ਵਾਰਸ਼ਕ ਸਰਗਰਮੀਆਂ/ਸੂਚਨਾਵਾ/ਵਿਸ਼ੇਸ਼ ਸਮਾਰੋਹ/ਸਨਮਾਨ/ਰਿਪੋਰਟ

 

 

ਚੱਲ ਬੁੱਲਿਆ ਹੁਣ ਓਥੇ ਚੱਲੀਏ

-ਰੀਪੋਰਟ: ਕਿਰਪਾਲ ਸਿੰਘ ਪੰਨੂ-


ਇੱਕ ਉੱਚੇ ਉਦੇਸ਼ ਨੂੰ ਪਰਨਾਇਆ ਨਾਟਕ ਪੇਸ਼ ਕਰਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੁੰਦਾ। ਫਿਰ ਜੇ ਉਸ ਸੁਥਰੇ ਪਰੋਗਰਾਮ ਵਿੱਚ ਸੂਫੀਮੱਤ ਅਤੇ ਗੁਰਮੱਤ ਦਾ ਸੁਮੇਲ ਕਰਨਾ ਹੋਵੇ, ਜੋ ਧਰਮਾਂ ਦੀਆਂ ਹੱਦਾਂ, ਦੇਸ਼ਾਂ ਦੀਆਂ ਸਰਹੱਦਾਂ ਤੋਂ ਪਾਰ ਟੱਪਕੇ ਪਿਆਰ ਮੁਹੱਬਤ ਦਾ ਸਤਰੰਗਾ ਪੁਲ਼ ਉਸਰਦਾ ਹੋਵੇ, ਜਿਸ ਵਿੱਚ ਮਾਰਫਤ ਦੇ ਗੁੱਝੇ ਤੇ ਗੰਭੀਰ ਨੁਕਤੇ ਉਜਾਗਰ ਕਰਨੇ ਹੋਣ। ਪਰ ਇਹ ਸਾਰਾ ਕੁੱਝ ਸੱਚ ਕਰ ਦਿਖਾਇਆ ਬਰੈੰਪਟਨ ਨਿਵਾਸੀ ਨੌਜੁਆਨ ਸੁਪਨ ਸੰਧੂ ਨੇ। ਆਪਣੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਅਨੇਕਾਂ ਝੱਖੜਾਂ-ਤੂਫਾਨਾਂ ਵਿੱਚ ਦੀ ਲੰਘਣਾ ਪਿਆ ਇਸ ਸੁਪਨਸਾਜ ਨੌਜੁਆਨ ਨੂੰ। ਜਿਵੇਂ ਕਿ ਉਸਨੇ ਆਪਣੇ ਨਾਟਕ ਦੀ ਪਿੱਠ-ਭੂਮੀ ਦੇ ਚਿੱਤਰ ਬੜੀ ਮਿਹਨਤ ਨਾਲ਼ ਤਿਆਰ ਕਰਵਾਏ ਤੇ ਇੱਕ ਦਿਨ ਉਹ ਹਾਲ ਦੇ ਅੰਦਰ ਆਪਣੀ ਰਿਹਰਸਲ ਕਰਨ ਵਿੱਚ ਖੁਭਿਆ ਰਿਹਾ ਤੇ ਬਾਹਰ ਮੀਂਹ ਮਹਾਰਾਜ ਨੇ ਸਾਰਾ ਕੁੱਝ ਹੀ ਗੁੜ ਗੋਬਰ ਕਰ ਦਿੱਤਾ। ਪਰ ਹਿੰਮਤ ਦੇਖੋ ਇਸ ਸਿਰੜੀ ਨੌਜੁਆਨ ਦੀ ਉਸਨੇ ਦੇਖਦਿਆਂ ਸਾਰ ਉਨ੍ਹਾਂ ਸਾਰਿਆਂ ਨੂੰ ਚੁੱਕਿਆ ਤੇ ਮੁੜ ਚਿੱਤਰਕਾਰ ਦੇ ਵਿਹੜੇ ਜਾ ਪਹੁੰਚਿਆ ਤੇ ਉਨ੍ਹਾਂ ਨੂੰ ਲੋੜ ਅਨੁਸਾਰ ਮੁੜ ਨਵਿਆਇਆ।

ਕਲਾਕਾਰਾਂ ਦੀ ਟੀਮ ਨੂੰ ਇਕੱਠਿਆਂ ਰੱਖਣਾ ਸੌ ਸ਼ੇਰਾਂ ਨੂੰ ਆਗਿਆਕਾਰੀ ਕਹਿਣੇ ਵਿੱਚ ਕਰਨ ਦੇ ਤੁੱਲ ਹੋਇਆ ਕਰਦਾ ਹੈ। ਜਿਵੇਂ ਕਿਵੇਂ ਇਹ ਕਾਰਜ ਕਰਨ ਦੀ ਕਰਾਮਾਤ ਵੀ ਸੁਪਨ ਸੰਧੂ ਨੇ ਕਰ ਵਿਖਾਈ। ਆਰਥਕ ਸਮੱਸਿਆਵਾਂ ਆਪਣੇ ਆਪ ਵਿੱਚ ਹੀ ਸਰਵੁੱਚ ਹੋਇਆ ਕਰਦੀਆਂ ਹਨ ਜਿਨ੍ਹਾਂ ਨਾਲ਼ ਦੋ ਚਾਰ ਹੋਏ ਬਿਨਾਂ ਜੀਵਨ ਦਾ ਕੋਈ ਵੀ ਕਾਰਜ ਸੰਪੂਰਨ ਨਹੀਂ ਹੋ ਸਕਦਾ। ਚਾਰ ਚਫੇਰਿਓਂ ਇਨ੍ਹਾਂ ਨਵੀਆਂ-ਨਵੀਆਂ ਅਤੇ ਅਨੋਖੀਆਂ ਸਮੱਸਿਆਵਾਂ ਦਾ ਘੇਰਿਆ ਜੇ ਕਿਧਰੇ ਉਹ ਥੋੜ੍ਹਾ ਬਹੁਤਾ ਡੋਲਿਆ ਵੀ ਤਾਂ ਮਾਤਾ-ਪਿਤਾ ਦੀ ਹੱਲਾ ਸ਼ੇਰੀ ਨੇ ਮੁੜ ਉਸਨੂੰ ਸਮੇਂ ਤੇ ਹੀ ਸ਼ੇਰ ਬਣਾ ਦਿੱਤਾ। ਤੇ ਉਸਨੇ ਆਪਣੇ ਮਿਥੇ ਟੀਚੇ ਨੂੰ ਪੂਰਾ ਕਰਨ ਦੀ ਆਖਰ ਕਰਾਮਾਤ ਕਰ ਦਿਖਾਈ।

ਉਸਨੇ 23 ਅਗਸਤ 2009 ਦਿਨ ਐਤਵਾਰ ਨੂੰ ਆਪਣਾ ਨਾਟਕ 'ਬੁੱਲ੍ਹਾ' ਬਰੈੰਪਟਨ ਦੇ ਰੋਜ਼ ਥੀਏਟਰ ਵਿੱਚ 'ਸੀਰਤ ਐੰਟਰਟੇਨਮੈੰਟ' ਦੇ ਬੈਨਰ ਥੱਲੇ ਅਤੇ 'ਏਕਮ ਟੀਵੀ' ਦੇ ਸਹਿਯੋਗ ਨਾਲ਼ ਸਫਲਤਾ ਪੂਰਵਕ ਪੇਸ਼ ਕਰ ਦਿਖਾਇਆ। ਸਮੁੱਚੇ ਨਾਟਕ ਦੀ ਪੇਸ਼ਕਾਰੀ ਦੀ ਸਫਲਤਾ ਦਾ ਪ੍ਰਤੀ ਸੈਂਕੜਾ 'ਵਧੀਆ ਨਾਟਕ' ਤੋਂ ਵੱਧ ਜਾਂ ਕੁੱਝ ਘੱਟ ਹੋ ਸਕਦਾ ਹੈ ਪਰ ਇਹ ਸੱਚ ਜ਼ਰੂਰ ਹੈ ਕਿ ਜਿਸ ਦਰਸ਼ਕ ਦੇ ਵੀ ਵਿਚਾਰ ਜਾਨਣ ਦੀ ਕੋਸ਼ਿਸ਼ ਕੀਤੀ ਗਈ, ਉਸਨੇ ਹੀ ਇਸ ਨੂੰ ਇੱਕ ਸਫਲ ਨਾਟਕ ਦਰਸਾਇਆ ਅਤੇ ਮੱਥੇ ਵਿੱਚ ਖਿੜੇ ਨੂਰ ਨਾਲ਼ ਇਸ ਦੀਆਂ ਪਰਾਪਤੀਆਂ ਨੂੰ ਸਲਾਹਿਆ। ਮਾਣਯੋਗ ਰਾਏ-ਦਰਸ਼ਾਵਿਆਂ ਦੀ ਸੂਚੀ ਬੜੀ ਲੰਮੀ ਹੈ ਫਿਰ ਵੀ ਸਰਦਾਰਨੀ ਤੇ ਸਰਦਾਰ ਜੋਗਿੰਦਰ ਸਿੰਘ ਗਰੇਵਾਲ਼, ਰਜਿੰਦਰ ਕੌਰ ਬੱਲ ਤੇ ਉਸਦੀ ਦੋਸਤ, ਪਤਵੰਤ ਪੰਨੂੰ, ਸੁਜਾਨ ਕੌਰ ਬਰਾੜ, ਡਾ: ਗੁਰਮੀਤ ਸਿੰਘ, ਰਾਜਿੰਦਰ ਗਰੇਵਾਲ਼, ਬਲਵਿੰਦਰ ਚੂਹੜਚੱਕ, ਸਰਦਾਰਨੀ ਤੇ ਸਰਦਾਰ ਗੁਰਬਚਨ ਸਿੰਘ ਚਿੰਤਕ, ਟੈਲੀਫੋਨ ਉੱਤੇ ਇਕਬਾਲ ਰਾਮੂਵਾਲ਼ੀਆ ਆਦਿ ਦੇ ਨਾਂ ਵਰਨਣ ਯੋਗ ਹਨ।

ਬਰੈੰਪਟਨ ਦਾ ਰੋਜ਼ ਥੀਏਟਰ ਆਪਣੇ ਆਪ ਵਿੱਚ ਹੀ ਇੱਕ ਬਹੁਤ ਵਧੀਆ ਥੀਏਟਰ ਹੈ। ਨਾਟਕ ਆਰੰਭ ਹੋਣ ਤੋਂ ਪਹਿਲੋਂ ਉਡੀਕ ਵਿੱਚ ਦੂਰ ਨੇੜੇ ਤੋਂ ਆਏ ਹਮਖਿਆਲ ਇੱਕ ਦੂਜੇ ਨੂੰ ਮਿਲ਼ ਕੇ ਆਪਣੇ ਸੁੱਚੇ ਸੰਵਾਦ ਰਚਾ ਰਹੇ ਸਨ। ਮਾਹੌਲ ਬਹੁਤ ਹੀ ਸੁਖਾਵਾਂ-ਸੁਖਾਵਾਂ ਅਤੇ ਪਿਆਰਾ-ਪਿਆਰਾ ਸੀ। ਹਾਲ ਦੇ ਦਰਵਾਜ਼ੇ ਖੁੱਲ੍ਹਣ ਉੱਤੇ ਪੂਰੇ ਸ਼ਿਸਟਾਚਾਰ ਨਾਲ਼ ਦਰਸਕ ਅੰਦਰ ਜਾ ਰਹੇ ਸਨ ਅਤੇ ਅੱਗੇ ਥੀਏਟਰ ਦਾ ਮਾਰਗ-ਦਰਸ਼ਨੀ ਸਟਾਫ ਬਣਦੇ ਸਤਿਕਾਰ ਨਾਲ਼ ਉਨ੍ਹਾਂ ਨੂੰ ਸੀਟਾਂ ਉੱਤੇ ਲੈ ਜਾ ਰਹੇ ਸਨ। ਸੰਦਲੀ ਸੋਚ ਦੇ ਦਰਵਾਜ਼ੇ ਅਜੇ ਅੱਜ ਦੇ ਖੇਡੇ ਜਾਣ ਵਾਲ਼ੇ ਨਾਟਕ ਨੇ ਖੋਹਲਣੇ ਸਨ।

ਨਾਟਕ ਪੂਜਣਯੋਗ ਸੂਫੀ ਫਕੀਰ 'ਸੱਈਅਦ ਬੁੱਲ੍ਹੇ ਸ਼ਾਹ' ਦੇ ਅੰਤਕਾਲ ਤੋਂ ਆਰੰਭ ਹੋਇਆ ਤੇ ਮੋੜਾ ਕੱਟਕੇ ਉਸਦੀ ਅੱਲ੍ਹੜ ਵਰੇਸ ਉਮਰ ਵਿੱਚ ਪਹੁੰਚ ਗਿਆ, ਫਿਰ ਪੜਾ ਦਰ ਪੜਾ ਚੱਲਦਾ ਹੋਇਆ ਬੁੱਲ੍ਹੇ ਸ਼ਾਹ ਦੀਆਂ ਜੀਵਨ ਭਰ ਦੀਆਂ ਕਥਨੀਆਂ, ਕਰਨੀਆਂ, ਉਸਦਾ ਆਲ਼ ਦੁਆਲ਼, ਉਸਦੇ ਮੁਰਸ਼ਦ, ਉਸਦੇ ਚੇਲੇ, ਉਸਦੀ ਜੀਵਨ ਸ਼ੈਲੀ, ਉਸਦੀ ਜੀਵਨ ਸੋਚ ਦਰਸਕਾਂ ਦੇ ਅੱਗੇ ਕਲਾਤਮਕ ਪੇਸ਼ਕਾਰੀ ਨਾਲ਼ ਚਿੱਟੇ ਚਾਨਣ ਵਾਂਗ ਉਜਾਗਰ ਕਰਦਾ ਚਲਾ ਗਿਆ।

ਇਹ ਇੱਕ ਬੜਾ ਹੀ ਗੰਭੀਰ ਨਾਟਕ ਸੀ। ਦਰਸ਼ਕਾਂ ਨੇ ਇਸਨੂੰ ਸ਼ਾਹ ਰੋਕ ਕੇ ਮਾਣਿਆਂ। ਹਾਂ ਕਦੀ-ਕਦੀ ਛੋਟੇ ਬੱਚਿਆਂ ਦੀ ਥੋੜੀ ਬਹੁਤੀ ਚੂੰ-ਚਰਾਂ ਇਸ ਸ਼ਾਂਤੀ ਭਰੀ ਚੁੱਪ ਨੂੰ ਜਿਉਂਦਿਆਂ ਕਰ ਜਾਂਦੀ ਸੀ। ਹਰ ਝਾਕੀ ਪਿੱਛੋਂ ਦਰਸ਼ਕਾਂ ਵੱਲੋਂ ਭਰਪੂਰ ਤਾੜੀਆਂ ਦੀ ਭਰਮਾਰ ਨਾਟਕ ਦੇ ਪਲ-ਪਲ ਸਫਲ ਹੋਣ ਦੀ ਸਾਹਦੀ ਭਰਦੀ ਰਹੀ।

ਇਹ ਵੀ ਕਥਨ ਠੀਕ ਹੀ ਹੈ ਕਿ ਕਿਸੇ ਟੀਮ ਦਾ ਸਰਦਾਰ ਭਾਵੇਂ ਇੱਕ ਹੀ ਹੋਇਆ ਕਰਦਾ ਹੈ ਪਰ ਉਸਦੇ ਹਰ ਕਲਾਕਾਰ ਦਾ ਆਪਣਾ ਉੱਤਮ ਸਹਿਯੋਗੀ ਯੋਗਦਾਨ ਹੀ ਉਸ ਪੇਸ਼ਕਾਰੀ ਨੂੰ ਮਾਨਣਯੋਗ ਅਤੇ ਸਲਾਹੁਣ ਯੋਗ ਬਣਾ ਸਕਦਾ ਹੈ। ਇਸ ਨਾਟਕ ਵਿੱਚ 'ਸੱਈਅਦ ਬੁੱਲ੍ਹੇ ਸ਼ਾਹ' ਦਾ ਮੁੱਖ ਰੋਲ ਨਿਭਾ ਕੇ 'ਬੁੱਲ੍ਹੇ ਸ਼ਾਹ' ਨੂੰ ਸ਼ਾਹਕਾਰ ਕੀਤਾ ਸੁਪਨ ਸੰਧੂ ਨੇ। ਉਸਦੇ ਮੁਰਸ਼ਦ 'ਸ਼ਾਹ ਇਨਾਇਤ ਅਰਾਈਂ' ਦਾ ਕਾਰਜ ਕੀਤਾ ਜਸਵਿੰਦਰ ਬੱਬੂ ਨੇ, ਜੋ ਆਪਣੇ ਕਿਰਦਾਰ ਅਨੁਸਾਰ ਬਹੁਤ ਹੀ ਤਹੱਮਲ ਵਾਲ਼ਾ ਹੋ ਕੇ ਸਟੇਜ ਉੱਤੇ ਵਿਚਰਿਆ। ਬਲਤੇਜ ਸਿੱਧੂ ਇੱਕ ਉੱਭਰਵਾਂ ਸੂਤਰਧਾਰ ਹੋ ਨਿਭਿਆ ਅਤੇ ਉਸਨੇ ਆਪਣੀ ਸੁਰੀਲੀ ਆਵਾਜ਼ ਵਿੱਚ ਸਮੇਂ-ਸਮੇਂ ਆਪਣੀ ਗਾਇਕੀ ਦਾ ਯੋਗਦਾਨ ਵੀ ਪਾਇਆ। ਦੂਜਾ ਸੂਤਰਧਾਰ ਚਾਂਦੀ ਰਾਮ ਕੁਲਕਰਨੀ ਵੀ ਚੰਗਾ ਸਾਥ ਨਿਭਾ ਗਿਆ। ਕ਼ਾਜ਼ੀ ਕਰਮਜੀਤ ਗਿੱਲ ਆਪਣੇ ਪਾਤਰ ਦੀ ਲੋੜ ਅਨੁਸਾਰ ਸਾਰੀ ਪੇਸ਼ਕਾਰੀ ਵਿੱਚ ਮਾਹਾਂ ਦੇ ਆਟੇ ਵਾਂਗ ਆਕੜਿਆ ਰਿਹਾ ਤੇ ਬੋਲਾਂ ਵਿੱਚ ਸਰਾਹ ਦੇ ਅੰਗਿਆਰ ਬਰਸਾਉਂਦਾ ਰਿਹਾ। ਮੁਫ਼ਤੀ ਸਤਿੰਦਰਪਾਲ ਚਾਹਲ ਪੂਰਾ ਚਾਪਲੂਸ ਤੇ ਚੁਗ਼ਲ ਹੋ ਨਿੱਬੜਿਆ। ਕੁੱਝ ਵੀ ਹੋਵੇ ਉਹ ਜਦੋਂ ਵੀ ਮੰਚ ਤੇ ਆਇਆ, ਆਪਣੀਆਂ ਨਿੱਕੀਆਂ-ਨਿੱਕੀਆਂ ਦੌੜਾਂ ਨਾਲ਼ ਸਾਰੀ ਸਟੇਜ ਉੱਤੇ ਛਾਅ ਜਾਂਦਾ ਰਿਹਾ। ਉਹ ਆਪਣੀ ਕਹਿਣੀ ਅਤੇ ਕਰਨੀ ਨਾਲ਼ ਨਾਟਕ ਦੀਆਂ ਗੰਭੀਰ ਹਵਾਵਾਂ ਵਿੱਚ ਹਾਸਿਆਂ ਦਾ ਸਿੱਟਾ ਦਿੰਦਾ ਰਿਹਾ। ਸਤਿੰਦਰਪਾਲ! ਜ਼ਿੰਦਾਬਾਦ, ਜ਼ਿੰਦਾਬਾਦ।

ਮੌਲਵੀ ਕਸੂਰੀ ਜੋ ਸੱਈਅਦ ਬੁੱਲ੍ਹੇ ਸ਼ਾਹ ਦਾ ਪਹਿਲਾ ਉਸਤਾਦ ਸੀ ਅਤੇ ਜਿਸਨੇ ਉਸਨੂੰ ਸ਼ਾਹ ਇਨਾਇਤ ਕੋਲ਼ ਸਿੱਖਿਆ ਲੈਣ ਭੇਜਿਆ ਸੀ, ਦਾ ਸੋਹਣਾ ਰੋਲ ਨਿਭਾਇਆ ਸ਼ਿਵਰਾਜ ਸਨੀ ਨੇ। ਲੋੜ ਅਨੁਸਾਰ ਉਸਨੇ ਆਪਣੀ ਸੁਰੀਲੀ ਗਾਇਕੀ ਦਾ ਵੀ ਪਰਦਰਸ਼ਨ ਕੀਤਾ। ਰਾਜੂ ਸਹਿਦੇਵ ਸਿੱਖ ਜਰਨੈਲ ਦੇ ਰੂਪ ਵਿੱਚ ਪੇਸ਼ ਹੋਇਆ ਅਤੇ ਉਸ ਨੇ ਸਮੇਂ ਦੇ ਸਿੱਖਾਂ ਦੀ ਪ੍ਰਤੀਨਿਧਤਾ ਸਫਲਤਾ ਨਾਲ਼ ਪੇਸ਼ ਕੀਤੀ।

ਗੁਰਮੀਤ ਸਿੰਘ ਸੇਖੋਂ ਨਗਾਰਚੀ, ਨਵਨੂਰ ਸਿੱਧੂ ਸਿਪਾਹੀ, ਹਰਜੀਤ ਬਾਜਵਾ ਸਿਪਾਹੀ ਤੇ ਨਾਦਰ ਸ਼ਾਹ ਦੇ ਜਰਨੈਲ, ਗੁਰਬੀਰ ਗੋਗੋ ਮੁਰਾਦ ਬੇਗਮ, ਜਿਸ ਕੋਲ਼ੋਂ ਬੁੱਲ੍ਹੇ ਸ਼ਾਹ ਨੇ ਨਾਚ ਸਿੱਖਿਆ, ਸਮਰਪ੍ਰੀਤ ਕੌਰ ਗੋਗੋ ਦੀ ਸਹਾਇਕ ਦੇ ਰੂਪ ਵਿੱਚ ਆਪਣਾ ਵਧੀਆ ਕਿਰਦਾਰ ਨਿਭਾ ਗਏ।

'ਬੁੱਲ੍ਹਾ' ਨਾਟਕ ਦਾ ਡਾਇਰੈਕਟਰ ਪਰਵੇਸ ਸੇਠੀ ਅਤੇ ਮੈਨੇਜਿੰਗ ਡਾਇਰੈਕਟ ਨਵਦੀਪ ਸਹਿਦੇਵ, ਆਰਟ ਅਤੇ ਟੈਕਨੀਕਲ ਵਿਸ਼ੇਸ਼ੱਗ ਮਨਦੀਪ ਸਿੰਘ ਔਜਲਾ ਸਨ।

ਅੰਤ ਵਿੱਚ ਭਰਪੂਰ ਤਾੜੀਆਂ ਦੀ ਗੂੰਜ ਵਿੱਚ ਕਲਾਕਾਰਾਂ ਦਾ ਮਾਣ-ਸਨਮਾਣ ਸੁਪਨ ਸੰਧੂ ਦੇ ਪਿਤਾ ਅਤੇ ਪੰਜਾਬੀ ਦੇ ਸਿਰਮੌਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਅਨੁਭਵੀ ਨੀਟਾ ਬਲਵਿੰਦਰ ਨੇ।

ਜਾਣ ਲੱਗਿਆਂ ਦਰਸ਼ਕਾਂ ਦੇ ਮਨਾਂ ਵਿੱਚ ਇੱਕ ਨਵਾਂ ਨਿਖਾਰ ਦੇਖਕੇ ਗ਼ਦ-ਗ਼ਦ ਹੁੰਦਿਆਂ ਮਨ ਚਹਿਕ ਉੱਠਿਆ, 'ਕਿੰਨੀ ਖੁਸ਼ੀ ਸੀ 'ਬੁੱਲ੍ਹਾ' ਦੇਖਣ ਦੀ, ਕਿੰਨਾਂ ਹੁਲਾਰ ਹੈ ਜਾਣ ਲੱਗਿਆਂ' ਤੇ 'ਚੱਲ ਬੁੱਲ੍ਹਿਆ ਹੁਣ ਓਥੇ ਚੱਲੀਏ ਜਿੱਥੇ ਐਸਾ ਨਾਟਕ ਹੋਵੇ। ਨਾ ਕੋਈ ਕਿਸੇ ਦੀ ਜ਼ਾਤ ਪਛਾਣੇ, ਨਾ ਕੱਪੜੇ ਕੋਈ ਨਿੰਦਕ ਧੋਵੇ।'

(9 ਸਤੰਬਰ 2009)

e-mail:
ਲਿਖਾਰੀ


© likhari: Punjabi Likhari Forum-2001-2009