ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

Download Punjabi Fonts English Shahmukhi Devnagri

 ਅਜੋਕਾ ਵਾਧਾ:: 26 January, 2010

ਲੇਖ,ਜਾਣਕਾਰੀ,ਸਫ਼ਰਨਾਮਾ/ਚੇਤੇ ਦੀ ਚੰਗੇਰ


''ਅਤੀਤ ਦੇ ਪ੍ਰਛਾਂਵੇਂ"

ਰਿਸ਼ੀ ਗੁਲਾਟੀ, ਮੈਲਬੌਰਨ (ਆਸਟ੍ਰੇਲੀਆ)


ਇਸ ਧਮਕੀ ਨੇ ਕੰਮ ਕੀਤਾ ਸੀ ਜਾਂ ਮੇਰੇ ਮਾਪਿਆਂ ਦੀ, ਹੋਰ ਮਾਪਿਆਂ ਵਰਗੀ ਮੁੰਡੇ ਨੂੰ ਅੰਗ੍ਰੇਜ਼ੀ ਸਕੂਲ ਵਿੱਚ ਪੜ੍ਹਾਉਣ ਦੀ ਸੋਚ ਨੇ, ਪਰ ਮੈਨੂੰ ਉਸ ਵੇਲੇ ਦੇ ਕੋਟਕਪੂਰਾ ਦੇ ਸਭ ਤੋਂ ਮਸ਼ਹੂਰ ਅਸ਼ੋਕਾ ਮਾਡਲ ਹਾਈ ਸਕੂਲ ਵਿੱਚ ਪੜ੍ਹਨੇ ਪਾ ਦਿੱਤਾ ਗਿਆ । ਆਪਣੇ ਪਿੰਡ ਕਾਸਮਭੱਟੀ ਦੇ ਸਕੂਲ ਵਿੱਚ ਮੈਂ ਤੀਜੀ ਵਿੱਚ ਪੜ੍ਹਦਾ ਸੀ ਪਰ ਨਵੇਂ ਸਕੂਲ ਵਿੱਚ ਦੂਜੀ ਜਮਾਤ ਵਿੱਚ ਦਾਖ਼ਲਾ ਮਿਲਿਆ । ਇਸ ਅੰਞਾਣੀ ਉਮਰ ਵਿੱਚ ਚੰਗੇ ਸਕੂਲ ਜਾਂ ਚੰਗੀ ਪੜ੍ਹਾਈ ਬਾਰੇ ਥੋੜ੍ਹੀ ਪਤਾ ਸੀ, ਇਹ ਤਾਂ ਧਨੀ-ਮਨੀ ਹੋਰੀਂ ਜੀਪ ਤੇ ਸਕੂਲ ਜਾਂਦੇ ਸੀ । ਖਾਕੀ ਨਿੱਕਰ ਤੇ ਚਿੱਟੀਆਂ ਸ਼ਰਟਾਂ ਨਾਲ, ਬੂਟ-ਜੁਰਾਬਾਂ ਪਾ ਕੇ ਤੇ ਬਾਊ ਬਣਕੇ । ਬੱਸ ਇਸੇ ਗੱਲ ਦੀ ਰੀਸ ਸੀ ਕਿ ਮੈਂ ਵੀ ਜੀਪ ਤੇ ਚੜ੍ਹ ਕੇ ਸ਼ਹਿਰ ਪੜ੍ਹਨ ਜਾਣਾ ਹੈ । ਹੁਣ ਧਨੀ-ਮਨੀ ਹੋਰੀਂ ਸੁੱਖ ਨਾਲ਼ ਇੰਜੀਨੀਅਰ ਬਣਕੇ ਟੱਬਰ ਸਮੇਤ ਅਮਰੀਕਾ ਸੈਟਲ ਹੋ ਚੁੱਕੇ ਨੇ ਤੇ ਉਹਨਾਂ ਨੂੰ ਮਿਲਿਆਂ ਵੀ ਮੁੱਦਤਾਂ ਹੋ ਗਈਆਂ ਹਨ । ਖ਼ੈਰ ! ਮਾਪੇ ਪਤਾ ਨਹੀਂ ਭਾਰ ਝੱਲਦੇ ਸਨ ਜਾਂ ਨਹੀਂ, ਪਰ ਰੀਸੋ ਰੀਸ ਉਹਨਾਂ ਨੇ ਸੁੱਖਾਂ ਲੱਧੇ, ਪਹਿਲ ਪਲੇਠੀ ਦੇ ਪੁੱਤ ਨੂੰ ਅੰਗ੍ਰੇਜ਼ੀ ਸਕੂਲ ਵਿੱਚ ਦਾਖ਼ਲ ਕਰਵਾ ਦਿੱਤਾ । ਪੜ੍ਹਾਈ ਵਿੱਚ ਮਾੜਾ ਤਾਂ ਨਹੀਂ ਕਹਿ ਸਕਦੇ, ਠੀਕ ਸਾਂ । ਪਿੰਡ ਦੇ ਸਕੂਲ ਵਿੱਚ ਪੜ੍ਹਦਿਆਂ ਤਾਂ ਸ਼ਾਹੀ ਠਾਠ ਸਨ । ਕੋਟਕਪੂਰੇ ਵਾਲੇ ਮਾਸਟਰ ਸ੍ਰ. ਬਲਬੀਰ ਸਿੰਘ ਤੇ ਮੱਤੇ ਵਾਲੇ ਮਾਸਟਰ ਸ੍ਰ. ਬਲਕਾਰ ਸਿੰਘ ਬਹੁਤ ਪਿਆਰ ਕਰਦੇ ਸਨ । ਇੱਕ ਹੋਰ ਮਾਸਟਰ ਜੀ ਸਨ, ਜਿਨਾਂ ਦਾ ਨਾਮ ਸ਼ਾਇਦ ਜਗਦੀਸ਼ ਜੀ ਸੀ, ਪਰ ਸਭ ਉਹਨਾਂ ਨੂੰ ਨੇਤਾ ਜੀ ਕਹਿ ਕੇ ਪੁਕਾਰਦੇ ਸਨ । ਮਾਸਟਰ ਜੀਆਂ ਲਈ ਘਰੋਂ ਚਾਹ ਲੈ ਕੇ ਜਾਣ ਦਾ ਆਪਣਾ ਹੀ ਆਨੰਦ ਸੀ ਤੇ ਖੂਬ ਟੌਹਰ ਬਣਦੀ ਸੀ । ਕੋਟਕਪੂਰੇ ਦਾਖ਼ਲਾ ਲੈ ਕੇ ਸਭ ਟੌਹਰਾਂ ਧਰੀਆਂ ਰਹਿ ਗਈਆਂ ਤੇ ਪੜ੍ਹਾਈ ਸ਼ੁਰੂ ਕਰਨੀ ਪੈ ਗਈ । ਸਮਾਂ ਆਪਣੀ ਤੋਰ ਤੁਰਦਾ ਗਿਆ ਤੇ ਆਉਣ ਵਾਲੇ ਕੁਝ ਕੁ ਸਾਲਾਂ ਵਿੱਚ ਫ਼ੀਸ, ਕਿਤਾਬਾਂ ਤੇ ਵਰਦੀ ਦਾ ਖ਼ਰਚ ਏਨਾ ਕੁ ਵਧ ਗਿਆ ਕਿ ਜਿੱਥੇ ਬਾਕੀ ਬੱਚੇ ਪੈਂਟ ਦੇ ਵਿੱਚ ਸ਼ਰਟ ਪਾ ਕੇ ਬਾਊ ਬਣੇ ਫਿਰਦੇ ਰਹਿੰਦੇ ਸਨ, ਮੇਰੀ ਪੈਂਟ ਵਿੱਚੋਂ ਸ਼ਰਟ ਬਾਹਰ ਨਿੱਕਲੀ ਹੁੰਦੀ ਸੀ, ਤਾਂ ਜੋ ਬੈਠਣ ਵਾਲੀ ਥਾਂ ਤੇ ਲੱਗੀਆਂ ਟਾਕੀਆਂ ਕੋਈ ਨਾ ਦੇਖ ਸਕੇ । ਕੁੱਲ ਬੱਤੀ ਰੁਪਏ ਮਹੀਨਾ ਫ਼ੀਸ ਸੀ ਜੋ ਕਿ ਦੋ ਮਹੀਨਿਆਂ ਬਾਅਦ ਦੇਣੀ ਹੁੰਦੀ ਸੀ, ਉਹੀ ਭਾਰੀ ਪਈ ਹੋਈ ਸੀ, ਨਾਲ਼ ਦਸ ਰੁਪਏ ਜੁਰਮਾਨਾ ਪਾ ਕੇ ਕੁੱਲ ਚੁਹੱਤਰ ਰੁਪਏ ਬਣ ਜਾਂਦੇ ਸਨ । ਜਿਸ ਦਾ ਭੁਗਤਾਨ ਸਕੂਲ ਦੇ ਦਫ਼ਤਰ ਵਿੱਚ ਕਈ ਮੇਰੀਆਂ ਪੇਸ਼ੀਆਂ ਤੋਂ ਬਾਅਦ ਕੀਤਾ ਜਾਂਦਾ ਸੀ । ਫ਼ੀਸ ਲਈ ਆੜ੍ਹਤੀਆਂ ਦੀ ਦੁਕਾਨ ਤੇ ਬੈਠਣਾ ਪੈਂਦਾ ਸੀ ਤੇ ਕਈ ਵਾਰੀ ਸਕੂਲੋਂ ਲੇਟ ਹੋਣ ਕਰਕੇ ਜੋ ਝਿੜਕਾਂ ਮਿਲਦੀਆਂ ਸਨ, ਉਹ ਤਾਂ ਅੱਜ ਤੱਕ ਕਿਸੇ ਗਿਣਤੀ ਵਿੱਚ ਹੀ ਨਹੀਂ ਲਾਈਆਂ । ਮੈਨੂੰ ਨਹੀਂ ਜਾਪਦਾ ਕਿ ਘਰ ਦੇ ਹਾਲਾਤ ਇੰਨੇ ਬੁਰੇ ਸਨ ਕਿ ਸਕੂਲ ਦਾ ਖ਼ਰਚ ਝੱਲਣਾ ਇੰਨਾ ਔਖਾ ਸੀ । ਪਾਪਾ ਸਮੇਤ ਕਈ ਰਿਸ਼ਤੇਦਾਰ ''ਖਾਣ ਪੀਣ" ਦੇ ਚੰਗੇ ਸ਼ੌਕੀਨ ਸਨ ਤੇ ਕੋਈ ਨਾ ਕੋਈ ਪਿੰਡ ਆਇਆ ਹੀ ਰਹਿੰਦਾ ਸੀ । ਫਿਰ ਤਾਂ ਦੁਪਹਿਰੇ ਹੀ ਮਿੱਟੀ ਦੇ ਤੇਲ ਵਾਲੇ ਸਟੋਵ ਤੇ ਪਤੀਲਾ ਚੜ੍ਹ ਜਾਂਦਾ ਤੇ ਕਈ ਹੱਥ ਸਟੋਵ ਦੀ ਬੋਕੀ ਚਲਕੇ ਹਵਾ ਭਰਨ ਲਈ ਤਤਪਰ ਰਹਿੰਦੇ । ਚੂੰਡੀਆਂ ਹੱਡੀਆਂ ਨਾਲ਼ ਭਰੇ ਤੇ ਤੇਜ਼ ਮਸਾਲਿਆਂ ਦੀ ਗੰਧ ਵਾਲੇ ਭਾਂਡਿਆਂ ਨੂੰ ਸਾਫ਼ ਕਰਨ ਤੋਂ ਮੇਰੀ ਮਾਤਾ ਇਨਕਾਰੀ ਸੀ ਤੇ ਕਦੀ ਉਹਨਾਂ ਨੂੰ ਮਜ਼ਬੂਰ ਵੀ ਨਹੀਂ ਕੀਤਾ ਗਿਆ ਸੀ । ਕੁਝ ਸਾਲ ਪਹਿਲਾਂ ਜਦ ਸਾਡੇ ਤੇ ਬੁਰਾ ਵਕਤ ਆਇਆ ਤਾਂ ਉਹਨਾਂ ਭੱਦਰ ਪੁਰਸ਼ਾਂ ਵਿੱਚੋਂ ਕੋਈ ਮੈਨੂੰ ਲੱਭਾ ਹੀ ਨਹੀਂ, ਜਿਨ੍ਹਾਂ ਨੇ ਸਾਡੀ ਹੱਟੀ ਦੇ ਸਾਹਮਣੀ ਰੂੜੀ ਤੇ ਸੰਖੀਆਂ ਦੇ ਢੇਰ ਲਾਏ ਸਨ ਤੇ ਹੱਟੀ 'ਚ ਲੱਗੇ ਕੈਲੰਡਰਾਂ ਵਾਲੇ ਦੇਵੀ-ਦੇਵਤਿਆਂ ਨੂੰ ''ਸੰਤਰਾ" ਦੇ ਮੁਸ਼ਕਾਟ ਨਾਲ਼ ਸਰੋਬਾਰ ਕੀਤਾ ਸੀ । ਜਾਪਦਾ ਹੈ ਕਿ ਜਿੰਨਾ ਖ਼ਰਚ ਉਹਨਾਂ ਦੀ ਆਓ-ਭਗਤ ਤੇ ਕੀਤਾ ਜਾਂਦਾ ਸੀ, ਜੇਕਰ ਉਹੀ ਸਾਡੀਆਂ ਪੜ੍ਹਾਈਆਂ ਤੇ ਕੀਤਾ ਜਾਂਦਾ ਤਾਂ ਸ਼ਾਇਦ ਅੱਜ ਅਸੀਂ ਕਿਸੇ ਚੰਗੇ ਮੁਕਾਮ ਤੇ ਪਹੁੰਚੇ ਹੁੰਦੇ । ਅਜਿਹਾ ਵੀ ਨਹੀਂ ਕਿ ਜੋ ਮੁਕਾਮ ਹਾਸਲ ਕੀਤਾ, ਬੁਰਾ ਹੈ । ਕੰਪਿਊਟਰ ਲਾਈਨ ਨੂੰ ਚੰਗੇ ਤੇ ਸਨਮਾਨਿਤ ਕੰਮਾਂ ਵਿੱਚ ਗਿਣਿਆ ਜਾਂਦਾ ਹੈ, ਬੀ. ਕਾਮ., ਐਮ. ਕਾਮ. ਤੇ ਐਮ. ਬੀ. ਏ. ਪੜ੍ਹਿਆਂ ਅਤੇ ਪ੍ਰੋਫੈਸ਼ਨਲ ਅਕਾਊਂਟਸ ਸਿਖਾ ਚੁੱਕਾ ਹਾਂ । ਕਈ ਮਾੜੇ ਘਰਾਂ ਦੇ ਲੜਕੇ ਜੋ ਸਿਰਫ਼ ਮੁਨੀਮ ਬਣਨ ਆਏ ਸਨ, ਅਕਾਊਂਟਸ ਸਿੱਖਣ ਤੋਂ ਬਾਅਦ ਪਾਰਟ ਟਾਈਮ ਕੰਮ ਕਰਨ ਦੇ ਨਾਲ਼-ਨਾਲ਼ ਪੜ੍ਹਾਈ ਕਰਕੇ ਚੰਗੀਆਂ ਡਿਗਰੀਆਂ ਪ੍ਰਾਪਤ ਕਰ ਚੁੱਕੇ ਹਨ, ਪਰ ਦਿਲ ਵਿੱਚ ਇੱਕ ਟੀਸ ਹੈ ਕਿ ਕਾਸ਼ ਮੈਂ ਵੀ ਪੜ੍ਹਿਆ ਲਿਖਿਆ ਹੁੰਦਾ ।

ਘਰ ਦੇ ਖ਼ਰਚ ਵਧਣ ਤੇ ਆਮਦਨ ਘਟਣ ਕਾਰਨ ਜੀਪ ਤੇ ਜਾਣਾ ਛੁੱਟ ਗਿਆ । ਸਰਦੀਆਂ ਕੋਟਕਪੂਰੇ ਭੂਆ ਦੇ ਘਰ ਤੇ ਗ਼ਰਮੀਆਂ ਵਿੱਚ ਟੈਂਪੂ ਜਾਂ ਟਰਾਲੀਆਂ ਤੇ ਪਿੰਡ ਜਾਣਾ ਸ਼ੁਰੂ ਹੋ ਗਿਆ । ਇੱਕੋ ਇੱਕ ਸਰਕਾਰੀ ਬੱਸ ਹੁੰਦੀ ਸੀ, ਜੋ ਸਵੇਰ ਮੜਾਕ ਪਿੰਡ ਤੋਂ ਫਰੀਦਕੋਟ ਆਉਂਦੀ ਸੀ ਤੇ ਸ਼ਾਮ ਨੂੰ ਫਰੀਦਕੋਟੋਂ ਮੜਾਕ ਤੱਕ ਜਾਂਦੀ ਸੀ । ਜਿਸ ਦਿਨ ਹਰੀਨੌ ਵਾਲਾ ਡਰਾਈਵਰ ਹੁੰਦਾ ਸੀ, ਉਹ ਕੰਜਰ ਦਾ ਪੁੱਤ ਕੋਟਕਪੂਰੇ ਤੋਂ ਹੀ ਕਲੱਚ ਤੇ ਪੈਰ ਰੱਖ ਕੇ ਰੇਸਾਂ ਦੇਣੀਆਂ ਸ਼ੁਰੂ ਕਰ ਦਿੰਦਾ ਸੀ ।

''ਇਹ ਤਾਂ ਹਵਾ ਲੈ ਗਈ ਬਾਈ"

ਬੱਸ ਹਰੀਨੌਂ ''ਮਸਾਂ" ਹੀ ਪਹੁੰਚਦੀ ਹੁੰਦੀ ਸੀ । ਮੁੜਕੇ ਆਥਣੇ ਕਿਸੇ ਸਾਈਕਲ ਵਾਲੇ ਬਾਈ ਨੂੰ ਹੀ ਮਿੰਨਤ ਤਰਲਾ ਕਰਨਾ ਪੈਂਦਾ ਸੀ ਤੇ ਉਸਦੀ ਡਰਾਈਵਰੀ ਕਰਕੇ ਹੀ ਘਰ ਪਹੁੰਚਿਆ ਜਾ ਸਕਦਾ ਸੀ । ਕਦੇ ਕਦੇ ਸੂਰਘੁਰੀ ਦਾ ਇੱਕ ਟੈਂਪੂ ਵਾਲਾ ਮਿਲ ਜਾਇਆ ਕਰਦਾ ਸੀ । ਉਸਦਾ ਨਾਮ ਤਾਂ ਯਾਦ ਨਹੀਂ ਪਰ ਇੱਕ ਅੱਖ ਨਾ ਹੋਣ ਕਰਕੇ ''ਕਾਣਾ-ਕਾਣਾ" ਕਹਿ ਕੇ ਬੁਲਾਉਂਦੇ ਹੁੰਦੇ ਸੀ । ਉਸ ਸਮੇਂ ਕੋਟਕਪੂਰੇ ਤੋਂ ਕਾਸਮਭੱਟੀ ਦਾ ਕਿਰਾਇਆ ਡੇਢ ਰੁਪਇਆ ਹੁੰਦਾ ਸੀ ਤੇ ਆਪਣਾ ਸਟੂਡੈਂਟ ਡਿਸਕਾਊਂਟ ਕੱਟ ਕੇ ਪਝੱਤਰ ਪੈਸੇ ਬਣਦੇ ਸੀ । ਹਰੀਨੌਂ ਦਾ ਕਿਰਾਇਆ ਇੱਕ ਰੁਪਇਆ ਹੁੰਦਾ ਸੀ । ਹਰੀਨੌਂ ਤੱਕ ਤਾਂ ਪਹੁੰਚਣ ਦੀ ਕੋਈ ਮੁਸ਼ਕਿਲ ਹੁੰਦੀ ਹੀ ਨਹੀਂ ਸੀ । ਤਪੱਸਿਆ ਤਾਂ ਅਗਲੇ ਚਾਰ-ਪੰਜ ਕਿਲੋਮੀਟਰ ਦੀ ਸੀ । ਅਕਸਰ ਹਰੀਨੌਂ ਤੱਕ ਹੀ ਕੋਈ ਸਾਧਨ ਮਿਲਣ ਕਰਕੇ ਪੰਜਾਹ ਪੈਸੇ ਕਿਰਾਇਆ ਲਗਦਾ ਸੀ ਤੇ ਪੱਚੀ ਪੈਸੇ ਆਪ ਨੂੰ ਬਚ ਜਾਂਦੇ ਸੀ । ਇੱਕ ਵਾਰੀ ਪੱਚੀ ਪੈਸੇ ਐਡਵਾਂਸ ਹੀ ਖ਼ਰਚ ਲਏ ਕਿਉਂਕਿ ਇਹ ਤਾਂ ਪਤਾ ਹੀ ਸੀ ਕਿ ਹਰੀਨੌਂ ਤੋਂ ਅੱਗੇ ਤਾਂ ਤੁਰਕੇ ਹੀ ਜਾਣਾ ਹੈ । ਕਰਨੀ ਰੱਬ ਦੀ ਉਸੇ ਦਿਨ ''ਕਾਣੇ" ਦਾ ਟੈਂਪੂ ਮਿਲ ਗਿਆ । ਆਪਣੇ ਦਿਲ ਵਿੱਚ ''ਕਾਣ" ਹੋਣ ਕਰਕੇ ਸੀਟ ਹੋਣ ਦੇ ਬਾਵਜੂਦ ਟੈਂਪੂ ਤੇ ਲਟਕ ਕੇ ਗਿਆ । ਪਿੰਡ ਉੱਤਰ ਕੇ ਪੰਜਾਹ ਪੈਸੇ ਉਸਨੂੰ ਫੜਾਏ ਤੇ ਉਸਨੇ ਵੀ ਮਾਸੂਮ ਬੱਚਾ ਦੇਖਕੇ ਰੱਖ ਲਏ । ਬੱਸ ਮੁੜਕੇ ਤਾਂ ਹੌਸਲਾ ਵਧ ਗਿਆ ਤੇ ਰੋਜ਼ ਹੀ ਕਿਰਾਏ ਵਾਲੇ ਪੈਸਿਆਂ ਵਿੱਚੋਂ ਚੁਆਨੀ ਖ਼ਰਚਣੀ ਸ਼ੁਰੂ ਕਰ ਦਿੱਤੀ । ਕੁਝ ਦਿਨ ਤਾਂ ''ਕਾਣੇ" ਨੇ ਜੇਰਾ ਰੱਖਿਆ ਤੇ ਇੱਕ ਦਿਨ ਭੁੜਕ ਪਿਆ ''ਗੱਲ ਸੁਣ ਓਏ, ਤੂੰ ਰੋਜ਼ ਦੀ ਹੀ ਖੇਡ ਬਣਾ ਲਈ, ਠਿਆਨੀ ਦੇਣ ਦੀ, ਕੱਲ ਤੋਂ ਰੁਪਇਆ ਹੋਵੇ ਤਾਂ ਟੈਂਪੂ ਤੇ ਚੜ੍ਹੀਂ।"

ਇੱਕ ਕੰਡਕਟਰ ਜਦੋਂ ਭਤੀਜ ਕਹਿ ਕੇ ਬੁਲਾਉਂਦਾ ਤਾਂ ਬੜੀ ਖਿਝ ਚੜਦੀ । ਜੇਕਰ ਭਤੀਜ ਕਹਿ ਕੇ ਟਿਕਟ ਛੱਡ ਦਿੰਦਾ ਤਾਂ ਹੋਰ ਗੱਲ ਸੀ, ਪਰ ਉਹ ਕਹਿੰਦਾ ''ਭਤੀਜ ਟਿਕਟ" । ਇੱਕ ਦਿਨ ਬੱਚਾ ਬੁੱਧੀ ਨੇ ਕੰਮ ਕੀਤਾ । ਬੱਸ ਤਾਂ ਹਮੇਸ਼ਾਂ ਹੀ ਖਚਾ-ਖਚ ਭਰੀ ਹੁੰਦੀ ਸੀ । ਰੋਜ਼ ਵਰਗੀ ਕੁਰੱਖਤ ਜਿਹੀ ਆਵਾਜ਼ ਆਈ ''ਭਤੀਜ ਟਿਕਟ।"

''ਚਾਚਾ ਜੀ, ਇੱਕ ਰੁਪਇਆ ਦੇਈਓ" ਮੈਂ ਕਿਹਾ।

''ਉਹੋ ਕਾਹਦਾ"

''ਟੌਫੀਆਂ ਲੈਣੀਆਂ"

''ਲੈ.... ਟੌਫੀਆਂ ਮੈਂ ਲੈ ਕੇ ਦੇਣੀਆਂ ?"

''ਰੋਜ਼ ਭਤੀਜ-ਭਤੀਜ ਕਰਦੇ ਹੋ, ਹੁਣ ਇੱਕ ਰੁਪਈਏ ਪਿੱਛੇ ਆਏਂ ਕਰੀ ਜਾਂਦੇ ਹੋ।"

'ਤੇ ਸਾਰੀਆਂ ਸਵਾਰੀਆਂ ਹੱਸ ਪਈਆਂ ਤੇ ਛਿੱਥੇ ਪਏ ਕੰਡਕਟਰ ਨੇ ਪਹਿਲੀ ਤੇ ਅਖੀਰਲੀ ਵਾਰੀ ਇੱਕ ਰੁਪਇਆ ਦੇ ਦਿੱਤਾ। ਪਿੱਛੇ ਜਿਹੇ ਲੁਧਿਆਣੇ ਤੋਂ ਆਉਂਦਿਆਂ ਬੜੇ ਸਾਲਾਂ ਬਾਅਦ ਉਹ ਕੰਡਕਟਰ ਫਿਰ ਮਿਲਿਆ । ਉਸਨੂੰ ਬਚਪਨ ਦੀ ਇਸ ਘਟਨਾਂ ਦੀ ਯਾਦ ਦਵਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਭਾਅ ਨਾ ਦਿੱਤਾ ।

ਬਾਅਦ ਵਿੱਚ ਸਕੂਲ ਤੱਕ ਦਾ ਪੰਦਰਾਂ-ਸੋਲਾਂ ਕਿਲੋਮੀਟਰ ਦਾ ਸਫ਼ਰ ਸਾਈਕਲ ਤੇ ਤੈਅ ਕਰਨਾਂ ਸ਼ੁਰੂ ਕੀਤਾ । ਸਾਈਕਲ ਕਾਹਦਾ, ਗੱਡਾ ਹੀ ਸੀ । ਪਹਿਲੀ ਗੱਲ ਤਾਂ ਚੈਨ ਕਵਰ ਹੀ ਚੈਨ ਨਾਲ ਲੱਗ ਕੇ ਖਰੜ-ਖਰੜ ਕਰਦਾ ਰਹਿੰਦਾ ਸੀ ਤੇ ਪੱਠੇ ਢੋਣ ਵਾਲਾ ਕੈਰੀਅਰ ਸਾਈਕਲ ਦੀ ਸ਼ਾਨ ਵਿੱਚ ਅੱਡ ਚਾਰ ਚੰਦ ਲਾਉਂਦਾ ਸੀ । ਇੱਕ ਮੌਜ ਤਾਂ ਸੀ, ਇਸ ਕੈਰੀਅਰ ਕਰਕੇ ਸਾਈਕਲ ਦੂਰੋਂ ਹੀ ਪਹਿਚਾਣ ਵਿੱਚ ਆ ਜਾਂਦਾ ਸੀ, ਮੁੜਕੇ ਚਿਲਡਰਨ ਡੇ ਤੇ ਸਲੋ-ਸਾਈਕਲ ਰੇਸ ਵਿੱਚ ਵੀ ਇਸੇ ਸਾਈਕਲ ਤੇ ਭਾਗ ਲਿਆ ਸੀ । ਜਿੱਤਣਾ ਸੁਆਹ ਸੀ, ਹੈਂਡਲ ਹੀ ਏਨਾਂ ਭਾਰਾ ਸੀ ਕਿ ਸਾਈਕਲ ਆਪਣੀ ਲੇਨ ਵਿੱਚੋਂ ਆਊਟ ਹੋ ਗਿਆ । ਸਾਡੇ ਪਿੰਡ ਨੂੰ ਜਾਣ ਵਾਲੀ ਸੜਕ ਵਿੱਚ ਸ਼ਾਇਦ ਕੋਈ ਤਵੀਤ ਨੱਪੇ ਹੋਏ ਸਨ, ਹਮੇਸ਼ਾ ਹੀ ਸੜਕ ਟੁੱਟੀ ਰਹਿੰਦੀ ਸੀ । ਮੈਨੂੰ ਯਾਦ ਹੈ ਕਿ ਜਦ ਮੈਂ ਛੇਵੀਂ ਜਾਂ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ ਤਾਂ ਸੜਕ ਮਿੱਟੀ ਪਾ ਕੇ ਉੱਚੀ ਕੀਤੀ ਜਾ ਰਹੀ ਸੀ । ਬਰਸਾਤਾਂ ਦੇ ਦਿਨਾਂ ਵਿੱਚ ਸਾਰੇ ਟੈਂਪੂ ਤੇ ਹੋਰ ਵਹੀਕਲ ਕੋਹਾਰਵਾਲੇ ਵਿੱਚ ਦੀ ਵਲ ਪਾ ਕੇ ਜਾਂਦੇ ਸਨ ਪਰ ਮੈਂ ਆਪਣੇ ਸਾਈਕਲ ਤੇ ਚੜ੍ਹ ਸਿੱਧੇ ਰਸਤੇ ਹੀ ਪੈ ਗਿਆ । ਅੱਧੇ ਰਸਤੇ ਪਹੁੰਚ ਕੇ ਜਿੱਥੇ ਕਿ ਮਿੱਟੀ ਤਾਜ਼ੀ ਪਾਈ ਹੋਈ ਸੀ, ਸਾਈਕਲ ਖੁੱਭ ਗਿਆ । ਹੁਣ ਨਿਆਣੀ ਉਮਰ, ਉੱਤੋਂ ਭਾਰਾ ਸਾਈਕਲ ਤੇ ਉਹ ਵੀ ਮਿੱਟੀ ਵਿੱਚ ਖੁੱਭਿਆ ਹੋਇਆ, ਮੇਰੇ ਪੈਰ ਵੀ ਸਣੇ ਬੂਟ ਚਿੱਕੜ ਵਿੱਚ ਤੇ ਰਹਿੰਦੀ ਸਹਿੰਦੀ ਕਸਰ ਭਾਰੇ ਬਸਤੇ ਨੇ ਪੂਰੀ ਕੀਤੀ ਹੋਈ । ਬੱਸ ਰੋ ਰਿਹਾ ਸਾਂ, ਉੱਚੀ-ਉੱਚੀ...

''ਪਾਪਾ ਜੀ, ਪਾਪਾ ਜੀ... ਮੈਨੂੰ ਕੱਢ ਲਵੋ, ਮੈਂ ਕੀ ਕਰਾਂ... ਹਾਏ..."

ਫਿਰ ਖੇਤੀਂ ਫਿਰਦੇ ਕਾਮੇ ਰੱਬ ਵਾਂਗੂੰ ਬਹੁੜੇ ਪਰ ਸਾਇਕਲ ਦੇ ਚੱਕਿਆਂ ਵਿੱਚ ਮਣ-ਮਣ ਗਾਰਾ ਫਸਿਆ ਹੋਇਆ ਸੀ, ਕਿੱਥੋਂ ਚੱਲਣ...

ਜਦ ਮੈਂ ਅੱਠਵੀਂ ਜਮਾਤ ਦੇ ਅਖੀਰ ਵਿੱਚ ਸੀ, ਪਾਪਾ ਨੂੰ ਗਠੀਏ ਨੇ ਜਕੜ ਲਿਆ ਤੇ ਉਹ ਮੰਜੇ ਤੇ ਪਏ ਪਏ ਹੱਡੀਆਂ ਦੀ ਮੁੱਠ ਬਣ ਗਏ । ਲਾਲਾ ਜੀ (ਦਾਦਾ ਜੀ) ਮਾੜੀ ਮੋਟੀ ਦੁਕਾਨ ਚਲਾਉਂਦੇ ਰਹੇ । ਮੇਰੀ ਹੀਰੇ ਵਰਗੀ ਮਾਂ ਦਿਨ ਰਾਤ ਸੇਵਾ ਵਿੱਚ ਰੁਝੀ ਰਹਿੰਦੀ ਸੀ । ਕਦੇ ਮਾਲਿਸ਼, ਕਦੇ ਟਕੋਰ, ਕਦੇ ਦਵਾਈ, ਮੰਜੇ ਤੇ ਪਿਆਂ ਨਵਾਉਣਾਂ, ਰੋਟੀ-ਪਾਣੀ ਵੀ ਆਪਣੇ ਹੱਥੀਂ ਖਵਾਉਣੀ ਤੇ ਹੁਣ ਤਾਂ ਮਾਂ ਨੇ ਘਰ ਚਲਾਉਣ ਲਈ ਸਿਲਾਈ ਵੀ ਸ਼ੁਰੂ ਕਰ ਦਿੱਤੀ ਸੀ । ਮੈਂ ਤਾਂ ਜ਼ਿਆਦਾਤਰ ਕੋਟਕਪੂਰੇ ਹੀ ਰਹਿੰਦਾ ਸੀ । ਘਰ ਦੇ ਹਾਲਾਤ ਚਾਹੇ ਕਿਹੋ ਜਿਹੇ ਸਨ ਪਰ ਹਰ ਮਹੀਨੇ ਘਰੋਂ ਰਾਸ਼ਨ ਵਿੱਚ ਦੇਸੀ ਘਿਉ ਜ਼ਰੂਰ ਹੁੰਦਾ । ਆੜ੍ਹਤੀਆਂ ਦੀਆਂ ਵਹੀਆਂ ਵਿੱਚ ਸਾਡੇ ਖਾਤੇ ਦੀ ਡੈਬਿਟ ਸਾਈਡ ਕੌੜੀ ਵੇਲ ਵਾਂਗਰ ਵਧਦੀ ਜਾ ਰਹੀ ਸੀ । ਮੈਨੂੰ ਸਕੂਲੋਂ ਹਟਾ ਕੇ ਸਾਡੇ ਰਿਸ਼ਤੇਦਾਰਾਂ ਦੀ ਕੱਪੜੇ ਦੀ ਹੱਟੀ ਤੇ ਲਗਾਉਣ ਦੀਆਂ ਸਕੀਮਾਂ ਅੰਦਰ ਖਾਤੇ ਚੱਲ ਰਹੀਆਂ ਸਨ, ਪਰ ਮੇਰੀ ਪੰਜਵੀਂ ਪਾਸ ਮਾਤਾ ਸ਼ੀਹਣੀ ਵਾਂਗ ਡੱਟ ਗਈ ''ਮੈਂ ਕੱਪੜੇ ਸੀ ਕੇ ਮੁੰਡੇ ਨੂੰ ਪੜ੍ਹਾ ਲਊਂ ਪਰ 100-200 ਦੀ ਨੌਕਰੀ ਪਿੱਛੇ ਸਕੂਲੋਂ ਨਹੀਂ ਹਟਾਉਣ ਦੇਣਾ।" ਉਸਦੇ ਧੱਕੇ ਨਾਲ ਇੱਕ ਸਾਲ ਹੋਰ ਨਿੱਕਲ ਗਿਆ ਤੇ ਨੌਵੀਂ ਜਮਾਤ ਕੋਟਕਪੂਰੇ ਹੀ ਪਾਸ ਕਰ ਲਈ । ਆਖਿਰ ਹਾਲਾਤਾਂ ਸਾਹਮਣੇ ਮੇਰੀ ਮਾਤਾ ਨੂੰ ਝੁਕਣਾ ਪਿਆ । ਦਸਵੀਂ ਜਮਾਤ ਦਾ ਦਾਖਲਾ ਟਾਇਮ ਸਿਰ ਨਾ ਭਰਨ ਕਰਕੇ ਮੇਰਾ ਨਾਂ ਸਕੂਲ ਵਿੱਚੋਂ ਕੱਟਿਆ ਗਿਆ । ਸਕੂਲ ਦੇ ਪ੍ਰਿੰਸੀਪਲ ਨੇ ਮੇਰੇ ਦੋਸਤ ਦੇ ਮਾਪਿਆਂ ਸਾਹਮਣੇ ਮੇਰੀ ਉਹ ਛੋਤ ਲਾਹੀ, ਉਹ ਛੋਤ ਲਾਹੀ, ਜਿਸਨੂੰ ਮੈਂ ਤਮਾਮ ਉਮਰ ਨਹੀਂ ਭੁੱਲ ਸਕਾਂਗਾ ।

''ਇਹ ਹਾਲ ਹੈ ਇਸਦਾ ਕਿ ਕਦੇ ਟਾਈਮ ਸਿਰ ਫ਼ੀਸ ਨਹੀਂ ਆਈ।" 

ਮੁੜ ਜਦ ਮੇਰੇ ਆਫ਼ਿਸ ਵਿੱਚ ਪਲਸਰ ਜਾਂ ਹੀਰੋ ਹਾਂਡੇ ਤੇ ਆਏ ਲੜਕੇ ਜੋ ਕਿ ਚੰਡੀਗੜ੍ਹ ਜਾਂ ਲੁਧਿਆਣੇ ਦੇ ਸ਼ੋਅ-ਰੂਮਾਂ ਤੋਂ ਖਰੀਦੀਆਂ ਮਹਿੰਗੀਆਂ ਬਰਾਂਡਿਡ ਜੀਨਾਂ ਵਿੱਚ ਕੱਸੇ ਹੁੰਦੇ ਹਨ, ਫ਼ੀਸ ਪਿੱਛੇ ਬਹਾਨਾ ਮਾਰਦੇ ਤਾਂ ਮੇਰੇ ਸਾਹਮਣੇ, ਪਿੱਛੇ ਟਾਕੀਆਂ ਲੱਗੀ ਖਾਕੀ ਪੈਂਟ ਵਾਲਾ ਤੇ ਘਸੇ ਹੋਏ ਥੱਲੇ ਵਾਲੇ ਬਿਨਾਂ ਪਾਲਿਸ਼ ਕੀਤੇ ਬੂਟ ਪਾਈ ਖੜ੍ਹਾ ''ਰਿਸ਼ੀ" ਆ ਖੜਦਾ, ਜੋ ਕਿ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਦਸ ਰੁਪਏ ਜੁਰਮਾਨਾਂ ਮੁਆਫ਼ ਕਰਵਾਉਣ ਲਈ ਮਿੰਨਤ ਕਰ ਰਿਹਾ ਹੁੰਦਾ । ਉਸਦਾ ਮਾਸੂਮ ਚਿਹਰਾ ਦੇਖਕੇ, ਮੈਂ ਆਪਣੇ ਬਹਾਨੇਬਾਜ਼ਾਂ ਦੇ ਝੂਠ ਨੂੰ ਜਾਣ-ਬੁੱਝ ਕੇ ਸੱਚ ਸਮਝ ਲਿਆ ਕਰਦਾ ।

ਸੰਨ 1986, ਪਿੰਡ ਰੋੜੀ ਕਪੂਰਾ ਦਾ ਸਰਕਾਰੀ ਸਕੂਲ, ਮੇਰੇ ਹੱਥ ਵਿੱਚ ਕਿਤਾਬਾਂ ਵਾਲਾ ਬੈਗ ਤੇ ਟਾਕੀਆਂ ਵਾਲੀ ਪੈਂਟ ਤੋਂ ਨਿਜ਼ਾਤ ਪਾ ਕੇ, ਕੁੜਤਾ ਪਜਾਮਾ ਪਾਈ ਮੈਂ ਸਕੂਲ ਵਿੱਚ ਵੜਿਆ ਤੇ ਬਿਲਡਿੰਗ ਤੋਂ ਬਾਹਰ ਇੱਕ ਛੇਵੀਂ-ਸੱਤਵੀਂ ਦੇ ਬੱਚੇ ਨੂੰ ਪੁੱਛਿਆ ''ਵੀਰੇ ਆਫ਼ਿਸ ਕਿੱਧਰ ਹੈ ?"

''ਆਫ਼ਿਸ... ਉਹ ਕੀ ਹੁੰਦਾ ਹੈ ?"

ਉਸਦੇ ਚਾਰ ਅੱਖਰਾਂ ਦੇ ਜੁਆਬ ਨੇ ਮੇਰੇ ਬਚੇ-ਖੁਚੇ ਸੁਪਨੇ ਵੀ ਮਿੱਟੀ ਵਿੱਚ ਰੋਲ ਦਿੱਤੇ । ਛੇਵੀਂ-ਸੱਤਵੀਂ ਕਲਾਸ ਦਾ ਵਿਦਿਆਰਥੀ ਹੋਵੇ ਤੇ ''ਆਫ਼ਿਸ" ਸ਼ਬਦ ਦਾ ਮਤਲਬ ਨਾ ਪਤਾ ਹੋਵੇ । ਇਹੋ ਜਿਹੀ ਪੜ੍ਹਾਈ ਹੋਵੇਗੀ ਇਸ ਸਕੂਲ ਵਿੱਚ, ਇਸ ਨਾਲੋਂ ਤਾਂ ਅਸ਼ੋਕਾ ਸਕੂਲ ਦੇ ਪਿੰਸੀਪਲ ਦੀ ਮਿੰਨਤ ਹੀ ਕਰ ਲੈਂਦਾ । ਖ਼ੈਰ ਦਾਖਲਾ ਲਿਆ ਤੇ ਪਿੰਡੋਂ ਚਾਰ-ਪੰਜ ਕਿਲੋਮੀਟਰ ਤੁਰ ਕੇ ਜਾਣਾ ਸ਼ੁਰੂ ਕੀਤਾ । ਅੰਗ੍ਰੇਜ਼ੀ ਸਕੂਲ ਦੇ ਗਿੱਝੇ ਹੋਏ ਨੇ ਕਈ ਵਾਰ ਅਜਿਹੀਆਂ ਗ਼ਲਤੀਆਂ ਕੀਤੀਆਂ, ਜਿਨਾਂ ਦਾ ਐਵਾਰਡ ਮੈਨੂੰ ਤੂਤ ਦੀਆਂ ਸੋਟੀਆਂ ਨਾਲ਼ ਮਿਲਿਆ । ਜਿਵੇਂ ਕਿ ਇੱਕ ਵਾਰ ਸਾਡੇ ਅੰਗ੍ਰੇਜ਼ੀ ਦੇ ਅਧਿਆਪਕ ਨੂੰ ਨਿੱਘੀ ਧੁੱਪ ਮਾਣਦਿਆਂ ਨੂੰ ਪੀਰੀਅਡ ਲਗਾਉਣ ਦੀ ਯਾਦ ਦਿਵਾ ਦਿੱਤੀ ਸੀ ।

ਛੇਵੀਂ ਤੋਂ ਨੌਵੀਂ ਤੱਕ ਡਰਾਇੰਗ ਵਿੱਚ ਹੱਥ ਅਜ਼ਮਾਈ ਕੀਤੀ ਸੀ ਪਰ ਇੱਥੇ ਖੇਤੀ-ਬਾੜੀ ਰੱਖਣੀ ਪੈ ਗਈ । ਹੁਣ ਮੈਨੂੰ ਰੰਗਾਂ ਨਾਲ਼ ਖੇਡਣ ਵਾਲੇ ਨੂੰ ਸੰਦਾਂ ਨਾਲ਼ ਖੇਡਣਾ ਕਿੱਥੋਂ ਆ ਸਕਦਾ ਸੀ ? ਖੇਤੀ-ਬਾੜੀ ਦੇ ਪ੍ਰੈਕਟੀਕਲ ਵਿੱਚ ਮੈਨੂੰ ਭਲਾ ਕੀ ਬੀਜਣਾ-ਗੁੱਡਣਾਂ ਆਉਣਾ ਸੀ ? ਮਾਸਟਰ ਜੀ ਨੇ ਕਈ ਪ੍ਰਕਾਰ ਦੇ ਬੀਜ ਬੀਜਣ ਲਈ ਦਿੱਤੇ ਪਰ ਕਿੱਥੇ ਮੇਰੇ ਕੋਲੋਂ ਵੱਟਾਂ ਪੈਣੀਆਂ ਸਨ, ਸਾਰੇ ਬੀਜ ਰਲਾ ਕੇ ਛਿੱਟਾ ਦੇ ਦਿੱਤਾ । ਜਦੋਂ ਛੋਟੇ-ਛੋਟੇ ਬੂਟੇ ਧਰਤੀ ਦੀ ਕੁੱਖ ਵਿੱਚੋਂ ਨਿੱਕਲੇ ਤਾਂ ਜੱਟਾਂ ਦੇ ਮੁੰਡਿਆਂ ਦੀਆਂ ਵੱਟਾਂ ਤੇ ਉੱਗੇ ਨਿੱਕੇ ਨਿੱਕੇ ਬੂਟੇ, ਮੇਰੀ ਡਰਾਇੰਗ ਸ਼ੀਟ ਦੀਆਂ ਲਾਈਨਾਂ ਵਾਂਗ ਬਿਲਕੁੱਲ ਸਿੱਧੀਆਂ ਸਨ ਪਰ ਮੇਰੇ ਬੀਜੇ ਬੀਜ ਮੇਰੇ ਵਿਚਾਰਾਂ ਵਾਂਗ ਆਪਣੇ ਆਪ ਵਿੱਚ ਹੀ ਉਲਝ ਕੇ ਰਹਿ ਗਏ ਸਨ । ਪੁਰਾਣੇ ਸਕੂਲ ਵਿੱਚ ਤਾਂ ਡਰਾਇੰਗ ਦੇ ਵਿਸ਼ੇ ਵਿੱਚ ਤੂਤੀ ਬੋਲਦੀ ਸੀ । ਮੇਰੇ ਕੋਲ ਤਾਂ ਰੰਗ ਤੇ ਸਕੈੱਚ ਹੁੰਦੇ ਨਹੀਂ ਸਨ, ਨਾਲ਼ ਦੇ ਸਾਥੀਆਂ ਦੀ ਡਰਾਇੰਗ ਬਣਾ ਕੇ ਮੇਰਾ ਵੀ ਬੁਤਾ ਸਰ ਜਾਂਦਾ ਸੀ । ਆਪਣਾ ਡਰਾਇੰਗ ਦਾ ਸ਼ੌਂਕ ਲੋਕਾਂ ਦੇ ਸਿਰ ਹੀ ਪੂਰਾ ਕਰਦਾ ਸੀ । ਇੱਥੇ ਆ ਕੇ ਸਾਰਾ ਸ਼ੌਂਕ ਮਿੱਟੀ ਵਿੱਚ ਰੁਲ ਗਿਆ । ਇਸੇ ਸਾਲ ਇੱਕ ਹੋਰ ਪਹਾੜ ਸਿਰ ਟੁੱਟ ਪਿਆ, ਲਾਲਾ ਜੀ ਪੂਰੇ ਹੋ ਗਏ । ਪਾਪਾ ਦੇ ਨਾਲ਼ ਦੁਕਾਨ ਦੀ ਜਿੰਮੇਵਾਰੀ ਮੰਮੀ ਉੱਪਰ ਵੀ ਆ ਪਈ । ਪਾਪਾ ਨੇ ਕਰੀਬ ਦੋ ਸਾਲ ਪਹਿਲਾਂ ਸ਼ਰਾਬ ਛੱਡ ਦਿੱਤੀ ਸੀ । ਪਰ ਜਿੱਥੇ ਬੋਤਲ ਪੀ ਕੇ ਵੀ ਡਕਾਰ ਨਾ ਆਉਂਦਾ ਸੀ, ਉੱਥੇ ਸਰਸੇ ਵਾਲਾ ਬਾਬਾ ਵੀ ਕੀ ਕਰ ਦਿੰਦਾ ? ਤੋਟ ਲਗਦੀ,  ਸ਼ਰਾਬ ਦੀ ਥਾਂ ਗੋਲੀਆਂ ਨੇ ਲੈ ਲਈ । ਇਹ ਗੱਲ ਮੈਂ ਅੱਜ ਤੱਕ ਨਹੀਂ ਸਮਝ ਸਕਿਆ ਕਿ ਬਾਬੇ ਕੇਵਲ ਮਾਸ ਤੇ ਸ਼ਰਾਬ ਹੀ ਛੁਡਾਉਂਦੇ ਹਨ । ਬੀੜੀਆਂ, ਸਿਗਰਟਾਂ, ਗੋਲੀਆਂ ਤੇ ਹੋਰ ਨਸ਼ੇ ਜੋ ਕਿ ਸ਼ਰਾਬ ਨਾਲੋਂ ਕਿਤੇ ਭਿਆਨਕ ਹਨ, ਉਹ ਛੱਡਣ ਤੇ ਜ਼ੋਰ ਕਿਉਂ ਨਹੀਂ ਦਿੰਦੇ ? ਹਾਲਾਂਕਿ ਮੈਂ ਸਭ ਧਰਮਾਂ ਦਾ ਆਦਰ ਕਰਦਾ ਹਾਂ, ਪਰ ਮਨ ਦੇ ਇੱਕ ਕੋਨੇ ਵਿੱਚੋਂ ਆਵਾਜ਼ ਆਉਂਦੀ ਹੈ ਕਿ ਸ਼ਰਾਬ ਜਾਂ ਮਾਸ ਵਰਤਣ ਵਾਲਿਆਂ ਨਾਲੋਂ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਹੈ ਜੋ ਬਾਕੀ ਸਭ ਪ੍ਰਕਾਰ ਦੇ ਨਸ਼ੇ ਕਰਦੇ ਹਨ । ਜੇਕਰ ਬਾਬੇ ਉਹਨਾਂ ਲੋਕਾਂ ਨੂੰ ਇਹਨਾਂ ਨਸ਼ਿਆਂ ਤੋਂ ਰੋਕਣ ਲਈ ਮੀਟ ਜਾਂ ਸ਼ਰਾਬ ਵਾਂਗ ਸਖ਼ਤੀ ਕਰਨਗੇ ਤਾਂ ਉਹਨਾਂ ਦੀ ਦੁਕਾਨਦਾਰੀ ਦਾ ਇੱਕ ਵੱਡਾ ਗ੍ਰਾਹਕ ਵਰਗ ਉਹਨਾਂ ਤੋਂ ਬੇ-ਮੁੱਖ ਹੋ ਜਾਵੇਗਾ । ਪਾਪਾ ਨੂੰ ਇੱਕ ਤਾਂ ਛੱਤੀ ਬਿਮਾਰੀਆਂ, ਉੱਤੋਂ ਗਰਕ ਜਾਣੀਆਂ ਗੋਲੀਆਂ, ਜਿੰਦਗੀ ਨਰਕ ਦਾ ਰੂਪ ਧਾਰਨ ਕਰ ਗਈ । ਦਾਦੀ ਦੇ ਭੈੜੇ ਸੁਭਾਅ ਨੇ ਅੱਡ ਮਾਤਾ ਦੀ ਜਿੰਦਗੀ ਨਰਕ ਕਰ ਰੱਖੀ ਸੀ । ਦਾਦੀ ਵੀ ਕੀ ਕਰਦੀ ? ਸੱਤ ਪੁੱਤ ਉਸਦੇ ਸਾਹਮਣੇ ਤੁਰ ਗਏ ਸਨ, ਜੀਵਨ ਸਾਥੀ ਵੀ ਮੰਝਧਾਰ ਵਿੱਚ ਛੱਡ ਗਿਆ । ਹੁਣ ਅੱਠਵਾਂ ਪੁੱਤ ਅੱਡ ਬਿਮਾਰੀਆਂ ਤੇ ਹਾਲਾਤਾਂ ਦਾ ਮਾਰਿਆ ਜਿੰਦਗੀ ਨੂੰ ਧੱਕੇ ਦੇ ਰਿਹਾ ਸੀ । ਕੱਲੇ-ਕੱਲੇ ਅੱਠਵੇਂ ਨੂੰ ਲੋੜ ਨਾਲੋਂ ਵੱਧ ਲਾਡ ਪਿਆਰ ਮਿਲਿਆ, ਜਿਸ ਕਰਕੇ ਇਹ ਹਾਲਾਤ ਪੇਸ਼ ਆਏ ਹੋਏ ਸਨ । ਧੰਨ ਜੇਰਾ ਮੇਰੀ ਮਾਤਾ ਦਾ, ਉਹਨਾਂ ਹਾਲਤਾਂ ਵਿੱਚ ਵੀ ਮੈਂ ਉਸਨੂੰ ਕਦੇ ਡੋਲਦਿਆਂ ਨਹੀਂ ਦੇਖਿਆ । ਉਸਨੇ ਹਰ ਹਾਲਾਤ ਦਾ ਮੁਕਾਬਲਾ ਡੱਟ ਕੇ ਕੀਤਾ ।

ਜੇਠ ਹਾੜ੍ਹ ਦੇ ਮਹੀਨੇ, ਤਿੱਖੜ ਦੁਪਹਿਰੇ ਸਕੂਲੋਂ ਛੁੱਟੀ ਹੁੰਦੀ ਸੀ । ਰੇਹ ਵਾਲੇ ਗੱਟੇ ਦੇ ਬਣਾਏ ਬਸਤੇ ਵਿੱਚ ਤੁੰਨ-ਤੁੰਨ ਕੇ ਭਰੀਆਂ ਕਿਤਾਬਾਂ ਚੁੱਕ ਕੇ ਚਾਰ-ਪੰਜ ਕਿਲੋਮੀਟਰ ਤੁਰ ਕੇ ਜਾਣਾ, ਕਾਲੇ ਪਾਣੀ ਬਰਾਬਰ ਸੀ । ਰਾਹ ਵਿੱਚ ਦੋ ਕਿਲੋਮੀਟਰ ਤੱਕ ਕੋਈ ਅਜਿਹਾ ਦਰਖਤ ਨਹੀਂ ਸੀ, ਜਿਸਦੀ ਛਾਵੇਂ ਘੜੀ-ਦੋ ਘੜੀ ਬੈਠਿਆ ਜਾ ਸਕਦਾ । ਇੱਕ ਵਾਰੀ ਬਰਸਾਤ ਨੇ ਰਸਤੇ ਵਿੱਚ ਘੇਰ ਲਿਆ । ਤੇਜ਼ ਹਵਾਵਾਂ, ਝੱਖੜ ਤੇ ਨਾਲ਼ ਮੋਟੇ-ਮੋਟੇ ਗੜੇ । ਇਸ ਮੌਸਮ ਨੇ ਜੋ ਗ਼ਤ ਬਣਾਈ, ਉਹ ਮੈਂ ਹੀ ਜਾਣਦਾ ਹਾਂ। ਉੱਪਰ ਡਿੱਗਦੀਆਂ ਮੀਂਹ ਦੀਆਂ ਮੋਟੀਆਂ ਮੋਟੀਆਂ ਬੂੰਦਾਂ ਵਿੱਚ ਅੱਖਾਂ ਦਾ ਪਾਣੀ ਮਿਲਕੇ, ਰੋਈ ਜਾਂਦੇ ਦੇ ਖੁੱਲੇ ਮੂੰਹ ਵਿੱਚ ਪੈ ਕੇ ਮੂੰਹ ਦਾ ਸੁਆਦ ਖਾਰਾ ਜਿਹਾ ਕਰ ਰਿਹਾ ਸੀ । ਸੱਚ ! ਬਹੁਤ ਦਰਦ ਹੋ ਰਿਹਾ ਸੀ, ਜਦ ਉੱਪਰ ਡਲਿਆਂ ਵਰਗੇ ਗੜੇ ਵੱਜ ਰਹੇ ਸਨ ।

ਦਸਵੀਂ ਦਾ ਨਤੀਜਾ ਆ ਗਿਆ । ਕਲਾਸ ਵਿੱਚ ਜਵਾਂ ਲੋਲੀ ''ਪਰੈਟੀ" ਫ਼ਸਟ ਆਈ ਸੀ । ਬੋਰਡ ਤੇ ਨਾਂ ਲਿਖਵਾਉਣ ਦੀ ਮੇਰੀ ਸਧਰ ਵਿੱਚੇ ਹੀ ਰਹਿ ਗਈ । ਅੱਗੇ ਕੀ ਹੋਣਾ ਸੀ, ਇਹ ਤਾਂ ਭਵਿੱਖ ਦੇ ਗਰਭ ਵਿੱਚ ਸੀ ਪਰ ਰੋਜ਼ ਸਕੂਲ ਤੁਰ ਕੇ ਆਉਣ ਜਾਣ ਤੋਂ ਮੇਰਾ ਖਹਿੜਾ ਛੁੱਟ ਗਿਆ ਸੀ । ਦਸਵੀਂ ਕਰਕੇ ਆਈ. ਟੀ. ਆਈ. ਫਰੀਦਕੋਟ ਵਿਖੇ ਦਾਖ਼ਲਾ ਲੈ ਲਿਆ । ਆਈ. ਟੀ. ਆਈ. ਜਾਂਦਿਆਂ ਅਜੇ ਕੁਝ ਹਫ਼ਤੇ ਹੀ ਹੋਏ ਸਨ ਕਿ ਪਾਪਾ ਨੂੰ ਨਵੀਂ ਮੁਸੀਬਤ ਨੇ ਘੇਰ ਲਿਆ । ਉਹਨਾਂ ਦੀ ਗਰਦਨ ਤੇ ਇੱਕ ਵੱਡਾ ਸਾਰਾ ਫੋੜਾ ਨਿੱਕਲ ਆਇਆ । ਹੁਣ ਪਾਪਾ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪੈ ਗਿਆ ਤੇ ਮੰਮੀ ਦਾ ਇੱਕ ਪੈਰ ਹਸਪਤਾਲ ਤੇ ਦੂਜਾ ਪਿੰਡ ਦੁਕਾਨ ਤੇ । ਮੈਂ ਵੀ ਆਈ. ਟੀ. ਆਈ. ਨਾ ਜਾ ਸਕਿਆ ਤੇ ਉਥੋਂ ਨਾਂ ਕੱਟਿਆ ਗਿਆ । ਕਈ ਹਫ਼ਤਿਆਂ ਬਾਅਦ ਜਦ ਕਲਾਸ ਅਟੈਂਡ ਕਰਨ ਗਿਆ ਤਾਂ ਅਧਿਆਪਕ ਸਾਹਿਬਾਨ ਨੇ ਅਫ਼ਸੋਸ ਜ਼ਾਹਿਰ ਕਰਕੇ ਵਾਪਿਸ ਭੇਜ ਦਿੱਤਾ ਤੇ ਫਿਰ ਕੋਟਕਪੂਰੇ ਦੇ ਮਸ਼ਹੂਰ ਸਟੂਡੀਓ ਤੇ ਫੋਟੋਗਰਾਫ਼ੀ ਸਿੱਖਣੀ ਸ਼ੁਰੂ ਕਰ ਦਿੱਤੀ । ਕੁਝ ਮਹੀਨੇ ਹੋਏ ਸਨ ਸਿੱਖਦਿਆਂ, ਪਾਪਾ ਹਾਰਟ ਅਟੈਕ ਨਾਲ ਚੱਲ ਵਸੇ । ਮੈਨੂੰ ਕੰਮ ਸਿੱਖਣਾ ਛੱਡ ਕੇ ਪਿੰਡ ਵਾਲੀ ਦੁਕਾਨ ਤੇ ਹੀ ਆਉਣਾ ਪੈ ਗਿਆ । ਪਰ ਕਿੱਥੇ ਜੀ ਕਰਦਾ ਸੀ ਸਾਰਾ ਦਿਨ ਵਿਹੜੇ ਵਾਲਿਆਂ ਨਾਲ਼ ਮੱਥਾ ਮਾਰਨ ਨੂੰ ? ਮੁੜ ਸਟੂਡੀਉ ਤੇ ਆ ਗਿਆ ਤੇ ਉਸਨੇ ਮੇਰੀ ਤਨਖ਼ਾਹ 200 ਰੁਪਏ ਮਹੀਨਾ ਦੇਣੀ ਕਹੀ । ਹੁਣ ਤਾਂ ਸਟੂਡੀਉ ਵਿੱਚ ਹੀ ਰਹਿਣਾ ਪੈਂਦਾ, ਕਿਉਂ ਜੋ ਸਟੂਡੀਉ ਵਾਲਾ ਤਨਖ਼ਾਹ ਜੋ ਦੇਣ ਲੱਗ ਪਿਆ ਸੀ । ਰਾਤ ਨੂੰ ਫ਼ਰਸ਼ ਤੇ ਕੇਵਲ ਚਾਦਰ ਵਿਛਾ ਕੇ ਸੌਣਾ ਪੈਂਦਾ । ਸਖ਼ਤ ਫ਼ਰਸ਼ ਤੇ ਰਾਤ ਨੂੰ ਨੀਂਦ ਨਾ ਆਉਂਦੀ ਤੇ ਪਾਸੇ ਮਾਰ-ਮਾਰ ਰਾਤ ਲੰਘਦੀ । ਤੜਕੇ ਚਾਰ ਜਾਂ ਪੰਜ ਵਜੇ ਦਾ ਟਾਈਮ ਹੁੰਦਾ ਜਦ ਉੱਪਰੋਂ ਹਾਕਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ''ਰਾਜੂ (ਮੇਰਾ ਘਰ ਦਾ ਨਾਮ), ਮੋਟਰ ਚਲਾ ਦੇ" ਇਸ ਗੱਲ ਦੀ ਮੈਨੂੰ ਅੱਜ ਤੱਕ ਸਮਝ ਨਹੀਂ ਆ ਸਕੀ ਕਿ ਕੇਵਲ ਦਸ-ਜਾਂ ਪੰਦਰਾਂ ਪੌੜੀਆਂ ਉੱਤਰ ਕੇ ਇੱਕ ਸਵਿੱਚ ਨੱਪਣ ਦੀ ਬਜਾਏ, ਮੈਨੂੰ ਜਗਾਉਣ ਦੀ ਕੀ ਲੋੜ ਹੁੰਦੀ ਸੀ? ਜਦ ਕਿ ਉਹਨਾਂ ਦਾ ਤਾਂ ਉੱਠਣ ਦਾ ਟਾਈਮ ਹੋ ਹੀ ਜਾਂਦਾ ਸੀ । ਇੱਥੇ ਹੀ ''ਬੀਬੀ ਜੀ" ਬੱਸ ਨਹੀਂ ਕਰਦੇ ਸਨ । ਰਾਤ ਨੂੰ ਸਵੇਰ ਵਾਲੀ ਸਬਜ਼ੀ ਤੇ ਦੁਪਹਿਰੇ ਰਾਤ ਵਾਲੀ ਦਾਲ ਦੇਣਾ ਉਹਨਾਂ ਦਾ ਅਟੁੱਟ ਨਿਯਮ ਸੀ । ''ਤਰੀ ਵਾਲੀ ਚਾਹ" ਤਾਂ ਸੰਘ ਤੋਂ ਮਸਾਂ ਹੇਠਾਂ ਲੰਘਦੀ ਸੀ । ਜਦੋਂ ਕਿਸੇ ਵਿਆਹ ਆਦਿ ਤੇ ਫੋਟੋਗ੍ਰਾਫ਼ੀ ਕਰਨ ਜਾਣਾ ਹੁੰਦਾ ਸੀ ਤਾਂ ਇੱਕ ਦੋਸਤ ਦੀ ਦਿੱਤੀ ਪੈਂਟ ਸ਼ਰਟ ਨਾਲ ਕੰਮ ਚਲਦਾ ਸੀ । ਪੈਰਾਂ ਵਿੱਚ ਤਾਂ ਬਾਥਰੂਮ ਚੱਪਲ ਹੀ ਹੁੰਦੀ ਸੀ । ਇੱਕ ਵਾਰ ਚਲਦੇ ਫੰਕਸ਼ਨ ਤੇ ਟੁੱਟ ਗਈ ਤਾਂ ਬੜੀ ਕਿਰਕਰੀ ਹੋਈ । ਬੜੇ ਧੱਕੇ ਖਾਧੇ । ਇੱਕ ਵਾਰੀ ਜਦ ਪਿੰਡ ਆਇਆ ਹੋਇਆ ਸੀ ਤਾਂ ਸਲਾਹ ਕੀਤੀ ਕਿ ਜੇਕਰ ਆਪਣਾ ਕੈਮਰਾ ਲੈ ਲਵਾਂ ਤਾਂ ਪਿੰਡ ਦੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਮਿਲਣ ਲੱਗ ਪੈਣਗੇ । ਮਾਤਾ ਨਾਲ਼ ਰਿਸ਼ਤੇ ਵਿੱਚ ਲਗਦੇ ਤਾਏ ਤੋਂ ਪੈਸੇ ਪੁੱਛਣ ਲਈ ਵਿਚਾਰ ਹੋਈ ।

''ਅੰਕਲ ਜੀ, ਜੇਕਰ ਤੁਸੀਂ ਮੈਨੂੰ ਤਿੰਨ ਹਜ਼ਾਰ ਰੁਪਏ ਦੇ ਦਿਉ ਤਾਂ ਮੈਂ ਕੈਮਰਾ ਲੈ ਕੇ ਆਪਣਾ ਕੰਮ ਕਰ ਸਕਦਾ ਹਾਂ ।"

''ਤਨਖਾਹ 350 ਰੁਪੈ ਮਹੀਨਾ ਹੈ, ਦੁਕਾਨ ਤੇ ਕੰਮ ਨਹੀਂ ਹੈ । ਰਾਜੂ ਦੇ ਪਾਪਾ ਦਾ ਦਿੱਤਾ ਉਧਾਰ ਡੁੱਬ ਗਿਆ ਹੈ । ਕੰਮ ਚਲ ਜਾਵੇ, ਜਲਦੀ ਹੀ ਤੁਹਾਡੇ ਪੈਸੇ ਮੋੜ ਦਿਆਂਗੇ" ਕੋਲ ਬੈਠੀ ਮਾਤਾ ਨੇ ਮੇਰੀ ਗੱਲ ਪਕੇਰੀ ਕਰਨ ਦੀ ਕੋਸ਼ਿਸ਼ ਕੀਤੀ ।

''ਦੇਖ ਭਾਈ ਰਾਜੂ, ਮੈਂਡੇ ਕੋਲ ਇਸ ਟਾਈਮ ਤਾਂ ਪੈਸੇ ਹੈਨ ਨਹੀਂ । ਐਫ਼. ਡੀ. ਤੁੜਵਾਵਣੀ ਪੋਸੀ । ਜੱਦਣ ਮੈਂਡੇ ਕੋਲ ਪੈਸੇ ਆਸਣ, ਤੈਨੂੰ ਜ਼ਰੂਰ ਦੇਸਾਂ" ਰਫ਼ਿਊਜੀ ਤਾਏ ਨੇ ਆਪਣੀ ਸਾਰੀ ਬੈਲੈਂਸ ਸ਼ੀਟ ਸਾਹਮਣੇ ਰੱਖ ਦਿੱਤੀ ।

ਆਪ ਹੀ ਜਿਵੇਂ ਤਿਵੇਂ ਕੈਮਰਾ ਲੈ ਲਿਆ ਤੇ ਵਿਹੜੇ ਵਾਲੇ ਗੁਰਦੇਵ ਦੇ ਵਿਆਹ ਦਾ ਪਹਿਲਾ ਪ੍ਰੋਗਰਾਮ ਮਿਲਿਆ । ਬੱਸ ਬੋਹਣੀ ਹੀ ਡੁੱਬ ਗਈ । ਫੋਟੋਗਰਾਫ਼ੀ ਜੋ ਕਿ ਮੇਰੇ ਕਿੱਤੇ ਦੇ ਨਾਲ-ਨਾਲ ਮੇਰਾ ਸ਼ੌਂਕ ਵੀ ਬਣ ਚੁੱਕੀ ਸੀ, ਉਹ ਵੀ ਨਾਲ਼ ਹੀ ਛੁੱਟ ਗਈ । ਮੈਨੂੰ ਆਪਣੇ ਰੰਗ ਉਸ ਦਿਨ ਬਹੁਤ ਯਾਦ ਆਏ ਜਿਸ ਦਿਨ ਆਪਣੇ ਕੈਮਰੇ ਨੂੰ ਬੈਗ ਵਿੱਚ ਪਾ ਕੇ ਟਰੰਕ ਵਿੱਚ ਰੱਖ ਦਿੱਤਾ ।

ਘਰਾਂ 'ਚੋਂ ਸਾਡੇ ਇੱਕ ਹੋਰ ਚਾਚੇ ਨੇ ਮੈਨੂੰ ਆੜ੍ਹਤੀਆਂ ਦੀ ਦੁਕਾਨ ਤੇ ਭੇਜ ਦਿੱਤਾ ।

''ਬੱਸ ਕੰਮ ਕੋਈ ਖ਼ਾਸ ਨਹੀਂ ਕਰਨਾ । ਆਏ ਗਏ ਨੂੰ ਪਾਣੀ-ਧਾਣੀ ਪਿਆਉਣਾ, ਦਵਾਈ (ਪੈਸਟੀਸਾਈਡ) ਫੜਾਉਣਾ ਜਾਂ ਮੁਨੀਮ ਨੂੰ ਵਹੀਆਂ ਦੇਣੀਆਂ ।"

''............'' ਮੈਂ ਕੋਈ ਜੁਆਬ ਨਾ ਦਿੱਤਾ ਕਿਉਂਕਿ ਪਹਿਲਾਂ ਹੀ ਇਹ ਕੰਮ ਕਰਨ ਦਾ ਬਹੁਤ (ਨਾਕਾਮ) ਵਿਰੋਧ ਕਰ ਚੁੱਕਾ ਸੀ।

''ਇਹੀ ਕੰਮ ਹੈ । ਤੜਕੇ ਜਾ ਕੇ ਪਾਣੀ ਦਾ ਛਿੜਕਾ ਕਰਵਾ ਦਿਆ ਕਰੀਂ । ਛੇ ਸੌ ਰੁਪਇਆ ਮਹੀਨਾ ਤਨਖ਼ਾਹ ਦੇਣਗੇ" ਚਾਚੇ ਦੀ ਗੱਲ ਜਾਰੀ ਰਹੀ ।

ਆੜ੍ਹਤੀਆਂ ਦੇ ਜਾਣਾ ਸ਼ੁਰੂ ਕੀਤਾ । ਇੱਕ ਮਹੀਨਾ ਗੁਜ਼ਰਿਆ । ਪਹਿਲੀ ਤਨਖ਼ਾਹ ਆਉਣ ਦਾ ਸਮਾਂ ਆਇਆ । ਦੌ ਸੌ ਰੁਪਏ ਰੱਖਕੇ ਚਾਰ ਸੌ ਰੁਪਏ ਮਹੀਨਾ ਆੜ੍ਹਤੀਆਂ ਦੇ ਕਰਜ਼ੇ ਦੀ ਕਿਸ਼ਤ ਜਮ੍ਹਾ ਕਰਵਾਉਣੀ ਸ਼ੁਰੂ ਕੀਤੀ । ਕੁਝ ਸਮੇਂ ਬਾਅਦ ਅਕਾਊਂਟਸ ਸਿੱਖਣ ਦੀ ਸਲਾਹ ਬਣੀ/ਮਿਲੀ । ਮੁਨੀਮੀ ਸਿੱਖਣ ਲਈ ਦੋ ਸੌ ਰੁਪਏ ਮਹੀਨੇ ਫ਼ੀਸ ਜਮ੍ਹਾ ਕਰਵਾਉਣ ਦਾ ਨਵਾਂ ਵਖ਼ਤ ਪੈ ਗਿਆ । ਫੜ-ਫੜਾ ਕੇ ਫ਼ੀਸ ਦੇਣੀ ਸ਼ੁਰੂ ਕੀਤੀ । ਦੁਕਾਨ ਦੇ ਮੁਨੀਮ ਹਵਾ ਸਿੰਘ ਨੇ ਟੌਂਟ ਕੱਸੀ...

''ਤੂ ਕੇ ਸਮਝੇ ਹੈ, ਤਨੈਂ ਕੋਈ ਵਹੀਆਂ ਨੈ ਹਾਥ ਲਗਾਣ ਦੇਗਾ, ਮੁਨੀਮੀ ਸੀਖ ਕੈ ? ਯਾਦ ਰਾਖੀਓ, ਪਾਂਚ ਸਾਲ ਸੇ ਪਹਿਲੇ ਕੋਈ ਫਟਕਨੇ ਨਾ ਦੇਗਾ, ਪਾਸ ਮੈਂ ।"

ਕਈ ਸਾਲਾਂ ਬਾਅਦ ਜਦ ਕਿ ਮੈਂ ਵੀ ਅਕਾਉਂਟਸ ਦੀ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਤਾਂ ਮੁੜ ਹਵਾ ਸਿੰਘ ਦੇ ਦਰਸ਼ਨ ਹੋਏ ''ਅਰੈ ਗੁਲਾਟੀ, ਤੇਰੈ ਭਤੀਜੈ ਨੈ ਦਸਵੀਂ ਕਰ ਲੀ, ਮੁਨੀਮ ਸਿੱਖਣ ਖਾਤਰ ਤੇਰੈ ਕਣੈ ਭੇਜ ਦਿਆ ਕਰਾਂ ਕੇ?"

ਰੱਬ ਦੀ ਕਰਨੀ, ਅਕਾਊਂਟਸ ਸਿੱਖਣ ਤੋਂ ਤਿੰਨਾਂ ਸਾਲਾਂ ਦੇ ਵਿੱਚ-ਵਿੱਚ ਮੇਰੇ ਕੋਲ ਸੀਨੀਅਰ ਪੋਸਟ ਸੀ । ਸੀਨੀਅਰ ਪੋਸਟ ਨੂੰ ਕਿਹੜਾ ਜੱਜ ਲੱਗਣਾ ਸੀ, ਵੱਧ ਤੋਂ ਵੱਧ ਮੁਨੀਮ ਬਣ ਸਕਦਾ ਸੀ, ਉਹ ਗੱਦੀ ਮੇਰੇ ਕੋਲ ਆ ਗਈ । ਢਾਈ ਹਜ਼ਾਰ ਰੁਪਏ ਮਹੀਨਾ ਤਨਖ਼ਾਹ ਹੋ ਗਈ ਸੀ । ਮੁੜਕੇ ਤੇਤੀ ਸੌ, ਪੰਜ ਹਜ਼ਾਰ... ਲਗਦਾ ਸੀ ਕਿਸਮਤ ਨੂੰ ਕੁਝ ਰਹਿਮ ਆਉਣ ਲੱਗਾ ਸੀ । ਨਾਲ਼ ਹੀ ਅਕਾਊਂਟਸ ਦੀ ਟ੍ਰੇਨਿੰਗ ਦੇਣੀ ਵੀ ਸ਼ੁਰੂ ਕਰ ਦਿੱਤੀ । ਹਾਲਾਤ ਕੁਝ ਸੁਧਰਣ ਲੱਗੇ ਕਿ ਇਸੇ ਦੌਰਾਨ ਇੱਕ ਦਿਨ ਮੈਂ ਡਿੱਗ ਪਿਆ ਤੇ ਮੇਰੀ ਪਿੱਠ ਦੇ ਮਣਕੇ ਹਿਲ ਗਏ । ਕਈ ਸਾਲ ਕਦੇ ਦਰਦ ਨਾਲ ਜੂਝਦਾ ਰਿਹਾ, ਕਦੇ ਠੀਕ ਹੁੰਦਾ ਰਿਹਾ । ਅਜਿਹੇ ਦਿਨ ਵੀ ਆਏ ਜਦ ਕਿ ਰੋਜ਼ਾਨਾ ਕਿਰਿਆਵਾਂ ਲਈ ਚਾਰ ਕਦਮ ਤੁਰ ਕੇ ਜਾਣ ਲਈ ਵੀ ਦੋ ਜਣੇ ਸਹਾਰਾ ਦੇ ਕੇ ਲੈ ਜਾਂਦੇ ਰਹੇ । ਦਰਦ ਤੋਂ ਨਿਜ਼ਾਤ ਪਾਉਣ ਲਈ ਕੋਟਕਪੂਰੇ ਦੇ ਹੈੱਲਥ ਕਲੱਬ ਜਾਣਾ ਸ਼ੁਰੂ ਕਰ ਦਿੱਤਾ । ਮੇਰੀ ਬਦਕਿਸਮਤੀ ਦੇ ਰੂਪ ਵਿੱਚ ਉੱਥੇ ਕੋਚ ਮਿਲਿਆ, ਜਿਸ ਨਾਲ਼ ਅਜਿਹੀ ਯਾਰੀ ਪਈ ਕਿ ਕੁਝ ਸਮਾਂ ਪਾ ਕੇ ਉਸਨੇ ਮੈਨੂੰ ਬਰਬਾਦ ਕਰ ਦਿੱਤਾ । ਉਸਦੇ ਦਿਖਾਏ ਸੁਪਨਿਆਂ ਕਰਕੇ ਕਰਜ਼ਾ ਚੁੱਕ ਕੇ ਹੈੱਲਥ ਕਲੱਬ ਖੋਲਣ ਦਾ ਵਿਚਾਰ ਕਰ ਲਿਆ । ਕਲੱਬ ਖੋਲਣ ਲਈ ਲੱਖਾਂ ਰੁਪਏ ਉਸਦੇ ਹਵਾਲੇ ਕਰ ਦਿੱਤੇ । ਇਸ ਰੁਪਏ ਨੂੰ ਉਸਨੇ ਡਾਂਗਾ ਦੇ ਗਜ਼ ਮਿਣਿਆ । ਕਲੱਬ ਖੋਲਣ ਦੇ 20 ਦਿਨ ਬਾਅਦ ਫਰੀਦਕੋਟ ਤੋਂ ਕੋਟਕਪੂਰੇ ਜਾਂਦਿਆ ਰਾਹ ਵਿੱਚ ਐਕਸੀਡੈਂਟ ਹੋ ਗਿਆ । ਕਰੀਬ ਅੱਧਾ ਘੰਟਾ ਸੜਕ ਤੇ ਹੀ ਪਿਆ ਰਿਹਾ । ਮੇਰੇ ਨਾਲ ਦੇ ਬਜ਼ੁਰਗ ਨੇ, ਜੋ ਕਿ ਸੱਟਾਂ ਤੋਂ ਬਚ ਗਿਆ ਸੀ, ਲੋਕਾਂ ਦੇ ਬਥੇਰੇ ਹਾੜੇ ਕੱਢੇ, ਹੱਥ ਜੋੜੇ... ''ਇਸਨੂੰ ਕੋਈ ਹਸਪਤਾਲ ਲੈ ਜਾਓ, ਇਹ ਬੇਹੋਸ਼ ਪਿਆ ਹੈ, ਪਿਆ ਹੀ ਮਰਜੂਗਾ" ਪਰ ਕੌਣ ਕਿਸੇ ਦੀ ਬਲਦੀ ਵਿੱਚ ਹੱਥ ਪਾਉਂਦਾ ਹੈ? ਸਾਡੇ ਗੁਆਂਢੀਆਂ ਦੀ ਕੁੜੀ ਜੋ ਕਿ ਆਪਣੇ ਰਿਸ਼ਤੇਦਾਰਾਂ ਨਾਲ਼ ਚਿੰਤਪੁਰਨੀ ਤੋਂ ਵਾਪਸ ਆ ਰਹੀ ਸੀ, ਨੇ ਮੈਨੂੰ ਪਹਿਚਾਣ ਲਿਆ ।

''ਰਾਜੂ ਵੀਰੇ... ਰਾਜੂ ਵੀਰੇ... ਕੀ ਹੋ ਗਿਆ ਤੈਨੂੰ ??? ਮੈਂ ਹੁਣੇ ਆਂਟੀ ਹੋਰਾਂ ਨੂੰ ਭੇਜਦੀ ਆਂ" ਕਹਿ ਕੇ ਉਹਨਾਂ ਵੀ ਗੱਡੀ ਦੀ ਸੈਲਫ਼ ਮਾਰੀ ਤੇ ਘਰੇ ਸੁਨੇਹਾ ਦਿੱਤਾ ।

''ਰਾਜੂ ਦਾ ਐਕਸੀਡੈਂਟ ਹੋ ਗਿਆ, ਬਾਬੇ ਰੋਡੇ ਸ਼ਾਹ ਦੀ ਸਮਾਧ ਕੋਲੇ, ਜਲਦੀ ਜਾਓ" ਉਸ ਨੇ ਘਰ ਅੱਪੜ ਕੇ ਸੁਨੇਹਾ ਲਾ ਦਿੱਤਾ ।

ਘਰ ਦਿਆਂ ਦੇ ਐਕਸੀਡੈਂਟ ਵਾਲੀ ਜਗ੍ਹਾ ਤੇ ਪਹੁੰਚਣ ਤੋਂ ਪਹਿਲਾਂ ਹੀ ਰੱਬ ਨੇ ਫਰਿਸ਼ਤੇ ਭੇਜ ਦਿੱਤੇ ।  ਆਰਮੀ ਦੇ ਮੇਜਰ ਸ਼੍ਰੀ ਏ.ਕੇ. ਤਨੇਜਾ ਆਪਣੇ ਪਰਿਵਾਰ ਸਮੇਤ ਕੋਟਕਪੂਰਾ ਫਿਲਮ ਦੇਖਣ ਗਏ ਸਨ ਪਰ ਟਿਕਟਾਂ ਨਾ ਮਿਲਣ ਕਰਕੇ ਡਿਨਰ ਕਰਕੇ ਹੀ ਵਾਪਸ ਆ ਰਹੇ ਸਨ । ਤਨੇਜਾ ਪਰਿਵਾਰ ਨੇ ਚੁੱਕ ਕੇ ਆਪਣੀ ਗੱਡੀ ਵਿੱਚ ਪਾਇਆ ਤੇ ਕੋਟਕਪੂਰਾ ਹਸਪਤਾਲ ਵਿੱਚ ਲੈ ਆਏ । ਡਾਕਟਰ ਘਰ ਦਿਆਂ ਦੇ ਨਾ ਹੋਣ ਕਰਕੇ ਹੱਥ ਪਾਉਣ ਤੋਂ ਝਿਜਕ ਰਿਹਾ ਸੀ ।

''ਡਾਕਟਰ ਸਾਹਿਬ, ਮੈਂ ਇਸਦੇ ਘਰ ਦਾ ਬੈਠਾ ਹਾਂ, ਤੁਸੀਂ ਇਲਾਜ ਸ਼ੁਰੂ ਕਰੋ" ਮੇਜਰ ਸਾਹਿਬ ਨੇ ਇਲਾਜ ਸ਼ੁਰੂ ਕਰਵਾ ਦਿੱਤਾ ।

ਮੈਂ ਬਚ ਗਿਆ ਸਾਂ । ਪਰ ਮੰਜੇ ਨਾਲ਼ ਗੂੜ੍ਹੀ ਰਿਸ਼ਤੇਦਾਰੀ ਪੈ ਗਈ ।

ਹੈੱਲਥ ਕਲੱਬ ਵਿੱਚ ਫਰੀਦਕੋਟੀਏ ਹਿੱਸੇਦਾਰ ਨੇ ਚੰਗਾ ਰਗੜਾ ਫੇਰ ਦਿੱਤਾ । ਫੀਸਾਂ ਬਾਹਰ ਦੀ ਬਾਹਰ ਫਰੀਦਕੋਟ ਜਾਣ ਲੱਗ ਪਈਆਂ । ਮੁੜਕੇ ਮਸਾਂ ਹੀ ਖਹਿੜਾ ਛੁੜਾਇਆ । ਕਲੱਬ ਨੇ ਸੜਕ ਤੇ ਲੈ ਆਂਦਾ । ਪੰਜ ਕੁ ਸਾਲ ਪਹਿਲਾਂ ਹੀ ਅਸੀਂ ਮੀਆਂ ਬੀਵੀ ਨੇ ਕਈ ਰਾਤਾਂ ਭੁੱਖੇ ਰਹਿ ਕੇ ਕੱਟੀਆਂ ਸਨ । ਬੇਟੀ ਤਨੀਸ਼ਾ ਛੋਟੀ ਸੀ, ਉਸਨੂੰ ਕਦੇ ਥੋੜੇ ਜਿਹੇ ਚਾਵਲ ਤੇ ਕਦੇ ਹੋਰ ਕੋਈ ਜੁਗਾੜ ਕਰਕੇ ਸਕੂਲ ਭੇਜਦੇ । ਨੌਕਰੀ ਤੇ ਦੁਪਹਿਰ ਦੀ ਰੋਟੀ ਲਿਆਉਣੀ ਬੰਦ ਕਰ ਦਿੱਤੀ । ਬਹਾਨਾ ਮਾਰਿਆ ਕਿ ਪੇਟ ਵਧਣ ਲੱਗ ਪਿਆ ਹੈ, ਇਸ ਲਈ ਦੁਪਹਿਰ ਦੀ ਰੋਟੀ ਬੰਦ ਕਰ ਦਿੱਤੀ ਹੈ । ਅੱਜ ਇੱਕੀਵੀਂ ਸਦੀ ਵਿੱਚ ਇਹ ਇੱਕ ਭਿਆਨਕ ਸੁਪਨੇ ਦੀ ਤਰਾਂ ਲੱਗਦਾ ਹੈ ਕਿ ਭੁੱਖੇ ਢਿੱਡ ਰਾਤਾਂ ਕੱਟੀਆਂ ਹੋਣ । ਸ਼ੁਕਰ ਹੈ ਸੱਚੇ ਪਾਤਸ਼ਾਹ ਦਾ ਕਿ ਉਸਨੇ ਸਾਨੂੰ ਦੋਹਾਂ ਜੀਆਂ ਨੂੰ ਬਹੁਤ ਸਬਰ ਸੰਤੋਖ ਬਖਸ਼ਿਆ ਤੇ ਉਹ ਭਿਆਨਕ ਸਮਾਂ ਗੁਜ਼ਰ ਚੁੱਕਾ ਹੈ । ਫਿਰ ਫਰੀਦਕੋਟ ਆ ਗਏ, ਬਾਬਾ ਫਰੀਦ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ । ਫਰਵਰੀ 2006 ਦੇ ਆਖਰੀ ਹਫ਼ਤੇ ਵਿੱਚ ਆਪਣੀ ਅਣਖ ਤੇ ਠੋਕਰ ਲੱਗਣ ਕਰਕੇ ਮੈਂ ਨੌਕਰੀ ਛੱਡ ਦਿੱਤੀ । ਇਸ ਸਮੇਂ ਮੈਂ ਆਪਣਾ ਕੰਮ ਕਰਨ ਦੀ ਸਲਾਹ ਕੀਤੀ ਤੇ ਦਫ਼ਤਰ ਲਈ ਜਗ੍ਹਾ ਦੇਖਣੀ ਸ਼ੁਰੂ ਕੀਤੀ । ਦਫ਼ਤਰ ਅਜੇ ਖੋਲ੍ਹਿਆ ਨਹੀਂ ਸੀ ਕਿ ਛੋਟੀ ਬੇਟੀ ਗਰਿਮਾ ਵੀ ਸਾਡੀ ਜਿੰਦਗੀ ਵਿੱਚ ਆ ਗਈ । ਅਕਾਊਂਟਸ ਟ੍ਰੇਨਿੰਗ ਦਾ ਆਪਣਾ ਦਫ਼ਤਰ, ਚਾਰ ਕੁ ਕੁਰਸੀਆਂ ਤੇ ਇੱਕ ਮੇਜ਼ ਰੱਖ ਕੇ ਸ਼ੁਰੂ ਕੀਤਾ, ਉਹ ਵੀ ਘਰੋਂ ਚੁੱਕ ਕੇ ਕਿਉਂਕਿ ਖਰੀਦਣ ਦੀ ਹਿੰਮਤ ਨਹੀਂ ਸੀ । ਦਿਨ ਰਾਤ ਮਿਹਨਤ ਕੀਤੀ ਤੇ ਰੱਬ ਨੇ ਸਾਡੀ ਮਿਹਨਤ ਨੂੰ ਰੰਗ ਭਾਗ ਲਾਏ ਤੇ ਕੁਝ ਪੈਸੇ ਜੋੜ ਕੇ ਕੰਪਿਊਟਰ ਲੈ ਲਏ । ਇੱਕ ਦੋ ਸਾਫ਼ਟਵੇਅਰ ਕੰਪਨੀਆਂ ਦੀ ਡੀਲਰਸ਼ਿਪ ਵੀ ਲੈ ਲਈ । ਅਜੇ ਬਹੁਤਾ ਸਮਾਂ ਨਹੀਂ ਹੋਇਆ ਇਹਨਾਂ ਗੱਲਾਂ ਬਾਤਾਂ ਨੂੰ, ਕੇਵਲ ਦੋ-ਢਾਈ ਸਾਲ ਹੀ ਹੋਏ ਹਨ । ਲੋਕ ਕਹਿੰਦੇ ਹਨ ਕਿ ਦੂਜੀ ਬੇਟੀ ਵਾਰੀ ਚੈੱਕਅਪ ਕਿਉਂ ਨਹੀਂ ਕਰਵਾਇਆ । ਮੇਰਾ ਰੱਬ ਜਾਣਦਾ ਹੈ ਕਿ ਮੈਂ ਉਹਨਾਂ 'ਚੋਂ ਨਹੀਂ ਹਾਂ ਜੋ ਗੁੜ ਖਾ ਕੇ ਗੁੜ ਨਾ ਖਾਣ ਦੀ ਸਿੱਖਿਆ ਦਿੰਦੇ ਹਨ । ਇੱਕ ਪਾਸੇ ਤਾਂ ਭਰੂਣ ਹੱਤਿਆ ਦੇ ਵਿਰੁੱਧ ਲੇਖ ਜਾਂ ਕਹਾਣੀਆਂ ਲਿਖੋ, ਗੱਲੀਂ-ਬਾਤੀਂ ਪ੍ਰਚਾਰ ਕਰੋ ਤੇ ਜਦੋਂ ਆਪਣੇ ਘਰ ਦੀ ਗੱਲ ਹੋਵੇ ਤਾਂ ਚੱਲੋ ਡਾਕਟਰ ਕੋਲ । ਆਪਣੇ ਤੋਂ ਤਾਂ ਬਾਈ ਸਿਆਂ, ਇਉਂ ਹੁੰਦਾ ਨਹੀਂ । ਸਾਫ਼ ਸਪੱਸ਼ਟ ਜਿਹਾ ਲੱਲੂ ਵਹਿਣ ਰੱਖਿਆ ਹੋਇਆ ਹੈ ਕਿ ਕਥਨੀ ਤੇ ਕਰਨੀ 'ਚ ਅੰਤਰ ਨਾ ਹੋਵੇ, ਇਹ ਨਾ ਹੋਵੇ ਕਿ ਲੂਣ 'ਚ ਹੀ ਆਟਾ ਰਲਾਈ ਜਾਓ । ਮਾਂ ਨੇ ਸਦਾ ਮਿਹਨਤ ਤੇ ਇਮਾਨਦਾਰੀ ਦੀ ਸਿੱਖਿਆ ਦਿੱਤੀ ਤੇ ਉਸੇ ਕਿੱਲੇ ਤੇ ਕਾਇਮ ਹਾਂ । ਜੇਕਰ ਅੱਜ ਰੰਗ ਭਾਗ ਲੱਗੇ ਹਨ ਤਾਂ ਸਾਡੀ ਸਾਫ਼ ਸਪੱਸ਼ਟ ਨੀਅਤ ਨੂੰ, ਰੱਬ ਦੇ ਭਾਣੇ ਵਿੱਚ ਰਹਿਣ ਨੂੰ ਤੇ ਸਾਡੇ ਸਬਰ ਨੂੰ । ਅੱਜ ਤੱਕ ਦਸਾਂ ਨੌਹਆਂ ਦੀ ਕਿਰਤ ਕਮਾਈ ਨਾਲ਼ ਜੋ ਪੂੰਜੀ ਇੱਕਠੀ ਕੀਤੀ ਸੀ, ਉਹ ਆਸਟ੍ਰੇਲੀਆ ਆਉਣ 'ਚ ਲੱਗ ਗਈ । ਅੱਜ ਫਿਰ ਚਲਦੇ ਰਸਤੇ ਦੇ ਰਾਹੀ ਬਣੇ ਬੈਠੇ ਹਾਂ, ਪਤਾ ਹੈ ਕਿ ਮੁੜ ਲੱਕ-ਤੋੜ ਮਿਹਨਤ ਕਰਨੀ ਹੋਵੇਗੀ ਪਰ ਕੋਈ ਨਾ, ਸਾਡੀ ਮਾਤਾ ਦਾ ਆਸ਼ੀਰਵਾਦ ਨਾਲ ਹੈ । ਉਸੇ ਮਾਤਾ ਦੇ ਝੁਰੜੀਆਂ ਪੈ ਰਹੇ ਚਿਹਰੇ ਤੇ ਇੱਕ ਮੁਸਕਾਨ ਦੇਖਕੇ ਰੱਬ ਦਾ ਸ਼ੁਕਰੀਆ ਅਦਾ ਕਰਨ ਨੂੰ ਜੀਅ ਕਰਦਾ ਹੈ । ਇੱਕ ਹੌਸਲਾ ਮਿਲਦਾ ਹੈ, ਕੁਝ ਨਵਾਂ ਕਰਨ ਦਾ ਜਨੂੰਨ ਪੈਦਾ ਹੁੰਦਾ ਹੈ, ਜਦ ਸਮੁੰਦਰੋਂ ਪਾਰ ਹਜ਼ਾਰਾਂ ਮੀਲ ਦੂਰ ਰਹਿ ਰਹੀਆਂ ਫੁੱਲਾਂ ਵਰਗੀਆਂ ਮਾਸੂਮ ਬੇਟੀਆਂ ਅੱਠ ਸਾਲਾ ਤਨੀਸ਼ਾ ਤੇ ਤਿੰਨ ਸਾਲਾ ਗਰਿਮਾ ਫੋਨ ਤੇ ਮਿਲਦੀਆਂ ਹਨ । ਛੋਟੀ ਗਰਿਮਾ ਨੂੰ ਤਾਂ ਅਜੇ ਪਤਾ ਵੀ ਨਹੀਂ ਕਿ ਉਸਦੇ ਮੰਮੀ-ਪਾਪਾ ਕਿੱਥੇ ਹਨ ? ਜਦ ਵੀ ਫੋਨ ਤੇ ਮਿਲਦੀ ਹੈ, ਕਹਿੰਦੀ ਹੈ ''ਘਰ ਆ ਜਾਓ ਪਾਪਾ, ਨਹੀਂ ਤਾਂ ਮੈਂ ਆਫ਼ਿਸ ਆ ਜਾਵਾਂ ?" ਉਸ ਮਾਸੂਮ ਨੂੰ ਤਾਂ ਸੁੱਤੇ ਪਇਆਂ ਨੂੰ ਹੀ ਛੱਡ ਕੇ ਆਏ ਸਾਂ ਤੇ ਅੱਜ ਤੱਕ ਇਹੀ ਸਮਝਦੀ ਹੈ ਕਿ ਅਸੀਂ ਦੋਵੇਂ ਆਫ਼ਿਸ ਗਏ ਹੋਏ ਹਾਂ । ਉਸ ਦੀ ਗੱਲ ਸੁਣ ਕੇ ਦਿਲ ਚਾਕ-ਚਾਕ ਹੋ ਜਾਂਦਾ ਹੈ, ਪਰ ਕਰਾਂ ਤਾਂ ਕੀ ਕਰਾਂ ? ਆਸਟ੍ਰੇਲੀਆ ਆਉਣ ਦਾ ਫੈਸਲਾ ਗ਼ਲਤ ਹੈ ਜਾਂ ਸਹੀ, ਇਹ ਤਾਂ ਸਮਾਂ ਹੀ ਦੱਸੇਗਾ ਪਰ ਇਹ ਫੈਸਲਾ ਬੇਟੀਆਂ ਦੇ ਭਵਿੱਖ ਨੂੰ ਮੱਦੇ-ਨਜ਼ਰ ਰੱਖ ਕੇ ਕੀਤਾ ਹੈ । ਅੱਜ ਤਾਂ ਇਹੀ ਜਾਪ ਰਿਹਾ ਹੈ ਕਿ ਬੱਚਿਆਂ ਦੇ ਭਵਿੱਖ ਲਈ ਆਪਣਾ ਵਰਤਮਾਨ ਹਨੇਰੇ 'ਚ ਡੋਬ੍ਹ ਬੈਠਾ ਹਾਂ । ਮਾਤਾ ਤੇ ਬੱਚਿਆਂ ਨੂੰ ਕੁਝ ਮਹੀਨਿਆਂ ਬਾਅਦ ਆਪਣੇ ਕੋਲ ਬੁਲਾਉਣ ਦਾ ਪ੍ਰੋਗਰਾਮ ਸੀ, ਪਰ ਆਸਟ੍ਰੇਲੀਆ ਦੇ ਕੰਮ-ਕਾਰ ਦੇ ਹਾਲਾਤ ਤੇ ਖਰਚਿਆਂ ਦੀ ਰਫ਼ਤਾਰ ਦੇਖਕੇ ਫਿਲਹਾਲ ਇਹ ਪ੍ਰੋਗਰਾਮ ਮੁਲਤਵੀ ਕਰਨਾ ਪੈ ਗਿਆ । ਬੱਚਿਆਂ ਦੀ ਜਿੰਮੇਵਾਰੀ ਛੋਟੇ ਭਾਈ ਪ੍ਰੇਮ ਤੇ ਉਸਦੀ ਪਤਨੀ ਬਿੰਦੂ ਨੇ ਸੰਭਾਲ ਲਈ ਹੈ । ਮੰਜ਼ਿਲ ਕਿਤੇ ਨਜ਼ਰ ਨਹੀਂ ਆ ਰਹੀ । ਪੈਂਡਾ ਅਜੇ ਬਹੁਤ ਲੰਬਾ ਹੈ ਪਰ ਮੰਜ਼ਿਲ ਸਰ ਕਰਨ ਦਾ ਹੌਸਲਾ ਵੀ ਬੁਲੰਦ ਹੈ!!!

ਰਿਸ਼ੀ ਗੁਲਾਟੀ, ਮੈਲਬੌਰਨ (ਆਸਟਰੇਲੀਆ)
ਮੋਬਾਇਲ : +61 433 442 722
ਈ ਮੇਲ : rishi22722@yahoo.com
*****
13 ਮਈ 2009

ਰਿਸ਼ੀ ਗੁਲਾਟੀ, ਫਰੀਦਕੋਟ ਦੀਆਂ ਲਿਖਾਰੀ ਵਿੱਚ ਪ੍ਰਕਾਸ਼ਿਤ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.