|
|
|
ਅਜੋਕਾ
ਵਾਧਾ::
26 January, 2010 |
|
|
ਮੁੱਖ ਪੰਨਾ |
ਸਵੈ-ਕਥਨ/ਚੇਤੇ ਦੀ
ਚੰਗੇਰ/ਮੁਲਾਕਾਤ |
ਲਿਖਾਰੀ |
|
 |
ਹੁਣ
ਸਾਡੇ ਰਾਜ ਗਾਇਕ ਸਸਤਾ ਆਟਾ ਤੇ ਦਾਲ ਵੇਚਿਆ ਕਰਨਗੇ(1)
ਮਿੰਟੂ
ਬਰਾੜ, ਅਸਟਰੇਲੀਆ
|
ਬਹੁਤ ਸਬਰ ਕਰ ਲਿਆ ਪੰਜਾਬੀਅਤ ਦਾ ਘਾਣ ਪੰਜਾਬੀ ਗੀਤਕਾਰਾਂ ਤੇ ਗਾਇਕਾਂ
ਹੱਥੋਂ ਹੁੰਦਾ ਦੇਖ ਦੇਖ ਕੇ ਪਰ ਹੁਣ ਹੋਰ ਸਹਿਣ ਨਹੀਂ ਹੁੰਦਾ।ਪਰ ਕਰ ਵੀ
ਕੀ ਸਕਦੇ ਹਾਂ ਤੇ ਰੋਕ ਵੀ ਕਿਵੇਂ ਸਕਦੇ ਹਾਂ ਬੇਵੱਸ ਹੋਏ ਬੈਠੇ ਹਾਂ।ਬਸ
ਵੱਧ ਤੋਂ ਵੱਧ ਰੌਲਾ ਪਾ ਸਕਦੇ ਹਾਂ, ਅਖ਼ਬਾਰਾਂ ਚ ਲਿਖ ਕੇ ਭੜਾਸ ਕੱਢ ਸਕਦੇ
ਹਾਂ।ਪਰ ਇਸ ਨਾਲ ਵੀ ਕੀ ਹੋ ਸਕਦਾ ਹੈ ਚਾਰ ਦਿਨ ਲੋਕ ਧਿਆਨ ਦੇਣਗੇ ਤੇ ਫੇਰ
ਉਹੀ 'ਕਹੀ ਤੇ ਉਹੀ ਕੁਹਾੜੀ'।ਇਹ ਕੁੱਝ ਸੋਚਣ ਕਰਨ ਵਾਲਾ ਮੈਂ ਇਕੱਲਾ ਨਹੀਂ
ਬਹੁਤ ਲੋਕ ਵਿੱਚੋਂ ਵਿੱਚ ਝੂਰੀ ਜਾਂਦੇ ਹਨ। ਪਰ ਸਾਰੇ ਨਿਹੱਥੇ ਹਨ।ਹਰ ਕੋਈ
ਸੋਚਦਾ ਹੈ ਕੇ ਕੋਈ ਇਨਕਲਾਬੀ ਉਠੇ ਤੇ ਇਸ ਨਾਮੁਰਾਦ ਬਿਮਾਰੀ ਜੋ ਕਿ ਸਾਡੇ
ਕਲਚਰ ਨੂੰ ਘੁਣ ਵਾਂਗੂੰ,ਖਾਈ ਜਾਂਦੀ ਨਹੀ, ਖਾ ਹੀ ਚੁੱਕੀ ਹੈ ਤੋਂ ਸਾਡਾ
ਛੁਟਕਾਰਾ ਪਾਵੇ।ਪਰ ਪਹਿਲ ਕੋਈ ਨਹੀਂ ਕਰ ਰਿਹਾ ਹਰ ਇਕ ਸੋਚਦਾ ਹੈ ਕਿ ਭਗਤ
ਸਿੰਘ ਫੇਰ ਪੈਦਾ ਹੋਵੇ ਪਰ ਹੋਵੇ ਗੁਆਂਢੀਆ ਦੇ ਘਰ ਕਿਉਂਕਿ ਅਸੀਂ ਵਾਹ-ਵਾਹ
ਤਾਂ ਕਰ ਸਕਦੇ ਹਾਂ ਕਿ ਫ਼ਲਾਣਾ ਬਲਦੀ ਅੱਗ ਨਾਲ ਖੇਡ ਰਿਹਾ ਹੈ, ਪਰ ਅਸੀਂ
ਕੁੱਝ ਇਹੋ ਜਿਹਾ ਨਹੀਂ ਕਰਨਾ ਚਾਹੁੰਦੇ ਜਿਸ ਨਾਲ ਅੱਗ ਦਾ ਸੇਕ ਸਾਨੂੰ
ਲੱਗੇ। ਪਤਾ ਨਹੀਂ ਕਦੋਂ ਇਕ ਜਹਾਦ ਉਠੇਗਾ ਇਸ ਵਿਰੁੱਧ?
ਅਜ ਇਹ ਵਾਵਰੋਲਾ ਫੇਰ ਮੇਰੇ ਮਨ ਵਿੱਚ ਉਸ ਵੇਲੇ ਉਠਿਆ ਜਦੋਂ ਚੰਗੇ ਨੂੰ
ਕੀਤਾ ਕੰਮ ਮਾੜਾ ਹੋ ਨਿਬੜਿਆ।ਗਲ ਇੰਜ ਹੋਈ ਕੇ ਵਿਦੇਸ਼ਾਂ ਚ ਬੈਠੇ ਹਰ ਵਕਤ
ਮਨ ਚ ਇਹ ਡਰ ਲੱਗਿਆ ਰਹਿੰਦਾ ਕਿ ਆਪਣੀ ਨਵੀਂ ਪੀੜੀ ਕਿਤੇ ਆਪਣੇ ਕਲਚਰ ਨੂੰ
ਨਾ ਭੁੱਲ ਜਾਵੇ ਤੇ ਇਸੇ ਡਰ ਕਾਰਨ ਸਾਰਾ ਦਿਨ ਕੋਸ਼ਸ਼ ਹੁੰਦੀ ਹੈ ਕਿ ਕਿਵੇਂ
ਨਾ ਕਿਵੇਂ ਬੱਚਿਆਂ ਨੂੰ ਪੰਜਾਬੀਅਤ ਨਾਲ ਜੋੜੀ ਰੱਖਿਆ ਜਾਵੇ। ਬਸ ਉਸੇ
ਤਹਿਤ ਮੋਟੇ ਡਾਲਰ ਖ਼ਰਚ ਕੇ ਡਿਸ਼ ਐਨਟਿਨਾ ਲਗਵਾਈਆਂ ਕਿ ਨਾਲੇ ਤਾਂ ਗੁਰਬਾਣੀ
ਸੁਣ ਲਿਆ ਕਰਾਂਗੇ ਨਾਲੇ ਜੁਆਕ ਕੁੱਝ ਪੰਜਾਬੀ ਪ੍ਰੋਗਰਾਮ ਦੇਖ ਲਿਆ ਕਰਨਗੇ
ਤੇ ਕੁੱਝ ਆਪਣੇ ਕਲਚਰ ਨਾਲ ਜੁੜੇ ਰਹਿਣਗੇ।ਪਰ ਸਾਡਾ ਇਹ ਕਦਮ ਉਲਟਾ ਪੈ ਗਿਆ
ਜਿਹੜੇ ਕੁੱਝ ਦਿਨ ਪਹਿਲਾਂ ਆਪਣੇ ਜੁਆਕਾ ਨੂੰ ਲੰਮੇ-ਚੌੜੇ ਭਾਸ਼ਣ ਦੇ ਕੇ
ਆਪਣੇ ਸੱਭਿਆਚਾਰ ਦੀਆ ਵਡਿਆਈਆਂ ਕਰਦੇ ਨਹੀਂ ਥੱਕਦੇ ਸੀ ਅਜ ਸਾਡੇ ਵੱਲੋਂ
ਦਿੱਤੇ ਉਹਨਾਂ ਇਕ ਇਕ ਭਾਸ਼ਣ ਦੀ ਇਕ ਇਕ ਗਲ ਦਾ ਜਵਾਬ ਨਿਆਣਿਆਂ ਨੂੰ ਦੇਣਾ
ਪੈ ਰਿਹਾ ਹੈ। ਹੁਣ ਜੁਆਕ ਸੱਚੇ ਲਗ ਰਹੇ ਹਨ ਤੇ ਆਪ ਝੂਠੇ ਜਿਹੇ ਮਹਿਸੂਸ
ਕਰ ਰਹੇ ਹਾਂ।
ਉਧਾਰਨ ਦੇ ਤੋਰ ਤੇ ਇਕ ਦਿਨ ਇਕ ਪਰਵਾਰ ਮੈਨੂੰ ਦੱਸ ਰਿਹਾ ਸੀ ਕਿ ਸਾਡੇ
ਬੱਚੇ ਹੁਣ ਵਧੀਆ ਪੰਜਾਬੀ ਬੋਲ ਲੈਂਦੇ ਹਨ ਕਿਉਂਕਿ ਸਾਰਾ ਦਿਨ ਪੰਜਾਬੀ
ਟੀ.ਵੀ. ਦੇਖਦੇ ਰਹਿੰਦੇ ਹਨ ਤੇ ਇੰਨੇ ਨੂੰ ਉਹਨਾਂ ਦੀ ਚਾਰ ਕੁ ਸਾਲ ਦੀ
ਬੱਚੀ ਉਥੇ ਆ ਗਈ ਤਾਂ ਮੈਂ ਉਸ ਨੂੰ ਪੁੱਛਿਆ ਬੇਟਾ ਕੀ ਦੇਖਦੇ ਹੁੰਦੇ ਹੋ
ਪੰਜਾਬੀ ਟੀ.ਵੀ. ਤੇ? ਤਾਂ ਉਸ ਨੇ ਬੜੀ ਹੀ ਮਸੂਮੀਅਤ ਨਾਲ ਗਾਉਣਾ ਸ਼ੁਰੂ ਕਰ
ਦਿਤਾ ਕਿ ''ਤੈਨੂੰ ਘੋੜੀ ਕੀਨੇ ਚੜਾਇਆ ਭੂਤਨੀ ਕੇ''ੇ ਏਨਾ ਸੁਣਦੇ ਮਾਂ
ਬਾਪ ਉਸ ਨੂੰ ਝਿੜਕਣ ਲਗ ਗਏ ਤਾਂ ਮੈਂ ਉਹਨਾਂ ਨੂੰ ਰੋਕਿਆ ਕਿ ਕਸੂਰ ਇਸ
ਮਾਸੂਮ ਦਾ ਨਹੀਂ ਕਸੂਰ ਤਾਂ ਉਹਨਾਂ ਦਾ ਹੈ ਜੋ ਇਹੋ ਜਿਹਾ ਪਰੋਸਦੇ ਹਨ।ਇਕ
ਹੋਰ ਇਸੇ ਤਰ੍ਹਾਂ ਦੀ ਘਟਨਾ ਹੈ ਕਿ ਮੈਂ ਆਪਣੇ ਬੇਟੇ ਨੂੰ ਕਿਹਾ ਕਿ ਤੁਸੀ
ਜਿਆਦਾ ਪਲੇਅ ਸਟੇਸ਼ਨ ਤੇ ਗੇਮਾਂ ਨਾ ਖੇਡਿਆ ਕਰੋ ਇਸ ਵਿੱਚ ਬਹੁਤ ਹੀ
ਕਤਲੇਆਮ ਦਿਖਾਇਆ ਜਾਂਦਾ ਹੈ। ਇਸ ਲਈ ਥੋੜ੍ਹੀ ਦੇਰ ਪੰਜਾਬੀ ਚੈਨਲ ਵੀ ਦੇਖ
ਲਿਆ ਕਰੋ ਘੱਟੋ ਘੱਟ ਉਹ ਮਰਨ ਮਰਾਉਣ ਦੀ ਗਲ ਤਾਂ ਨਹੀਂ ਕਰਦੇ। ਮੇਰੇ ਆਖੇ
ਲਗ ਕੇ ਉਸ ਨੇ ਜਦ ਪੰਜਾਬੀ ਚੈਨਲ ਲਗਾਇਆ ਤਾਂ ਸੰਯੋਗ ਨਾਲ ਉਸ ਤੇ ਜੋ ਗਾਣਾ
ਚੱਲ ਰਿਹਾ ਸੀ ਉਸ ਦੇ ਬੋਲ ਸਨ ਕਿ ''ਮੇਰਾ ਬੰਦਾ ਮਾਰਨ ਨੂੰ ਜੀ ਕਰਦਾ''।
ਹੁਣ ਤੁਸੀ ਦੱਸੋ ਮੈਂ ਕਰਦਾ ਤਾਂ ਕੀ ਕਰਦਾ ਤੇ ਆਪਣੇ ਬੱਚੇ ਦੇ
ਕਿਹੜੇ-ਕਿਹੜੇ ਸਵਾਲਾਂ ਦਾ ਜਵਾਬ ਦਿੰਦਾ। ਇਹੋ ਜਿਹੀਆਂ ਹਜ਼ਾਰਾ ਹੀ
ਉਧ੍ਹਾਰਨਾ ਤੁਹਾਨੂੰ ਮਿਲ ਜਾਣਗੀਆਂ ਜਿਸ ਨਾਲ ਸਾਨੂੰ ਅਹਿਸਾਸ ਹੁੰਦਾ ਹੈ
ਕਿ ਚੰਗੇ ਨੂੰ ਕੀਤਾ ਕੰਮ ਮਾੜੇ ਵੱਲ ਨੂੰ ਜਾ ਰਿਹਾ ਹੈ।
ਜਦੋਂ ਵੀ ਕਦੇ ਪੰਜਾਬੀ ਚੈਨਲ ਲਾ ਕੇ ਦੇਖਦੇ ਹਾਂ ਤਾਂ ਹਰ ਵਾਰ ਨਵੇਂ ਤੋਂ
ਨਵੇਂ ਢੰਗ ਨਾਲ ਪੰਜਾਬੀਅਤ ਦਾ ਕਤਲ ਹੁੰਦਾ ਦੇਖਦੇ ਹਾਂ।ਪਹਿਲਾਂ ਤਾਂ ਰੌਲਾ
ਸੁਰ ਚ ਗਾਉਣ ਤੇ ਬੇਸੁਰੇ ਗਾਇਕਾਂ ਦਾ ਸੀ ਪਰ ਹੁਣ ਇਹ ਤਾਂ ਕੋਈ ਮਸਲਾ ਹੀ
ਨਹੀਂ ਰਹਿ ਗਿਆ ਕਿ ਤੁਸੀਂ ਕਿੰਨੇ ਸੁਰੀਲੇ ਹੋ। ਹੁਣ ਤਾਂ ਇਕ ਹੀ ਗਲ ਰਹਿ
ਗਈ ਕੇ ਤੁਸੀ ਕਿੰਨਾ ਲੱਚਰ ਗਾ ਤੇ ਦਿਖਾ ਸਕਦੇ ਹੋ।
ਲਓ ਜੀ ਕਿਵੇਂ ਨਾ ਕਿਵੇਂ ਜੁਆਕ ਮੂਹਰੇ ਸੱਚੇ ਹੋਣ ਦੀ ਕੋਸ਼ਸ਼ ਕਰਦਿਆਂ ਫੇਰ
ਭਾਸ਼ਣ ਦੇਣ ਲਗ ਪਿਆ ਕਿ ਨਹੀਂ ਇਹ ਗਲ ਨਹੀਂ ਕਿ ਪੰਜਾਬ ਵਿੱਚ ਸਾਰੇ ਹੀ ਇਸ
ਤਰ੍ਹਾਂ ਗਾਉਂਦੇ ਹਨ।ਤੁਹਾਨੂੰ ਕੁੱਝ ਮਿਆਰੀ ਤੇ ਸੁਰੀਲੇ ਗਾਇਕ ਸੁਣਨੇ
ਚਾਹੀਦੇ ਹਨ ਜਿਵੇਂ ਕਿ ਉਚੀ ਸੁੱਚੀ ਸੋਚ ਦਾ ਮਾਲਕ ਗੁਰਦਾਸ ਮਾਨ,
ਪੰਜਾਬੀਅਤ ਦੀ ਬਾਤ ਪਾਉਂਦਾ ਹਰਭਜਨ ਮਾਨ ਅਤੇ ਦਰਵੇਸ਼ ਤੇ ਸੂਫ਼ੀ ਗਾਇਕ ਹੰਸ
ਰਾਜ ਹੰਸ ਜਿਸ ਨੂੰ ਕਿ ਮਹਾਨ ਤੇ ਅਮੀਰ ਵਿਰਸੇ ਵਾਲੇ ਪੰਜਾਬ ਦੇ ਰਾਜ ਗਾਇਕ
ਦਾ ਅਤੇ ਹਿੰਦੁਸਤਾਨ ਦਾ ਪਦਮ ਸ਼੍ਰੀ ਜਿਹਾ ਵਕਾਰੀ ਐਵਾਰਡ ਪ੍ਰਾਪਤ ਹੈ। ਬਸ
ਹਾਲੇ ਮੇਰਾ ਲੈਕਚਰ ਅੱਧ ਵਿਚਾਲੇ ਹੀ ਸੀ ਕਿ ਜਨਾਬ ਹੰਸ ਰਾਜ ਹੰਸ ਦਾ
ਚਿਹਰਾ ਟੀ.ਵੀ. ਸਕਰੀਨ ਤੇ ਦੇਖਣ ਨੂੰ ਮਿਲ ਗਿਆ ਤਾਂ ਮੈਂ ਬੜੇ ਹੀ ਹੌਸਲੇ
ਨਾਲ ਕਿਹਾ ਲੈ ਆਹ ਸੁਣ ਦੇਖੀਂ ਕਿੰਨਾ ਵਧੀਆ ਗਾਉਂਦੇ ਹਨ।ਪਰ ਭਰਾਵੋ ਮੇਰਾ
ਤਾਂ ਇਹ ਤੀਰ ਵੀ ਨਿਸ਼ਾਨੇ ਤੇ ਲੱਗਣ ਤੋਂ ਪਹਿਲਾਂ ਹੀ ਟੋਟੇ-ਟੋਟੇ ਹੋ ਗਿਆ
ਜਦੋਂ ਇਸ ਸੂਫ਼ੀ ਦਰਵੇਸ਼ ਨੂੰ ਰੱਬ ਦੀ ਥਾਂ ਤੇ ਸਿਆਸਤਦਾਨਾਂ ਦੀ ਉਸਤਤ ਕਰਦੇ
ਸੁਣਿਆ। ਇਕ ਵਾਰ ਤਾਂ ਮਨ ਨੂੰ ਯਕੀਨ ਜਿਹਾ ਨਹੀਂ ਹੋਇਆ ਕਿ ਇਹ ਦਰਵੇਸ਼ ਆਟੇ
ਦਾਲ ਦੇ ਭਾਅ ਜਿਹੇ ਕਿੱਧਰ ਦਸ ਰਿਹਾ ਹੈ ਕਿਉਂਕਿ ਉਹਨਾਂ ਦੇ ਗੀਤ ਦੇ ਬੋਲ
ਸਨ ਕਿ ਜੇ ਸਾਡੀ ਸਰਕਾਰ ਆ ਗਈ ਤਾਂ ਦੋ ਰੁਪਏ ਕਿਲੋ ਆਟਾ ਤੇ ਵੀਹ ਰੁਪਏ
ਕਿਲੋ ਦਾਲ ਦੇਵਾਂਗੇ।ਰਹਿ ਰਹਿ ਕੇ ਦਿਲ ਇਹ ਕਹਿ ਰਿਹਾ ਸੀ ਕਿ ਇਹ ਕੋਈ
ਮਜ਼ਾਕ ਨਾ ਹੋਵੇ ਅਜ-ਕਲ ਦੇ ਇਸ ਕੰਪਿਊਟਰ ਯੁੱਗ ਵਿੱਚ।ਪਰ ਨਹੀਂ ਇਹ ਤਾਂ ਇਕ
ਕੌੜਾ ਸੱਚ ਸੀ ਭਾਵੇਂ ਇਹ ਤਾਂ ਪਤਾ ਸੀ ਕਿ ਜਨਾਬ ਵੋਟਾਂ 'ਚ ਖੜ੍ਹੇ ਹਨ ਪਰ
ਇਹ ਉਮੀਦ ਨਹੀਂ ਸੀ ਕਿ ਰੱਬ ਦੀ ਉਸਤਤ ਕਰਨ ਵਾਲੀ ਇਹ ਜਬਾਨ ਵੀ ਕਲਯੁਗੀ
ਨੇਤਾਵਾਂ ਦੇ ਗੁਣ ਗਾਣ ਕਰੇਗੀ।ਧੁਰ ਅੰਦਰੋਂ ਹਲੂਣਾ ਆਇਆ ਕਿ ਕਲਯੁਗੀ ਜੀਵ
ਨੂੰ ਦਰਵੇਸ਼ ਬਣਦੇ ਤਾਂ ਦੇਖਿਆ ਪਰ ਇਕ ਦਰਵੇਸ਼ ਨੂੰ ਮੁੜ ਕਲਯੁਗ ਦੇ ਖੂਹ ਚ
ਡਿਗਦੇ ਨਹੀਂ ਦੇਖਿਆ ਸੀ। ਪਰ ਇਥੇ ਫੇਰ ਮੈਨੂੰ ਮੇਰੇ ਬੇਟੇ ਦੇ ਤਿੱਖੇ
ਸਵਾਲ ਦਾ ਸਾਹਮਣਾ ਕਰਨਾ ਪਿਆ।ਜਦ ਥੋੜ੍ਹੇ ਦਿਨ ਪਹਿਲਾਂ ਉਹ ਮੈਨੂੰ ਗੋਰਿਆ
ਦੇ ਅਸੂਲਾਂ ਵਾਰੇ ਦਸ ਰਿਹਾ ਸੀ ਤਾਂ ਮੈਂ ਉਸ ਨੂੰ ਅਣਸੁਣਿਆ ਕਰਕੇ ਕਿਹਾ
ਸੀ: ਨਹੀਂ ਜਿਨ੍ਹਾਂ ਆਪਣਾ ਪੰਜਾਬੀ ਵਿਰਸਾ ਉੱਚਾ ਹੈ ਗੋਰਿਆਂ ਦਾ ਵਿਰਸਾ
ਤਾਂ ਆਪਣੇ ਵਿਰਸੇ ਦੇ ਪੈਰ ਵਰਗਾ ਵੀ ਨਹੀਂ ਹੈ।ਪਰ ਅਜ ਉਹ ਮੈਨੂੰ ਕਹਿਣ
ਲੱਗਿਆ ਕੇ ਭਾਵੇਂ ਆਪਣਾ ਵਿਰਸਾ ਲੱਖ ਉੱਚਾ ਹੋਵੇ ਪਰ ਆਪਣੇ ਲੋਕ ਬਿਨਾਂ
ਸੋਚੇ ਸਮਝੇ ਤੇ ਪਰਖੇ ਫ਼ੈਸਲਾ ਕਰ ਦਿੰਦੇ ਹਨ ਪਰ ਗੋਰੇ ਇੰਜ ਨਹੀਂ ਕਰਦੇ
ਇਸੇ ਦਾ ਨਤੀਜਾ ਅਜ ਤੁਹਾਡੇ ਸਾਹਮਣੇ ਹੈ ਜਦੋਂ ਇਕ ਦਰਵੇਸ਼ ਦਾ ਟਾਈਟਲ
ਹਾਸਿਲ ਇਨਸਾਨ ਇਹ ਕੁੱਝ ਕਰ ਰਿਹਾ ਹੈ ਤੇ ਹਰ ਕੋਈ ਆਪਣੇ ਆਪ ਨੂੰ ਸੰਤ ਲਿਖ
ਰਿਹਾ ਹੈ ਪਰ ਗੋਰਿਆ ਚ ਇਹ ਨਹੀ ਹੈ। ਇਹ ਕਿਸੇ ਨੂੰ ਸਰ ਦੀ ਉਪਾਧੀ ਓਦੋਂ
ਦਿੰਦੇ ਹਨ ਜਦ ਉਸ ਨੂੰ ਹਰ ਕਸੌਟੀ ਤੇ ਪਰਖ ਨਾ ਲੈਣ ਤੇ ਸੰਤ ਦੀ ਉਪਾਧੀ
ਤਾਂ ਬੜੀ ਦੂਰ ਦੀ ਗਲ ਹੈ। ਇਸ ਲਈ ਘੱਟੋ ਘੱਟ ਮੌਤ ਦੇ ਪੱਚੀ ਸਾਲ ਪਿਛੋਂ
ਇਹ ਉਪਾਧੀ ਦਿੱਤੀ ਜਾਂਦੀ ਹੈ ਨਾ ਕਿ ਕੁੱਝ ਸਾਲ ਦੇ ਲੇਖੇ ਜੋਖੇ
ਪਿਛੋਂ।ਅਖੀਰ ਵਿੱਚ ਮੇਰੇ ਦਿਲ ਦੇ ਉਸ ਵਕਤ ਪਤਾ ਹੀ ਨਹੀਂ ਕਿੰਨੇ ਟੋਟੇ ਹੋ
ਗਏ ਜਦੋਂ ਮੇਰੇ ਬੇਟੇ ਨੇ ਬੜੀ ਹਲੀਮੀ ਨਾਲ ਕਿਹਾ ਕਿ ਡੈਡੀ ਇਹ ਵੀ ਤਾਂ ਹੋ
ਸਕਦਾ ਕੇ ਰਾਜ ਗਾਇਕ ਜਾਂ ਪਦਮ ਸ਼੍ਰੀ ਜਿਹੇ ਪੁਰਸਕਾਰ ਉਸ ਨੇ ਮੁੱਲ ਖ਼ਰੀਦ
ਲਏ ਹੋਣ ਕਿਉਂਕਿ ਸਾਰਾ ਦਿਨ ਤਾਂ ਆਪਾਂ ਟੀ.ਵੀ. ਤੇ ਇੰਡੀਆ ਵਿੱਚ ਰਿਸ਼ਵਤ
ਦਾ ਲੈਣ ਦੇਣ ਹੁੰਦਾ ਦੇਖਦੇ ਹਾਂ।ਹੁਣ ਇਕ ਜੁਆਨੀ ਚ ਪੈਰ ਧਰ ਰਹੇ ਬੱਚੇ ਦੇ
ਆਪਣੇ ਸੱਭਿਆਚਾਰ ਪ੍ਰਤੀ ਸਵਾਲਾਂ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ।ਹੁਣ
ਤੁਸੀ ਦੱਸੋ ਮੈਂ ਕਿੱਧਰ ਨੂੰ ਜਾਵਾਂ? ਤੇ ਨਾਲ ਹੀ ਮੈਂ ਇੰਜ ਮਹਿਸੂਸ ਕਰ
ਰਿਹਾ ਸੀ ਜਿਵੇਂ ਮੈਂ ਕੁੱਝ ਗੁਆ ਲਿਆ ਹੋਵੇ।
ਇਕ ਹੋਰ ਵਾਕਿਆ ਯਾਦ ਆ ਰਿਹਾ ਹੈ।ਸੁਣੋ: ਥੋੜ੍ਹੇ ਦਿਨ ਪਹਿਲਾਂ ਪੀ.ਟੀ.ਸੀ.
ਪੰਜਾਬੀ ਚੈਨਲ ਤੇ ਪੰਜਾਬੀ ਗੀਤ ਸੰਗੀਤ ਲਈ ਐਵਾਰਡ ਦਿੱਤੇ ਜਾ ਰਹੇ ਸਨ ਤਾਂ
ਜਨਾਬ ਹੰਸ ਰਾਜ ਹੰਸ ਜੀ ਵੀ ਸਟੇਜ ਤੇ ਕਿਸੇ ਨੂੰ ਇਨਾਮ ਦੇਣ ਲਈ ਆਏ ਤਾਂ
ਅਸੀਂ ਆਪਣੇ ਮਨਪਸੰਦ ਗਾਇਕ ਦੇ ਦੋ ਬੋਲ ਸੁਣਨ ਲਈ ਧਿਆਨ ਲਾ ਕੇ ਬੈਠ ਗਏ
ਤਾਂ ਜਨਾਬ ਹੋਰਾਂ ਮਾਇਕ ਸੰਭਾਲਦਿਆਂ ਕਿਹਾ-ਜਲੰਧਰ ਵਾਸੀਓ ਮੇਰਾ ਸਲਾਮ
ਕਬੂਲ ਕਰਨਾ ਮੇਰੇ ਮਨ ਵਿੱਚ ਓਸੇ ਵਕਤ ਹੀ ਇਕ ਸਵਾਲ ਜਿਹਾ ਉਠਿਆ ਕਿ ਇਹ
ਇਨਸਾਨ ਕਦੋਂ ਹੱਦਾਂ ਬੰਨ੍ਹਿਆ ਚ ਬੱਝ ਗਿਆ। ਸਾਰੀ ਦੁਨੀਆ ਦੇ ਗਾਇਕ ਨੂੰ
ਇਕੱਲੇ ਜਲੰਧਰ ਵਾਸੀਆਂ ਦਾ ਫ਼ਿਕਰ ਹੀ ਕਿਵੇਂ ਰਹਿ ਗਿਆ? ਪਰ ਅਜ ਜਦ ਇਹ ਗੀਤ
ਸੁਣਿਆ ਤਾਂ ਮੇਰੇ ਹਰ ਸਵਾਲ ਦਾ ਜਵਾਬ ਮੈਨੂੰ ਮਿਲ ਗਿਆ ਸੀ।ਪਿੱਛੇ ਜਿਹੇ
ਜਨਾਬ ਇਕ ਮਜ਼ਾਰ ਤੇ ਵੀ ਗੱਦੀ ਨਸ਼ੀਨ ਬਣੇ ਸਨ ਤਾਂ ਉਸ ਟਾਈਮ ਅਸੀਂ ਸੋਚਿਆ
ਸੀ ਕਿ ਲਗਦਾ ਹੁਣ ਸਾਡਾ ਇਹ ਸੁਰੀਲਾ ਗਾਇਕ ਆਪਣਾ ਜਿਆਦਾ ਵਕਤ ਉਸ
ਪ੍ਰਮਾਤਮਾ ਦੇ ਚਰਣਾ ਵਿੱਚ ਗੁਜ਼ਾਰਨਾ ਚਾਹੁੰਦਾ ਹੈ ਤੇ ਆਪਣੇ ਤੇ ਹੋਈਆਂ
ਰਹਿਮਤਾਂ ਦਾ ਧੰਨਵਾਦ ਕਰਨਾ ਚਾਹੁੰਦਾ ਹੈ।ਪਰ ਹੁਣ ਪਤਾ ਲੱਗਿਆ ਇਹ ਤਾਂ ਇਸ
ਨਵੇਂ ਲੜੀਵਾਰ ਦਾ ਪਹਿਲਾ ਐਪੀਸੋਡ ਸੀ।ਦੂਜੀ ਗਲ ਇਹ ਕਿ ਜਨਾਬ ਸੰਸਦ ਚ ਜਾ
ਕੇ ਜੇ ਕੋਈ ਆਵਾਜ਼ ਉਠਾਉਣਾ ਚਾਹੁੰਦੇ ਸਨ ਤਾਂ ਉਥੇ ਜਾਣ ਦਾ ਇਕ ਹੋਰ ਰਾਹ
ਰਾਜ ਸਭਾ ਵੀ ਸੀ ਤੇ ਨਾਲ ਹੀ ਜੇ ਇਹ ਸਿਆਸੀ ਰੋਟੀਆਂ ਸੇਕਣ ਵਾਲੇ
ਕਲਾਕਾਰਾਂ ਨੂੰ ਕੁੱਝ ਨੁਮਾਇੰਦਗੀ ਦੇਣਾ ਚਾਹੁੰਦੇ ਸਨ ਤਾਂ ਉਹ ਇਸ ਰਾਜ
ਗਾਇਕ ਨੂੰ ਰਾਜ ਸਭਾ ਲਈ ਵੀ ਤਾਂ ਨਾਮਜ਼ਦ ਕਰ ਸਕਦੇ ਸਨ।ਪਰ ਉਹ ਤਾਂ ਇਸ
ਦਰਵੇਸ਼ ਦੀ ਲੋਕ-ਪ੍ਰਿਯਤਾ ਨੂੰ ਕੈਸ਼ ਕਰਨਾ ਚਾਹੁੰਦੇ ਸਨ ਪਰ ਉਹ ਸ਼ਾਇਦ ਇਹ
ਭੁੱਲ ਗਏ ਕਿ ਕੁਲਦੀਪ ਮਾਣਕ ਸਾਹਿਬ ਨੂੰ ਭਾਵੇਂ ਆਪਣੇ ਲੋਕ ਗੀਤਾਂ ਰਾਹੀਂ
ਲੋਕਾਂ ਤੋਂ ਬਾਦਸ਼ਾਹ ਦਾ ਦਰਜਾ ਮਿਲਿਆ ਸੀ ਪਰ ਸਿਆਸਤ ਵਿੱਚ ਉਹਨਾਂ ਨੂੰ
ਜ਼ਮਾਨਤ ਜ਼ਬਤ ਕਰਵਾਉਣੀ ਪਈ ਸੀ ।
ਚਲੋ ਛੱਡੋ ਇਹਨਾਂ ਗੱਲਾਂ ਨੂੰ ਪਰ ਹੁਣ ਤਾਂ ਮੇਰਾ ਆਪਣੇ ਸਭਿਆਚਾਰ ਪ੍ਰਤੀ
ਪਿਆਰ ਵੀ ਕੱਚਾ ਜਿਹਾ ਜਾਪ ਰਿਹਾ ਹੈ ਜਿਹੜਾ ਇਕ ਬੱਚੇ ਦੇ ਕੁੱਝ ਸਵਾਲਾਂ
ਕਰਕੇ ਆਪਣੇ ਅੰਦਰ ਸ਼ੱਕ ਦਾ ਬੀਜ ਲਾ ਬੈਠਾ ਹੈ।ਪਰ ਹੁਣ ਕੋਈ ਸ਼ੰਕਾ ਵੀ ਤਾਂ
ਨਹੀਂ ਰਹੀ ਤੇ ਨਾ ਹੀ ਹੋਰ ਫ਼ਸਲੀ ਬਟੇਰਿਆਂ ਨਾਲ ਕੋਈ ਗਿਲਾ ਰਿਹਾ ਹੈ ਕਿ
ਉਹ ਪੰਜਾਬੀਅਤ ਦਾ ਘਾਣ ਕਰ ਰਹੇ ਹਨ। ਹੁਣ ਤਾਂ ਇਹ ਸਬਰ ਹੀ ਹੋ ਗਿਆ ਕਿ
ਜਦੋਂ ਸਾਰਾ ਆਵਾ ਹੀ ਊਤ ਗਿਆ ਤਾਂ ਕੀਤਾ ਵੀ ਕੀ ਜਾ ਸਕਦਾ ਹੈ? ਮੇਰਾ ਇਹ
ਮਕਸਦ ਨਹੀਂ ਕਿ ਕਿਸੇ ਨੂੰ ਭੰਡਿਆ ਜਾਵੇ ਤੇ ਨਾ ਹੀ ਇਹ ਮਕਸਦ ਹੈ ਕਿ ਕੋਣ
ਕਿਸ ਸਿਆਸੀ ਪਾਰਟੀ ਦਾ ਗੁਣ-ਗਾਣ ਕਰ ਰਿਹਾ ਹੈ।ਮੇਰਾ ਤਾਂ ਸਿੱਧਾ ਤੇ
ਸਪੱਸ਼ਟ ਇਕ ਹੀ ਮਕਸਦ ਹੈ ਕੇ ਜੇ ਆਪਾਂ ਆਪਣਾ ਅੱਜ ਨਾ ਸੰਭਾਲਿਆ ਤਾਂ ਕੱਲ੍ਹ
ਨੂੰ ਰੋਣ ਦਾ ਵੀ ਆਪਾਂ ਨੂੰ ਕੋਈ ਹੱਕ ਨਹੀਂ ਹੈ।ਹਰ ਲੇਖ ਦੇ ਅੰਤ ਵਾਂਗੂੰ
ਮੇਰੇ ਇਸ ਲੇਖ ਦਾ ਵੀ ਉਹੀ ਅੰਤ ਹੈ ਕਿ ॥ਤੂ ਸਮਰਥੁ ਵਡਾ ਮੇਰੀ ਮਤਿ ਥੋਰੀ
ਰਾਮ ॥
Gurshminder Singh
(Mintu Brar)
Berri, South Australia
Mobile: +61434289905
Email:
mintubrar_009@yahoo.co.in
*****
(4 ਜੂਨ 2009)
|
|
ਮਿੰਟੂ ਬਰਾੜ (ਅਸਟਰੇਲੀਆ) ਦੀਆਂ 'ਲਿਖਾਰੀ' ਵਿੱਚ ਛਪੀਆਂ ਸਾਰੀਆਂ ਰਚਨਾਵਾਂ
ਪੜ੍ਹਨ ਲਈ ਕਲਿੱਕ ਕਰੋ
 |
e-mail:
ilKfrI
|
|
'ਲਿਖਾਰੀ'
ਵਿਚ ਪ੍ਰਕਾਸ਼ਿਤ ਹੋਣ
ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ
ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ'
ਦਾ ਸਹਿਮਤ ਹੋਣਾ
ਜ਼ਰੂਰੀ ਨਹੀਂ।
ਹਰ ਲਿਖਤ
ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ
'ਰਚਨਾ'
ਦਾ ਕਰਤਾ ਹੋਵੇਗਾ। |
Copyright © Likhari: Panjabi Likhari Forum-2001-2010 All rights
reserved.
|
|