ਸ਼ਾਇਰ
ਦੋਸਤ ਜਨਾਬ ਇੰਦਰਜੀਤ ਹਸਨਪੁਰੀ ਸਾਹਿਬ ਦੇ ਅਕਾਲ ਚਲਾਣੇ ਦੀ ਖ਼ਬਰ ਸੁਣ ਕੇ ਡੂੰਘਾ
ਸਦਮਾ ਲੱਗਿਆ ਹੈ। ਜੁਲਾਈ-ਅਗਸਤ ‘ਚ ਜਦੋਂ ਉਹ ਕੈਨੇਡਾ ਫੇਰੀ ਤੇ ਆਏ ਹੋਏ ਸਨ ਤਾਂ
ਇੰਡੀਆ ਵਾਪਸੀ ਤੋਂ ਦੋ ਕੁ ਦਿਨ ਪਹਿਲਾਂ ਉਹਨਾਂ ਨਾਲ਼ ਫੋਨ ਤੇ ਗੱਲ ਹੋਈ ਤਾਂ ਮੈਂ
ਪੁੱਛਿਆ ਕਿ ਹਸਨਪੁਰੀ ਸਾਹਿਬ! ਟਰਾਂਟੋ ਤੋਂ ਹੀ ਮੁੜ ਚੱਲੇ ਹੋ…ਵੈਨਕੂਵਰ ਆ ਜਾਓ,
ਬਹਾਨੇ ਨਾਲ਼ ਮਿਲ਼ ਲਵਾਂਗੇ। ਆਖਣ ਲੱਗੇ ਯਾਰ ਬਾਦਲ! ਸਿਹਤ ਠੀਕ ਨਹੀਂ ਹੈ। ਬੱਸ ਹੁਣ
ਵਾਪਸ ਚਲੇ ਜਾਣਾ ਹੈ। ਕੀ ਪਤਾ ਤੇਰੀ ਮੇਰੀ ਇਹ ਆਖ਼ਰੀ ਗੱਲ ਹੀ ਨਾ ਹੋਵੇ।
ਉਹਨਾਂ ਦੇ ਇਹ ਆਖ਼ਰੀ ਬੋਲ ਅੱਜ ਵੀ ਮੇਰੇ ਕੰਨਾਂ ‘ਚ ਗੂੰਜ ਰਹੇ ਨੇ।
ਕੱਲ੍ਹ ਜਦੋਂ ਬੇਟੀ ਤਨਦੀਪ ਨੇ ਉਹਨਾਂ ਦੇ ਸਭ ਨੂੰ ਅਲਵਿਦਾ ਆਖ ਜਾਣ ਦੀ ਖ਼ਬਰ ਸੁਣਾਈ
ਤਾਂ ਮੈਂ ਹਸਨਪੁਰੀ ਸਾਹਿਬ ਨੂੰ ਇੰਝ ਯਾਦ ਕੀਤਾ:
ਮਰਸੀਆ-ਏ-ਇੰਦਰਜੀਤ ਹਸਨਪੁਰੀ
*******
ਬੈਠੋਗੇ ਕਲ੍ਹ ਨੂੰ ਮਿਤਰੋ! ਮਹਿਫ਼ਿਲ ਦੇ ਵਿਚ ਇਕੱਲੇ।
ਆਗੀ, ਅਸਾਡੀ ਆਗੀ, ਚੱਲੇ, ਅਸੀਂ ਵੀ ਚੱਲੇ।
-----
ਹੁਣ ਸੁਰਖ਼ੁਰੂ ਹਾਂ ਹੋਏ, ਥੋੜ੍ਹੇ ਪਲਾਂ ਨੂੰ ਛਡਕੇ,
ਸਾਰੀ ਹੀ ਉਮਰ ਸਾਡੇ, ਦਰਦਾਂ ਨੇ ਰਾਹ ਮੱਲੇ।
-----
ਹੈ ਮਰਨ ਪਿੱਛੋਂ ਆਈ, ਮੁਸਕਾਨ ਤਾਂ ਹੀ ਬੁੱਲ੍ਹੀਂ,
ਮਨ ਨੇ ਸਹੇ ਨੇ ਤਾਨ੍ਹੇ, ਤਨ ਨੇ ਤਸੀਹੇ ਝੱਲੇ।
-----
ਜੀਂਦੇ ਰਹੇ ਤਾਂ ਵੇਖੋ, ਪੁੱਛਿਆ ਕਿਸੇ ਨਾ ਸਾਨੂੰ,
ਹੁਣ ਮਰਨ ਪਿੱਛੋਂ ਸਾਡੀ, ਹੋਵੇਗੀ ਬੱਲੇ-ਬੱਲੇ।
-----
ਹੁਣ ਜਾ ਰਹੇ ਹਾਂ ਜਿੱਥੇ, ਪਹੁੰਚੇ ਨਾ ਕਾਂ, ਕਬੂਤਰ,
ਦਿਲਬਰ ਨੂੰ ਆਖ ਦੇਣਾ, ਹੁਣ ਨਾ ਸੁਨੇਹੇ ਘੱਲੇ।
-----
ਸ਼ਰਧਾਂਜਲੀ ਬਹਾਨੇ, ਦਿਲ ਦੀ ਭੜਾਸ ਕਢ ਕੇ,
ਨਾ ਛੇੜਿਓ ਇਨ੍ਹਾਂ ਨੂੰ, ਸਾਰੇ ਨੇ ਜ਼ਖ਼ਮ ਅੱਲੇ।
-----
ਨਾਜ਼ੁਕ ਸਰੀਰ ‘ਬਾਦਲ’, ਹੋਇਆ ਮਸਾਂ ਹੈ ਹੌਲ਼ਾ,
ਐਵੇਂ ਨਾ ਦੱਬੀ ਜਾਓ, ਲੋਈਆਂ ਦੇ ਭਾਰ ਥੱਲੇ।
***
ਗੁਰਦਰਸ਼ਨ ‘ਬਾਦਲ’
ਸਰੀ, ਕੈਨੇਡਾ
gsbadal@gmail.com