ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

Download Punjabi Fonts English Shahmukhi Devnagri

 ਅਜੋਕਾ ਵਾਧਾ:: 26 January, 2010

   ਮੁੱਖਪੰਨਾ

             ਲੇਖ/ਆਲਾ-ਦੁਆਲਾ/ਜਾਣਕਾਰੀ/ਵਿਚਾਰ/ਸਵੈ-ਕਥਨ

 

 'ਕਿਉਂ ਇਤਨੇ ਪਰੇਸ਼ਾਂ ਹੈਂ ਸ਼ੀਸ਼ੇ ਕੇ ਮਕਾਂ ਵਾਲੇ' (50)
ਮੂਲ ਲੇਖਕ: ਕੁੰਵਰਪਾਲ ਸਿੰਘ
- ਕੇਹਰ ਸ਼ਰੀਫ਼
, ਜਰਮਨੀ-

ਦੋ ਸ਼ਬਦ

ਕੇਹਰ ਸ਼ਰੀਫ਼ (ਜਰਮਨੀ) ਦੀਆਂ 'ਲਿਖਾਰੀ' ਵਿੱਚ ਹੁਣ ਤੱਕ 47 ਰਚਨਾਵਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ । 'ਕੁੱਜੇ ਵਿੱਚ ਸਮੁੰਦਰ ਬੰਦ' ਕਰਨ ਵਾਂਗ ਆਪ ਦੀਆਂ ਰਚਨਾਵਾਂ, ਤਿੱਖਾ, ਦਿੱਲ ਨੂੰ ਟੁੰਬਵਾਂ, ਸੰਖੇਪ ਪਰ ਸਦ ਰਹਿਣਾ ਪ੍ਰਭਾਵ ਛੱਡਦੀਆਂ ਹਨ। ਸਾਰੀਆਂ ਹੀ ਰਚਨਾਵਾਂ ਨੂੰ ਪਾਠਕਾਂ/ਲੇਖਕਾਂ ਵਲੋਂ ਬਹੁਤ ਹੀ ਭਰਵਾਂ ਹੁੰਗਾਰਾਂ ਮਿਲਿਆ ਹੈ।
ਕੁੰਵਰਪਾਲ ਸਿੰਘ ਦੀ ਲਿਖੀ ਅਤੇ ਕੇਹਰ ਸ਼ਰੀਫ ਵਲੋਂ ਅਨੁਵਾਦ ਕੀਤੀ ਰਚਨਾ:  'ਕਿਉਂ ਇਤਨੇ ਪਰੇਸ਼ਾਂ ਹੈਂ ਸ਼ੀਸ਼ੇ ਕੇ ਮਕਾਂ ਵਾਲੇ'  ਪਾਠਕਾਂ ਗੋਚਰੇ ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।'---ਲਿਖਾਰੀ

***

'ਕਿਉਂ ਇਤਨੇ ਪਰੇਸ਼ਾਂ ਹੈਂ ਸ਼ੀਸ਼ੇ ਕੇ ਮਕਾਂ ਵਾਲੇ' - ਕੁੰਵਰਪਾਲ ਸਿੰਘ
-ਪੰਜਾਬੀ ਰੂਪ – ਕੇਹਰ ਸ਼ਰੀਫ਼ –

(ਡਾ:) ਰਾਹੀ ਮਾਸੂਮ ਰਜ਼ਾ ਦਾ ਸਾਰਾ ਸਾਹਿਤ ਹਿੰਦੁਸਤਾਨੀ ਸੱਭਿਅਤਾ ਅਤੇ ਸੱਭਿਆਚਾਰ ਦੀ ਸਾਂਝੀ ਵਿਰਾਸਤ ਦਾ ਸਾਹਿਤ ਹੈ। ਰਾਹੀ ਸਦਾ ਹੀ ਉਨ੍ਹਾਂ ਤਾਕਤਾਂ ਅਤੇ ਪ੍ਰਵਿਰਤੀਆਂ ਦਾ ਵਿਰੋਧ ਕਰਦੇ ਰਹੇ ਜੋ ਸਾਡੀ ਏਕਤਾ ਨੂੰ ਧਰਮ, ਫਿਰਕਾ, ਖੇਤਰ ਅਤੇ ਭਾਸ਼ਾ ਦੇ ਨਾਮ ਉੱਤੇ ਵੰਡਣ ਦਾ ਯਤਨ ਕਰਦੀਆਂ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਆਉਣ ਵਾਲੇ ਨਵੇਂ ਸਮਾਜ ਦੀ ਧੜਕਣ ਨੂੰ ਵੀ ਬੋਲ ਅਤੇ ਸ਼ਬਦ ਦਿੱਤੇ। ਜਗੀਰਦਾਰੀ ਅਤੇ ਪੂੰਜੀਵਾਦੀ ਸਮਾਜ ਜੀਵਨ ਸ਼ਕਤੀ ਗੁਆ ਚੁੱਕਾ ਹੈ। ਇਸਦੇ ਕੋਲ ਸਮਾਜ ਨੂੰ ਦੇਣ ਵਾਸਤੇ ਕੋਈ ਭਵਿੱਖ ਨਹੀਂ ਹੈ। ਇਹ ਵਰਤਮਾਨ ਨੂੰ ਵੀ ਗੰਗਾ ਦੀ ਤਰਾਂ ਪ੍ਰਦੂਸ਼ਤ (ਗੰਦਾ) ਕਰ ਰਿਹਾ ਹੈ। ਰਾਹੀ ਨੇ ਆਪਣੀਆਂ ਕਵਿਤਾਵਾਂ ਲੇਖਾਂ ਅਤੇ ਨਾਵਲਾਂ ਵਿਚ ਭਾਰਤ ਦੇ ਇਸ ਦੁਖਾਂਤ ਦਾ ਚਿਤਰਣ ਕੀਤਾ ਹੈ। ਆਪਣੇ ਪ੍ਰਸਿੱਧ ਨਾਵਲ 'ਆਂਧਾ ਗਾਂਵ' ਵਿਚ ਰਾਹੀ ਨੇ ਇਹ ਸਪਸ਼ਟ ਕੀਤਾ ਕਿ ਧਰਮ ਰਾਸ਼ਟਰ ਨਹੀ ਹੁੰਦਾ 'ਇਸਲਾਮ ਇਕ ਧਰਮ ਹੈ ਪਰ ਰਾਸ਼ਟਰ ਨਹੀ'। ਕੌਮ ਅਤੇ ਧਰਮ ਨੂੰ ਇਕ ਸਮਝਣਾਂ ਇਤਿਹਾਸ ਵਿਰੋਧੀ ਪ੍ਰਵਿਰਤੀ ਜਾਂ ਝੂਠੀ ਚੇਤਨਾ ਹੈ। ਇਸਦੇ ਅਧਾਰ ਤੇ ਜੋ ਵੀ ਰਾਜਨੀਤੀ ਕੀਤੀ ਜਾਵੇਗੀ ਉਸਦੇ ਮਨੁਖਤਾ ਵਿਰੋਧੀ ਅਤੇ ਭੈੜੇ ਸਿੱਟੇ ਹੀ ਨਿਕਲਣਗੇ। ਰਾਹੀ ਨੇ 1964 ਵਿਚ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਪਾਕਿਸਤਾਨ ਦੀ ਬੁਨਿਆਦ ਇਤਿਹਾਸ ਦੀ ਧਾਰਾ ਦੇ ਵਿਰੋਧ ਵਿਚ ਰੱਖੀ ਗਈ ਸੀ, ਇਸ ਕਰਕੇ ਇਸ ਦਾ ਟੁੱਟਣਾ ਅਟੱਲ ਹੈ। ਉਸ ਸਮੇਂ (1966) ਕਿਸੇ ਨੇ ਵੀ ਰਾਹੀ ਦੇ ਕਹੇ ਤੇ ਯਕੀਨ ਨਹੀਂ ਕੀਤਾ ਸੀ ਅਤੇ ਕੁੱਝ ਲੋਕਾਂ ਨੇ ਤਾਂ ਇਸਦੀ ਅੰਨ੍ਹੀ ਰਾਸ਼ਟਰਭਗਤੀ ਨਾਲ ਤੁਲਨਾ ਕੀਤੀ ਸੀ। 1971 ਵਿਚ ਜਦੋ ਬੰਗਲਾਦੇਸ਼ ਦਾ ਮੁਕਤੀ ਸੰਗਰਾਮ ਸ਼ੁਰੂ ਹੋਇਆ ਉਦੋਂ ਰਾਹੀ ਬਹੁਤ ਖੁਸ਼ ਸਨ ਉਨਾਂ ਨੇ ਇਕ ਖ਼ਤ ਵਿਚ ਮੈਨੂੰ ਲਿਖਿਆ 'ਦੇਖਿਉ ਪਾਕਿਸਤਾਨ ਦੇ ਉਰਦੂ ਭਾਸ਼ੀ ਲੋਕ ਵੱਖਰੇ ਮੁਲਕ ਦੀ ਮੰਗ ਕਰਨਗੇ ਅਤੇ ਇਹ ਕਹਿਣਗੇ ਕਿ ਅਸੀਂ ਤਾਂ ਪਾਕਿਸਤਾਨ ਦੀ ਪੰਜਵੀ ਕੌਮੀਅਤ ਹਾਂ। ਇਤਿਹਾਸ ਸਭ ਨੂੰ ਸਬਕ ਸਿਖਾਉਦਾ ਹੈ, ਅਤੇ ਪਾਕਿਸਤਾਨ ਦੇ ਉਰਦੂ ਭਾਸ਼ੀ ਲੋਕ ਜਿਨ੍ਹਾਂ ਨੇ ਕੌਮ ਅਤੇ ਧਰਮ ਨੂੰ ਰਲਗਡ ਕੀਤਾ ਹੈ ਆਪਣੇ ਹੀ ਬਣਾਏ ਹੋਏ ਸਵਰਗ ਵਿਚ ਅਜਨਬੀ ਸ਼ਰਨਾਰਥੀਆਂ ਵਾਂਗ ਰਹਿਣਗੇ। ਰਾਹੀ ਦੀਆਂ ਦੋਵੇਂ ਗੱਲਾਂ ਸੱਚ ਸਾਬਤ ਹੋਈਆਂ, ਇਤਿਹਾਸ ਨੇ ਭੁੱਲ ਨੂੰ ਸੋਧਿਆ। ਬੰਗਲਾਦੇਸ਼ ਦਾ ਅਧਾਰ ਬੰਗਾਲੀ ਕੌਮੀਅਤ ਸੀ ਇਸਲਾਮ ਨਹੀਂ ਸੀ, ਅਤੇ ਪਾਕਿਸਤਾਨ ਦੇ ਉਰਦੂ ਭਾਸ਼ੀ ਲੋਕ ਜਿਨ੍ਹਾਂ ਨੇ ਕਦੀ ਧਰਮ ਦੇ ਅਧਾਰ 'ਤੇ ਕੌਮ ਦੇ ਭਵਨ ਦਾ ਨਿਰਮਾਣ ਕੀਤਾ ਸੀ ਅੱਜ ਉਹ ਮੁਹਾਜ਼ਿਰ ਬਣਕੇ ਉਰਦੂ ਭਾਸ਼ਾ ਅਤੇ ਆਪਣੇ ਸੱਭਿਆਚਾਰ ਦੀ ਰਾਖੀ ਦੀ ਮੰਗ ਕਰ ਰਹੇ ਹਨ. ਸਿੰਧੀ ਅਤੇ ਪਖਤੂਨ ਵੀ ਆਪਣੀ ਭਾਸ਼ਾ ਅਤੇ ਸੱਭਿਆਚਾਰ ਦੀ ਰੱਖਿਆ ਕਰਨ ਦੀ ਦੁਹਾਈ ਦੇ ਰਹੇ ਹਨ. 'ਦਿਲ ਏਕ ਸਾਦਾ ਕਾਗਜ਼' (1976) ਵਿਚ ਰਾਹੀ ਨੇ ਇਨਾਂ ਸੱਭਿਆਚਾਰਕ ਸਵਾਲਾਂ ਉੱਤੇ ਵਿਸਥਾਰ ਨਾਲ ਚਰਚਾ ਕੀਤੀ ਹੈ। ਸੱਭਿਆਚਾਰਕ ਸਵਾਲਾਂ ਨੂੰ ਉਹ ਬਹੁਤ ਗੰਭੀਰਤਾ ਨਾਲ ਵਿਚਾਰਦੇ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਸੱਭਿਆਚਾਰ ਕਦੇ ਵੀ ਫਿਰਕਾਪ੍ਰਸਤ ਨਹੀ ਹੁੰਦਾ। ਧਰਮ ਅਤੇ ਰਾਜਨੀਤੀ ਦੇ ਧੰਦੇ ਦਾ ਰਾਹੀ ਨੇ ਆਪਣੇ ਖ਼ਤਾਂ, ਲੇਖਾਂ ਅਤੇ ਨਾਵਲਾਂ ਵਿਚ ਖੁੱਲ ਕੇ ਮਜ਼ਾਕ ਉਡਾਇਆ ਹੈ। ਉਨਾਂ ਨੇ ਇਕ ਥਾਂ ਲਿਖਿਆ ਹੈ ਕਿ ''ਆਧੁਨਿਕ ਭਾਰਤ ਅੰਦਰ ਇਹ ਤੈਅ ਕਰਨਾ ਮੁਸ਼ਕਿਲ ਹੈ ਕਿ ਧਰਮ ਵੱਡਾ ਵਿਉਪਾਰ ਹੈ ਜਾਂ ਰਾਜਨੀਤੀ, ਪਰੰਤੂ ਦੋਹਾਂ ਵਿਉਪਾਰਾਂ ਵਿਚ ਪੈਸਾ ਸਮਗਲਿੰਗ ਤੋਂ ਵੀ ਜ਼ਿਆਦਾ ਹੈ। ਇਸ ਕਰਕੇ ਹੀ ਜਿਸਨੂੰ ਵੀ ਦੇਖੋ ਉਹ ਹੀ ਰਾਜਨੀਤੀ ਅਤੇ ਧਰਮ ਦੇ ਧੰਦੇ ਵਿਚ ਜਾਣ ਵਾਸਤੇ ਕਾਹਲ਼ਾ ਹੈ।"

ਰਾਹੀ ਅਜੋਕੇ ਰਾਜਨੀਤੀਵਾਨਾਂ ਦੀਆਂ ਵਿਅਕਤੀਵਾਦੀ ਪ੍ਰਵਿਰਤੀਆ ਅਤੇ ਪਰਿਵਾਰਵਾਦ ਦੀ ਨਿੰਦਾ ਕਰਦੇ ਹਨ। ਸਾਡੇ ਰਾਜਸੀ ਨੇਤਾ ਸਿਰਫ ਅੱਜ ਵਿਚ ਜੀਉਂਦੇ ਹਨ। ਦੇਸ਼ ਦੇ ਭਵਿੱਖ ਦਾ ਉਨ੍ਹਾਂ ਕੋਲ ਕੋਈ ਨਕਸ਼ਾ ਨਹੀ ਹੈ। ਪਰਿਵਾਰਵਾਦ, - ਜਗੀਰਦਾਰੀ ਦੀ ਪਹਿਲੀ ਪਹਿਚਾਣ ਹੈ। ਇਹ ਲੋਕਤੰਤਰ ਵਿਰੋਧੀ ਹੈ।
ਪਰ, ਸਾਡੇ ਕੌਮੀ ਅਤੇ ਸੂਬਾਈ ਨੇਤਾ ਅਪਣੇ ਪੁੱਤਾਂ-ਧੀਆਂ ਨੂੰ ਆਪਣੇ ਜੀਊਂਦੇ ਜੀਅ ਹੀ ਜਾਨਸ਼ੀਨ ਬਨਾਉਣ ਵਿਚ ਲੱਗੇ ਹੋਏ ਹਨ। ਕੁੱਝ ਨੇਤਾਵਾਂ ਦਾ ਪਤਨੀ ਪ੍ਰੇਮ ਵੀ ਕੁੱਝ ਜ਼ਿਆਦਾ ਹੀ ਵਧ ਗਿਆ ਹੈ। ਭ੍ਰਿਸ਼ਟਾਚਾਰ ਦਾ ਇਕ ਕਾਰਨ ਪਰਿਵਾਰ ਤੰਤਰ ਵੀ ਹੈ। ਅੱਜ ਤੱਕ ਕਿਸੇ ਮਹਾਨ ਰਚਨਾਕਾਰ ਦਾ ਪੁੱਤਰ ਜਾਂ ਧੀ ਪਿਉ ਦੇ ਮੋਢਿਆਂ 'ਤੇ ਚੜਕੇ ਵੱਡਾ ਲੇਖਕ ਨਹੀ ਬਣਿਆਂ। ਪ੍ਰੇਮ ਚੰਦ, ਇਕਬਾਲ, ਮਕਬੂਲ ਫ਼ਿਦਾ ਹੁਸੈਨ ਇਸ ਦੀਆਂ ਮਿਸਾਲਾਂ ਹਨ। ਵਿਗਿਆਨ ਦੇ ਖੇਤਰ ਵਿਚ ਵੀ ਇਹ ਧਾਂਦਲ਼ੀ ਨਹੀ ਚੱਲਦੀ। ਇਹ ਕੰਮ ਤਾਂ ਵਿਉਪਾਰ ਅਤੇ ਰਾਜਨੀਤੀ ਵਿਚ ਹੀ ਸੰਭਵ ਹੈ। ਇਹ ਨਵੀਂ ਕਿਸਮ ਦਾ ਪ੍ਰੋਹਤਵਾਦ ਹੈ। ਰਾਹੀ ਦੁਖੀ ਹੋ ਕੇ ਕਹਿੰਦੇ ਹਨ ਕਿ ਆਧੁਨਿਕ ਯੁੱਗ ਵਿਚ ਮੱਧ ਯੁੱਗ ਆਇਆ ਹੈ। ''ਰਾਜੇ ਦਾ ਪੁੱਤ ਰਾਜਾ, ਮੰਤਰੀ ਦਾ ਪੁੱਤਰ ਮੰਤਰੀ, ਪ੍ਰਧਾਨ ਮੰਤਰੀ ਦਾ ਪੁੱਤਰ ਪ੍ਰਧਾਨ ਮੰਤਰੀ."

ਰਾਹੀ ਨੂੰ ਆਪਣੇ ਹਿੰਦੁਸਤਾਨੀ ਹੋਣ ਦਾ ਬਹੁਤ ਮਾਣ ਹੈ। ਉਹਨੇ ਇਕ ਖ਼ਤ ਅਡਵਾਨੀ ਜੀ ਨੂੰ ਲਿਖਿਆ ਸੀ ਕਿ ''ਅਡਵਾਨੀ ਜੀ ਤੁਸੀਂ ਪਾਕਿਸਤਾਨੀ ਹੋ (ਪਾਕਿਸਤਾਨ ਬਣਨ ਤੋਂ ਬਾਅਦ ਸਿੰਧ ਤੋਂ ਭਾਰਤ ਆਏ ਸਨ) ਮੇਰੇ ਬਾਪ-ਦਾਦਾ ਸ਼ੁੱਧ ਗੰਗਾ ਦੇ ਕੰਢੇ ਰਹਿਣ ਵਾਲੇ ਹਨ। ਮੇਰੀ ਪਹਿਚਾਣ ਇਕ ਹਿੰਦੁਸਤਾਨੀ ਮੁਸਲਮਾਨ ਦੀ ਹੈ।" ਰਾਹੀ ਗੰਗਾ ਨੂੰ ਸਦਾ ਹੀ ਦੂਜੀ ਮਾਂ ਮੰਨਦੇ ਸਨ। ਇਕ ਮਾਂ ਉਹ ਜਿਸਨੇ ਪੈਦਾ ਕੀਤਾ ਦੂਸਰੀ ਗੰਗਾ। ਉਨ੍ਹਾਂ ਨੇ ਵਸੀਅਤ ਕੀਤੀ ਸੀ (ਜੋ ਪੂਰੀ ਨਹੀਂ ਹੋਈ) ਗੰਗਾ ਦੇ ਇਸ ਪੁੱਤਰ ਨੂੰ ਮੌਤ ਤੋਂ ਬਾਅਦ ਉਸ ਦੀ ਹੀ ਗੋਦ ਵਿਚ ਸੁਆ ਦੇਣਾ/ ਉਹ ਮੇਰੀ ਮਾਂ ਹੈ/ ਉਹ ਮੇਰੇ ਸ਼ਰੀਰ ਦਾ ਜ਼ਹਿਰ ਪੀ ਲਵੇਗੀ /ਪਰ ਸ਼ਾਇਦ ਵਤਨ ਤੋਂ ਦੂਰ ਇੰਨੀ ਦੂਰ ਮੌਤ ਆਵੇ/ਜਿੱਥੋਂ ਮੈਨੂੰ ਗਾਜ਼ੀਪੁਰ ਲੈ ਜਾਣਾ ਸੰਭਵ ਨਾ ਹੋਵੇ/ਤਾਂ ਫੇਰ ਮੈਨੂੰ/ਜੇ ਉਸ ਸ਼ਹਿਰ ਵਿਚ ਕੋਈ ਛੋਟੀ ਜਹੀ ਕੋਈ ਨਦੀ ਵੀ ਵਗਦੀ ਹੋਵੇ/ਤਾਂ ਮੈਨੂੰ ਉਸਦੀ ਗੋਦ ਵਿਚ ਸੁਆ ਕੇ ਉਸਨੂੰ ਕਹਿ ਦੇਣਾ ਕਿ ਇਹ ਗੰਗਾ ਦਾ ਪੁੱਤਰ ਅੱਜ ਤੋਂ ਤੇਰੇ ਹਵਾਲੇ ਹੈ।

ਰਾਹੀ ਨੂੰ ਇਹ ਵਿਚਾਰ ਬਹੁਤ ਦੁਖੀ ਕਰਦਾ ਹੈ ਕਿ ਕਾਲਜਾਂ, ਯੂਨੀਵਰਸਿਟੀਆਂ ਦੀ ਗਿਣਤੀ ਵਧ ਰਹੀ ਹੈ ਪਰੰਤੂ ਤਰਕ ਅਤੇ ਬੁੱਧੀ ਗਾਇਬ ਹੋ ਰਹੇ ਹਨ। ਬਹੁਗਿਣਤੀ ਦੇ ਵਿਚਾਰ, ਉਹ ਵੀ ਦਲੀਲ ਰਹਿਤ ਕਿਸੇ ਘੱਟ ਗਿਣਤੀ 'ਤੇ ਨਹੀ ਥੋਪੇ ਜਾ ਸਕਦੇ। ਰਾਹੀ ਸਪਸ਼ਟ ਕਰਦੇ ਹਨ ਕਿ ਸਭ ਤੋ ਵੱਡਾ ਹੈ ਦੇਸ਼, ਉਸ ਦੀ ਏਕਤਾ, ਆਪਸੀ ਮਿਲਵਰਤਣ ਅਤੇ ਭਾਈਚਾਰਾ। ਇਸਦੇ ਰਸਤੇ ਵਿਚ ਜੋ ਵੀ ਰੁਕਾਵਟ ਹੈ ਉਹਨੂੰ ਹਟਾਉਣ ਵਿਚ ਕੋਈ ਸੰਕੋਚ ਨਹੀ ਕਰਨਾ ਚਾਹੀਦਾ। ਉਹ ਲੇਖਕ ਦੀ ਪ੍ਰਤੀਬੱਧਤਾ ਦਾ ਸਵਾਲ ਉਠਾਉਦੇ ਹਨ ਅਤੇ ਉਹਦੇ ਵਿਚਾਰਾਂ ਦੀ ਅਜਾਦੀ ਦੀ ਰਾਖੀ ਕਰਨ ਦਾ ਦਮ ਭਰਦੇ ਹਨ। ''ਤੁਹਾਨੂੰ ਮੰਦਿਰ ਮਸਜਿਦ ਬਨਾਉਣ ਦਾ ਅਧਿਕਾਰ ਹੈ ਤਾਂ ਮੈਨੂੰ ਇਹ ਵੀ ਅਧਿਕਾਰ ਹੈ ਕਿ ਜਿਹੜੇ ਧਾਰਮਿਕ ਸਥਾਨ ਦੇਸ਼ ਦੀ ਜਨਤਾ ਨੂੰ ਵੰਡਦੇ ਹੋਣ ਉਹ ਭਾਵੇ ਮੰਦਿਰ ਹੋਵੇ ਜਾਂ ਮਸਜਿਦ ਹੋਵੇ ਮੈ ਉਹਨਾਂ ਨੂੰ ਢਾਉਣ ਦੀ ਗੱਲ ਕਰਾਂ।"

ਮੁਸਲਿਮ ਸੱਭਿਆਚਾਰ ਕੀ ਹੈ? ਇਹ ਸੈਮਟਿਕ ਅਰਬੀ ਸੱਭਿਆਚਾਰ ਹੈ ਜਾਂ ਆਰਯਾਈ, ਈਰਾਨੀ ਸੱਭਿਆਚਾਰ ਜਾਂ ਫੇਰ ਦੋਹਾਂ ਦਾ ਮਿਲਗੋਭਾ ਹੈ? ਅਰਬ ਸੱਭਿਆਚਾਰ ਕੁੱਝ ਸਮੇਂ ਦੇ ਉਠਾਣ ਤੋਂ ਬਾਅਦ ਢਿੱਲਾ ਪੈ ਗਿਆ। ਪਰੰਤੂ ਉਸ ਦੀ ਚੜ੍ਹਤ ਦੇ ਸਮੇਂ ਵੀ ਈਰਾਨੀ ਸੱਭਿਆਚਾਰ ਦਾ ਉਸ ਉੱਤੇ ਅਸਰ ਪਿਆ ਸੀ। ਭਾਰਤ ਤੇ ਉਸਦਾ ਬਿਲਕੁਲ ਪ੍ਰਭਾਵ ਨਹੀਂ ਪਿਆ। ਈਰਾਨੀ ਸੰਸਕ੍ਰਿਤੀ ਇਸਲਾਮ ਤੋ ਪਹਿਲਾਂ ਦੀ ਹੈ, ਅਤੇ ਇਹ ਇਤਿਹਾਸ ਦਾ ਇਕ ਵਿਚਾਰਨਯੋਗ ਪ੍ਰਸ਼ਨ ਹੈ ਕਿ ਈਰਾਨੀ ਸੱਭਿਆਚਾਰ ਹਜਾਰਾਂ ਸਾਲਾਂ ਤੋ ਆਪਣੀ ਹੋਂਦ ਰੱਖਦਾ ਹੈ। ਬਿਨਾ ਸ਼ੱਕ ਇਸ ਹੀ ਈਰਾਨੀ ਸੱਭਿਆਚਾਰ ਦਾ ਭਾਰਤ ਤੇ ਅਸਰ ਹੋਇਆ ਅਤੇ ਭਾਰਤ ਨੇ ਵੀ ਉਸ ਉੱਤੇ ਆਪਣਾ ਰੰਗ ਚੜਾਇਆ। ਪਰੰਤੂ ਫੇਰ ਵੀ ਭਾਰਤ ਦਾ ਪ੍ਰਾਚੀਨ ਸੱਭਿਆਚਾਰ ਹੀ ਭਾਰਤ ਅੰਦਰ ਪ੍ਰਧਾਨ ਰਿਹਾ ਅਤੇ ਬਾਹਰ ਵਾਲਿਆਂ ਤੇ ਵੀ ਉਸਦਾ ਅਸਰ ਹੋਇਆ।

ਜਦੋਂ ਤੋਂ ਧਰਮ ਸੱਤਾ ਤੱਕ ਪਹੁੰਚਣ ਦਾ ਸਾਧਨ ਬਣ ਗਿਆ ਹੈ ਇਸ ਸਾਂਝੇ ਸੱਭਿਆਚਾਰ ਨੂੰ ਹਾਸ਼ੀਏ ਤੇ ਰੱਖਣ ਦਾ ਹਰ ਪਾਸਿੳਂ ਜਤਨ ਹੋ ਰਿਹਾ ਹੈ। ਅਮੀਰ ਖੁਸਰੋ ਨੂੰ ਇਸਲਾਮ ਦਾ ਆਲਮਬਰਦਾਰ ਅਤੇ ਕਠਮੁੱਲਾ (ਨਕਲੀ ਮੁਲਾ) ਸਿੱਧ ਕੀਤਾ ਜਾ ਰਿਹਾ ਹੈ। ਪ੍ਰੇਮ ਦੇ ਗੀਤ ਲਿਖਣ ਵਾਲੇ ਸੂਫੀਆਂ ਨੂੰ ਇਸਲਾਮ ਦੇ ਪ੍ਰਚਾਰਕ ਸਿੱਧ ਕੀਤਾ ਜਾ ਰਿਹਾ ਹੈ।
ਜੋ ਦਰਗਾਹਾਂ ਹਿੰਦੂ-ਮੁਸਲਿਮ ਭਾਈਚਾਰਿਆਂ ਵਾਸਤੇ ਮਿਲਣ ਦੇ ਸਥਾਨ ਰਹੇ ਹਨ ਉਨਾਂ ਬਾਰੇ ਝੂਠੇ ਪ੍ਰਚਾਰ ਦੀ ਲਹਿਰ ਜਾਰੀ ਹੈ। ਹੌਲੀ ਹੌਲੀ ਮੁਸਲਮਾਨ ਲੇਖਕਾਂ ਤੇ ਕਵੀਆਂ ਨੂੰ ਪਾਠਕ੍ਰਮਾਂ ਤੋਂ ਵਿਦਾ ਕੀਤਾ ਜਾ ਰਿਹਾ ਹੈ। ਰਹੀਮ ਅਤੇ ਰਸਖਾਨ ਹੁਣ ਸਾਡੇ ਪਾਠਕ੍ਰਮਾਂ ਵਿਚ ਘੱਟ ਹੀ ਦਿਖਾਈ ਦਿੰਦੇ ਹਨ। ਰਾਹੀ ਇਸ ਪ੍ਰਵਿਰਤੀ ਤੋ ਦੁਖੀ ਹੋ ਕੇ ਸਵਾਲ ਪੁੱਛਦੇ ਹਨ, ਕੀ ਰਸਖਾਨ ਦਾ ਨਾਮ ਕੱਟਕੇ ਕ੍ਰਿਸ਼ਨ ਭਗਤੀ-ਕਾਵਿ ਦਾ ਇਤਿਹਾਸ ਲਿਖਿਆ ਜਾ ਸਕਦਾ ਹੈ? ਕੀ ਤੁਲਸੀ ਦੀ ਰਮਾਇਣ ਵਿਚ ਤੁਹਾਨੂੰ ਕਿਧਰੇ ਮੁਗਲ ਦਰਬਾਰ ਦੀਆਂ ਝਲਕੀਆਂ ਵਿਖਾਈ ਨਹੀਂ ਦਿੰਦੀਆਂ? ਕੀ ਤੁਸੀਂ ਅਨੀਸ ਦੇ ਮਰਸੀਏ ਦੇਖੇ? ਦੇਖੇ ਹੋਣਗੇ ਤਾਂ ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਇਨ੍ਹਾਂ ਮਰਸੀਆਂ ਵਿਚਲੇ ਪਾਤਰਾਂ ਦੇ ਨਾਮ ਭਾਵੇ ਅਰਬੀ ਹੀ ਹੋਣ ਪਰੰਤੂ ਹਨ ਉਹ ਅਧਵ ਨਗਰੀ ਦੇ ਰਾਜਪੂਤ। ਕੀ ਤੁਸੀਂ ਗਾਲਿਬ ਦਾ ਇਕ ਸ਼ੇਅਰ ਸੁਣਨਾ ਪਸੰਦ ਕਰੋਗੇ :-

ਜਲਾ ਹੈ ਜਿਸਮ ਯਹਾਂ ਦਿਲ ਭੀ ਜਲ ਗਿਆ ਹੋਗਾ
ਕੁਰੇਦਤੇ ਹੋ ਅਬ ਰਾਖ ਜੁਸਤਜੂ ਕਿਆ ਹੈ।

ਇਕ ਦਹਾਕਾ ਪਹਿਲਾਂ ਰਾਹੀ ਨੇ ਸ਼ਿਵਸੇਨਾ ਦੇ ਦਿਸ਼ਾਹੀਣ ਅਤੇ ਦ੍ਰਿਸ਼ਟੀਹੀਣ ਲੋਕਾਂ ਨੂੰ ਕਿਹਾ ਸੀ ਕਿ ''ਤੁਹਾਨੂੰ ਭਾਰਤੀ ਸਭਿਆਚਾਰ ਤਾਂ ਕੀ, ਤੁਹਾਨੂੰ ਤਾਂ ਗਾਲ਼੍ਹ ਕੱਢਣੀ ਵੀ ਨਹੀ ਆਉਂਦੀ। ਤੁਸੀ ਲੋਕ ਧੁੱਪ ਦਾ ਅਸਲੀ ਰੰਗ ਦੇਖਣ ਵਾਸਤੇ ਤਿਆਰ ਨਹੀਂ ਹੋ। ਭੁੱਲ ਜਾਉ ਕਿ ਹਿੰਦੁਸਤਾਨ ਸਿਰਫ ਤੁਹਾਡੇ ਵਰਗੇ ਹਿੰਦੂਆਂ ਦਾ ਹੀ ਹੈ। ਹਿੰਦੁਸਤਾਨ ਮੇਰਾ ਵੀ ਹੈ ਅਤੇ ਇਹ ਕਿਸੇ ਤਰਾਂ ਵੀ ਘੱਟ ਮੇਰਾ ਨਹੀਂ।"

ਰਾਹੀ ਨੇ ਪੇਸ਼ਕਾਰੀ ਦੇ ਸਾਰੇ ਖਤਰਿਆਂ ਦਾ ਸਾਹਮਣਾਂ ਕੀਤਾ ਅਤੇ ਬਦਲੇ ਵਿਚ ਭਾਰੀ ਕੀਮਤ ਚੁਕਾਈ। ਅਲੀਗੜ ਜੋ ਉਨਾਂ ਨੁੰ ਬਹੁਤ ਪਿਆਰਾ ਸੀ ਉੱਥੋਂ ਬੇਦਖਲ ਕਰ ਦਿੱਤੇ ਗਏ। ਉਰਦੂ ਵਿਭਾਗ ਦੀ ਨੌਕਰੀ ਖੋਹ ਲਈ ਗਈ। ਬੰਬਈ ਵਿਚ ਪੰਝੀ ਸਾਲ ਪੈਸੇ ਕਮਾਉਣ ਦੀ ਮਸ਼ੀਨ ਬਣੇ ਰਹੇ। ਵਾਰ ਵਾਰ ਉਨਾਂ ਨੂੰ ਅਲੀਗੜ੍ਹ ਯਾਦ ਆਉਂਦਾ ਸੀ। ਉਹ ਸਿੱਖਿਆ ਜਗਤ ਵਿਚ ਦਾਖਲ ਹੋਣ ਦੇ ਚਾਹਵਾਨ ਰਹੇ। ਉਹ ਚਾਹੁੰਦੇ ਸਨ ਕਿ ਉਰਦੂ-ਹਿੰਦੀ ਸਾਹਿਤ ਦਾ ਸਾਂਝਾ ਇਤਿਹਾਸ ਹੋਵੇ। ਹਿੰਦੀ ਪਾਠਕ੍ਰਮ ਵਿਚ ਉਰਦੂ ਦੇ ਉੱਘੇ ਸਾਹਿਤਕਾਰਾਂ ਦਾ ਸਾਹਿਤ ਪੜ੍ਹਾਇਆ ਜਾਵੇ ਅਤੇ ਉਰਦੂ ਦੇ ਪਾਠਕ੍ਰਮਾਂ ਵਿਚ ਹਿੰਦੀ ਦੇ ਮਹੱਤਵਪੂਰਨ ਸਾਹਿਤਕਾਰਾਂ ਦਾ। ਜਦੋਂ ਅਮ੍ਰਿਤ ਲਾਲ ਨਾਗਰ ਹਿੰਦੀ ਸੰਸਥਾਨ ਉੱਤਰਪ੍ਰਦੇਸ਼ ਦੇ ਪ੍ਰਧਾਨ ਸਨ ਤਾਂ ਉਨਾਂ ਨੇ ਨਾਗਰ ਜੀ ਨੂੰ ਸਾਂਝੇ ਇਤਿਹਾਸ ਦੀ ਇਕ ਲੰਬੀ ਯੋਜਨਾ ਭੇਜੀ। ਨਾਗਰ ਜੀ ਨੂੰ ਵੀ ਇਸ ਕੰਮ ਵਿਚ ਡੂੰਘੀ ਦਿਲਚਸਪੀ ਸੀ। ਪਰ ਸਾਡੇ ਰਾਜਨੇਤਾਵਾਂ ਨੇ ਜੋ ਕਹਿੰਦੇ ਕੁੱਝ ਤੇ ਕਰਦੇ ਕੁੱਝ ਹਨ ਰਾਹੀ ਅਤੇ ਨਾਗਰ ਜੀ ਦੀ ਯੋਜਨਾ ਨੂੰ ਕੋਈ ਸਮਰਥਨ ਨਾ ਦਿੱਤਾ ਫੇਰ ਕੁੱਝ ਸਮੇਂ ਬਾਅਦ ਹੀ ਨਾਗਰ ਜੀ ਪ੍ਰਧਾਨਗੀ ਦੇ ਅਹੁਦੇ ਤੋਂ ਹਟਾ ਦਿੱਤੇ ਗਏ। ਰਾਹੀ ਨੇ ਲਿਖਿਆ ''ਚੰਗੀਆਂ ਗੱਲਾਂ ਕਰਨ ਜਾਂ ਖੂਬਸੂਰਤ ਭਾਸ਼ਾ ਲਿਖਣ ਦਾ ਕੋਈ ਲਾਭ ਨਹੀਂ ਹੈ। ਸਾਡੇ ਸੰਵਿਧਾਨ ਵਿਚ ਲਿਖਿਆ ਹੋਇਆ ਹੈ ਕਿ ਭਾਰਤ ਇਕ ਸੈਕੂਲਰ ਡੈਮੋਕਰੇਸੀ ਹੈ, ਪਰ ਸ਼ਿਵਸੇਨਾ ਦੇ ਨੇਤਾ ਬਾਲ ਠਾਕਰੇ ਸ਼ਿਵਾ ਜੀ ਪਾਰਕ ਵਿਚ ਮਾਈਕਰੋਫ਼ੋਨ ਲਾ ਕੇ ਭਾਰਤੀ ਮੁਸਲਮਾਨਾਂ ਨੂੰ ਵਿਦੇਸ਼ੀ ਦੱਸਦੇ ਹਨ ਅਤੇ ਕਾਂਗਰਸੀ ਮੁੱਖ ਮੰਤਰੀ ਬਿਆਨ ਦੇ ਕੇ ਚੁੱਪ ਕਰ ਜਾਂਦੇ ਹਨ।"

ਇਹ ਰਾਹੀ ਦਾ ਹੀ ਦਿਲ, ਗੁਰਦਾ ਸੀ ਕਿ ਬੰਬਈ ਵਿਚ ਰਹਿ ਕੇ ਠਾਕਰੇ ਅਤੇ ਸ਼ਿਵਸੇਨਾ ਦੇ ਵਿਰੁੱਧ ਦਿੱਲੀ ਦੇ ਅਖਬਾਰਾਂ ਵਿਚ ਹੀ ਨਹੀਂ ਬਲਕਿ ਬੰਬਈ ਦੇ ਰਸਾਲਿਆਂ, ਅਖਬਾਰਾਂ ਵਿਚ ਵੀ ਉਨਾਂ ਨੇ ਨਿਡਰ ਹੋ ਕੇ ਆਪਣੀ ਗੱਲ ਕਹੀ। ਉਨਾਂ ਨੇ ਜਿਸ ਸਿਦਕਦਿਲੀ ਨਾਲ ਅਡਵਾਨੀ ਦੀ ਰੱਥ ਯਾਤਰਾ ਦਾ ਵਿਰੋਧ ਕੀਤਾ ਅਤੇ ਕਿਹਾ ''ਕੀ ਤੁਸੀ ਭਗਵਾਨ ਸ਼੍ਰੀ ਕ੍ਰਿਸ਼ਨ ਹੋ? ਰੱਥ ਤੇ ਸਵਾਰ ਤਾਂ ਉਹ ਹੀ ਹੁੰਦੇ ਸਨ, ਤੁਸੀਂ ਕਦੋਂ ਕੁ ਤੋਂ ਭਗਵਾਨ ਬਣ ਗਏ ਹੋ?" ਇਸਦੇ ਨਾਲ ਹੀ ਰਾਹੀ ਨੇ ''ਇਨਾਂ ਨੂੰ ਇਸਲਾਮ ਕੱਟ ਪੀਸ ਵਿਚ ਚਾਹੀਦੈ" ਵਿਚ ਲਿਖਿਆ ਸੀ 'ਸਾਡੀ ਸਰਕਾਰ ਨਕਲੀ ਮੁੱਲਾ ਵਾਦ ਨੂੰ ਉਤਸਾਹਿਤ ਕਰ ਰਹੀ ਹੈ, ਉਸਦੇ ਵਿਰੁੱਧ ਕਾਰਵਾਈ ਨਹੀ ਕਰਦੀ'. ਕਾਂਗਰਸ ਦੇ ਅੰਦਰ ਫਿਰਕਾਪ੍ਰਸਤ ਰਾਜਨੀਤੀ ਕਰਨ ਵਾਲੇ ਜੈੱਡ. ਆਰ. ਅੰਸਾਰੀ, ਮੁਸਲਿਮ ਲੀਗ ਦੇ ਸੁਲੇਮਾਨ ਸੇਠ, ਬਨਾਤਵਾਲਾ ਅਤੇ ਸ਼ਹਾਬੁਦੀਨ ਨੂੰ ਨਕਲੀ ਮੁੱਲਾਵਾਦ ਦੇ ਪ੍ਰਤੀਕ ਕਿਹਾ। ਉਨ੍ਹਾਂ ਨੇ ਇਕ ਖਤ ਅੱਲਾ ਮੀਆਂ ਦੇ ਨਾਮ ਲਿਖਿਆ। ਉਸ ਵਿਚ ਉਨਾਂ ਨੇ ਕਿਹਾ ਸੀ ''ਅੱਲਾ ਮੀਆਂ, ਸ਼ਹਾਬੁਦੀਨ ਅਤੇ ਬਨਾਤਵਾਲਾ ਆਦਿ ਤੇਰੇ ਇਸਲਾਮ ਨੂੰ ਨਹੀਂ ਮੰਨਦੇ" ਫਿਰਕਾਪ੍ਰਸਤ ਰਾਜਨੀਤੀ ਕਰਨ ਵਾਲੇ ਭਾਵੇਂ ਕਿਸੇ ਪਾਰਟੀ ਵਿਚ ਹੋਣ, ਰਾਹੀ ਨੇ ਅਸਲੀਅਤ ਦੀ ਪੇਸ਼ਕਾਰੀ ਕਰਨ ਵਿਚ ਕੋਈ ਕਸਰ ਨਹੀ ਛੱਡੀ। ''ਸ੍ਰੀ ਰਾਮ ਅਤੇ ਅੱਲਾ ਮੀਆਂ ਦੋਹਾਂ ਨੂੰ ਹੀ ਅਪੀਲ ਕਰਦਾ ਹਾਂ ਕਿ ਵਾਪਸੀ ਡਾਕ ਰਾਹੀ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਸ਼ਹਾਬੁਦੀਨ ਐਡ ਕੰਪਨੀ ਪ੍ਰਾਈਵੇਟ ਲਿਮਟਿਡ ਨੂੰ ਤਾਰ ਰਾਹੀਂ ਸੂਚਨਾ ਦੇਣ ਕਿ ਉਹਨਾਂ ਕੋਲ ਮੰਦਿਰ-ਮਸਜਿਦ ਲੋੜੋਂ ਵੱਧ ਹਨ। ਇਸ ਕਰਕੇ ਜਿੱਥੇ ਸ੍ਰੀ ਰਾਮ ਜਨਮ ਭੂਮੀ ਮੰਦਿਰ ਅਤੇ ਬਾਬਰੀ ਮਸਜਿਦ ਹਨ ਉੱਥੇ ਉਸ ਮੰਦਿਰ ਅਤੇ ਮਸਜਿਦ ਨੂੰ ਢਾਹ ਕੇ ਬੱਚਿਆਂ ਵਾਸਤੇ ਪਾਰਕ ਬਣਾ ਦਿੱਤਾ ਜਾਵੇ ਕਿਉਕਿ ਫੁੱਲਾਂ ਦੇ ਵਿਚਕਾਰ ਖੇਡਦੇ ਹੋਏ ਬੱਚਿਆਂ ਤੋ ਵੱਧ ਖੂਬਸੂਰਤ ਦ੍ਰਿਸ਼ ਕੋਈ ਹੋ ਹੀ ਨਹੀਂ ਸਕਦਾ।" 'ਆਧਾ ਗਾਂਵ' ਰਾਹੀ ਦਾ ਹੀ ਨਹੀਂ ਹਿੰਦੀ ਦਾ ਉੱਤਮ ਨਾਵਲ ਹੈ। ਇਹ ਵੀ ਸੱਚ ਹੈ ਕਿ ਪ੍ਰੇਮ ਚੰਦ ਤੋਂ ਬਾਅਦ ਰਾਹੀ ਮਾਸੂਮ ਰਜ਼ਾ ਦੇ ਨਾਵਲ ਸਭ ਤੋਂ ਵੱਧ ਪਾਠਕ ਖਰੀਦ ਕੇ ਪੜ੍ਹ ਰਹੇ ਹਨ। 'ਪੈਂਗੁਇਨ' ਨੇ 1995 ਵਿਚ ਇਸਦਾ ਅੰਗਰੇਜ਼ੀ ਅਨੁਵਾਦ ਕਰਵਾਇਆ। ਯੂਰਪ ਦੇ ਪਾਠਕ ਇਸ ਨਾਵਲ ਨੂੰ ਚਾਅ ਨਾਲ ਪੜ੍ਹ ਰਹੇ ਹਨ। ਉਹ ਮੁਸਲਿਮ ਸਮਾਜ, ਉਸਦੀ ਮਾਨਸਿਕਤਾ ਅਤੇ ਮਨੋਵਿਗਿਆਨ ਨੂੰ ਇਸ ਨਾਵਲ ਦੇ ਮਾਧਿਅਮ ਰਸਤੇ ਸਮਝਣਾ ਚਾਹੁੰਦੇ ਹਨ। ਜਗੀਰਦਾਰੀ ਵਿਵਸਥਾ ਦੇ ਰਹਿੰਦੇ ਅਤੇ ਟੁੱਟਣ ਤੋਂ ਬਾਅਦ ਮੁਸਲਿਮ ਜਗੀਰਦਾਰਾਂ ਅਤੇ ਕਿਰਤੀ ਵਰਗ ਦੀ ਕੀ ਸਥਿਤੀ ਹੋਈ ਇਸ ਸੱਚ ਦਾ ਵਰਨਣ 'ਆਂਧਾ ਗਾਂਵ' ਵਿਚ ਅਸਲੀਅਤ ਅਤੇ ਵਿਸਥਾਰ ਨਾਲ ਮਿਲਦਾ ਹੈ। ਇਸ ਗਹਿਰਾਈ ਨਾਲ ਕੋਈ ਹੋਰ ਨਾਵਲ ਇਸ ਦਾ ਮੁਕਾਬਲਾ ਨਹੀਂ ਕਰ ਸਕਦਾ। ਇਕ ਦਿਲਚਸਪ ਪ੍ਰਸੰਗ ਹੈ, 'ਆਧਾ ਗਾਂਵ' ਅਤੇ 'ਰਾਗ ਦਰਬਾਰੀ' ਇਕੋ ਵੇਲੇ (1966) ਪ੍ਰਕਾਸ਼ਿਤ ਹੋਏ। 1968 ਵਿਚ ਸਾਹਿਤ ਅਕਾਦਮੀ ਦੇ ਇਨਾਮ ਲਈ ਦੋਵੇਂ ਨਾਵਲ ਅੰਤਿਮ ਪੜਾਅ ਵਿਚ ਸਨ। ਦੋ ਮੈਬਰ 'ਆਧਾ ਗਾਂਵ' ਦੇ ਹੱਕ ਵਿਚ ਸਨ ਅਤੇ ਇਕ 'ਰਾਗ ਦਰਬਾਰੀ' ਦੇ। ਇੱਥੇ ਲੇਖਕ ਦਾ ਵੱਡਾ ਅਫਸਰ ਹੋਣਾ ਕੰਮ ਆਇਆ ਅਤੇ ਅੰਤ ਵਿਚ ਬਾਜ਼ੀ 'ਰਾਗ ਦਰਬਾਰੀ' ਨੇ ਜਿੱਤ ਲਈ। ਰਾਹੀ ਨੂੰ ਜਦੋਂ ਪੂਰੀ ਕਹਾਣੀ ਦਾ ਪਤਾ ਲੱਗਾ ਤਾਂ ਉਹਨੇ ਲਿਖਿਆ ''ਮੈ ਕਿਸੇ ਇਨਾਮ ਵਾਸਤੇ ਨਾਵਲ ਨਹੀਂ ਲਿਖਿਆ। ਜੇ ਮਿਲ ਜਾਂਦਾ ਤਾਂ ਵੀ ਠੀਕ ਸੀ, ਨਹੀ ਮਿਲਿਆ ਤਾਂ ਵੀ ਮੈਨੂੰ ਇਸ ਦਾ ਕੋਈ ਅਫ਼ਸੋਸ ਨਹੀ। ਸੁਣਿਆਂ ਹੈ ਕਿ ਪ੍ਰੇਮ ਚੰਦ, ਮੁਕਤੀਬੋਧ ਅਤੇ ਨਿਰਾਲਾ ਨੂੰ ਵੀ ਕੋਈ ਪੁਰਸਕਾਰ ਨਹੀਂ ਮਿਲਿਆ ਸੀ।"

ਪਰੰਤੂ ਇਸ ਨਾਵਲ ਦੀ ਤਰਾਸਦੀ ਸਮਾਪਤ ਹੋਣ ਦਾ ਨਾਮ ਹੀ ਨਹੀਂ ਲੈ ਰਹੀ। 1972 ਵਿਚ ਜੋਧਪੁਰ ਦੇ ਪਾਠਕ੍ਰਮ ਵਿਚੋਂ ਅਸ਼ਲੀਲ ਕਹਿ ਕੇ ਇਹ ਨਾਵਲ ਕੱਢ ਦਿੱਤਾ ਗਿਆ। ਉਨ੍ਹਾਂ ਮਹਾਂਪੰਡਿਤਾਂ ਨੇ ਇਸ ਨੂੰ ਅਸ਼ਲੀਲ ਕਿਹਾ ਜਿਹੜੇ ਰੀਤੀਕਾਲ ਦੇ ਕਵੀਆਂ ਨੂੰ ਰਸ ਲੈ ਲੈ ਕੇ ਪੜਦੇ ਹਨ। ਫੇਰ ਮਰਾਠਵਾੜਾ ਯੂਨੀਵਰਸਿਟੀ ਔਰੰਗਾਬਾਦ ਵਿਚ ਵੀ 'ਆਧਾ ਗਾਂਵ' ਨਾਲ ਜੋਧਪੁਰ ਵਾਲੀ ਹੀ ਦੁਰਘਟਨਾ ਹੋਈ। ''ਇਸ ਨਾਵਲ ਵਿਚ ਗਾਲ਼੍ਹਾਂ ਬਹੁਤ ਹਨ" ਇਹ ਕਹਿ ਕੇ ਐਮ.ਏ ਦੇ ਪਾਠਕ੍ਰਮ ਵਿਚੋਂ ਨਾਵਲ ਨੂੰ ਕੱਢ ਦਿੱਤਾ ਗਿਆ।
ਅਸਲੀਅਤ ਗਾਲ਼੍ਹਾਂ ਤੇ ਅਸ਼ਲੀਲਤਾ ਨਹੀਂ ਸਗੋਂ 'ਆਧਾ ਗਾਂਵ' ਵਿਚ ਧਰਮ ਦੀ ਰਾਜਨੀਤੀ ਅਤੇ ਸੱਭਿਆਚਾਰ ਦਾ ਵਿਉਪਾਰ ਕਰਨ ਵਾਲੇ ਤੱਤਾਂ ਨੂੰ ਪਰਤ ਦਰ ਪਰਤ ਨੰਗਾ ਕੀਤਾ ਗਿਆ ਹੈ। ਦੋਵੇਂ ਹੀ ਫਿਰਕਾਪ੍ਰਸਤ ਤੱਤ ਰਾਹੀ ਅਤੇ 'ਆਧਾ ਗਾਂਵ' ਤੋ ਭੈਅ-ਭੀਤ ਵੀ ਹਨ ਅਤੇ ਗੁੱਸੇ ਵੀ। ਉਨਾਂ ਕੋਲ ਇੰਨਾ ਨੈਤਿਕ ਸਾਹਸ ਨਹੀਂ ਕਿ ਸੱਚ ਅਤੇ ਅਸਲੀਅਤ ਦਾ ਸਾਹਮਣਾ ਕਰ ਸਕਣ। ਇਸ ਤਰਾਂ ਬਹਾਨੇ ਬਣਾ ਕੇ ਪਿਛੇ ਤੋਂ ਵਾਰ ਕਰਦੇ ਹਨ। ਰਾਹੀ ਨੇ 'ਟੋਪੀ ਸ਼ੁਕਲਾ' ਅਤੇ 'ਅੋਂਸ ਕੀ ਬੂੰਦ' ਦੀ ਭੂਮਿਕਾ ਵਿਚ ਤਿੱਖੀ ਟਿੱਪਣੀ ਕਰਦੇ ਹੋਏ ਲਿਖਿਆ ਸੀ - ''ਆਧਾ ਗਾਂਵ ਵਿਚ ਬੇਸ਼ੁਮਾਰ ਗਾਲ਼੍ਹਾਂ ਸਨ, ਮੌਲਾਨਾ ਟੋਪੀ ਸ਼ੁਕਲਾ ਵਿਚ ਇਕ ਵੀ ਗਾਲ਼੍ਹ ਨਹੀਂ ਹੈ। ਪਰ ਸ਼ਾਇਦ ਇਹ ਪੂਰਾ ਨਾਵਲ ਇਕ ਗੰਦੀ ਗਾਲ਼੍ਹੀ ਹੈ ਅਤੇ ਮੈਂ ਇਹ ਗਾਲ਼੍ਹ ਡੰਕੇ ਦੀ ਚੋਟ ਨਾਲ ਦੇ ਰਿਹਾ ਹਾਂ। ਇਹ ਨਾਵਲ ਅਸ਼ਲੀਲ ਹੈ -ਜੀਵਨ ਦੀ ਤਰਾਂ." (ਟੋਪੀ ਸ਼ੁਕਲਾ ਦੀ ਭੂਮਿਕਾ ਵਿਚੋਂ)। ਵੱਡਿਆਂ ਤੇ ਬੁੱਢਿਆਂ ਨੇ ਕਈ ਵਾਰ ਕਿਹਾ ਹੈ ਕਿ ਗਾਲ਼੍ਹਾਂ ਨਾ ਲਿਖੋ। 'ਆਧਾ ਗਾਂਵ' ਵਿਚ ਇੰਨੀਆਂ ਗਾਲ਼੍ਹਾਂ ਨਾ ਹੁੰਦੀਆਂ ਤਾਂ ਤੁਹਾਨੂੰ ਸਾਹਿਤ ਅਕਾਦਮੀ ਪੁਰਸਕਾਰ ਜ਼ਰੂਰ ਮਿਲ ਗਿਆ ਹੁੰਦਾ। ਪਰ ਮੈਂ ਇਹ ਸੋਚਦਾ ਹਾਂ ਕਿ ਕੀ ਮੈ ਨਾਵਲ ਇਸ ਕਰਕੇ ਲਿਖਦਾ ਹਾਂ ਕਿ ਮੈਨੂੰ ਸਾਹਿਤ ਅਕਾਦਮੀ ਦਾ ਇਨਾਮ ਮਿਲੇ? ਇਨਾਮ ਮਿਲਣ ਦਾ ਕੋਈ ਨੁਕਸਾਨ ਨਹੀਂ ਹੈ ਫ਼ਾਇਦਾ ਹੀ ਹੈ। ਪਰ ਮੈ ਸਾਹਿਤਕਾਰ ਹਾਂ. ਜੇ ਮੇਰੇ ਪਾਤਰ ਗੀਤਾ ਬੋਲਣਗੇ ਤਾਂ ਮੈ ਗੀਤਾ ਦੇ ਸ਼ਲੋਕ ਲਿਖਾਂਗਾ ਅਤੇ ਜਦੋ ਉਹ ਗਾਲ਼੍ਹਾਂ ਬਕਣਗੇ ਤਾਂ ਮੈ ਜਰੂਰ ਹੀ ਉਨਾਂ ਦੀਆਂ ਗਾਲ਼੍ਹਾਂ ਵੀ ਲਿਖਾਂਗਾ। ਮੈਂ ਕੋਈ ਨਾਜ਼ੀ ਸਾਹਿਤਕਾਰ ਨਹੀਂ ਕਿ ਆਪਣੇ ਨਾਵਲ ਦੇ ਸ਼ਹਿਰਾਂ ਤੇ ਆਪਣਾ ਹੁਕਮ ਚਲਾਵਾਂ ਅਤੇ ਹਰ ਪਾਤਰ ਦੇ ਹੱਥ ਵਿਚ ਇਕ ਸ਼ਬਦਕੋਸ਼ ਫੜਾ ਕੇ ਹੁਕਮ ਦੇ ਦੇਵਾਂ ਕਿ ਜੇ ਇਕ ਵੀ ਸ਼ਬਦ ਆਪਣੇ ਵਲੋ ਬੋਲਿਆ ਤਾਂ ਗੋਲ਼ੀ ਮਾਰ ਦਿਆਂਗਾ। ਕੋਈ ਵੱਡਾ ਸਿਆਣਾ ਇਹ ਦੱਸੇ ਕਿ ਜਿੱਥੇ ਮੇਰੇ ਪਾਤਰ ਗਾਲ਼੍ਹਾਂ ਕੱਢਦੇ ਹਨ, ਉੱਥੋ ਮੈ ਗਾਲ਼੍ਹਾਂ ਕੱਢ ਕੇ ਕੀ ਲਿਖਾਂ, ਡਾਟ-ਡਾਟ? ਤਾਂ ਉਦੋਂ ਫੇਰ ਲੋਕ ਆਪਣੇ ਵਲੋ ਗਾਲ਼੍ਹਾਂ ਘੜਨ ਲੱਗਣਗੇ ਅਤੇ ਮੈਨੂੰ ਗਾਲ਼੍ਹਾਂ ਦੇ ਸਿਲਸਿਲੇ ਵਿਚ ਆਪਣੇ ਪਾਤਰਾਂ ਤੋਂ ਸਿਵਾ ਕਿਸੇ ਤੇ ਵੀ ਭਰੋਸਾ ਨਹੀਂ ਹੈ।

ਗਾਲ਼੍ਹਾਂ ਮੈਨੂੰ ਵੀ ਚੰਗੀਆਂ ਨਹੀਂ ਲਗਦੀਆਂ, ਮੇਰੇ ਘਰ ਵਿਚ ਗਾਲ਼੍ਹਾਂ ਕੱਢਣ ਦੀ ਪਰੰਪਰਾ ਨਹੀਂ ਹੈ। ਪਰ ਲੋਕ ਸੜਕਾਂ ਉੱਤੇ ਗਾਲ਼੍ਹਾਂ ਕੱਢਦੇ ਹਨ। ਆਂਢ-ਗੁਆਂਢ ਵਿਚੋ ਗਾਲ਼੍ਹਾਂ ਸੁਣਾਈ ਦਿੰਦੀਆਂ ਹਨ, ਅਤੇ ਮੈ ਆਪਣੇ ਕੰਨ ਬੰਦ ਨਹੀਂ ਕਰਦਾ।  ਇਹ ਹੀ ਤੁਸੀਂ ਵੀ ਕਰਦੇ ਹੋਵੋਗੇ। ਫੇਰ ਮੇਰੇ ਪਾਤਰ ਗਾਲ਼੍ਹਾਂ ਬਕਦੇ ਹਨ ਤਾਂ ਤੁਸੀਂ ਮੇਰੇ ਪੇਸ਼ ਕਿਉਂ ਪੈਂਦੇ ਹੋ? ਉਹ ਪਾਤਰ ਆਪਣੇ ਘਰਾਂ ਵਿਚ ਗਾਲ਼੍ਹਾਂ ਕੱਢ ਰਹੇ ਹਨ। ਉਹ ਨਾਂ ਤਾਂ ਮੇਰੇ ਘਰ ਵਿਚ ਹਨ ਅਤੇ ਨਾ ਹੀ ਤੁਹਾਡੇ ਘਰ ਵਿਚ। ਇਸ ਕਰਕੇ ਸਾਹਿਬ, ਸਾਹਿਤ ਅਕਾਦਮੀ ਦੇ ਇਨਾਮ ਵਾਸਤੇ ਮੈ ਆਪਣੇ ਪਾਤਰਾਂ ਦੀ ਜ਼ੁਬਾਨ ਨਹੀਂ ਕੱਟ ਸਕਦਾ। ਇਸ ਨਾਵਲ ਦੇ ਪਾਤਰ ਵੀ ਕਿਤੇ-ਕਿਤੇ ਗਾਲ਼੍ਹਾਂ ਦਿੰਦੇ ਹਨ। ਤੁਸੀ ਜੇ ਕਦੇ ਗਾਲ਼੍ਹ ਸੁਣੀ ਹੀ ਨਾ ਹੋਵੇ ਤਾਂ ਤੁਸੀ ਇਹ ਨਾਵਲ ਨਾ ਪੜ੍ਹਿਉ ਮੈ ਤੁਹਾਨੂੰ ਮਜਬੂਰ ਕਰਨਾ ਨਹੀ ਚਾਹੁੰਦਾ (ਰਾਹੀ ਮਾਸੂਮ ਰਜ਼ਾ: ਭੂਮਿਕਾ -ਔਂਸ ਕੀ ਬੂੰਦ )।

'ਆਧਾ ਗਾਂਵ' ਮੂਲ਼ ਰੂਪ ਵਿਚ ਫਾਰਸੀ ਲਿੱਪੀ ਵਿਚ ਲਿਖਿਆ ਗਿਆ ਸੀ। ਜਿਸ ਨੂੰ ਦੇਵਨਾਗਰੀ ਵਿਚ ਮੈਂ ਲਿੱਪੀਅੰਤਰ ਕੀਤਾ ਸੀ। ਇਸ ਤਰਾਂ ਹੀ ਰਾਹੀ ਦੀਆਂ ਕਈ ਆਰੰਭਕ ਰਚਨਾਵਾਂ ਵੀ ਫਾਰਸੀ ਲਿੱਪੀ ਵਿਚ ਹੀ ਲਿਖੀਆਂ ਗਈਆਂ ਸਨ। ਪਰ ਇਹ ਸਾਰੀਆਂ ਰਚਨਾਵਾਂ ਹਿੰਦੀ ਦੀਆਂ ਹਨ। ਰਾਹੀ ਠੀਕ ਕਹਿੰਦੇ ਸਨ ਕਿ ਲਿੱਪੀ ਭਾਸ਼ਾ ਨਹੀਂ ਹੁੰਦੀ ਮਰਾਠੀ, ਸੰਸਕ੍ਰਿਤ, ਹਿੰਦੀ ਅਤੇ ਨੇਪਾਲੀ ਦੀ ਲਿੱਪੀ ਦੇਵਨਾਗਰੀ ਹੈ। ਪਰ ਭਾਸ਼ਾਵਾਂ ਇਹ ਵੱਖੋ ਵੱਖ ਹਨ।

ਰਾਹੀ ਦਾ ਵਿਚਾਰ ਸੀ ਕਿ ਉਰਦੂ ਸਾਹਿਤ ਲੋਕਾਂ ਵਿਚ ਪ੍ਰਵਾਨਤ ਅਤੇ ਸ਼ਕਤੀਸ਼ਾਲੀ ਹੈ, ਪਰੰਤੂ ਉਸਦੀ ਲਿੱਪੀ ਬਹੁਤ ਮੁਸ਼ਕਲ ਅਤੇ ਅੱਜ ਦੇ ਸੰਦਰਭ ਵਿਚ ਬਹੁਤ ਉਪਯੋਗੀ ਨਹੀਂ ਹੈ। ਇਸ ਕਰਕੇ ਉਰਦੂ ਨੂੰ ਦੇਵਨਾਗਰੀ ਲਿੱਪੀ ਅਪਣਾ ਲੈਣੀ ਚਾਹੀਦੀ ਹੈ। ਰਾਹੀ ਨੇ ਆਪਣੇ ਦਰਦ ਨੂੰ ਇਕ ਲੇਖ ਵਿਚ ਪੇਸ਼ ਕੀਤਾ ਹੈ:
 

''ਮੇਰਾ ਦਰਦ ਵੰਡਣ ਵਾਲਾ ਕੋਈ ਨਹੀਂ ਹੈ ਕਿਉਂਕਿ ਇਸ ਦਰਦ ਦੇ ਜੰਗ ਵਿਚ ਸ਼ਾਇਦ ਮੈਂ ਬਿਲਕੁਲ ਇਕੱਲਾ ਹਾਂ। ਮੈ ਸ਼ਾਇਦ ਉਰਦੂ ਦਾ ਇਕੱਲਾ ਸ਼ਾਇਰ ਹਾਂ ਜਿਸਨੇ ਇਹ ਕਹਿਣ ਦੀ ਹਿੰਮਤ ਕੀਤੀ ਕਿ ਉਰਦੂ ਅਤੇ ਹਿੰਦੀ ਦੋ ਅਲੱਗ ਅਲੱਗ ਭਾਸ਼ਾਵਾਂ ਨਹੀਂ ਹਨ। ਮੈਂ ਇਹ ਚੇਤਨਾ ਬਹੁਤ ਮਹਿੰਗੇ ਮੁੱਲ 'ਚ ਖਰੀਦੀ ਹੈ ਅਤੇ ਲੋਕ ਕਹਿੰਦੇ ਹਨ ਕਿ ਮੈਂ ਵਿਕ ਰਿਹਾ ਹਾਂ।"
***
(31 ਮਈ 2009) ਯੂਨੀਕੋਡ
 

ਕੇਹਰ ਸ਼ਰੀਫ਼ ਦੀਆਂ ਲਿਖਾਰੀ ਵਿਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ>>>>>

 

ਲਿਖਾਰੀ
Likhari

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.