ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

Download Punjabi Fonts English Shahmukhi Devnagri

 ਅਜੋਕਾ ਵਾਧਾ:: 26 January, 2010

ਲੇਖ/ਖੋਜ/ਵਿਚਾਰ/ਰੀਵੀਊ/ਆਲੋਚਨਾ

ਡਾ: ਰਤਨ ਰੀਹਲ

 ਰੀਵਿਊ:

ਡਾ. ਹਰੀਸ਼ ਮਲਹੋਤਰਾ ਦੀ ਪੁਸਤਕ
'ਰਿਸ਼ਤਿਆਂ ਦਾ ਕਤਲ'
-ਡਾ: ਰਤਨ ਰੀਹਲ-



ਪੁਸਤਕ ਦਾ ਨਾਮ: ਰਿਸ਼ਤਿਆਂ ਦਾ ਕਤਲ (ਕਹਾਣੀ ਸੰਗ੍ਰਹਿ)
ਕਹਾਣੀਕਾਰ: ਡਾ: ਹਰੀਸ਼ ਮਲਹੋਤਰਾ
ਮਿਲਣ ਦਾ ਪਤਾ: ਵਿਸ਼ਵਭਾਰਤੀ ਪ੍ਰਕਾਸ਼ਨ।
ਕੱਚਾ ਕਾਲਜ ਰੋਡ, ਗਲੀ ਨੰ: 8, ਬਰਨਾਲਾ 241744
ਕੀਮਤ: ਪੇਪਰ ਬੈਕ: 70 ਰੁਪੈ। ਸਜਿਲਦ: 140 ਰੁਪੈ।

'ਰਿਸ਼ਤਿਆਂ ਦਾ ਕਤਲ' ਅਧੁਨਿਕ ਕਹਾਣੀ ਸੰਗ੍ਰਹਿ ਦੇ ਅੰਤਰਗਤ ਪੂਰਬੀ ਸੰਸਕ੍ਰਿਤੀ ਦੀ ਤਰਾਸਦੀ ਆਪਣਾ ਰੰਗ ਵਿਖਾਲਣ ਨੂੰ ਹੈ। ਇਹ ਕਹਾਣੀ ਸੰਗ੍ਰਹਿ ਪੱਛਮੀ ਸਮਾਜ ਦੀ ਮੈਥੁਨੀ
(Sexual) ਗੇਝ ਵਾਂਗ ਹੋਈ ਪੂਰਬੀ ਸੱਭਿਆਚਾਰ ਦੀ ਖੋਰੀ ਹੇਠਾਂ ਕਾਮ ਬਿਰਤੀ ਦੀ ਇੱਕ ਧੁਖਦੀ ਚੰਗਿਆੜੀ ਹੈ ਜਿਹੜੀ ਕਦੇ ਵੀ ਭਾਂੜੜ ਬਣ ਸਕਦੀ ਹੈ। ਪੂਰਬੀ ਸਮਾਜ ਦੇ ਬੱਚਿਆਂ ਦਾ ਉਨ੍ਹਾਂ ਦੇ ਸਤਿਕਾਰਤ ਰਿਸ਼ਤਿਆਂ ਵਲੋਂ ਹੋ ਰਿਹਾ ਗੁੱਪਤ ਅਤੇ ਅਵੈਧ ਯੋਨ ਸ਼ੋਸ਼ਨ ਵਿਰੁਧ ਪਾਠਕ ਨੂੰ ਲਾਮ ਬੱਧ ਕਰਨਾ ਇਸ ਪੁਸਤਕ ਦਾ ਮੁੱਖ ਮੰਤਵ ਹੈ। ਇਨ੍ਹਾਂ ਕਹਾਣੀਆਂ ਦਾ ਰਚਨਾਤਮਕ ਕਾਰਜ ਮਨੁੱਖਤਾ ਨੂੰ ਸੁਧਾਰਵਾਦੀ ਸੰਦੇਸ਼ ਦੇ ਕੇ ਆਦਰਸ਼ਕ ਲੀਹਾਂ ਉਪਰ ਚਲਣ ਲਈ ਪ੍ਰੇਰਿਤ ਕਰਦਾ ਹੈ। ਇਸ ਕਹਾਣੀ ਸੰਗ੍ਰਹਿ ਅੰਦਰ ਪਰਿਵਾਰਕ ਪ੍ਰੇਮ-ਪਿਆਰ, ਵਖਰੇਵਾਂ (Isolation) ਅਤੇ ਵਿਦਰੋਹ, ਭਾਈਚਾਰੇ ਵਿੱਚ ਸਾਂਝਾ ਅਤੇ ਪਾੜ੍ਹੇ ਅਤੇ ਰਿਸ਼ਤਿਆਂ ਦੀ ਟੁੱਟ ਭੱਜ ਵਰਗੀਆਂ ਸਮੱਸਿਆਵਾਂ ਅੰਕਿਤ ਹਨ। ਕਹਾਣੀ ਸੰਗ੍ਰਹਿ ਦੇ ਇਸ ਸੰਕਲਨ ਦੀਆਂ ਕਹਾਣੀਆਂ ਭਾਵੇਂ ਬਾਤਾਂ ਹੀ ਹਨ ਪਰ ਇਹ ਬਾਤਾਂ ਅਧੁਨਿਕ ਕਹਾਣੀ ਦੀਆਂ ਵਿਧਾਵਾਂ ਉਪਰ ਪੂਰੀਆਂ ਉਤਰਦੀਆਂ ਹਨ। ਵਿਸ਼ੇ ਭਾਵੇਂ ਕਾਮੁਕ ਚੇਸ਼ਟਾ ਨੂੰ ਪ੍ਰਗਟਾਉਦੇ ਹਨ ਪਰ ਉਨ੍ਹਾਂ ਦੇ ਘਾਤਕ ਨਤੀਜੇ ਪਾਠਕ ਨੂੰ ਅਜਿਹੀਆਂ ਵਾਰਦਾਤਾਂ ਨੂੰ ਦੁਹਰਾਉਣ ਤੋਂ ਵਰਜਿਤ ਕਰਦੇ ਹਨ। ਕਈਆਂ ਕਹਾਣੀਆਂ ਵਿੱਚ ਮਾਨਸਿਕ ਰੋਗੀ ਪਾਤਰਾਂ ਦੀ ਅੰਤਰਦਸ਼ਾ ਦੀ ਚਿਤਰਕਾਰੀ ਕਰਦਾ ਮਰਜ਼ ਦਾ ਇਲਾਜ ਕਰਦਾ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਡਾ: ਹਰੀਸ਼ ਆਪ ਮਨੋਵਿਗਿਆਨਕ ਚਿਕਿਸਤਕ ਹੁੰਦਾ ਹੈ। ਡਾ: ਹਰੀਸ਼ ਦਾ ਵਿਚਾਰ ਹੈ ਕਿ ਪਰਿਵਾਰ ਦੇ ਜੀਆਂ ਵਲੋਂ ਪਾਏ ਜਾ ਰਹੇ ਬੇਲੋੜੇ ਦਬਾਓ ਕਾਰਨ ਵਿਅੱਕਤੀ ਆਪਣੇ ਮਾਨਸਿਕ ਸੰਤੁਲਨ ਖੋਹ ਬੈਠਦੇ ਹਨ ਅਤੇ ਆਤਮ ਹੱਤਿਆ ਦੇ ਸ਼ਿਕਾਰ ਹੋ ਜਾਂਦੇ ਹਨ। ਸ਼ਬਦਾਵਲੀ ਰੁਮਾਂਟਿਕ ਅਤੇ ਪ੍ਰਭਾਵਸ਼ਾਲੀ ਹੈ। ਵਾਰਤਾਲਾਪ ਸੁਭਾਵਿਕ, ਸਰਲ ਅਤੇ ਨਾਟਕੀ ਹੈ। ਦ੍ਰਿਸ਼ ਚਿਤਰਣ ਨਾਲ ਪਾਠਕ ਆਪਣੇ ਆਪ ਨੂੰ ਘਟਨਾ ਸਥਾਨ ਉਪਰ ਹਾਜ਼ਰ ਸਮਝਦਾ ਹੈ। ਇਹ ਕਹਾਣੀਆਂ ਪਾਠਕ ਨੂੰ ਮਰਿਯਾਦਾ ਪ੍ਰਸ਼ੋਤਮ ਬਣਾਉਦੀਆਂ ਹਨ। ਇਨ੍ਹਾਂ ਕਹਾਣੀਆਂ ਰਾਹੀਂ ਦੱਬੀ ਕੁਚਲੀ ਔਰਤ ਦੇ ਗੌਰਵ ਨੂੰ ਉਪਰ ਚੁੱਕ ਕੇ ਮਰਦ ਦੇ ਹਾਣ ਦਾ ਕੀਤਾ ਗਿਆ ਹੈ ਅਤੇ ਮਰਦ ਤੋਂ ਉਚੀਆਂ ਉਠੀਆਂ ਔਰਤਾਂ ਨੂੰ ਸਮਝਾ ਕੇ ਮਰਦ ਦੇ ਗੌਰਵ ਦੇ ਬਰਾਬਰ ਦਾ ਕੀਤਾ ਹੈ। ਆਜ਼ਾਦ ਹੋਈਆਂ ਔਰਤਾਂ ਆਪਣੇ ਸਿਤਮ ਦੇ ਕ੍ਰਿਸ਼ਮੇ ਮਰਦ ਜਾਤ ਨੂੰ ਵਿਖਾਉਦੀਆਂ ਹਨ ਅਤੇ ਦੱਬੀ ਕੁਚਲੀ ਔਰਤ ਆਪਣੇ ਹੱਕ ਪਰਾਪਤੀ ਲਈ ਚਰਿਤਰ ਕਰਦੀ ਪਰਿਵਾਰਕ ਬੰਧਨਾਂ ਵਿੱਚ ਪਜੀਸੀ ਜਾ ਰਹੀ ਹੈ। ਘਟਨਾਵਾਂ, ਦੁਰ-ਘਟਨਾਵਾਂ ਅਤੇ ਸਮੱਸਿਆਵਾਂ ਯਥਾਰਥਕ ਹੋਣ ਕਰਕੇ ਹਰ ਵਿਅੱਕਤੀ ਦੇ ਮਨ ਨੂੰ ਭਾਉਦੀਆਂ ਉਨ੍ਹਾਂ ਨੂੰ ਇੰਝ ਪ੍ਰਤੀਤ ਹੁੰਦੀਆਂ ਹਨ ਕਿ ਜਿਵੇਂ ਇਹ ਘਟਨਾਵਾਂ ਉਨਾਂ ਦੇ ਲਾਗੇ ਹੀ ਵਾਪਰ ਰਹੀਆਂ ਹੋਣ ਅਤੇ ਅੰਕਿਤ ਸਮੱਸਿਆਵਾਂ ਨੂੰ ਉਨ੍ਹਾਂ ਦਾ ਅਚੇਤਨ ਮਨ ਜਿਵੇਂ ਪਹਿਲਾਂ ਤੋਂ ਹੀ ਜਾਣਦਾ ਹੋਵੇ। ਪਾਠਕ ਇੱਕ ਵਾਰ ਪੁਸਤਕ ਪੜ੍ਹਨੀ ਸ਼ੁਰੂ ਕਰ ਦੇਵੇ ਤਾਂ ਖਤਮ ਕਰਨੇ ਤੋਂ ਪਹਿਲਾਂ ਹਟ ਨਹੀਂ ਸਕਦਾ। ਪੁਸਤਕ ਵਿੱਚ ਕਹਾਣੀਆਂ ਏਨੀਆਂ ਰੌਚਿਕ ਹਨ ਕਿ ਪਾਠਕਾਂ ਦਾ ਪੁਸਤਕ ਪੜ੍ਹਨ ਤੋਂ ਮਨ ਅਵੇਸਲਾ ਕਦੇ ਨਹੀਂ ਹੁੰਦਾ। ਇਸੇ ਕਰਕੇ ਇਹ ਕਹਾਣੀ ਸੰਗ੍ਰਹਿ ਪੰਜਾਬੀ ਜਗਤ ਵਿੱਚ ਮੁਲਵਾਨ ਹੈ। ਪੰਜਾਬੀ ਸਾਹਿਤ ਅੰਦਰ ਇਸ ਪੁਸਤਕ ਦਾ ਆਗਮਾਨ ਬਹੁਤ ਸ਼ਲਾਘਾਯੋਗ ਹੈ। ਇਹ ਪੁਸਤਕ ਪੰਜਾਬੀ ਪਾਠਕਾਂ ਦੇ ਦਿਲਾਂ ਦੀ ਧੜਕਣ ਹੈ। ਇਹ ਪੁਸਤਕ ਪੰਜਾਬੀ ਵਿੱਚ ਛਪੀਆਂ ਆਮ ਪੁਸਤਕਾਂ ਨਾਲੋਂ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਪੁਸਤਕ ਹੈ। ਪੰਜਾਬੀ ਸਾਹਿਤ ਨੂੰ ਇਸ ਪੁਸਤਕ ਦੀ ਇੱਕ ਹੋਰ ਵੀ ਦੇਣ ਹੈ ਕਿ ਇਹ ਪੁਸਤਕ ਪੰਜਾਬੀ ਸਾਹਿਤ ਨੂੰ ਪੜ੍ਹਨ ਵਾਲੇ ਹੋਰ ਪਾਠਕ ਵੀ ਪੈਦਾ ਕਰੇਗੀ। ਇਸ ਲੇਖ ਵਿੱਚ ਲਿਖੇ ਮੇਰੇ ਵਿਚਾਰਾਂ ਨੂੰ ਪਰਖਣ ਵਾਸਤੇ ਪਾਠਕ ਇਹ ਕਹਾਣੀ ਸੰਗ੍ਰਹਿ ਆਪ ਪੜ੍ਹ ਕੇ ਲੁਤਫ ਅੰਦੋਜ਼ ਹੋਣ। ਅੰਤ ਵਿੱਚ ਮੈਂ ਇਹ ਗੱਲ ਵਰਨਣ ਕਰਨਾ ਚਾਹੁੰਦਾ ਹਾਂ ਕਿ ਡਾ: ਹਰੀਸ਼ ਮਲਹੋਤਰਾ ਦਾ ਆਪਣਾ ਚਰਿਤਰ ਬੜਾ ਆਦਰਸ਼ਕ ਹੈ, ਨਹੀਂ ਤਾਂ ਅਜਿਹੀਆਂ ਅਸ਼ਲੀਲ ਦ੍ਰਿਸ਼ਾਂ ਦੀ ਭਿਣਕ ਪੈਣ ਨਾਲ ਤਾਂ ਵੱਡੇ ਵੱਡੇ ਤਪੱਸਵੀਆਂ ਦੀਆਂ ਸਮਾਧੀਆਂ ਖੁੱਲ੍ਹ ਗਈਆਂ ਸਨ।

ਰੀਵਿਊਕਾਰ: ਡਾ: ਰਤਨ ਰੀਹਲ

***********************
(18 ਮਈ 2009) ਯੂਨੀਕੋਡ

ਡਾ: ਰਤਨ ਰੀਹਲ ਦੀਆਂ ਲਿਖਾਰੀ ਵਿੱਚ ਪ੍ਰਕਾਸ਼ਿਤ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

e-mail:
ਲਿਖਾਰੀ

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.