ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

Download Punjabi Fonts English Shahmukhi Devnagri

 ਅਜੋਕਾ ਵਾਧਾ:: 26 January, 2010

   ਮੁੱਖਪੰਨਾ

ਕਵਿਤਾਵਾਂ/ਗ਼ਜ਼ਲਾਂ

 

ਦੋ  ਗ਼ਜ਼ਲਾਂ


ਨਰਿੰਦਰ ਮਾਨਵ

'ਨਰਿੰਦਰ ਮਾਨਵ' ਪੰਜਾਬੀ ਸਾਹਿਤਕ ਜਗਤ ਵਿੱਚ ਇੱਕ ਜਾਣਿਆ ਪਹਿਚਾਣਿਆ ਹਸਤਾਖਰ ਹੈ। ਉਸਦੇ ਹੁਣ ਤੱਕ ਦੋ ਗ਼ਜ਼ਲ ਸੰਗ੍ਰਿਹ: ਕਿਰਮਚੀ ਸ਼ੋਅਲੇ (1992) ਅਤੇ ਇਬਾਦਤ (2004) ਛੱਪ ਚੁੱਕੇ ਹਨ।
ਨਰਿੰਦਰ ਮਾਨਵ ਦੀਆਂ ਦੋ ਬਹੁਤ ਹੀ ਪਿਆਰੀਆਂ ਗ਼ਜ਼ਲਾਂ ਪਾਠਕਾਂ ਦੇ ਰੂ-ਬ-ਰੂ ਕਰਦਿਆਂ ਅਸੀਂ ਪਰਸੰਨਤਾ ਦਾ ਅਨੁਭੱਵ ਕਰਦੇ ਹਾਂ----
। -'ਲਿਖਾਰੀ'
***
ਦੋ ਗ਼ਜ਼ਲਾਂ
ਨਰਿੰਦਰ ਮਾਨਵ

-1-
ਹਕੂਮਤ ਦਨਦਨਾਏਗੀ, ਜਦੋਂ ਤਕ ਲੋਕ ਸੁੱਤੇ ਨੇ।
ਸਿਤਮ ਕਹਿਰਾਂ ਦੇ ਢਾਏਗੀ ਜਦੋਂ ਤਕ ਲੋਕ ਸੂੱਤੇ ਨੇ।

ਘਟਾ ਚੜ੍ਹ ਚੜ੍ਹ ਕੇ ਆਏਗੀ, ਜਦੋਂ ਤਕ ਲੋਕ ਸੁੱਤੇ ਨੇ ।
ਅਮਾਵਸ ਮੁਸਕਰਾਏਗੀ, ਜਦੋਂ ਤਕ ਲੋਕ ਸੁੱਤੇ ਨੇ ।

ਬਹਾਰਾਂ ਨੇ ਵੀ ਲੁੱਟਣਾ ਹੈ, ਖ਼ਿਜ਼ਾਵਾਂ ਨੇ ਵੀ ਲੁੱਟਣਾ ਹੈ,
ਕਿਆਮਤ ਰੋਜ਼ ਆਏਗੀ, ਜਦੋਂ ਤਕ ਲੋਕ ਸੁੱਤੇ ਨੇ ।

ਦਿਲਾਂ ਨੂੰ ਅੱਗ ਲਾਏਗੀ, ਚਿਰਾਗਾਂ ਨੂੰ ਬੁਝਾਏਗੀ ,
ਹਨੇਰੀ ਚੜ੍ਹ ਕੇ ਆਏਗੀ , ਜਦੋਂ ਤਕ ਲੋਕ ਸੂੱਤੇ ਨੇ ।

ਰੁਲਾਏਗੀ , ਸਤਾਏਗੀ, ਸਿਆਸਤ ਮੁਸਕਰਾਏਗੀ,
ਨਵੇਂ ਹੀ ਗੁਲ ਖਿਲਾਏਗੀ , ਜਦੋਂ ਤਕ ਲੋਕ ਸੁੱਤੇ ਨੇ ।

ਕੋਈ ਪਰਦਾ ਨਹੀਂ ਰਹਿਣਾ,ਕੋਈ ਰਿਸ਼ਤਾ ਨਹੀਂ ਰਹਿਣਾ,
ਵਿਰਾਸਤ ਲੁੱਟੀ ਜਾਏਗੀ , ਜਦੋਂ ਤਕ ਲੋਕ ਸੁੱਤੇ ਨੇ।

ਨਹੱਕੇ ਮਰਦੇ ਰਹਿਣੇ ਨੇ, ਕਿਸੇ ਨੂੰ ਹੱਕ ਨਹੀਂ ਮਿਲਣਾ ,
ਖ਼ੁਸ਼ਾਮਦ ਖੋਹ ਕੇ ਖਾਏਗੀ, ਜਦੋਂ ਤਕ ਲੋਕ ਸੁੱਤੇ ਨੈ।

ਸਮਗਲਿੰਗ ਚੋਰ ਬਾਜ਼ਾਰੀ, ਕਿਤੇ ਰਿਸ਼ਵਤ ਦੀ ਸਰਦਾਰੀ,
ਦਿਨੇ ਹੀ ਲੁੱਟ ਪਾਏਗੀ, ਜਦੋਂ ਤਕ ਲੋਕ ਸੁੱਤੇ ਨੇ ।

ਬੁਰੀ ਹੈ ਜੂਨ ''ਮਾਨਵ'' ਦੀ ਕਿਸੇ ਨੂੰ ਦੇਈਂ ਨਾ ਰੱਬਾ,
ਮਨੁੱਖਤਾ ਵੈਣ ਪਾਏਗੀ , ਜਦੋਂ ਤਕ ਲੋਕ ਸੁੱਤੇ ਨੇ।

2
ਗ਼ਜ਼ਲ ਚਾਹਤ ਹੈ ਜੰਜ਼ੀਰ ਨਹੀਂ ਹੈ ।
ਪਿਆਰ ਕੋਈ ਜਾਗੀਰ ਨਹੀਂ ਹੈ ।

ਪਿਆਰ, ਤਾਂ ਰੱਬ ਦਾ ਨਾਂ ਹੈ ਦੂਜਾ,
ਪਿਆਰ ਦੀ ਕੋਈ ਆਖ਼ੀਰ ਨਹੀਂ ਹੈ ।

ਸਾਰੇ ਸੁਪਨੇ, ਸੱਚ ਹੋ ਜਾਵਣ,
ਏਦਾਂ ਦੀ ਤਕਦੀਰ ਨਹੀਂ ਹੈ ।

ਰੰਗ ਭਰੇ ਸਨ ਜਿਸ ਵਿਚ ਆਪਾਂ ,
ਇਹ ਤਾਂ , ਉਹ ਤਸਵੀਰ ਨਹੀਂ ਹੈ।

ਮੌਸਿਮ ਬਦਲੇ ਦੁਨੀਆ ਬਦਲੀ ,
ਬਦਲੀ ਪਰ ਤਕਦੀਰ ਨਹੀਂ ਹੈ।

ਓਦੋਂ ਸ਼ੋਖ਼ ਬਲਾਵਾਂ ਪਈਆਂ,
ਤਰਕਸ਼ ਵਿਚ ਜਦ ਤੀਰ ਨਹੀਂ ਹੈ ।

ਬੁੱਝ ਲੈਂਦਾ ਹੈ, ਗੁੱਝੀਆਂ ਰਮਜ਼ਾਂ,
ਮਨ ਵਰਗਾ ਕੋਈ ਪੀਰ ਨਹੀਂ ਹੈ।

ਲੀਰੋ ਲੀਰ ਜ਼ਮੀਰ ਹੈ ਹੁਣ ਤਾਂ ,
ਤਨ ਤੇ ਕੋਈ ਲੀਰ ਨਹੀਂ ਹੈ।

ਵੇਖਣ ਨੂੰ ਹੀ ਲਗਦੈ '' ਮਾਨਵ'',
ਮਾਨਵ ਦੀ ਤਾਸੀਰ ਨਹੀਂ ਹੈ ।

 (1 ਦਸੰਬਰ 2009) ਯੂਨੀਕੋਡ

e-mail:
Likhari

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.