ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

Download Punjabi Fonts English Shahmukhi Devnagri

 ਅਜੋਕਾ ਵਾਧਾ:: 26 January, 2010

-ਸਰਗਰਮੀਆਂ/ਸ਼ੋਕ ਸਮਾਚਾਰ/ਜ਼ਰੂਰੀ ਸੂਚਨਾ-


ਤੇਰਾ ਸਿੰਘ ਚੰਨ

ਪੰਜਾਬੀ ਲੇਖਕ/ਪੱਤਰਕਾਰ
ਤੇਰਾ ਸਿੰਘ ਚੰਨ ਅਤੇ ਭੂਸ਼ਣ ਧਿਆਨਪੁਰੀ ਨਹੀਂ ਰਹੇ


ਭੂਸ਼ਣ ਧਿਆਨਪੁਰੀ


ਪੰਜਾਬੀ ਲੇਖਕ/ਪੱਤਰਕਾਰ ਡਾ: ਤੇਰਾ ਸਿੰਘ ਚੰਨ ਅਤੇ ਪੰਜਾਬੀ ਕਵੀ/ਕਾਲਮ ਨਵੀਸ ਬੇਨਤੀ ਸਰੂਪ ਸ਼ਰਮਾ ਜਿਹੜੇ ਕਿ ਭੂਸ਼ਨ ਧਿਆਨਪੁਰੀ ਦੇ ਨਾਂ ਨਾਲ ਜਾਣੇ ਜਾਂਦੇ ਸਨ, ਇਸ ਸੰਸਾਰ ਦੀ ਯਾਤਰਾ ਸਮਾਪਤ ਕਰਕੇ, ਅ-ਮੁੜਵੇਂ ਦੇਸ ਜਾ ਬਿਰਾਜੇ ਹਨ।

ਸਮਾਜਕ ਜਾਗ੍ਰਿਤੀ ਲਿਆਉਣ ਦੀ ਤੀਬਰ ਇੱਛਾ ਦੇ ਧਾਰਨੀ ਡਾ: ਤੇਰਾ ਸਿੰਘ ਚੰਨ ਨੇ ਸਦਾ ਹੀ ਨਵੀਆਂ ਅਤੇ ਹਾਂ-ਪਖੀ ਕਦਰਾਂ ਕੀਮਤਾਂ ਦੀ ਹਾਮੀ ਭਰਦਿਆਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਉਨੱਤੀ ਲਈ ਕੋਸ਼ਿਸ਼ ਕੀਤੀ। ਇੰਝ ਹੀ ਭੂਸ਼ਨ ਧਿਆਨਪੁਰੀ ਨੇ ਆਪਣੀ ਵਿਅੰਗਮਈ ਲੇਖਣੀ ਨਾਲ ਕਵਿਤਾ ਅਤੇ ਵਾਰਤਕ ਰਾਹੀਂ ਜਨ-ਸਾਧਾਰਨ ਦੀਆਂ ਭਾਵਨਾਵਾਂ ਦੀ ਸਹੀ ਤਰਜਮਾਨੀ ਕੀਤੀ।

ਡਾ: ਤੇਰਾ ਸਿੰਘ ਚੰਨ ਅਤੇ ਭੂਸ਼ਣ ਧਿਆਨਪੁਰੀ ਦੀ ਮੌਤ ਨਾਲ ਪੰਜਾਬੀ ਸਾਹਿਤਕ ਜਗਤ ਨੂੰ ਇੱਕ ਨਾ-ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਅਦਾਰਾ 'ਲਿਖਾਰੀ' ਦੋਹਾਂ ਹੀ ਲੇਖਕਾਂ ਦੇ ਅਕਾਲ ਚਲਾਣੇ ਉਤੇ ਸ਼ੋਕ ਪ੍ਰਗਟਾਉਂਦਾ ਹੈ।

ਵਿਛੜੇ ਲੇਖਕਾਂ ਨੂੰ ਚੇਤੇ ਕਰਦਿਆਂ:

ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਦੋਹਾਂ ਹੀ ਲੇਖਕਾਂ ਦੀ ਮੋਤ ਉਤੇ ਸ਼ੋਕ ਪ੍ਰਗਟ ਕਰਦਿਆਂ ਲੇਖਕਾਂ ਦੇ ਪਰਵਾਰਕ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।

ਵਿੱਦਿਆ ਅਤੇ ਭਾਸ਼ਾ ਮੰਤਰੀ ਪੰਜਾਬ ਡਾ: ਉਪਿੰਦਰਜੀਤ ਕੌਰ ਨੇ ਭੂਸ਼ਨ ਧਿਆਨਪੁਰੀ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਸਾਹਿਤਕ ਜਗਤ ਨੂੰ ਇੱਕ ਬਹੁਤ ਹੀ ਵਧੀਆ ਲੇਖਕ ਅਤੇ ਅਲੋਚਕ ਦਾ ਘਾਟਾ ਪਿਆ ਹੈ। ਆਪਣੀ ਵਿਲੱਖਣ ਲਿਖਣ ਸ਼ੈਲੀ ਸਦਕਾ ਸਾਹਿਤਕ ਜਗਤ ਭੂਸ਼ਣ ਧਿਆਨਪੁਰੀ ਦੀਆਂ ਲਿਖਤਾਂ ਨੂੰ ਸਦਾ ਹੀ ਆਦਰ ਨਾਲ ਵੇਖੇਗਾ।

ਪ੍ਰੇਮ ਮਾਨ ਲਿਖਦੇ ਹਨ:


ਆਪਣੇ ਬਹੁਤ ਪੁਰਾਣੇ ਦੋਸਤ ਭੂਸ਼ਨ ਧਿਆਨਪੁਰੀ ਦੀ ਮੌਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ ਹੈ। ਭੂਸ਼ਨ ਪੰਜਾਬੀ ਦੇ ਉਨ੍ਹਾਂ ਥੋੜੇ ਜਿਹੇ ਲੇਖਕਾਂ ਵਿੱਚੋਂ ਇਕ ਸੀ ਜਿਨ੍ਹਾਂ ਨੇ ਜੋ ਲਿਖਿਆ ਓਹੀ ਜੀਵਿਆ ਜਾਂ ਫਿਰ ਜੋ ਜੀਵਿਆ ਓਹੀ ਲਿਖਿਆ। ਭੂਸ਼ਨ ਦੀ ਸੱਚ ਨਾਲ ਜਨਮ ਤੋਂ ਹੀ ਸਾਂਝ ਸੀ। ਉਸਨੇ ਹਮੇਸ਼ਾ ਹੀ ਸੱਚ ਬੋਲਿਆ, ਸੱਚ ਲਿਖਿਆ, ਅਤੇ ਸੱਚ ਦੇ ਹਾਮੀਆਂ ਨਾਲ ਦੋਸਤੀਆਂ ਨਿਭਾਈਆਂ। ਭੂਸ਼ਨ ਨੇ ਜ਼ਿੰਦਗੀ ਵਿੱਚ ਕਦੇ ਵੀ ਸ਼ਰਾਬ ਦੀ ਬੋਤਲ ਲੈ ਕੇ ਜਾਂ ਫਿਰ ਸਿਰਫ਼ ਦੋਸਤੀ ਨਿਭਾਉਣ ਲਈ ਕਿਸੇ ਲੇਖਕ ਦੀਆਂ ਲਿਖਤਾਂ ਜਾਂ ਕਿਤਾਬਾਂ ਦੀ ਪ੍ਰਸੰਸਾ ਨਹੀਂ ਸੀ ਕੀਤੀ। ਜਦੋਂ ਮੈਂ 1971 ਤੋਂ 1975 ਤੱਕ ਚੰਡੀਗੜ੍ਹ ਰਹਿੰਦਾ ਸੀ ਤਾਂ ਭੂਸ਼ਨ, ਅਮਿਤੋਜ, ਅਮਰੀਕ ਗਿੱਲ (ਫ਼ਿਲਮ ਜਗਤ ਵਾਲਾ), ਅਤੇ ਮੈਂ ਆਮ ਤੌਰ ਤੇ ਹਰ ਹਫ਼ਤੇ ਦੋ ਕੁ ਵਾਰੀ 22 ਸੈਕਟਰ ਤੇ ਕਾਫ਼ੀ ਹਾਊਸ ਵਿੱਚ ਮਿਲ ਕੇ ਕਾਫ਼ੀ ਅਤੇ ਭੂਸ਼ਨ ਦੇ ਮਜ਼ਾਕਾਂ ਦਾ ਸੁਆਦ ਮਾਣਦੇ ਸਾਂ। ਭੂਸ਼ਨ ਕੋਲ ਚੁਟਕਲਿਆਂ ਦਾ ਭੰਡਾਰ ਸੀ। ਉਹ ਚੁਟਕਲੇ ਸੁਣਾ ਕੇ ਆਪ ਹੀ ਉੱਚੀ ਉੱਚੀ ਹੱਸਦਾ ਅਤੇ ਹੱਸਦਾ ਹੱਸਦਾ ਦੋਹਰਾ ਹੁੰਦਾ ਰਹਿੰਦਾ। ਪਤਲੇ ਜਿਹੇ ਸਰੀਰ ਵਾਲਾ ਭੂਸ਼ਨ ਕਾਫ਼ੀ ਦੇ ਨਾਲ ਸਿਗਰਟ ਤੇ ਸਿਗਰਟ ਪੀਂਦਾ ਰਹਿੰਦਾ ਅਤੇ ਚੁਟਕਲੇ ਸੁਣਾਉਂਦਾ ਰਹਿੰਦਾ। ਉਹ ਦਿਨ ਹਾਲੇ ਵੀ ਕੱਲ ਵਾਂਗ ਯਾਦ ਹਨ। ਭੂਸ਼ਨ ਕੋਲ ਆਪਣੇ ਹੀ ਢੰਗ ਨਾਲ ਗੱਲ ਕਹਿਣ ਅਤੇ ਲਿਖਣ ਦੀ ਕਲਾ ਸੀ ਜੋ ਸਰੋਤਿਆਂ ਨੂੰ ਅਤੇ ਪਾਠਕਾਂ ਨੂੰ ਆਪਣੇ ਨਾਲ ਬੰਨ੍ਹ ਲੈਂਦੀ ਸੀ। ਦੋ-ਢਾਈ ਸਾਲ ਪਹਿਲਾਂ ਜਦੋਂ ਮੈਂ ਭੂਸ਼ਨ ਨੂੰ ਆਖਰੀ ਵਾਰੀ ਮਿਲਿਆ ਤਾਂ ਉਹ ਹਾਲੇ ਵੀ ਓਸੇ ਤਰ੍ਹਾਂ ਮਜ਼ਾਕੀਆ ਗੱਲਾਂ ਸੁਣਾਉਂਦਾ ਸੀ। ਉਸਦੀ ਸਿਹਤ ਕੁਝ ਡਾਵਾਂਡੋਲ ਲਗਦੀ ਸੀ। ਕਾਸ਼ ਭੂਸ਼ਨ ਆਪਣੀ ਸਿਹਤ ਵੱਲ ਜ਼ਿਆਦਾ ਧਿਆਨ ਦਿੰਦਾ। ਪੰਜਾਬੀ ਸਾਹਿਤ ਨੂੰ ਹੀ ਨਹੀਂ ਸਗੋਂ ਇਸ ਸੰਸਾਰ ਨੂੰ ਭੂਸ਼ਨ ਜਿਹੇ ਵਧੀਆ ਇਨਸਾਨਾਂ ਦੀ ਲੋੜ ਹੈ। ਭੂਸ਼ਨ ਦਾ ਤੁਰ ਜਾਣਾ ਉਸਦੇ ਪਰਵਾਰ ਦੇ ਮੈਂਬਰਾਂ, ਦੋਸਤਾਂ, ਅਤੇ ਪੰਜਾਬੀ ਸਾਹਿਤ ਲਈ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ।

*******

(15 ਜੁਲਾਈ 2009 ਯੂਨੀਕੋਡ)

 

ਲਿਖਾਰੀ
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.