ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts English Shahmukhi Devnagri

 ਅਜੋਕਾ ਵਾਧਾ:: 26 January, 2010

-ਲੇਖ/ਜਾਣਕਾਰੀ/ਵਿਚਾਰ/ਰਹਿਤਲ/ਆਲਾ-ਦੁਆਲਾ-

 

ਆਖਿਰ ਕਿਉਂ ਤੇ ਕਦੋਂ ਤੱਕ (7)
-ਡਾ. ਜਸਬੀਰ ਕੌਰ-


ਸੁਣਿਆ ਹੈ ਕਿ ਧਰਤੀ ਤੇ ਵਸਦੇ ਸਾਰੇ ਜੀਵਾਂ ਵਿਚੋਂ ਇਨਸਾਨ ਇਕ ਐਸਾ ਜੀਵ ਹੈ ਜਿਸ ਕੋਲ ਦਿਮਾਗ ਹੈ, ਸੋਚਣ ਸ਼ਕਤੀ ਹੈ! ਪਰ ਕਈ ਵਾਰੀ ਲੱਗਦਾ ਹੈ ਕਿ ਨਹੀਂ
ਇਨਸਾਨ ਅਤੇ ਜਾਨਵਰ ਵਿਚ ਕੋਈ ਫਰਕ ਨਹੀਂ ਹੈ।  ਮੈਂ ਇਹ ਨਹੀਂ ਕਹਿ ਰਹੀ ਕਿ ਇਨਸਾਨ ਜਾਨਵਰ ਹੈ, ਪਰ ਕਈ ਵਾਰੀ ਇਨਸਾਨ ਹੀ ਐਸੇ ਕੰਮ ਕਰਦਾ ਹੈ,  ਜਿਹਦੇ ਕੀਤੇ ਕੰਮ ਇਹ ਸੋਚਣ ਤੇ ਮਜ਼ਬੂਰ ਕਰ ਦਿੰਦੇ ਹਨ ਕਿ ਇਨਸਾਨ ਦੀ ਇਨਸਾਨੀਅਤ ਕਿੱਥੇ ਚਲੀ ਗਈ!

ਇੰਨ੍ਹੀਂ ਦਿਨੀ ਪੰਜਾਬ ਸੜ ਰਿਹਾ ਹੈ, ਤੇ ਪੰਜਾਬ ਨੂੰ ਸਾੜਣ ਵਾਲੇ ਇਨਸਾਨ ਬੜੇ ਖੁਸ਼ ਹਨ ਕਿ ਅਸੀਂ ਬਹੁਤ ਮਹਾਨ ਕੰਮ ਕਰ ਰਹੇ ਹਾਂ। ਪੰਜਾਬ ਵਿਚ ਮਾਹੌਲ ਖਰਾਬ ਹੌਣ ਦਾ ਕਾਰਣ ਵੀਆਨਾ (ਆਸਟਰੀਆ) ਵਿਚ ਦੋ ਸਿੱਖ/ਪੰਜਾਬੀ ਸਮੂਹਾਂ ਵਿਚਕਾਰ ਹੋਏ ਖੂਨ-ਖਰਾਬੇ ਦੀ ਘਟਨਾ ਹੈ ਜਿਸ ਵਿਚ ਇਕ ਧਰਮ ਗੁਰੂ ਦੀ ਮੌਤ ਹੋ ਗਈ! ਘਟਨਾ ਕਿਸੇ ਦੂਜੇ ਦੇਸ਼ ਵਿਚ ਵਾਪਰੀ ਤੇ ਖੂਨ-ਖਰਾਬਾ ਪੰਜਾਬ ਵਿਚ ਹੋ ਰਿਹਾ ਹੈ! ਲੋਕ ਬਸਾਂ ਫੂਕ ਰਹੇ ਹਨ, ਰੇਲਗਡੀਆਂ ਸਾੜ ਰਹੇ ਹਨ, ਦੁਕਾਨਾਂ ਨੂੰ ਅੱਗਾਂ ਲਾ ਰਹੇ ਹਨ, ਆਖਿਰ ਕਿਉਂ???

ਕਿਉਂ ਨਹੀ ਲੋਕ ਇਹ ਸੋਚਦੇ ਕਿ ਜਾਣੇ ਅਣਜਾਣੇ ਉਹ ਆਪਣਾ ਘਰ ਸਾੜ ਕੇ ਤਮਾਸ਼ਾ ਬਣਾ ਰਹੇ ਹਨ! ਆਖਿਰ ਸਰਕਾਰੀ ਮਸ਼ੀਨਰੀ, ਬਸਾਂ, ਰੇਲਾਂ ਸਾੜ ਕੇ ਕੀ ਹਾਸਿਲ ਕਰਨਾ ਚਾਹੁੰਦੇ ਨੇ ਇਹ ਲੋਕ? ਇਹਨਾਂ ਨੂੰ ਇੰਨੀ ਸੁਰਤ ਨਹੀਂ ਕਿ ਇਹ ਸਭ ਪਬਲਿਕ ਪ੍ਰਾਪਰਟੀ ਹੈ ਜਿਸ ਨੂੰ ਇਹ ਤਬਾਹ ਕਰ ਕੇ ਜੰਗ ਜਿੱਤਣੀ ਸਮਝ ਰਹੇ ਹਨ!  ਇਹ ਇਹਨਾਂ ਦੇ ਆਪਣੇ ਘਰ ਦਾ ਨੁਕਸਾਨ ਹੈ! ਕਿਉਂ ਲੋਕ ਇਹ ਭੁੱਲ ਜਾਂਦੇ ਹਨ ਕਿ ਉਹਨਾਂ ਦੇ ਖੂਨ ਪਸੀਨੇ ਦੀ ਕਮਾਈ ਦਾ ਕੁਝ ਹਿੱਸਾ ਜੋ ਟੈਕਸ ਦੇ ਰੂਪ ਵਿਚ ਸਰਕਾਰ ਕੋਲ ਜਾਂਦਾ ਹੈ, ਸਰਕਾਰ ਜਨਤਾ ਦੀ ਸਹੂਲੀਅਤ ਲਈ ਹੀ ਇਹ ਪੈਸਾ ਇਸਤੇਮਾਲ ਕਰਦੀ ਹੈ ਅਤੇ ਇਹਨਾਂ ਸਹੂਲਤਾਂ ਵਿਚ ਰੇਲਾਂ, ਬਸਾਂ, ਸਰਕਾਰੀ ਮਸ਼ੀਨਰੀ ਵੀ ਸ਼ਾਮਿਲ ਹੈ।
ਇਸ ਸਭ ਦੇ ਨੁਕਸਾਨ ਨਾਲ ਸਰਕਾਰ ਨੂੰ ਕੋਈ ਫਰਕ ਨਹੀਂ ਪੈਣਾ। ਇਹੋ ਜਿਹੀਆਂ ਹੋਛੀਆਂ ਹਰਕਤਾਂ ਕਰ ਕੇ ਲੋਕ ਆਪਣਾ ਹੀ ਨੁਕਸਾਨ ਕਰ ਰਹੇ ਹੁੰਦੇ ਹਨ। ਆਖਿਰ ਕਿਉਂ ਨਹੀਂ ਸਮਝਦੇ ਲੋਕ????? ਆਪਣੇ ਘਰ ਵਿਚ ਛੋਟੀ ਜਿਹੀ ਚੀਜ ਖਰਾਬ ਹੋ ਜਾਏ ਜਾਂ ਟੁੱਟ ਜਾਏ ਤਾਂ ਮਣਾਂ ਮੂੰਹੀਂ ਅਫਸੋਸ ਹੁੰਦਾ ਹੈ ਅਤੇ ਜੇ ਅਸੀਂ ਆਪ ਘਰ ਤੋਂ ਬਾਹਰ ਜਾ ਕੇ ਤੋੜ ਫੋੜ ਕਰਦੇ ਹਾਂ ਤਾਂ ਉਸ ਦਾ ਕੋਈ ਅਫਸੋਸ ਨਹੀਂ ਕਿਉਂਕਿ ਉਹ ਸਰਕਾਰੀ ਹੈ? ''ਸ਼ਾਬਾਸ਼ ਮੇਰੇ ਪੰਜਾਬ ਦੀ ਜਨਤਾ!''

ਉਸ ਵੇਲੇ ਇਹ ਜਨਤਾ ਖਾਮੋਸ਼ ਕਿਉਂ ਹੁੰਦੀ ਹੈ ਜਦੋਂ ਇਸ ਜਨਤਾ ਵਿਚੋਂ ਹੀ ਲੋਕ ਉੱਠ ਕੇ ਕੁਕਰਮ ਕਰਦੇ ਹਨ ਕਦੀ ਕਿਸੇ ਵਿਦੇਸ਼ ਤੋਂ ਆਈ ਨਾਰੀ ਦਾ ਕਦੇ ਆਪਣੀ ਧੀ ਭੇਣ ਦਾ ਉਸ ਵੇਲੇ ਕਿਉਂ ਡਾਂਗਾਂ ਮਾਰਨ ਵਾਲੇ ਇਹ ਮਹਾਨ ਲੋਕ ਅੰਦਰੀਂ, ਦੜ ਵੱਟ ਕੇ ਬਹਿ ਜਾਂਦੇ ਨੇ? ਉਸ ਵੇਲੇ ਇਹਨਾਂ ਦਾ ਜ਼ਮੀਰ ਕਿਉਂ ਨਹੀਂ ਜਾਗਦਾ?

ਵੀਆਨਾ ਵਿਚ ਇਸ ਘਟਨਾ ਵਾਪਰੀ ਨੂੰ ਦੋ ਦਿਨ ਬੀਤ ਗਏ ਨੇ ਪਰ ਉੱਥੇ ਰਹਿਣ ਵਾਲੇ ਸਿੱਖਾਂ/ਪੰਜਾਬੀਆਂ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਹੋਈ ਜਦੋਂ ਕਿ ਉੱਥੇ ਕੋਈ 30,000 ਸਿੱਖ ਪਰਿਵਾਰ ਰਹਿੰਦੇ ਨੇ! ਇਹ ਲੋਕ ਸਰਕਾਰ ਤੋਂ ਇਹ ਆਸ ਰੱਖਦੇ ਨੇ ਕਿ ਸਰਕਾਰ ਮਿੰਟਾਂ ਸਕਿੰਟਾਂ ਵਿਚ ਹੀ ਮਾਮਲੇ ਦਾ ਨਿਪਟਾਰਾ ਕਰੇ! ਮੈਂ ਆਪ ਸਭ ਨੂੰ ਪੁਛੱਦੀ ਹਾਂ ਕਿ ਆਪਣੇ ਘਰਾਂ ਦੇ ਮਾਮਲੇ ਕਦੀ ਇੰਨੀ ਛੇਤੀ ਮੁੱਕੇ ਨੇ? ਇਹ ਤੇ ਫਿਰ ਦੋ ਦੇਸ਼ਾਂ ਵਿਚਕਾਰ ਦਾ ਮਾਮਲਾ ਹੈ! ਦੋ ਦੇਸ਼ਾਂ ਦਾ ਮਾਮਲਾ ਵੀ ਤਾਂ ਹੁੰਦਾ ਜੇ ਉਥੋਂ ਦੇ ਲੋਕਾਂ ਨੇ ਸਿੱਖਾਂ ਤੇ ਹਮਲਾ ਕੀਤਾ ਹੁੰਦਾ। ਇਹ ਤੇ ਮਸਲਾ ਹੀ ਆਪਸੀ ਲੜਾਈ ਦਾ ਹੈ। ਉਥੋਂ ਦੇ ਸਿੱਖ/ਪੰਜਾਬੀ ਹੀ ਆਪਸ ਵਿਚ ਲੜ ਮਰ ਰਹੇ ਹਨ। ਕੋਈ ਬਾਹਰ ਦਾ ਉਹਨਾਂ ਨੂੰ ਨਹੀਂ ਮਾਰ ਰਿਹਾ। ਰੋਸ ਜਾਹਿਰ ਕਰਨ ਦੇ ਹੋਰ ਬਹੁਤ ਤਰੀਕੇ ਹੁੰਦੇ ਨੇ, ਇਸ ਤਰ੍ਹਾਂ ਆਪਣੇ ਘਰ ਦਾ ਮਾਹੌਲ ਖਰਾਬ ਕਰ ਕੇ ਅਸੀਂ ਆਪਣੇ ਘਰ ਦਾ ਤਮਾਸ਼ਾ ਬਣਾ ਰਹੇ ਹਾਂ। ਅਸੀਂ ਕਿਸੇ ਦੂਜੇ ਤੋਂ ਕੀ ਆਸ ਰਖ ਸਕਦੇ ਹਾਂ? ਨੁਕਸਾਨ ਕਰਨ ਲੱਗੇ ਅਸੀਂ ਇਕ ਵਾਰੀ ਨਹੀਂ ਸੋਚਦੇ ਕਿ ਅਸੀਂ ਆਪਣਾ ਘਰ ਬਰਬਾਦ ਕਰ ਰਹੇ ਹਾਂ। ਅੱਗਾਂ ਲਾ ਕੇ ਕੀ ਸਥਿਤੀ ਸੁਧਰ ਜਾਏਗੀ? ਜਨਤਾ ਨੇ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਕਰ ਕੇ ਘਰ ਬਹਿ ਜਾਣਾ ਹੈ ਤੇ ਸਰਕਾਰ ਨੂੰ ਕੀ ਸਜ਼ਾ ਹੈ? ਉਹ ਫਿਰ ਜਨਤਾ ਦੀ ਹੀ ਸਹੂਲੀਅਤ ਲਈ ਨੁਕਸਾਨ ਦੀ ਭਰਪਾਈ ਕਰੇਗੀ! ਇਹੀ ਬੇਗ਼ੈਰਤ ਜਨਤਾ ਰੇਲ ਜਾਂ ਬੱਸ ਦੀ ਸਹੂਲੀਅਤ ਨਾ ਮਿਲਣ ਤੇ ਫਿਰ ਬਿਨਾਂ ਸੋਚੇ, ਨਵੇਂ ਬਵਾਲ ਖੜਾ ਕਰੇਗੀ।  ਫਿਰ ਤੋੜ ਫੋੜ ਕਰਫੀਊ, ਫਿਰ ਨਿਰਦੋਸ਼ਾਂ ਦੀ ਮੌਤ ਦੀ ਖੇਡ! ਇਹ ਕੇਵਲ ਇਕ ਘਟਨਾ ਹੈ। ਇਸ ਤੋਂ ਪਹਿਲਾਂ ਵੀ ਦੰਗੇ ਹੁੰਦੇ ਰਹੇ ਹਨ ਤੇ ਸ਼ਿਕਾਰ ਹੁੰਦੀ ਹੈ ਵਿਚਾਰੀ ਜਨਤਾ, ਜਨਤਾ ਦੀ ਆਪਣੀ ਜਾਇਦਾਦ, ਜਿਸ ਨੂੰ ਸਾੜ ਫੂਕ ਕੇ ਮੇਰੇ ਦੇਸ਼ ਦੀ ਜਨਤਾ ਆਨੰਦ ਮਾਣਦੀ ਹੈ। ਕਹਿੰਦੇ ਨੇ ਕਿ ਆਪਣੇ ਘਰ ਦੇ ਜਾਨਵਰ ਨਾਲ ਵੀ ਪਿਆਰ ਹੋ ਜਾਂਦਾ ਹੈ ਘਰ ਦੀ ਹਰ ਇੱਟ ਜੋ ਹੱਥੀਂ ਲਾਈ ਹੁੰਦੀ ਹੈ ਉਸ ਨਾਲ ਮੋਹ ਹੁੰਦਾ ਹੈ ਫਿਰ ਕਿਉਂ ਫਰਕ ਆ ਜਾਂਦਾ ਹੈ ਘਰ ਤੇ ਦੇਸ਼ ਵਿਚਕਾਰ? ਕਿਉਂ ਫਰਕ ਆ ਜਾਂਦਾ ਹੈ ਆਪਣੇ ਤੇ ਸਰਕਾਰੀ ਵਸਤਾਂ ਵਿਚਕਾਰ ???

ਆਖਿਰ ਕਿਉਂ, ਆਖਿਰ ਕਿਉਂ, ਆਖਿਰ ਕਿਉਂ?

****

ਡਾ. ਜਸਬੀਰ ਕੌਰ
#74,ਫੇਜ਼ 3 ਏ
ਮੋਹਾਲੀ
ਫੋਨ… 9872117774
jasbir_noni@yahoo.co.in

(26 ਮਈ 2009) ਯੂਨੀਕੋਡ

ਡਾ: ਜਸਬੀਰ ਕੌਰ ਦੀਆਂ ਲਿਖਾਰੀ ਵਿੱਚ ਪ੍ਰਕਾਸ਼ਿਤ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

ilKfrI
Likhari

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.