|
|
|
ਅਜੋਕਾ
ਵਾਧਾ:
Monday August 09, 2010 |
|
|
 |
ਸਾਡੀਆਂ ਲਿਖਤਾਂ ਕਿਉਂ ਨਹੀਂ ਕਰਦੀਆਂ ਨੇਰ੍ਹੇ ਦੇ ਵਿਚ ਚਾਨਣ(39)
ਸ਼ਾਮ ਸਿੰਘ
(ਅੰਗ-ਸੰਗ), ਚੰਡੀਗੜ੍ਹ, ਪੰਜਾਬ- |
ਰਚਨਾ ਕਰਨਾ ਹਰੇਕ ਦੇ ਵੱਸ ਦੀ ਗੱਲ ਨਹੀਂ। ਇਹ ਉਹੀ ਕਰ ਸਕਦੇ ਹਨ ਜਿਨ੍ਹਾਂ ਕੋਲ
ਕਹਿਣ ਲਈ ਅਨੁਭਵ ਹੁੰਦਾ ਹੈ ਤੇ ਲਿਖਣ ਲਈ ਸ਼ਬਦਾਂ ਦੀ ਜਾਦੂਗਰੀ। ਸ਼ਬਦ ਹੀ ਹਨ ਜਿਹੜੇ
ਅਨੁਭਵ ਨੂੰ ਢੋਂਦੇ ਹਨ ਅਤੇ ਕਲਾ ਦੀ ਜੁਗਤ ਨੂੰ ਵੀ। ਜੇ ਅਨੁਭਵ ਅਤੇ ਗਹਿਰਾ ਅਨੁਭਵ
ਨਾ ਹੋਵੇ ਤਾਂ ਸ਼ਬਦਾਂ ਦੇ ਛਣਕਣਿਆਂ ਦੀ ਕੋਈ ਵੁੱਕਤ ਨਹੀਂ। ਕੇਵਲ ਕਲਾ ਤੇ ਸ਼ਬਦ ਜੜਤ
ਉਦੋਂ ਤੱਕ ਪ੍ਰਭਾਵੀ ਨਤੀਜੇ ਨਹੀਂ ਦੇ ਸਕਦੇ ਜਦ ਤੱਕ ਅਨੁਭਵ ਦੀ ਅਮੀਰੀ ਦਾ ਅਮੁੱਕ
ਖਜਾਨਾ ਕੋਲ ਨਾ ਹੋਵੇ। ਉਸ ਲਿਖਤ ਨੂੰ ਵਧੀਆ ਕਿਹਾ ਜਾ ਸਕਦਾ ਹੈ ਜਿਸ ਵਿਚ ਸ਼ਬਦ ਜੜਤ
ਢੁੱਕਵੀਂ ਹੋਵੇ, ਲਿਖਣ ਦਾ ਅੰਦਾਜ਼ ਵਿਲੱਖਣ ਹੋਵੇ, ਕਲਾ ਦੀ ਜੁਗਤ ਨੂੰ ਸਹੀ ਤਰ੍ਹਾਂ
ਵਰਤਿਆ ਹੋਵੇ ਅਤੇ ਸਭ ਤੋਂ ਉੱਪਰ ਗਹਿਰ ਗੰਭੀਰ ਅਨੁਭਵ ਹੋਵੇ। ਅਜਿਹਾ ਕੁੱਝ ਹੁੰਦਿਆਂ
ਜਦ ਲਿਖਤ ਪਾਠਕਾਂ ਸਾਹਮਣੇ ਜਾਂਦੀ ਹੈ ਤਾਂ ਉਸਨੂੰ ਭਰਵਾਂ ਹੁੰਗਾਰਾ ਵੀ ਮਿਲਦਾ ਹੈ
ਅਤੇ ਸਤਿਕਾਰ ਵੀ।
ਆਮ ਦੇਖਿਆ ਹੈ ਕਿ ਬਹੁਤੇ ਲੇਖਕ ਮਨੋਰੰਜਨ ਲਈ ਲਿਖਦੇ ਹਨ ਜਿਹੜੇ ਜੀਵਨ ਦੀ ਬਾਰੀਕੀ
ਵਿਚ ਜਾਣ ਦਾ ਜਤਨ ਨਹੀਂ ਕਰਦੇ, ਗਹਿਰਾਈ ਵਿਚ ਨਹੀਂ ਵਿਚਰਦੇ। ਅਜਿਹਾ ਲਿਖਣ ਵਾਲੇ
ਸਤੱਹੀ ਜਹੀਆਂ ਗੱਲਾਂ ਲਿਖ ਕੇ ਪਾਠਕਾਂ ਦਾ ਮਨੋਰੰਜਨ ਤਾਂ ਕਰ ਦਿੰਦੇ ਹਨ ਪਰ ਉਨ੍ਹਾਂ
ਲਈ ਪੈੜਾਂ ਨਹੀਂ ਉਲੀਕਦੇ ਤੇ ਰਾਹ ਨਹੀਂ ਛੱਡਦੇ। ਅਜਿਹੀ ਲਿਖਤ ਥੋੜਚਿਰੀ ਜਾਂ
ਛਿਣ-ਭੰਗਰੀ ਅਸਰ ਕਰਨ ਤੋਂ ਵੱਧ ਕੁੱਝ ਨਹੀਂ ਕਰਦੀ। ਹਲਕੇ ਸੁਹਜ-ਸੁਆਦ ਵਾਲੇ
ਅਜਿਹੀਆਂ ਲਿਖਤਾਂ ਦੀ ਲਪੇਟ ਤੋਂ ਦੂਰ ਨਹੀਂ ਰਹਿੰਦੇ। ਪਰ ਨਾਲ ਦੀ ਨਾਲ ਗੰਭੀਰ
ਲਿਖਤਾਂ ਅਤੇ ਅਮੀਰ ਅਨੁਭਵਾਂ ਨੂੰ ਭਾਲਣ ਵਾਲੇ ਅਜਿਹੀਆਂ ਲਿਖਤਾਂ ਦੇ ਨੇੜੇ ਵੀ ਨਹੀਂ
ਢੁੱਕਦੇ। ਉਹ ਸਮਝਦੇ ਹਨ ਕਿ ਅਜਿਹੀਆਂ ਲਿਖਤਾਂ ਪੜ੍ਹਨ ਨਾਲ ਵਕਤ ਵੀ ਜ਼ਾਇਆ ਹੁੰਦਾ ਹੈ
ਤੇ ਹਾਸਲ ਵੀ ਕੁੱਝ ਨਹੀਂ ਹੁੰਦਾ। ਫੇਰ ਵੀ ਮਿਆਰੀ ਮਨੋਰੰਜਨ ਵਾਲੀਆਂ ਰਚਨਾਵਾਂ ਨੂੰ
ਨਕਾਰਿਆ ਨਹੀਂ ਜਾ ਸਕਦਾ।
ਨਿੱਜ ਨੂੰ ਲੋੜ ਤੋਂ ਵੱਧ ਵਿਅਕਤ ਕਰਨ ਵਾਲੀਆਂ ਰਚਨਾਵਾਂ ਵਿਚ ਵੀ ਬਹੁਤਾ ਕੁੱਝ ਉਹ
ਹੁੰਦਾ ਹੈ ਜਿਸ ਦੀ ਪਾਠਕਾਂ ਨੂੰ ਜਰੂਰਤ ਨਹੀਂ ਹੁੰਦੀ। ਅਜਿਹੀ ਰਚਨਾ ਬਹੁਤੀ ਵਾਰ
ਸੱਚ ਤੋਂ ਦੂਰ ਹੋਣ ਕਰਕੇ ਅਸਲੀਅਤ ਦਾ ਪ੍ਰਗਟਾਵਾ ਨਹੀਂ ਕਰਦੀ। ਅਜਿਹੀ ਰਚਨਾ,
ਰਚਨਾਕਾਰ ਨੂੰ ਹੀਰੋ ਜਾਂ ਸੁਪਰਮੈਨ ਵਾਂਗ ਪੇਸ਼ ਕਰਦੀ ਹੈ ਜੋ ਕਿ ਉਹ ਨਹੀਂ ਹੁੰਦਾ।
ਅਜਿਹੀ ਰਚਨਾ ਵਿਚੋਂ ਖਚਰੇਪਨ ਦਾ ਅਹਿਸਾਸ ਝੀਤਾਂ ਵਿਚੋਂ ਝਾਕਦਾ ਰਹਿੰਦਾ ਹੈ ਜਿਸ
ਕਾਰਨ ਪਾਠਕਾਂ ਨੂੰ ਆਪਣੀ ਮਜਬੂਤ ਪਕੜ ਵਿਚ ਲੈਣ ਦੇ ਸਮਰੱਥ ਨਹੀਂ ਹੁੰਦਾ। ਕਈ ਇਕ
ਆਪਣੀਆਂ ਕਮਜ਼ੋਰੀਆਂ ਦਾ ਜ਼ਿਕਰ ਕਰਦੇ ਹਨ ਤਾਂ ਕਿ ਦੂਜੇ ਅਜਿਹੀਆਂ ਕਮਜ਼ੋਰੀਆਂ ਤੋਂ ਕੋਈ
ਸਬਕ ਸਿੱਖ ਸਕਣ। ਕਈ ਇਕ ਗਰੀਬੀ/ਘੋਰ ਗਰੀਬੀ ਦਾ ਵਰਨਣ ਕਰਕੇ ਇਹ ਦੱਸਣ ਦਾ ਜਤਨ ਕਰਦੇ
ਹਨ ਕਿ ਉਨ੍ਹਾਂ ਨੇ ਇਸ ਤਰ੍ਹਾਂ ਦੇ ਮਾਹੌਲ ਨੂੰ ਵੀ ਅਣਸਾਹਿਤਕ ਅਤੇ ਅਣਸੁਖਾਵਾਂ
ਨਹੀਂ ਰਹਿਣ ਦਿੱਤਾ ਸਗੋਂ ਇਸ ਦੇ ਸਿਰ ਉੱਤੇ ਵੀ ਸਾਹਿਤ ਦੀ ਵੱਡੀ ਛਤਰੀ ਤਾਣ ਦਿੱਤੀ।
ਪਿਆਰ ਵਿਚ ਅਸਫਲ ਰਹਿਣ ਦੇ ਗੀਤ ਗਾਉਣ ਤੋਂ ਬਿਨਾਂ ਤਾਂ ਸ਼ਾਇਦ ਕੋਈ ਵੀ ਨਹੀਂ
ਰਹਿੰਦਾ। ਉਦਾਸੀ ਤੇ ਨਿਰਾਸ਼ਾ ਭਰੀ ਸ਼ਾਇਰੀ ਦਿਲ ਦੀ ਸੱਚੀ ਸੁੱਚੀ ਅਵਾਜ਼ ਹੁੰਦੀ ਹੈ
ਜਿਹੜੀ ਕਿਸੇ ਵੀ ਖੇਤਰ ਦੇ ਅਸਫਲ ਲੋਕਾਂ ਨੂੰ ਉਤਸ਼ਾਹ ਤੇ ਪ੍ਰੇਰਨਾ ਦੇਣ ਤੋਂ ਪਿੱਛੇ
ਨਹੀਂ ਰਹਿੰਦੀ। ਅਜਿਹੇ 'ਚ ਅਸਫਲਤਾ 'ਚੋਂ ਸਫਲਤਾ ਨੂੰ ਲੱਭਣ ਲਈ ਜੱਦੋ ਜਹਿਦ ਦੇ ਪੈਰ
ਲੱਭ ਪੈਂਦੇ ਹਨ ਜਿਹੜੇ ਹਰ ਔਖੇ/ਟੇਢੇ ਰਾਹਾਂ 'ਤੇ ਤੁਰਨ ਤੋਂ ਅਸਮਰਥ ਨਹੀਂ ਹੁੰਦੇ।
ਪਰ ਪਿਆਰ ਦਾ ਨਿਸ਼ਾਨਾ /ਸਿਖਰ ਪਿਆਰ ਹੀ ਹੁੰਦਾ ਹੈ ਜਿਸ ਨਾਲ ਸੰਤੁਸ਼ਟ ਹੋ ਕੇ ਨਿੱਜ
ਤੱਕ ਸੀਮਤ ਹੋ ਕੇ ਵੀ ਰਿਹਾ ਜਾ ਸਕਦਾ ਹੈ ਅਤੇ ਦੂਜਾ ਸਮਾਜ ਵੱਲ ਬੂਹਾ ਵੀ ਖੁੱਲ੍ਹ
ਸਕਦਾ ਹੈ, ਜਿਸ ਕਾਰਨ ਵੱਡੇ ਹਾਸਲਾਂ ਵੱਲ ਵੀ ਨਿੱਠ ਕੇ ਤੁਰਿਆ ਜਾ ਸਕਦੈ।
ਨਿਰਾਸ਼ਾ, ਉਦਾਸੀ, ਮਾਯੂਸੀ ਅਤੇ ਹਾਰ ਵਾਲੇ ਨਾਟਕ, ਨਾਵਲ, ਕਵਿਤਾ, ਕਹਾਣੀ ਅਤੇ ਹੋਰ
ਵਿਧਾਵਾਂ ਵਿਚ ਲਿਖਤਾਂ ਲਿਖਣੀਆਂ ਸਾਹਿਤ ਦੇ ਖਜ਼ਾਨੇ ਵਿਚ ਵਾਧਾ ਤਾਂ ਕਰ ਸਕਦੀਆਂ ਹਨ
ਪਰ ਮਾਨਵ ਤੇ ਸਮਾਜ ਦਾ ਕੁੱਝ ਨਹੀਂ ਸਵਾਰ ਸਕਦੀਆਂ। ਜੇ ਬਾਰੀਕ ਸੂਝ ਵਾਲੇ ਪਾਠਕ
ਅਜਿਹੀਆਂ ਰਚਨਾਵਾਂ ਤੋਂ ਵੀ ਜਿੱਤ ਵੱਲ ਵਧਣ ਦੀ ਪ੍ਰੇਰਨਾ ਲੈ ਸਕਣ, ਖੁਸ਼ੀ ਅਤੇ
ਖੁਸ਼ਹਾਲੀ ਦੇ ਦੁਆਰ ਖੋਲ੍ਹ ਲੈਣ ਦੇ ਜਤਨ ਕਰਨ ਤਾਂ ਇਨ੍ਹਾਂ ਨੂੰ ਵੀ ਸਾਰਥਕ,
ਲਾਭਕਾਰੀ ਅਤੇ ਪ੍ਰੇਰਨਾਦਾਇਕ ਮੰਨਿਆਂ ਜਾ ਸਕਦੈ।
ਸਾਡੇ ਲੇਖਕ ਜੀਵਨ ਵਿਚ ਜੋ ਹਨ, ਉਹ ਨਹੀਂ ਲਿਖਦੇ। ਉਹ ਕੁੱਝ ਲਿਖਣ ਦਾ ਜਤਨ ਕਰਦੇ ਹਨ
ਜੋ ਕੁੱਝ ਨਹੀਂ ਹਨ ਜਾਂ ਜੋ ਕੁੱਝ ਨਹੀਂ ਹੁੰਦਾ। ਉਨ੍ਹਾਂ ਦਾ ਆਪਣਾ ਜੀਵਨ ਉਨ੍ਹਾਂ
ਦੀ ਆਪਣੀ ਲਿਖਤ ਮੁਤਾਬਕ ਨਹੀਂ ਹੁੰਦਾ। ਜਿਹੜੇ ਆਪਣੀ ਲਿਖਤ ਨਾਲ ਹੀ ਨਹੀਂ ਖੜ੍ਹਦੇ
ਉਨ੍ਹਾਂ ਦਾ ਅਮਲ ਉਨ੍ਹਾਂ ਉਪਦੇਸ਼ਕਾਂ ਵਰਗਾ ਹੀ ਹੋ ਕੇ ਰਹਿ ਜਾਂਦਾ ਹੈ ਜਿਹੜੇ
ਹੋਰਨਾਂ ਨੂੰ ਸਵਰਗ ਦਾ ਰਾਹ ਦੱਸਣ ਦਾ ਦਾਅਵਾ ਤਾਂ ਕਰਦੇ ਹਨ ਪਰ ਉਨ੍ਹਾਂ ਨੂੰ ਪਿੰਡ
ਦਾ ਰਾਹ ਨਹੀਂ ਪਤਾ ਹੁੰਦਾ। ਅਜਿਹੇ ਲੇਖਕ ਸੌ ਰਚਨਾਵਾਂ ਕਰਨ, ਸੌ ਜਤਨ ਕਰਨ ਉਨ੍ਹਾਂ
ਦੀਆਂ ਲਿਖਤਾਂ ਸਮਾਜ ਦੇ ਹਨੇਰੇ ਵਿਚ ਚਾਨਣ ਨਹੀਂ ਕਰ ਸਕਦੀਆਂ, ਜੀਵਨ ਦੇ ਪੈਂਡਿਆ
'ਤੇ ਉਜਾਲਾ ਨਹੀਂ ਕਰ ਸਕਦੀਆਂ। ਜਿਹੜੇ ਲੇਖਕ ਲੋਕ ਹਿਤਾਂ ਬਾਰੇ ਲਿਖਦੇ ਹਨ ਉਨ੍ਹਾਂ
ਵਿਚੋਂ ਬਹੁਤਿਆਂ ਦਾ ਜੀਵਨ ਲੋਕ-ਹਿਤਾਂ ਵਾਲਾ ਨਹੀਂ ਹੁੰਦਾ। ਉਨ੍ਹਾਂ ਦੀਆਂ ਲਿਖਤਾਂ
ਵੀ ਲਿਫਾਫਾਬਾਜ਼ੀ ਤੋਂ ਵੱਧ ਕੁੱਝ ਨਹੀਂ ਹੁੰਦੀਆਂ। ਜਿਹੜੇ ਲੇਖਕ ਉੱਚੇ ਜੀਵਨ ਮੁੱਲਾਂ
ਦੀਆਂ ਗੱਲਾਂ ਕਰਦੇ ਹਨ ਪਰ ਖੁਦ ਨਿੱਘਰ ਚੁੱਕੇ ਹੁੰਦੇ ਹਨ ਉਨ੍ਹਾਂ ਦੀਆਂ ਲਿਖਤਾਂ
ਚਾਨਣ ਵਿਚ ਹਨੇਰ ਤਾਂ ਫੈਲਾਅ ਸਕਦੀਆਂ ਹਨ ਪਰ ਹਨੇਰੇ ਵਿਚ ਚਾਨਣ ਨਹੀਂ ਕਰ ਸਕਦੀਆਂ।
----
ਡਰ ਆਲੋਚਨਾ ਦਾ
ਅਸੀਂ ਪ੍ਰਸ਼ੰਸਾ ਦੇ ਬਹੁਤ ਭੁੱਖੇ ਹਾਂ ਅਤੇ ਹਰ ਸਮੇਂ ਹਰੇਕ ਤੋਂ ਆਪਣੀ ਪ੍ਰਸ਼ੰਸਾ ਹੀ
ਸੁਣਨੀ ਚਾਹੁੰਦੇ ਹਾਂ ਅਤੇ ਸੁਣ ਕੇ ਗਦ ਗਦ ਹੋ ਜਾਂਦੇ ਹਾਂ। ਹਵਾ ਵਿਚ ਉਡਦੇ ਫਿਰਦੇ
ਹਾਂ, ਬਿਨਾਂ ਪਰਾਂ ਤੋਂ ਪਰਿੰਦੇ ਹੋ ਕੇ ਪਤਾ ਨਹੀਂ ਆਪੇ ਹੀ ਸਿਰਜੇ ਅਸਮਾਨਾਂ ਵਿਚ
ਕਿੱਥੇ ਕਿੱਥੇ ਉਡਾਰੀਆਂ ਲਾ ਆਉਂਦੇ ਹਾਂ। ਇਕ ਅੱਧੇ ਦੀ ਨਹੀਂ ਇਹ ਹਰ ਇਨਸਾਨ ਦੀ
ਕਹਾਣੀ ਹੈ, ਜਿਸ ਨੂੰ ਮੰਨਣ ਲਈ ਸ਼ਾਇਦ ਕੋਈ ਵਿਰਲਾ ਹੀ ਤਿਆਰ ਹੁੰਦਾ ਹੈ।
ਪ੍ਰਸ਼ੰਸਾ/ਉਸਤਤ ਦੇ ਉਲਟ ਜ਼ਰਾ ਕੁ ਆਲੋਚਨਾ ਹੋਈ ਨਹੀਂ ਕਿ ਅਸੀਂ ਦੋ ਹੀ ਪੈਰਾਂ ਦੇ
ਹੁੰਦੇ ਹੋਇਆਂ ਚਾਰੇ ਖੁਰ ਚੁੱਕ ਕੇ ਆਲੋਚਨਾ ਕਰਨ ਵਾਲੇ ਉੱਤੇ ਕੁਹਾੜਾ ਚੁੱਕਣ ਤੋਂ
ਗੁਰੇਜ਼ ਨਹੀਂ ਕਰਦੇ। ਕਿਸੇ ਦੀ ਰਚਨਾ ਹੋਵੇ ਜਾਂ ਕਿਰਦਾਰ ਉਸ ਦੀ ਆਲੋਚਨਾ ਕਰਨੀ ਆਸਾਨ
ਕਾਰਜ ਨਹੀਂ। ਜੇ ਤਾਂ ਆਲੋਚਕ ਨੇ ਸਿਫਤਾਂ ਦੇ ਪੁਲ਼ ਬੰਨ੍ਹ ਦਿੱਤੇ ਫੇਰ ਤਾਂ ਠੀਕ ਹੈ
ਪਰ ਜੇ ਨੁਕਸ ਕੱਢ ਦਿੱਤੇ ਤਾਂ ਉਸ ਦੀ ਖੈਰ ਨਹੀਂ।
ਅਸੀਂ ਪੈਰ ਪੈਰ 'ਤੇ ਜ਼ਿੰਦਗੀ ਦੇ ਹਰ ਖੇਤਰ ਵਿਚ ਆਲੋਚਨਾ ਤੋਂ ਡਰਦੇ ਹਾਂ। ਇਸ ਲਈ ਕਿ
ਜਿਹੜੇ ਸਾਡੇ ਨੁਕਸ ਸਾਨੂੰ ਪਤਾ ਹਨ ਉਹ ਦੂਜਿਆਂ ਨੂੰ ਨਾ ਪਤਾ ਲੱਗ ਜਾਣ। ਉਨ੍ਹਾਂ ਦਾ
ਪ੍ਰਚਾਰ ਨਾ ਹੋਵੇ। ਉਹ ਸਾਡੇ ਵਿਚ ਹੀ ਛੁਪੇ ਰਹਿਣ। ਪਰ, ਇਹ ਜੀਵਨ ਦੇ ਵਿਕਾਸ ਵਾਸਤੇ
ਬਿਲਕੁੱਲ ਚੰਗੀ ਗੱਲ ਨਹੀਂ। ਜੇ ਕੋਈ ਸਾਨੂੰ ਸਾਡੇ ਨੁਕਸ ਦੱਸੇਗਾ ਤਾਂ ਉਹ ਸਾਡਾ ਭਲਾ
ਕਰੇਗਾ। ਇਸ ਲਈ ਕਿ ਅਸੀਂ ਆਪਣੇ ਆਪ ਤੋਂ ਨਹੀਂ ਡਰਦੇ ਪਰ ਦੂਜਿਆਂ ਨੂੰ ਪਤਾ ਲੱਗ ਜਾਣ
ਦਾ ਡਰ ਸਾਨੂੰ ਆਪਣੇ ਆਪ ਵੱਲ ਮੁੜਨ ਲਈ ਪ੍ਰੇਰਨਾ ਦੇ ਸਕਦਾ ਹੈ। ਆਪਣੇ ਆਪ ਵੱਲ
ਮੁੜਿਆਂ ਹੀ ਆਪਣੇ ਨੁਕਸਾਂ 'ਚ ਸੋਧ/ਦਰੁਸਤੀ ਬਾਰੇ ਸੋਚਿਆ ਜਾ ਸਕਦਾ ਹੈ। ਕਿਤਾਬ ਦੀ
ਹੋਵੇ ਜਾਂ ਆਪਣੀ, ਆਲੋਚਨਾ ਤੋਂ ਡਰਨਾ ਜ਼ਰੂਰ ਚਾਹੀਦਾ ਹੈ ਪਰ ਸਿਰਫ ਡਰਨ ਵਾਸਤੇ ਹੀ
ਨਹੀਂ ਸਗੋਂ ਇਸ ਡਰ ਤੋਂ ਸਿੱਖਣ ਵਾਸਤੇ, ਅੱਗੇ ਵਧਣ ਵਾਸਤੇ ਅਤੇ ਜੀਵਨ ਦੀਆਂ ਉੱਚੀਆਂ
ਸਿਖਰਾਂ ਵੱਲ ਪਹੁੰਚਣ ਵਾਸਤੇ।
ਦੋ ਸ਼ਿਅਰ :
ਮੱਥੇ 'ਚ ਦੀਵਾ ਬਾਲ਼ ਕੇ ਨੇਰ੍ਹੇ 'ਚ ਤੁਰ ਪਿਆ
ਤੇਰੀ ਤਲਾਸ਼ ਕਰਦਿਆਂ ਆਪੇ 'ਚੋਂ ਕਿਰ ਗਿਆ
---
ਤੁਰਿਆ ਸਾਂ ਲੱਭਣ ਲਈ ਪੂਰੇ ਦਾ ਪੂਰਾ ਮੁਕਾਮ
ਬਰਫ਼ ਅੱਗ 'ਤੇ ਧਰ ਕੇ ਰਾਹਾਂ 'ਚ ਖੁਰ ਗਿਆ
****
(5 ਜਨਵਰੀ 2010) ਯੂਨੀਕੋਡ
|
|
ਸ਼ਾਮ ਸਿੰਘ (ਅੰਗ-ਸੰਗ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ
ਕਲਿੱਕ ਕਰੋ
>>>>>
|

ਲਿਖਾਰੀ
Likhari
|
|
'ਲਿਖਾਰੀ'
ਵਿਚ ਪ੍ਰਕਾਸ਼ਿਤ ਹੋਣ
ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ
ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ'
ਦਾ ਸਹਿਮਤ ਹੋਣਾ
ਜ਼ਰੂਰੀ ਨਹੀਂ।
ਹਰ ਲਿਖਤ
ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ
'ਰਚਨਾ'
ਦਾ ਕਰਤਾ ਹੋਵੇਗਾ। |
Copyright © Likhari: Panjabi Likhari Forum-2001-2010 All rights
reserved.
|
|