ਡਾ. ਬਲਜਿੰਦਰ
ਪਾਲ ਦੀ ਨਵੀਂ ਪੁਸਤਕ ਪ੍ਰਗਤੀਵਾਦੀ ਪੰਜਾਬੀ ਕਵਿਤਾ : ਅਣਪਛਾਤੇ ਨਕਸ਼ ਨੂੰ ਪਾਠਕਾਂ
ਦੇ ਨਾਲ ਜਾਣ ਪਛਾਣ ਕਰਵਾਉਣ ਲਈ 'ਲਿਖਾਰੀ' ਡਾ: ਹਰਸਿਮਰਨ ਸਿੰਘ ਰੰਧਾਵਾ ਦਾ
ਬੇਹੱਦ ਧੰਨਵਾਦੀ ਹੈ। ਡਾ. ਬਲਜਿੰਦਰ ਪਾਲ ਪਿਛਲੇ ਵਰ੍ਹਿਆਂ 'ਚ ਲਗਾਤਾਰ 'ਲਿਖਾਰੀ'
ਵਿਚ ਛਪਦਾ ਰਿਹਾ ਸੀ ਪਰ ਅਫ਼ਸੋਸ ਕਿ ਉਸਦੀ ਬੇਵਕਤੀ ਮੌਤ ਨੇ ਇਹ ਕਾਰਜ ਜਾਰੀ ਨਾ
ਰਹਿਣ ਦਿੱਤਾ। 'ਲਿਖਾਰੀ' ਨੂੰ ਸਦਾ ਹੀ ਇਹ ਮਾਣ ਅਤੇ ਪਰਸੰਨਤਾ ਰਹੇਗੀ ਕਿ ਇਸ
ਨਵੀਂ ਪੁਸਤਕ ਵਿਚ ਛਪੇ ਬਹੁਤੇ ਲੇਖ ਪਹਿਲਾਂ 'ਲਿਖਾਰੀ ਵਿਚ ਛਪ ਚੁੱਕੇ ਹਨ।
ਪੁਸਤਕ ਦਾ ਸਵਾਗਤ ਹੈ।
ਡਾ:
ਬਲਜਿੰਦਰ
ਪਾਲ ਅਤੇ ਡਾ: ਹਰਸਿਮਰਨ ਸਿੰਘ ਰੰਧਾਵਾ ਦੀਆਂ ਲਿਖਾਰੀ ਵਿਚ ਛਪੀਆਂ ਸਮੁੱਚੀਆਂ
ਰਚਨਾਵਾਂ ਪੜ੍ਹਨ ਲਈ ਕ੍ਰਮਵਾਰ ਕਲਿੱਕ ਕਰੋ:
ਡਾ. ਹਰਸਿਮਰਨ ਸਿੰਘ
ਰੰਧਾਵਾ
ਡਾ. ਬਲਜਿੰਦਰ
ਪਾਲ
*****
ਡਾ.
ਬਲਜਿੰਦਰ ਪਾਲ, ਜਿਸਨੂੰ ਸਾਰੇ ਪਿਆਰ ਨਾਲ ਰਿਸ਼ੀ ਕਹਿੰਦੇ ਸਨ, ਦੀ ਬੇਵਕਤੀ ਮੌਤ
ਦਾ ਦੁੱਖ ਉਸਦੇ ਪਰਿਵਾਰ ਅਤੇ ਹੋਰ ਸੰਗੀ ਸਾਥੀਆਂ ਨੇ ਤਾਂ ਝੱਲਿਆ ਹੀ ਹੈ। ਪਰ
ਉਸਦੀ ਇਸ ਬੇਵਕਤੀ ਮੌਤ ਕਾਰਨ ਪੰਜਾਬੀ ਅਕਾਦਮਿਕ ਜਗਤ ਨੂੰ ਵੀ ਵੱਡਾ ਘਾਟਾ ਪਿਆ
ਹੈ। ਉਹ ਜਿੰਨਾ ਪਿਆਰਾ ਇਨਸਾਨ ਸੀ ਉਸ ਤੋਂ ਵੀ ਕਿਤੇ ਵੱਧ ਸੂਝਵਾਨ ਸੀ।
ਇਤਿਹਾਸ
ਵਿਚ ਐਮ. ਏ. ਕਰਨ ਤੋਂ ਬਾਅਦ ਪੰਜਾਬੀ ਵਿਚ ਐਮ. ਏ. ਕਰਕੇ ਪੀਐਚ. ਡੀ. ਵਿਚ
ਦਾਖਲਾ ਲੈਂਦਿਆ ਹੀ ਆਪਣੇ ਕੰਮ ਵਿਚ ਅਜਿਹਾ ਰੁੱਝਿਆ ਕਿ ਯੂਨੀਵਰਸਿਟੀ ਵੱਲੋਂ
ਖੋਜ ਪ੍ਰਬੰਧ ਜਮਾਂ ਕਰਾਉਣ ਦੇ ਘੱਟੋ ਘੱਟ ਮਿੱਥੇ ਦਿਨਾਂ ਤੋਂ ਪਹਿਲਾਂ ਹੀ ਨਾ
ਸਿਰਫ਼ ਆਪਣਾ ਕੰਮ ਨਬੇੜ ਲਿਆ ਬਲਕਿ ਹੱਥਲੀ ਪੁਸਤਕ ਵਿਚ ਪ੍ਰਾਪਤ ਸਮੁੱਚੇ ਲੇਖ ਵੀ
ਉਸ ਸਮੇਂ ਦੌਰਾਨ ਹੀ ਲਿਖੇ, ਛਪਵਾਏ ਅਤੇ ਵੱਖ-ਵੱਖ ਸੈਮੀਨਾਰਾਂ ਵਿਚ ਪੜ੍ਹੇ ਵੀ।
ਡਾ.
ਬਲਜਿੰਦਰ ਪਾਲ ਨੇ ਆਪਣੀ ਪੀਐਚ. ਡੀ. ਦਾ ਵਿਸ਼ਾ ਬਿਲਕੁਲ ਨਵਾਂ ਲਿਆ ਸੀ।
ਪ੍ਰਗਤੀਵਾਦੀ ਪੰਜਾਬੀ ਕਵਿਤਾ ਦਾ ਸੁਹਜ ਸ਼ਾਸਤਰੀ ਅਧਿਐਨ ਵਿਸ਼ੇ ਉਪਰ ਗੱਲ ਕਰਨਾ
ਕੋਈ ਆਸਾਨ ਕੰਮ ਨਹੀਂ ਕਿਹਾ ਜਾ ਸਕਦਾ। ਪਰ ਡਾ. ਬਲਜਿੰਦਰ ਪਾਲ ਦੀ ਸੂਝ ਬੂਝ ਦਾ
ਪ੍ਰਮਾਣ ਇਹ ਹੈ ਕਿ ਉਸਨੇ ਨਾ ਸਿਰਫ਼ ਇਸ ਵਿਸ਼ੇ ੳਪਰ ਨਿੱਠ ਕੇ ਗੱਲ ਕੀਤੀ ਬਲਕਿ
ਕਈ ਬੜੀਆਂ ਹੀ ਨਵੀਆਂ ਸਥਾਪਨਾਵਾਂ ਵੀ ਪੇਸ਼ ਕੀਤੀਆਂ। ਉਸਦਾ ਪੀਐਚ. ਡੀ. ਦਾ ਇਹ
ਕੰਮ ਉਹੀ ਸਿਰਲੇਖ ਹੇਠ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਹੋ ਚੁੱਕਾ ਹੈ। ਜਿਸ ਉਪਰ
ਕਾਫ਼ੀ ਚਰਚਾ ਵੀ ਹੋਈ ਹੈ।
ਡਾ. ਬਲਜਿੰਦਰ ਪਾਲ ਦੇ
ਪੀਐਚ. ਡੀ. ਦੇ ਖੋਜ ਕਾਰਜ ਨਾਲ ਸੰਬੰਧਿਤ ਪੁਸਤਕ ਬਾਰੇ ਹੋਈ ਚਰਚਾ ਦੇ ਕੁਝ ਅੰਸ਼
ਹੱਥਲੀ ਪੁਸਤਕ ਦੀ ਅੰਤਿਕਾ ਸਿਰਲੇਖ ਹੇਠ ਪੜ੍ਹੇ ਜਾ ਸਕਦੇ ਹਨ।
ਡਾ.
ਬਲਜਿੰਦਰ ਪਾਲ ਦੀ ਇਹ ਨਵੀਂ ਪੁਸਤਕ ਜਿਸਦਾ ਸਿਰਲੇਖ ਪ੍ਰਗਤੀਵਾਦੀ ਪੰਜਾਬੀ ਕਵਿਤਾ
: ਅਣਪਛਾਤੇ ਨਕਸ਼ ਹੈ, ਉਸਦੀ ਬੇਵਕਤੀ ਮੌਤ ਤੋਂ ਲਗਭਗ ਇਕ ਸਾਲ ਬਾਅਦ ਛਪੀ ਹੈ।
ਜਿਵੇਂ ਕਿ ਅਸੀਂ ਪਹਿਲਾਂ
ਕਿਹਾ ਹੈ ਕਿ ਇਸ ਪੁਸਤਕ ਵਿਚ ਪ੍ਰਾਪਤ ਵਿਭਿੰਨ ਲੇਖ ਡਾ. ਬਲਜਿੰਦਰ ਪਾਲ ਨੇ ਆਪਣੇ
ਪੀਐਚ. ਡੀ. ਦੇ ਖੋਜ ਕਾਰਜ ਦੌਰਾਨ ਹੀ ਲਿਖੇ, ਛਪਵਾਏ ਅਤੇ ਵਿਭਿੰਨ ਥਾਵਾਂ 'ਤੇ
ਪੜ੍ਹੇ ਸਨ।
ਇਨ੍ਹਾਂ ਲੇਖਾਂ ਦੇ ਪਾਠ
ਤੋਂ ਬਾਅਦ ਹਰ ਅਧਿਏਤਾ ਡਾ. ਬਲਜਿੰਦਰ ਪਾਲ ਦੀ ਆਲੋਚਨਾਤਮਕ ਸਮਰੱਥਾ ਦੀ ਭਰਪੂਰ
ਹਾਮੀ ਭਰੇਗਾ। ਉਹ ਬਣੀਆਂ ਬਣਾਈਆਂ ਧਾਰਨਾਵਾਂ ਦੇ ਆਧਾਰ 'ਤੇ ਹੀ ਕੋਈ ਗੱਲ ਨਹੀਂ
ਸੀ ਕਰਦਾ ਬਲਕਿ ਜਿਸ ਬਾਰੇ ਗੱਲ ਕਰਨੀ ਹੁੰਦੀ ਸੀ ਉਸਨੂੰ ਨਿੱਠਕੇ ਪੜ੍ਹਨ ਉਪਰੰਤ
ਹੀ ਆਪਣੀਆਂ ਮੌਲਿਕ ਸਥਾਪਨਾਵਾਂ ਉਸਾਰਨ ਦਾ ਜਤਨ ਕਰਦਾ ਸੀ। ਇਨ੍ਹਾਂ ਸਥਾਪਨਾਵਾਂ
ਵਿਚ ਕਿਤੇ-ਕਿਤੇ ਕਚਿਆਈ ਤਾਂ ਮਿਲ ਸਕਦੀ ਹੈ। ਪਰ ਉਸਦੀ ਮੌਲਿਕਤਾ ਤੋਂ ਇਨਕਾਰ
ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਲੇਖਾਂ ਨੂੰ ਪੜ੍ਹਦਿਆਂ ਹੋਇਆਂ ਇਹ ਗੱਲ ਧਿਆਨ
ਵਿਚ ਰੱਖਣੀ ਹੋਵੇਗੀ ਕਿ ਡਾ. ਬਲਜਿੰਦਰ ਪਾਲ ਅਜੇ ਆਲੋਚਨਾ ਦੇ ਖੇਤਰ ਵਿਚ ਸਫ਼ਰ
ਆਰੰਭ ਕਰਨ ਦੇ ਪੜਾਅ ਤੇ ਹੀ ਸੀ, ਮੰਜ਼ਿਲ ਤਾਂ ਬਹੁਤ ਦੂਰ ਦੀ ਗੱਲ ਹੈ। ਪਰ ਨਾਲ
ਹੀ ਇਹ ਵੀ ਵਿਚਾਰਨ ਵਾਲੀ ਗੱਲ ਹੈ ਕਿ ਜਿਸਦਾ ਆਗਾਜ਼ ਏਨਾ ਸ਼ਾਨਦਾਰ ਸੀ ਉਸਦਾ
ਅੰਜ਼ਾਮ ਕਿਹੋ ਜਿਹਾ ਹੁੰਦਾ। ਇਨ੍ਹਾਂ ਵਿਭਿੰਨ ਲੇਖਾਂ ਵਿਚ ਪ੍ਰਾਪਤ ਡਾ.
ਬਲਜਿੰਦਰ ਪਾਲ ਦੀਆਂ ਮੌਲਿਕ ਸਥਾਪਨਾਵਾਂ ਵਿਚ ਜੋ ਸਭ ਤੋਂ ਮਹੱਤਵਪੂਰਨ ਪੱਖ
ਉੱਭਰ ਕੇ ਸਾਹਮਣੇ ਆਉਂਦਾ ਹੈ ਉਹ ਹੈ ਕਿ ਡਾ. ਬਲਜਿੰਦਰ ਪਾਲ ਜਿੱਥੇ ਹਰ ਕਵੀ
ਬਾਰੇ ਕੁਝ ਨਵੀਆਂ ਗੱਲਾਂ ਕਰ ਰਿਹਾ ਹੈ ਉੱਥੇ ਰਚਨਾ ਤੇ ਰਚਨਾਕਾਰ ਦੀ ਸਖਸ਼ੀਅਤ
ਨੂੰ ਇਕ ਦੂਜੇ ਨਾਲ ਜੋੜਕੇ ਪੜ੍ਹਦਾ ਹੋਇਆ ਉਸ ਵਿਚ ਪ੍ਰਾਪਤ ਅੰਤਰ ਵਿਰੋਧਾਂ ਨੂੰ
ਬੜੇ ਤਿੱਖੇ ਸੁਰ ਵਿਚ ਉਭਾਰਦਾ ਹੈ। ਦਰਅਸਲ ਡਾ. ਬਲਜਿੰਦਰ ਪਾਲ ਅਜਿਹਾ ਸਖ਼ਸ ਸੀ
ਜੋ ਸਿਧਾਂਤ ਤੇ ਵਿਹਾਰ ਨੂੰ ਇਕ ਰੂਪ ਵਿਚ ਵੇਖਣਾ ਚਾਹੁੰਦਾ ਸੀ। ਕਰਨੀ ਤੇ ਕਥਨੀ
ਵਿਚ ਅੰਤਰ ਅੱਜ ਦੇ ਸਮਾਜ ਦਾ ਮਹਤੱਵਪੂਰਨ ਗੁਣ ਹੋ ਗਿਆ ਹੈ। ਪਰ ਡਾ. ਬਲਜਿੰਦਰ
ਪਾਲ ਇਸ ਗੁਣ ਨੂੰ ਦੋਸ਼ ਦੇ ਰੂਪ ਵਿਚ ਸਵੀਕਾਰ ਕਰਦਾ ਸੀ। ਇਸਦਾ ਇਹ ਕਾਰਨ ਹੈ ਕਿ
ਉਹ ਵਿਚਾਰਧਾਰਕ ਤੌਰ 'ਤੇ ਅਜਿਹੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਸੀ ਜੋ ਮਾਨਵ
ਹਿਤੈਸ਼ੀ ਹੈ। ਅਜਿਹੀ ਵਿਚਾਰਧਾਰਾ ਸਿਧਾਂਤ ਤੇ ਵਿਹਾਰ ਨੂੰ ਇਕ ਰੂਪ ਮੰਨਣ 'ਤੇ
ਜੋਰ ਦਿੰਦੀ ਹੈ। ਮਾਰਕਸੀ ਸੋਚ ਦਾ ਧਾਰਨੀ ਹੋਣ ਕਰਕੇ ਡਾ. ਬਲਜਿੰਦਰ ਪਾਲ ਡੂੰਘੀ
ਸਮਾਜਿਕ ਸੂਝ ਰੱਖਦਾ ਸੀ ਅਤੇ ਸੰਵੇਦਨਸ਼ੀਲ ਹੋਣ ਕਰਕੇ ਜੋ ਕੁਝ ਕਰਨੀ ਤੇ ਕਥਨੀ
ਵਿਚ ਅੰਤਰ ਵੇਖਦਾ ਸੀ ਉਸਦੇ ਖਿਲਾਫ਼ ਬੋਲਣ ਦਾ ਦਮ ਵੀ ਰੱਖਦਾ ਸੀ। ਹੱਥਲੀ ਪੁਸਤਕ
ਵਿਚ ਜਿਨ੍ਹਾਂ ਕਵੀਆਂ ਦੀਆਂ ਕਵਿਤਾ ਸੰਬੰਧੀ ਡਾ. ਬਲਜਿੰਦਰ ਪਾਲ ਨੇ ਗੱਲ ਕੀਤੀ
ਹੈ ਉਨ੍ਹਾਂ ਵਿਚ ਡਾ. ਬਲਜਿੰਦਰ ਪਾਲ ਦੀ ਉਪਰੋਕਤ ਸੋਚ ਹੀ ਕਾਰਜਸ਼ੀਲ ਹੁੰਦੀ ਹੈ।
ਇਸ
ਪੁਸਤਕ ਵਿਚ ਦੋ ਰਿਵਿਊ ਵੀ ਦਿੱਤੇ ਗਏ ਹਨ ਜਿਨ੍ਹਾਂ ਨੂੰ ਪੜ੍ਹਨ 'ਤੇ ਡਾ.
ਬਲਜਿੰਦਰ ਪਾਲ ਦੀ ਕਿਸੇ ਪੁਸਤਕ ਸਬੰਧੀ ਬਣੀ ਰਾਏ ਨੂੰ ਪਛਾਣਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਮਾਤ ਭਾਸ਼ਾ ਪੰਜਾਬੀ ਵਾਲੇ ਸਿਰਲੇਖ ਵਾਲਾ ਲੇਖ ਭਾਸ਼ਾ ਸਬੰਧੀ
ਸੁਹਿਰਦਤਾ ਬਾਰੇ ਡਾ. ਬਲਜਿੰਦਰ ਪਾਲ ਦੀ ਸਮਝ ਸੂਝ ਦਾ ਪ੍ਰਮਾਣ ਕਿਹਾ ਜਾ ਸਕਦਾ
ਹੈ। ਇਸ ਪੁਸਤਕ ਦੇ ਅਖੀਰ ਵਿਚ ਅੰਤਿਕਾ ਵਾਲੇ ਹਿੱਸੇ ਵਿਚ ਡਾ. ਬਲਜਿੰਦਰ ਪਾਲ
ਦੀ ਸਮੀਖਿਆ ਦ੍ਰਿਸ਼ਟੀ ਬਾਰੇ ਹੋਈ ਚਰਚਾ ਨੂੰ ਰੱਖਿਆ ਗਿਆ ਹੈ। ਡਾ. ਬਲਜਿੰਦਰ
ਪਾਲ ਬਾਰੇ ਇਸ ਹਿੱਸੇ ਵਿਚ ਕਹੇ ਗਏ ਵਿਚਾਰ ਉਨ੍ਹਾਂ ਵਿਦਵਾਨਾਂ ਦੇ ਹਨ ਜੋ ਆਪਣੀ
ਸੁਹਿਰਦ ਅਤੇ ਸੰਤੁਲਿਤ ਸੋਚ ਕਰਕੇ ਪੰਜਾਬੀ ਜਗਤ ਵਿਚ ਜਾਣੇ ਜਾਂਦੇ ਹਨ। ਇਨ੍ਹਾਂ
ਵਿਦਵਾਨਾਂ ਨੇ ਸਿਰਫ਼ ਡਾ. ਬਲਜਿੰਦਰ ਪਾਲ ਦੀ ਸਿਫ਼ਤ ਹੀ ਨਹੀਂ ਕੀਤੀ ਬਲਕਿ
ਪ੍ਰਾਪਤ ਕਮੀਆਂ ਨੂੰ ਗਿਣਾਣਿਆ ਹੈ। ਪਰ ਡਾ. ਬਲਜਿੰਦਰ ਪਾਲ ਤਾਂ ਅਜੇ ਗਿਆਨ ਦੇ
ਖੇਤਰ ਵਿਚ ਤੁਰਨ ਦੀ ਜਾਚ ਹੀ ਸਿਖ ਰਿਹਾ ਸੀ ਕਿ ਹਾਦਸਾ ਵਾਪਰ ਗਿਆ ਅਤੇ ਉਹ ਕਿਸੇ
ਦੂਰ ਦੇਸ ਜਾ ਵੱਸਿਆ।
ਡਾ.
ਬਲਜਿੰਦਰ ਪਾਲ ਦੀ ਪੁਸਤਕ ਪ੍ਰਗਤੀਵਾਦੀ ਪੰਜਾਬੀ ਕਵਿਤਾ : ਅਣਪਛਾਤੇ ਨਕਸ ਨੂੰ
ਉਸਦੀ ਪਤਨੀ ਸ਼੍ਰੀਮਤੀ ਸੰਤੋਸ਼ ਨੇ ਸੰਪਾਦਤ ਕੀਤਾ ਹੈ। ਇਹ ਸੰਤੋਖ ਵਾਲੀ ਗੱਲ ਹੈ
ਕਿ ਡਾ. ਬਲਜਿੰਦਰ ਪਾਲ ਦੇ ਕੀਤੇ ਕਾਰਜ ਨੂੰ ਪੁਸਤਕ ਰੂਪ ਵਿਚ ਪੇਸ਼ ਕਰ ਦਿੱਤਾ
ਗਿਆ ਹੈ। ਮੈਂ ਇਸ ਪੁਸਤਕ ਨੂੰ ਪਾਠਕਾਂ ਦੇ ਸਨਮੁੱਖ ਪੇਸ਼ ਕਰਦਿਆਂ ਖੁਸ਼ੀ ਅਤੇ ਗਮੀਂ
ਦੇ ਰਲਵੇਂ ਮਿਲਵੇਂ ਅਹਿਸਾਸ 'ਚੋਂ ਲੰਘ ਰਿਹਾਂ ਹਾਂ। ਖੁਸ਼ੀ ਇਸ ਗੱਲ ਦੀ ਕਿ ਡਾ.
ਬਲਜਿੰਦਰ ਪਾਲ ਦੇ ਰਹਿੰਦੇ ਕਾਰਜ ਨੂੰ ਕਿਤਾਬੀ ਰੂਪ ਦੇ ਦਿੱਤਾ ਹੈ ਅਤੇ ਗਮੀਂ
ਇਸ ਦੀ ਕਿ ਇਸ ਕਾਰਜ ਨੂੰ ਕਰਨ ਵਾਲਾ ਖੁਦ ਸਾਡੇ ਕੋਲ ਨਹੀਂ ਹੈ ਤੇ ਭਵਿੱਖ ਵਿਚ
ਉਸਦੇ ਹੋਰ ਬੋਲ ਸੁਣਨ ਨੂੰ ਨਹੀਂ ਮਿਲਣੇ।
ਹਰਸਿਮਰਨ
ਸਿੰਘ ਰੰਧਾਵਾ
ਪ੍ਰੋਫ਼ੈਸਰ, ਪੰਜਾਬੀ ਵਿਭਾਗ,
ਕੁਰੂਕੁਸ਼ੇਤਰ ਯੂਨੀਵਰਸਿਟੀ,
ਕੁਰੂਕੁਸ਼ੇਤਰ।
-ਯੂਨੀਕੋਡ-25
ਮਈ 2007