ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

Download Punjabi Fonts English Shahmukhi Devnagri

 ਅਜੋਕਾ ਵਾਧਾ:: 26 January, 2010

   ਮੁੱਖਪੰਨਾ

             ਲੇਖ/ਆਲਾ-ਦੁਆਲਾ/ਜਾਣਕਾਰੀ/ਵਿਚਾਰ

 

ਸ਼ਬਦ ਹਮੇਸ਼ਾ ਚੁੱਕੀ ਫਿਰਦੇ ਅਨੁਭਵ ਗਹਿਰ-ਗੰਭੀਰੇ (35)

ਸ਼ਾਮ ਸਿੰਘ (ਅੰਗ-ਸੰਗ), ਚੰਡੀਗੜ੍ਹ, ਪੰਜਾਬ-

ਜਦ ਪਹਿਲਾਂ ਪਹਿਲ ਸ਼ਬਦ ਬਣੇ ਹੋਣਗੇ ਤਾਂ ਉਹ ਜ਼ਰੂਰ ਕਿਸੇ ਨਾ ਕਿਸੇ ਅਨੁਭਵ ਦਾ ਪਹਿਰਾਵਾ ਮਾਤਰ ਹੋਣਗੇ। ਆਪਣੇ ਆਪ ਵਿਚ ਸੁਤੰਤਰ ਹੁੰਦਿਆਂ ਵੀ ਉਹ ਅਨੁਭਵ ਨਾਲ ਏਨਾ ਜੁੜ ਗਏ ਕਿ ਨਾ ਅਨੁਭਵ ਅਲੱਗ ਅਤੇ ਨਾ ਹੀ ਸ਼ਬਦ ਵੱਖਰੇ। ਅਨੁਭਵ ਤੇ ਸ਼ਬਦ ਦੀ ਇਕਸੁਰਤਾ ਤੇ ਇਕਸਾਰਤਾ ਹੋਈ ਤਾਂ ਸ਼ਬਦ ਭਰਪੂਰ ਹੋ ਗਿਆ, ਵਚਿੱਤਰ ਅਤੇ ਮਨਮੋਹਕ ਹੋ ਗਿਆ।

ਇਸ ਗੱਲ ਦੀ ਚਰਚਾ ਕਰ ਲੈਣੀ ਅਣਉਚਿਤ ਨਹੀਂ ਹੋਵੇਗੀ ਕਿ ਪਹਿਲਾਂ ਸ਼ਬਦ ਦਾ ਜਨਮ ਹੋਇਆ ਕਿ ਅਨੁਭਵ ਦਾ। ਸਹਿਜ ਨਾਲ ਦੇਖਿਆ ਜਾਵੇ ਤਾਂ ਅਨੁਭਵ ਦਾ ਨਾਮਕਰਣ ਹੈ ਸ਼ਬਦ। ਆਪਣੀ ਬੁੱਕਲ 'ਚ ਅਨੁਭਵ ਨੂੰ ਲੁਕੋਣ ਵਾਲਾ ਹੈ ਸ਼ਬਦ। ਅਨੁਭਵ ਦਾ ਸਿਰਨਾਵਾਂ ਹੈ ਸ਼ਬਦ। ਇਨ੍ਹਾਂ ਨੁਕਤਿਆਂ ਤੋਂ ਸਪਸ਼ਟ ਹੋ ਰਿਹਾ ਹੈ ਕਿ ਪਹਿਲਾਂ ਅਨੁਭਵ ਆਇਆ ਅਤੇ ਫੇਰ ਸ਼ਬਦ।

ਜਿਸ ਸ਼ਖ਼ਸ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਅਨੁਭਵ ਕੀਤਾ ਜਾਂ ਉਸ ਨੂੰ ਅਨੁਭਵ ਹੋਇਆ, ਉਹ ਉਸ ਦੀ ਬਿਰਤੀ ਅਤੇ ਸੁਭਾਅ ਦਾ ਵਾਕਫ਼ ਤਾਂ ਹੋ ਗਿਆ, ਪਰ ਉਸ ਨੂੰ ਪ੍ਰਗਟਾਉਣ ਲਈ ਉਸ ਦੇ ਮੇਚ/ਬਰਾਬਰ ਦਾ ਸ਼ਬਦ ਲੱਭਣ ਲੱਗਾ। ਇਸ ਕਿਰਿਆ ਨਾਲ ਹੀ ਦੋਹਾਂ ਵਿਚ ਸਾਂਝ ਪੈ ਗਈ, ਜੋ ਬਾਅਦ ਵਿਚ ਨਿਤ ਦਿਨ ਪੀਡੀ ਹੁੰਦੀ ਗਈ।

ਅਨੁਭਵ ਤੇ ਸ਼ਬਦ ਏਨੇ ਇਕਮਿਕ ਹੋ ਗਏ ਕਿ ਇਕ ਦੂਜੇ ਤੋਂ ਵੱਖ ਹੋਣੇ ਮੁਸ਼ਕਲ ਹੋ ਗਏ। ਲੰਘਦੇ ਵਕਤ ਨਾਲ ਬਦਲਦੇ ਹਾਲਾਤ ਮੁਤਾਬਕ ਇਕ ਇਕ ਅਨੁਭਵ ਲਈ ਕਈ ਕਈ ਸ਼ਬਦ ਵੀ ਮੈਦਾਨ ਵਿਚ ਆ ਖੜ੍ਹੇ। ਪੰਜਾਬੀ ਦੇ 'ਵੱਟ' ਸ਼ਬਦ ਦੀ ਮਿਸਾਲ ਦਿੱਤੀ ਜਾ ਸਕਦੀ ਹੈ, ਜਿਸ ਦੇ ਅਰਥਾਂ/ਅਨੁਭਵਾਂ ਦੀ ਕਤਾਰ ਛੋਟੀ ਨਹੀਂ। ਜ਼ਰਾ ਦੇਖੋ : ਅੱਜ ਬਹੁਤ ਵੱਟ ਹੈ, ਖੇਤ ਵਿਚਲੀ ਵੱਟ ਸਿੱਧੀ ਨਹੀਂ, ਤੇਰੇ ਵੱਟ ਕੱਢ ਦਿਆਂਗੇ, ਪੱਗੜੀ ਨੂੰ ਵੱਟ ਪੈ ਗਏ ਅਤੇ ਹੋਰ ਕਈ, ਕਿੰਨੇ।

ਸ਼ਬਦਾਂ ਦੇ ਸਦਕੇ ਜਾਈਏ ਜਿਹੜੇ ਅਨੁਭਵਾਂ ਨੂੰ ਅੱਗੇ ਤੋਰਨ ਜਾਂ ਪਹੁੰਚਾਉਣ ਲਈ ਵਾਹਨ ਦਾ ਕੰਮ ਕਰਦੇ ਹਨ, ਜਿਹੜੇ ਪਾਠਕ ਕੋਲ ਆਪ ਤਾਂ ਆਉਂਦੇ ਹੀ ਹਨ ਅਤੇ ਨਾਲ ਲਿਆਉਂਦੇ ਹਨ ਅਨੁਭਵ। ਅਨੁਭਵ ਜਿਹੜੇ ਜ਼ਿੰਦਗੀ ਨੂੰ ਸੇਧ ਵੀ ਦਿੰਦੇ ਹਨ ਅਤੇ ਅਗਵਾਈ ਵੀ। ਜਿਹੜੇ ਸਮਾਜ ਦੀ ਹੀ ਨਹੀਂ ਵਕਤਾਂ ਦੀ ਵੀ ਰਹਿਨੁਮਾਈ ਕਰਦੇ ਹਨ ਤਾਂ ਕਿ ਕੱਲ੍ਹ ਨਾਲੋਂ ਅੱਗੇ ਵਧਿਆ ਜਾ ਸਕੇ। ਅਨੁਭਵ ਤੇ ਸ਼ਬਦ ਮਿਲ ਕੇ ਮਾਨਵਤਾ ਦੀ ਉਨਤੀ ਵਿਚ ਹਿੱਸਾ ਪਾਉਂਦੇ ਰਹੇ ਹਨ ਅਤੇ ਭਵਿੱਖ ਵਿਚ ਵੀ ਯੋਗਦਾਨ ਪਾਉਂਦੇ ਰਹਿਣਗੇ।

ਬਹੁਤ ਵਾਰ ਏਦਾਂ ਵਾਪਰਦਾ ਹੈ ਕਿ ਕੋਈ ਰਚਨਾ ਪੜ੍ਹਨ ਬਾਅਦ ਪਾਠਕ ਪਹਿਲਾਂ ਵਰਗਾ ਨਹੀਂ ਰਹਿੰਦਾ। ਉਹ ਆਪਣੇ ਅੰਦਰ ਕੁਝ ਨਵੇਂ ਤੇ ਤਾਜ਼ਗੀ ਭਰੇ ਅਹਿਸਾਸ ਮਹਿਸੂਸਦਾ ਵੀ ਹੈ ਅਤੇ ਮਾਣਦਾ ਵੀ। ਉਹ ਆਪਣੇ ਅੰਦਰ ਆਈ ਤਬਦੀਲੀ ਨਾਲ ਭਰਿਆ ਭਰਿਆ ਬਾਕੀ ਦੁਨੀਆ ਤੋਂ ਵੱਖਰਾ ਵੱਖਰਾ ਅਤੇ ਆਲੇ-ਦੁਆਲੇ ਨਾਲੋਂ ਉਚਾ-ਉਚਾ ਅਤੇ ਜ਼ਿਹਨੀ ਤੌਰ 'ਤੇ ਅਮੀਰ ਹੋਇਆ ਮਹਿਸੂਸ ਕਰਨ ਲੱਗ ਪੈਂਦਾ ਹੈ ਕਿਉਂਕਿ ਜੋ ਉਸ ਕੋਲ ਵਾਧੂ ਆ ਗਿਆ ਹੁੰਦਾ ਹੈ ਉਹ ਦੂਜਿਆਂ ਕੋਲ ਨਹੀਂ ਹੁੰਦਾ।

ਜ਼ਰਾ ਸੋਚੋ ਜੇ ਸ਼ਬਦ ਨਾ ਹੋਣ ਤਾਂ ਅਰਥ/ਅਨੁਭਵ ਦਾ ਕੀ ਬਣੇ। ਜਿਸ ਕੋਲ ਹੈ ਉਸੇ ਕੋਲ ਰਹਿ ਜਾਏ। ਦੂਜੇ ਕੋਲ ਪਹੁੰਚ ਹੀ ਨਹੀਂ ਸਕਦਾ। ਕੱਲਾ-ਕੱਲਾ ਆਪਣੇ ਹੀ ਅਨੁਭਵ ਦਾ ਸਰਮਾਇਆ ਲਈ ਫਿਰੇਗਾ। ਕਿਸੇ ਨੂੰ ਵੀ ਇਕ ਦੂਜੇ ਦੇ ਤਜ਼ਰਬਿਆਂ ਦੀ ਸਾਰ ਨਹੀਂ ਲੱਗੇਗੀ ਅਤੇ ਨਾ ਹੀ ਕੋਈ ਲਾਹਾ ਹੋਵੇਗਾ। ਸ਼ਬਦ ਨਾ ਹੋਣ ਤਾਂ ਗਹਿਰ-ਗੰਭੀਰ ਅਨੁਭਵ ਅਤੇ ਸਾਰਥਿਕ ਅਰਥ ਬੰਦਿਆਂ ਦੇ ਨਾਲ ਹੀ ਤੁਰਦੇ ਬਣਨ। ਸ਼ਬਦਾਂ ਅੱਗੇ ਨਤਮਸਤਕ ਹੋਣ ਦੀ ਲੋੜ ਹੈ, ਜਿਹੜੇ ਪਾਠਕ ਨੂੰ ਗਹਿਰ-ਗੰਭੀਰੇ ਅਨੁਭਵ ਤੋਂ ਦੂਰ ਨਹੀਂ ਰਹਿਣ ਦਿੰਦੇ।

ਕਿਉਂ ਮੁਹਿੰਮਾਂ ਅਸਰਹੀਣ

ਕਦੇ ਵੀ ਕਿਧਰੇ ਵੀ ਕੋਈ ਮੁਹਿੰਮ ਚਲਾਈ ਜਾਂਦੀ ਹੈ ਤਾਂ ਉਹ ਅਸਰ ਨਹੀਂ ਕਰਦੀ। ਕਾਰਨ ਇਹ ਕਿ ਮੁਹਿੰਮ ਚਲਾਉਣ ਵਾਲੇ ਸੁਹਿਰਦ ਅਤੇ ਨਿਸ਼ਠਾਵਾਨ ਨਹੀਂ ਹੁੰਦੇ। ਇਹ ਕਿ ਉਨ੍ਹਾਂ ਦਾ ਮਨ ਉਸ ਵਿਚ ਸ਼ਾਮਲ ਨਹੀਂ ਹੁੰਦਾ। ਇਹ ਵੀ ਕਿ ਮੁਹਿੰਮਵਾਨ ਜਿਹੜਾ ਪ੍ਰਚਾਰ ਕਰਨ ਲਈ ਮੈਦਾਨ ਵਿਚ ਉਤਰਦੇ ਹਨ ਉਹ ਖ਼ੁਦ ਉਸ 'ਤੇ ਅਮਲ ਕਰਨ ਲਈ ਤਿਆਰ ਨਹੀਂ ਹੁੰਦੇ।

ਵੱਖ-ਵੱਖ ਖੇਤਰਾਂ 'ਚ ਮੁੱਦਿਆਂ ਤੇ ਮਸਲਿਆਂ ਬਾਰੇ ਮੁਹਿੰਮ ਚਲਾਈ ਜਾਂਦੀ ਹੈ ਪਰ ਨੇਪਰੇ ਨਹੀਂ ਚੜ੍ਹਦੀ। ਕਾਰਨ ਲਗਨ ਦੀ ਘਾਟ ਅਤੇ ਵਚਨਬੱਧਤਾ ਦੀ ਵੀ। ਭਰੂਣ ਹੱਤਿਆ ਪੜ੍ਹੇ-ਲਿਖਿਆਂ, ਅਮੀਰਾਂ ਤੇ ਡਾਕਟਰਾਂ ਵੱਲੋਂ ਚਲਾਈ ਜਾ ਰਹੀ ਹੈ, ਜਿਸ ਦੀ ਉਲੰਘਣਾ ਦਾ ਕਾਰਜ ਵੀ ਉਨ੍ਹਾਂ ਵੱਲੋਂ ਹੀ ਨਿਭਾਇਆ ਜਾ ਰਿਹੈ। ਜਾਤਪਾਤ ਵਿਰੁੱਧ ਜਿਹੜੇ ਰਹਿਬਰ ਮੈਦਾਨ ਵਿਚ ਉਤਰੇ ਹੋੲੈ ਹਨ, ਉਹ ਹੀ ਇਸ ਨੂੰ ਖ਼ਤਮ ਨਹੀਂ ਹੋਣ ਦੇ ਰਹੇ, ਸਗੋਂ ਅਮਲ ਵਿਚ ਵੱਖ-ਵੱਖ ਸਕੀਮਾਂ ਰਾਹੀਂ ਇਸ ਨੂੰ ਕਾਇਮ ਰੱਖਣ ਦਾ ਉਨ੍ਹਾਂ ਵਲੋਂ ਹੀ ਉਪਰਾਲਾ ਕੀਤਾ ਜਾ ਰਿਹੈ। ਨਸ਼ਿਆਂ ਵਿਰੁੱਧ ਮੁਹਿੰਮ ਉਹ ਚਲਾ ਰਹੇ ਹਨ, ਜਿਹੜੇ ਦਿਨ ਛੁਪਣ ਤੋਂ ਪਹਿਲਾਂ ਹੀ ਟੋਟ ਮਾਰੇ ਇਨ੍ਹਾਂ ਬਿਨਾ ਨਹੀਂ ਰਹਿ ਸਕਦੇ। ਕੇਵਲ ਸ਼ੌਹਰਤ ਖੱਟਣ ਲਈ ਨਾਅਰਾ ਬਣ ਕੇ ਖ਼ੁਦ ਨਾਅਰੇ ਮਗਰ ਦਿਖਾਵਾ ਵੀ ਬਣ ਕੇ ਤੁਰਦੇ ਹਨ ਅਤੇ ਅਡੰਬਰ ਵੀ।

ਹੋਰ ਵੀ ਸਾਖ਼ਰਤਾ ਮੁਹਿੰਮ ਵਰਗੀਆਂ ਮੁਹਿੰਮਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ ਪਰ ਭ੍ਰਿਸ਼ਟਾਚਾਰ-ਰੋਕੂ ਮੁਹਿੰਮ ਵਾਂਗ ਸਫ਼ਲ ਕੋਈ ਨਹੀਂ ਹੁੰਦੀ। ਏਥੋਂ ਤੱਕ ਕਿ ਮੱਛਰ-ਮਾਰ ਮੁਹਿੰਮ ਤੱਕ ਵੀ ਸਫ਼ਲ ਨਹੀਂ ਹੁੰਦੀ ਕਿਉਂਕਿ ਦਵਾਈ ਹੀ ਅਸਰ ਨਹੀਂ ਕਰਦੀ। ਕਾਰਨ ਨਕਲੀ ਦਵਾਈ ਮੱਛਰਾਂ ਦਾ ਕੁਝ ਨਹੀਂ ਵਿਗਾੜਦੀ ਪਰ ਸਿਤਮ ਇਹ ਕਿ ਨਕਲੀ ਦਵਾਈ ਵੇਚਣ ਵਾਲਿਆਂ ਦੀ ਮੁਹਿੰਮ ਸਫ਼ਲ ਹੋਏ ਬਗੈਰ ਨਹੀਂ ਰਹਿੰਦੀ।

ਕਾਵਿ-ਟੋਟਕੇ

ਸਾਡੀ ਵੀ ਦੁਰਖਾਸਤ
ਇਹ ਮਨਜ਼ੂਰ ਕਰੋ
ਸਮੇਂ ਦੇ ਅੰਬਰ ਉਤੇ ਨੂਰੋ-ਨੂਰ ਧਰੋ।
 ...
ਰਹਿ ਨਾ ਜਾਏ ਕੋਈ
ਪੀੜਾ ਵਿਚ ਡੁੱਬ ਕੇ
ਮਿਲ ਕੇ ਜਗਦੇ ਮੱਥੇ
ਸਭ ਦੀ ਪੀੜ ਹਰੋ।

****

(3 ਜੁਲਾਈ 2009) ਯੂਨੀਕੋਡ

ਸ਼ਾਮ ਸਿੰਘ  (ਅੰਗ-ਸੰਗ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ >>>>>

 

ਲਿਖਾਰੀ
Likhari

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.