|
|
|
ਅਜੋਕਾ
ਵਾਧਾ::
26 January, 2010 |
|
|
ਮੁੱਖ ਪੰਨਾ |
-
ਲੇਖ/ਆਲਾ-ਦੁਆਲਾ/ਜਾਣਕਾਰੀ/ਵਿਚਾਰ- |
ਲਿਖਾਰੀ |
|
 |
ਆਸਟ੍ਰੇਲੀਆ ਵਿਚ
ਭਾਰਤੀ ਵਿਦਿਆਰਥੀਆਂ ਉੱਤੇ ਹੋ ਰਹੇ ਹਮਲਿਆਂ ਪਿਛਲਾ ਸੱਚ(2)
ਮਿੰਟੂ
ਬਰਾੜ, ਅਸਟਰੇਲੀਆ
|
ਪਿਛਲੇ
ਕੁੱਝ ਦਿਨਾਂ ਤੋਂ ਜੋ ਕੁੱਝ ਆਸਟ੍ਰੇਲੀਆ ਵਿੱਚ ਵਾਪਰ ਰਿਹਾ ਹੈ ਪੂਰੀ
ਦੁਨੀਆਂ ਉਸ ਤੋਂ ਚੰਗੀ ਤਰ੍ਹਾਂ ਨਾਲ ਵਾਕਫ਼ ਹੈ। ਅੱਜ ਦੇ ਇਸ ਸੰਸਾਰ ਵਿੱਚ
ਕੋਈ ਚੀਜ਼ ਕਿਸੇ ਤੋਂ ਛਿਪੀ ਹੋਈ ਨਹੀਂ। ਕਿਤੇ ਵੀ ਕੋਈ ਦੁਖਾਂਤ ਵਾਪਰਦਾ ਹੈ
ਤਾਂ ਮਿੰਟੋ-ਮਿੰਟੀ ਗੱਲ ਸਾਰੇ ਜਹਾਨ ਵਿੱਚ ਪੁੱਜ ਜਾਂਦੀ ਹੈ। ਭਾਵੇਂ ਅੱਜ
ਦਾ ਮੀਡੀਆ ਇਸ ਲਈ ਸ਼ਾਬਾਸ਼ ਦਾ ਹੱਕਦਾਰ ਹੈ ਪਰ ਕਹਿੰਦੇ ਹਨ ਕਿ ਜੇ ਕਿਸੇ
ਚੀਜ਼ ਦਾ ਲਾਭ ਹੁੰਦਾ ਹੈ ਤਾਂ ਉਹ ਚੀਜ਼ ਕਿਸੇ ਨਾ ਕਿਸੇ ਪੱਖੋਂ ਹਾਨੀਕਾਰਕ
ਵੀ ਹੋ ਸਕਦੀ ਹੈ। ਕਿਉਂਕਿ ਅੱਜ ਦੇ ਇਸ ਕੰਪੀਟੀਸ਼ਨ ਯੁੱਗ ਵਿੱਚ ਜੇ ਤੁਸੀਂ
ਮਾਰਕੀਟ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ ਹੈ ਤਾਂ ਕੁੱਝ ਨਾ ਕੁੱਝ ਖ਼ਾਸ ਤੇ
ਮਸਾਲੇਦਾਰ ਲੋਕਾਂ ਸਾਹਮਣੇ ਪਰੋਸਣਾ ਪੈਂਦਾ ਹੈ ਤੇ ਇੰਜ ਕਰਨ ਲਈ ਖ਼ਬਰ ਦੇ
ਨਾਲ ਮਸਾਲੇ ਲਾਉਣੇ ਵੀ ਜਰੂਰੀ ਹੋ ਜਾਂਦੇ ਹਨ। ਸੋ ਇਸੇ ਲੀਹ ਤੇ ਤੁਰ ਰਿਹਾ
ਸਾਡਾ ਮੀਡੀਆ ਬਿਨਾਂ ਲੰਬੀ ਸੋਚੇ ਤੇ ਬਿਨਾਂ ਕਿਸੇ ਖ਼ਬਰ ਦੀ ਤਹਿ ਤੱਕ
ਪਹੁੰਚੇ ਬੱਸ ਇਹ ਜਤਾਉਣ ਲਈ ਕਿ ਅਸੀਂ ਹੀ ਸਭ ਤੋਂ ਪਹਿਲਾਂ ਇਹ ਖ਼ਬਰ ਦਿਖਾਈ
ਅਤੇ ਇਸਦਾ ਕਰੈਡਿਟ ਲੈਣ ਲਈ ਆਪਣੀਆਂ ਜ਼ਿੰਮੇਵਾਰੀਆਂ ਕਿੱਲੀ ਤੇ ਟੰਗ ਦਿੰਦਾ
ਹੈ।
ਭਾਵੇਂ ਦੁਨੀਆਂ ਭਰ ਵਿੱਚ ਇਹਨਾਂ ਹਮਲਿਆਂ ਦੀ ਨਿਖੇਧੀ ਹੋ ਰਹੀ ਹੈ ਤੇ
ਡਿਪਲੋਮੈਟਿਕ ਪੱਧਰ ਤੇ ਵੀ ਗੱਲਬਾਤ ਹੋ ਰਹੀ ਹੈ ਤੇ ਹੋਣੀ ਵੀ ਚਾਹੀਦੀ ਹੈ,
ਮਸਲਾ ਬਹੁਤ ਗੰਭੀਰ ਹੈ।
ਪਰ ਕਿਸੇ ਨੇ ਇਹ ਜਾਣਨ ਦੀ
ਕੋਸ਼ਿਸ਼ ਨਹੀਂ ਕੀਤੀ ਕਿ ਇੰਜ ਹੋਣਾ ਸ਼ੁਰੂ ਕਿਉਂ ਹੋਇਆ? ਆਸਟ੍ਰੇਲੀਆ ਵਿੱਚ
ਪਿਛਲੀ ਇੱਕ ਸਦੀ ਤੋਂ ਵੀ ਜ਼ਿਆਦਾ ਸਮੇਂ ਤੋਂ ਵਸਦੇ ਹਿੰਦੁਸਤਾਨੀਆਂ ਨਾਲ
ਪਹਿਲਾਂ ਤਾਂ ਕਦੇ ਇਹੋ ਜਿਹਾ ਨਹੀਂ ਹੋਇਆ ਸੀ? ਇਸਦੇ ਪਿੱਛੇ ਅਸਲੀ ਦੋਸ਼ੀ
ਕੌਣ ਹਨ? ਕਿਸੇ ਨੂੰ ਦੋਸ਼ ਦੇਣ ਤੋਂ ਪਹਿਲਾਂ ਕੀ ਅਸੀਂ ਆਪਣੇ ਉੱਤੇ ਵੀ ਝਾਤ
ਮਾਰੀ ਹੈ? ਬਹੁਤ ਸਾਰੇ ਸਵਾਲ ਹਨ ਇਸ ਦੁਖਾਂਤ ਦੇ ਪਿੱਛੇ ਤੇ ਅੱਜ ਲੋੜ ਹੈ
ਸਾਨੂੰ ਆਪਣਾ ਆਪ ਪੜਤਾਲਣ ਦੀ ਤਾਂਕਿ ਅੱਗੇ ਤੋਂ ਇਹੋ ਜਿਹਾ ਦੁਖਾਂਤ ਨਾ
ਵਾਪਰੇ। ਐਵੇਂ ਜੋਸ਼
ਵਿਚ ਆ ਕੇ ਮਾਹੌਲ ਖ਼ਰਾਬ ਨਹੀਂ ਕਰਨਾ ਚਾਹੀਦਾ।
ਸਭ ਤੋਂ ਖ਼ਾਸ ਗੱਲ ਇੱਥੇ ਇਹ ਹੈ ਕੇ ਜਦੋਂ ਵੀ ਕੋਈ ਹਾਦਸਾ ਹੁੰਦਾ ਹੈ,
ਉਦੋਂ ਸ਼ਰਾਰਤੀ ਅਨਸਰ ਤਾਂ ਬਚ ਨਿਕਲਦੇ ਹਨ ਤੇ ਸ਼ਰੀਫ਼ ਉਪਕਾਰ ਸਿੰਘ ਤੇ ਸਰਵਣ
ਕੁਮਾਰ ਜਿਹੇ ਇਸਦੀ ਬਲੀ ਚੜ੍ਹ ਜਾਂਦੇ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ
ਹੁਣ ਤੱਕ ਦੇ ਸਾਰੇ ਪੀੜਤ ‘ਕਰੇ ਕੋਈ ਤੇ ਭਰੇ ਕੋਈ’ ਦੇ ਸ਼ਿਕਾਰ ਹੋਏ ਹਨ।
ਅੰਕੜੇ ਦੱਸਦੇ ਹਨ ਕਿ ਇਸ ਵਕਤ ਸਾਰੇ ਆਸਟ੍ਰੇਲੀਆ ਵਿੱਚ ਨੱਬੇ ਹਜ਼ਾਰ ਦੇ
ਕਰੀਬ ਭਾਰਤੀ ਵਿਦਿਆਰਥੀ ਉਚੇਰੀ ਵਿੱਦਿਆ ਅਤੇ ਸੁਨਹਿਰੀ ਭਵਿੱਖ ਲਈ ਬੜੇ
ਜ਼ੋਰ ਸ਼ੋਰ ਨਾਲ ਮਿਹਨਤ ਕਰ ਰਹੇ ਹਨ। ਇੱਕ ਬਹੁਤ ਹੀ ਘੱਟ ਆਬਾਦੀ ਵਾਲੇ ਮੁਲਕ
ਵਿਚ ਇਹ ਹਾਜ਼ਰੀ ਆਪਣੇ ਆਪ ਨੂੰ ਦਰਸਾਉਂਦੀ ਹੈ। ਜ਼ਿਆਦਾਤਰ ਵਿਦਿਆਰਥੀਆਂ ਦਾ
ਮਕਸਦ ਇੱਥੇ ਇਕੱਲਾ ਪੜ੍ਹਨ ਆਉਣਾ ਨਹੀਂ ਬਲਕਿ ਪੱਕੇ ਤੌਰ ਤੇ ਰਹਿਣਾ ਹੀ
ਹੈ। ਹੁਣ ਤੱਕ ਉਹ ਆਪਣੀ ਮਿਹਨਤ ਨਾਲ ਸਫ਼ਲ ਵੀ ਹੋ ਰਹੇ ਸਨ। ਪਰ ਪਿਛਲੇ
ਕੁੱਝ ਸਮੇਂ ਤੇ ਵੀਜ਼ਾ ਸੌਖਾ ਮਿਲਣ ਕਰਕੇ ਪੰਜ-ਸੱਤ ਪ੍ਰਤੀਸ਼ਤ ਇਹੋ ਜਿਹੇ
ਲੋਕ ਇੱਥੇ ਆਉਣ ਵਿਚ ਕਾਮਯਾਬ ਹੋ ਗਏ ਹਨ ਜਿਨ੍ਹਾਂ ਬਾਕੀ ਦੇ 95 ਪ੍ਰਤੀਸ਼ਤ
ਲੋਕਾਂ ਦੇ ਮੂੰਹ ਤੇ ਕਾਲਖ ਮਲ਼ ਦਿੱਤੀ ਹੈ। ਗ਼ਲਤੀ ਇੱਕ ਕਰਦਾ ਹੈ ਤੇ ਨਤੀਜੇ
ਸਭ ਨੂੰ ਭੁਗਤਣੇ ਪੈਂਦੇ ਹਨ। ਹਰ ਵਿਦਿਆਰਥੀ ਨੂੰ ਇੱਥੇ ਆ ਕੇ ਦੁਨੀਆਂਦਾਰੀ
ਦਾ ਪਤਾ ਚਲਦਾ ਹੈ ਕਿ ਬਾਪ ਦੀ ਕਮਾਈ ਤੇ ਆਪ ਦੀ ਕਮਾਈ ਵਿਚ ਕੀ ਫ਼ਰਕ ਹੁੰਦਾ
ਹੈ। ਮੇਰੇ ਅੱਖੀਂ ਦੇਖਣ ਦੀ ਗੱਲ ਹੈ ਨਾ ਕਿ ਉਂਜ ਹੀ ਸੁਣੀ ਸੁਣਾਈ, ਮੈਂ
ਉਹ ਲੋਕ ਵੀ ਇੱਥੇ ਬਹੁਤ ਮਿਹਨਤ ਕਰਦੇ ਦੇਖੇ ਹਨ ਜਿਨ੍ਹਾਂ ਕਦੇ ਇੰਡੀਆ ਵਿਚ
ਪਾਣੀ ਦਾ ਗਲਾਸ ਵੀ ਚੁੱਕ ਕੇ ਨਹੀਂ ਪੀਤਾ ਹੁੰਦਾ। ਪਰ ਬੜੇ ਅਫ਼ਸੋਸ ਨਾਲ
ਕਹਿਣਾ ਪੈਂਦਾ ਹੈ ਕੇ ਕੁੱਝ ਲੋਕਾਂ ਨੂੰ ਇਹ ਸ਼ਾਂਤੀ ਭਰੀ ਜ਼ਿੰਦਗੀ ਤੇ ਇੰਜ
ਮਿਹਨਤ ਕਰਨ ਦੀ ਗੱਲ ਭਾਉਂਦੀ ਨਹੀਂ। ਉਹ ਅਜਿਹਾ ਮਾਹੌਲ ਇੱਥੇ ਚਾਹੁੰਦੇ ਹਨ
ਜਿਸ ਵਿੱਚ ਅਸ਼ਾਂਤੀ ਹੋਵੇ।
ਮੈਂ ਕੁੱਝ ਇਹੋ ਜਿਹੀਆਂ ਘਟਨਾਵਾਂ ਆਪ ਦੇ ਸਾਹਮਣੇ ਲਿਆਉਣੀਆਂ ਚਾਹੁੰਦਾ
ਹਾਂ ਕਿ ਕਿਉਂ ਸਾਡੇ ਪ੍ਰਤੀ ਨਫ਼ਰਤ ਪੈਦਾ ਹੋ ਰਹੀ ਹੈ। ਦੰਦ ਕਥਾਵਾਂ ਤਾਂ
ਬਹੁਤ ਹਨ ਪਰ ਮੈਂ ਆਪਣਾ ਅਖ਼ਲਾਕੀ ਫਰਜ਼ ਸਮਝਦਾ ਹੋਇਆ ਇੱਥੇ ਬਸ ਉਹ ਹੀ ਬਿਆਨ
ਕਰਾਂਗਾ ਜੋ ਮੈਂ ਅੱਖੀਂ ਦੇਖੀਆਂ ਹਨ। ਸੁਣੀ ਸੁਣਾਈ ਗੱਲ ਵਿਚ ਤਾਂ ਇੱਕ
ਮੂੰਹ ਤੋਂ ਦੂਜੇ ਮੂੰਹ ਤੱਕ ਜਾਂਦੇ ਫ਼ਰਕ ਆ ਹੀ ਜਾਂਦਾ, ਸੋ ਕੁੱਝ ਹੱਡ
ਬੀਤੀਆਂ ਵਿੱਚੋਂ ਸਭ ਤੋਂ ਪਹਿਲਾਂ ਮੈਂ ਇਸ ਸਾਲ ਨਵੇਂ ਸਾਲ ਦਾ ਦ੍ਰਿਸ਼
ਤੁਹਾਨੂੰ ਦਿਖਾਉਣ ਦੀ ਕੋਸ਼ਸ਼ ਕਰਦਾ ਹਾਂ।
ਜਿਵੇਂ ਕਿ ਸਾਰੀ ਦੁਨੀਆਂ ਨੂੰ ਪਤਾ ਹੀ ਹੈ ਕਿ
ਸਿਡਨੀ ਦਾ ਨਵਾਂ ਸਾਲ ਆਪਣੇ ਆਪ
ਵਿਚ ਦੇਖਣ ਵਾਲਾ ਹੁੰਦਾ ਹੈ। ਇਸ ਨੂੰ ਮੌਕੇ ਤੇ ਦੇਖਣ ਲਈ ਹਰ ਸਾਲ ਇੱਕ
ਮਿਲੀਅਨ ਲੋਕ ਦੂਰੋਂ-ਨੇੜਿਓਂ ਪਹੁੰਚਦੇ ਹਨ ਤੇ ਇਸ ਬਾਰ ਇਹ ਗਿਣਤੀ ਕੁੱਝ
ਇਸ ਤੋਂ ਵੀ ਜ਼ਿਆਦਾ ਸੀ। ਮੇਰੇ ਮਨ ਵਿਚ ਬੜੇ ਚਿਰ ਤੋਂ ਇਸ ਨੂੰ ਨੇੜੇ ਤੋਂ
ਦੇਖਣ ਦੀ ਲਾਲਸਾ ਸੀ। ਸੋ ਇਸ ਬਾਰ ਮੈਂ ਵੀ ਕਿਵੇਂ ਨਾ ਕਿਵੇਂ ਸਿਡਨੀ ਜਾ
ਪਹੁੰਚਿਆ। ਉੱਥੇ ਦੋ ਦਿਨ ਪਹਿਲਾਂ ਹੀ ਜਦੋਂ ਮੈਂ ਹਾਰਬਰ ਬ੍ਰਿੱਜ ਤੇ ਗਿਆ
ਤਾਂ ਪ੍ਰਸ਼ਾਸਨ ਦੇ ਇੰਤਜ਼ਾਮ ਦੇਖ ਕੇ ਹੈਰਾਨ ਰਹਿ ਗਿਆ ਕਿ ਕਿਵੇਂ ਉਹਨਾਂ ਨੇ
ਇੱਕ ਥੋੜ੍ਹੇ ਜਿਹੇ ਥਾਂ ਤੇ ਬਾਰਾਂ-ਤੇਰਾਂ ਲੱਖ ਇਨਸਾਨਾਂ ਨੂੰ ਬੜੇ ਸਲੀਕੇ
ਨਾਲ ਸਾਂਭਣ ਦਾ ਇੰਤਜ਼ਾਮ ਕੀਤਾ ਹੋਇਆ ਸੀ। ਸਾਲ ਦੇ ਆਖਰੀ ਦਿਨ ਲੋਕਾਂ ਨੇ
ਸਵੇਰ ਤੋਂ ਹੀ ਆਪਣੇ ਥਾਂ ਮੱਲਣੇ ਸ਼ੁਰੂ ਕਰ ਦਿੱਤੇ ਸਨ, ਭਾਵੇਂ ਆਤਿਸ਼ਬਾਜ਼ੀ
ਰਾਤ ਦੇ ਬਾਰਾਂ ਵਜੇ ਹੋਣੀ ਸੀ। ਪਰ ਸ਼ਾਮ ਦੇ ਚਾਰ ਵੱਜਦੇ-ਤੱਕ ਇਸ ਸਾਰੇ
ਏਰੀਏ ਵਿੱਚ ਕਿਤੇ ਤਿਲ ਧਰਨ ਨੂੰ ਥਾਂ ਨਹੀਂ ਸੀ। ਬੱਸ, ਇੱਕ ਐਮਰਜੈਂਸੀ
ਵਰਤੋਂ ਲਈ ਛੋਟਾ ਜਿਹਾ ਰਾਹ ਰੱਖਿਆ ਹੋਇਆ ਸੀ। ਸਭ ਲੋਕੀ ਇਹ ਨਜ਼ਾਰਾ ਦੇਖਣ
ਲਈ ਸ਼ਾਂਤੀ ਨਾਲ ਖੜ੍ਹੇ ਸਨ, ਕਿਉਂਕਿ ਭੀੜ ਹੀ ਇੰਨੀ ਸੀ ਕਿ ਕੋਈ ਚਾਹੁੰਦਾ
ਹੋਇਆ ਵੀ ਕਿਤੇ ਆ ਜਾ ਨਹੀਂ ਸੀ ਸਕਦਾ। ਪਰ ਜੇ ਕੋਈ ਚੀਜ਼ ਪ੍ਰਭਾਵਿਤ ਕਰ
ਰਹੀ ਸੀ ਤਾਂ ਉਹ ਸੀ ਸ਼ਾਂਤੀ। ਇੰਨਾ ਇਕੱਠ ਹੋਣ ਦੇ ਬਾਵਜੂਦ ਵੀ ਕਿਤੇ ਕੋਈ
ਰੌਲਾ ਨਹੀਂ ਸੀ ਪੈ ਰਿਹਾ। ਇਸ ਇਕੱਠ ਵਿੱਚ ਮੇਰੇ ਹਮ-ਵਤਨਾਂ ਦੀ ਗਿਣਤੀ ਵੀ
ਘੱਟੋ ਘੱਟ ਹਜ਼ਾਰਾਂ ਚ ਹੋਵੇਗੀ। ਪਰ ਮੇਰੀ ਹੈਰਾਨੀ ਦੀ ਉਦੋਂ ਹੱਦ ਹੋ ਗਈ
ਜਦੋਂ ਮੈਨੂੰ ਇੱਕ ਪਾਸੇ ਤੋਂ ਉੱਚੀ ਆਵਾਜ਼ਾਂ ਸੁਣਾਈ ਦੇਣ ਲੱਗੀਆਂ। ਮੇਰੇ
ਵਾਂਗ ਸਭ ਦਾ ਧਿਆਨ ਉਸ ਪਾਸੇ ਗਿਆ ਤਾਂ ਦੇਖਿਆ ਤੀਹ-ਚਾਲੀ ਕੁ ਮੇਰੇ
ਹਮ-ਵਤਨੀ ਇਕੱਠ ਵਿੱਚ ਦੀ ਧੱਕੇ ਮਾਰਦੇ ਹੋਏ ਤੇ ਜੈਕਾਰੇ ਲਾਉਂਦੇ ਹੋਏ
ਅੱਗੇ ਵਧ ਰਹੇ ਸਨ। ਇਹ ਮਾਜਰਾ ਦੇਖ ਕੇ ਸਾਰੇ ਹੈਰਾਨ ਸਨ ਤੇ ਮੇਰੇ ਜਿਹੇ
ਹਿੰਦੁਸਤਾਨੀ ਸ਼ਰਮਸਾਰ ਸਨ। ਜਿਨ੍ਹਾਂ ਹਜ਼ਾਰਾਂ ਦਾ ਸਿਰ ਕੁੱਝ ਸਿਰ-ਫਿਰੇ
ਲੋਕਾਂ ਨੇ ਆਪਣੀਆਂ ਅਸੱਭਿਅਕ ਹਰਕਤਾਂ ਨਾਲ ਝੁਕਾ ਦਿੱਤਾ ਸੀ। ਇਹ ਗਰੁੱਪ
ਤਾਂ ਹਾਲੇ ਪਰਕਰਮਾ ਕਰ ਹੀ ਰਿਹਾ ਸੀ ਕੇ ਇੰਨੇ ਨੂੰ ਇੱਕ ਹੋਰ ਟੋਲਾ ਗਲਾਂ
’ਚ ਢੋਲਕੀਆਂ ਪਾ ਕੇ ਭੀੜ ਨੂੰ ਚੀਰਦਾ ਹੋਇਆ ‘ਹਰੇ ਰਾਮਾ ਹਰੇ ਕ੍ਰਿਸ਼ਨਾ’
ਦੇ ਰਾਗ ਗਾਉਂਦਾ ਆ ਰਿਹਾ ਸੀ ਤੇ ਇਹ ਮਾਜਰਾ ਰਾਤ ਦੇ ਬਾਰਾਂ ਵਜੇ ਤੱਕ
ਨਿਰਵਿਘਨ ਚਲਦਾ ਰਿਹਾ ਤੇ ਜੋ ਲੋਕ ਇਸ ਅਲੌਕਿਕ ਦ੍ਰਿਸ਼ ਨੂੰ ਦੇਖਣ ਮੋਟੇ
ਡਾਲਰ ਖ਼ਰਚ ਕੇ ਆਏ ਸਨ ਉਹ ਪਛਤਾ ਰਹੇ ਸਨ ਕਿ ਕਿਉਂ ਨਾ ਟੀ.ਵੀ. ਮੂਹਰੇ ਬੈਠ
ਕੇ ਇਹ ਦੇਖ ਲਿਆ? ਲੋਕਾਂ ਨੂੰ ਇੰਜ ਕਹਿੰਦੇ ਆਮ ਹੀ ਸੁਣਿਆ ਗਿਆ ਕਿ ਇਸ ਤੋ
ਪਹਿਲਾਂ ਤਾਂ ਕਦੇ ਇੰਜ ਹੁੰਦਾ ਨਹੀਂ ਸੀ ਦੇਖਿਆ। ਇੱਥੇ ਇਹ ਜ਼ਿਕਰਯੋਗ ਹੈ
ਕਿ ਆਸਟ੍ਰੇਲੀਆ ਵਿਚ ਇਕੱਲੇ ਇੰਡੀਅਨ ਹੀ ਨਹੀਂ ਆ ਰਹੇ, ਇੱਥੇ ਤਕਰੀਬਨ ਸੌ
ਮੁਲਕਾਂ ਤੋਂ ਲੋਕ ਆ ਰਹੇ ਹਨ। ਪਰ ਇਹੋ ਜਿਹੀ ਹਰਕਤ ਕਿਸੇ ਹੋਰ ਮੁਲਕ ਦੇ
ਲੋਕਾਂ ਨਹੀਂ ਕੀਤੀ। ਆਪਣੇ ਮੁਲਕ ਦੀ ਇਹ ਇੱਜ਼ਤ ਹਜ਼ਾਰਾਂ ਵਿੱਚੋਂ ਸਿਰਫ਼
ਇਨ੍ਹਾਂ ਦੋ ਟੋਲੀਆਂ ਨੇ ਹੀ ਬਣਾਈ ਪਰ ਬਲੱਡੀ ਇੰਡੀਅਨ ਸਾਰਿਆਂ ਨੂੰ
ਕਹਾਉਣਾ ਪਿਆ।
ਪਰ ਇਹ ਐਪੀਸੋਡ ਇੱਥੇ ਹੀ ਖ਼ਤਮ ਨਹੀਂ ਹੋ ਗਿਆ। ਸਰਕਾਰ ਵੱਲੋਂ ਲੋਕਾਂ ਦੀ
ਸੁਵਿਧਾ ਲਈ ਮੁਫ਼ਤ ਵਿੱਚ ਪਬਲਿਕ ਟਰਾਂਸਪੋਰਟ ਦਾ ਪ੍ਰਬੰਧ ਕੀਤਾ ਹੋਇਆ।
ਜਦੋਂ ਅੱਧੀ ਰਾਤ ਨੂੰ ਇਹ ਪ੍ਰੋਗਰਾਮ ਖ਼ਤਮ ਹੋਇਆ, ਮੈਂ ਵੀ ਇੱਕ ਟਰੇਨ
ਰਾਹੀਂ ਆਪਣੀ ਮੰਜ਼ਿਲ ਵੱਲ ਨੂੰ ਜਾ ਰਿਹਾ ਸੀ ਤਾਂ ਦੇਖਿਆ, ਉਹੀ ਹਾਲਾਤ
ਇੱਥੇ ਸਨ।
ਕੁੱਝ ਇੱਕ ਮੁੰਡੇ ਆਪਣੇ
ਮੋਬਾਈਲ ਤੇ ਉੱਚੀ ਆਵਾਜ਼ ਵਿੱਚ ਗਾਣੇ ਲਾ ਕੇ ਟਰੇਨ ਵਿੱਚ ਭੜਥੂ ਪਾ ਰਹੇ
ਸਨ। ਇੰਨੇ ਨੂੰ ਕੁੱਝ ਸ਼ਰਾਬੀ ਗੋਰਿਆਂ ਤੇ ਗੋਰੀਆਂ ਨਾਲ ਤੂੰ-ਤੂੰ ਮੈਂ-ਮੈਂ
ਹੋ ਗਈ। ਕਿਉਂਕਿ ਇੱਥੋਂ ਦੇ ਕਲਚਰ ਮੁਤਾਬਿਕ ਇਹ ਲੋਕ ਨਾ ਕਿਸੇ ਨੂੰ ਕੁੱਝ
ਕਹਿੰਦੇ ਹਨ ਤੇ ਨਾ ਸੁਣਦੇ ਹਨ ਤੇ ਖ਼ਾਸ ਕਰਕੇ ਗੋਰੇ ਨੌਜਵਾਨ ਆਪਣੀ ਗਰਲ
ਫ੍ਰੈਂਡ ਦੇ ਮਾਮਲੇ ਵਿਚ ਕੁੱਝ ਵੀ ਬਰਦਾਸ਼ਤ ਨਹੀਂ ਕਰਦੇ। ਇੱਥੇ ਇੱਕ ਕਹਾਵਤ
ਵੀ ਹੈ ਕਿ ਗੋਰਿਆਂ ਦੀ ਮਾਂ ਭੈਣ ਨੂੰ ਭਾਵੇਂ ਕੁੱਝ ਕਹਿ ਦਿਓ ਪਰ ਉਹ ਆਪਣੀ
ਗਰਲ ਫ੍ਰੈਂਡ ਨੂੰ ਕਿਹਾ ਕੁੱਝ ਵੀ ਬਰਦਾਸ਼ਤ ਨਹੀਂ ਕਰਦੇ। ਬੱਸ ਇਸੇ ਕਰਕੇ
ਗੱਲ ਹੱਥੋ ਪਾਈ ਤੱਕ ਪਹੁੰਚ ਗਈ ਤੇ ਇਹ ਤਾਂ ਸ਼ੁਕਰ ਹੈ ਕਿ ਗੋਰਿਆਂ ਦਾ
ਸਟੇਸ਼ਨ ਆ ਗਿਆ ਤੇ ਉਹ ਉੱਤਰ ਗਏ
ਪਰ ਉਸ ਤੋਂ ਬਾਅਦ ਸਾਡੇ ਹਿੰਦੁਸਤਾਨੀ ਭਰਾਵਾਂ ਨੇ ਇੰਨੀ ਜਿੱਤ ਦੀ ਖ਼ੁਸ਼ੀ
ਮਨਾਈ, ਜਿੰਨੀ ਸ਼ਾਇਦ ਅੰਗਰੇਜ਼ਾਂ ਤੋਂ ਆਜ਼ਾਦ ਹੋਣ ਵੇਲੇ ਵੀ ਨਾ ਮਨਾਈ ਹੋਵੇ।
ਦੂਜਾ ਹਾਦਸਾ ਜੋ ਮੇਰੇ ਸਾਹਮਣੇ ਵਾਪਰਿਆ ਉਹ ਇਹ ਸੀ ਕਿ 2008 ਦੇ ਕ੍ਰਿਸਮਸ
ਵਾਲੇ ਦਿਨ ਮੈਂ ਆਸਟ੍ਰੇਲੀਆ ਦਰਸ਼ਨ ਤੇ ਐਡੀਲੇਡ ਤੋਂ ਨਿਕਲਿਆ। ਮੇਰੇ ਮਨ
ਵਿੱਚ ਇਹ ਸੀ ਕਿ ਸਾਰੇ ਸਫ਼ਰ ਨੂੰ ਕਲਮ-ਬੰਧ ਕਰਕੇ ਪਾਠਕਾਂ ਨਾਲ ਸਾਂਝਾ
ਕਰਾਂਗਾ। ਪਰ ਇਸ ਟੂਰ ਦੀਆਂ ਮਿੱਠੀਆਂ ਯਾਦਾਂ ਤਾਂ ਕਿਸੇ ਕਾਰਨ ਪਾਠਕਾਂ ਦੇ
ਨਾਲ ਹਾਲੇ ਸਾਂਝੀਆਂ ਨਹੀਂ ਕਰ ਸਕਿਆ ਪਰ ਇਸ ਦੌਰਾਨ ਹੋਏ ਆਪਣੇ ਕੌੜੇ
ਅਨੁਭਵ ਅੱਜ ਜ਼ਰੂਰ ਤੁਹਾਡੇ ਨਾਲ ਮਜਬੂਰੀ ਵੱਸ ਸਾਂਝੇ ਕਰਨੇ ਪੈ ਰਹੇ ਹਨ।
ਚਲੋ ਜੋ ਵੀ ਹੈ ਅੱਜ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਆਪਣੀਆਂ ਕਮੀਆਂ ਦੀ
ਪੜਤਾਲ ਕਰਨੀ ਜ਼ਰੂਰੀ ਹੋ ਗਈ ਸੀ। ਹੋਇਆ ਇੰਜ ਕੇ ਮੈਂ ਬ੍ਰਿਸਬੇਨ ਇੱਕ ਬੱਸ
ਸਟਾਪ ਤੇ ਬੱਸ ਦੀ ਉਡੀਕ ਕਰ ਰਿਹਾ ਸੀ, ਦਸ ਕੁ ਬੰਦੇ-ਬੁੜ੍ਹੀਆਂ ਦੀ ਲਾਈਨ
ਲੱਗੀ ਹੋਈ ਸੀ।
ਕੁੱਝ ਮੇਰੇ ਹਮ ਵਤਨੀ ਕੋਲ
ਖੜ੍ਹੇ ਆਪਣੇ ਸੁਭਾਅ ਮੁਤਾਬਿਕ ਉੱਚੀ-ਉੱਚੀ ਰੌਲਾ ਪਾ ਰਹੇ ਸਨ ਤਾਂ ਇੰਨੇ
ਨੂੰ ਬੱਸ ਆ ਗਈ। ਬੱਸ ਰੁਕਣ ਦੀ ਦੇਰ ਸੀ ਕਿ ਉਹਨਾਂ ਵਿੱਚੋਂ ਇੱਕ ਛੇਤੀ
ਦੇਣੇ ਲਾਈਨ ਦੀ ਪਰਵਾਹ ਕੀਤੇ ਬਿਨਾਂ ਬੱਸ ਅੰਦਰ ਚੜ੍ਹ ਗਿਆ। ਸਾਰਿਆਂ ਨੇ
ਉਸ ਨੂੰ ਇੰਜ ਕਰਦੇ ਦੇਖ ਕੇ ਹੈਰਾਨੀ ਜਿਹੀ ਪ੍ਰਗਟਾਈ ਪਰ ਬੋਲਿਆ ਕੋਈ ਕੁੱਝ
ਨਾ। ਪਰ ਉਹ ਮਹਾਸ਼ਾ ਇੰਨੇ ਨਾਲ ਸਬਰ ਕਰਨ ਵਾਲੇ ਕਿੱਥੇ ਸਨ ਤੇ ਕਰ ਲਿਆ
ਆਪਣਾ ਮੋਬਾਈਲ ਆਨ ਤੇ ਲੱਗ ਪਏ ਉੱਚੀ ਆਵਾਜ਼ ਵਿੱਚ ਗੱਲਾਂ ਕਰਨ। ਉਸੇ ਬੱਸ
ਵਿੱਚ ਮੇਰੇ ਤੋਂ ਬਿਨਾਂ ਚਾਰ ਕੁ ਇੰਡੀਅਨ ਹੋਰ ਸਨ। ਪਰ ਇਸ ਨੌਜਵਾਨ ਨੂੰ
ਇਨ੍ਹਾਂ ਗੱਲਾਂ ਦਾ ਕੋਈ ਫ਼ਰਕ ਨਹੀਂ ਸੀ। ਉਹ ਆਪਣੇ ਸਾਥੀ ਨੂੰ ਬੱਸ ਦਾ
ਅੱਖੀਂ ਦੇਖਿਆ ਹਾਲ ਸੁਣਾ ਰਿਹਾ ਸੀ। ਉਸ ਨੇ ਪਹਿਲਾਂ ਤਾਂ ਕਿਹਾ ਕੇ ਸਾਰੀ
ਬੱਸ ਵਾਲੇ ਮੇਰੇ ਵੱਲ ਇੰਜ ਦੇਖ ਰਹੇ ਹਨ ਜਿਵੇਂ ਮੈਂ ਇਨ੍ਹਾਂ ਦੀ ਕੁੜੀ
ਛੇੜ ਦਿੱਤੀ ਹੋਵੇ। ਉਸ ਤੋਂ ਬਾਅਦ ਤਾਂ ਹੱਦ ਹੀ ਹੋ ਗਈ ਜਦੋਂ ਉਸ ਨੇ
ਸਾਹਮਣੇ ਬੈਠੀਆਂ ਦੋ ਗੋਰੀਆਂ ਤੇ ਕੁਮੈਂਟਰੀ ਕਰਨੀ ਸ਼ੁਰੂ ਕਰ ਦਿੱਤੀ।
ਭਾਵੇਂ ਕੋਈ ਤੁਹਾਡੀ ਭਾਸ਼ਾ ਨਾ ਹੀ ਸਮਝ ਰਿਹਾ ਹੋਵੇ ਪਰ ਰੱਬ ਨੇ ਸਭ ਨੂੰ
ਹਾਵ-ਭਾਵ ਸਮਝਣ ਦੀ ਸਮਝ ਤਾਂ ਦਿੱਤੀ ਹੈ। ਸਾਰੀਆਂ ਸਵਾਰੀਆਂ ਨਾ ਸਮਝਦਿਆਂ
ਹੋਇਆਂ ਵੀ ਸਭ ਸਮਝ ਰਹੀਆਂ ਸਨ ਕਿ ਕੀ ਹੋ ਰਿਹਾ ਹੈ। ਜਦੋਂ ਜਨਾਬ ਹੋਰੀਂ
ਹੱਦਾਂ ਬੰਨੇ ਹੀ ਟੱਪ ਗਏ ਤਾਂ ਪਿੱਛੇ ਬੈਠੀ ਇੱਕ ਪੰਜਾਬਣ ਕੁੜੀ ਨੇ ਜੇਰਾ
ਕਰ ਕੇ ਉਸ ਨੂੰ ਸਮਝਾਉਣਾ ਚਾਹਿਆ ਪਰ ਉਹ ਤਾਂ ਇੰਝ ਭੂਤਰ ਗਿਆ ਜਿਵੇਂ ਕਿਸੇ
ਨੇ ਉਸਦੇ ਰਾਜ-ਕਾਜ ਵਿਚ ਵਿਘਨ ਪਾ ਦਿੱਤਾ ਹੋਵੇ। ਲੱਗ ਪਿਆ ਉਸ ਕੁੜੀ ਨੂੰ
ਬੁਰਾ ਭਲਾ ਕਹਿਣ। ਕਿਹਾ ਤਾਂ ਉਸ ਨੇ ਇਹੋ ਜਿਹਾ ਜਿਸ ਨੂੰ ਅੱਜ ਮੇਰੀ ਕਲਮ
ਲਿਖਣ ਲੱਗਿਆ ਵੀ ਸ਼ਰਮ ਮਹਿਸੂਸ ਕਰ ਰਹੀ ਹੈ। ਪਰ ਜੋ ਇੱਕ ਖ਼ਾਸ ਇਲਜ਼ਾਮ ਉਸ
ਨੇ ਇਸ ਹਿੰਮਤ ਵਾਲੀ ਤੇ ਸ਼ਰੀਫ਼ ਕੁੜੀ ’ਤੇ ਲਾਇਆ ਉਹ ਇਹ ਸੀ ਕੇ ਤੁਹਾਨੂੰ
ਹੁਣ ਗੋਰੇ ਹੀ ਚੰਗੇ ਲਗਦੇ ਆ, ਪੰਜਾਬੀ ਮੁੰਡੇ ਨਹੀਂ। ਉਸਦੀਆਂ ਇਹਨਾਂ
ਗੱਲਾਂ ਤੋਂ ਤੰਗ ਆ ਕੇ ਅਸੀਂ ਅੱਗੇ ਆਏ ਹੀ ਸੀ ਕੇ ਗੋਰੇ ਵੀ ਸਮਝ ਗਏ ਕਿ
ਮਸਲਾ ਕੀ ਹੈ। ਸੋ ਸਾਨੂੰ ਤਾਂ ਕੋਈ ਖੇਚਲ ਨਹੀਂ ਕਰਨੀ ਪਈ, ਕੁੱਝ ਗੋਰਿਆਂ
ਨੇ ਹੀ ਉਸਦੀ ਮੁਰੰਮਤ ਕਰ ਦਿੱਤੀ ਤੇ ਅਸੀਂ ਆਪਣੇ ਸਾਹਮਣੇ ਆਪਣੇ
ਹਿੰਦੁਸਤਾਨੀ ਭਰਾ ਉੱਤੇ ਛਿੱਤਰ ਵਰ੍ਹਦੇ ਦੇਖ ਰਹੇ ਸੀ। ਅਖੀਰ ਉਸੇ ਕੁੜੀ
ਨੇ ਫੇਰ ਹਿੰਮਤ ਕਰਕੇ ਉਸ ਨੂੰ ਗੋਰਿਆਂ ਤੋਂ ਛਡਵਾਇਆ ਤੇ ਜਨਾਬ ਹੋਰੀਂ ਬੱਸ
ਵਿੱਚੋਂ ਉੱਤਰ ਦੇ ਉੱਚੀ-ਉੱਚੀ ਗਾਲ਼ਾਂ ਕੱਢ ਕੇ ਆਪਣੀ ਹੋਈ ਮੁਰੰਮਤ ਨੂੰ
ਝਾੜ ਰਹੇ ਸਨ ਤੇ “ਫੇਰ ਦੇਖੂੰਗਾ ਤੁਹਾਨੂੰ ਤਾਂ” ਦੀਆਂ ਗਿੱਦੜ ਭਬਕੀਆਂ ਦੇ
ਰਹੇ ਸਨ।
ਲਉ ਜੀ, ਹੁਣ ਤੁਸੀਂ ਹੀ ਮੈਨੂੰ ਦੱਸੋ ਕੇ ਇਕੱਲੇ ਬ੍ਰਿਸਬੇਨ ਵਿੱਚ ਹਜ਼ਾਰਾਂ
ਦੀ ਗਿਣਤੀ ਵਿੱਚ ਸਟੂਡੈਂਟ ਰਹਿੰਦੇ ਹਨ ਤੇ ਤਕਰੀਬਨ 95 ਪ੍ਰਤੀਸ਼ਤ ਨੂੰ
ਆਪਣੇ ਭਵਿੱਖ ਦੀ ਸੋਚ ਹੈ। ਪਰ ਇਹੋ ਜਿਹੇ ਮੁੱਠੀ ਭਰ ਬੰਦਿਆਂ ਨੇ ਸਾਰੇ ਦੇ
ਸਾਰੇ ਇੰਡੀਅਨ ਭਾਈਚਾਰੇ ਨੂੰ ਬਦਨਾਮ ਕਰ ਕੇ ਰੱਖ ਦਿੱਤਾ ਹੈ। ਹਾਲੇ ਤਾਂ
ਇਹ ਬਹੁਤ ਛੋਟੀਆਂ ਜਿਹੀਆਂ ਘਟਨਾਵਾਂ ਹਨ ਜੋ ਮੈਂ ਬਿਆਨ ਕਰ ਰਿਹਾ ਹਾਂ
ਕਿਉਂਕਿ ਮੈਂ ਸ਼ੁਰੂ ਵਿੱਚ ਹੀ ਕਿਹਾ ਹੈ ਕਿ ਮੈਂ ਇੱਥੇ ਉਹ ਹੀ ਬਿਆਨ
ਕਰਾਂਗਾ ਜੋ ਮੈਂ ਖ਼ੁਦ ਦੇਖਿਆ ਹੈ। ਨਹੀਂ
ਤਾਂ ਜੇ ਹੋਰਾਂ ਦੇ ਹਵਾਲੇ ਨਾਲ ਗੱਲ ਲਿਖਾਂ ਤਾਂ ਪਿਛਲੇ ਦਿਨੀਂ ਬ੍ਰਿਸਬੇਨ
ਵਿਚ ਛਪਦੇ “ਦੀ ਕੌਰਿਅਰ ਮੇਲ” ਨੂੰ ਚੱਕ ਕੇ ਪੜ੍ਹ ਲਵੋ। ਪੂਰੇ ਪੰਦਰਾਂ
ਦਿਨ ਅਸੀਂ ਸੁਰਖ਼ੀਆਂ ਵਿੱਚ ਰਹੇ ਤੇ ਇਹੋ ਜਿਹਾ ਅਪਰਾਧ ਵੀ ਕੀਤਾ ਜਿਸ ਨੂੰ
ਇੰਡੀਆ ਵਿੱਚ ਵੀ ਕਬੂਲ ਨਹੀਂ ਕੀਤਾ ਜਾ ਸਕਦਾ ਸੀ। ਅਖ਼ਬਾਰ ਨੇ ਦੱਸਿਆ ਕਿ
ਇੱਕ ਵੀਹ ਸਾਲਾ ਪੰਜਾਬੀ ਮੁੰਡੇ ਨੇ ਇੱਕ ਨਾਬਾਲਗ਼ ਨਾਲ ਰੇਪ ਕੀਤਾ। ਇੱਕ
ਹੋਰ ਖ਼ਬਰ ਅਨੁਸਾਰ ਇੱਕ ਇੰਡੀਅਨ ਮੁੰਡੇ ਨੇ ਗ਼ਲਤ ਢੰਗ ਨਾਲ ਟੈਕਸੀ ਚਲਾ ਕੇ
ਇੱਕੋ ਪਰਵਾਰ ਦੇ ਤਿੰਨ ਜੀ ਮਾਰ ਦਿੱਤੇ। ਪਰ ਉਸ ਵਕਤ ਸਾਡਾ ਮੀਡੀਆ ਪਤਾ
ਨਹੀਂ ਕਿੱਥੇ ਚਲਿਆ ਜਾਂਦਾ? ਕਿਸੇ ਹਿੰਦੁਸਤਾਨੀ ਅਖ਼ਬਾਰ ਤੇ ਟੀ.ਵੀ. ਨੇ ਇਸ
ਖ਼ਬਰ ਨੂੰ ਦਿਖਾਉਣ ਵਿਚ ਦਿਲਚਸਪੀ ਨਹੀਂ ਦਿਖਾਈ। ਖ਼ਾਸ ਕਰਕੇ ਮੈਨੂੰ ਗਿਲਾ
ਮੇਰੇ ਉਹਨਾਂ ਪੱਤਰਕਾਰ ਵੀਰਾਂ ਨਾਲ ਹੈ ਜੋ ਆਸਟ੍ਰੇਲੀਆ ਵਿਚ ਰਹਿ ਕੇ ਪਲ
ਪਲ ਦੀ ਖ਼ਬਰ ਇੰਡੀਆ ਭੇਜਦੇ ਹਨ। ਪਰ ਪਤਾ ਨਹੀਂ ਕਿਉਂ ਇਹਨਾਂ ਦੀ ਨਿਗਾਹ
ਇਹੋ ਜਿਹੀਆਂ ਖ਼ਬਰਾਂ ’ਤੇ ਨਹੀਂ ਜਾਂਦੀ? ਜੇ ਉਹ ਇਸ ਨੂੰ ਜਾਣ ਕੇ ਅੱਖੋਂ
ਉਹਲੇ ਕਰਦੇ ਹਨ ਤੇ ਸੋਚਦੇ ਹਨ ਕੇ ਉਹ ਆਪਣੇ ਭਾਈਚਾਰੇ ਦਾ ਭਲਾ ਕਰ ਰਹੇ ਹਨ
ਤਾਂ ਉਹਨਾਂ ਦੀ ਇਹ ਸੋਚ ਮੇਰੇ ਤਾਂ ਹਜ਼ਮ ਨਹੀਂ ਹੁੰਦੀ ਕਿਉਂਕਿ ਸਾਨੂੰ
ਸਾਡੇ ਬਜ਼ੁਰਗਾਂ ਤਾਂ ਇਹ ਹੀ ਸਿੱਖਿਆ ਦਿੱਤੀ ਹੈ ਕਿ
ਜੇ ਕਿਸੇ ਚੀਜ ਨੂੰ ਦੱਬਣ ਦੀ ਕੋਸ਼ਸ਼ ਕਰੋਗੇ ਤਾਂ ਉਹ ਵਕਤ ਨਾਲ ਧਮਾਕੇ ਦੇ
ਰੂਪ ਵਿਚ ਤੁਹਾਡੇ ਸਾਹਮਣੇ ਹੋਵੇਗੀ।
ਚਲੋ ਛੱਡੋ ਜੀ, ਆਪਾਂ ਫੇਰ ਆਪਣੇ ਅਸਲੀ ਮੁੱਦੇ ਤੇ ਆਉਂਦੇ ਹਾਂ। ਮੇਰਾ ਇਹ
ਲੇਖ ਲਿਖਣਾ ਨਾ ਤਾਂ ਆਪਣੇ ਦੇਸ਼ ਨੂੰ ਭੰਡਣਾ ਤੇ ਨਾ ਜਿਹੜੇ ਮੁਲਕ ਦਾ ਖਾ
ਰਿਹਾ ਹਾਂ ਉਸਨੂੰ ਵੇ-ਵਜ੍ਹਾ ਸਲਾਹੁਣਾ ਹੈ। ਮੇਰਾ ਤਾਂ ਇੱਥੇ ਫਰਜ਼ ਸੱਚ
ਨੂੰ ਲੋਕਾਂ ਦੇ ਸਾਹਮਣੇ ਰੱਖਣਾ ਹੈ ਤੇ ਉਸੇ ਸੱਚ ਦੇ ਤਹਿਤ ਮੈਂ ਇੱਥੇ
ਦੱਸਣਾ ਚਾਹੁੰਦਾ ਹਾਂ ਕੇ ਕਈ ਲੋਕ ਇਹ ਵੀ ਕਹਿੰਦੇ ਹਨ ਕਿ ਆਸਟ੍ਰੇਲੀਆ
ਵਿੱਚ ਗੋਰੇ ਫੇਰ ਇੰਡੀਅਨਾਂ ਤੋਂ ਗ਼ੁਲਾਮੀ ਕਰਵਾਉਂਦੇ ਹਨ ਕਿਉਂਕਿ ਉਹਨਾਂ
ਦੇ ਦਿਲਾਂ ਵਿਚ ਹਾਲੇ ਵੀ ਉਹੀ ਨਫ਼ਰਤ ਹੈ ਜੋ ਸਾਡੇ ਆਜ਼ਾਦ ਹੋਣ ਵੇਲੇ ਸੀ।
ਪਰ ਇਹ ਗੱਲਾਂ ਆਧਾਰਹੀਣ ਹਨ ਕਿਉਂਕਿ ਆਸਟ੍ਰੇਲੀਆ ਨਾ ਤਾਂ ਗੋਰਿਆਂ ਦਾ
ਆਪਣਾ ਮੁਲਕ ਹੈ ਤੇ ਨਾ ਹੀ ਇਕੱਲੇ ਗੋਰੇ ਹੀ ਇੱਥੇ ਰਹਿੰਦੇ ਹਨ। ਇੱਥੇ ਤਾਂ
ਦੁਨੀਆਂ ਦੇ ਹਰ ਖ਼ਿੱਤੇ ਵਿੱਚੋਂ ਆ ਕੇ ਲੋਕ ਵੱਸੇ ਹੋਏ ਹਨ। ਲੋਕਾਂ ਦਾ ਇੱਕ
ਦੂਜੇ ਪ੍ਰਤੀ ਵਤੀਰਾ ਬੜਾ ਮਦਦ ਭਰਪੂਰ ਹੈ। ਇਹ ਇੱਕ ਅਸਲੀ ਧਰਮ ਨਿਰਪੱਖ
ਮੁਲਕ ਹੈ, ਸਮਾਨਤਾ ਜਿਸ ਦਾ ਨਾਅਰਾ ਹੈ, ਨਾ ਕੋਈ ਜਾਤ-ਪਾਤ ਹੈ, ਨਾ ਕੋਈ
ਵੱਡਾ-ਛੋਟਾ ਹੈ, ਸਭ ਵਾਸਤੇ ਇੱਕ ਸਮਾਨ ਕਾਨੂੰਨ ਹੈ ਭਾਵੇਂ ਉਹ ਇਸ ਮੁਲਕ
ਦਾ ਪ੍ਰਧਾਨ ਮੰਤਰੀ ਹੀ ਕਿਉਂ ਨਾ ਹੋਵੇ। ਹਾਲੇ ਤੱਕ ਕਿਤੇ ਭਰਿਸ਼ਟਾਚਾਰ
ਦੇਖਣ ਨੂੰ ਨਹੀਂ ਮਿਲਦਾ। ਹਰ ਇੱਕ ਆਪਣੇ ਰਾਸ਼ਟਰ ਪ੍ਰਤੀ ਵਫ਼ਾਦਾਰ ਹੈ। ਸਭ
ਤੋਂ ਵੱਡੀ ਗੱਲ ਇਹ ਹੈ ਕਿ ਇਹ ਲੋਕ ਇੰਨੇ ਜ਼ਿੰਮੇਵਾਰ ਹਨ ਕਿ ਇਹ ਲਿਖੇ ਹੋਏ
ਹਰ ਸਾਈਨ ਨੂੰ ਮੰਨਦੇ ਹਨ ਭਾਵੇਂ ਉੱਥੇ ਉਹਨਾਂ ਨੂੰ ਕੋਈ ਦੇਖਣ ਵਾਲਾ ਨਹੀਂ
ਹੁੰਦਾ। ਪਰ ਜੇ ਕਿਤੇ ਇਹ ਲਿਖਿਆ ਕਿ ਇੱਥੇ ਤੁਹਾਡੀ ਕਾਰ ਦੀ ਸਪੀਡ ਪੰਜਾਹ
ਕਿਲੋਮੀਟਰ ਪ੍ਰਤੀ ਘੰਟਾ ਹੋਣੀ ਚਾਹੀਦੀ ਹੈ ਤਾਂ ਇਹ ਉੱਥੇ ਕਾਰ ਦੀ ਸਪੀਡ
ਪੰਜਾਹ ਤੇ ਹੀ ਰੱਖਣਗੇ। ‘ਸੌ ਹੱਥ ਰੱਸਾ ਸਿਰੇ ’ਤੇ ਗੰਢ’ ਇਸ ਮੁਲਕ ’ਚ
ਰਹਿ ਕੇ ਕਈ ਬਾਰ ਤਾਂ ਇੰਝ ਲੱਗਦਾ ਕੇ ਇਹ ਲੋਕ ਬਾਬਾ ਗੁਰੂ ਨਾਨਕ ਦੇਵ ਜੀ
ਦੇ ਅਸੂਲਾਂ ਦੇ ਸਾਡੇ ਨਾਲੋਂ ਜਿਆਦਾ ਨੇੜੇ ਹਨ ਕਿਉਂਕਿ ਜੇ ਅਸੀਂ
ਕੁਰੀਤੀਆਂ ਨੂੰ ਗਿਣਨ ਲੱਗ ਜਾਈਏ ਤਾਂ ਇਨ੍ਹਾਂ ਨਾਲੋਂ ਸਾਡੇ ਵਿੱਚ ਕਈ
ਗੁਣਾ ਜਿਆਦਾ ਕੁਰੀਤੀਆਂ ਮਿਲਣਗੀਆਂ।
ਇੱਕ ਛੋਟੀ ਜਿਹੀ ਪਰ ਅਹਿਮ ਘਟਨਾ ਹੋਰ ਲਿਖਣੀ ਚਾਹੁੰਦਾ ਹਾਂ ਕਿਉਂਕਿ ਇਸ
ਘਟਨਾ ਨੇ ਵੀ ਬਹੁਤ ਸ਼ਰਮਸਾਰ ਕੀਤਾ ਹੈ।
ਇੱਕ ਦਿਨ ਅਸੀਂ ਕੰਮ ’ਤੇ ਆਪਣਾ
ਲੰਚ ਕਰ ਰਹੇ ਸੀ ਤਾਂ ਉੱਥੇ ਕੁੱਝ ਗ੍ਰੀਕ, ਕੁੱਝ ਤੁਰਕੀ, ਤੇ ਕੁੱਝ ਗੋਰੇ
ਹਰ ਰੋਜ਼ ਵਾਂਗ ਆਪੋ ਆਪਣੇ ਕਲਚਰ ਨੂੰ ਇੱਕ ਦੂਜੇ ਨਾਲ ਸਾਂਝਾ ਕਰ ਰਹੇ ਸੀ
ਤਾਂ ਮੇਰਾ ਇੱਕ ਇੰਡੀਅਨ ਵੀਰ ਇੱਕ ਗੋਰੇ ਨੂੰ ਦੱਸ ਰਿਹਾ ਸੀ ਕਿ ਇੰਡੀਆ
ਵਿੱਚ ਏਨੀ ਭੁੱਖਮਰੀ ਹੈ ਕੇ ਦੋ-ਦੋ ਡਾਲਰ ਚ ’ਤੁਸੀਂ ਕਿਸੇ ਤੋਂ ਕੁੱਝ ਵੀ
ਕਰਵਾ ਸਕਦੇ ਹੋ। ਇੱਥੋਂ ਤੱਕ ਕਿ ਇੰਡੀਆ ’ਚ ਔਰਤਾਂ ਆਪਣਾ ਸਰੀਰ ਤੱਕ ਦੇਣ
ਨੂੰ ਤਿਆਰ ਹੋ ਜਾਂਦੀਆਂ ਹਨ। ਇਹੋ ਜਿਹੀ ਗੱਲ ਸੁਣ ਕੇ ਸਾਰਿਆਂ ਨੇ ਧੌਣਾਂ
ਚੁੱਕ ਲਈਆਂ ਤੇ ਉਹ ਜਨਾਬ ਇੰਜ ਉੱਧੜ ਰਿਹਾ ਸੀ ਜਿਵੇਂ ਕਿਤੇ ਇਨ੍ਹਾਂ
ਗੱਲਾਂ ਨਾਲ ਉਸਦਾ ਕੱਦ ਇਨ੍ਹਾਂ ਲੋਕਾਂ ’ਚ ਹੋਰ ਉੱਚਾ ਹੋ ਰਿਹਾ ਹੋਵੇ।
ਜਦੋਂ ਤੱਕ ਮੈਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦਾ, ਉਦੋਂ ਤੱਕ ਇਸ ਜਨਾਬ ਨੇ
ਇਹ ਵੀ ਕਹਿ ਦਿੱਤਾ ਕਿ ਅਜਕਲ ਜੋ ਕੁੜੀਆਂ ਸਟੂਡੈਂਟ ਵੀਜ਼ੇ ’ਤੇ ਇੱਥੇ ਆ
ਰਹੀਆਂ ਹਨ, ਤੁਸੀਂ ਉਹਨਾਂ ਨੂੰ
ਪੱਕਾ ਕਰਵਾ ਦਿਓ; ਭਾਵੇਂ ਉਹਨਾਂ ਨਾਲ ਜੋ ਮਰਜ਼ੀ ਕਰੀ ਜਾਓ। ਕਿਵੇਂ ਨਾ
ਕਿਵੇਂ ਇਸ ਇਨਸਾਨ ਨੂੰ ਚੁੱਪ ਕਰਵਾਇਆ। ਹੁਣ ਤੁਸੀਂ ਹੀ ਦੱਸੋ, ਅਸੀਂ ਆਪਣੇ
ਮੁਲਕ ਦੀ ਕਿਹੋ ਜਿਹੀ ਪਿਕਚਰ ਦਿਖਾ ਰਹੇ ਹਾਂ ਦੂਜੇ ਲੋਕਾਂ ਨੂੰ? ਤੇ ਜੇ
ਕੱਲ੍ਹ ਨੂੰ ਇਹਨਾਂ ਕਿਸੇ ਸਾਡੀ ਧੀ ਭੈਣ ਨੂੰ ਰਾਹ ਜਾਂਦੇ ਰੋਕ ਲਿਆ ਤੇ ਉਸ
ਨੂੰ ਦੋ ਡਾਲਰ ਦੇ ਕੇ ਮੰਦਾ ਚੰਗਾ ਬੋਲਿਆ ਤਾਂ ਕੀ ਕਸੂਰ ਉਸ ਗੋਰੇ ਦਾ
ਹੋਵੇਗਾ ਜਾਂ ਸਾਡੇ ਆਪਣੇ ਇਸ ਕਲਯੁਗੀ ਸਪੂਤ ਦਾ, ਜਿਸ ਨੇ ਆਪਣੀਆਂ
ਧੀਆਂ-ਭੈਣਾਂ ਦੀ ਇਹ ਪਰਿਭਾਸ਼ਾ ਦੱਸੀ ਹੈ?
ਇਹੋ ਜਿਹੀਆਂ ਘਟਨਾਵਾਂ ਨਾਲ
ਅੱਜ ਮੈਂ ਪੂਰੀ ਇੱਕ ਕਿਤਾਬ ਲਿਖ ਸਕਦਾ ਹਾਂ। ਪਰ ਮੈਂ ਤਾਂ ਮਹਿਸੂਸ ਕਰਦਾ
ਹਾਂ ਕਿ ਆਪਣਾ ਪੱਲਾ ਚੁੱਕਿਆਂ ਢਿੱਡ ਆਪਣਾ ਹੀ ਨੰਗਾ ਹੋਵੇਗਾ।
ਵਿਦੇਸ਼ ਵਿੱਚ ਰਹਿਣ ਵੇਲੇ ਹਰ
ਇਨਸਾਨ ਦੀ ਪਹਿਲੀ ਪਹਿਚਾਣ ਇਹ ਨਹੀਂ ਹੁੰਦੀ ਕਿ ਤੁਸੀਂ ਫ਼ਲਾਣਾ ਸਿਉਂ ਦੇ
ਪੁੱਤਰ ਹੋ। ਇੱਥੇ ਤਾਂ ਤੁਸੀਂ ਆਪਣੇ ਮੁਲਕ ਦੀ ਨੁਮਾਇੰਦਗੀ ਕਰ ਰਹੇ ਹੁੰਦੇ
ਹੋ ਤੇ ਜੇ ਕਦੇ ਤੁਸੀਂ ਕੁੱਝ ਚੰਗਾ ਮਾੜਾ ਕਰਦੇ ਹੋ ਤਾਂ ਸਭ ਤੋਂ ਪਹਿਲਾਂ
ਤੁਹਾਡੇ ਮੁਲਕ ਦਾ ਨਾਂ ਫੇਰ ਕੌਮ ਦਾ ਤੇ ਰਾਜ ਦਾ ਨਾਂ ਤੇ ਫੇਰ ਜਿਲ੍ਹੇ ਤੇ
ਪਿੰਡ ਦਾ ਨਾਂ ਬਦਨਾਮ ਹੁੰਦਾ ਹੈ। ਖ਼ਾਨਦਾਨ ਦਾ ਨਾਂ ਤਾਂ ਇਨ੍ਹਾਂ ਸਾਰਿਆਂ
ਤੋਂ ਬਾਅਦ ਵਿਚ ਆਉਂਦਾ ਹੈ।
ਸੋ ਜਦੋਂ ਇੰਨੀ ਜ਼ਿੰਮੇਵਾਰੀ
ਤੁਹਾਡੇ ਤੇ ਹੈ ਤਾਂ ਕੀ ਤੁਹਾਡਾ ਫਰਜ਼ ਨਹੀਂ ਬਣਦਾ ਕੁੱਝ ਜ਼ਿੰਮੇਵਾਰ ਹੋਣ
ਦਾ? ਇਹਨਾਂ ਗੱਲਾਂ ਦਾ ਨਤੀਜਾ ਹੀ ਅੱਜ ਉਪਕਾਰ ਸਿੰਘ ਤੇ ਸਰਵਣ ਕੁਮਾਰ
ਹੋਰਾਂ ਨੇ ਭੋਗਿਆ ਹੈ। ਉਹਨਾਂ ’ਤੇ ਹਮਲੇ ਇਸ ਲਈ ਨਹੀਂ ਹੋਏ ਕਿ ਉਹਨਾਂ ਨੇ
ਆਪ ਕੋਈ ਕਸੂਰ ਕੀਤਾ ਸੀ। ਇਹ ਤਾਂ ਉਹਨਾਂ ਦੇ ਇੰਡੀਅਨ ਹੋਣ ਕਰਕੇ ਹੀ ਹੋਏ
ਕਿਉਂਕਿ ਮੁੱਠੀ ਭਰ ਲੋਕਾਂ ਨੇ ਨਵੇਂ ਪੁਰਾਣੇ ਸਭ ਇੰਡੀਅਨ ਉੱਤੇ ਮੋਹਰ ਲਾ
ਦਿੱਤੀ ਹੈ ਕਿ ਇਹ ਲੋਕ ਸੱਭਿਅਕ ਨਹੀਂ ਹਨ। ਸਾਰੇ ਪੁਰਾਣੇ ਬੰਦਿਆ ਨੂੰ ਡਰ
ਤਾਂ ਸੀ ਕੁੱਝ ਮੰਦਭਾਗਾ ਹੋਣ ਦਾ, ਪਰ ਇਹ ਉਮੀਦ ਨਹੀਂ ਸੀ ਕਿ ਇਹੋ ਜਿਹਾ
ਏਨੀ ਛੇਤੀ ਹੋਣ ਲੱਗ ਪਵੇਗਾ।
ਆਸਟ੍ਰੇਲੀਆ ਹਾਲੇ ਤੱਕ ਆਪਣੀ ਸ਼ਾਂਤੀ ਭਰੀ ਜ਼ਿੰਦਗੀ ਲਈ ਮਸ਼ਹੂਰ ਸੀ ਪਰ ਜੇ
ਹਾਲੇ ਵੀ ਆਪਣਾ ਆਪ ਨੂੰ ਨਾ ਸੰਭਾਲਿਆ ਗਿਆ ਤਾਂ ਲਗਦਾ ਹੈ ਕਿ ਉਹ ਦਿਨ ਦੂਰ
ਨਹੀਂ ਜਦੋਂ ਕਨੇਡਾ ਵਾਂਗੂੰ ਤੀਜੇ ਦਿਨ ਕਤਲ ਤੇ ਹਰ ਰੋਜ ਗੈਂਗ ਵਾਰ ਦੀ
ਲੜਾਈ ਦੀਆਂ ਖ਼ਬਰਾਂ ਸਾਨੂੰ ਪੜ੍ਹਨ ਨੂੰ ਮਿਲਣਗੀਆਂ। ਇੱਥੇ ਮੈਂ ਇਹ ਵੀ ਦੱਸ
ਦੇਣਾ ਚਾਹੁੰਦਾ ਹਾਂ ਕਿ ਜੇ ਅਸੀਂ ਨਾ ਸੰਭਲੇ ਤਾਂ ਇਸ ਮੁਲਕ ਵਿੱਚ ਕਾਨੂੰਨ
ਬਣਦੇ ਤੇ ਲਾਗੂ ਹੁੰਦੇ ਦੇਰ ਨਹੀਂ ਲਗਦੀ। ਇਹ ਨਾ ਹੋਵੇ ਕਿ ਅਸੀਂ ਆਪਣੇ
ਰਾਹ ਆਪ ਹੀ ਬੰਦ ਕਰ ਲਈਏ ਕਿਉਂਕਿ ਆਸਟ੍ਰੇਲੀਆ ਨੂੰ ਸਟੂਡੈਂਟਾਂ ਦਾ ਘਾਟਾ
ਨਹੀਂ। ਹੋਰ ਬਹੁਤ ਮੁਲਕ ਹਨ ਜੋ ਆਸਟ੍ਰੇਲੀਆ ਦੀ ਇਸ ਇੰਡਸਟਰੀ ਨੂੰ ਚਲਾ
ਸਕਦੇ ਹਨ। ਕੱਲ੍ਹ ਦੀ ਮੈਲਬੋਰਨ ਰੈਲੀ ਵਿਚ ਕੁੱਝ ਸ਼ਰਾਰਤੀ ਲੋਕਾਂ ਨੇ ਜਿਸ
ਤਰ੍ਹਾਂ ਅਮਨ ਅਮਾਨ ਨਾਲ ਚੱਲ ਰਹੀ ਰੋਸ ਰੈਲੀ ਵਿੱਚ ਭੰਗ ਪਾਉਣ ਦੀ ਕੋਸ਼ਸ਼
ਕੀਤੀ ਉਸ ਤੋਂ ਇੰਜ ਲਗਦਾ ਹੈ ਕਿ ਅਸੀਂ ਕਿਸੇ ਡੂੰਘੀ ਸਿਆਸਤ ਦਾ ਸ਼ਿਕਾਰ ਹੋ
ਰਹੇ ਹਾਂ ਤੇ ਕੋਈ ਇੱਕ ਖ਼ਾਸ ਤਬਕਾ ਸਾਨੂੰ ਕਾਮਯਾਬ ਹੁੰਦਿਆਂ ਨਹੀਂ ਦੇਖ
ਸਕਦਾ ਤੇ ਉਹ ਇਹੋ ਜਿਹੀਆਂ ਕੋਝੀਆਂ ਚਾਲਾਂ ਚੱਲ ਰਿਹਾ ਹੈ।
ਮੇਰੇ ਵਾਂਗ ਪਹਿਲਾਂ ਵੀ ਕੁੱਝ
ਲੇਖਕਾਂ ਨੇ ਇਹਨਾਂ ਮਸਲਿਆਂ ਨੂੰ ਉਠਾਇਆ ਸੀ ਪਰ ਉਹਨਾਂ ਨੂੰ ਇਨ੍ਹਾਂ
ਮੁੱਠੀ ਭਰ ਲੋਕਾਂ ਦੀ ਨਰਾਜ਼ਗੀ ਦਾ ਸ਼ਿਕਾਰ ਹੋਣਾ ਪਿਆ ਸੀ। ਸੋ ਮੈਨੂੰ ਵੀ
ਇਹਨਾਂ ਤੋਂ ਇਹੀ ਉਮੀਦ ਹੈ। ਪਰ ਕੋਈ ਪਰਵਾਹ ਨਹੀਂ, ਸੱਚ ਦੇ ਰਸਤੇ ਉੱਤੇ
ਚੱਲਦਿਆਂ ਔਕੜਾਂ ਆਉਣੀਆਂ ਤਾਂ ਸੁਭਾਵਿਕ ਹੀ ਹਨ ਪਰ ਮੈਂ ਤਾਂ ਨਿਮਰਤਾ ਨਾਲ
ਹੱਥ ਜੋੜ ਕੇ ਇਹਨਾਂ ਮੇਰੇ ਵੀਰਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਬਾਕੀ
ਦੇ 95 ਪ੍ਰਤੀਸ਼ਤ ਲੋਕਾਂ ਤੇ ਤਰਸ ਖਾਓ ਤੇ ਜਿਨ੍ਹਾਂ ਆਸਾਂ ਨਾਲ ਤੁਹਾਨੂੰ
ਤੁਹਾਡੇ ਮਾਂ ਬਾਪ ਨੇ ਇੱਥੇ ਭੇਜਿਆ ਉਹਨਾਂ ਨੂੰ ਧਿਆਨ ਵਿਚ ਰੱਖ ਕੇ ਆਪਣੀ
ਤੇ ਆਪਣੇ ਮੁਲਕ ਦੀ ਲਾਜ ਰੱਖੋ।
ਕਿਸੇ ਨੂੰ ਬੁਰਾ ਕਹਿਣ ਤੋਂ
ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਜਰੂਰ ਫੇਰੋ ਕਿਉਂਕਿ ਸਾਡੇ ਗੁਰੂ
ਸਾਹਿਬਾਨ ਨੇ ਸਾਨੂੰ ਦੱਸਿਆ ਹੈ ਕਿ "ਹਮ ਨਹੀਂ ਚੰਗੇ ਬੁਰਾ ਨਹੀਂ ਕੋਇ"
*****
ਮਿੰਟੂ ਬਰਾੜ
ਸਾਊਥ ਆਸਟ੍ਰੇਲੀਆ
Gurshminder Singh
(Mintu Brar)
Berri, South Australia
Mobile: +61434289905
Email:
mintubrar_009@yahoo.co.in
*****
(9 ਜੂਨ 2009)
|
|
ਮਿੰਟੂ ਬਰਾੜ (ਅਸਟਰੇਲੀਆ) ਦੀਆਂ 'ਲਿਖਾਰੀ' ਵਿੱਚ ਛਪੀਆਂ ਸਾਰੀਆਂ ਰਚਨਾਵਾਂ
ਪੜ੍ਹਨ ਲਈ ਕਲਿੱਕ ਕਰੋ
 |
e-mail:
ilKfrI
|
|
'ਲਿਖਾਰੀ'
ਵਿਚ ਪ੍ਰਕਾਸ਼ਿਤ ਹੋਣ
ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ
ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ'
ਦਾ ਸਹਿਮਤ ਹੋਣਾ
ਜ਼ਰੂਰੀ ਨਹੀਂ।
ਹਰ ਲਿਖਤ
ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ
'ਰਚਨਾ'
ਦਾ ਕਰਤਾ ਹੋਵੇਗਾ। |
Copyright © Likhari: Panjabi Likhari Forum-2001-2010 All rights
reserved.
|
|