ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

Download Punjabi Fonts English Shahmukhi Devnagri

 ਅਜੋਕਾ ਵਾਧਾ:: 26 January, 2010

ਲੇਖ/ਖੋਜ/ਵਿਚਾਰ/ਰੀਵੀਊ/ਆਲੋਚਨਾ

 

 

ਚੱਪਾ ਕੁ ਸੂਰਜ - ਕਹਾਣੀਕਾਰਾ : ਬਲਬੀਰ ਕੌਰ ਸੰਘੇੜਾ

ਟਿੱਪਣੀਕਾਰ: ਜਰਨੈਲ ਸਿੰਘ ਕਹਾਣੀਕਾਰ

 


ਬਲਬੀਰ ਕੌਰ ਸੰਘੇੜਾ ਪੰਜਾਬੀ ਦੀ ਜਾਣੀ-ਪਹਿਚਾਣੀ ਗਲਪਕਾਰ ਏ। ਉਹ ਸੰਨ 1962 ਵਿੱਚ ਸ਼੍ਰੀ ਲਾਲ ਸਿੰਘ ਸੰਘੇੜਾ ਦੀ ਜੀਵਨ-ਸਾਥਣ ਬਣ ਕੇ ਆਪਣੀ ਜਨਮ-ਭੋਇੰ ਪੰਜਾਬ ਤੋਂ ਇੰਗਲੈਂਡ ਆ ਗਈ ਸੀ। ਇੰਗਲੈਂਡ 'ਚ 25-26 ਸਾਲ ਰਹਿਣ ਬਾਅਦ ਉਸਦਾ ਪਰਿਵਾਰ ਕਨੇਡਾ ਆ ਵਸਿਆ। ਅੱਜ-ਕੱਲ੍ਹ ਉਹ ਆਪਣੇ ਪਰਿਵਾਰ ਦੇ ਅੰਗ-ਸੰਗ ਮਿਲਟਨ ਵਿਖੇ ਰਹਿ ਰਹੀ ਹੈ। ਸਾਹਿਤ ਸਿਰਜਣਾ ਉਸਨੇ ਇੰਗਲੈਂਡ ਆ ਕੇ ਸ਼ੁਰੂ ਕੀਤੀ, 1969 ਦੇ ਇਰਦ-ਗਿਰਦ। ਹੁਣ ਤੱਕ ਉਸਦੇ ਦੋ ਨਾਵਲ 'ਹੱਕ ਦੀ ਮੰਗ' ਤੇ 'ਇੱਕ ਖਤ ਨਾਂ ਸੱਜਣਾਂ ਦੇ', ਤਿੰਨ ਕਹਾਣੀ-ਸੰਗ੍ਰਹਿ 'ਆਪਣੇ ਹੀ ਓਹਲੇ', 'ਖੰਭੇ', ਤੇ 'ਠੰਢੀ ਹਵਾ' ਅਤੇ ਇੱਕ ਪੰਜਾਬ ਅਤੇ ਪੰਜਾਬ ਨਾਲ ਜੁੜੀਆਂ ਯਾਦਾਂ ਦਾ ਸਫਰਨਾਮਾ 'ਪਰਛਾਈਆਂ ਦੇ ਓਹਲੇ ਪਰਿਕਰਮਾ' ਮਾਂ-ਬੋਲੀ ਪੰਜਾਬੀ ਦੀ ਝੋਲੀ 'ਚ ਪਾ ਚੁੱਕੀ ਹੈ।

'ਚੱਪਾ ਕੁ ਸੂਰਜ' ਉਸਦੀਆਂ ਨਵੀਆਂ ਕਹਾਣੀਆਂ ਵਿੱਚੋਂ ਏ। ਇਹ ਕਹਾਣੀ ਭਾਰਤੀ ਮੂਲ ਦੇ ਕਨੇਡੀਅਨ ਪਰਿਵਾਰ ਨਾਲ਼ ਸੰਬੰਧਿਤ ਹੈ। ਕਹਾਣੀ
ਦੀ ਮੁੱਖ ਪਾਤਰ ਕਿਰਨ ਤੇ ਉਸਦਾ ਪਤੀ ਬੜੇ ਉਤਸ਼ਾਹ ਨਾਲ਼ ਆਪਣਾ ਗ੍ਰਹਿਸਤੀ-ਜੀਵਨ ਆਰੰਭਦੇ ਹਨ। ਜੌਬਾਂ ਅਤੇ ਘਰ ਦੇ ਕੰਮ-ਕਾਜ ਉਹ
ਦੌੜ-ਦੌੜ ਕਰਦੇ ਹਨ। ਆਪਣੀ ਔਲਾਦ ਦੋ ਧੀਆਂ ਤੇ ਦੋ ਪੁੱਤਰਾਂ ਨੂੰ ਉਹ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਦੇ ਹਨ।

ਕਿਰਨ ਦੇ ਪਤੀ ਨਵਤੇਜ ਦੀ ਮੌਤ ਹੋ ਜਾਂਦੀ ਏ ਤੇ ਬੱਚਿਆਂ ਦੀ ਸਾਂਭ-ਸੰਭਾਲ ਦਾ ਭਾਰ ਕਿਰਨ ਦੇ ਮੋਢਿਆਂ 'ਤੇ ਪੈ ਜਾਂਦਾ ਏ। ਬੱਚਿਆਂ ਵਿੱਚੀਂ
ਚੰਗੇ ਭੱਵਿਖ ਨੂੰ ਦੇਖਦੀ ਉਹ ਦਿਨ-ਰਾਤ ਇੱਕ ਕਰ ਦੇਂਦੀ ਏ। ਪਰ ਬੱਚੇ ਤਕੜੇ ਹੋ ਕੇ, ਏਥੋਂ ਦੀ ਖੁੱਲ੍ਹਾਂ ਵਾਲ਼ੀ ਜੀਵਨ-ਸ਼ੈਲੀ ਅਧੀਨ ਆਪਣਾ
ਸੰਤੁਲਨ ਗੁਆ ਲੈਂਦੇ ਨੇ। ਉਹ ਆਪਣੀ ਆਜ਼ਾਦੀ ਨੂੰ ਠੀਕ ਢੰਗ ਨਾਲ਼ ਮੈਨੇਜ ਨਹੀਂ ਕਰਦੇ। ਗਲਤ ਆਦਤਾਂ 'ਚ ਉਲਝ ਜਾਂਦੇ ਨੇ ਤੇ ਆਖਰ
ਆਪਣੀ ਵਿਧਵਾ ਮਾਂ ਨੂੰ ਇਕੱਲਿਆਂ ਛੱਡ ਆਪੋ-ਆਪਣੇ ਰਾਹੀਂ ਟੁਰ ਜਾਂਦੇ ਹਨ।

ਇਸ ਤਰ੍ਹਾਂ 'ਚੱਪਾ ਕੁ ਸੂਰਜ' ਕਹਾਣੀ ਬੱਚਿਆਂ ਦੇ ਵਿਗੜਨ-ਬਿਖਰਨ ਅਤੇ ਬੱਚਿਆਂ ਖਾਤਰ ਟੁੱਟ-ਟੁੱਟ ਕੇ ਮਰਨ ਵਾਲੀ ਮਾਂ ਦੀ ਸੁੰਨੀ ਤੇ ਨੀਰਸ ਜ਼ਿੰਦਗੀ ਦੀ ਕਹਾਣੀ ਹੋ ਨਿਬੜਦੀ ਏ। ਇਹ ਸਮੱਸਿਆ ਕਨੇਡਾ ਦੀ ਭਾਰਤੀ ਮੂਲ ਦੀ ਕਮਿਊਨਿਟੀ 'ਚ ਹੀ ਨਹੀਂ, ਦੂਜੀਆਂ ਇੰਮੀਗਰਾਂਟ ਕਮਿਊਨਿਟੀਆਂ 'ਚ ਵੀ ਵਾਪਰ ਰਹੀ ਏ। ਕਿਰਨ ਦੇ ਗਵਾਂਢ 'ਚ ਵਸਦੇ ਕਾਲ਼ੇ ਪਤੀ-ਪਤਨੀ, ਸੈਮ ਤੇ ਐਂਜਲਾ, ਵੀ ਔਲਾਦ ਦੀਆਂ ਕੀਤੀਆਂ ਭੁਗਤ ਰਹੇ ਹਨ।

ਬੱਚਿਆਂ ਦੇ ਆਪਹੁਦਰੇਪਨ ਤੇ ਉਸ ਵਿੱਚੋਂ ਉਪਜੇ ਮਾਪਿਆਂ ਦੇ ਸੰਕਟ ਦੇ ਕਾਰਨ ਕਹਾਣੀਕਾਰਾ, ਭਾਰਤੀ ਰਵਾਇਤਾਂ ਵਿੱਚੋਂ ਲੱਭਦੀ ਏ ਜਿਸ
ਅਨੁਸਾਰ ਮਾਪੇ ਆਪਣੇ ਧੀਆਂ-ਪੁੱਤਾਂ ਤੇ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਦਾ ਬਣਾਉਂਦੇ-ਸੰਵਾਰਦੇ ਉਮਰਾਂ ਗੁਜ਼ਾਰ ਦੇਂਦੇ ਨੇ ਜਦੋਂ ਕਿ ਪੱਛਮੀ
ਪਰੰਪਰਾ ਵਿੱਚ ਮਾਪੇ 18 ਸਾਲ ਤੋਂ ਬਾਅਦ ਬੱਚਿਆਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਲਈ ਆਜ਼ਾਦ ਕਰ ਦੇਂਦੇ ਨੇ। ਇਸ ਪ੍ਰਸੰਗ 'ਚ ਗੋਰੀ ਪਾਤਰ ਮਾਰਗਰੇਟ ਦੀਆਂ ਟਿੱਪਣੀਆਂ ਮਹਤੱਵਪੂਰਨ ਹਨ। ਉਹ ਆਖਦੀ ਏ, ''ਕਿਰਨ! ਬੱਚਿਆਂ ਨੂੰ ਪਿਆਰ ਕਰੀ ਜਾਵੋ, ਉਨ੍ਹਾਂ ਦੀਆਂ ਮੰਗਾਂ ਮੰਨੀ ਜਾਵੋ, ਇਹ ਵੀ ਕੋਈ ਵਧੀਆਂ ਪੇਰੈਂਟਿੰਗ ਨਹੀਂ ਇਨ੍ਹਾਂ ਨੂੰ ਆਪਣੀ-ਆਪਣੀ ਜਿੰਮੇਵਾਰੀ ਚੁੱਕਣ ਦਿਓ ਤੈਨੂੰ ਆਪਣੀ ਜ਼ਿੰਦਗੀ ਵੀ ਮਾਨਣੀ ਚਾਹੀਦੀ ਏ।"

ਕਹਾਣੀ ਦੇ ਬਿਰਤਾਂਤ ਵਿੱਚੋਂ ਇਸ ਸਮੱਸਿਆ ਦੇ ਦੋ ਕਾਰਨ ਹੋਰ ਵੀ ਉਘੱੜਦੇ ਹਨ। ਮਾਪਿਆਂ ਦੀ ਬੱਚਿਆਂ ਨਾਲ਼ ਕਮਿਊਨੀਕੇਸ਼ਨ ਦੀ ਘਾਟ ਅਤੇ ਪੀੜ੍ਹੀ-ਪਾੜਾ। ਨਵਤੇਜ ਇੱਕ ਪਿਤਾ ਵਜੋਂ ਬੱਚਿਆਂ ਨੂੰ ਕੁਝ ਵੀ ਮਾੜਾ-ਚੰਗਾ ਨਹੀਂ ਆਖਦਾ। ਕਿਰਨ ਆਖਦੀ ਏ ਪਰ ਪਤੀ ਦੀ ਮੌਤ ਪਿੱਛੋਂ ਕੰਮਾਂ ਦੀ ਦੌੜ ਵਿੱਚ ਉਸਨੂੰ ਸਮਾਂ ਹੀ ਨਹੀਂ ਮਿਲਦਾ।

ਪੀੜ੍ਹੀ-ਪਾੜੇ ਵਿੱਚ ਸਾਰਾ ਦੋਸ਼ ਬੱਚਿਆਂ ਦਾ ਹੀ ਨਹੀਂ, ਮਾਪਿਆਂ ਦਾ ਵੀ ਹੁੰਦਾ ਏ। ਮਾਪੇ ਫਲੈਕਸਿਬਿਲਟੀ ਨਹੀਂ ਦਿਖਾਉਂਦੇ। ਇਸ ਕਹਾਣੀ ਵਿੱਚ ਵੀ ਜਦੋਂ ਕਿਰਨ ਦਾ ਵੱਡਾ ਲੜਕਾ ਜੌਹਨੀ, ਗੁਜਰਾਤੀ ਕੁੜੀ ਸਰਿਤਾ ਨਾਲ਼ ਵਿਆਹ ਕਰਨਾ ਚਾਹੁੰਦਾ ਹੈ ਤਾਂ ਕਿਰਨ ਜਾਤਾਂ ਤੇ ਖਾਨਦਾਨਾਂ ਦੀਆਂ ਗੱਲਾਂ ਲੈ ਬੈਠਦੀ ਏ। ਏਥੇ ਕਸੂਰ ਜੌਹਨੀ ਦਾ ਵੀ ਏ। ਮਾਂ ਨੂੰ ਮੋਹ ਨਾਲ਼ ਪਿਘਲਾ ਕੇ 'ਹਾਂ' ਲੈਣ ਦੀ ਬਜਾਇ ਉਹ ਉਸ ਨਾਲ਼ ਕੌੜਾ-ਫਿੱਕਾ

ਬੋਲਦਾ ਏ। ਪਰੇਸ਼ਾਨੀਆਂ 'ਚ ਉਲਝੀ ਹੋਈ ਕਿਰਨ ਨੂੰ ਵੀ ਰੋਹ ਚੜ੍ਹ ਜਾਂਦਾ ਏ। ਜੌਹਨੀ ਨੇ ਸਰਿਤਾ ਨਾਲ਼ ਵਿਆਹ ਤਾਂ ਕਰਵਾਉਣਾ ਹੀ
ਕਰਵਾਉਣਾ ਸੀ, ਬਿਫਰਿਆ ਹੋਇਆ ਉਹ ਮਾਂ ਨਾਲ਼ੋਂ ਨਾਤਾ ਹੀ ਤੋੜ ਲੈਂਦੈ।

ਖੈਰ ਇਸ ਸਥਿਤੀ 'ਚ ਕਿਰਨ ਦਾ ਵਤੀਰਾ ਕਹਾਣੀ ਦਾ ਔਗੁਣ ਨਹੀਂ, ਗੁਣ ਹੋ ਨਿੱਬੜਦਾ ਏ। ਕਹਾਣੀਕਾਰਾ ਦੀ ਵਧੀਆ ਪਾਤਰ ਉਸਾਰੀ ਦਾ
ਪ੍ਰਮਾਣ ਹੈ ਇਹ। ਕਹਿਣ ਦਾ ਭਾਵ ਇਹ ਕਿ ਕਿਰਨ ਨੂੰ ਉਸਨੇ ਸੁਧੇ ਗੁਣਾਂ ਵਾਲ਼ੀ ਹੀ ਨਹੀਂ ਚਿੱਤਰਿਆ, ਉਸ ਵਿੱਚ ਔਗੁਣ ਵੀ ਨੇ।

ਬਲਬੀਰ ਕੌਰ ਸੰਘੇੜਾ ਦੀ ਯਥਾਰਥਕ ਪਾਤਰ-ਉਸਾਰੀ ਦੂਜੇ ਪਾਤਰਾਂ ਦੇ ਸੰਬੰਧ ਵਿੱਚ ਵੀ ਦੇਖੀ ਜਾ ਸਕਦੀ ਏ। ਮੁੱਖ ਪਾਤਰ ਦੀ ਵੱਡੀ ਧੀ
ਰੂਪੀ ਸ਼ਰਾਬ ਪੀਣ ਲੱਗ ਜਾਂਦੀ ਏ। ਸ਼ਰਾਬ ਦੇ ਨਸ਼ੇ ਵਿੱਚ ਉਸਨੂੰ ਜੋ ਵੀ ਗੋਰਾ-ਕਾਲ਼ਾ ਮਿਲਦੈ, ਉਸੇ ਨਾਲ਼ ਟੁਰ ਪੈਂਦੀ ਏ। ਗਰਭਵਤੀ ਹੋ ਕੇ
ਉਸਨੂੰ ਇਹ ਵੀ ਨਹੀਂ ਪਤਾ ਕਿ ਉਸਦੇ ਹੋਣ ਵਾਲ਼ੇ ਬੱਚੇ ਦਾ ਬਾਪ ਕੌਣ ਹੈ? ਪਰ ਉਸਦੇ ਕਿਰਦਾਰ ਦਾ ਚੰਗਾ ਪੱਖ ਉਦੋਂ ਊੱਘੜਦੈ ਜਦੋਂ ਉਹ
ਅਬਾਰਸ਼ਨ ਕਰਵਾਉਣ ਤੋਂ ਨਾਂਹ ਕਰ ਦੇਂਦੀ ਏ ਤੇ ਹਰ ਕੰਮ ਬੇਬੀ ਨੂੰ ਧਿਆਨ ਵਿੱਚ ਰੱਖ ਕੇ ਕਰਨ ਲੱਗਦੀ ਏ। ਸਿੰਗਲ-ਮਦਰ ਦੀ ਰੀਤ ਨੂੰ
ਵਧੀਆ ਜੀਵਨ-ਮੁੱਲ ਤਾਂ ਨਹੀਂ ਕਿਹਾ ਜਾ ਸਕਦਾ ਪਰ ਰੂਪੀ ਦਾ ਬੇਬੀ ਨਾਲ਼ ਜੁੜਨਾ, ਉਸ ਅੰਦਰ ਆ ਰਹੇ ਅਨੁਸ਼ਾਸਨ ਦਾ ਸੰਕੇਤ ਹੈ। ਕਿਰਨ ਦਾ ਛੋਟਾ ਪੁੱਤਰ, ਉਸਦਾ ਆਖਾ ਮੰਨ ਕੇ, ਇੰਡੀਆ ਤੋਂ ਆਏ ਪਰਿਵਾਰ ਦੀ ਲੜਕੀ ਨਾਲ਼ ਵਿਆਹ ਕਰ ਲੈਂਦਾ ਹੈ। ਪਰ ਨੂੰਹ-ਸੱਸ ਦੀ ਦਾਲ਼ ਨਹੀਂ ਗਲ਼ਦੀ। ਏਥੇ ਪੁੱਤਰ ਪਤਨੀ ਦੀ ਧਿਰ ਬਣ ਕੇ ਮਾਂ ਨੂੰ ਹੋਰ ਦੁਖੀ ਨਹੀਂ ਕਰਦਾ, ਮੂਵ ਹੋ ਜਾਂਦਾ ਏ।

ਛੋਟੀ ਧੀ ਗੁਰਿੰਦਰ ਨੂੰ ਸਿਗਰਟਾਂ ਦੀ ਲੱਤ ਪੈ ਜਾਂਦੀ ਏ। ਮਾਂ ਦੇ ਵਿਰੋਧ ਮੂਹਰੇ ਝੁਕਦੀ ਉਹ ਸਿਗਰਟਾਂ ਛੱਡ ਦੇਂਦੀ ਏ। ਪਰ ਉਸਦੀ ਆਪਣੇ
ਬੁਆਇ-ਫਰੈਂਡ, ਗੋਰੇ ਮੁੰਡੇ ਰਿਚਰਡ ਨਾਲ਼ ਵਿਆਹ ਦੀ ਪਲੈਨ ਮਾਂ ਨੂੰ ਅਪਸੈੱਟ ਕਰ ਦੇਂਦੀ ਏ। ਪਰੰਤੂ ਰਿਚਰਡ ਨੂੰ ਮਿਲ ਕੇ ਮਾਂ ਦਾ ਡਰ-ਫਿਕਰ ਦੂਰ ਹੋ ਜਾਂਦਾ ਏ। ਗੁਰਿੰਦਰ ਨਾਲ਼ ਦਿਲੀ ਪਿਆਰ ਦੀ ਸ਼ਾਹਦੀ ਭਰਦਿਆਂ, ਰਿਚਰਡ ਕਿਰਨ ਦੀ ਅਸ਼ੀਰਵਾਦ ਮੰਗਦਾ ਏ। ਰਿਚਰਡ ਦੇ ਮੋਹ ਭਰੇ ਸਲੀਕੇ ਤੋਂ ਪ੍ਰਭਾਵਿਤ ਹੋਈ ਕਿਰਨ ਗਰਿੰਦਰ ਨੂੰ ਉਸ ਨਾਲ਼ ਵਿਆਹ ਦੇਂਦੀ ਏ। ਤੇ ਅਖੀਰ ਵਿੱਚ ਇਹੀ ਰਿਚਰਡ ਕਿਰਨ ਦੇ ਹਨ੍ਹੇਰੇ ਜੀਵਨ ਵਿੱਚ 'ਚੱਪਾ ਕੁ ਸੂਰਜ' ਬਣਦੈ। ਆਪਣੀ ਕੁੱਖੋਂ ਜੰਮੀ ਔਲਾਦ ਤੋਂ ਕਿਰਨ ਨੂੰ ਕੋਈ ਵੀ ਸੁੱਖ ਨਸੀਬ ਨਹੀਂ ਹੁੰਦਾ, ਸੁੱਖ ਦੇ ਕੁਝ ਪਲ ਉਸ ਲਈ ਰਿਚਰਡ ਹੀ ਲੈ ਕੇ ਆਉਂਦਾ ਏ। ਜਿਸ ਸਮਾਜ ਦੀ ਨਕਲ ਕਰਦਿਆਂ ਕਿਰਨ ਦੇ ਬੱਚੇ ਅਸੰਤੁਲਿਤ ਹੁੰਦੇ ਨੇ ਅਤੇ ਮੋਹ-ਤੇਹ ਤੋਂ ਸੱਖਣੇ ਹੋ ਕੇ ਵਿਧਵਾ ਮਾਂ ਲਈ ਤੱਤੀਆਂ ਹਵਾਵਾਂ ਬਣਦੇ ਨੇ, ਉਸੇ ਸਮਾਜ ਦਾ ਵਿਅਕਤੀ ਰਿਚਰਡ ਉਸ ਲਈ ਮੋਹ-ਤੇਹ ਦੀ ਠੰਢੀ ਹਵਾ ਦਾ ਬੁੱਲਾ ਬਣਦਾ ਏ। ਕਹਾਣੀ ਦੇ ਪਲਾਟ ਨੂੰ ਇਹ ਮਰੋੜੀ ਦੇ ਕੇ ਬਲਬੀਰ ਕੌਰ ਸੰਘੇੜਾ ਨੇ ਆਪਣੀ ਵਧੀਆ ਕਹਾਣੀ-ਕਲਾ ਦਾ ਪ੍ਰਮਾਣ ਦਿੱਤਾ ਏ।

ਕਹਾਣੀ ਦੀਆਂ ਗਹਿਰਾਈਆਂ ਵਿੱਚ ਮਨੁੱਖੀ ਸੁਭਾਅ ਦਾ ਇਕ ਅਹਿਮ ਤੱਥ ਪਿਆ ਹੋਇਆ ਏ। ਦੁੱਖਾਂ 'ਚ ਘਿਰੀ ਹੋਣ ਦੇ ਬਾਵਜੂਦ ਵੀ ਕਹਾਣੀ
ਦੀ ਮੁੱਖ ਪਾਤਰ ਕਿਰਨ ਜ਼ਿੰਦਗੀ ਤੋਂ ਮੁੰਹ ਨਹੀਂ ਮੋੜਦੀ। ਇਹ ਸੱਚ ਹੈ ਕਿ ਜੀਵਨ ਦੇ ਘੁੱਪ-ਹਨ੍ਹੇਰਿਆਂ ਵਿੱਚ ਵੀ ਮਨੁੱਖ ਚਾਨਣ ਦੀ ਕੋਈ ਨਾ
ਕੋਈ ਕਾਤਰ ਲੱਭ ਹੀ ਲੈਂਦਾ ਏ। ਇਸ ਸੱਚ ਨੂੰ, ਤੱਥ ਨੂੰ 'ਚੱਪਾ ਕੁ ਸੂਰਜ' ਕਹਾਣੀ ਰਾਹੀਂ ਸਫ਼ਲਤਾ ਨਾਲ਼ ਪੇਸ਼ ਕਰਨ ਲਈ ਮੈਂ ਬਲਬੀਰ ਕੌਰ
ਸੰਘੇੜਾ ਨੂੰ ਵਧਾਈ ਦੇਂਦਾ ਹਾਂ।

***

(25 ਮਈ 2009)
 

ਬਲਬੀਰ ਕੌਰ ਸੰਘੇੜਾ ਦੀਆਂ 'ਲਿਖਾਰੀ' ਵਿਚ ਛਪੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

e-mail:
ਲਿਖਾਰੀ


© likhari: Punjabi Likhari Forum-2001-2007

 

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.