ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

Download Punjabi Fonts English Shahmukhi Devnagri

 ਅਜੋਕਾ ਵਾਧਾ:: 26 January, 2010

-ਲੇਖ/ਜਾਣਕਾਰੀ/ਆਲਾ-ਦੁਆਲਾ/ਮੁਲਾਕਾਤ/ਸਵੈ-ਕਥਨ

 ਵੈਨਕੂਵਰ ਵਿਖੇ ਫੁੱਲਾਂ ਦੀ ਸ਼ਾਨਦਾਰ ਬਹਾਰ
-ਗਿਆਨ ਸਿੰਘ ਕੋਟਲੀ ਵੈਨਕੂਵਰ-


ਅਪਰੈਲ ਦੇ ਮਹੀਨੇ ਦੁਨੀਆਂ ਦੇ ਅਤਿ ਸੁੰਦਰ ਮੰਨੇ ਗਏ ਵੈਨਕੂਵਰ ਸ਼ਹਿਰ ਵਿਖੇ ਫੁੱਲਾਂ ਲੱਦੀ ਬਹੁ-ਰੰਗੀ ਬਹਾਰ ਦਾ ਅਲੌਕਿਕ ਨਜ਼ਾਰਾ ਸਿਖਰਾਂ ਤੇ ਹੁੰਦਾ ਹੈ । ਮੌਸਮ ਅਨੁਸਾਰ ਇਹ ਫੁੱਲ ਅੱਗੇ ਪਿਛੇ ਵੀ ਅੱਖਾਂ ਖੋਲ੍ਹ ਲੈਂਦੇ ਹਨ । ਇਸ ਖੇੜੇ ਨੂੰ ਦੇਖ ਕੇ ਹਰ ਕੋਈ ਵਾਹ ਵਾਹ ਕਰ ਉਠਦਾ ਹੈ । ਸੁੰਦਰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵੈਨਕੂਵਰ ਸ਼ਹਿਰ ਦੀ ਕੁਦਰਤੀ ਸੁੰਦਰਤਾ ਉੱਤੇ ਮੋਹਤ ਹੋ ਕੇ ਕਈ ਉਪਾਸ਼ਕ ਤਾਂ ਇਹ ਵੀ ਕਹਿ ਦਿੰਦੇ ਹਨ ਕਿ ਜੇਕਰ ਰੱਬ ਵੀ ਇਸ ਨੂੰ ਹੋਰ ਸੁੰਦਰ ਬਣਾਉਣਾ ਚਾਹੇ ਤਾਂ ਉਹ ਇਸ ਨੂੰ ਕੀ ਕਰੇਗਾ । ਇਸ ਗੱਲ ਨੂੰ ਏਥੋਂ ਦੀ ਕੁਦਰਤੀ ਸਥਿਤੀ, ਨਦੀਆਂ, ਨਾਲੇ, ਝੀਲਾਂ, ਦਰਿਆਵਾਂ,ਵਿਸ਼ਾਲ ਪਾਰਕਾਂ, ਸਾਗਰ, ਬਰਫਾਂ ਲੱਦੇ ਪਰਬਤ, ਸੁਚਾਰੂ ਲੋਕ, ਸੁਹਣੀਆਂ ਸੜਕਾਂ ਅਤੇ ਸੁੰਦਰ ਨਜ਼ਾਰਿਆ ਦੇ ਸੁਮੇਲ ਪ੍ਰਤੀ ਸ਼ਰਧਾ ਰਖਣ ਵਾਲਿਆਂ ਦਾ ਪਰਮਾਣ ਪੱਤਰ ਕਿਹਾ ਜਾ ਸਕਦਾ ਹੈ ।

ਵੈਨਕੂਵਰ ਅਤੇ ਇਸ ਦਾ ਅੰਗ ਜਾਣੇ ਜਾਂਦੇ ਦਸ ਗਿਆਰਾਂ ਹੋਰ ਸ਼ਹਿਰਾਂ ਵਿਚ ਵੀ ਭਾਵੇਂ ਫੁੱਲਾਂ ਅਤੇ ਸੁੰਦਰਤਾ ਦੀ ਘਾਟ ਨਹੀਂਪਰ ਫੁੱਲਾਂ ਦੇ ਸੁਹੱਜ ਅਤੇ ਬਹੁਤਾਤ ਵਿਚ ਵੈਨਕੂਵਰ ਆਪਣੀ ਮਿਸਾਲ ਆਪ ਹੀ ਹੈ । ਕਈ ਵਾਰ ਦੁਨੀਆਂ ਦਾ ਸੁੰਦਰ ਸ਼ਹਿਰ ਘੋਸ਼ਿਤ ਕੀਤੇ ਗਏ ਵੈਨਕੂਵਰ ਵਿਖੇ ਜਿੰਨੀ ਸੁਚੱਜੀ ਵੰਨਗੀ ਨਾਲ ਸੜਕਾਂ ਬਣਾਈਆਂ ਗਈਆਂ ਹਨ ਉਸ ਤੋਂ ਵੀ ਵਧੇਰੇ ਸੁਚੱਜੀ ਵੰਨਗੀ ਨਾਲ ਇਹਨਾਂ ਉੱਤੇ ਬਹੁ ਗਿਣਤੀ ਵਿਚ ਭਾਂਤ ਭਾਂਤ ਦੇ ਛੋਟੇ ਵਡੇ ਰੁੱਖਾਂ ਦੀਆਂ ਪਾਲਾਂ ਵੀ ਲਾਈਆਂ ਗਈਆਂ ਹਨ। ਏਥੇ ਉੱਤਰ ਤੋਂ ਦੱਖਣ ਨੂੰ ਜਾਣ ਵਾਲੀ ਸੜਕ ਨੂੰ ਰੋਡ ਅਤੇ ਪੂਰਵ ਤੋਂ ਪੱਛਮ ਨੂੰ ਜਾਣ ਵਾਲੀ ਸੜਕ ਨੂੰ ਐਵੇਨਿਊ ਕਿਹਾ ਜਾਂਦਾ ਹੈ । ਪਰ ਅਕਾਰ ਅਤੇ ਸ਼ਿੰਗਾਰ ਦੇ ਹਿਸਾਬ ਨਾਲ ਇਹਨਾਂ ਵਿਚ ਕੋਈ ਖਾਸ ਫਰਕ ਨਹੀਂ । ਅਸੀਂ ਸਭ ਨੂੰ ਸੜਕਾਂ ਹੀ ਕਹਿ ਸਕਦੇ ਹਾਂ ।

ਵੈਨਕੂਵਰ ਦੇ ਦੱਖਣ ਵਲ ਮਹਾਨ ਫਰੇਜ਼ਰ ਦਰਿਆ ਤੇ ਰਿਚਮੰਡ ਸ਼ਹਿਰ, ਉਤੱਰ ਵਲ "ਬਰਾਡ ਇਨਲੈਟ" ਸਮੁੰਦਰ ਜਿੱਥੇ 1914 ਵਿਚ ਕਾਮਾਗਾਟਾ ਮਾਰੂ ਜਹਾਜ਼ ਰੋਕਿਆ ਗਿਆ ਸੀ, ਲਹਿੰਦੇ ਵਲ ਵੀ ਸਮੁੰਦਰ ਤੇ ਚੜ੍ਹਦੇ ਵਲ ਬਰਨਬੀ ਤੇ ਨਿਊਵੈਸਟ ਸ਼ਹਿਰ ਹਨ । ਸਾਰੀਆਂ ਸੜਕਾਂ ਉੱਤੇ ਹੀ ਬੜੀ ਵਿਓਂਤ ਨਾਲ ਲਾਏ ਹੋਏ ਸੁੰਦਰ ਰੁੱਖ ਆਪਣੇ ਆਪਣੇ ਸਮੇਂ ਸਿਰ ਆਪਣੇ ਰੰਗਾਂ ਦਾ ਜਾਦੂਈ ਜਲਵਾ ਪੇਸ਼ ਕਰਦੇ ਹਨ । ਬੜੀ ਦਿਲਕਸ਼ ਗੱਲ ਇਹ ਹੈ ਕਿ ਆਮ ਤੌਰ ਤੇ ਇਕ ਸੜਕ ਉੱਤੇ ਦੂਰ ਦੂਰ ਤੱਕ ਇੱਕੋ ਹੀ ਤਰ੍ਹਾਂ ਦੇ ਰੁੱਖਾਂ ਦੀਆਂ ਪਾਲਾਂ ਹਨ ਤੇ ਦੂਜੇ ਪਾਸੇ ਜਾਂ ਦੂਜੀ ਸੜਕ ਉੱਤੇ ਕਿਸੇ ਹੋਰ ਤਰ੍ਹਾਂ ਦੇ ਰੁੱਖਾਂ ਦੀਆਂ । ਕਈ ਥਾਈਂ ਸਿਰਫ ਰੰਗ ਬਰੰਗੇ ਪੱਤਿਆਂ ਵਾਲੇ ਦਰੱਖਤਾਂ ਦੀਆਂ ਹੀ ਪਾਲਾਂ ਹਨ ਤੇ ਇਹਨਾਂ ਦੇ ਰੰਗੀਨ ਪੱਤੇ ਵੀ ਫੁੱਲ਼ਾਂ ਵਰਗੀ ਹੀ ਜਾਦੂਈ ਖਿੱਚ ਰੱਖਦੇ ਹਨ ।

ਅਪਰੈਲ ਵਿਚ ਗਹੁ ਨਾਲ ਵੈਨਕੂਵਰ ਦਾ ਗੇੜਾ ਲਾਉਣ ਵਾਲੇ ਸ਼ੌਕੀਨ ਇਹ ਦੇਖ ਕੇ ਦੰਗ ਰਹਿ ਜਾਂਦੇ ਹਨ ਕਿ ਏਨੇ ਵਡੇ ਵਡੇ ਚੈਰੀ ਦੇ ਬੁੱਢੇ ਰੁੱਖ ਵੀ ਭਾਂਤ ਭਾਂਤ ਦੇ ਫੁੱਲਾਂ ਨਾਲ ਕਿਵੇਂ ਲੱਦੇ ਪਏ ਹਨ। ਏਥੇ ਕਈ ਤਰ੍ਹਾਂ ਦੇ ਰੁੱਖ ਤਾਂ ਮਣਾਂ ਮੂੰਹੀਂ ਖੇੜਾ ਵੰਡਣ ਦੀ ਸੇਵਾ ਸੌ ਸਾਲ ਤੋਂ ਵੀ ਵਧ ਸਮੇਂ ਤੋਂ ਕਰਦੇ ਆ ਰਹੇ ਹਨ । ਕੁਝ ਦਿਨਾਂ ਪਿਛੋਂ ਹੀ ਜਦ ਇਹਨਾਂ ਦੇ ਫੁੱਲ ਝੜ ਕੇ ਨਵੇਂ ਨਿਕੋਰ ਨਿੱਕੇ ਨਿੱਕੇ ਮਲੂਕ ਪੱਤੇ ਆ ਰਹੇ ਹੁੰਦੇ ਹਨ ਤਾਂ ਨਾਲ ਹੀ ਦੂਜੀ ਸੜਕ ਉੱਤੇ ਫਲਾਵਰ ਚੈਰੀ ਦੇ ਹੋਰ ਰੁੱਖ ਗੁਲਾਬੀ ਰੰਗ ਦੇ ਨਵੇਂ ਨਵੇਂ ਫੁੱਲਾਂ ਨਾਲ ਲੱਦ ਹੋਣੇ ਸ਼ੁਰੂ ਹੋ ਰਹੇ ਹੁੰਦੇ ਹਨ । ਕਈ ਥਾਈਂ ਤਾਂ ਸੜਕ ਦੇ ਦੋਨੋਂ ਪਾਸਿਆਂ ਤੋਂ ਫੁੱਲਾਂ ਲੱਦੇ ਰੁੱਖ ਲਿਫ ਕੇ ਇਕ ਦੂਜੇ ਵਿਚ ਘੁਲ ਮਿਲ ਜਾਂਦੇ ਹਨ । ਇਓਂ ਜਾਪਦਾ ਹੈ ਕਿ ਇਹ ਇਕ ਦੂਜੇ ਨੂੰ ਗਲਵੱਕੜੀ ਪਾ ਕੇ ਹੱਸ ਰਹੇ ਹੋਣ ਤੇ ਆਪਣੇ ਫੁੱਲਾਂ ਦੇ ਹੱਥ ਆਪਸ ਵਿਚ ਮਿਲਾ ਕੇ ਕਹਿ ਰਹੇ ਹੋਣ ਕਿ ਭਾਈ ਪਿਆਰ ਤੇ ਖੇੜੇ ਤੋਂ ਵਧੀਆ ਦੁਨੀਆਂ ਤੇ ਹੋਰ ਕੋਈ ਸ਼ੈ ਨਹੀ । ਇਹ ਸੰਕੇਤ ਤਾਂ ਸਾਡੇ ਲਈ ਵੀ ਬੜਾ ਢੁੱਕਵਾਂ ਹੈ । ਇਸ ਲਈ ਭਾਈ:

ਹਰ ਥਾਂ ਨਾ ਛੇੜ ਝੇੜਾ, ਹਰ ਥਾਂ ਨਾ ਪਾ ਬਖੇੜਾ ।
ਸਭ ਤੋਂ ਸੁਗਾਤ ਉੱਤਮ, ਖੁਸ਼ੀਆਂ ਪਿਆਰ ਖੇੜਾ ।

ਅਪਰੈਲ ਅਤੇ ਮਈ ਵਿਚ ਇਹਨਾਂ ਫੁੱਲਾਂ ਦੇ ਖੇੜੇ ਦਾ ਅਤੇ ਨਾਲ ਹੀ ਇਹਨਾਂ ਦੀਆਂ ਰੰਗ ਬਰੰਗੀਆਂ ਪੱਤੀਆਂ ਵਲੋਂ ਝੜ ਝੜ ਕੇ ਮਲਕੜੇ ਜੇਹੇ ਕਾਰਾਂ, ਸੜਕਾਂ, ਫੁੱਟਪਾਥਾਂ ਅਤੇ ਰਾਹੀਆਂ ਦੇ ਸਿਰਾਂ ਤੇ ਟਿਕੀ ਜਾਣ ਦਾ ਨਜ਼ਾਰਾ ਵੀ ਦੇਖਣ ਵਾਲਾ ਹੀ ਹੁੰਦਾ ਹੈ । ਥਾਂ ਥਾਂ ਤੇ ਬਿਖਰੀਆਂ ਅਤੇ ਭਾਰੀ ਗਿਣਤੀ ਵਿਚ ਏਧਰ ਓਧਰ ਉਡਦੀਆਂ ਫਿਰਦੀਆਂ ਰੰਗ ਬਰੰਗੀਆਂ ਮਲੂਕ ਪੰਖੜੀਆਂ ਇਓਂ ਲੱਗਦੀਆਂ ਹਨ ਜਿਵੇਂ ਕਿ ਲਾਲ ਗੁਲਾਲ ਦੀ ਥਾਂ ਤੇ ਪੱਤੀਆਂ ਨਾਲ ਹੋਲੀ ਖੇਡੀ ਜਾ ਰਹੀ ਹੋਵੇ ।

ਕਿਸੇ ਅਜਿਹੀ ਹੀ ਸੁੰਦਰਤਾ ਦੇ ਖਿੱਚੇ ਹੋਏ ਕੁਦਰਤ ਦੇ ਕਵੀ ਭਾਈ ਵੀਰ ਸਿੰਘ ਜੀ ਹਮੇਸ਼ਾਂ ਕਸ਼ਮੀਰ ਜਾਂਦੇ ਸਨ ਤੇ ਆਪਣੀ ਕਵਿਤਾ ਵਿਚ ਕੁਦਰਤ ਦੀ ਸੁੰਦਰਤਾ ਦਾ ਬਖੂਬੀ ਚਿਤਰਨ ਕਰਦੇ ਸਨ । ਜੇ ਕਿਤੇ ਉਹ ਵੈਨਕੂਵਰ ਆ ਜਾਂਦੇ ਤਾਂ ਰੀਝਾਂ ਨਾਲ ਏਥੇ ਦੀ ਸੁੰਦਰਤਾ ਦਾ ਚਿਤਰਨ ਕਰਦੇ ਕਰਦੇ ਉਹ ਕਦੀ ਨਾਂ ਥੱਕਦੇ ।

ਇੰਗਲੈਂਡ ਦੇ ਸਭ ਤੋਂ ਵਡੇ ਕੁਦਰਤ ਕਵੀ ਵਿਲੀਅਮ ਵਰਡਜ਼ਵਰਥ ਇਕ ਵਾਰ ਡੈਫੋਡਿੱਲ ਦੇ ਦਸ ਹਜ਼ਾਰ ਫੁੱਲਾਂ ਨੂੰ ਦੇਖ ਕੇ ਖੁਸ਼ੀ ਨਾਲ ਝੂਮ ਉਠੇ ਤੇ ਉਹਨਾਂ ਨੇ ਇਸ ਨਜ਼ਾਰੇ ਨੂੰ ਆਪਣੀ ਕਵਿਤਾ ਰਾਹੀਂ ਅਮਰ ਕਰ ਦਿੱਤਾ । ਜੇ ਕਿਤੇ ਉਹ ਵੈਨਕੂਵਰ ਦੇ ਫੁੱਲਾਂ ਨਾਲ ਲੱਦੇ ਖਿੰਘਰ ਰੁੱਖਾਂ ਦੀਆਂ ਪਾਲਾਂ ਦਾ ਅਸਚਰਜ ਨਜ਼ਾਰਾ ਦੇਖ ਲੈਂਦੇ ਤਾਂ ਪਤਾ ਨਹੀਂ ਉਹ ਕਿੰਨੀਆਂ ਵੰਨ ਸੁਵਨੰੀਂਆਂ ਕਵਿਤਾਵਾਂ ਲਿਖ ਮਾਰਦੇ ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਕਨੇਡਾ ਬਹੁਤ ਵਧੀਆ ਦੇਸ਼ ਹੈ, ਬ੍ਰਿਟਿਸ਼ ਕੋਲੰਬੀਆ ਇਸ ਦਾ ਬਹੁਤ ਸੁੰਦਰ ਸੂਬਾ ਹੈ। ਹਰ ਕਾਰ ਤੇ ਸੁੰਦਰ ਬ੍ਰਿਟਿਸ਼ ਕੋਲੰਬੀਆ ਲਿਖਿਆ ਹੁੰਦਾ ਹੈ ਅਤੇ ਵੈਨਕੂਵਰ ਇਸ ਦਾ ਬਹੁਤ ਸੁੰਦਰ ਗਹਿਣਾ ਹੈ । ਇਸ ਦੀ ਸੁੰਦਰਤਾ ਦਾ ਸਹੀ ਅਨੰਦ ਪੜ੍ਹ ਕੇ ਨਹੀਂ ਬਲਕਿ ਦੇਖ ਕੇ ਹੀ ਮਾਣਿਆ ਜਾ ਸਕਦਾ ਹੈ । ਕਬੀਰ ਜੀ ਕਹਿੰਦੇ ਹਨ, "ਕਬੀਰ ਕਹਿਬੇ ਕਓ ਸੋਭਾ ਨਹੀਂ ਦੇਖਾ ਹੀ ਪਰਵਾਣੁ " (604 5027151)

ਵੈਨਕੂਵਰ ਦੀ ਸ਼ਾਨਦਾਰ ਬਹਾਰ.
(ਗਿਆਨ ਸਿੰਘ ਕੋਟਲੀ ਵੈਨਕੂਵਰ)
1
ਇਹ ਟੁਕੜਾ ਹੈ ਕੋਈ ਜੰਨੱਤ ਦਾ, ਜਾਂ ਜੰਨੱਤ ਰੰਗ ਦਿਖਾਏ ਨੇ ।
ਇਸ ਥਾਂ ਤੇ ਸੁਰਗੀ ਸੁਹਜਾਂ ਨੇ, ਸੁਹਜਾਂ ਦੇ ਸੁਹਜ ਸਜਾਏ ਨੇ ।
2
ਹੈ ਟਹਿਕ ਚੁਫੇਰੇ ਕੁਦਰਤ ਦੀ, ਹਰ ਪਾਸੇ ਫੁੱਲ ਬਹਾਰਾਂ ਨੇ
ਹਰ ਪਾਸੇ ਰੂਪ ਦੇ ਰੰਗਾਂ ਨੇ , ਰੰਗ ਰੰਗ ਦੇ ਰੰਗ ਸੁਹਾਏ ਨੇ ।
3
ਹੈ ਜਾਦੂ ਜਲਵਾ ਫੁੱਲਾਂ ਦਾ, ਜਾਂ ਜਾਦੂ ਨਗਰੀ ਰੰਗਤ ਦੀ,
ਹਰ ਪਾਸੇ ਬੁੱਢੇ ਰੁੱਖਾਂ ਵੀ, ਫੁੱਲ ਹੀ ਫੁੱਲ ਖਿੜਾਏ ਨੇ ।
4
ਟਹਿਕਣ ਦੀ ਰੁੱਤ ਆਈ ਤੇ, ਫੁੱਲ ਬੂਟੇ ਤਾਂ ਖਿੜ ਜਾਂਦੇ ਨੇ,
ਪਰ ਏਥੇ ਖਿੰਘਰ ਰੁੱਖਾਂ ਵੀ, ਸਿਰ ਫੁੱਲਾਂ-ਛਤਰ ਝੁਲਾਏ ਨੇ ।
5
ਸੁਹਜਾਂ ਦੀ ਝਲਕ ਦੁਵੱਲੇ ਹੈ, ਦਿਸਹੱਦੇ ਦੂਰ ਦੁਮੇਲ ਤਾਈਂ
ਇਓਂ ਜਾਪੇ ਸੁੰਦਰ ਸੜਕਾਂ ਨੇ, ਗਲ ਹਾਰ ਫੁੱਲਾਂ ਦੇ ਪਾਏ ਨੇ ।
6
ਲੱਗਦਾ ਹੈ ਫੂਲਾਂ-ਰਾਣੀ ਨੇ, ਸੁਹਜਾਂ ਦੀ ਪੂਜਾ ਕਰਨੇ ਲਈ,
ਰੰਗਾਂ ਦਾ ਅਰਘ ਚੜਾਇਆ ਹੈ, ਫੁੱਲਾਂ ਦੇ ਦੀਪ ਜਲਾਏ ਨੇ ।
7
ਦੋਂਹ ਪਾਸੀਂ ਝੁਕ ਕੇ ਸੜਕਾਂ ਤੇ, ਖੇੜੇ ਵਿਚ ਖੀਵੇ ਰੁੱਖਾਂ ਨੇ,
ਰੂਹਾਂ ਦੀ ਮਿਲਣੀ ਕੀਤੀ ਹੈ, ਫੁੱਲਾਂ ਦੇ ਹੱਥ ਮਿਲਾਏ ਨੇ ।
8
ਕੀ ਅਜਬ ਨਜ਼ਾਰਾ ਕੁਦਰਤ ਦਾ, ਕੀ ਚੋਜ ਅਨੂਠਾ ਕਾਦਰ ਦਾ
ਪੱਤਿਆਂ ਤੋਂ ਪਹਿਲਾਂ ਸ਼ਾਖਾਂ ਤੇ, ਫੁੱਲਾਂ ਨੇ ਝੁੱਰਮਟ ਪਾਏ ਨੇ ।
(604 5027151)

*****
(25 ਮਈ 2009) ਸੂਰਜ ਯੂਨੀਕੋਡ

 

ਗਿਆਨ ਸਿੰਘ ਕੋਟਲੀ, ਵੈਨਕੂਵਰ, ਕਨੇਡਾ ਦੀਆਂ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰ

e-mail:
ਲਿਖਾਰੀ
Likhari

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.