰੀਸ਼ ਮਲਹੋਤਰਾ ਪੰਜਾਬੀ ਸਾਹਿਤਕ ਜਗਤ ਵਿੱਚ ਇੱਕ ਜਾਣਿਆ ਪਹਿਚਾਣਿਆ ਨਾਂ ਹੈ ਅਤੇ ਉਹ ਕਿਸੇ ਤਰ੍ਹਾਂ ਦੀ ਵੀ ਰਸਮੀ ਜਾਣ ਪਹਿਚਾਣ ਦਾ ਮੁਥਾਜ ਨਹੀਂ। 1987 ਵਿੱਚ ਜਿਉਂ ਹੀ ਉਸਦੀ ‘ਜਾਅਲੀ ਦੁਨੀਆਂ’ ਨਾਂ ਦੀ ਪਹਿਲੀ ਪੁਸਤਕ ਪ੍ਰਕਾਸ਼ਤ ਹੋਈ ਉਸਦੀ ਲੇਖਣੀ ਨੇ ਪੰਜਾਬੀ ਪਾਠਕਾਂ ਅਤੇ ਸੰਜੀਦਾ ਚਿੰਤਕਾਂ ਨੂੰ ਆਪਣੀ ਗ੍ਰਿਫਤ ਵਿੱਚ ਲੈ ਲਿਆ। ਹੁਣ ਤੱਕ ਉਸਦੀਆਂ ਕੁੱਲ 11 ਪੁਸਤਕਾਂ: 6 ਪੁਸਤਕਾਂ ਪੰਜਾਬੀ ਵਿੱਚ, ਚਾਰ ਪੁਸਤਕਾਂ ਅੰਗਰੇਜੀ ਵਿੱਚ ਅਤੇ ਇੱਕ ਪੁਸਤਕ ਹਿੰਦੀ ਵਿੱਚ, ਪ੍ਰਕਾਸ਼ਿਤ ਹੋ ਚੁੱਕੀਆਂ ਹਨ। 2008 ਵਿੱਚ ਉਸਦੀ ਇੱਕ ਵੱਖਰੇ ਅੰਦਾਜ਼ ਵਿੱਚ ਲਿਖੀ ਸਤਵੀਂ ਪੰਜਾਬੀ ਪੁਸਤਕ ‘ਰਿਸ਼ਤਿਆਂ ਦਾ ਕਤਲ’ (ਅੱਖਰ ਅੱਖਰ ਸੱਚ ਕਹਾਣੀਆਂ) ਪ੍ਰਕਾਸ਼ਿਤ ਹੋਈ। ਇਸ ਅਥਾਹ ਸ਼ਕਤੀਸ਼ਾਲੀ ਨਿਵੇਕਲੀ ਕਿਰਤ ਨੂੰ ਲੜੀਵਾਰ ਪਾਠਕਾਂ ਗੋਚਰੇ ਕਰਿਦਆਂ ‘ਲਿਖਾਰੀ’ ਪਰਸੰਨਤਾ ਦਾ ਅਨੁਭੱਵ ਕਰ ਰਿਹਾ ਹੈ। ਸਾਨੂੰ ਤੁਹਾਡੇ ਹੁੰਗਾਰੇ ਦੀ ਉਡੀਕ ਰਹੇਗੀ।----ਲਿਖਾਰੀ

*******
 

ਅੱਖਰ ਅੱਖਰ ਸੱਚ, ਸੱਚੀਆਂ ਕਹਾਣੀਆਂ: ਰਿਸ਼ਤਿਆਂ ਦਾ ਕਤਲ (3)
ਪਾਪੀ ਅਤੇ ਜ਼ਾਲਮ ਬਾਪ
ਡਾ. ਹਰੀਸ਼ ਮਲਹੋਤਰਾ, ਬਰਮਿੰਘਮ



ਰਾਬੀਆ ਨੂੰ ਜਿਸ ਦਿਨ ਮੈਂ ਪਹਿਲੀ ਵਾਰ ਮਿਲਿਆ ਉਹ ਨੀਲਮ ਦੀ ਕੱਪੜਿਆਂ ਦੀ ਦੁਕਾਨ ਵਿਚ ਕੰਮ ਕਰਦੀ ਸੀ। ਲਾਹੌਰ ਤੋਂ ਆਈ ਰਾਬੀਆ ਭਾਰਤੀ ਪੰਜਾਬ ਦੇ ਲੋਕਾਂ ਵਾਂਗ ਪੰਜਾਬੀ ਬੋਲਦੀ ਸੀ। ਰਾਬੀਆ ਦੇ ਅਨਾਭੀ ਰੰਗ ਦਾ ਸੂਟ ਪਾਇਆ ਹੋਇਆ ਸੀ ਅਤੇ ਉਹਦੇ ਪੌਣੇ ਛੇ ਫੁੱਟ ਲੰਬੇ ਕੱਦ ਵਿਚੋਂ ਹੁਸਨ ਡਲਕਾਂ ਮਾਰ ਰਿਹਾ ਸੀ। ਤੂਤ ਦੀ ਛਿਟੀ ਵਰਗੀ ਰਾਬੀਆ ਦੁਕਾਨ ਵਿਚ ਦੌੜੀ ਭੱਜੀ ਫਿਰਦੀ, ਹੰਸੂ ਹੰਸੂ ਕਰ ਰਹੀ ਸੀ। ਮੁਸਲਮਾਨ ਔਰਤ ਗਾਹਕਾਂ ਨੂੰ ਰਾਬੀਆ ਹੀ ਨਿਪਟਾਉਂਦੀ। ਇਸ ਇਲਾਕੇ ਵਿਚ ਜ਼ਿਆਦਾਤਰ ਮੁਸਲਮਾਨ ਹੀ ਰਹਿੰਦੇ ਸਨ ਅਤੇ ਮੁਸਲਮਾਨ ਵੀ ਇਹ ਮੀਰਪੁਰ ਇਲਾਕੇ ਦੇ ਸਨ। ਮੀਰਪੁਰੀ ਮੁਸਲਮਾਨਾਂ ਦੀ ਪੰਜਾਬੀ ਦਾ ਬੋਲਣ ਦਾ ਲਹਿਜਾ ਲਹੌਰੀਆਂ ਨਾਲੋਂ ਵੱਖਰਾ ਹੈ ਅਤੇ ਵੈਸੇ ਵੀ ਲਹੌਰੀਏ ਮੁਸਲਮਾਨ ਆਪਣੇ ਆਪ ਨੂੰ ਮੀਰਪੁਰੀਆਂ ਨਾਲੋਂ ਉੱਚੇ ਰੁਤਬੇ ਦੇ ਕਹਾਉਂਦੇ ਹਨ ਅਤੇ ਮੀਰਪੁਰੀਆਂ ਨੂੰ ਬੈਕਵਰਡ ਕਹਿੰਦੇ ਹਨ। ਨੀਲਮ ਨੂੰ ਰਾਬੀਆ ਦਾ ਬੜਾ ਫਾਇਦਾ ਸੀ। ਰਾਬੀਆ ਕਰਕੇ ਹੀ ਉਹਦੀ ਦੁਕਾਨ ਤੇ ਜ਼ਿਆਦਾ ਗਾਹਕੀ ਮੁਸਲਮਾਨ ਔਰਤਾਂ ਦੀ ਪੈ ਰਹੀ ਸੀ।

ਰਾਬੀਆ ਜਦ ਵੇਹਲੀ ਹੋਈ ਤਾਂ ਸਾਡੇ ਕੋਲ ਆ ਗਈ। ਨੀਲਮ ਨੇ ਮੇਰਾ ਤੁਆਰਫ ਕਰਾਇਆ ਕਿ, ''ਹਰੀਸ਼ ਸਾਡਾ ਪਰਿਵਾਰਕ ਦੋਸਤ ਆ ਅਤੇ ਸੋਸ਼ਲ ਸਰਵਿਜ਼ ਦੇ ਮਹਿਕਮੇ ਵਿਚ ਕੰਮ ਕਰਦੈ।'' ਰਾਬੀਆ ਪੈਂਦੀ ਸੱਟੇ ਹੀ ਕਿਹਾ, ''ਤਾਂ ਤੁਸੀਂ ਬੜੇ ਕੰਮ ਦੇ ਆਦਮੀ ਹੋ। ਮੇਰੀਆਂ ਸਮੱਸਿਆਵਾਂ ਦਾ ਹੱਲ ਦੱਸ ਦਿਉਗੇ।'' ਹੁਣ ਨੀਲਮ ਵਿਚੇ ਈ ਬੋਲ ਪਈ, ''ਰਾਬੀਆ ਦੇਖੀਂ ਕਿਤੇ ਹਰੀਸ਼ ਨੂੰ ਵੀ ਆਪਣੇ ਜਾਲ 'ਚ ਨਾ ਫਸਾ ਲਈਂ। ਗੱਲ ਆਪਣੇ ਮਸਲਿਆਂ ਤਕ ਹੀ ਰੱਖੀਂ।'' ਰਾਬੀਆ ਥੋੜ੍ਹੀ ਜੇਹੀ ਝੇਂਪ ਗਈ ਅਤੇ ਸ਼ਰਮਾਉਂਦੀ ਹੋਈ ਬੋਲੀ, ''ਭੈਣ ਜੀ, ਤੁਸੀਂ ਵੀ ਹੱਦ ਕਰ ਦਿੰਦੇ ਆਂ। ਮੈਂ ਇਥੇ ਬੰਦੇ ਫਸਾਂਉਦੀ ਫਿਰਦੀ ਆਂ।'' ਮੈਂ ਕਿਹਾ, ''ਮੈਂ ਹੁਣ ਚਲਦੈਂ, ਕਿਸੇ ਦਿਨ ਫਿਰ ਰਾਬੀਆ ਨੂੰ ਮਿਲਣ ਆਵਾਂਗਾ।'' ਰਾਬੀਆ ਦਾ ਮੂੰਹ ਮਸੋਸਿਆ ਜਿਹਾ ਹੋ ਕੇ ਰਹਿ ਗਿਆ। ਮੈਂ ਰਾਬੀਆ ਨੂੰ ਹੌਂਸਲਾ ਦਿੰਦੇ ਕਿਹਾ, ''ਰਾਬੀਆ ਮੈਂ ਜ਼ਰੂਰ ਆਵਾਂਗਾ। ਮੈਂ ਤੈਨੂੰ ਟਰਕਾ ਨਹੀਂ ਰਿਹਾ।'' ਉਹ ਕੁੱਝ ਨਾਂ ਬੋਲੀ ਅਤੇ ਮੈਂ ਦੁਕਾਨ ਤੋਂ ਬਾਹਰ ਹੋ ਗਿਆ।

ਦੋ ਕੁ ਹਫਤੇ ਮੇਰੇ ਕੋਲੋਂ ਦੁਕਾਨ ਤੇ ਜਾ ਨਾਂ ਹੋਇਆ। ਇੱਕ ਦਿਨ ਨੀਲਮ ਅਤੇ ਉਹਦਾ ਘਰ ਵਾਲਾ ਸਾਨੂੰ ਘਰ ਮਿਲਣ ਆ ਗਏ। ਗੱਲਾਂ ਗੱਲਾਂ ਵਿਚ ਰਾਬੀਆ ਦੀ ਵੀ ਗੱਲ ਚੱਲ ਪਈ। ਨੀਲਮ ਕਿਹਾ ''ਰਾਬੀਆ ਤੈਨੂੰ ਚੇਤੇ ਕਰਦੀ ਸੀ ਕਿ ਲਾਰਾ ਲਾ ਕੇ ਵਾਪਿਸ ਆਇਆ ਈ ਨਹੀਂ। ਹਰੀਸ਼, ਇੱਕ ਗੱਲ ਦਾ ਖਿਆਲ ਰੱਖੀਂ, ਰਾਬੀਆ ਕਾਫੀ ਚੁਸਤ ਆ। ਇਹਨੇ ਆਪਣਾ ਆਦਮੀ ਛੱਡਿਐ ਅਤੇ ਅੱਜ ਕੱਲ੍ਹ ਕਿਸੇ ਨਾਲ ਪਿਆਰ ਦੀਆਂ ਪੀਘਾਂ ਪਾਈ ਫਿਰਦੀ ਆ। ਇਹ ਆਪ ਈ ਮੈਨੂੰ ਦੱਸਦੀ ਸੀ ਕਿ ਜੇਹਦੇ ਨਾਲ ਅੱਜ ਕੱਲ ਇਸ਼ਕ ਚੱਲ ਰਿਹਾ ਇਹ ਉਹਦਾ ਤੀਜਾ ਆਸ਼ਕ ਆ। ਕਹਿ ਰਹੀ ਸੀ ਕਿ ਮੁਸਲਮਾਨ ਮਰਦਾਂ ਦਾ ਕੋਈ ਭਰੋਸਾ ਨਹੀਂ। ਇੱਕੋ ਵੇਲੇ ਕਈ ਥਾਂਈਂ ਕੁੰਡੀਆਂ ਫਸਾਈ ਫਿਰਦੇ ਆ। ਪਰ ਆਪਾਂ ਕੀ ਲੈਣੈ। ਸਾਡੇ ਤਾਂ ਇਹ ਪਾਰਟ-ਟਾਈਮ ਕੰਮ ਕਰਦੀ ਆ ਨਾਲੇ ਸੋਸ਼ਲ ਸਕਿਉਰਟੀ ਤੋਂ ਮਿਲਦੇ ਪੈਸੇ ਵੀ ਲਈ ਜਾਂਦੀ ਆ। ਇਹਦੇ ਵਿਆਹ ਦੀ ਇੱਕ ਈ ਕੁੜੀ ਆ ਅਤੇ ਉਹ ਵੀ ਵਿਆਹੀ ਆ।'' ਮੈਂ ਪੁੱਛਿਆ ''ਮੇਰੇ ਨਾਲ ਉਹਨੇ ਕੀ ਗੱਲ ਕਰਨੀ ਆ?'' ''ਪਤਾ ਨਹੀਂ ਭਰਾਵਾ ਤੇਰੇ ਤੋਂ ਉਹਨੇ ਕੀ ਪੁਛਣੈ? ਉਦਾਂ ਕਦੇ ਕਦੇ ਆਪਣੇ ਆਦਮੀ ਦੀਆਂ ਗੱਲਾਂ ਕਰਦੀ ਹੁੰਦੀ ਆ ਕਿ ਉਹ ਬੜਾ ਬਦਮਾਸ਼ ਸੀ, ਕੁੱਟਦਾ ਮਾਰਦਾ ਸੀ ਅਤੇ ਕੋਈ ਕੰਮ ਕਾਰ ਵੀ ਨਹੀਂ ਸੀ ਕਰਦਾ। ਬਾਕੀ ਤੂੰ ਆਪ ਆ ਕੇ ਕਿਸੇ ਦਿਨ ਗੱਲ ਕਰ ਲਈਂ। ਜਿੱਦਣ ਮਰਜ਼ੀ ਦੁਪਿਹਰੋਂ ਬਾਦ ਆ ਜਾਂਈਂ।''

ਅਤੇ ਫਿਰ ਇਕ ਦਿਨ ਘੁੰਮਦਾ ਘੁੰਮਾਉਂਦਾ ਮੈਂ ਨੀਲਮ ਦੀ ਦੁਕਾਨ ਤੇ ਜਾ ਪਹੁੰਚਾ। ਮੈਨੂੰ ਦੇਖ ਨੀਲਮ ਨੇ ਰਾਬੀਆ ਨੂੰ ਸਣਾਉਂਦੇ ਕਿਹਾ, ''ਲੈ ਆ ਗਿਆ ਹਰੀਸ਼। ਤੂੰ ਯਾਦ ਕਰਦੀ ਸੀ, ਹੁਣ ਕਰ ਲੈ ਗੱਲ ਜੇਹੜੀ ਕਰਨੀ ਆ।''

ਰਾਬੀਆ ਸੰਗਦੀ ਸੰਗਦੀ ਮੇਰੇ ਕੋਲ ਆ ਗਈ ਅਤੇ ਕਹਿਣ ਲੱਗੀ, ''ਭਾਈਜਾਨ, ਮੈਂ ਇਕੱਲੀ ਇੱਕ ਕਰਾਏ ਦੇ ਘਰ 'ਚ ਰਹਿੰਦੀ ਆਂ। ਚਾਰ ਮਹੀਨੇ ਹੋ ਗਏ ਆ ਸਰਕਾਰੀ ਫਲੈਟ ਲਈ ਅਪਲਾਈ ਕੀਤਾ ਸੀ ਪਰ ਉਹ ਮੈਨੂੰ ਕੋਈ ਲੜ ਪੱਲਾ ਈ ਨਹੀਂ ਫੜਾ ਰਹੇ। ਮੈਂ ਮਾਲਕ ਮਕਾਨ ਤੋਂ ਵੀ ਡਾਹਡੀ ਦੁੱਖੀ ਹੋਈ ਪਈ ਆਂ। ਭੈੜਾ ਕਈ ਕੁੱਝ ਬੋਲਦਾ ਰਹਿੰਦੈ ਕਿ ਘਰ ਦਾ ਕਰਾਇਆ ਥੋੜੈ। ਤੁਸੀਂ ਘਰ ਦੀਆਂ ਚੀਜ਼ਾਂ ਤੋੜੀ ਭੰਨੀ ਰੱਖਦੇ ਓ। ਪਿੱਛੇ ਜਹੇ ਕਿਸੇ ਨੇ ਘਰ ਦੀ ਵਿੰਡੋ ਇੱਟ ਮਾਰਕੇ ਭੰਨ ਦਿੱਤੀ। ਮੈਂ ਜਦ ਵਿੰਡੋ ਪਾਉਣ ਬਾਰੇ ਗੱਲ ਕੀਤੀ ਤਾਂ ਕਹਿੰਦਾ, ''ਵਿੰਡੋਂ ਪਵਾਉਣ ਦੇ ਪੈਸੇ ਮੈਂ ਨਹੀਂ ਦੇਣੇ।''

ਮੈਂ ਕਿਹਾ, ''ਤੁਸੀਂ ਆਹ ਲਾਗਲੇ ਨੇਬਰਹੁੱਡ ਔਫਿਸ ਵਾਲਿਆਂ ਨਾਲ ਗੱਲ ਕਰਿਉ ਕਿ ਪਤਾ ਕਰਨ ਕਿ ਤੁਹਾਨੂੰ ਆਪਣਾ ਫਲੈਟ ਮਿਲਣ ਵਿਚ ਦੇਰੀ ਕਿਉਂ ਹੋ ਰਹੀ ਆ?''

''ਚੱਲੋ ਇਹ ਤਾਂ ਮੈਂ ਕਰ ਲਊਂ। ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਵੀ ਕਰਨੀ ਆ।''

ਮੈਂ ਕਿਹਾ, ''ਕਰੋ ਜੋ ਵੀ ਕਰਨੀ ਆ।''

''ਅਸਲ 'ਚ ਮੈਂ ਆਪਣੇ ਖਾਵੰਦ ਦੇ ਖਿਲਾਫ ਕੁੱਛ ਕਰਨਾਂ ਚਾਹੁੰਦੀ ਆਂ। ਉਹਨੇ ਮੈਨੂੰ ਰੱਜ ਕੇ ਦੁੱਖੀ ਕੀਤੈ। ਮੈਨੂੰ ਕੁੱਟਦਾ ਮਾਰਦਾ ਰਿਹੈ। ਕੰਮ ਕੋਈ ਕਰਦਾ ਨਹੀਂ ਸੀ ਅਤੇ ਇਕ ਦੋ ਔਰਤਾਂ ਨਾਲ ਇਸ਼ਕ ਪੇਚੇ ਵੀ ਪਾਈ ਫਿਰਦਾ ਸੀ। ਇਹ ਸਾਰਾ ਕੁੱਛ ਤਾਂ ਮੈਂ ਅੱਖਾਂ ਮੀਟ ਬਰਦਾਸ਼ਤ ਕਰਦੀ ਰਹੀ ਆਂ ਪਰ ਮੇਰੇ ਤੋਂ ਆਪਣੀ ਕੁੜੀ ਦਾ ਦੁੱਖ ਨਹੀਂ ਝੱਲਿਆ ਜਾਂਦੈ।''

''ਕੀ ਮਤਲਬ?'' ਮੈਂ ਪੁੱਛਿਆ। ''ਭਾਅ ਜੀ, ਮੈਨੂੰ ਤਾਂ ਦੱਸਦਿਆਂ ਵੀ ਸ਼ਰਮ ਆਉਂਦੀ ਆ ਕਿ ਕੋਈ ਇੰਨਾ ਵੀ ਗਿਰ ਸਕਦੈ।'' ਰਾਬੀਆ ਤੋਂ ਹੁਣ ਗੱਲ ਨਹੀਂ ਸੀ ਹੋ ਰਹੀ ਅਤੇ ਉਹਦੀਆਂ ਅੱਖਾਂ ਭਰ ਆਈਆਂ। ਨੀਲਮ ਵੀ ਇਹ ਸਭ ਕੁਝ ਸੁਣ ਰਹੀ ਸੀ। ਨੀਲਮ ਨੇ ਕਿਹਾ, ''ਰਾਬੀਆ ਹੌਂਸਲਾ ਕਰ। ਇਹ ਲੈ ਟਿਸ਼ੂ, ਆਪਣੀਆਂ ਅੱਖਾਂ ਸਾਫ ਕਰ ਲੈ। ਦੁਕਾਨ 'ਚ ਰੋਣਾਂ ਚੰਗਾ ਥੋੜੇ ਲੱਗਦਾ। ''ਹੁਣ ਮੈਨੂੰ ਮੁਖਾਤਬ ਹੁੰਦੇ ਨੀਲਮ ਕਿਹਾ, ''ਹਰੀਸ਼ ਤੂੰ ਰਾਬੀਆ ਨਾਲ ਖੂੰਜੇ 'ਚ ਰੇਲਾਂ ਕੋਲ ਖੜ੍ਹ ਕੇ ਗੱਲ ਕਰ ਲੈ।''

ਅਸੀਂ ਕਾਉਂਟਰ ਤੋਂ ਪਰ੍ਹੇ ਚਲੇ ਗਏ। ਹੁਣ ਦੁਕਾਨ ਵਿਚ ਦੋ ਗਾਹਕ ਵੀ ਆ ਗਏ ਸਨ। ਰਾਬੀਆ ਦਾ ਗਚ ਭਰਿਆ ਸੀ ਅਤੇ ਮੈਂ ਉਹਨੂੰ ਇਸ ਹਾਲਤ ਵਿਚ ਛੱਡ ਕੇ ਵੀ ਜਾਣਾਂ ਨਹੀਂ ਸੀ ਚਾਹੁੰਦਾ। ਨਾਲੇ ਮੈਂ ਸੋਚਿਆ ਉਹਨੂੰ ਅੱਜ ਸਾਰਾ ਗੁੱਭ ਗੁਹਾਟ ਕੱਢ ਈ ਲੈਣ ਦਿਉ। ਰਾਬੀਆ ਕਿਹਾ, ''ਮੈਂ ਫੈਕਟਰੀ ਵਿਚ ਕੱਪੜੇ ਸੀਉਣ ਦਾ ਕੰਮ ਕਰਦੀ ਤੇ ਮੇਰਾ ਬਦਮਾਸ਼ ਖਾਵੰਦ ਬਦਮਾਸ਼ੀਆਂ ਕਰਦਾ ਰਹਿੰਦਾ। ਉਹਨੇ ਤਾਂ ਆਪਣੀ ਸਕੀ ਧੀ ਵੀ ਨਾ ਛੱਡੀ।''

''ਕੀ ਮਤਲਬ?'' ਇਹ ਗੱਲ ਸੁਣ ਮੇਰੀਆਂ ਅੱਖਾਂ ਹੋਰ ਚੌੜੀਆਂ ਹੋ ਗਈਆਂ। ਰਾਬੀਆ ਫਿਰ ਰੋਣ ਲੱਗ ਪਈ। ਮੈਂ ਲਿਆ ਕੇ ਟਿਸ਼ੂ ਦਿੱਤੇ ਅਤੇ ਜਦ ਉਹ ਥੋੜ੍ਹਾ ਸੰਭਲੀ ਉਹਨੇ ਫਿਰ ਦੱਸਣਾ ਸ਼ੁਰੂ ਕਰ ਦਿੱਤਾ। ''ਮੇਰੀ ਬੱਚੀ ਉਦੋਂ 17 ਵਰ੍ਹਿਆਂ ਦੀ ਸੀ। ਉਹਦੇ ਪੇਟ ਵਿਚ ਮੇਰੇ ਖਾਵੰਦ ਦਾ ਬੱਚਾ ਪਲ ਰਿਹਾ ਸੀ। ਮੈਨੂੰ ਇਸ ਬਾਰੇ ਬਿਲਕੁਲ ਕੁੱਛ ਨਹੀਂ ਸੀ ਪਤਾ ਕਿ ਮੇਰੇ ਪਿੱਛੋਂ ਘਰ ਵਿਚ ਕੀ ਹੁੰਦੈ। ਮੇਰੀ ਅਣਭੋਲ ਬੱਚੀ ਨੂੰ ਇਸ ਜ਼ਾਲਮ ਨੇ ਐਨਾ ਡਰਾਇਆ ਹੋਇਆ ਸੀ ਕਿ ਉਹਨੇ ਮੈਨੂੰ ਇਸ ਕੁਕਰਮ ਬਾਰੇ ਦੱਸਿਆ ਤਕ ਨਾ। ਇਹ ਤਾਂ ਮੈਨੂੰ ਉਸ ਦਿਨ ਪਤਾ ਲੱਗਾ ਜਿਸ ਦਿਨ ਮੇਰੀ ਬੱਚੀ ਲਹੂ ਲੁਹਾਣ ਹੋਈ ਪਈ ਸੀ। ਜਦੋਂ ਮੈਂ ਕੰਮ ਤੋਂ ਵਾਪਿਸ ਘਰ ਆਈ ਤਾਂ ਬੱਚੀ ਕੁਰਾਹ ਰਹੀ ਸੀ। ਮੇਰੇ ਤਾਂ ਹੱਥਾਂ ਪੈਰ੍ਹਾਂ ਦੀ ਪੈ ਗਈ। ਉਸ ਦਿਨ ਮੇਰੀ ਬੱਚੀ ਫੁੱਟ ਪਈ ਕਿ ਉਹਦੇ ਅੱਬਾ ਨੂੰ ਜਦ ਪਤਾ ਲੱਗਾ ਕਿ ਉਹਦਾ ਪਾਪ ਉਹਦੇ ਪੇਟ 'ਚ ਆ ਉਹਨੇ ਪੌੜੀਆਂ ਤੋਂ ਉਪਰੋਂ ਧੱਕਾ ਦੇ ਦਿੱਤਾ ਕਿ ਬੱਚਾ ਗਿਰ ਜਾਵੇ ਅਤੇ ਗੱਲ ਖਤਮ ਹੋ ਜਾਵੇ। ਮੇਰੀ ਤਾਂ ਸੁੱਧ ਬੁੱਧ ਮਾਰੀ ਗਈ। ਮੈਂ ਐਂਬੂਲਿਸ ਨੂੰ ਫੋਨ ਕਰਕੇ ਬੱਚੀ ਨੂੰ ਹਸਪਤਾਲ ਲੈ ਗਈ। ਉਥੇ ਡਾਕਟਰਾਂ ਨੂੰ ਇਹ ਈ ਦੱਸਿਆ ਕਿ, ''ਪੈਰ ਫਿਸਲਣ ਨਾਲ ਗਿਰ ਗਈ ਸੀ।'' ਅੱਲਾ ਇਸ ਮੁਲਕ ਅਤੇ ਡਾਕਟਰਾਂ ਦੀ ਖੈਰ ਕਰੇ! ਮੇਰੀ ਬੱਚੀ ਦੀ ਜਾਨ ਬਚ ਗਈ। ਦੋ ਹਫਤੇ ਹਸਪਤਾਲ ਰਹਿਣ ਬਾਦ ਮੇਰੀ ਬੱਚੀ ਵਾਪਿਸ ਘਰ ਆਈ। ਪਰ ਡਾਕਟਰਾਂ ਸਾਫ ਕਹਿ ਦਿੱਤਾ ਕਿ, 'ਅਸੀਂ ਪੂਰੀ ਕੋਸ਼ਿਸ਼ ਕੀਤੀ ਆ ਕਿ ਬੱਚੀ ਦੀ ਸੇਹਤ ਠੀਕ ਠਾਕ ਰਹੇ ਪਰ ਸ਼ਾਇਦ ਇਹਦੇ ਅੱਗੇ ਤੋਂ ਕੋਈ ਬੱਚਾ ਨਾ ਹੋ ਸਕੇ।''

ਮੇਰੀਆਂ ਅੱਖਾਂ ਨਮ ਹੋ ਗਈਆਂ ਸਨ। ਮੈਂ ਹੌਂਸਲਾ ਕਰਕੇ ਪੁੱਛਿਆ ''ਰਾਬੀਆ ਤੇਰੇ ਜਾਲ਼ਮ ਅਤੇ ਲੁੱਚੇ ਖਾਵੰਦ ਦਾ ਕੀ ਬਣਿਐ?''

''ਉਹਦਾ ਕੀ ਬਨਣਾ ਸੀ। ਉਹ ਘਰ ਛੱਡ ਕੇ ਦੌੜ ਗਿਆ।''

''ਪਰ ਰਾਬੀਆ ਤੂੰ ਪੁਲੀਸ ਨੂੰ ਸਭ ਕੁੱਝ ਦੱਸਣਾ ਸੀ।''

''ਘਰ ਦੀ ਬਦਨਾਮੀ ਦੁਖੋਂ ਮੈਂ ਕੁੱਝ ਨਹੀਂ ਕੀਤਾ। ਮੈਂ ਸੋਚਿਆ ਭਾਈਚਾਰੇ ਵਿਚ ਤੋਏ ਤੋਏ ਹੋਵੇਗੀ। ਨਾਲੇ ਬੱਚੀ ਦਾ ਸੁਆਲ ਆ। ਉਹਦਾ ਕਿਤੇ ਵਿਆਹ ਵੀ ਤਾਂ ਕਰਨੈ।''

''ਤੇ ਹੁਣ ਬੱਚੀ ਦਾ ਕੀ ਹਾਲ ਆ?''

''ਹੁਣ ਤਾਂ ਜੀ ਉਹ ਵਿਆਹੀ ਵਰ੍ਹੀ ਗਈ। ਇਹ ਤਾਂ ਅੱਲ੍ਹਾ ਦੀ ਮੇਹਰ ਆ। ਉਹਦੇ ਦੋ ਬੱਚੇ ਆ। ਮੇਰੀ ਬੱਚੀ ਆਪਣੇ ਘਰ ਖੁਸ਼ ਆ। ਪਰ ਜੇਹੜੀ ਗੱਲ ਮੇਰੇ ਦਿਲ ਦਿਮਾਗ ਨੂੰ ਖਰੇਦਦੀ ਆ ਕਿ ਕੀ ਮੇਰੇ ਖਾਵੰਦ ਨੂੰ ਕੁੱਝ ਨਹੀਂ ਕੀਤਾ ਜਾ ਸਕਦੈ?''

''ਕਿਉਂ ਨਹੀਂ ਕੀਤਾ ਜਾ ਸਕਦੈ? ਜੇਕਰ ਤੁਹਾਡੀ ਬੱਚੀ ਸਾਰੀ ਗੱਲਬਾਤ ਸੱਚੋ ਸੱਚ ਪੁਲੀਸ ਨੂੰ ਦੱਸ ਦੇਵੇ ਤਾਂ ਪੁਲੀਸ ਐਕਸ਼ਨ ਲੈ ਸਕਦੀ ਆ। ਇਹ ਮੁਲਕ ਕਿਹੜਾ ਇੰਡੀਆ ਜਾਂ ਪਾਕਿਸਤਾਨ ਆ ਜਿਥੇ ਦੀ ਪੁਲੀਸ ਖੁਦ ਬਦਮਾਸ਼ ਆ ਅਤੇ ਇੱਕ ਸਰਕਾਰੀ ਰਿਪੋਰਟ ਮੁਤਾਬਕ 75 ਪ੍ਰਤੀਸ਼ਤ ਬਲਾਤਕਾਰ ਦੇ ਕੇਸ ਇੰਡੀਅਨ ਪੁਲੀਸ ਖੁਦ ਕਰਦੀ ਆ। ਮੇਰਾ ਖਿਆਲ ਆ ਪਾਕਿਸਤਾਨੀ ਪੁਲੀਸ ਵੀ ਐਹੋ ਜੇਹੀ ਈ ਹੋਣੀ ਆ। ਤੁਸੀਂ ਪਹਿਲਾਂ ਆਪਣੀ ਬੱਚੀ ਨਾਲ ਸਾਰੀ ਸਲਾਹ ਕਰ ਲਉ ਕਿਉਂਕਿ ਇਹ ਨਾ ਹੋਵੇ ਕਿ ਉਹਦਾ ਵਸਦਾ ਰਸਦਾ ਘਰ ਵੀ ਤਬਾਹ ਹੋ ਜਾਵੇ। ਗੱਲ ਜਦ ਅਖ਼ਬਾਰਾਂ ਵਿਚ ਆਈ ਤਾਂ ਭਾਈਚਾਰੇ 'ਚ ਵੀ ਪਤਾ ਲੱਗੇਗਾ।''

ਮੇਰੀਆਂ ਗੱਲਾਂ ਸੁਣ ਰਾਬੀਆ ਖਾਮੋਸ਼ ਹੋ ਗਈ ਅਤੇ ਕੁੱਝ ਦੇਰ ਬਾਦ ਬੋਲੀ, ''ਅੱਛਾ ਮੈਂ, ਆਪਣੀ ਬੱਚੀ ਨਾਲ ਸਲਾਹ ਕਰਾਂਗੀ।''

ਇਸ ਤੋਂ ਬਾਦ ਰਾਬੀਆ ਨੇ ਮੇਰੇ ਨਾਲ ਕਦੇ ਸੰਪਰਕ ਨਾ ਕੀਤਾ ਅਤੇ ਇੱਕ ਦਿਨ ਨੀਲਮ ਦੱਸ ਰਹੀ ਸੀ ਕਿ ਰਾਬੀਆ ਕੰਮ ਛੱਡ ਕੇ ਹੁਣ ਪਤਾ ਨਹੀਂ ਕਿੱਥੇ ਚਲੀ ਗਈ ਆ।

*****

(9 ਮਈ 2009)

ਡਾ: ਹਰੀਸ਼ ਮਲਹੋਤਰਾ ਦੀਆਂ 'ਲਿਖਾਰੀ' ਵਿੱਚ ਛਪੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰ

e-mail:
ilKfrI

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.