ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

Download Punjabi Fonts English Shahmukhi Devnagri

 ਅਜੋਕਾ ਵਾਧਾ:: 26 January, 2010

ਮੁੱਖ ਪੰਨਾ

ਸਵੈ-ਕਥਨ/ਚੇਤੇ ਦੀ ਚੰਗੇਰ/ਮੁਲਾਕਾਤ

ਲਿਖਾਰੀ

ਮਹਾਂਨਗਰ ਵਿੱਚ ਰਹਿੰਦਿਆਂ:

(10) ਦਾਅ ਪੇਚ
-ਬਲਦੇਵ ਸਿੰਘ 'ਸੜਕਨਾਮਾ'


ਕਲਕੱਤੇ ਵਿੱਚ ਮੇਰੇ ਜ਼ਿਆਦਾ ਦੋਸਤ ਟਰਾਂਸਪੋਰਟਰ ਸਨ। ਇਨ੍ਹਾਂ ਵਿੱਚ ਮਾਲਕ ਵੀ ਸਨ ਤੇ ਡਰਾਈਵਰ ਵੀ। ਸਾਡੇ ਭਾਈਚਾਰੇ ਦਾ ਵਿਹਲੇ ਸਮੇਂ ਦਾ ਰੁਝੇਵਾਂ ਦਾਰੂ ਪੀਣਾ ਜਾਂ ਜੂਆ ਖੇਡਣਾ ਹੁੰਦਾ ਸੀ। ਚੋਰਾਂ ਦੀ ਬਸਤੀ ਵਿੱਚ ਰਹਿਣ ਵਾਲੇ ਸਾਧ ਵਾਂਗ, ਬਦਨਾਮ ਤਾਂ ਮੈਂ ਵੀ ਲਗਭਗ ਓਨਾ ਹੀ ਸਾਂ, ਫਿਰ ਵੀ ਮੈਂ ਇੱਕ ਵਿੱਥ ਬਣਾ ਕੇ ਰੱਖੀ ਹੋਈ ਸੀ।

ਇੱਥੇ (ਕਲਕੱਤੇ) ਮੇਰੇ ਇਲਾਕੇ ਮੋਗਾ ਵੱਲ ਦੇ ਕਾਫੀ ਲੋਕ ਸਨ। ਬੰਗਾਲ ਦੀ ਧਰਤੀ, ਹਰ ਪ੍ਰਾਂਤ ਦੇ ਲੋਕ, ਰੰਗਲੀ ਦੁਨੀਆਂ, ਪੂਰੇ ਹਿੰਦੁਸਤਾਨ ਦਾ ਸੁੰਗੜਿਆ ਰੂਪ, ਖੁੱਲ੍ਹਾ ਪੈਸਾ। ਪੰਜਾਬੀਆਂ ਦੇ ਰੱਬ ਯਾਦ ਨਹੀਂ ਸੀ।

ਸਾਡੇ ਇਲਾਕੇ ਦਾ ਇੱਕ ਟਰਾਂਸਪੋਰਟਰ ਮੇਰਾ ਗੂੜ੍ਹਾ ਮਿੱਤਰ ਸੀ। ਉਸਦੇ ਤਿੰਨ ਸ਼ੌਕ ਸਨ। ਦਾਰੂ ਪੀਣਾ, ਜੂਆ ਖੇਡਣਾ ਤੇ ਬਿਗਾਨੀਆਂ ਔਰਤਾਂ (ਵੇਸਵਾਵਾਂ) ਨੂੰ ਕਾਰ ਵਿੱਚ ਲੈ ਕੇ ਘੁੰਮਣਾ। ਇੱਕ ਦਿਨ ਉਹ ਮੇਰੇ ਕੋਲ ਬਹੁਤ ਹੀ ਪ੍ਰੇਸ਼ਾਨ ਹੋਇਆ ਆਇਆ। ਨਸ਼ੇ ਵਿੱਚ ਸੀ, ਜਿਵੇਂ ਉਹ ਅਕਸਰ ਹੁੰਦਾ ਸੀ।

‘ਬਹੁਤ ਮਾੜੀ ਗੱਲ ਹੋ ਗਈ ਯਾਰ! ਹੁਣ ਕਿਵੇਂ ਹੋਊ?’ ਉਹ ਮੈਨੂੰ ਡਾਢੀ ਚਿੰਤਾ ਵਿੱਚ ਜਾਪਿਆ।

‘ਕੀ ਹੋਇਆ? ਕਿਸੇ ਗੱਡੀ ਦਾ ਐਕਸੀਡੈਂਟ ਤਾਂ ਨਹੀਂ ਹੋ ਗਿਆ?’ ਮੈਂ ਪੁੱਛਿਆ।
‘ਕਾਹਨੂੰ ਯਾਰ! ਐਕਸੀਡੈਂਟ ਨਹੀਂ ਹੋਇਆ।’ ਨੀਵੀਂ ਪਾਈ ਨਸ਼ੇ ਵਿੱਚ ਉਹ ਸਿਰ ਮਾਰਨ ਲੱਗਾ।

‘ਘਰ ਤਾਂ ਸਭ ਠੀਕ ਠਾਕ ਐ?’

‘ਘਰ ਨੂੰ ਕੀ ਗੋਲੀ ਵੱਜਗੀ ਐ।’ ਉਸ ਨੇ ਹਉਕਾ ਲਿਆ।

‘ਜਾਹ ਪੈ ਜਾ ਕਿਤੇ ਜਾ ਕੇ, ਅਰਾਮ ਕਰ।’ ਮੈਂ ਕਿਹਾ।  ਉਸ ਨੂੰ ਘਰ ਜਾਣ ਨੂੰ ਕਹਿ ਨਹੀਂ ਸਾਂ ਸਕਦਾ।  ਜਦੋਂ ਅਸੀਂ ਇੱਕ ਵਾਰ ਘਰੋਂ ਆ ਜਾਂਦੇ ਹਾਂ, ਰਾਤ ਨੂੰ ਹੀ ਘਰ ਮੁੜੀਦਾ ਹੈ।

‘ਬਲਦੇਵ ਬਾਈ, ਉਸ ਨੂੰ ਗਰਭ ਠਹਿਰ ਗਿਆ ਯਾਰ।’ ਲਗਦਾ ਸੀ, ਉਸਦਾ ਰੋਣ ਨਿਕਲ ਜਾਏਗਾ।

ਮੈਂ ਹੈਰਾਨ ਹੋਇਆ।  ਉਸਦਾ ਵਿਆਹ ਹੋਏ ਨੂੰ ਦੱਸ ਸਾਲ ਤੋਂ ਵੱਧ ਹੋ ਗਏ ਸਨ।  ਅਜੇ ਉਨ੍ਹਾਂ ਦੇ ਘਰ ਬੱਚਾ ਨਹੀਂ ਸੀ ਹੋਇਆ।  ਇਹ ਖਬਰ ਤਾਂ ਉਸ ਨੇ ਪੂਰੇ ਚਾਅ ਨਾਲ ਘਰ ਦੀ ਛੱਤ ’ਤੇ ਚੜ੍ਹ ਕੇ ਸਭਨਾਂ ਨੂੰ ਸੁਣਾਉਣੀ ਸੀ।

‘ਇਹ ਤਾਂ ਖੁਸ਼ੀ ਦੀ ਗੱਲ ਹੈ,  ਰੋਣੀ ਸੂਰਤ ਕਾਹਤੋਂ ਬਣਾਈ ਹੈ? ਵਧਾਈਆਂ ਤੈਨੂੰ ...,’ ਮੈਂ ਸ਼ਰਾਰਤ ਨਾਲ ਕਿਹਾ।
‘ਤੂੰ ਸਮਝਿਆ ਨਹੀਂ ਯਾਰ। ਉਹ ਆਉਂਦੀ ਹੁੰਦੀ ਹੈ ਨਾ ਮੇਰੇ ਨਾਲ ...।’

‘ਕਿਹੜੀ ... ਉਹ ...।’ ਮੈਂ ਸਪਸ਼ਟ ਨਿਸ਼ਾਨਦੇਹੀ ਨਾ ਕਰ ਸਕਿਆ।

‘ਵਿਕਟੋਰੀਏ ਨੀ ਸੀ ਮਿਲਾਇਆ ਤੈਨੂੰ ਉਸ ਨਾਲ?’

‘ਉਹ ਬੀਡਨ ਸਟਰੀਟ ਵਾਲੀ ...?’

‘ਨਹੀਂ ਯਾਰ!’ ਉਸ ਨੇ ਖਿੱਝ ਕੇ ਕਿਹਾ।

‘ਆਮ ਤੱਲਾ ਵਾਲੀ ...?’

‘ਜਿਸਦੇ ਨੱਕ ਵਿੱਚ ਸੱਜੇ ਪਾਸੇ ਕੋਕਾ ਪਾਇਆ ਹੁੰਦਾ, ਉਹ ...।’

‘ਅੱਛਾ ... ਅੱਛਾ ... ਅੱਛਾ,  ਉਹ ਜਿਹੜੀ ਪੰਜਾਬੀ ਸੂਟ ਪਾ ਕੇ ਆਉਂਦੀ ਹੁੰਦੀ ਐ ...।’

‘ਹਾਂ ... ਹਾਂ ... ਓਹੀ।’

‘ਪਰਸੋਂ ਵੀ ਤੇਰੀ ਕਾਰ ਵਿੱਚ ਓਹੀ ਬੈਠੀ ਸੀ ਨਾ ...?’

‘ਹਾਂ ... ਹਾਂ ... ਓਹੀ।’ ਉਹ ਫਿਰ ਨੀਵੀਂ ਪਾ ਕੇ ਦੁੱਖ ਵਿੱਚ ਸਿਰ ਮਾਰਨ ਲੱਗਾ।

‘ਕੀ ਹੋਇਆ ਉਸ ਨੂੰ?’

‘ਕਹਿੰਦੀ ਪੱਚੀ ਦਿਨ ਹੋ ਗੇ ਮਹੀਨਾ ਨੀ ਆਇਆ ...।’

‘ਮਹੀਨਾ ਉਸ ਨੂੰ ਨਹੀਂ ਆਇਆ,  ਦੁਖੀ ਤੂੰ ਹੋਈ ਜਾਨੈ।  ਤੇਰੀ ਤਾਂ ਉਹ ਗੱਲ ਹੈ,  ਸੂਵੇ ਮੱਝ ਤੇ ਤਿੰਘੇ ਕੱਟਾ ...।’ ਮੈਂ ਹੱਸਦਿਆਂ ਕਿਹਾ।

‘ਤੂੰ ਸਮਝਦਾ ਨਹੀਂ ਯਾਰ। ਜੇ ਉਸ ਨੂੰ ਕੁੜੀ ਹੋ ਗਈ, ਆਪਣਾ ਤਾਂ ਮਰਨ ਹੋ ਜਾਊ। ਉਸ ਨੇ ਤਾਂ ਕੁੜੀ ਨੂੰ ਆਪਣੇ ਧੰਦੇ ਵਿੱਚ ਪਾ ਦੇਣਾ। ਆਪਣਾ ਲਹੂ ਐ ਯਾਰ, ਆਪਣੀ ਅੰਸ਼! ਇਹ ਤਾਂ ਡੁੱਬ ਮਰਨ ਵਾਲੀ ਗੱਲ ਐ। ਹੁਣ ਕੀ ਕਰੀਏ, ਕੀ ਹੋਊ ਹੁਣ ...?’ ਸੱਚਮੁੱਚ ਹੀ ਉਹ ਬਹੁਤ ਗੰਭੀਰ, ਚਿੰਤਤ ਤੇ ਰੋਣਹਾਕਾ ਹੋਇਆ ਬੈਠਾ ਸੀ।

‘ਆਪਾਂ ਡਾਕਟਰ ਨੂੰ ਦਿਖਾ ਕੇ ... ਸਫਾਈ ...।’

‘ਉਹ ਮੰਨਦੀ ਨੀਂ, ਮੈਂ ਕਿਹਾ ਸੀ।’

‘ਮਨਾ ਲਵਾਂਗੇ ਆਪਾਂ।’

‘ਕੁਸ਼ ਕਰ ਭਰਾਵਾ, ਜਦੋਂ ਦਾ ਪਤਾ ਲੱਗਿਐ, ਮੈਨੂੰ ਤਾਂ ਨੀਂਦ ਨਹੀਂ ਆਉਂਦੀ। ਇਹ ਤਾਂ ਆਪਣੇ ਲਈ ਬਹੁਤ ਭਾਰੀ ਨਮੋਸ਼ੀ ਐ। ਪੰਜਾਬੀ ਖੂਨ, ਉੱਥੇ ਐ ...।’

‘ਕੋਈ ਨਾ, ਆਪਾਂ ਮਿਲਾਂਗੇ ਉਸ ਨੂੰ, ਸਮਝਾਵਾਂਗੇ।  ਕਦੋਂ ਆਊਗੀ ਹੁਣ ...?’

‘ਕਹਿ ਕੇ ਤਾਂ ਗਈ ਐ, ਕੱਲ੍ਹ ਫੇਰ ਆਊਂਗੀ।

‘ਮਿਲਾਈਂ ਮੈਨੂੰ, ਆਪਾਂ ਕਰਾਂਗੇ ਗੱਲ। ਐਂ ਆਪਣੀ ਮਰਜ਼ੀ ਕਿਵੇਂ ਕਰੂਗੀ ਉਹ।’

‘ਆਹੀ ਤਾਂ ਗੱਲ ਐ ਯਾਰ! ਅਜੇ ਗੱਲ ਨਾ ਕਰੀਂ ਕਿਸੇ ਕੋਲ।  ਇੱਜ਼ਤ ਦਾ ਸਵਾਲ ਐ।’

ਉਹ ਕੁੱਝ ਕੁ ਹੌਸਲੇ ਵਿੱਚ ਹੋ ਗਿਆ ਤੇ ਕਹਿੰਦਾ, ‘ਪੀਣੀ ਐ ਤਾਂ ਕਾਰ ਵਿੱਚ ਬੋਤਲ ਪਈ ਐ।’

‘ਤੈਨੂੰ ਪਤਾ ਤਾਂ ਹੈ ਯਾਰ,  ਮੈਂ ਦਿਨੇ ਨੀਂ ਪੀਂਦਾ।’

‘ਠੀਕ ਹੈ, ਕੱਲ੍ਹ ਜਾਈਂ ਨਾ ਕਿਧਰੇ।’ ਹੁਕਮ ਦੇ ਕੇ ਉਹ ਚਲਿਆ ਗਿਆ।

ਮੇਰਾ ਮਿੱਤਰ ਅਗਲੇ ਦਿਨ ਨਾ ਆਇਆ। ਮੈਂ ਸੋਚਿਆ,  ਸ਼ਾਇਦ ਨਸ਼ੇ ਦੀ ਵਾਧ ਘਾਟ ਵਿੱਚ ਹੀ ਭਾਵੁਕ ਹੋ ਗਿਆ ਹੋਣਾ।  ਮੈਂ ਵੀ ਆਪਣੇ ਕੰਮਾਂ ਵਿੱਚ ਰੁੱਝ ਗਿਆ ਸਾਂ। ਉਂਜ ਵੀ ਇਸ ਤਰ੍ਹਾਂ ਦੇ ਮਿੱਤਰਾਂ ਵੱਲ ਮੈਂ ਕਦੇ ਬਹੁਤਾ ਧਿਆਨ ਨਹੀਂ ਸੀ ਦਿੱਤਾ। ਪਰ ਚਾਰ ਕੁ ਦਿਨ ਹੀ ਲੰਘੇ ਸਨ, ਇੱਕ ਦਿਨ ਫਿਰ ਉਹ ਅਚਾਨਕ ਆਇਆ। ਮੈਂ ਘਰ ਜਾਣ ਲਈ ਤਿਆਰ ਬੈਠਾ ਸਾਂ।

‘ਆ ਚੱਲੀਏ ਬਾਈ।’ ਉਸਨੇ ਮਿੱਤਰਤਾ ਵਾਲੇ ਪੂਰੇ ਅਧਿਕਾਰ ਨਾਲ ਕਿਹਾ।

‘ਅੱਜ ਕਿੱਥੇ?’ ਮੈਂ ਹੈਰਾਨ ਹੋਇਆ।

‘ਤੈਨੂੰ ਦੱਸਿਆ ਤਾਂ ਸੀ, ਉਹ ਕਾਰ ਵਿੱਚ ਬੈਠੀ ਹੈ।’

‘ਅੱਛਾ, ਅੱਛਾ ...।’ ਮੈਂ ਉਹਦੇ ਨਾਲ ਤੁਰ ਪਿਆ।

ਜਦੋਂ ਮੈਂ ਉਸਦੀ ਕਾਰ ਵਿੱਚ ਬੈਠਣ ਲੱਗਾ ਤਾਂ ਦੇਖਿਆ, ਕਿਸੇ ਆਉਣ ਜਾਣ ਵਾਲੇ ਦੀਆਂ ਨਜ਼ਰਾਂ ਤੋਂ ਬਚਣ ਲਈ, ਉਹ ਪਿਛਲੀ ਸੀਟ ਉੱਪਰ ਛੁਪ ਕੇ ਸੁੰਗੜੀ ਜਿਹੀ ਬੈਠੀ ਸੀ। ਮੈਨੂੰ ਉਹ ਪਹਿਚਾਣਦੀ ਸੀ। ਇਸ ਮਿੱਤਰ ਨਾਲ ਹੀ ਮੈਂ ਉਸ ਨੂੰ ਕਈ ਵਾਰ ਵੇਖਿਆ ਸੀ। ਉਸ ਇਲਾਕੇ ਵਿੱਚੋਂ ਨਿੱਕਲ ਕੇ ਅਸੀਂ ਵਿਕਟੋਰੀਆ ਦੇ ਮੈਦਾਨਾਂ ਵੱਲ ਆ ਗਏ।

ਆਪਣੇ ਮਿੱਤਰ ਨੂੰ ਮੈਂ ਕੁੱਝ ਸਮਾਂ ਬਾਹਰ ਘੁੰਮਣ ਲਈ ਇਸ਼ਾਰਾ ਕੀਤਾ। ਉਹ ਕੋਲਡ ਡਰਿੰਕ ਲਿਆਉਣ ਦੇ ਬਹਾਨੇ ਚਲਿਆ ਗਿਆ। ਮੈਂ ਲੜਕੀ ਨੂੰ ਪੁੱਛਿਆ, ‘ਕਿਹੜੇ ਚੱਕਰ ਵਿੱਚ ਪਾਇਆ ਮੇਰੇ ਮਿੱਤਰ ਨੂੰ।  ਇਹ ਤਾਂ ਪ੍ਰੇਸ਼ਾਨ ਹੀ ਬਹੁਤ ਹੋਇਆ ਫਿਰਦਾ।’

‘ਪ੍ਰੇਸ਼ਾਨ ਤਾਂ ਮੈਨੂੰ ਹੋਣਾ ਚਾਹੀਦਾ।  ਇਹਦਾ ਬੱਚਾ ਮੇਰੇ ਪੇਟ ਵਿੱਚ ਆ ਗਿਆ।  ਹੁਣ ਜੰਮਣਾ ਪਏਗਾ, ਪਾਲਣਾ ਪਏਗਾ, ਪੜ੍ਹਾਨਾ ਪਏਗਾ।  ਬੁਰਾ ਕਿਹਾ ਮੈਂ ...?’ ਉਸ ਨੇ ਮੈਨੂੰ ਸਵਾਲ ਕੀਤਾ।

‘ਬੁਰਾ ਤਾਂ ਨਹੀਂ ਕਿਹਾ, ਪਰ ਐਸਾ ਝੂਠ ...।’

‘ਕੈਸੇ ਆਖ ਸਕਦੇ ਹੋ ਇਹ ਸੱਚ ਨਹੀਂ ਹੈ?’ ਉਹ ਮੇਰੀਆਂ ਅੱਖਾਂ ਵਿੱਚ ਸਿੱਧਾ ਝਾਕੀ।

‘ਮੈਂ ਆਪਣੇ ਮਿੱਤਰ ਨੂੰ ਸਾਲਾਂ ਤੋਂ ਜਾਣਦਾਂ।  ਡਾਕਟਰਾਂ ਨੇ ਆਖਿਆ ਹੋਇਐ,  ਇਹ ਕਦੀ ਬਾਪ ਨਹੀਂ ਬਣ ਸਕਦਾ।  ਫੇਰ ਅਚਾਨਕ ਤੈਨੂੰ ...।’

‘ਹੁਣ ਖਰਚ ਤਾਂ ਲੈਣਾ ਹੀ ਸੀ ਸਾਹਬ।  ਆਪ ਚੁੱਪ ਰਹੋ ਨਾ ਪਲੀਜ਼।’ ਉਹ ਇੱਕਦਮ ਬਦਲ ਗਈ ਤੇ ਹੱਥ ਜੋੜੇ।  ਫਿਰ ਉਸਨੇ ਡੂੰਘੀ ਉਦਾਸੀ ਨਾਲ ਕਿਹਾ, ‘ਧੰਦਾ ਵੀ ਹੁਣ ਚੌਪਟ ਹੋ ਗਿਆ ਹੈ।’

‘ਮੇਰਾ ਦੋਸਤ ਪ੍ਰੇਸ਼ਾਨ ਹੈ, ਉਸ ਨੂੰ ਕਿਵੇਂ ਸਮਝਾਵਾਂ ...?’

‘ਮੈਂ ਸੰਭਾਲ ਲਵਾਂਗੀ ਉਸ ਨੂੰ।  ਆਪ ਦੋ ਤਿੰਨ ਮਹੀਨੇ ਕੁੱਝ ਨਾ ਕਹਿਣਾ।’  ਉਸ ਨੇ ਫਿਰ ਹੱਥ ਜੋੜੇ।

ਉਹ ਗਰਭਵਤੀ ਬਣ ਕੇ, ਮੇਰੇ ਮਿੱਤਰ ਨੂੰ ਬੇਵਕੂਫ ਬਣਾਉਂਦੀ ਰਹੀ। ਫਿਰ ਇੱਕ ਦਿਨ ਕਹਿੰਦੀ, ‘ਪੌੜੀਆਂ ਤੋਂ ਫਿਸਲ ਗਈ ਸਾਂ, ਗਰਭਪਾਤ ਹੋ ਗਿਆ।’

ਮੇਰਾ ਮਿੱਤਰ ਦੋ ਦਿਨ ਰੋਂਦਾ ਰਿਹਾ।  ਕਹਿੰਦਾ, ‘ਲੜਕਾ ਸੀ।’

ਮੈਂ ਉਸ ਨੂੰ ਅਸਲੀਅਤ ਨਾ ਦੱਸ ਸਕਿਆ।  ਸੋਚਿਆ,  ਇਸਦੇ ਮਨ ਨੂੰ ਠੇਸ ਲੱਗੇਗੀ। ਇਹ ਭਰਮ ਬਣਿਆ ਹੀ ਰਹੇ ਤਾਂ ਠੀਕ ਹੈ।
*****

(4 ਜੂਨ 2009)

ਬਲਦੇਵ ਸਿੰਘ (ਸੜਕਨਾਮਾ) ਦੀਆਂ 'ਲਿਖਾਰੀ' ਵਿੱਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

e-mail:
ilKfrI

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.