ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts English Shahmukhi Devnagri

 ਅਜੋਕਾ ਵਾਧਾ:: 26 January, 2010

ਵਾਰਸ਼ਕ ਸਰਗਰਮੀਆਂ/ਸੂਚਨਾਵਾ/ਵਿਸ਼ੇਸ਼ ਸਮਾਰੋਹ/ਸਨਮਾਨ/ਰਿਪੋਰਟ


ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ

 ਸਾਲਾਨਾ ਸਮਾਗਮ ਇੱਕ ਨਵਾਂ ਇਤਹਾਸ ਸਿਰਜ ਗਿਆ

-ਰੀਪੋਰਟ: ਹਰਬੰਸ ਬੁੱਟਰ-


ਕੈਲਗਰੀ{ਹਰਬੰਸ ਬੁੱਟਰ}: 13 ਜੂਨ 2009 ਦਾ ਦਿਨ ਸਨਮਾਨ ਸਮਾਰੋਹਾਂ ਦੀ ਲੜੀ ਵਿੱਚ ਇੱਕ ਨਵਾਂ ਇਤਹਾਸ ਸਿਰਜ ਗਿਆ। ਸ਼ਾਇਦ ਅਜਿਹਾ ਪਹਿਲੀ ਵਾਰ ਹੋਇਆ ਕਿ ਉਸੇ ਹੀ ਨਾਂ ਦਾ ਯਾਦਗਾਰੀ ਸਨਮਾਨ ਉਸੇ ਹੀ ਨਾਂ ਦੇ ਸਨਮਾਨਿਤ ਹੋਣ ਵਾਲੇ ਸੱਜਣ ਨੂੰ ਉਸੇ ਹੀ ਨਾਂ ਦੇ ਕਿਸੇ ਸੰਸਥਾ ਦੇ ਔਹੁਦੇਦਾਰ ਵੱਲੋਂ ਦਿੱਤਾ ਗਿਆ ਹੋਵੇ। ਕਨੇਡਾ ਦੇ ਸ਼ਹਿਰ ਕੈਲਗਰੀ ਵਿੱਚ ''ਇਕਬਾਲ ਅਰਪਨ ਯਾਦਗਾਰੀ ਸਨਮਾਨ" ਪ੍ਰਸਿੱਧ ਸਾਹਿਤਕਾਰ ਇਕਬਾਲ ਰਾਮੂੰਵਾਲੀਆ ਨੂੰ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਪ੍ਰਧਾਨ ਇਕਬਾਲ ਖਾਨ ਦੇ ਹੱਥੋਂ ਦਿੱਤਾ ਗਿਆ। ਫਾਲਕਿਨਰਿਜ ਕਮਿਉਨਟੀ ਹਾਲ ਵਿਚਲੀਆਂ ਰੌਣਕਾਂ ਅੱਜ ਤੱਕ ਹੋਏ ਕੈਲਗਰੀ ਸ਼ਹਿਰ ਦੇ ਸਾਹਿਤਕ ਸਮਾਗਮਾਂ ਦੇ ਰਿਕਾਰਡਾਂ ਨੂੰ ਮਾਤ ਪਾ ਗਈਆਂ। ਕਿਧਰੇ ''ੇਚੇਤਨਾ ਪ੍ਰਕਾਸਨ" ਵਾਲਿਆਂ ਦੀ ਕਿਤਾਬਾਂ ਦੀ ਸਟਾਲ ਉਪਰੋਂ ਕੋਈ ਕਿਤਾਬਾਂ ਖਰੀਦ ਰਿਹਾ ਸੀ, ਕਿਧਰੇ ਕੋਈ ਗਰਮ ਚਾਹ ਨਾਲ ਪਕੌੜਿਆਂ ਦਾ ਸੁਆਦ ਮਾਣ ਰਿਹਾ ਸੀ। ਸਟੇਜ ਸਕੱਤਰ ਦੀ ਕਾਰਵਾਈ ਸੰਭਾਲਦਿਆਂ ਸਭਾ ਦੇ ਜ: ਸਕੱਤਰ ਹਰਬੰਸ ਬੁੱਟਰ ਨੇ ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਇਕਬਾਲ ਖਾਨ ਨੂੰ ਸੱਦਾ ਦਿੱਤਾ ਕਿ ਉਹ ਅੱਜ ਦੇ ਸਾਡੇ ਮੁੱਖ ਮਹਿਮਾਨ ਇਕਬਾਲ ਰਾਮੂੰਵਾਲੀਆ ਨੂੰ ਸਨਮਾਨ ਸਾਹਿਤ ਮੰਚ ਉੱਪਰ ਲੈਕੇ ਆਉਣ। ਇਸ ਤੋਂ ਇਲਾਵਾ ਸਟੇਜ ਉਪੱਰ ਜਸਵਿੰਦਰ ਅਰਪਨ{ਸਵ: ਇਕਬਾਲ ਅਰਪਨ ਦਾ ਬੇਟਾ} ਹੰਸਾ ਸਿੰਘ ਨਾਟਕਕਾਰ, ਬੀ ਸੀ ਤੋਂ ਜਰਨੈਲ ਸੇਖਾ, ਇੰਡੀਆ ਤੋਂ ਵਿਸ਼ੇਸ਼ ਸੱਦੇ ਉੱਤੇ ਆਏ ਡਾ: ਜਗਵੀਰ ਸਿੰਘ ਅਤੇ ਡਾ: ਗੁਰਪਾਲ ਸਿੰਘ ਸੰਧੂ ਵੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਸਨ। ਆਪਣੇ ਸਵਾਗਤੀ ਭਾਸ਼ਣ ਵਿੱਚ ਪ੍ਰਧਾਨ ਇਕਬਾਲ ਖਾਨ ਨੇ ਹਾਜਰੀਨ ਨੂੰ ਜੀ ਆਇਆਂ ਕਿਹਾ, ਪ੍ਰੋਗਰਾਮ ਸਪਾਂਸਰ ਕਰਨ ਵਾਲੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਪੰਜਾਬੀ ਲਿਖਾਰੀ ਸਭਾ ਦੇ ਬਾਰੇ ਵਿੱਚ ਸੰਖੇਪ ਜਿਹੀ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ। ਨਿੰਮਾ ਖੈਰਾ, ਹਰੀਪਾਲ, ਗੁਰਬਚਨ ਬਰਾੜ, ਹਰਮਿੰਦਰ ਕੌਰ ਢਿਲੋਂ, ਗੋਰਾ ਰਕਵੇ ਵਾਲਾ, ਬਖਸ਼ ਕੌਰ ਸੰਘਾ ਅਤੇ ਮਹਿੰਦਰਪਾਲ ਐਸ ਪਾਲ ਨੇ ਆਪਣੀਆਂ ਰਚਨਾਵਾਂ ਪੇਸ ਕੀਤੀਆਂ। ਬਚਿੱਤਰ ਗਿੱਲ ਨੇ ਸ਼ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂੰਵਾਲੀਆ ਦੀ ਲਿਖੀ ਕਵੀਸ਼ਰੀ ''ਦੱਸੋ ਵੇ ਹੁਣ ਲੋਕੋ ਪਗਲੀ ਮੈਂ ਕਿੱਧਰ ਨੂੰ ਜਾਵਾਂ" ਪੇਸ਼ ਕਰਕੇ ਦੇਸ਼ ਦੀ ਵੰਡ ਵੇਲੇ ਦੇ ਹਾਲਾਤਾਂ ਨੂੰ ਦਰਸ਼ਕਾਂ ਦੀਆਂ ਅੱਖਾਂ ਸਾਹਮਣੇ ਲਿਆ ਖੜਾ ਕੀਤਾ। ਇਕਬਾਲ ਰਾਮੂੰਵਾਲੀਆ ਬਾਰੇ ਸੰਖੇਪ ਜਿਹੀ ਜਾਣਕਾਰੀ ਸਤਨਾਮ ਢਾਹ ਵੱਲੋਂ ਦਿੱਤੀ ਗਈ।

ਸਨਮਾਨ ਸਮਾਰੋਹ ਦੇ ਸਨਮਾਨਿਤ ਪਲਾਂ ਦੌਰਾਨ ਪ੍ਰਧਾਨ ਇਕਬਾਲ ਖਾਨ ਨੇ ''ਇਕਬਾਲ ਅਰਪਨ ਯਾਦਗਾਰੀ ਸਨਮਾਨ" ਨਾਲ ਇਕਬਾਲ ਰਾਮੂੰਵਾਲੀਆ ਨੂੰ ਪਲੈਕ ਦੇਕੇ ਸਨਮਾਨਿਤ ਕੀਤਾ। ਇਹ ਵੀ ਬੜੇ ਮਾਣ ਦੀ ਗੱਲ ਹੈ ਕਿ ਸਾਲ 2001 ਵਿੱਚ ਇਕਬਾਲ ਰਾਮੂੰਵਾਲੀਆ ਦੇ ਬਾਪੂ ਜੀ ਸ਼ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂੰਵਾਲੀਆ ਨੂੰ ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਸਨਮਾਨਿਤ ਕੀਤਾ ਗਿਆ ਸੀ। ਇੱਕੋ ਪਰਿਵਾਰ ਦੇ ਹਿੱਸੇ ਦੋ ਵਾਰੀ ਇਹ ਸਨਮਾਨ ਆਉਣਾ ਸਾਹਿਤਕ ਹਲਕਿਆਂ ਵਿੱਚ ਬੜੇ ਮਾਣ ਨਾਲ ਯਾਦ ਕੀਤਾ ਜਾਵੇਗਾ। ਸਨਮਾਨਿਤ ਰਾਸ਼ੀ ਵਿੱਚ 500 ਡਾਲਰ ਅਤੇ ਆਉਣ ਜਾਣ ਦਾ ਕਿਰਾਇਆ, ਸਭਾ ਦੇ ਖਜ਼ਾਨਚੀ ਬਲਜਿੰਦਰ ਸੰਘਾ ਅਤੇ ਮਹਿੰਦਰਪਾਲ ਐਸ ਪਾਲ ਵੱਲੋਂ ਅਤੇ ਸਭਾ ਦੇ ਲੇਖਕਾਂ ਦੀਆਂ ਕਿਤਾਬਾਂ ਦਾ ਸੈਟ ਪ੍ਰਸਿੱਧ ਗਜਲਗੋ ਕੇਸਰ ਸਿੰਘ ਨੀਰ ਨੇ ਇਕਬਾਲ ਰਾਮੂੰਵਾਲੀਆ ਨੂੰ ਭੇਟ ਕੀਤਾ। ਜਗਤ ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ ਜਨਾਗਲ ਦਾ ਚਿਤਰਿਆ ਹੋਇਆ, ਇਕਬਾਲ ਰਾਮੂੰਵਾਲੀਆ ਦਾ ਚਿੱਤਰ ਸਭਾ ਵੱਲੋਂ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ, ਜਸਵਿੰਦਰ ਅਰਪਨ ਅਤੇ ਪ੍ਰੋ: ਮਨਜੀਤ ਸਿੰਘ ਸਿੱਧੂ ਹੋਰਾਂ ਨੇ ਇਕਬਾਲ ਰਾਮੂੰਵਾਲੀਆ ਨੂੰ ਭੇਟ ਕੀਤਾ। ਇੰਡੀਆ ਤੋਂ ਵਿਸ਼ੇਸ਼ ਤੌਰ ਤੇ ਆਏ ਮਹਿਮਾਨ ਡਾ: ਜਗਵੀਰ ਸਿੰਘ, ਡਾ: ਗੁਰਪਾਲ ਸਿੰਘ ਸੰਧੂ ਤੇ ਨਾਟਕਕਾਰ ਹੰਸਾ ਸਿੰਘ ਨੂੰ ਵੀ ਯਾਦਗਾਰੀ ਪਲੈਕ ਦੇ ਕੇ ਸਨਮਾਨਿਤ

ਕੀਤਾ ਗਿਆ। ਸਨਮਾਨ ਦੀਆਂ ਰਸਮਾਂ ਉਪਰੰਤ ਸਟੇਜ ਸਕੱਤਰ ਹਰਬੰਸ ਬੁੱਟਰ ਨੇ ਹਾਜਰੀਨ ਦੀ ਇੱਛਾ ਨੂੰ ਪੂਰਾ ਕਰਦਿਆਂ ਇਕਬਾਲ ਰਾਮੂੰਵਾਲੀਆ ਨੂੰ ਸੱਦਾ ਦਿਤਾ ਕਿ ਉਹ ਮਾਈਕ ਉੱਪਰ ਆਕੇ ਦਰਸ਼ਕਾਂ ਨਾਲ ਸਾਂਝ ਪਾਉਣ। ਬੱਸ ਫਿਰ ਕੀ ਸੀ ਪੂਰੇ 45 ਮਿੰਟ ਇਕਬਾਲ ਨੇ ਦਰਸ਼ਕਾਂ ਨੂੰ ਕੀਲੀ ਰੱਖਿਆ। ਬਚਪਨ ਤੋਂ ਲੈਕੇ ਬਾਪੂ ਕਰਨੈਲ ਪਾਰਸ ਨਾਲ ਜੁੜੀਆਂ ਯਾਦਾਂ ਦੀਆਂ ਗੱਲਾਂ ਸਾਂਝੀਆਂ ਕੀਤੀਆਂ । ਧਰਮ ਨਿਰਪੱਖ ਹੋਣ ਦੀ ਗੱਲ ਕੀਤੀ। ਮਿਹਨਤ ਮੁਸ਼ੱਕਤ ਕਰਕੇ ਗਰੀਬੀ ਦੀ ਪੱਧਰ ਤੋਂ ਉ ੱਚਾ ਉਠਣ ਦੀ ਸੋਚ ਨੂੰ ਅਪਨਾਉਣ ਉੱਪਰ ਜ਼ੋਰ ਦਿੱਤਾ। ਕਨੇਡਾ ਵਿੱਚ ਰਹਿੰਦਿਆਂ ਇਸ ਮੁਲਕ ਪ੍ਰਤਿ ਵਫਾਦਾਰੀ ਦੀ ਗੱਲ ਵੀ ਰਾਮੂੰਵਾਲੀਆ ਸਾਹਿਬ ਦੇ ਵਿਚਾਰਾਂ ਵਿੱਚ ਸ਼ਾਮਿਲ ਰਹੀ।

'ਵੱਡੇ ਵੱਡੇ ਘਰਾਂ ਵਿੱਚ ਨਿੱਕੇ ਨਿੱਕੇ ਲੋਕ ਨੇ।
'ਪਤੰਗਾ ਦਾ ਕੀ ਕਰੋਗੇ ਜੇ ਹਵਾਵਾਂ ਤੋੜ ਬੈਠੋਗੇ।
'ਲਾਸ਼ਾਂ ਨਾਲ ਭਰਿਆ ਹੈ ਹਰ ਕਾਲਮ ਖਬਰਾਂ ਦਾ
ਥੋੜਾ ਹੀ ਫਰਕ ਹੁਣ ਤਾਂ ਅਖਬਾਰਾਂ ਤੇ ਕਬਰਾਂ ਦਾ।
'ਅੱਖੀਆਂ ਦਾ ਕੀ ਬਣੇਗਾ।
'ਆਓ ਗਿੱਧੇ ਦੇ ਪਿੜ ਵਿੱਚ ਆਓ ਕੁੜੀਓ।

ਵਰਗੀਆਂ ਪਰਿਵਾਰਕ, ਕਨੇਡੀਅਨ ਜਿੰਦਗੀ ਦੀਆਂ ਬੋਲੀਆਂ ਪਾਕੇ ਪੰਡਾਲ ਵਿੱਚ ਹਾਜਰ ਔਰਤਾਂ ਨੂੰ ਵੀ ਖੁਸ਼ ਕਰ ਦਿੱਤਾ। ਬਾਪੂ ਪਾਰਸ ਨੂੰ ਯਾਦ ਕਰਦਿਆਂ ''ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ" ਕਵੀਸ਼ਰੀ ਰੰਗ ਵਿੱਚ ਗਾ ਕੇ ਰਾਮੂੰਵਾਲੀਏ ਕਵੀਸ਼ਰੀ ਜਥੇ ਦੀ ਪੁਰਾਣੀ ਯਾਦ ਤਾਜ਼ਾ ਕਰਵਾ ਦਿੱਤੀ। ਡਾ: ਦਰਸਨ ਗਿੱਲ, ਡਾ: ਜਗਵੀਰ ਸਿੰਘ, ਡਾ: ਗੁਰਪਾਲ ਸੰਧੂ, ਮਨਮੀਤ ਭੁੱਲਰ ਐਮ ਐਲ ਏ, ਜਰਨੈਲ ਸੇਖਾ ਨੇ ਵਾਰੀ ਵਾਰੀ ਇਕਬਾਲ ਰਾਮੂੰਵਾਲੀਆ ਨੂੰ ਤੇ ਪੰਜਾਬੀ ਲਿਖਾਰੀ ਸਭਾ ਨੂੰ ਵਧਾਈ ਦਿੱਤੀ। ਨਦੀਮ ਪਰਮਾਰ ਨੇ ਵਧਾਈ ਦੇ ਨਾਲ ਆਪਣੀ ਗਜ਼ਲ ''ਤਸਦੀਕ'' ਵੀ ਸੁਣਾਈ। 'ਵਿਰਸੇ ਦੇ ਵਾਰਿਸ' ਗੀਤ ਦਾ ਗਾਇਕ ਰਾਜ ਰਣਜੋਧ ਆਪਣੀ ਸਾਫ ਸੁਥਰੀ ਗਾਇਕੀ ਦੀ ਛਾਪ ਛੱਡ ਗਿਆਂ। ਛੋਟੀ ਉਮਰੇ ਉਚੀ ਸੋਚ ਦੇ ਮਾਲਕ ਰਾਜ ਰਣਜੋਧ ਨੇ ਜਦੋਂ ਛੱਲਾ ਸੁਣਾਇਆ ਤਾਂ ਇਕਬਾਲ ਰਾਮੂੰਵਾਲੀਆ ਨੇ ਉੱਠਕੇ ਉਸ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ। ਤ੍ਰਿਲੋਚਨ ਸੈਂਬੀ ਤੇ ਭੋਲਾ ਚੌਹਾਨ ਦੀ ਜੋੜੀ ਨੇ ਆਖਿਰ ਵਿੱਚ ਮੇਲਾ ਲੁੱਟਿਆ। ਕਨੇਡਾ ਦੀ ਜ਼ਿੰਦਗੀ ਤੇ ਅਧਾਰਤ ਕਲੀ ਨੂੰ ਇਸ ਜੋੜੀ ਨੇ ਸਾਜਾਂ ਤੋਂ ਬਿਨਾਂ ਇੰਨੇ ਕੁ ਜੋਰ ਨਾਲ ਗਾਇਆ ਕਿ ਸਾਉਂਡ ਸਿਸਟਮ ਸ਼ਾਇਦ ਪੁਰਾਣਾ ਹੁੰਦਾ ਤਾਂ ਵਿਚਾਲੇ ਹੀ ਸਾਥ ਛੱਡ ਜਾਂਦਾਂ। ਆਖਿਰ ਤੇ ਪ੍ਰਧਾਨ ਇਕਬਾਲ ਖਾਨ ਨੇ ਪ੍ਰੋਗਰਾਮ ਵਿੱਚ ਆਏ ਕੈਲਗਰੀ ਨਿਵਾਸੀਆਂ ਦਾ, ਸਪਾਂਸਰ ਵੀਰਾਂ ਦਾ, ਸਮੁੱਚੇ ਮੀਡੀਏ ਦਾ ਜਿੰਨਾਂ ਵਿੱਚ ਰੇਡੀਓ ''ਸੁਰ ਸੰਗਮ" ਸਿੱਖ ਵਿਰਸਾ ਤੋਂ ਹਰਚਰਨ ਸਿੰਘ, ਚੰਦ ਸਿੰਘ ਸਦਿਓੜਾ, ਅਜੀਤ ਅਖਬਾਰ ਤੋਂ ਜਸਜੀਤ ਧਾਮੀ, ਰੇਡੀਓ ਸਪਾਈਸ ਤੋਂ ਕੁਲਦੀਪ ਪਰਮਾਰ, ਜੱਗਬਾਣੀ ਤੋਂ ਜਰਨੈਲ ਬਸੋਤਾ ਰੇਡੀਓ ਸਭਰੰਗ ਦੀ ਟੀਮ, ਮਾਸਟਰ ਸੁਖਦੇਵ ਸਿੰਘ ਧਾਲੀਵਾਲ ਤੇ ਹਰਭਜਨ ਸੰਧੂ, ਮਨਪ੍ਰੀਤ ਬਰਾੜ ਅਤੇ ਸੁਖਪਾਲ ਪਰਮਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਹ ਸਾਰਾ ਪ੍ਰੋਗ੍ਰਾਮ ਕੈਲਗਰੀ ਨਿਵਾਸੀਆਂ ਲਈ ਨਾਲੋ ਨਾਲ ਪ੍ਰਸਾਰਿਤ ਕੀਤਾ। ਮਹਿੰਦਰਪਾਲ ਦੀ ਮਿਹਨਤ ਸਦਕਾ ਇਸ ਵਾਰ ਸਾਰੇ ਸਪਾਂਸਰ ਵੀਰਾਂ ਦੀ ਐਡਵਰਟਾਈਜਮੈਂਟ ਨਾਲੋ ਨਾਲ ਸਕਰੀਨ ਉੱਪਰ ਚਲਦੀ ਰਹੀ। ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਸਾਰੇ ਸੱਜਣ ਖੁਸ਼ੀ ਖੁਸ਼ੀ ਆਪੋ ਆਪਣੇ ਘਰਾਂ ਨੂੰ ਵਿਦਾ ਹੋਏ। ਬਹੁਤ ਸਾਰੇ ਹੋਰ ਬਾਹਰੋਂ ਆਏ ਸੱਜਣ ਅਤੇ ਪੰਜਾਬੀ ਲਿਖਾਰੀ ਸਭਾ ਦੇ ਆਪਣੇ ਮੈਂਬਰਾਂ ਨੂੰ ਸਮੇਂ ਦੀ ਘਾਟ ਕਾਰਣ ਸਟੇਜ ਉੱਪਰ ਨਹੀਂ ਬੁਲਾਇਆ ਜਾ ਸਕਿਆ ਜਿਸ ਦੇ ਲਈ ਖਿਮਾਂ ਮੰਗੀ ਗਈ।
*****
26 ਜੂਨ 2009- ਯੂਨੀਕੋਡ

ਲਿਖਾਰੀ
Likhari

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.