ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

Download Punjabi Fonts English Shahmukhi Devnagri

 ਅਜੋਕਾ ਵਾਧਾ:: 26 January, 2010

   ਮੁੱਖਪੰਨਾ

             ਲੇਖ/ਆਲਾ-ਦੁਆਲਾ/ਜਾਣਕਾਰੀ/ਵਿਚਾਰ

 

ਮੌਜੂਦਾ ਲੋਕ ਸਭਾ ਚੋਣਾਂ ਦੇ ਨਤੀਜੇ ਪੰਜਾਬ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਣਗੇ
ਪਰਮੇਸ਼ਰ ਸਿੰਘ ਲੁਧਿਆਣਾ


15ਵੀਂ ਲੋਕ ਸਭਾ ਚੋਣ ਲਈ ਪੈ ਰਹੀਆਂ ਵੋਟਾਂ ਦੇ 16 ਮਈ ਨੂੰ ਐਲਾਨੇ ਜਾਣ ਵਾਲੇ ਨਤੀਜੇ ਕਈ ਪੱਖਾ ਤੋਂ ਅਹਿਮ ਹੋਣ ਦੇ ਨਾਲ ਨਾਲ ਪੰਜਾਬ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਣਗੇ। ਇੱਕ ਪਾਸੇ ਜਿੱਥੇ ਇਹ ਨਤੀਜੇ ਸੱਤਾਧਾਰੀ ਅਕਾਲੀ ਭਾਜਪਾ ਗੱਠਜੋੜ ਦੀ ਪਿਛਲੇ ਦੋ ਸਾਲਾਂ ਦੀ ਕਾਰਗੁਜਾਰੀ ਬਾਰੇ ਲੋਕਾਂ ਦੀ ਰਾਏ ਦਾ ਇਜ਼ਹਾਰ ਮੰਨੇ ਜਾ ਰਹੇ ਹਨ ਉੱਥੇ ਦੂਜੇ ਪਾਸੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੌਜੂਦਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਭਵਿੱਖ ਵਾਸਤੇ ਵੀ ਬੜੇ ਫੈਸਲਾਕੁੰਨ ਹੋਣਗੇ।

ਕਾਂਗਰਸ ਪਾਰਟੀ ਵਲੋਂ ਇਹ ਚੋਣਾਂ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਅਤੇ ਵਿਸ਼ਵ ਪ੍ਰਸਿਧ ਆਰਥਿਕ ਮਾਹਰ ਡਾ. ਮਨਮੋਹਣ ਸਿੰਘ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਉਣ ਅਤੇ ਪਿਛਲੀਆਂ ਪੰਚਾਇਤ ਤੇ ਨਗਰ ਨਿਗਮ ਚੋਣਾਂ ਵਿੱਚ ਸੱਤਾਧਾਰੀ ਅਕਾਲੀ ਭਾਜਪਾ ਗੱਠਜੋੜ ਵਲੋਂ ਕੀਤੀਆਂ ਗਈਆਂ ਧੱਕੇਸ਼ਾਹੀਆਂ ਦਾ ਲੋਕਤੰਤਰੀ ਢੰਗ ਨਾਲ ਜਵਾਬ ਦੇਣ ਦੇ ਮੁੱਦੇ ਤੇ ਲੜੀਆਂ ਜਾ ਰਹੀਆਂ ਹਨ। ਦੂਜੇ ਪਾਸੇ ਅਕਾਲੀ ਭਾਜਪਾ ਗੱਠਜੋੜ ਵਲੋਂ ਪਿਛਲੇ ਦੋ ਸਾਲਾਂ ਦੌਰਾਨ ਸੂਬੇ ਵਿੱਚ ਵੰਡੀਆਂ ਅਰਬਾਂ ਰੁਪਏ ਦੀਆਂ ਵਿਕਾਸ ਗਰਾਂਟਾਂ ਤੋਂ ਇਲਾਵਾ ਬਿਜਲੀ ਦੀ ਥੁੜ੍ਹ ਦੂਰ ਕਰਨ ਲਈ ਲਾਏ ਜਾ ਰਹੇ ਚਾਰ ਥਰਮਲ ਬਿਜਲੀ ਪ੍ਰਾਜੈਕਟਾਂ ਅਤੇ ਕੌਮਾਂਤਰੀ ਹਵਾਈ ਅੱਡਿਆਂ ਰਾਹੀਂ ਸੂਬੇ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਦੇ ਨਾਮ ਤੇ ਵੋਟਾਂ ਮੰਗ ਰਿਹੈ।

ਪਰ ਦਿਲਚਸਪ ਪਹਿਲੂ ਇਹ ਹੈ ਕਿ ਪਿਛਲੇ ਕਈ ਦਹਾਕਿਆਂ ਦੌਰਾਨ ਪਹਿਲੀ ਵਾਰੀ ਦੋਵੇਂ ਪਾਸੀਂ ਪਾਰਟੀਆਂ ਨਾਲੋਂ ਨੇਤਾਵਾਂ ਦੀ ਵਿਅਕਤੀਗਤ ਕਾਰਗੁਜਾਰੀ ਦੇ ਚਰਚੇ ਵੱਧ ਹਨ। ਕਾਂਗਰਸ ਪਾਰਟੀ ਦੀ ਚੋਣ ਮੁਹਿੰਮ ਦਾ ਸਾਰਾ ਬੋਝ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਭਾਜਪਾ ਗੱਠਜੋੜ ਦਾ ਦਾਰੋਮਦਾਰ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ 'ਤੇ ਹੀ ਹੈ। ਚੋਣ ਰੈਲੀਆਂ ਵਿੱਚ ਜੁੜਦੇ ਇੱਕਠਾਂ ਨੂੰ ਵੇਖਦਿਆਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅੱਜ ਦੀ ਘੜੀ ਕੈਪਟਨ ਅਮਰਿੰਦਰ ਸਿੰਘ, ਬਾਦਲ ਪਿਓ-ਪੁੱਤ ਦੀ ਜੋੜੀ 'ਤੇ ਭਾਰੂ ਜਾਪ ਰਹੇ ਹਨ। ਜਿੱਥੇ ਬਾਦਲ ਪਿਓ-ਪੁੱਤ ਕੋਲ ਸੂਬੇ ਦੀ ਸਰਕਾਰ ਦੀ ਵਾਗਡੋਰ ਹੋਣ ਕਾਰਨ ਸਿਆਸੀ ਲਾਹਾ ਲੈਣ ਦੇ ਚਾਹਵਾਨਾਂ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਰਾਹੀਂ ਅਪਣੀਆਂ ਰੈਲੀਆਂ ਵਿੱਚ ਵੱਡੇ ਇੱਕਠ ਕਰਨ ਦਾ ਸਾਧਨ ਹੈ ਉਥੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਕੋਲ ਕੋਈ ਰਾਜਸੀ ਅਹੁਦਾ ਅਤੇ ਸ਼ਕਤੀ ਨਾ ਹੋਣ ਦੇ ਬਾਵਜੂਦ ਆਪ ਮੁਹਾਰੇ ਲੋਕਾਂ ਦੇ ਜੁੜਦੇ ਵੱਡੇ ਇਕੱਠ ਪੰਜਾਬ ਦੇ ਇਸ ਨਿਧੜਕ ਜਰਨੈਲ ਦੀ ਹਰਮਨ ਪਿਆਰਤਾ ਨੂੰ ਦਰਸਾਉਂਦੇ ਹਨ।

ਕੈਪਟਨ ਅਮਰਿੰਦਰ ਸਿੰਘ ਵਲੋਂ ਦਰਿਆਈ ਪਾਣੀਆਂ ਦੇ ਮੁੱਦੇ ਤੇ ਲਏ ਸਟੈਂਡ ਅਤੇ ਅਪਣੀ ਸਰਕਾਰ ਵੇਲੇ ਪੂਰੇ ਪੰਜ ਸਾਲ ਪੰਜਾਬ ਦੀਆਂ ਮੰਡੀਆਂ ਵਿਚੋਂ ਕਿਸਾਨਾਂ ਦੀ ਫਸਲ ਇੱਕ ਦਿਨ ਵਿੱਚ ਖਰੀਦ ਕੇ ਨਾਲ ਦੀ ਨਾਲ ਕੀਤੀ ਅਦਾਇਗੀ ਤੋਂ ਇਲਾਵਾ ਝੋਨੇ ਦੇ ਸੀਜ਼ਨ ਵਿੱਚ ਖੇਤੀਬਾੜੀ ਮੋਟਰਾਂ ਲਈ ਪੂਰੇ 8 ਘੰਟੇ ਬਿਜਲੀ ਮਿਲਦੇ ਰਹਿਣ ਕਾਰਨ ਕਾਂਗਰਸ ਪਾਰਟੀ ਦਾ ਪੇਂਡੂ ਕਿਸਾਨੀ ਵਿੱਚ ਵੀ ਚੰਗਾ ਬੋਲ ਬਾਲਾ ਕਰਵਾ ਦਿੱਤਾ ਹੈ। ਜਦਕਿ ਹੁਣ ਤੱਕ ਪੇਂਡੂ ਖੇਤਰਾਂ ਵਿੱਚ ਕਿਸਾਨਾਂ ਦੀ ਵੋਟ ਬੈਂਕ ਅਕਾਲੀ ਦਲ ਦੇ ਹੱਕ ਵਿੱਚ ਹੀ ਭੁਗਤਦੀ ਆਈ ਹੈ। ਅਪਣੀ ਸਰਕਾਰ ਦੇ ਪੰਜ ਸਾਲਾਂ ਦੌਰਾਨ ਭਾਵੇਂ ਕੈਪਟਨ ਅਮਰਿੰਦਰ ਸਿੰਘ ਸੂਬੇ ਦੀ ਆਮ ਜਨਤਾ ਤੋਂ 'ਦੂਰ' ਹੀ ਰਹੇ ਅਤੇ ਉਨ੍ਹਾਂ ਸੂਬੇ ਦੀ ਕਿਸੇ ਵੀ ਸ਼ਹਿਰ ਵਿੱਚ ਕਦੇ 'ਗੇੜਾ ਨਹੀਂ ਮਾਰਿਆ' ਪਰ ਇਸ ਦੇ ਬਾਵਜੂਦ ਸਾਰਾ ਪ੍ਰਸ਼ਾਸਨ ਚੁਸਤ ਦਰੁਸਤ ਹੋ ਕੇ ਅਪਣੇ ਕੰਮ-ਕਾਰ ਕਰਦਾ ਰਿਹਾ ਅਤੇ ਸੜਕਾਂ ਦੀ ਟੁੱਟ-ਭੱਜ ਤੋਂ ਇਲਾਵਾ ਸੂਬੇ ਦੇ ਲੋਕਾਂ ਨੂੰ ਕਦੇ ਵੀ ਵੱਡੀ ਮੁਸ਼ਕਲ ਦਾ ਸਾਮਹਣਾ ਨਹੀਂ ਕਰਨਾ ਪਿਆ।

ਦੂਜੇ ਪਾਸੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਪਣੀ 97 ਤੋਂ 2002 ਵਾਲੀ ਪਾਰੀ ਅਤੇ ਹੁਣ 2007 ਤੋਂ ਬਾਅਦ 'ਸੰਗਤ ਦਰਸ਼ਨ' ਦੇ ਨਾਮ ਤੇ ਸੂਬੇ ਦੇ ਸ਼ਹਿਰਾਂ ਦੀ ਗਲੀ-ਗਲੀ ਘੰਮ ਕੇ ਲੋਕਾਂ ਨਾਲ ਨੇੜਿਓਂ ਰਾਬਤਾ ਕਾਇਮ ਕਰਨ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਜਾਣ ਕੇ ਦੂਰ ਕਰਨ ਦਾ ਦਮ ਭਰਦੇ ਹਨ, ਪਰ ਆਏ ਦਿਨ ਮੁੱਖ ਮੰਤਰੀ ਦੀ ਆਮਦ ਮੌਕੇ ਸੁਰਖਿਆ ਅਮਲੇ ਵਲੋਂ ਸ਼ਹਿਰ ਦੀਆਂ ਸੜਕਾਂ ਬੰਦ ਕਰਨ ਤੇ ਘੂੰ-ਘੂੰ ਕਰਦੀਆਂ ਫਿਰਦੀਆਂ ਪੁਲੀਸ ਜਿਪਸੀਆਂ ਤੋਂ ਸੂਝਵਾਨ ਸ਼ਹਿਰੀ ਲੋਕ ਬੜੇ ਹੀ ਆਜ਼ਿਜ਼ ਆ ਚੁੱਕੇ ਹਨ। ਸਿਆਣੇ ਸ਼ਹਿਰੀ ਤਾਂ ਇਹ ਵੀ ਕਹਿਣ ਲੱਗ ਪਏ ਹਨ ਕਿ ਅਗਰ ਕਿਸੇ ਸ਼ਹਿਰ ਦੇ ਮੁੱਹਲੇ ਦੀਆਂ ਗਲੀਆਂ ਪੱਕੀਆਂ ਕਰਨ, ਸੀਵਰੇਜ਼ ਪਵਾਉਣ, ਸਟਰੀਟ ਲਾਈਟਾਂ ਲਾਉਣ ਅਤੇ ਪਾਣੀ ਦਾ ਟਿਊਬਵੈੱਲ ਲਵਾਉਣ ਵਰਗੇ ਛੋਟੇ-ਛੋਟੇ ਕੰਮਾਂ ਲਈ ਵੀ ਮੁੱਖ ਮੰਤਰੀ ਨੇ ਖੁਦ ਆਪ ਚੱਲ ਕੇ ਗਲੀਆਂ ਵਿੱਚ ਗੇੜੇ ਮਾਰਨੇ ਹਨ ਤਾਂ ਨਗਰ ਨਿਗਮਾਂ ਦੀ ਚੋਣ ਕਰਵਾ ਕੇ ਕੌਂਸਲਰ ਚੁਣਨ ਲਈ ਕਰੋੜਾਂ ਰੁਪਏ ਅਤੇ ਸਮਾਂ ਕਿਉਂ ਬਰਬਾਦ ਕੀਤਾ ਜਾ ਰਿਹਾ ਹੈ? ਇੰਨ੍ਹਾਂ ਸੰਗਤ ਦਰਸ਼ਨਾਂ ਮੌਕੇ ਸਾਰੇ ਜਿਲ੍ਹਾ ਪ੍ਰਸ਼ਾਸਨ ਵਲੋਂ ਮੁੱਖ ਮੰਤਰੀ ਦੇ ਦਰਬਾਰ ਵਿੱਚ ਹਾਜਰ ਰਹਿਣ ਕਾਰਨ ਸਾਰੇ ਸਰਕਾਰੀ ਵਿਭਾਗਾਂ ਦਾ ਕੰਮ ਕਾਜ ਠੱਪ ਹੋ ਜਾਂਦਾ ਹੈ ਜਿਸ ਨਾਲ ਹਜਾਰਾਂ ਲੋਕਾਂ ਨੂੰ ਖੱਜਲ ਹੋ ਕੇ ਤੇ ਕਿਰਾਏ ਭਾੜੇ ਤੇ ਸੈਂਕੜੇ ਰੁਪਏ ਖਰਚ ਕੇ ਖਾਲੀ ਹੱਥ ਵਾਪਸ ਘਰਾਂ ਨੂੰ ਮੁੜਨਾ ਪੈਂਦਾ ਹੈ।

ਜਿੱਥੋਂ ਤੱਕ ਸੁਖਬੀਰ ਸਿੰਘ ਬਾਦਲ ਦੀ ਕਾਰਗੁਜਾਰੀ ਦਾ ਸੰਬੰਧ ਹੈ ਉਹ ਅਮਰੀਕਾ ਤੋਂ ਬਿਜ਼ਨਸ ਪ੍ਰਬੰਧ ਦਾ ਡਿਗਰੀ ਹੋਲਡਰ (M.B.A) ਹੋਣ ਕਾਰਨ ਮੀਡੀਆ ਮੈਨੇਜਮੈਂਟ ਵਿੱਚ ਪੂਰਾ ਮਾਹਰ ਹੈ ਅਤੇ ਨਿੱਜੀ ਕੰਪਨੀਆਂ ਵਲੋਂ ਪੰਜਾਬ ਵਿੱਚ ਸ਼ੁਰੂ ਕੀਤੇ ਜਾ ਰਹੇ ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਨੂੰ ਵੀ 'ਅਪਣੀ ਸਰਕਾਰ' ਦੀਆਂ ਪ੍ਰਾਪਤੀਆਂ ਵਜੋਂ ਪੇਸ਼ ਕਰਕੇ ਲੋਕਾਂ ਵਿਕਾਸ ਦੇ ਨਵੇਂ ਸਬਜ਼ਬਾਗ ਵਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਵੇਂ ਪਿਛਲੀਆਂ ਪੰਚਾਇਤ ਚੋਣਾਂ ਅਤੇ ਸੂਬੇ ਦੇ ਪੰਜ ਵੱਡੇ ਸ਼ਹਿਰਾਂ ਵਿੱਚ ਹੋਈਆਂ ਨਗਰ ਨਿਗਮ ਚੋਣਾਂ ਵਿੱਚ ਅਕਾਲੀ ਉਮੀਦਵਾਰਾਂ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਪਰ ਇਹ ਚੋਣਾ ਜਿੱਤਣ ਲਈ ਪੁਲੀਸ, ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੀ ਰੱਜ ਕੇ ਦੁਰਵਰਤੋਂ ਤੋਂ ਇਲਾਵਾ ਸਾਰੇ ਪੰਜਾਬ ਤੋਂ ਅਪਣੀ ਯੂਥ ਗੁੰਡਾ ਬ੍ਰਿਗੇਡ ਨੂੰ ਜਿਵੇਂ ਪੰਜ ਸ਼ਹਿਰਾਂ ਵਿੱਚ ਇਕੱਠੇ ਕਰਕੇ ਵਿਰੋਧੀਆਂ ਨਾਲ ਧੱਕੇਸ਼ਾਹੀ ਕਰਵਾਈ ਉਹ ਕਿਸੇ ਤੋਂ ਗੁੱਝੀ ਨਹੀਂ(ਵਿਧਾਨ ਸਭਾ ਚੋਣਾਂ ਦੀ ਵੱਡੀ ਜਿੱਤ ਕਾਰਨ ਅਕਾਲੀ ਦਲ ਤੇ ਹਾਵੀ ਹੋ ਰਹੀ ਭਾਜਵਾ ਲੀਡਰਸ਼ਿਪ ਨੂੰ ਥਾਂ-ਸਿਰ ਰੱਖਣ ਲਈ ਸੁਖਬੀਰ ਬਾਦਲ ਨੇ ਭਾਜਪਾ ਉਮੀਦਵਾਰਾਂ ਨੂੰ ਜਿਤਾਉਣ ਵਿੱਚ ਕੋਈ ਦਿਲਚਸਪੀ ਨਹੀਂ ਵਿਖਾਈ ਸੀ, ਉਲਟਾ ਬਠਿੰਡਾ ਸਮੇਤ ਕਈ ਥਾਂਈਂ ਅਕਾਲੀ ਵਰਕਰਾਂ ਨੇ ਭਾਜਪਾ ਵਰਕਰਾਂ ਦਾ ਕੁਟਾਪਾ ਚਾੜ੍ਹਿਆ)। ਇੰਨ੍ਹਾਂ ਘਟਨਾਵਾਂ ਕਾਰਨ ਹੀ ਭਾਜਪਾ ਵਰਕਰ ਅਤੇ ਪਿੰਡਾਂ ਦੇ ਪੰਚ ਸਰਪੰਚ ਅੰਦਰੋਂ ਭਰੇ ਪੀਤੇ ਬੈਠੇ ਹਨ।

7 ਮਈ ਨੂੰ ਮਾਲਵਾ ਖੇਤਰ ਦੇ ਚਾਰ ਲੋਕ ਸਭਾ ਹਲਕਿਆਂ ਬਠਿੰਡਾ, ਫਿਰੋਜ਼ਪੁਰ, ਸੰਗਰੂਰ ਅਤੇ ਪਟਿਆਲਾ ਵਿੱਚ ਪਈਆਂ ਵੋਟਾਂ ਦੌਰਾਨ ਆਮ ਵੋਟਰਾਂ ਦੇ ਰੁਝਾਨ ਨੂੰ ਗਹੁ ਨਾਲ ਵੇਖਿਆਂ ਇਹ ਜਾਪਦਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਦੋਵਾਂ ਦੀ ਕਾਰਜਸ਼ੈਲੀ ਦੇ ਮੁਤਾਬਕ ਹੀ ਢੁਕਵਾਂ ਫੈਲਸਾ ਦੇਣ ਲਈ ਦ੍ਰਿੜ੍ਹ ਇਰਾਦੇ ਨਾਲ ਵੋਟ ਪਾ ਕੇ ਆਏ ਹਨ। ਬਠਿੰਡਾ ਹਲਕੇ ਵਿੱਚੋਂ ਮਿਲੀਆਂ ਰਿਪੋਰਟਾਂ ਮੁਤਾਬਕ ਪੋਲਿੰਗ ਵਾਲੇ ਦਿਨ ਜਿੱਥੇ ਅਕਾਲੀ ਦਲ ਦੇ ਪੋਲਿੰਗ ਬੂਥਾਂ ਤੇ 100-100 ਵਰਕਰਾਂ ਦੀਆਂ ਹੇੜਾਂ ਤੁਰੀਆਂ ਫਿਰਦੀਆਂ ਸਨ ਉਥੇ ਕਾਂਗਰਸ ਦੇ ਬੂਥਾਂ ਤੇ ਮਸਾਂ 10-15 ਵਰਕਰ ਹੀ ਮੌਜੂਦ ਸਨ। ਵੱਡੀ ਗਿਣਤੀ ਵਿੱਚ ਪਈਆਂ ਵੋਟਾਂ ਅਤੇ ਬੂਥਾਂ ਦੇ ਹਾਲਾਤ ਦੇ ਮੱਦੇਨਜ਼ਰ ਅਕਾਲੀ ਉਮੀਦਵਾਰ ਸ੍ਰੀਮਤੀ ਹਰਸਿਮਰਤ ਕੌਰ ਨੂੰ ਕਾਂਗਰਸ ਉਮੀਦਵਾਰ ਕਾਕਾ ਰਣਇੰਦਰ ਸਿੰਘ ਤੋਂ 2 ਲੱਖ ਤੋਂ ਵੀ ਵੱਧ ਵੋਟਾਂ ਦੇ ਫਰਕ ਨਾਲ ਜਿੱਤਣਾ ਚਾਹੀਦਾ ਹੈ। ਅਜਿਹਾ ਹੁੰਦਾ ਹੈ ਤਾਂ ਸਮਝਿਆ ਜਾਵੇਗਾ ਕਿ ਲੋਕਾਂ ਨੇ ਸੁਖਬੀਰ ਬਾਦਲ ਦਾ ਵਿਕਾਸ ਵਾਲਾ ਪੈਂਤੜਾ ਸਵੀਕਾਰ ਕਰ ਲਿਆ ਹੈ, ਪਰ ਅਗਰ 16 ਮਈ ਨੂੰ ਐਲਾਨੇ ਨਤੀਜੇ ਵਿੱਚ ਇਹ ਗੱਲ ਸਾਹਮਣੇ ਨਾ ਆਈ ਤਾਂ ਇਹ ਸਾਫ ਹੋ ਜਾਵੇਗਾ ਲੋਕਾਂ ਨੇ ਆਪ ਮੁਹਾਰੇ ਹੀ ਸੁਖਬੀਰ ਬਾਦਲ ਦੇ ਧਾਕੜ ਰਵਈਏ ਦਾ ਢੁਕਵਾਂ ਜਵਾਬ ਦੇ ਦਿੱਤਾ ਹੈ।

ਇੱਥੇ ਦੱਸਣਯੋਗ ਹੈ ਕਿ ਰਣਇੰਦਰ ਸਿੰਘ ਵਲੋਂ ਪਿਛਲੇ 2 ਸਾਲਾਂ ਤੋਂ ਬਠਿੰਡਾ ਹਲਕੇ ਦੇ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਸਿੱਧਾ ਰਾਬਤਾ ਬਣਾਉਣ ਅਤੇ ਬੱਚੇ-ਬੱਚੇ ਦੀ ਜ਼ੁਬਾਨ ਤੇ ਰਣਇੰਦਰ ਸਿੰਘ ਦਾ ਨਾਮ ਵੇਖਦਿਆਂ ਹੀ ਬਾਦਲ ਪਰਿਵਾਰ ਨੇ ਇਸ ਹਲਕੇ ਤੋਂ ਅਪਣੇ ਉਮੀਦਵਾਰ ਦਾ ਨਾਮ ਰਣਇੰਦਰ ਸਿੰਘ ਦੀ ਟਿਕਟ ਦਾ ਐਲਾਨ ਹੋਣ ਤੋਂ ਬਾਅਦ ਕੀਤਾ ਹੈ ਜਦਕਿ ਬਾਕੀ 9 ਹਲਕਿਆਂ ਵਿੱਚ 2 ਮਹੀਨੇ ਪਹਿਲਾਂ ਹੀ ਉਮੀਦਵਾਰ ਐਲਾਨ ਦਿੱਤੇ ਸਨ। ਰਾਜਸੀ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਬਾਦਲ ਪਰਿਵਾਰ ਨੇ ਅਪਣੇ ਦਿੱਲੀ ਬੈਠੇ ਸਹਿਯੋਗੀਆਂ ਰਾਹੀਂ ਕਾਂਗਰਸ ਹਾਈ ਕਮਾਂਡ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਇਸ ਹਲਕੇ ਵਿੱਚ ਡੇਰਾ ਸਰਸਾ ਦੇ ਪੈਰੋਕਾਰਾਂ ਦੀ ਵੱਡੀ ਗਿਣਤੀ ਦੇ ਮੱਦੇਨਜ਼ਰ ਡੇਰਾ ਮੁਖੀ ਦੇ ਕੁੜਮ ਅਤੇ ਬਠਿੰਡਾ ਸ਼ਹਿਰ ਦੇ ਵਿਧਾਇਕ ਹਰਮਿੰਦਰ ਸਿੰਘ ਜੱਸੀ ਨੂੰ ਇੱਥੋਂ ਟਿਕਟ ਦੇਣੀ ਲਾਹੇਵੰਦ ਰਹੇਗੀ।

ਜਿੱਥੋਂ ਤੱਕ ਪਾਰਟੀਆਂ ਦੀ ਕਾਰਗੁਜਾਰੀ ਦਾ ਸਵਾਲ ਹੈ ਤਾਂ ਕਾਂਗਰਸ ਵਲੋਂ ਡਾ. ਮਨਮੋਹਣ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ, ਰਾਹੁਲ ਗਾਂਧੀ ਵਲੋਂ ਸ੍ਰੀ ਦਰਬਾਰ ਸਾਹਿਬ ਵਿੱਚ ਇੱਕ ਨਿਮਾਣੇ ਸ਼ਰਧਾਲੁ ਵਜੋਂ ਦਰਸ਼ਨਾਂ ਲਈ ਪੁੱਜਣ ਕਾਰਨ ਸਿੱਖਾਂ ਵਿੱਚ ਕਾਂਗਰਸ ਪ੍ਰਤੀ ਫੈਲੀ ਨਫਰਤ ਕਾਫੀ ਹੱਦ ਤੱਕ ਘਟ ਗਈ ਹੈ। ਜਦਕਿ ਦੂਜੇ ਪਾਸੇ ਦਿੱਲੀ ਦੇ ਸਿੱਖ ਆਗੂ ਪਰਮਜੀਤ ਸਿੰਘ ਸਰਨਾ ਵਲੋਂ ਵਾਰ-ਵਾਰ ਬਾਦਲ ਪਰਿਵਾਰ ਦੇ ਸਿੱਖ ਵਿਰੋਧੀ ਕਿਰਦਾਰ ਦੇ ਪਾਜ ਉਘੇੜੇ ਜਾਣ ਅਤੇ ਪ੍ਰਮਾਣੂ ਮੁੱਦੇ ਤੇ ਭਾਜਪਾ ਆਗੂਆਂ ਦੇ ਢਹੇ ਚੜ੍ਹ ਕੇ ਅਕਾਲੀ ਨੇਤਾਵਾਂ ਵਲੋਂ ਡਾ.ਮਨਮੋਹਣ ਸਿੰਘ ਦੇ ਵਿਰੁਧ ਭੁਗਤਣਾ ਪੰਜਾਬ ਦੇ ਲੋਕਾਂ ਨੂੰ ਬਹੁਤਾ ਪਸੰਦ ਨਹੀਂ ਆ ਰਿਹਾ। ਲੋਕਾਂ ਨੂੰ ਇਹ ਗੱਲ ਵੀ ਸਮਝ ਨਹੀਂ ਆ ਰਹੀ ਕਿ ਬਿਜਲੀ ਦੀ ਘਾਟ ਪੂਰੀ ਕਰਨ ਲਈ ਮਹਿੰਮੇ ਭਾਅ ਵਾਲੇ ਅਤੇ ਪ੍ਰਦੂਸ਼ਣ ਦਾ ਘਰ ਥਰਮਲ ਪਲਾਂਟ ਤਾਂ ਥਾਂ-ਥਾਂ ਲਾਉਣ ਦੇ ਐਲਾਨ ਕੀਤੇ ਜਾ ਰਹੇ ਹਨ ਪਰ ਘੱਟ ਖਰਚ ਵਾਲੀ ਪ੍ਰਮਾਣੂ ਬਿਜਲੀ ਤਿਆਰ ਕਰਨ ਲਈ ਕੀਤੇ ਜਾ ਰਹੇ ਪ੍ਰਮਾਣੂ ਸਮਝੌਤੇ ਦਾ ਵਿਰੋਧ ਕਿਸ ਅਧਾਰ ਤੇ ਕੀਤਾ ਗਿਆ ਸੀ।

ਇੱਕ ਹੋਰ ਗੱਲ ਜਿਹੜੀ ਇੰਨ੍ਹਾਂ ਚੋਣਾਂ ਵਿੱਚ ਨੌਜਵਾਨਾਂ ਲਈ ਵੰਗਾਰ ਵਾਂਗ ਖੜ੍ਹੀ ਹੈ ਉਹ ਇਹ ਹੈ ਕਿ ਨੌਜਵਾਨਾਂ ਨੂੰ ਵੱਡੇ-ਵੱਡੇ ਸਬਜ਼ਬਾਗ ਵਿਖਾ ਕੇ ਅਪਣੇ ਮਗਰ ਲਾਮਬੰਦ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਨੇ ਤਾਂ ਪੰਜਾਬ ਵਿੱਚ ਕਿਸੇ ਇੱਕ ਨੌਜਵਾਨ ਆਗੂ ਨੂੰ ਵੀ ਟਿਕਟ ਨਹੀਂ ਦਿੱਤੀ ਬਲਕਿ ਅਪਣੇ ਯੂਥ ਵਿੰਗ ਦੇ ਸਾਬਕਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ਼ਰਨਜੀਤ ਸਿੰਘ ਢਿੱਲੋਂ ਦੀ ਟਿਕਟ ਕੱਟ ਕੇ ਕਾਂਗਰਸ ਦੇ ਨਕਾਰੇ ਹੋਏ ਬੁੱਢੇ-ਖੁੰਢ ਗਾਲਿਬ ਦੇ ਹੱਥ ਫੜਾ ਦਿੱਤੀ ਅਤੇ ਅਪਣੇ ਮੌਜੂਦਾ ਯੂਥ ਵਿੰਗ ਪ੍ਰਧਾਨ ਕਰਨਬੀਰ ਸਿੰਘ ਕੰਗ ਨੂੰ ਵੀ ਅਨੰਦਪੁਰ ਸਾਹਿਬ ਦੀ ਟਿਕਟ ਨਾ ਦਿੱਤੀ ਜਦਕਿ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਰਾਹੁਲ ਗਾਂਧੀ ਨੇ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਰਵਨੀਤ ਸਿੰਘ, ਸਾਬਕਾ ਪ੍ਰਧਾਨ ਵਿਜੇ ਇੰਦਰ ਸਿੰਗਲਾ ਅਤੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਨੂੰ ਟਿਕਟਾਂ ਨਾਲ ਨਿਵਾਜ ਕੇ ਇਹ ਸਾਬਤ ਕਰ ਦਿੱਤਾ ਕਿ ਸੁਖਬੀਰ ਬਾਦਲ ਨੌਜਵਾਨ ਸ਼ਕਤੀ ਨੂੰ ਸਿਰਫ ਅਪਣੀ ਤਾਕਤ ਵਧਾਉਣ ਅਤੇ ਜਾਇਦਾਦਾਂ ਦੀ ਰਾਖੀ ਲਈ ਵਰਤ ਰਿਹੈ ਜਦਕਿ ਕਾਂਗਰਸ ਪਾਰਟੀ ਅਮਲੀ ਰੂਪ ਵਿੱਚ ਨੌਜਵਾਨਾਂ ਨੂੰ ਨੁਮਾਇੰਦਗੀ ਦੇ ਰਹੀ ਹੈ।

ਇੰਨ੍ਹਾਂ ਹਾਲਤਾਂ ਵਿੱਚ 16 ਮਈ ਨੂੰ ਆਉਣ ਵਾਲੇ ਪੰਜਾਬ ਦੇ ਚੋਣ ਨਤੀਜੇ ਪੰਜਾਬ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਜਰੂਰ ਦੇਣਗੇ।
****

ਪਰਮੇਸ਼ਰ ਸਿੰਘ ਲੁਧਿਆਣਾ (98141-74325)
(13 ਮਈ 2009) ਯੂਨੀਕੋਡ

ਪਰਮੇਸ਼ਰ ਸਿੰਘ ਲੁਧਿਆਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

 

ਲਿਖਾਰੀ
Likhari

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.