ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

Download Punjabi Fonts English Shahmukhi Devnagri

 ਅਜੋਕਾ ਵਾਧਾ:: 26 January, 2010

   ਮੁੱਖਪੰਨਾ

             ਲੇਖ/ਆਲਾ-ਦੁਆਲਾ/ਜਾਣਕਾਰੀ/ਵਿਚਾਰ

 

(34) ਜੇ ਅੱਗ ਲੱਗ ਜਾਏ ਦਿਲਾਂ ਦੇ ਅੰਦਰ ਸਮਾਂ ਭਸਮ ਹੋ ਜਾਂਦਾ
 ਸ਼ਾਮ ਸਿੰਘ (ਅੰਗ-ਸੰਗ), ਚੰਡੀਗੜ੍ਹ, ਪੰਜਾਬ-


ਬਹੁਤ ਨਰਮ ਹੁੰਦਾ ਹੈ ਦਿਲ। ਕੂਲਾ ਕੂਲਾ ਜਜ਼ਬਿਆਂ ਵਾਲਾ। ਜਜ਼ਬੇ ਵੀ ਬਹੁ-ਪਰਤੀ ਬਹੁ-ਰੰਗੇ। ਕਦੇ ਕਿਸੇ ਦਿਸ਼ਾ ਦੌੜਨ ਕਦੇ ਕਿਸੇ ਪਾਸੇ। ਉਡਾਰੀਆਂ ਏਨੀਆਂ ਕਿ ਮੁੱਕਣ 'ਚ ਨਹੀਂ ਆਉਂਦੀਆਂ ਜਿਹੜੀਆਂ ਉਨ੍ਹਾਂ ਖਿੱਤਿਆਂ ਵੱਲ ਵੀ ਲੈ ਜਾਂਦੀਆਂ ਹਨ ਜਿਹੜੇ ਕਦੇ ਚਿੱਤ-ਚੇਤੇ ਵੀ ਨਹੀਂ ਹੁੰਦੇ। ਦਿਲ ਦੀਆਂ ਪਰਤਾਂ ਵਿਚ ਵਿਚਰਦਿਆਂ ਵੀ ਇਨ੍ਹਾਂ ਦੀ ਬਾਰੀਕੀ ਅਤੇ ਗਹਿਰਾਈ ਦਾ ਭੇਤ ਪਾਉਣਾ ਆਸਾਨ ਨਹੀਂ। ਏਸੇ ਗੱਲ ਨੂੰ ਅਤੀਤ ਵਿਚ ਅਨੁਭਵੀ ਨੇ- ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ-ਕਹਿ ਕੇ ਪ੍ਰਗਟ ਕੀਤਾ ਹੋਵੇਗਾ। ਜੇ ਤਾਂ ਦਿਲ ਨਰਮ ਤੇ ਠੰਢੇ ਰੌਂਅ ਵਿਚ ਰਹਿੰਦਾ ਰਹੇ ਅਤੇ ਤੁਰਦਾ ਜਾਏ ਤਾਂ ਨਾ ਦਿਲ ਨੂੰ ਕੋਈ ਫਰਕ ਪੈਂਦਾ ਹੈ ਨਾ ਕਿਸੇ ਹੋਰ ਨੂੰ। ਕਿਸੇ ਲਈ ਕਿਸੇ ਨੁਕਸਾਨ ਦਾ ਕਾਰਨ ਵੀ ਨਹੀਂ ਬਣਦਾ। ਪਰ ਜਦੋਂ ਕਿਸੇ ਕਾਰਨ ਕਰ ਕੇ ਇਸ ਅੰਦਰ ਧੂਆਂ ਧੁਖਣਾ ਸ਼ੁਰੂ ਹੁੰਦਾ ਹੈ ਤਾਂ ਇਸ ਵਿਚ ਚਿੰਗਾਰੀਆਂ ਪੈਦਾ ਹੋ ਜਾਂਦੀਆਂ ਹਨ ਜਿਹੜੀਆਂ ਦਬਾਇਆਂ ਵੀ ਨਹੀਂ ਦਬਦੀਆਂ।

ਸਮਾਜ ਆਪਣੀ ਸਹਿਜ ਚਾਲ ਵਿਚ ਤੁਰਦਾ ਰਹੇ ਤਾਂ ਠੀਕ ਹੈ ਪਰ ਜਦੋਂ ਇਸ ਵਿਚ ਕਿਸੇ ਤਰ੍ਹਾਂ ਦਾ ਸੰਤੁਲਨ ਵਿਗੜਦਾ ਹੈ ਤਾਂ ਗੜਬੜ ਹੋਏ ਬਿਨਾਂ ਨਹੀਂ ਰਹਿੰਦੀ। ਇਸ ਵਿਚਲੇ ਜਾਤਪਾਤੀ ਸਿਸਟਮ ਨੇ ਏਨੇ ਪਾੜੇ ਪਾਏ ਹੋਏ ਹਨ ਜਿਹੜੇ ਮਿਟਣ ਦਾ ਨਾਂ ਤੱਕ ਨਹੀਂ ਲੈਂਦੇ। ਕਈ ਵਾਰ ਤਾਂ ਇਸ ਪ੍ਰਣਾਲੀ ਕਾਰਨ ਪੈਦਾ ਹੋਈਆਂ ਤਲਖ਼ੀਆਂ ਚਿੰਗਾਰੀਆਂ ਬਣ ਜਾਂਦੀਆਂ ਹਨ ਜਿਨ੍ਹਾਂ ਕਾਰਨ ਨੁਕਸਾਨ ਹੋਣੋਂ ਨਹੀਂ ਟਲਦਾ। ਮਨੁੱਖਾਂ ਦੇ ਅਖੌਤੀ ਉਚ-ਵਰਗ ਵਿਚ ਉਚਤਾ ਤੇ ਹਉਮੈ ਦੀਆਂ ਚਿੰਗਾਰੀਆਂ ਮਘਦੀਆਂ ਹਨ ਅਤੇ ਮੁਕਾਬਲੇ 'ਤੇ ਦੂਜਿਆਂ ਵਿਚ ਹੀਣਤਾ 'ਚੋਂ ਉਪਜੇ ਤਿੱਖੇ ਅਤੇ ਭਖਦੇ ਰੋਹ ਦੀਆਂ। ਅਜਿਹੀ ਹਾਲਤ ਵਿਚ ਟਕਰਾਅ ਦੀ ਅਜਿਹੀ ਸਥਿਤੀ ਬਣ ਜਾਂਦੀ ਹੈ ਜਿੱਥੇ ਵਿਚਾਰਾਂ ਦੀ ਲੜਾਈ ਵੀ ਹੁੰਦੀ ਹੈ ਅਤੇ ਜਿਸਮਾਂ ਦੀ ਵੀ ਜਿਸ ਨਾਲ ਮਨੋਬਲ ਵੀ ਡਿਗਦੇ ਹਨ ਅਤੇ ਜਾਨਾਂ ਵੀ ਚਲੀਆਂ ਜਾਂਦੀਆਂ।

ਸਮਾਜ ਅੰਦਰ ਪੈਦਾ ਹੋਏ ਧਰਮ ਭਾਵੇਂ ਮਨੁੱਖ ਦਾ ਨਿੱਜੀ ਮਸਲਾ ਹਨ ਪਰ ਇਨ੍ਹਾਂ ਨੂੰ ਵੀ ਧੱਕੇ-ਜੋਰੀ ਸਮੂਹਕ ਬਣਾ ਲਿਆ ਗਿਆ ਹੈ ਜਿਸ ਨੂੰ ਧਰਮਾਂ ਦੀ ਤਾਕਤ ਵਜੋਂ ਦੇਖਿਆ ਜਾਣ ਲੱਗ ਪਿਆ ਜਿਸ ਨੂੰ ਸਦਾਚਾਰਕ ਤੌਰ 'ਤੇ ਠੀਕ ਨਹੀਂ ਠਹਿਰਾਇਆ ਜਾ ਸਕਦਾ। ਚਾਹੀਦਾ ਤਾਂ ਇਹ ਹੈ ਕਿ ਜਿਸ ਦਾ ਚਿਤ ਕਰੇ ਉਹ ਧਰਮ ਨੂੰ ਮੰਨੇ ਜਿਸ ਦਾ ਨਾ ਕਰੇ ਨਾ ਮੰਨੇ, ਕਿਹੜੇ ਧਰਮ ਨੂੰ ਮੰਨਣਾ ਹੈ ਇਹ ਵੀ ਮਨੁੱਖ ਦੀ ਆਪਣੀ ਚੋਣ ਦਾ ਕੰਮ ਹੈ ਪਰ ਇੱਥੇ ਸਭ ਕੁਝ ਉਲਟ ਹੋਈ ਜਾ ਰਿਹਾ। ਜਬਰੀ ਧਰਮ ਬਦਲੀ ਹੋ ਰਹੇ ਹਨ ਅਤੇ ਸਮੂਹਕ ਧਰਮਾਂ ਦਾ ਸ਼ੋਰ ਪਾਇਆ ਜਾ ਰਿਹਾ। ਧਰਮ ਨੇ ਸਮਾਜ ਨੂੰ ਸੁਧਾਰਨ ਤੇ ਨਿਖਾਰਨ ਵਾਸਤੇ ਕੰਮ ਕਰਨਾ ਹੁੰਦਾ ਹੈ ਜਿਹੜਾ ਹੋ ਨਹੀਂ ਰਿਹਾ। ਅਡੰਬਰ ਤੁਰ ਰਿਹਾ ਹੈ ਹੋਰ ਕੁਝ ਨਹੀਂ। ਅੱਜ ਦੇ ਸਮੇਂ 'ਚ ਧਰਮ ਕੱਟੜਤਾ ਅਤੇ ਨਫ਼ਰਤ ਦੀ ਫ਼ਸਲ ਦਿਲਾਂ ਅੰਦਰ ਬੀਜ ਰਹੇ ਹਨ ਜਿਸ ਨਾਲ ਈਰਖਾ ਤੇ ਨਫ਼ਰਤ ਦੇ ਰਾਹ ਖੁੱਲ੍ਹਦੇ ਹਨ, ਗੁੱਸੇ ਤੇ ਕੱਟੜਤਾ ਦੇ ਬੂਹੇ ਖੁੱਲ੍ਹਦੇ ਹਨ, ਨੁਕਸਾਨ ਦੇ ਹਾਲਾਤ ਬਣਦੇ ਹਨ ਜਾਂ ਖੇਹ ਖਰਾਬੇ ਦੇ। ਇੱਕੋ ਧਰਮ ਅੰਦਰਲੇ ਵੱਖ-ਵੱਖ ਵਰਗਾਂ ਤੇ ਧੜਿਆਂ ਦੇ ਆਪਸ ਵਿਚ ਭਿੜਨ ਦੀਆਂ ਘਟਨਾਵਾਂ ਨਿਤ ਦਿਨ ਹੋਣ ਲੱਗ ਪਈਆਂ। ਅਜਿਹੀ ਭਿੜ-ਭੜਾਈ ਵਿਚ ਵਰਗ ਤੇ ਧੜੇ ਤਾਂ ਸਹੀ ਸਲਾਮਤ ਹਨ, ਪਰ ਧਰਮ ਦਾ ਬਚਾਅ ਨਹੀਂ ਹੋ ਸਕਿਆ।

ਧਰਮ, ਜਾਤਪਾਤ, ਧੜਿਆਂ ਜਾਂ ਅਜਿਹੇ ਕਿਸੇ ਕਾਰਨ ਕਰ ਕੇ ਵੀ ਲੱਗੇ, ਦਿਲਾਂ ਵਿਚ ਲੱਗੀ ਅੱਗ ਨਾਲ ਤਾਂ ਸਮਾਂ ਹੀ ਭਸਮ ਹੋ ਕੇ ਰਹਿ ਜਾਂਦਾ ਹੈ ਜਿਸ ਨੂੰ ਕਿਸੇ ਤਰ੍ਹਾਂ ਦੀ ਮੱਲ੍ਹਮ ਨਾਲ ਬਚਾਇਆ ਨਹੀਂ ਜਾ ਸਕਦਾ। ਚੰਗਾ ਤਾਂ ਏਹੀ ਹੈ ਕਿ ਦਿਲਾਂ ਅੰਦਰ ਪਿਆਰ ਬੀਜਿਆ ਜਾਵੇ, ਸੱਚ ਦੀ ਪਨੀਰੀ ਲਾਈ ਜਾਵੇ, ਸਦਾਚਾਰ ਨੂੰ ਪੁੰਗਰਨ ਦਿੱਤਾ ਜਾਵੇ ਅਤੇ ਉਚ ਕਦਰਾਂ-ਕੀਮਤਾਂ ਨੂੰ ਵਧਣ ਫੁੱਲਣ ਦਿੱਤਾ ਜਾਵੇ ਤਾਂ ਕਿ ਸਮਾਂ ਆਪਣੀ ਨਿਰਮਲ ਤੇ ਨਿਰੰਤਰ ਤੋਰੇ ਤੁਰਿਆ ਰਹਿ ਸਕੇ।

ਬੁੱਧੀਜੀਵੀਆਂ ਦੀ ਗੈਰਹਾਜ਼ਰੀ

ਪੰਜਾਬ ਵਿਚ ਦੇਰ ਤੋਂ ਬੁੱਧੀਜੀਵੀਆਂ ਦੀ ਨਾਮਾਤਰ ਜਿਹੀ ਭੂਮਿਕਾ ਤਾਂ ਕਹੀ ਜਾ ਸਕਦੀ ਹੈ ਪਰ ਸੂਬੇ ਦੇ ਲੋਕਾਂ ਦੇ ਹਿੱਤਾਂ ਲਈ ਕੋਈ ਭੂਮਿਕਾ ਨਹੀਂ। ਸੂਬੇ ਦਾ ਕੋਈ ਵੀ ਮੁੱਦਾ/ਮਸਲਾ ਉਠਦਾ ਹੈ ਤਾਂ ਬੁੱਧੀਜੀਵੀ ਉਸ ਵਿਚ ਕੋਈ ਭੂਮਿਕਾ ਅਦਾ ਨਹੀਂ ਕਰਦੇ। ਚੁੱਪ ਕਰ ਕੇ ਦੁਬਕ ਕੇ ਬੈਠੇ ਰਹਿੰਦੇ ਹਨ, ਕਿਸੇ ਵੀ ਤਰ੍ਹਾਂ ਦੀ ਆਵਾਜ਼ ਨਹੀਂ ਕੱਢਦੇ। ਅਜਿਹਾ ਨਹੀਂ ਕਿ ਉਨ੍ਹਾਂ ਦੀ ਭੂਮਿਕਾ ਦਾ ਯੁੱਗ ਖ਼ਤਮ ਹੋ ਗਿਆ ਸਗੋਂ ਇਹ ਹੈ ਕਿ ਅਜੇ ਤਾਂ ਸ਼ੁਰੂ ਹੀ ਨਹੀਂ ਹੋਇਆ।

ਜਦੋਂ ਕਦੇ ਬੁੱਧੀਜੀਵੀਆਂ ਦੇ ਟੋਲੇ ਉਠੇ ਉਹ ਗਲਤ (ਉਨ੍ਹਾਂ ਮੁਤਾਬਕ ਠੀਕ) ਰਾਹਾਂ 'ਤੇ ਪੈ ਕੇ ਅੱਧ ਵਿਚਾਲੇ ਖ਼ਤਮ ਹੋ ਕੇ ਰਹਿ ਗਏ, ਬਿਖ਼ਰ ਗਏ ਤੇ ਸਿਫ਼ਰ ਹੋ ਕੇ ਰਹਿ ਗਏ। ਅਜਿਹੇ 'ਚ ਜ਼ੀਰੋ ਦੀ ਪਰਿਕਰਮਾ ਹੀ ਹੁੰਦੀ ਰਹੀ ਜਿਸ ਦਾ ਨਤੀਜਾ ਕੋਈ ਨਾ ਨਿਕਲ ਸਕਿਆ।
ਪੰਜਾਬ ਦੇ ਬੜੇ ਮਸਲੇ ਹਨ ਜਿਨ੍ਹਾਂ ਬਾਰੇ ਸਰਕਾਰ ਕਦੇ ਕਦਾਈਂ ਆਵਾਜ਼ ਉਠਾਉਂਦੀ ਰਹਿੰਦੀ ਹੈ ਜਿਸ ਦਾ ਮਕਸਦ ਵਕਤ ਟਪਾਈ ਕਰਨਾ ਹੁੰਦਾ ਹੈ, ਕੋਈ ਹੱਲ ਕਰਨਾ ਨਹੀਂ ਹੁੰਦਾ। ਇਸ ਲਈ ਬੁੱਧੀਜੀਵੀਆਂ ਦੀ ਬੁਲੰਦ ਆਵਾਜ਼ ਦੀ ਸਪੇਸ ਖਾਲੀ ਪਈ ਹੈ ਜਿਸ ਨੂੰ ਭਰਨ ਲਈ ਬੁੱਧੀਜੀਵੀਆਂ ਨੂੰ ਜਾਗ ਕੇ ਅੱਗੇ ਆਉਣਾ ਪਵੇਗਾ ਤਾਂ ਕਿ ਉਹ ਸੂਬੇ ਦੇ ਲੋਕਾਂ ਦੀ ਸਹੀ ਅਤੇ ਮਜ਼ਬੂਤ ਅਗਵਾਈ ਕਰ ਸਕਣ। ਇਸ ਵਕਤ ਬੁੱਧੀਜੀਵੀਆਂ ਦੀ ਗੈਰਹਾਜ਼ਰੀ ਹੈ ਜਿਹੜੀ ਆਮ ਲੋਕਾਂ ਦੇ ਮਸਲਿਆਂ ਲਈ ਨੁਕਸਾਨਦੇਹ ਵੀ ਹੈ ਤੇ ਮਾਰੂ ਵੀ।
****

(9 ਜੂਨ 2009) ਯੂਨੀਕੋਡ

ਸ਼ਾਮ ਸਿੰਘ  (ਅੰਗ-ਸੰਗ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ >>>>>

 

ਲਿਖਾਰੀ
Likhari

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.